ਬਾਦਲ ਅਕਾਲੀ ਦਲ ਇਸ ਸਾਲ ਹੋਰ ਕੀ ਗਵਾਏਗਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਫ਼ਰਮਾਂਬਰਦਾਰ ਪੁਜਾਰੀ, ਹੋਰ ਕੀ?

Shiromani Akali Dal

 

ਸ਼ੁਰੂ ਵਿਚ ਹੀ ਮੈਂ ਸਪੱਸ਼ਟ ਕਰ ਦਿਆਂ ਕਿ ਬਚਪਨ ਤੋਂ ਹੀ ਮੈਂ ਅਕਾਲੀ ਝੰਡਾ ਚੁੱਕੀ ਦੂਜੇ ਮੁੰਡਿਆਂ ਨਾਲ ਰਲ ਕੇ, ਸੜਕਾਂ ਉਤੇ ‘ਜਿੱਤੇਗਾ ਬਈ ਜਿੱਤੇਗਾ’ ਵਾਲੇ ਨਾਹਰੇ ਅਕਾਲੀ ਉਮੀਦਵਾਰਾਂ ਦੇ ਹੱਕ ਵਿਚ ਮਾਰਦਾ ਰਿਹਾ ਹਾਂ ਤੇ ਮੈਂ ਕਿਉਂਕਿ ਅਕਾਲੀ ਦਲ ਦਾ ਉਹ ਸੁਨਹਿਰੀ ਕਾਲ ਵੀ ਵੇਖਿਆ ਹੋਇਆ ਹੈ ਜਦੋਂ ਇਸ ਦੇ ਪ੍ਰਧਾਨ ਦੀ ਇਕ ਭਬਕ ਸਾਰੇ ਹਿੰਦੁਸਤਾਨ ਵਿਚ ਗੂੰਜਣ ਲੱਗ ਜਾਂਦੀ ਸੀ ਤੇ ਨਹਿਰੂ ਵਰਗੇ ਸ਼ਕਤੀਸ਼ਾਲੀ ਲੀਡਰ ਵੀ ਅਕਾਲੀ ਦਲ ਦੇ ਪ੍ਰਧਾਨ ਨੂੰ ਰਾਸ਼ਟਰਪਤੀ ਦਾ ਅਹੁਦਾ ਪੇਸ਼ ਕਰਨ ਦੀਆਂ ਬੇਨਤੀਆਂ ਕਰਨ ਲੱਗ ਪੈਂਦੇ ਸਨ ਤਾਕਿ ਉਸ ਦੀ ਮਾਰੂ ਭਬਕ ਨੂੰ ਪੰਜਾਬ ਵਾਲੇ ਪਾਸਿਉਂ ਸੁਣਨ ਤੋਂ ਛੁਟਕਾਰਾ ਮਿਲ ਸਕੇ, ਇਸ ਲਈ ਮੈਂ ਸਦਾ ਹੀ ਚਾਹਾਂਗਾ ਕਿ ਅਕਾਲੀ ਦਲ (1920 ਵਾਲਾ) ਸਦਾ ਕਾਇਮ ਰਹੇ ਤੇ ਸਿੱਖਾਂ, ਸਿੱਖੀ ਬਾਰੇ ਉਸੇ ਤਰ੍ਹਾਂ ਸੋਚਦਾ ਤੇ ਕੰਮ ਕਰਦਾ ਰਹੇ ਜਿਵੇਂ ਆਰ ਐਸ ਐਸ (ਰਾਸ਼ਟਰੀ ਸਵਯਮ ਸੰਘ) ਹਿੰਦੂਤਵ ਲਈ ਸੋਚਦੀ ਤੇ ਕੰਮ ਕਰਦੀ ਰਹਿੰਦੀ ਹੈ ਪਰ ਇਸ ਦੇ ਆਗੂ ਤੇ ਵਰਕਰ ਆਪ ਧਨ ਇਕੱਠਾ ਕਰਨ ਜਾਂ ਵਜ਼ੀਰ ਬਣਨ ਦੇ ਪ੍ਰਲੋਭਨ ਤੋਂ ਬਚੇ ਰਹਿੰਦੇ ਹਨ।

 

 ਆਰ ਐਸ ਐਸ ਵਾਲਿਆਂ ਨੂੰ ਵਜ਼ੀਰੀਆਂ ਅਪਣੇ ਲਈ ਨਹੀਂ ਚਾਹੀਦੀਆਂ ਹੁੰਦੀਆਂ ਪਰ ਉਹ (ਆਰ ਐਸ ਐਸ ਵਾਲੇ) ਇਕ ਦੂਜੀ ਹਿੰਦੂਤਵ ਪੱਖੀ ਪਾਰਟੀ (ਬੀਜੇਪੀ) ਨੂੰ ਭਾਰਤ ਦੇ ਰਾਜ ਸਿੰਘਾਸਨ ਉਤੇ ਬਿਠਾ ਕੇ, ਅਪਣਾ ਟੀਚਾ ਪ੍ਰਾਪਤ ਕਰਨ ਪ੍ਰਤੀ ਦ੍ਰਿੜ੍ਹ ਰਹਿੰਦੇ ਹਨ। ਅਪਣੇ ਸੁਨਹਿਰੀ ਕਾਲ ਵਿਚ, ਅਕਾਲੀ ਦਲ ਚੋਣਾਂ ਨਹੀਂ ਸੀ ਜਿਤਦਾ ਪਰ ਸਿੱਖਾਂ ਲਈ ਕਈ ਫ਼ਾਇਦੇ ਪ੍ਰਾਪਤ ਕਰ ਕੇ ਅਪਣੇ ਇਕ ਦੋ ਆਗੂ ਦੂਜਿਆਂ ਦੀਆਂ ਸਰਕਾਰਾਂ ਵਿਚ ਸ਼ਾਮਲ ਕਰਵਾ ਕੇ, ਕੌਮ ਦੇ ਹਿਤਾਂ ਦੀ ਰਖਵਾਲੀ ਕਰਦਾ ਰਹਿੰਦਾ ਸੀ। ਉਸ ਵੇਲੇ ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿਚ ਸਿੱਖਾਂ ਦੀ ਆਬਾਦੀ ਕੇਵਲ 13 ਫ਼ੀ ਸਦੀ ਹੁੰਦੀ ਸੀ ਪਰ ਅਕਾਲੀ ਦਲ ਦੀ ਆਰ ਐਸ ਐਸ ਵਰਗੀ ਨੀਤੀ ਸਦਕਾ, ਸਿੱਖਾਂ ਦਾ ਸਮਰਥਨ ਲੈਣ ਲਈ ਹਰ ਪਾਰਟੀ ਇਨ੍ਹਾਂ ਦੇ ਪਿੱਛੇ ਭਜਦੀ ਰਹਿੰਦੀ ਸੀ। ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਦੀ ਆਬਾਦੀ ਜਦ ਪੰਜਾਬ ਵਿਚ 30 ਫ਼ੀ ਸਦੀ ਹੋ ਗਈ ਤਾਂ ਵੀ ਪੂਰੇ ਭਾਰਤ ਵਿਚ ਅਕਾਲੀ ਦਲ ਦੇ ਪ੍ਰਧਾਨ ਦੀ ਗਰਜ ਦਾ ਅਸਰ ਘੱਟ ਨਹੀਂ ਸੀ ਹੋਇਆ।

 

 

ਸਿਆਣੀ ਲੀਡਰਸ਼ਿਪ ਨੇ ਦੂਰ-ਦ੍ਰਿਸ਼ਟੀ ਤੋਂ ਕੰਮ ਲੈਂਦਿਆਂ, ਬੜੀ ਜਦੋਜਹਿਦ ਕਰ ਕੇ, ਭਾਰਤ ਵਿਚ ਸਿੱਖ ਬਹੁਗਿਣਤੀ ਵਾਲਾ ਇਕ ਸੂਬਾ ਬਣਵਾ ਲਿਆ ਜਿਸ ਨੂੰ ਰੋਕਣ ਲਈ ਦਿੱਲੀ ਨੇ ਸਾਰੀ ਤਾਕਤ ਝੋਕ ਦਿਤੀ ਸੀ। ਅੱਜ ਦੀ ਲੀਡਰਸ਼ਿਪ ਇਸ ਪ੍ਰਾਪਤੀ ਨੂੰ ਠੀਕ ਤਰ੍ਹਾਂ ਵਰਤ ਕੇ, ਸੁਨਹਿਰੀ ਕਾਲ ਦੇ ਲੀਡਰਾਂ ਨਾਲੋਂ ਜ਼ਿਆਦਾ ਵੱਡੀਆਂ ਪ੍ਰਾਪਤੀਆਂ ਕਰ ਕੇ ਵਿਖਾ ਸਕਦੀ ਸੀ, ਪਰ ਇਹ ਤਾਂ ਸਿੱਖ ਬਹੁਗਿਣਤੀ ਵਾਲੇ ਰਾਜ ਵਿਚ ਵੀ ਅਕਾਲੀ ਦਲ ਨੂੰ ‘ਜ਼ੀਰੋ’ ਤੇ ਲੈ ਆਈ ਹੈ। ਸਪੋਕਸਮੈਨ ਪਿਛਲੇ 17 ਸਾਲਾਂ ਤੋਂ ਚੀਕ ਚੀਕ ਕੇ ਕਹਿ ਰਿਹਾ ਹੈ ਕਿ ‘ਪੰਥਕ ਸੋਚ’ ਨੂੰ ਨਾ ਛੱਡੋਗੇ ਤੇ 1920 ਵਿਚ ਅਪਣਾਏ ਟੀਚੇ ਘੁਟ ਕੇ ਫੜੀ ਰੱਖੋਗੇ ਤਾਂ ਹੀ ਪੰਜਾਬ ਅਤੇ ਪੰਥ ਦਾ ਵਿਸ਼ਵਾਸ ਤੇ ਪਿਆਰ ਜਿੱਤ ਸਕੋਗੇ ਤੇ ਇਨ੍ਹਾਂ ਦੀ ਕੋਈ ਸੇਵਾ ਕਰ ਸਕੋਗੇ। ਪਰ ਜਿਨ੍ਹਾਂ ਲਈ ਸਿਆਸਤ ਦਾ ਮਤਲਬ ਕੇਵਲ ਪੈਸੇ ਕਮਾਉਣਾ ਤੇ ਵਜ਼ੀਰੀਆਂ ਮਾਣਨਾ ਹੀ ਹੁੰਦਾ ਹੈ, ਉਨ੍ਹਾਂ ਨੇ ਸਪੋਕਸਮੈਨ ਦੀ ਗੱਲ ਕਦੇ ਨਾ ਸੁਣੀ ਤੇ ਨਾ ਕਦੇ ਸੁਣਨਗੇ ਹੀ, ਪਰ ਉਹ ਅੱਜ ਜ਼ੀਰੋ ਤੇ ਆ ਕੇ ਰੁਕ ਗਏ ਹਨ। ਹਰ ਪਾਸੇ ਝਾਕਦੇ ਹਨ ਕਿ ਕਿਸੇ ਮਾੜੇ ਚੰਗੇ ਕੋਲੋਂ ਕੋਈ ਮਦਦ ਮਿਲ ਸਕੇ ਪਰ ਪੰਥਕ ਸੋਚ ਵਲ ਮੁੜਨ ਦੀ ਗੱਲ ਵੀ ਨਹੀਂ ਸੁਣਦੇ। 

 

ਸਿੱਖਾਂ ਨੂੰ ਦੂਰ ਜਾਂਦਿਆਂ ਵੇਖ ਕੇ ਬਾਦਲ ਅਕਾਲੀ ਦਲ ਨੇ ਗ਼ਲਤੀ ਸੁਧਾਰਨ ਦੀ ਬਜਾਏ ਕਦੇ ‘ਬੀਜੇਪੀ ਜਮ੍ਹਾਂ ਬਾਦਲ ਅਕਾਲੀ’ ਦਾ ਤਜਰਬਾ ਕੀਤਾ, ਕਦੇ ਬਾਦਲ ਅਕਾਲੀ ਜਮ੍ਹਾਂ ਮਾਇਆਵਤੀ ਵਾਲਾ ਤਜਰਬਾ ਕੀਤਾ ਤੇ ਅਖ਼ੀਰ ਬਾਦਲ ਅਕਾਲੀ ਜਮ੍ਹ੍ਹਾਂ ਬੰਦੀ ਸਿੱਖਾਂ ਵਾਲਾ ਤਜਰਬਾ ਕਰ ਵੇਖਿਆ ਪਰ ਹਰ ਵਾਰ ਇਸ ਦਾ ਵੋਟ-ਖ਼ਜ਼ਾਨਾ ਘਟਦਾ ਘਟਦਾ ਬਿਲਕੁਲ ਖ਼ਾਲੀ ਹੋ ਗਿਆ ਅਰਥਾਤ ਜ਼ਮਾਨਤਾਂ ਜ਼ਬਤ ਹੋਣ ਲਗੀਆਂ। ਹੁਣ ਹੋਰ ਕੀ ਤਜਰਬਾ ਕਰਨਗੇ? ਹੁਣ ਤਾਂ ਦੂਜਿਆਂ ਨੇ ਤਜਰਬੇ ਸ਼ੁਰੂ ਕਰ ਦਿਤੇ ਹਨ। ਦੂਜਿਆਂ ਵਲੋਂ ਕੀਤੇ ਜਾਣ ਵਾਲੇ ਤਜਰਬਿਆਂ ਦਾ ਸੱਭ ਤੋਂ ਵੱਡਾ ਟੀਚਾ ਇਹੀ ਹੈ ਕਿ ਸ਼੍ਰੋਮਣੀ ਕਮੇਟੀ, ਬਾਦਲ ਅਕਾਲੀ ਦਲ ਤੋਂ ਖੋਹ ਕੇ ਕਿਸੇ ਦੂਜੇ ਅਕਾਲੀ ਧੜੇ ਨੂੰ ਦੇ ਦਿਤੀ ਜਾਏ ਤੇ ਦੋਹਾਂ ਨੂੰ ਆਪਸ ਵਿਚ ਲੜਦੇ ਰਖਿਆ ਜਾਵੇ। ਇਸ ਤਰ੍ਹਾਂ ਦੋਵੇਂ ਧੜੇ ਹੀ ਦਿੱਲੀ ਦੀ ਮਦਦ ਲੈਣ ਦੀ ਕੋਸ਼ਿਸ਼ ਕਰਨਗੇ ਤੇ ਜਿਸ ਨੂੰ ਜਿਸ ਵੇਲੇ ਜਿਵੇਂ ਵਰਤਣਾ ਜ਼ਰੂਰੀ ਹੋਵੇਗਾ, ਵਰਤ ਲਿਆ ਜਾਏਗਾ। ਫ਼ੌਰੀ ਤੌਰ ਤੇ ਬਾਦਲ ਅਕਾਲੀ ਦਲ ਕੋਲੋਂ ਸ਼੍ਰੋਮਣੀ ਕਮੇਟੀ ਖੋਹਣੀ ਸੱਭ ਤੋਂ ਵੱਡੀ ਪ੍ਰਾਥਮਿਕਤਾ ਹੈ ਜਿਸ ਵਿਚ ਅਕਾਲ ਤਖ਼ਤ ਦੇ ‘ਜਥੇਦਾਰ’ ਜਾਂ ਪੁਜਾਰੀ ਆਪੇ ਹੀ ਆ ਜਾਣਗੇ ਕਿਉਂਕਿ ਉਹ ਤਾਂ ਉਸੇ ਦਾ ਹੁਕਮ ਮੰਨਣ ਵਾਲੇ ਹੀ ਹੋਣਗੇ ਜਿਸ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਉਤੇ ਹੋਵੇਗਾ। 

ਅੰਤ ਵਿਚ ਸਿੱਖ ਵੀ ਸਾਰੀ ਗੱਲ ਸਮਝ ਤਾਂ ਜਾਣਗੇ ਪਰ ਬਹੁਤ ਮਾਰ ਖਾ ਚੁੱਕਣ ਮਗਰੋਂ ਹੀ ਤੇ ਸਿੱਖ ਮੁੜ ਤੋਂ 1920 ਵਾਲੇ ਟੀਚਿਆਂ ਨੂੰ, ਨਵੇਂ ਹਾਲਾਤ ਵਿਚ ਢਾਲ ਕੇ ਆਰ ਐਸ ਐਸ ਵਰਗੀ ਇਕ ਜਥੇਬੰਦੀ ਬਣਾ ਲੈਣਗੇ ਜਿਸ ਨੂੰ ਵਜ਼ੀਰੀਆਂ, ਧਨ ਦੌਲਤ ਤੇ ਹੋਰ ਚੀਜ਼ਾਂ ਦੀ ਝਾਕ ਨਹੀਂ ਹੋਵੇਗੀ ਤੇ ਕੇਵਲ ਕਿਸੇ ਐਸੀ ਧਿਰ ਨੂੰ ਹੀ ਸਮਰਥਨ ਦੇਵੇਗੀ ਜੋ ਸਿੱਖ ਪੰਥ ਦੇ ਹਿਤਾਂ ਦੀ ਉਨਤੀ, ਰਖਵਾਲੀ ਤੇ ਖ਼ੁਸ਼ਹਾਲੀ ਲਈ ਸਹਿਮਤ ਹੋ ਸਕੇ। ਅਜਿਹਾ ਹੋ ਕੇ ਰਹੇਗਾ, ਇਹ ਮੇਰਾ ਨਿਸ਼ਚਾ ਹੈ ਪਰ ਉਸ ਤੋਂ ਪਹਿਲਾਂ ਅੱਜ ਦੇ ਸਿੱਖ ਵਜ਼ੀਰਾਂ ਤੇ ਧਨ ਕੁਬੇਰਾਂ ਨੇ ਜੋ ਹਾਲਤ ਪੈਦਾ ਕਰ ਦਿਤੀ ਹੈ, ਉਸ ਦਾ ਭਾਰੀ ਖ਼ਮਿਆਜ਼ਾ ਵੀ ਸਿੱਖ ਪੰਥ ਨੂੰ ਭੁਗਤਣਾ ਹੀ ਪਵੇਗਾ। ਮੌਜੂਦਾ ਲੀਡਰਸ਼ਿਪ ਤਾਂ ‘ਤਿਆਗ’ ਲਫ਼ਜ਼ ਦੇ ਅਰਥ ਹੀ ਨਹੀਂ ਜਾਣਦੀ ਤੇ ਵਜ਼ਾਰਤ ’ਚੋਂ ਮਜਬੂਰੀ ਦੀ ਹਾਲਤ ਵਿਚ ਦਿਤੇ ਅਸਤੀਫ਼ੇ ਨੂੰ ਹੀ ਸੱਭ ਤੋਂ ਵੱਡਾ ਤਿਆਗ ਦਸਦੀ ਹੈ ਪਰ ਤਿਆਗ ਦੇ ਸਹੀ ਅਰਥ ਸਮਝਣ ਵਾਲੇ ਲੀਡਰ ਹੀ ਕੌਮਾਂ ਦੇ ਸੱਚੇ ਰਹਿਬਰ ਸਾਬਤ ਹੁੰਦੇ ਹਨ। ਉਦੋਂ ਤਕ ਅਰਦਾਸ ਕਰ ਕੇ ਅਪਣੇ ਨਿਸਚੇ ਨੂੰ ਮਜ਼ਬੂਤ ਹੀ ਕੀਤਾ ਜਾ ਸਕਦਾ ਹੈ।                                                                                                                                        ਜੋਗਿੰਦਰ ਸਿੰਘ