ਸਿੱਖਾਂ ਨੂੰ ਕੀ ਦੇਂਦਾ ਸੀ ਅੰਗਰੇਜ਼ ਤੇ ਸਿੱਖ ਲੀਡਰਾਂ ਨੇ ਕੀ ਨਾ ਲਿਆ ? (7)
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
ਇਹ ਵੀ ਸੱਚ ਹੈ ਕਿ ਉਨ੍ਹਾਂ ਕੋਲ ਕਿਸੇ ਗੱਲ ਦਾ ਵੀ ਸਬੂਤ ਕੋਈ ਨਹੀਂ ਸੀ ਤੇ ਨਾ ਹੀ ਇਕ ਗੰਭੀਰ ਵਿਸ਼ੇ ਉਤੇ ਲਿਖਦਿਆਂ, ਇਹੋ ਜਹੀਆਂ ਗੱਪਾਂ ਦਾ ਜ਼ਿਕਰ ਕਰਨਾ ਠੀਕ ਹੀ ਲਗਦਾ ਹੈ
ਇਸ ਚਲਦੀ ਲੜੀ ਵਿਚ ਪਹਿਲਾਂ ਡੀਫ਼ੈਂਸ ਮਨਿਸਟਰ ਸ. ਬਲਦੇਵ ਸਿੰਘ ਬਾਰੇ ਖ਼ੁਫ਼ੀਆ ਏਜੰਸੀਆਂ ਵਲੋਂ ਫੈਲਾਏ ਝੂਠ ਦਾ ਜ਼ਿਕਰ ਕੀਤਾ ਗਿਆ ਸੀ। ਇਹ ਨਹੀਂ ਕਿ ਸ. ਬਲਦੇਵ ਸਿੰਘ ਬਾਰੇ ਉਹ ਇਕੋ ਇਕ ਝੂਠ ਸੀ ਜਿਸ ਦਾ ਜ਼ਿਕਰ ਕਿਤਾਬ ਵਿਚ ਕੀਤਾ ਗਿਆ ਹੈ। ਨਹੀਂ, ਸਗੋਂ ਹਰ 10 ਸਫ਼ਿਆਂ ਮਗਰੋਂ ਸ. ਬਲਦੇਵ ਸਿੰਘ ਵਿਰੁਧ ਇਕ ਨਵੀਂ ‘ਗੱਪ’ ਦਾ ਵਰਨਣ ਕਰਨ ਦੀ ਖ਼ੁਸ਼ੀ ਲਈ ਗਈ ਹੈ।
ਇਹ ਵੀ ਸੱਚ ਹੈ ਕਿ ਉਨ੍ਹਾਂ ਕੋਲ ਕਿਸੇ ਗੱਲ ਦਾ ਵੀ ਸਬੂਤ ਕੋਈ ਨਹੀਂ ਸੀ ਤੇ ਨਾ ਹੀ ਇਕ ਗੰਭੀਰ ਵਿਸ਼ੇ ਉਤੇ ਲਿਖਦਿਆਂ, ਇਹੋ ਜਹੀਆਂ ਗੱਪਾਂ ਦਾ ਜ਼ਿਕਰ ਕਰਨਾ ਠੀਕ ਹੀ ਲਗਦਾ ਹੈ ਪਰ ਪੁਸਤਕ ਵਿਚ ਖ਼ੁਫ਼ੀਆ ਏਜੰਸੀਆਂ ਵਲੋਂ ਆਜ਼ਾਦੀ ਤੋਂ ਪਹਿਲਾਂ ਦੇ ਵਾਅਦੇ ਪੂਰੇ ਕਰਨ ਦੀ ਮੰਗ ਕਰਨ ਵਾਲੇ ਸਾਰੇ ਸਿੱਖ ਆਗੂਆਂ ਵਿਰੁਧ ਫੈਲਾਈਆਂ ਗੱਪਾਂ ਜਾਂ ਚੁਟਕਲਿਆਂ ਦੀ ਭਰਮਾਰ ਹੈ। ਹਾਂ, ਅਜਿਹੀ ਕੋਈ ਇਕ ਵੀ ਸੱਚੀ ਝੂਠੀ ਗੱਪ ਉਸ ਸਿੱਖ ਲੀਡਰ ਬਾਰੇ ਨਹੀਂ ਲਿਖੀ ਗਈ ਜਿਸ ਨੇ ਸਰਕਾਰੀ ਕੁਰਸੀ ਤੇ ਬੈਠ ਕੇ ਸਿੱਖਾਂ ਜਾਂ ਉਨ੍ਹਾਂ ਦੇ ਹੱਕਾਂ ਬਾਰੇ ਮੂੰਹ ਖੋਲ੍ਹਣਾ ਵੀ ਬੰਦ ਕਰ ਲਿਆ ਸੀ ਤੇ ਅੰਦਰੋਂ ਬਾਹਰੋਂ ਸਰਕਾਰ ਦਾ ਪੱਕਾ ਭਗਤ ਬਣ ਕੇ ਸਿੱਖ ਹਿਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ।
Chandulal Madhavlal Trivedi
ਮਿਸਾਲ ਵਜੋਂ ਸ. ਕਪੂਰ ਸਿੰਘ ਨੇ ਆਪ ਹੀ ਦਸਿਆ ਹੈ ਕਿ ਗਵਰਨਰ ਚੰਦੂ ਲਾਲ ਤ੍ਰਿਵੇਦੀ ਦਾ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਉਹ ਸਰਕੂਲਰ ਜਿਸ ਅਨੁਸਾਰ ਪਾਕਿਸਤਾਨ ਤੋਂ ਆਉਣ ਵਾਲੇ ਸਿੱਖਾਂ ਨੂੰ ਜਰਾਇਮ ਪੇਸ਼ਾ ਲੋਕ ਦਸਿਆ ਗਿਆ ਸੀ ਤੇ ਉਨ੍ਹਾਂ ਉਤੇ ਖ਼ਾਸ ਨਜ਼ਰ ਰੱਖਣ ਲਈ ਕਿਹਾ ਗਿਆ ਸੀ, ਉਹ ਸ. ਸਵਰਨ ਸਿੰਘ ਦੀ ਪ੍ਰਵਾਨਗੀ ਨਾਲ ਜਾਰੀ ਹੋਇਆ ਸੀ ਜੋ ਉਸ ਸਮੇਂ ਪੰਜਾਬ ਦੇ ਗ੍ਰਹਿ ਮੰਤਰੀ ਸਨ। ਪਰ ਮਜਾਲ ਹੈ, ਸ. ਸਵਰਨ ਸਿੰਘ ਵਿਰੁਧ ਸਾਰੀ ਪੁਸਤਕ ਵਿਚ ਇਕ ਲਫ਼ਜ਼ ਵੀ ਦਰਜ ਹੋਵੇ ਜਾਂ ਉਨ੍ਹਾਂ ਬਾਰੇ ਖ਼ੁਫ਼ੀਆ ਏਜੰਸੀਆਂ ਦਾ ਕੋਈ ਇਕ ਵੀ ਚੁਟਕਲਾ ਦਰਜ ਹੋਵੇ।
(2) ਗਿਆਨੀ ਕਰਤਾਰ ਸਿੰਘ
ਸੋ ਅਸੀ ਹੁਣ ਗਿਆਨੀ ਕਰਤਾਰ ਸਿੰਘ ਵਲ ਆਉਂਦੇ ਹਾਂ। ਆਜ਼ਾਦੀ ਮਗਰੋਂ ਉਹ ਆਪ ਮਹਾਤਮਾ ਗਾਂਧੀ ਨੂੰ ਦਿੱਲੀ ਵਿਚ ਮਿਲੇ ਤੇ ਮੰਗ ਕੀਤੀ ਕਿ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ। ਮਹਾਤਮਾ ਗਾਂਧੀ ਦਾ ਉੱਤਰ ਸੀ, ‘‘ਮੈਨੂੰ ਤਾਂ ਯਾਦ ਨਹੀਂ ਮੈਂ ਕੀ ਵਾਅਦੇ ਕੀਤੇ ਸਨ। ਤੁਸੀ ਜਿਨ੍ਹਾਂ ਵਾਅਦਿਆਂ ਦਾ ਜ਼ਿਕਰ ਕਰਦੇ ਹੋ, ਉਨ੍ਹਾਂ ਬਾਰੇ ਸਾਰੇ ਛਪੇ ਹੋਏ ਕਾਗ਼ਜ਼ਾਤ ਲੈ ਕੇ ਆਉ, ਫਿਰ ਮੈਂ ਗੱਲ ਕਰਾਂਗਾ।’’ ਛੇਤੀ ਹੀ ਗਾਂਧੀ ਨੂੰ ਗੋਡਸੇ ਨੇ ਗੋਲੀ ਮਾਰ ਦਿਤੀ। ‘ਸਾਚੀ ਸਾਖੀ’ ਵਿਚ ਗਾਂਧੀ ਵਿਰੁਧ ਇਕ ਸ਼ਬਦ ਨਹੀਂ ਲਿਖਿਆ ਗਿਆ ਭਾਵੇਂ ਕਪੂਰ ਸਿੰਘ ਵਾਰ ਵਾਰ ਉਨ੍ਹਾਂ ਨੂੰ ਬੜੀ ਪ੍ਰੇਮਾ-ਭਗਤੀ ਨਾਲ ਦਿੱਲੀ ਅਤੇ ਲੰਡਨ ਵਿਚ ਮਿਲਦੇ ਰਹੇ।
ਗਿ. ਕਰਤਾਰ ਸਿੰਘ ਪੰਜਾਬੀ ਸੂਬਾ ਮੰਗ ਦੇ ਵੀ ਜਨਮ ਦਾਤਾ ਸਨ ਜਦਕਿ ਮਾ. ਤਾਰਾ ਸਿੰਘ ‘ਕਰੋ ਜਾਂ ਮਰੋ’ ਦਾ ਨਾਹਰਾ ਮਾਰ ਕੇ, ਆਜ਼ਾਦੀ ਤੋਂ ਪਹਿਲਾਂ ਦੇ ਵਾਅਦੇ ਪੂਰੇ ਕਰਨ ਲਈ ਜਦੋਜਹਿਦ ਸ਼ੁਰੂ ਕਰਨ ਦੇ ਹਮਾਇਤੀ ਸਨ। ਗਿ. ਕਰਤਾਰ ਸਿੰਘ ਨੇ ਰੋਹ ਵਿਚ ਆਏ ਮਾਸਟਰ ਤਾਰਾ ਸਿੰਘ ਨੂੰ ਸੰਬੋਧਨ ਕਰਦਿਆਂ, ਵਰਕਿੰਗ ਕਮੇਟੀ ਵਿਚ ਕਿਹਾ, ‘‘ਮਾਸਟਰ ਜੀ ਕੌਮ ਬਰਬਾਦ ਹੋਈ ਪਈ ਹੈ। ਨਾ ਕਿਸੇ ਕੋਲ ਪੈਸਾ ਹੈ, ਨਾ ਘਰ ਹੈ, ਨਾ ਜੇਲ ਜਾਣ ਦੀ ਤਾਕਤ। ਵਾਲੰਟੀਅਰ ਕਿਥੋਂ ਲਿਆਉਗੇ ਤੇ ਅੰਦੋਲਨ ਲਈ ਪੈਸਾ ਕੌਣ ਦੇਵੇਗਾ? ਇਸ ਵੇਲੇ ਸਾਰੇ ਦੇਸ਼ ਵਿਚ ਇਕ ਭਾਸ਼ਾਈ ਸੂਬੇ ਬਣਾਏ ਜਾ ਰਹੇ ਹਨ। ਅਸੀ ਵੀ ਪੰਜਾਬੀ ਸੂਬਾ ਮੰਗ ਲਵਾਂਗੇ ਤਾਂ ਕੇਂਦਰ ਕੋਲ ਸਾਨੂੰ ਨਾਂਹ ਕਰਨ ਦਾ ਬਹਾਨਾ ਕੋਈ ਨਹੀਂ ਹੋਵੇਗਾ।
Gyani Kartar Singh
ਪੰਜਾਬੀ ਸੂਬਾ ਉਸ ਨੂੰ ਦੇਣਾ ਹੀ ਪਵੇਗਾ। ਉਸ ਵਿਚ ਸਾਡੀ ਤਾਕਤ ਦੁਗਣੀ ਹੋ ਜਾਏਗੀ। ਤਾਕਤ ਫੜ ਕੇ ਫਿਰ ਅਸੀ ਪੁਰਾਣੇ ਵਾਅਦੇ ਪੂਰੇ ਕਰਵਾਉਣ ਲਈ ਅੰਦੋਲਨ ਕਰਾਂਗੇ ਤਾਂ ਆਜ਼ਾਦੀ ਤੋਂ ਪਹਿਲਾਂ ਦੇ ਵਾਅਦੇ ਛੇਤੀ ਪੂਰੇ ਕਰਵਾ ਲਵਾਂਗੇ।’’ ਮਾਸਟਰ ਤਾਰਾ ਸਿੰਘ ਸਹਿਮਤ ਨਹੀਂ ਸਨ ਪਰ ਜਦ ਸਾਰੀ ਵਰਕਿੰਗ ਕਮੇਟੀ ਗਿ. ਕਰਤਾਰ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੋ ਗਈ ਤਾਂ ਮਾ. ਤਾਰਾ ਸਿੰਘ ਨੂੰ ਵੀ ਹਥਿਆਰ ਸੁਟਣੇ ਪਏ। ਇਸ ਤਰ੍ਹਾਂ ਪੰਜਾਬੀ ਸੂਬਾ ਮੰਗ ਦੇ ਜਨਮ ਦਾਤਾ ਗਿ. ਕਰਤਾਰ ਸਿੰਘ ਹੀ ਸਨ।
ਗਿ. ਕਰਤਾਰ ਸਿੰਘ ਤੋਂ ਪਹਿਲਾਂ ਕਿਸੇ ਅਕਾਲੀ ਲੀਡਰ ਨੇ ਭਾਸ਼ਾਈ ਰਾਜਾਂ ਜਾਂ ਪੰਜਾਬੀ ਸੂਬੇ ਬਾਰੇ ਕਦੇ ਗੰਭੀਰਤਾ ਨਾਲ ਸੋਚਿਆ ਵੀ ਨਹੀਂ ਸੀ। ਗਿ. ਕਰਤਾਰ ਸਿੰਘ ਨੇ ਵੀ ਪੰਜਾਬੀ ਸੂਬੇ ਦੀ ਮੰਗ, ’47 ਤੋਂ ਪਹਿਲਾਂ ਦੇ ਵਾਅਦੇ ਲਾਗੂ ਕਰਵਾਉਣ ਦੇ ਬਦਲ ਵਜੋਂ ਪੇਸ਼ ਨਹੀਂ ਸੀ ਕੀਤੀ ਸਗੋਂ ਇਸ ਨੂੰ ਅੰਤਮ ਨਿਸ਼ਾਨੇ ਦੇ ਪਹਿਲੇ ਪੜਾਅ ਵਜੋਂ ਹੀ ਪੇਸ਼ ਕੀਤਾ ਸੀ ਜਦਕਿ ਮਾ. ਤਾਰਾ ਸਿੰਘ ਦਾ ਕਹਿਣਾ ਸੀ ਕਿ ਉਸ ਸਮੇਂ ਲੋਹਾ ਗਰਮ ਸੀ ਤੇ ਇਕ ਵੱਡੀ ਸੱਟ ਮਾਰ ਕੇ, ਵਾਅਦੇ ਲਾਗੂ ਕਰਵਾਏ ਜਾ ਸਕਦੇ ਸਨ, ਜਿਵੇਂ ਕਸ਼ਮੀਰੀਆਂ ਨੇ ਆਰਟੀਕਲ 370 ਦਾ ਵਾਅਦਾ ਇਕ ਵਾਰ ਤਾਂ ਪੂਰਾ ਕਰਵਾ ਹੀ ਲਿਆ ਸੀ।
ਗਿਆਨੀ ਕਰਤਾਰ ਸਿੰਘ ਵਿਰੁਧ ਵੀ ਸ. ਕਪੂਰ ਸਿੰਘ ਅਪਣੀ ਪੁਸਤਕ ਵਿਚ ਏਨਾ ਗ਼ੁਬਾਰ ਕਢਦੇ ਹਨ ਕਿ ਜੇ ਪੁਸਤਕ ਦੇ ਬਾਹਰ ਲੇਖਕ ਦਾ ਨਾਂ ਨਾ ਲਿਖਿਆ ਹੋਵੇ ਤਾਂ ਯਕੀਨ ਕਰਨਾ ਔਖਾ ਜਾਏਗਾ ਕਿ ਇਸ ਦਾ ‘ਕਮਿਊਨਲ ਅਵਾਰਡ’ ਵਾਲਾ ਹਿੱਸਾ ਕਿਸੇ ਵਿਦਵਾਨ ਲੇਖਕ ਦਾ ਲਿਖਿਆ ਹੋਇਆ ਹੈ।
ਸਫ਼ਾ 151 ਉਤੇ ਸ. ਕਪੂਰ ਸਿੰਘ ਅਪਣੇ ਗਿਆਨ ਦਾ ਬਖਾਨ ਇਸ ਤਰ੍ਹਾਂ ਕਰਦੇ ਹਨ:
‘ਸੰਨ 1947 ਦੇ ਮਾਰਚ ਮਹੀਨੇ ਦੀ ਗੱਲ ਹੈ ਕਿ ਗਿਆਨੀ ਕਰਤਾਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਡਾਕਟਰ ਗੋਪਾਲ ਸਿੰਘ, ਐਮ.ਏ.ਪੀ.ਐਚ.ਡੀ. ਜੋ ਗਿਆਨੀ ਜੀ ਦੇ ਨਿਕਟਵਰਤੀ ਚੇਲੇ ਸਨ, ਵਿਚਾਰ ਕਰ ਰਹੇ ਸਨ ਕਿ ਬੰਗਾਲ ਵਿਚ ਹਿੰਦੂ ਮੁਸਲਮਾਨ ਖਿਚੋਤਾਣ ਬਹੁਤ ਵੱਧ ਗਈ ਸੀ। ਉਸ ਸਮੇਂ ਪੂਰਬੀ ਬੰਗਾਲ ਦਾ ਇਕ ਬੜਾ ਵੱਡਾ ਰਈਸ, ਰਾਜਾ ਅਤੇ ਤਿੰਨ ਹੋਰ ਪ੍ਰਤਿਸ਼ਟ ਬੰਗਾਲੀ ਅੰਮ੍ਰਿਤਸਰ ਆ ਕੇ ਗਿਆਨੀ ਕਰਤਾਰ ਸਿੰਘ ਜੀ ਨੂੰ ਮਿਲੇ ਤੇ ਬੇਨਤੀ ਕੀਤੀ ਕਿ ਕੁੱਝ ਵਿਦਵਾਨ ਸਿੰਘ ਝਟ ਪਟ ਬੰਗਾਲ ਭੇਜੇ ਜਾਣ ਤਾਂ ਜੋ ਪੰਜ ਲੱਖ ਦੇ ਕਰੀਬ ਬੰਗਾਲੀ ਨੌਜਵਾਨ ਅੰਮ੍ਰਿਤ ਛਕ ਕੇ ਸਿੰਘ ਸਜ ਜਾਣ ਅਤੇ ਇਉਂ ਪੂਰਬੀ ਬੰਗਾਲ ਵਿਚ ਵਿਸ਼ੇਸ਼ ਕਰ ਕੇ ਅਤੇ ਸਾਰੇ ਬੰਗਾਲ ਵਿਚ 30-40 ਲੱਖ ਸਿੱਖ ਵਸੋਂ ਹੋ ਜਾਵੇ ਜੋ ਪਾਕਿਸਤਾਨ ਦੇ ਹੜ੍ਹ ਨੂੰ ਰੋਕ ਸਕੇ।
ਗਿਆਨੀ ਜੀ ਨੇ ਉਨ੍ਹਾਂ ਨੂੰ ਇਉਂ ਕਹਿ ਕੇ ਟਾਲ ਦਿਤਾ ਕਿ ਛੇਤੀ ਹੀ ਕੁੱਝ ਪ੍ਰਬੰਧ ਕੀਤਾ ਜਾਵੇਗਾ, ਪਰ ਕੀਤਾ ਕੁੱਝ ਵੀ ਨਾ। ਡਾਕਟਰ ਗੋਪਾਲ ਸਿੰਘ ਦੇ ਪੁੱਛਣ ਉਤੇ ਦਿਲ ਦਾ ਭੇਤ ਇਉਂ ਖੋਹਲਿਆ, ‘‘ਤੁਹਾਨੂੰ ਪਾਲੇਟਿਕਸ ਦੀ ਸਮਝ ਨਹੀਂ। ਜੇ ਬੰਗਾਲ ਵਿਚ ਇਕ ਕਰੋੜ ਵੀ ਸਿੱਖ ਸਜ ਜਾਣ ਤਾਂ ਵੀ ਸੈਂਟਰ ਵਿਖੇ ਵਜ਼ੀਰ ਇਕ ਸਿੱਖ ਹੀ ਬਣਦਾ ਹੈ। ਉਹ ਸਰਦਾਰ ਬਲਦੇਵ ਸਿੰਘ ਜੀ ਹਨ ਹੀ।’’ ਹੂਏ ਤੁਮ ਦੋਸਤ ਜਿਸ ਕੇ ਦੁਸ਼ਮਣ ਉਸ ਕਾ ਆਸਮਾਂ ਕਿਉਂ ਹੋ।’
ਹਕੀਕਤ ਕੀ ਹੈ?
ਫਿਰ ਉਹੀ ਸਵਾਲ ਕਿ ਬੰਗਾਲ ਤੋਂ ਆਉਣ ਵਾਲਿਆਂ ਦੇ ਨਾਂ ਕੀ ਸਨ? ਉਨ੍ਹ੍ਹਾਂ ਦੀ ਕੋਈ ਚਿੱਠੀ, ਕੋਈ ਅਖ਼ਬਾਰੀ ਖ਼ਬਰ ਜਾਂ ਬਿਆਨ? ਗਿ. ਕਰਤਾਰ ਸਿੰਘ ਕੋਲੋਂ ਆਪ ਪੁਛਿਆ ਗਿਆ? ਕੀ ਸ. ਕਪੂਰ ਸਿੰਘ ਆਪ ਉਨ੍ਹਾਂ ਨੂੰ ਜਾਣਦੇ ਹਨ? ਬਸ ‘ਸਾਚੀ ਸਾਖੀ’ ਦੀ ਬੇ-ਸਿਰ ਪੈਰ ਚੁਟਕਲਾ-ਨੁਮਾ ਲਿਖਤ ਹੀ ਸਹੀ ਮੰਨ ਲਉ, ਹੋਰ ਕੁੱਝ ਨਹੀਂ ਦਸਿਆ।
ਗਿਆਨੀ ਕਰਤਾਰ ਸਿੰਘ ਨੇ ਇਸ ‘ਮੂਰਖਾਨਾ ਸੁਝਾਅ’ ਦਾ ਮਜ਼ਾਕ ਹੀ ਉਡਾਇਆ ਸੀ ਕਿ ਚਾਰ ਪੰਜ ਵਿਦਵਾਨ ਸਿੱਖ ਬੰਗਾਲ ਵਿਚ ਜਾ ਕੇ 30-40 ਲੱਖ ਅੰਮ੍ਰਿਤਧਾਰੀ ਸਿੱਖ ਤਿਆਰ ਕਰ ਕੇ ਦੇ ਸਕਦੇ ਹਨ। ਇਹੋ ਜਿਹੀ ਤਜਵੀਜ਼ ਕੋਈ ਮਸਖ਼ਰਾ ਹੀ ਦੇ ਸਕਦਾ ਹੈ ਅਤੇ ਕੋਈ ਅਕਲ ਰਹਿਤ ਬੰਦਾ ਹੀ ਇਸ ਨੂੰ ਗੰਭੀਰਤਾ ਨਾਲ ਲੈ ਸਕਦਾ ਹੈ। ਸੋ ਇਸ ਉਤੇ ਹੱਸ ਛਡਣਾ ਹੀ ਕਾਫ਼ੀ ਹੁੰਦਾ ਹੈ। ਪੰਜਾਬ ਤੋਂ ਕੋਈ 5 ਲੱਖ ਅੰਡੇ ਤਾਂ ਨਹੀਂ ਸਨ ਮੰਗਵਾਏ ਗਏ ਜਿਨ੍ਹਾਂ ਉਤੇ ਬੰਗਾਲੀ ਮੁਰਗੀਆਂ ਦੋ ਚਾਰ ਸਿੱਖ ਵਿਦਵਾਨਾਂ ਦੀ ਦੇਖ ਰੇਖ ਵਿਚ ਬੈਠ ਕੇ, ਤਿਆਰ ਬਰ ਤਿਆਰ ਆਦਮੀ ਕੱਢ ਸਕਦੀਆਂ ਸਨ।
Sikh
5 ਲੱਖ ‘ਖ਼ਾਲਸਾ’ ਤਿਆਰ ਕਰਨ ਲਈ 10 ਸਾਲ ਦਾ ਸਮਾਂ, ਕਰੋੜਾਂ ਰੁਪਏ ਦਾ ਖ਼ਰਚਾ ਤੇ ਕੋਈ ਗੁਰੂ ਗੋਬਿੰਦ ਸਿੰਘ ਵਰਗੀ ਕਸ਼ਿਸ਼ ਵਾਲਾ ਮਰਦੇ ਮੁਜਾਹਿਦ ਚਾਹੀਦਾ ਹੁੰਦਾ ਹੈ। ਨਿਰੇ ਵਿਦਵਾਨ ਇਹ ਕੰਮ ਕਰ ਸਕਦੇ ਹੁੰਦੇ ਤਾਂ ਪੰਜਾਬ ਵਿਚ ਨਾ ਉਹ ਬਹੁਗਿਣਤੀ ਬਣਾ ਲੈਂਦੇ ਤੇ ਪੂਰਾ ਪੰਜਾਬ ਪਾਕਿਸਤਾਨ ਤੋਂ ਨਾ ਖੋਹ ਲੈਂਦੇ? ਸ. ਕਪੂਰ ਸਿੰਘ ਨੇ ਜਿਹੜਾ ‘ਉੱਤਰ’ ਗਿਆਨੀ ਕਰਤਾਰ ਸਿੰਘ ਵਲੋਂ ਦਿਤਾ ਲਿਖਿਆ ਹੈ, ਉਹ ਤਾਂ ਉਹੀ ਬੰਦਾ ਦੇ ਸਕਦਾ ਹੈ ਜਿਹੜਾ ਬੰਗਾਲੀ ਬਾਬੂਆਂ ਦੀ ਕਹਾਣੀ ਨੂੰ ਠੀਕ ਮੰਨਦਾ ਹੋਵੇ।
ਇਹ ਜਵਾਬ ਖ਼ੁਫ਼ੀਆ ਏਜੰਸੀਆਂ ਵਲੋਂ ਸ. ਬਲਦੇਵ ਸਿੰਘ, ਮਾ. ਤਾਰਾ ਸਿੰਘ ਤੇ ਗਿ. ਕਰਤਾਰ ਸਿੰਘ ਸਮੇਤ ਹਰ ਉਸ ਅਕਾਲੀ ਆਗੂ ਨਾਲ ਜੋੜਿਆ ਗਿਆ ਹੈ ਜਿਸ ਨੂੰ ਸਿੱਖਾਂ ਅੰਦਰ ਬਦਨਾਮ ਕਰਨ ਲਈ ਖ਼ੁਫ਼ੀਆ ਏਜੰਸੀਆਂ ਗੱਪਾਂ ਤੇ ਚੁਟਕਲੇ ਫੈਲਾਂਦੀਆਂ ਰਹਿੰਦੀਆਂ ਸਨ। ਕਿਸੇ ਗੰਭੀਰ ਲੇਖਕ ਨੇ ਕਦੇ ਇਨ੍ਹਾਂ ਚੁਟਕਲਿਆਂ ਦਾ ਨੋਟਿਸ ਨਹੀਂ ਲਿਆ... ਸਿਵਾਏ ਸ. ਕਪੂਰ ਸਿੰਘ ਦੇ। ਉਹ ਗਿ. ਕਰਤਾਰ ਸਿੰਘ ਨਾਲ ਏਨੇ ਜ਼ਿਆਦਾ ਦੁਸ਼ਮਣੀ ਕਿਉਂ ਕਰਦੇ ਸਨ ਤੇ ਏਨੀਆਂ ਘਟੀਆ ਕਿਸਮ ਦੀਆਂ ਗੱਪਾਂ ਨੂੰ ਮਾਨਤਾ ਕਿਉਂ ਦੇਂਦੇ ਸਨ? ਅਸੀ ‘ਸਾਚੀ ਸਾਖੀ’ ਵਿਚੋਂ ਹੀ ਇਸ ਦਾ ਜਵਾਬ ਅਗਲੇ ਐਤਵਾਰ ਨੂੰ ਲੱਭਾਂਗੇ।
(ਚਲਦਾ)