ਸ਼ਤਾਬਦੀ ਸਮਾਰੋਹ: ਪਹਿਲੀ ਵਾਰ ਅਕਾਲੀਆਂ ਨੇ ਭਾਈਵਾਲਾਂ ਅੱਗੇ ਠੀਕ ਮੰਗ ਰੱਖੀ-ਮੁਬਾਰਕਾਂ!!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਮੈਨੂੰ ਇਸ ਗੱਲ ਦਾ ਗਿਲਾ ਹੈ ਕਿ ਅਜੋਕੇ ਅਕਾਲੀਆਂ ਨੇ ਭਾਈਵਾਲੀ ਤਾਂ ਦਿੱਲੀ ਦੇ ਹਾਕਮਾਂ ਨਾਲ ਪਾਈ ਹੋਈ ਹੈ ਪਰ ਉਨ੍ਹਾਂ ਅੱਗੇ ਪੰਜਾਬ-ਪੱਖੀ ਜਾਂ ਸਿੱਖਾਂ ਦੇ ਭਲੇ ...

Sukhbir Badal

ਮੈਨੂੰ ਇਸ ਗੱਲ ਦਾ ਗਿਲਾ ਹੈ ਕਿ ਅਜੋਕੇ ਅਕਾਲੀਆਂ ਨੇ ਭਾਈਵਾਲੀ ਤਾਂ ਦਿੱਲੀ ਦੇ ਹਾਕਮਾਂ ਨਾਲ ਪਾਈ ਹੋਈ ਹੈ ਪਰ ਉਨ੍ਹਾਂ ਅੱਗੇ ਪੰਜਾਬ-ਪੱਖੀ ਜਾਂ ਸਿੱਖਾਂ ਦੇ ਭਲੇ ਵਾਲੀ ਕੋਈ ਮੰਗ ਕਦੇ ਨਹੀਂ ਰੱਖੀ। ਇਸ ਗੱਲ ਦਾ ਗਿਲਾ ਡਾ. ਮਨਮੋਹਨ ਸਿੰਘ ਨੂੰ ਵੀ ਸੀ ਤੇ ਭਰੇ ਜਲਸੇ ਵਿਚ ਸਟੇਜ ਤੋਂ ਉਨ੍ਹਾਂ ਇਕ ਵਾਰ ਸ. ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਵੀ ਕਹਿ ਦਿਤਾ ਸੀ ਕਿ 'ਪੁਛ ਲਉ ਸ. ਪ੍ਰਕਾਸ਼ ਸਿੰਘ ਬਾਦਲ ਕੋਲੋਂ, ਜਦ ਵੀ ਇਹ ਮੇਰੇ ਕੋਲ ਆਏ, ਇਨ੍ਹਾਂ ਅਪਣਾ ਕੋਈ ਨਿਜੀ ਕੰਮ ਹੀ ਮੇਰੇ ਅੱਗੇ ਰਖਿਆ ਪਰ ਪੰਜਾਬ ਦੀ ਕੋਈ ਮੰਗ ਕਦੇ ਨਹੀਂ ਰੱਖੀ।''

ਅਤੇ ਭਾਜਪਾ ਨਾਲ ਭਾਈਵਾਲੀ ਪਾ ਲੈਣ ਮਗਰੋਂ ਇਨ੍ਹਾਂ ਨੇ ਅਪਣੀ ਨੇੜਤਾ ਨੂੰ ਸਦਾ 'ਨੈਗੇਟਿਵ (ਨਾਂਹ-ਪੱਖੀ) ਕੰਮਾਂ ਲਈ ਹੀ ਵਰਤਿਆ, ਪੰਜਾਬ ਦੇ ਹੱਕ ਵਿਚ ਕਦੇ ਨਹੀਂ। ਪੁਰਾਣੀਆਂ ਗੱਲਾਂ ਕਰਾਂਗੇ ਤਾਂ ਗੱਲ ਲੰਮੀ ਹੋ ਜਾਵੇਗੀ, ਹੁਣੇ ਸ਼ਤਾਬਦੀ ਸਮਾਰੋਹਾਂ ਸਮੇਂ ਇਨ੍ਹਾਂ ਨੇ ਕੇਂਦਰੀ ਲੀਡਰਾਂ ਨੂੰ ਵਾਰ-ਵਾਰ ਮਿਲ ਕੇ ਇਹੀ ਮੰਗ ਰੱਖੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਮੁੱਛ ਨੀਵੀਂ ਕਰਨ ਵਾਲੀ ਇਹ ਗੱਲ ਕਰ ਦਿਉ, ਔਹ ਗੱਲ ਕਰ ਦਿਉ ਤੇ ਸਾਡੀ (ਬਾਦਲਾਂ) ਦੀ ਮੁੱਛ ਉਚੀ ਕਰਨ ਲਈ ਇਹ ਕਦਮ ਚੁਕ ਦਿਉ, ਔਹ ਕਦਮ ਚੁਕ ਦਿਉ।

ਕੇਂਦਰੀ ਹਾਕਮਾਂ ਨੂੰ ਇਹ ਨਿਜੀ ਮੰਗਾਂ ਮੰਨਣ ਸਮੇਂ ਹੱਥੋਂ ਕੁੱਝ ਨਹੀਂ ਦੇਣਾ ਪੈਂਦਾ ਤੇ ਸਿੱਖਾਂ ਨੂੰ ਆਪਸ ਵਿਚ ਲੜਦਿਆਂ ਵੇਖ ਕੇ ਉਨ੍ਹਾਂ ਦੇ ਚਿਹਰੇ ਮੁਸਕਰਾਹਟ ਨਾਲ ਭਰ ਜਾਂਦੇ ਹਨ, ਇਸ ਲਈ ਇਹ ਮੰਗਾਂ ਉਹ ਆਰਾਮ ਨਾਲ ਮੰਨ ਲੈਂਦੇ ਹਨ। ਪਰਮਜੀਤ ਸਿੰਘ ਸਰਨਾ ਦੀ ਪਾਕਿਸਤਾਨ ਫੇਰੀ ਰੁਕਵਾ ਲਈ, ਪੰਜਾਬ ਦੇ ਵਜ਼ੀਰਾਂ ਦੀ ਪਾਕਿ ਯਾਤਰਾ ਰੁਕਵਾ ਲਈ ਤੇ ਪਹਿਲੇ ਜਥੇ ਦੀ ਅਗਵਾਈ ਬਾਰੇ ਵੀ ਝਮੇਲਾ ਖੜਾ ਕਰਵਾ ਲਿਆ ਆਦਿ ਆਦਿ। ਪਾਠਕ ਸੱਭ ਜਾਣਦੇ ਹਨ।

ਪਰ ਅੱਜ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰ ਇਕ ਪੰਜਾਬ-ਪੱਖੀ ਮੰਗ ਵੀ ਕੇਂਦਰ ਅੱਗੇ ਰੱਖਣ ਦਾ ਹੀਆ ਕੀਤਾ ਹੈ ਜੋ ਬਹੁਤ ਚੰਗੀ ਮੰਗ ਹੈ। ਮੰਗ ਇਹ ਹੈ ਕਿ 1984 ਵਿਚ ਜਿਨ੍ਹਾਂ ਸਿੱਖ ਫ਼ੌਜੀਆਂ ਨੇ ਦਰਬਾਰ ਸਾਹਿਬ ਦੀ ਹੋਈ ਬੇਹਰੁਮਤੀ ਵਿਰੁਧ ਆਵਾਜ਼ਾਂ ਚੁਕੀਆਂ ਸਨ, ਉਨ੍ਹਾਂ ਨੂੰ ਦਿਤੀ ਸਜ਼ਾ ਖ਼ਤਮ ਕਰਾ ਕੇ ਉਨ੍ਹਾਂ ਨੂੰ ਸਾਰੇ ਦੂਜੇ ਆਮ ਹਾਲਤ ਵਿਚ ਰਿਟਾਇਰ ਹੋਏ ਫ਼ੌਜੀਆਂ ਵਾਲੀਆਂ ਸਹੂਲਤਾਂ (ਪੈਨਸ਼ਨਾਂ ਵਗ਼ੈਰਾ ਵਗ਼ੈਰਾ) ਦੇਣੀਆਂ ਸ਼ੁਰੂ ਕਰ ਦਿਤੀਆਂ ਜਾਣ ਕਿਉਂਕਿ ਉਨ੍ਹਾਂ ਬਗ਼ਾਵਤ ਨਹੀਂ ਸੀ ਕੀਤੀ, ਅਪਣੇ ਇਸ਼ਟ ਦਾ ਅਪਮਾਨ ਬਰਦਾਸ਼ਤ ਕਰਨੋਂ ਨਾਂਹ ਹੀ ਕੀਤੀ ਸੀ।

ਇਹ ਬਹੁਤ ਚੰਗੀ ਮੰਗ ਹੈ ਤੇ ਮੈਂ ਸੁਖਬੀਰ ਬਾਦਲ ਨੂੰ ਵਧਾਈ ਦੇਂਦਾ ਹਾਂ। ਇਹੋ ਜਹੀਆਂ ਪਾਜ਼ੇਟਿਵ ਗੱਲਾਂ ਕਰਨ ਨਾਲ ਹੀ ਖੁਸਿਆ ਵਕਾਰ ਬਹਾਲ ਕਰ ਸਕਦੇ ਹਨ। ਨੈਗੇਟਿਵ ਗੱਲਾਂ ਸਦਾ ਲਈ ਉਨ੍ਹਾਂ ਨੂੰ ਮਨ ਵਿਚੋਂ ਕੱਢ ਦੇਣੀਆਂ ਚਾਹੀਦੀਆਂ ਹਨ (ਸਪੋਕਸਮੈਨ ਬਾਰੇ ਵੀ)। ਫਿਰ ਉਹ ਵੇਖਣਗੇ, ਉਨ੍ਹਾਂ ਦੇ ਦਿਨ ਕਿਵੇਂ ਫਿਰਦੇ ਹਨ ਪਰ ਜੇ ਉਹ ਦੂਜਿਆਂ ਬਾਰੇ ਨੈਗੇਟਿਵ ਸੋਚ ਰੱਖ ਕੇ ਜਾਂ ਦਿੱਲੀ ਦੇ ਹਾਕਮਾਂ ਦੇ ਸਹਾਰੇ ਸੱਤਾ ਵਿਚ ਵਾਪਸ ਆਉਣਾ ਚਾਹੁੰਦੇ ਹਨ ਤਾਂ ਇਸ ਫ਼ਕੀਰ ਦਾ ਲਿਖਿਆ ਪੱਲੇ ਬੰਨ੍ਹ ਲੈਣ ਕਿ ਇਸ ਤਰ੍ਹਾਂ ਕਦੇ ਸਫ਼ਲ ਨਹੀਂ ਹੋ ਸਕਣਗੇ। ਉਹ ਗੁਰਦਵਾਰਾ ਗਿਆਨ ਗੋਦੜੀ ਬਾਰੇ ਵੀ ਮੰਗ ਜ਼ਰੂਰ ਚੁੱਕਣ। ਇਹੀ ਮੌਕਾ ਹੈ ਜਦੋਂ ਇਹ ਮੰਗ ਆਸਾਨੀ ਨਾਲ ਮਨਵਾਈ ਜਾ ਸਕਦੀ ਹੈ ਬਸ਼ਰਤੇ ਕਿ ਅਸੀ ਨਿਜੀ ਲਾਭ ਭੁਲਾ ਕੇ, ਇਸ ਵਰ੍ਹੇ ਕੇਵਲ ਬਾਬੇ ਨਾਨਕ ਦੀਆਂ ਯਾਦਗਾਰਾਂ ਆਜ਼ਾਦ ਕਰਵਾਉਣ ਵਲ ਹੀ ਧਿਆਨ ਲਗਾ ਦਈਏ।  (ਚਲਦਾ)