The bittersweet memories of Rozana Spokesman:19ਵੇਂ ਸਾਲ 'ਚ ਦਾਖ਼ਲ ਹੋਣ ਤੇ, 18 ਸਾਲ ਦੀਆਂ ਕੁਤਕੁਤਾੜੀਆਂ ਕਢਦੀਆਂ ਯਾਦਾਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

The bittersweet memories of the 18th year: ਰੋਜ਼ਾਨਾ ਸਪੋਕਸਮੈਨ ਨੂੰ ਬੰਦ ਕਰਾਉਣ ਲਈ 11 ਵਕੀਲਾਂ ਦੀ ਕਮੇਟੀ

The Bittersweet memories of the 18th year

The Bittersweet memories of the 18th year: ਮੈਂ ਕਦੇ ਸੋਚਿਆ ਵੀ ਨਹੀਂ ਸੀ... ਪਹਿਲੀ ਦਸੰਬਰ, 2005 ਨੂੰ ਜਦੋਂ ਰੋਜ਼ਾਨਾ ਸਪੋਕਸਮੈਨ ਕਢਣਾ ਸ਼ੁਰੂ ਕੀਤਾ ਤਾਂ ਮੈਂ ਕਦੇ ਨਹੀਂ ਸੀ ਸੋਚਿਆ ਕਿ ਇਸ ਦਾ 19ਵਾਂ ਜਨਮ ਦਿਨ ਵੀ ਇਸ ਜਨਮ ਵਿਚ ਮਨਾ ਸਕਾਂਗਾ। ਬੇਸ਼ੱਕ ਸਾੜਾ ਕਰਨ ਵਾਲਿਆਂ ਨੇ ਮੁਰਗੇ ਦੀ ਬਾਂਗ ਵਰਗੀ ਉੱਚੀ ਆਵਾਜ਼ ਵਿਚ ਐਲਾਨ ਕਰ ਦਿਤਾ ਸੀ ਕਿ ‘ਸ਼ਰਤ ਲਾ ਲਉ, ਇਹ ਛੇ ਮਹੀਨੇ ਨਹੀਂ ਕੱਢ ਸਕੇਗਾ’ ਤੇ ਦੋਖੀਆਂ ਨੇ ਹੋਰ ਵੀ ਉੱਚੀ ਆਵਾਜ਼ ਵਿਚ ਕਹਿ ਦਿਤਾ ਸੀ ਕਿ ‘‘ਅਸੀ ਸਾਲ ਮੁੱਕਣ ਤੋਂ ਪਹਿਲਾਂ ਇਸ ਨੂੰ ਬੰਦ ਕਰਵਾ ਕੇ ਰਹਾਂਗੇ।’’ ਪਰ ਮੈਂ ਤਾਂ ਅਪਣੀ ਖ਼ਰਾਬ ਸਿਹਤ ਕਾਰਨ ਸੋਚਦਾ ਸੀ ਕਿ ਮੈਂ ਦੋ ਚਾਰ ਸਾਲ ਤੋਂ ਵੱਧ ਨਹੀਂ ਕੱਢ ਸਕਾਂਗਾ - ਖ਼ਾਸ ਤੌਰ ਤੇ 9 ਸਾਲ ਪਹਿਲਾਂ ਹੋਈ ਦਿਲ ਦੀ ਬਾਈਪਾਸ ਸਰਜਰੀ ਕਾਰਨ। ਡਾਕਟਰਾਂ ਨੇ ਦਸਿਆ ਸੀ ਕਿ 12 ਤੋਂ 14 ਸਾਲਾਂ ਤਕ ਬਾਈਪਾਸ ਠੀਕ ਕੰਮ ਕਰਦਾ ਹੈ, ਉਸ ਮਗਰੋਂ ਦੁਬਾਰਾ ਬਾਈਪਾਸ ਸਰਜਰੀ ਕਰਵਾਉਣੀ ਪੈਂਦੀ ਹੈ ਜੋ ਹੁਣ ਤਕ ਅਮਰੀਕਾ ਵਿਚ ਹੀ ਕੁੱਝ ਸਫ਼ਲ ਹੋਈ ਹੈ ਪਰ ਬਹੁਤ ਮਹਿੰਗੀ ਹੁੰਦੀ ਹੈ। ਹਿੰਦੁਸਤਾਨ ਵਿਚ ਜਿਹੜੇ ਤਜਰਬੇ ਕੀਤੇ ਗਏ, ਬਹੁਤੇ ਨਾਕਾਮ ਹੀ ਸਾਬਤ ਹੋਏ ਹਨ। ਮੈਂ ਉਸੇ ਨੂੰ ਯਾਦ ਕਰ ਕੇ ਸਾਲ ਗਿਣਦਾ ਰਹਿੰਦਾ ਸੀ। ਸਚਮੁਚ 14ਵੇਂ ਸਾਲ ਹਾਲਤ ਬਹੁਤ ਖ਼ਰਾਬ ਹੋ ਗਈ ਤੇ ਦੁਬਾਰਾ ਸਰਜਰੀ ਕਰਵਾਉਣੀ ਪਈ ਜਦ ਬਾਦਲ ਸਰਕਾਰ ਬੁਰੀ ਤਰ੍ਹਾਂ ਅਖ਼ਬਾਰ ਨੂੰ ਬੰਦ ਕਰਾਉਣ ਲਈ ਹਰ ਰੋਜ਼ ਨਵੇਂ ਹਮਲੇ ਕਰ ਰਹੀ ਸੀ। ਸਾਰੇ ਡਰਾਉਂਦੇ ਵੀ ਸਨ ਕਿ ਇਸ ਦੂਜੀ ਬਾਈਪਾਸ ਸਰਜਰੀ ’ਚੋਂ ਕੋਈ ਕੋਈ ਹੀ ਬਚਦਾ ਸੀ। 

ਰੋਜ਼ਾਨਾ ਸਪੋਕਸਮੈਨ ਨੂੰ ਬੰਦ ਕਰਾਉਣ ਲਈ 11 ਵਕੀਲਾਂ ਦੀ ਕਮੇਟੀ
ਅਖ਼ਬਾਰ ਨੂੰ ਬੰਦ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੇ 11 ਵਕੀਲਾਂ ਦੀ ਇਕ ਕਮੇਟੀ ਬਣਾ ਦਿਤੀ ਜਿਸ ਦੇ ਜ਼ਿੰਮੇ ਇਹੀ ਡਿਊਟੀ ਲਾਈ ਗਈ ਕਿ ਇਸ ਨੂੰ ਬੰਦ ਕਰਵਾਉਣ ਲਈ ਹਰ ਹੀਲਾ ਵਰਤੇ ਤੇ ਖ਼ਰਚੇ ਦੀ ਪ੍ਰਵਾਹ ਨਾ ਕਰੇ। ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਸਪੋਕਸਮੈਨ ਨੂੰ ਇਸ਼ਤਿਹਾਰ ਦੇਣ ਤੇ ਮੁਕੰਮਲ ਪਾਬੰਦੀ ਲਾ ਦਿਤੀ। ਸ਼੍ਰੋਮਣੀ ਕਮੇਟੀ ਦੀ ਪਾਬੰਦੀ 18 ਸਾਲ ਬਾਅਦ ਅਜੇ ਵੀ ਜਾਰੀ ਹੈ। ਹੁਣ ਤਕ ਕੁਲ ਦੋ ਸੌ ਕਰੋੜ ਦੇ ਇਸ਼ਤਿਹਾਰ ਇਨ੍ਹਾਂ ਨੇ ਮਾਰੇ ਹਨ ਤੇ ਉਹ ਵੀ ਉਸ ਸਮੇਂ ਜਦ ਸਪੋਕਸਮੈਨ ਅਜੇ ਅਪਣੇ ਬਚਪਨੇ ਵਿਚ ਹੀ ਸੀ।  ਮੈਨੂੰ ਯਾਦ ਹੈ, ਮੈਂ ਉਦੋਂ ਲਿਖਿਆ ਸੀ, ‘‘ਯਾਰੋ ਏਨਾ ਵੱਡਾ ਕੰਮ ਕਰਨ ਲਈ ਵਕੀਲਾਂ ਦੀ 11-ਮੈਂਬਰੀ ਕਮੇਟੀ ਕੀ ਕਰ ਸਕੇਗੀ? 501 ਨਹੀਂ ਤਾਂ ਘੱਟੋ ਘੱਟ 101 ਵਕੀਲਾਂ ਦੀ ਕਮੇਟੀ ਤਾਂ ਬਣਾ ਹੀ ਦੇਣੀ ਸੀ।’’ ਵਕੀਲਾਂ ਦੀ 11-ਮੈਂਬਰੀ ਕਮੇਟੀ ਸਚਮੁਚ ਕੁੱਝ ਨਾ ਕਰ ਸਕੀ।

ਫੇਹ ਦੇਵੇ ਕੋਈ ਕੰਡਾ
ਸ਼੍ਰੋਮਣੀ ਕਮੇਟੀ ਵਲੋਂ ਬੁਲਾਈ ਗਈ ਇਕ ਬੰਦ ਕਮਰਾ ਮੀਟਿੰਗ ਵਿਚ ਅਕਾਲ ਤਖ਼ਤ ਦਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਇਹ ਕਹਿਣ ਤਕ ਵੀ ਚਲਾ ਗਿਆ ਕਿ ‘‘ਜਦੋਂ ਕੋਈ ਰਾਹ ਦਾ ਕੰਡਾ ਚੁੱਭਣ ਲੱਗ ਜਾਏ ਤਾਂ ਜੁੱਤੀ ਲਾਹ ਕੇ ਉਸ ਨੂੰ ਫੇਹ ਦਿਤਾ ਜਾਂਦੈ। ਉਠੇ ਕੋਈ ਨੌਜੁਆਨ ਤੇ ਇਸ ਕੰਡੇ ਨੂੰ ਵੀ ਫੇਹ ਦੇਵੇ।’’
ਮੈਂ ਜਵਾਬ ਵਿਚ ਲਿਖਿਆ, ‘‘ਨੌਜੁਆਨਾਂ ਨੂੰ ਕਿਉਂ ਜੇਲਾਂ ਵਿਚ ਸੁਟਵਾਉਂਦੇ ਹੋ? ਮੈਨੂੰ ਦੱਸੋ, ਮੈਂ ਖ਼ਾਲੀ ਹੱਥ, ਛਾਤੀ ਨੰਗੀ ਕਰ ਕੇ ਜਿਥੇ ਆਖੋ, ਆ ਜਾਂਦਾ ਹਾਂ। ਵੇਦਾਂਤੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਦੋਵੇਂ ਪਿਸਤੌਲਾਂ ਲੈ ਕੇ ਆਪ ਆ ਜਾਣ ਤੇ ਨੌਜੁਆਨਾਂ ਨੂੰ ਸੌਂਪੀ ਗਈ ਸੇਵਾ ਅਪਣੇ ਮੁਬਾਰਕ ਹੱਥਾਂ ਨਾਲ ਆਪ ਕਰ ਲੈਣ। ਮੈਂ ਹੱਥ ਵੀ ਨਹੀਂ ਚੁਕਾਂਗਾ।’’

ਸਮਝੌਤੇ ਦੀ ਗੱਲਬਾਤ
ਮੇਰੇ ਰੱਬ ਨੇ ਮੈਨੂੰ ਅਪਣੇ ਨਿਸ਼ਾਨੇ ’ਤੇ ਟਿਕੇ ਰਹਿਣ ਅਤੇ ਪੈਸਾ, ਲਾਲਚ ਜਾਂ ਖ਼ਤਰਾ ਸਾਹਮਣੇ ਵੇਖ ਕੇ ਵੀ ਅਪਣੇ ਟੀਚੇ ਤੋਂ ਏਧਰ ਔਧਰ ਨਾ ਹੋਣ ਦਾ ਅਜਿਹਾ ਬਲ ਦਿਤਾ ਹੈ ਕਿ ਮੈਂ ਵੀ ਹੈਰਾਨ ਹੁੰਦਾ ਹਾਂ ਕਿ ਜੇ ਫ਼ਲਾਣੇ ਮੌਕੇ ਥੋੜਾ ਜਿਹਾ ਢਿੱਲਾ ਪੈ ਜਾਂਦਾ ਤਾਂ ਮੇਰੇ ਕੋਲ ਤਾਂ ਮੁਫ਼ਤ ਦੇ ਕਰੋੜਾਂ ਆ ਜਾਣੇ ਸਨ ਤੇ ਸਾਰੀਆਂ ਔਕੜਾਂ ਵੀ ਖ਼ਤਮ ਹੋ ਜਾਣੀਆਂ ਸਨ। ਮੈਨੂੰ ਲੋੜ ਵੀ ਡਾਢੀ ਸੀ ਪਰ ਮੇਰੇ ਰੱਬ ਨੇ ਤੇ ਮੇਰੀ ਮਾਂ ਨੇ ਮੈਨੂੰ ਅਜਿਹਾ ਸਬਰ ਦਿਤਾ ਹੋਇਆ ਹੈ ਕਿ ਮੈਂ ਇਕ ਮਿੰਟ ਲਈ ਵੀ ਕਦੇ ਨਹੀਂ ਥਿੜਕਿਆ।

ਰੋਜ਼ਾਨਾ ਸਪੋਕਸਮੈਨ ਸ਼ੁਰੂ ਹੋਣ ਮਗਰੋਂ ਪਹਿਲਾਂ ਤਾਂ ਹਾਕਮ ਲੋਕ ਬੜੀਆਂ ਤਿੜਾਂ ਮਾਰਦੇ ਰਹੇ ਕਿ ‘‘ਬੰਦ ਕਰਵਾ ਦਿਆਂਗੇ, ਪੈਰਾਂ ਤੇ ਡਿਗ ਕੇ ਇਹਨੂੰ ਨੱਕ ਰਗੜਦਾ ਤੇ ਮਾਫ਼ੀਆਂ ਮੰਗਦਾ ਵਿਖਾ ਦਿਆਂਗੇ....’’ ਪਰ ਤਿੰਨ-ਚਾਰ ਸਾਲ ਬਾਅਦ ਹੀ ਉਨ੍ਹਾਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਕਿ ਉਹ ਸਪੋਕਸਮੈਨ ਨਾਲ ਲੜਾਈ ਛੇੜ ਕੇ ਘਾਟੇ ਦਾ ਸੌਦਾ ਕਰ ਬੈਠੇ ਹਨ। ਸੋ ਉਨ੍ਹਾਂ ਨੇ ਮੈਨੂੰ ‘ਪਲੋਸਣ’ ਦਾ ਫ਼ੈਸਲਾ ਕੀਤਾ। ਬਾਦਲ ਸਾਹਿਬ ਨੇ ਅਪਣਾ ਏਲਚੀ ਹਰਚਰਨ ਬੈਂਸ ਤੇ ਜਲੰਧਰ ਦਾ ਇਕ ਅਕਾਲੀ ਆਗੂ ‘ਨੀਲਾ ਮਹਲ’ (ਪੂਰਾ ਨਾਂ ਯਾਦ ਨਹੀਂ ਆ ਰਿਹਾ) ਮੋਹਾਲੀ ਮੇਰੇ ਇਕ ਰਿਸ਼ਤੇਦਾਰ ਦੇ ਘਰ ‘ਗੁਪਤ ਵਾਰਤਾ’ ਲਈ ਭੇਜੇ। ਫਿਰ ਮੋਹਾਲੀ ਦੇ ਇਕ ਅਕਾਲੀ ਨੂੰ ਭੇਜਿਆ ਗਿਆ ਕਿ ਬਾਦਲ ਸਾਹਿਬ ਦੀ ਕੋਠੀ ਤੇ ਆ ਕੇ ਸਿੱਧੀ ਗੱਲ ਕਰ ਲਉ। ਮੈਂ ਉਨ੍ਹਾਂ ਦੀ ਕੋਠੀ ਤੇ ਜਾ ਕੇ ਗੱਲ ਕਰਨ ਤੋਂ ਨਾਂਹ ਕਰ ਦਿਤੀ। ਫਿਰ ਸੁਨੇਹਾ ਆਇਆ ਕਿ ਇਕ ਹੋਟਲ ਵਿਚ ਆ ਕੇ ਇਕੱਲੇ ਹੀ ਬੈਠ ਜਾਉ ਤੇ ਥੋੜੀ ਦੇਰ ਮਗਰੋਂ ਬਾਦਲ ਸਾਹਬ ਵੀ ਇਸ ਤਰ੍ਹਾਂ ਉਥੇ ਪਹੁੰਚ ਜਾਣਗੇ ਜਿਵੇਂ ਐਵੇਂ ਹੀ ਉਧਰੋਂ ਲੰਘ ਰਹੇ ਹੋਣ ਤਾਕਿ ਲੱਗੇ ਕਿ ‘ਅਚਾਨਕ’ ਸਾਡੀ ਮੁਲਾਕਾਤ ਹੋ ਗਈ ਸੀ। ‘ਅਚਾਨਕ ਹੋਣ ਵਾਲੀ ਮੁਲਾਕਾਤ’ ਵਿਚ ਸੱਭ ਸ਼ਿਕਵੇ ਦੂਰ ਕਰ ਦਿਤੇ ਜਾਣਗੇ। ਮੈਂ ਤਾਂ ਹਾਂ ਕਰ ਦਿਤੀ ਪਰ ਬਾਦਲ ਸਾਹਬ ਨੇ ਆਪ ਹੀ ਸੁਨੇਹਾ ਭੇਜ ਦਿਤਾ ਕਿ ਉਨ੍ਹਾਂ ਨੂੰ ਦਿੱਲੀ ਜਾਣਾ ਪੈ ਰਿਹੈ, ਇਸ ਲਈ ਕੁੱਝ ਦਿਨ ਬਾਅਦ ਮਿਲ ਲਵਾਂਗੇ। ਸੁਖਬੀਰ ਬਾਦਲ ਨੇ ਸ਼ਾਇਦ ਉਨ੍ਹਾਂ ਨੂੰ ਰੋਕ ਦਿਤਾ ਸੀ, ਇਹੀ ਮੈਨੂੰ ਦਸਿਆ ਗਿਆ ਸੀ। 

ਇਸ ਤੋਂ ਬਾਅਦ ਸੰਤ ਸਮਾਜ, ਬੀਬੀ ਹਰਸਿਮਰਤ ਕੌਰ ਬਾਦਲ, ਬਿਕਰਮਜੀਤ ਮਜੀਠੀਆ ਜੀ ਤੋਂ ਸ਼ੁਰੂ ਕਰ ਕੇ ਕਿਸੇ ਵੀ ਵੱਡੇ ਅਕਾਲੀ ਲੀਡਰ ਦਾ ਨਾਂ ਨਹੀਂ ਲਿਆ ਜਾ ਸਕਦਾ ਜੋ ਮੇਰੇ ਕੋਲ ਨਾ ਆਇਆ ਹੋਵੇ। ਪਰ ਸਾਰੇ ਇਕੋ ਗੱਲ ਤੇ ਜ਼ੋਰ ਦੇਂਦੇ ਸਨ, ‘‘ਪੈਸੇ ਨਾਲ ਰਜਾ ਦਿਆਂਗੇ। ਆਪ ਕਹਿ ਦਿਉ, ਕਿੰਨੇ ਪੈਸੇ ਤੁਹਾਨੂੰ ਚਾਹੀਦੇ ਹਨ, ਉਸੇ ਵੇਲੇ ਮਿਲ ਜਾਣਗੇ। ਬਸ ਲੜਾਈ ਖ਼ਤਮ ਕਰ ਦਿਉ।’’ ਮੈਂ ਕਹਿੰਦਾ ਸੀ, ਮੈਨੂੰ ਪੈਸਿਆਂ ਦੀ ਲੋੜ ਨਹੀਂ (ਉਂਜ ਪੈਸਿਆ ਦੀ ਕਮੀ ਹਰ ਵੇਲੇ ਮੇਰਾ ਲਹੂ ਸੁਕਾਈ ਫਿਰਦੀ ਸੀ), ਤੁਸੀ ਇਹ ਦੱਸੋ, ਮੈਂ ਗ਼ਲਤੀ ਕੀ ਕਰ ਦਿਤੀ ਸੀ? ਜੇ ਮੈਂ ਸਚਮੁਚ ਕੋਈ ਗ਼ਲਤੀ ਕੀਤੀ ਹੈ ਤਾਂ ਮੈਨੂੰ ਕੋਈ ਰਿਆਇਤ ਨਾ ਦਿਉ ਤੇ ਜੇ ਗ਼ਲਤੀ ਤੁਹਾਡੇ ਕੋਲੋਂ ਹੋ ਗਈ ਹੈ ਤਾਂ ਜਨਤਕ ਤੌਰ ’ਤੇ ਤੁਸੀ ਮਾਫ਼ੀ ਮੰਗੋ।’’

ਮੈਂ ਸਾਰਿਆਂ ਵਲੋਂ ਆਖੀਆਂ ਸਾਰੀਆਂ ਗੱਲਾਂ ਲਿਖ ਦਿਆਂ ਤਾਂ ਤੁਸੀ ਮੂੰਹ ਵਿਚ ਉਂਗਲਾਂ ਪਾ ਲਉਗੇ। ਜਿਸ ਕਿਸੇ ਨਜ਼ਦੀਕੀ ਨੂੰ ਸੁਣਾਉਂਦਾ, ਉਹ ਅੱਗੋਂ ਕਹਿੰਦਾ, ‘‘ਤੂੰ ਨਿਰਾ ਮੂਰਖ ਹੈਂ। 100 ਦੋ ਸੌ ਕਰੋੜ ਲੈ ਲੈਣੇ ਸਨ ਤੇ ਗ਼ਰੀਬੀ ਦੂਰ ਕਰ ਕੇ ਫਿਰ ਸ਼ੁਰੂ ਹੋ ਜਾਣਾ ਸੀ। ਪਰ ਮੇਰੇ ਰੱਬ ਨੇ ਮਾੜੀ ਤੋਂ ਮਾੜੀ ਹਾਲਤ ਵਿਚ ਵੀ ਕਦੇ ਡੋਲਣ ਨਾ ਦਿਤਾ, ਨਾ ਲਾਲਚ ਵਿਚ ਫਸਣ ਦਿਤਾ। ਮੇਰੇ ਪਾਠਕ ਮੈਨੂੰ ਸ਼ਾਬਾਸ਼ੀ ਦੇਣ ਨਾ ਦੇਣ, ਮੈਂ ਅਪਣੇ ਰੱਬ ਨੂੰ ਸ਼ਾਬਾਸ਼ੀ ਜ਼ਰੂਰ ਦੇਂਦਾ ਰਹਿੰਦਾ ਹਾਂ ਜਿਸ ਨੇ ਮੈਨੂੰ ਕਦੇ ਡਿੱਗਣ ਡੋਲਣ ਨਹੀਂ ਦਿਤਾ। ਹੁਣ ਜਦੋਂ ‘ਮਾਇਆ ਦੇ ਢੇਰ’ ਮੇਰੇ ਅੱਗੇ ਰੱਖਣ ਦਾ ਯਤਨ ਕਰਨ ਵਾਲਿਆਂ ਨੂੰ ਹੀ ਜਾਂ ਉਨ੍ਹਾਂ ਦੇ ਚਮਚਿਆਂ ਨੂੰ ਇਹ ਇਲਜ਼ਾਮ ਲਾਉਂਦੇ ਵੇਖਦਾ ਹਾਂ ਕਿ ਮੈਂ ਫ਼ਲਾਣੇ ਕੰਮ ’ਚੋਂ ਪੈਸੇ ਬਣਾ ਲਏ, ਫ਼ਲਾਣੇ ’ਚੋਂ ਇਹ ਕਰ ਲਿਆ... ਤਾਂ ਡਾਢਾ ਅਫ਼ਸੋਸ ਹੁੰਦਾ ਹੈ। ਮੈਂ ਤਾਂ ਕਿਸੇ ਵੀ ਜਨਤਕ ਕੰਮ ’ਚੋਂ ਇਕ ਪੈਸਾ ਵੀ ਇਸ ਜ਼ਿੰਦਗੀ ਵਿਚ ਨਹੀਂ ਖਾਧਾ ਪਰ ਇਨ੍ਹਾਂ ਸਿਆਣਿਆਂ ਨੂੰ ਪੁਛਦਾ ਹਾਂ ਜੇ ਮੈਂ ਤੁਹਾਡੇ ਲੀਡਰਾਂ ਦੇ ਤਰਲੇ ਸੁਣ ਕੇ ਔਖੇ ਵੇਲੇ ਕਰੋੜਾਂ ’ਚੋਂ ਇਕ ਰੁਪਿਆ ਵੀ ਨਾ ਚੁਕਿਆ ਜੋ ਤੁਹਾਡੇ ਲੀਡਰ ਮੇਰੇ ਅੱਗੇ ਪ੍ਰੋਸ ਰਹੇ ਸਨ ਤਾਂ ਮੈਂ ਏਨਾ ਮਜ਼ਬੂਤ ਇਰਾਦਾ ਬਖ਼ਸ਼ਣ ਵਾਲੇ ਰੱਬ ਦੀ ਚੋਰੀ ਕਰ ਕੇ ਇਕ ਪਲ ਵੀ ਜ਼ਿੰਦਾ ਕਿਵੇਂ ਰਹਿ ਸਕਦਾ ਸੀ? ਯਾਰੋ ਕੁੱਝ ਤਾਂ ਸ਼ਰਮ ਕਰ ਲਿਆ ਕਰੋ ਝੂਠ ਬੋਲਣ ਵੇਲੇ।

ਅਖ਼ੀਰ ਜਥੇਦਾਰ ਅਕਾਲ ਤਖ਼ਤ ਨੂੰ ਅੱਗੇ ਕੀਤਾ ਗਿਆ...
ਅਖ਼ੀਰ ਜਥੇਦਾਰ ਅਕਾਲ ਤਖ਼ਤ ਕੋਲੋਂ ਫ਼ੋਨ ਕਰਵਾਇਆ ਗਿਆ ਕਿ ‘‘ਮੈਂ ਬਤੌਰ ਜਥੇਦਾਰ ਅਕਾਲ ਤਖ਼ਤ ਐਲਾਨ ਕਰਦਾ ਹਾਂ ਕਿ ਤੁਸੀ ਕੋਈ ਭੁੱਲ ਨਹੀਂ ਸੀ ਕੀਤੀ ਤੇ ਭੁੱਲ ਵੇਦਾਂਤੀ ਨੇ ਕੀਤੀ ਸੀ।’’ ਮੈਂ ਕਿਹਾ, ਫਿਰ ਜਿਸ ਨੇ ਭੁੱਲ ਕੀਤੀ ਹੈ, ਉਸ ਨੂੰ ਬੁਲਾਉ। ‘ਮਰਿਆਦਾ’ ਦੇ ਮਸਲੇ ਤੇ ਆ ਕੇ ਗੱਲ ਅੜ ਗਈ। ਫਿਰ ਅਕਾਲੀ ਲੀਡਰ ਆਏ। ਉਹ ਕਹਿਣ, ‘‘ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਕਹਿ ਦਿਤਾ ਹੈ, ਤੁਸੀ ਕੋਈ ਭੁੱਲ ਨਹੀਂ ਕੀਤੀ। ਹੁਣ ਤਾਂ ਮੰਨ  ਜਾਉ ਅਤੇ ਇਕ ਮਿੰਟ ਲਈ ਪੇਸ਼ ਹੋ ਜਾਉ। ਸਾਡੀ ਵੀ ਥੋੜੀ ਬਹੁਤ ਇੱਜ਼ਤ ਰਹਿ ਜਾਏਗੀ।’’  ਮੈਂ ਕਿਹਾ, ‘‘ਗੱਲ ਤੁਹਾਡੀ ਜਾਂ ਮੇਰੀ ਇੱਜ਼ਤ ਦੀ ਨਹੀਂ, ਇਨਸਾਫ਼ ਦੀ ਹੈ। ਜੇ ਅਕਾਲ ਤਖ਼ਤ ਇਨਸਾਫ਼ ਨਹੀਂ ਕਰ ਸਕਦਾ ਤਾਂ ਇਸ ਸੰਸਥਾ ਤੋਂ ਲੋਕਾਂ ਦਾ ਵਿਸ਼ਵਾਸ ਉਠ ਜਾਏਗਾ।’’ 

ਹਿੰਦੀ ਅਖ਼ਬਾਰ ਨੇ ਮਦਦ ਕੀਤੀ
ਇਹ ਸਮਾਂ ਉਹ ਸੀ ਜਦ ਅਸੀ ਚਲ ਰਹੇ ਮਹੀਨੇ ਦੇ ਖ਼ਰਚੇ (ਡੇਢ ਕਰੋੜ) ਦਾ ਪ੍ਰਬੰਧ ਕਰ ਕੇ ਖ਼ੁਸ਼ ਹੋ ਜਾਂਦੇ ਸੀ ਪਰ ਅਗਲੇ ਮਹੀਨੇ ਦਾ ਖ਼ਰਚਾ ਕਿਥੋਂ ਆਏਗਾ, ਸਾਨੂੰ ਕੁੱਝ ਪਤਾ ਨਹੀਂ ਸੀ ਹੁੰਦਾ। ਦੋ ਤਿੰਨ ਵਾਰੀ ਸਾਡੇ ਕੋਲੋਂ ਕਾਗ਼ਜ਼ ਦਾ ਪ੍ਰਬੰਧ ਨਾ ਹੋ ਸਕਿਆ (ਅਖ਼ਬਾਰ ਲਈ ਕਾਗ਼ਜ਼ ਟਰੱਕਾਂ ਵਿਚ ਲੱਖਾਂ ਜਾਂ ਕਰੋੜਾਂ ਦਾ ਖ਼ਰੀਦਣਾ ਪੈਂਦਾ ਹੈ ਜੋ ਬਾਜ਼ਾਰ ’ਚੋਂ ਨਹੀਂ ਮਿਲਦਾ, ਮਿਲਾਂ ਨੂੰ ਸਾਰਾ ਪੈਸਾ ਪਹਿਲਾਂ ਭੇਜ ਕੇ ਮਿਲਦਾ ਹੈ।) ਤਾਂ ਇਕ ਵੱਡੇ ਹਿੰਦੀ ਅਖ਼ਬਾਰ ਦੇ ਮੈਨੇਜਰ ਨੇ ਸਾਨੂੰ ਅਪਣੇ ਸਟਾਕ ’ਚੋਂ ਕਾਗ਼ਜ਼ ਉਧਾਰਾ ਦੇ ਦਿਤਾ, ਤਾਂ ਜਾ ਕੇ ਅਸੀ ਅਖ਼ਬਾਰ ਛਾਪ ਸਕੇ। ਪਰ ਉਸ ਨੇ ਸਾਨੂੰ ਕਹਿ ਦਿਤਾ ਕਿ ਕਿਸੇ ਨੂੰ ਪਤਾ ਨਾ ਲੱਗੇ। ਸਾਡਾ ਕਾਗ਼ਜ਼ ਆ ਗਿਆ ਤਾਂ ਅਸੀ ਚੁਪ ਚੁਪੀਤੇ ਹਿੰਦੀ ਅਖ਼ਬਾਰ ਨੂੰ ਕਾਗ਼ਜ਼ ਵਾਪਸ ਕਰ ਦਿਤਾ। 

ਜਸਟਿਸ ਕੁਲਦੀਪ ਸਿੰਘ ਦੇ ਦੋ ਮਿੱਠੇ ਬੋਲ
ਮੈਂ ਸੈਕਟਰ 11 ’ਚੋਂ ਲੰਘਦਿਆਂ ਕਾਰ ਗਲੀ ਵਲ ਮੋੜ ਲਈ ਜਿਥੇ ਜਸਟਿਸ ਕੁਲਦੀਪ ਸਿੰਘ ਰਹਿੰਦੇ ਸਨ। ਬੜੇ ਖ਼ੁਸ਼ ਹੋ ਕੇ ਮਿਲੇ ਤੇ ਫਿਰ ਬੋਲੇ, ‘‘ਤੁਸੀ ਤਾਂ ਬਈ ਕਮਾਲਾਂ ਈ ਕਰੀ ਜਾ ਰਹੇ ਓ। ਵੈਸੇ ਸਪੋਕਸਮੈਨ ਦਾ ਹਾਲ ਕੀ ਏ।’’
ਪੈਸੇ ਵਲੋਂ ਬੜੇ ਔਖੇ ਦਿਨ ਸਨ, ਇਸ ਲਈ ਮੈਂ ਠੰਢਾ ਸਾਹ ਭਰ ਕੇ ਕਹਿ ਦਿਤਾ, ‘‘ਜੱਜ ਸਾਹਿਬ, ਕਮਾਲ ਅਸੀ ਕੀ ਕਰਨੀ ਏ। ਮਹੀਨੇ ਦਾ ਖ਼ਰਚਾ ਪੂਰਾ ਹੋ ਜਾਏ ਤਾਂ ਖ਼ੁਸ਼ ਹੋ ਜਾਈਦੈ।’’

19ਵੇਂ ਸਾਲ ਵਿਚ ਦਾਖ਼ਲ ਹੋਣ ਤੇ, 18 ਸਾਲ ਦੀਆਂ ਕੁਤਕੁਤਾੜੀਆਂ ਕਢਦੀਆਂ ਖੱਟੀਆਂ ਮਿੱਠੀਆਂ ਯਾਦਾਂ19ਵੇਂ ਸਾਲ ਵਿਚ ਦਾਖ਼ਲ ਹੋਣ ਤੇ, 18 ਸਾਲ ਦੀਆਂ ਕੁਤਕੁਤਾੜੀਆਂ ਕਢਦੀਆਂ ਖੱਟੀਆਂ ਮਿੱਠੀਆਂ ਯਾਦਾਂਜੱਜ ਸਾਹਿਬ ਬੋਲੇ, ‘‘ਵੇਖੋ ਸ. ਜੋਗਿੰਦਰ ਸਿੰਘ, ਤੁਸੀ ਅਪਣੀ ਪ੍ਰਾਪਤੀ ਨੂੰ ਜਿੰਨਾ ਵੀ ਘਟਾ ਕੇ ਦੱਸੋ ਪਰ ਮੈਂ ਹੁਣੇ ਚਾਰ-ਪੰਜ ਦੇਸ਼ਾਂ ਦਾ ਦੌਰਾ ਕਰ ਕੇ ਆਇਆ ਹਾਂ। ਹਰ ਥਾਂ ਤੁਹਾਡੀ ਹੀ ਚਰਚਾ ਹੁੰਦੀ ਵੇਖੀ.... ਮੈਂ ਅੱਜ ਕਹਿ ਸਕਦਾ ਹਾਂ ਕਿ ਦਿਨ ਦਾ ਕੋਈ ਮਿੰਟ ਨਹੀਂ ਹੁੰਦਾ ਜਦ ਸਪੋਕਸਮੈਨ ਦੀ ਚਰਚਾ ਦੁਨੀਆਂ ਵਿਚ ਕਿਤੇ ਨਾ ਕਿਤੇ ਨਾ ਹੋ ਰਹੀ ਹੋਵੇ। ਏਨੀ ਵੱਡੀ ਪ੍ਰਾਪਤੀ ਪਹਿਲਾਂ ਕਿਸੇ ਅਖ਼ਬਾਰ ਨੇ ਨਹੀਂ ਕੀਤੀ ਹੋਣੀ।’’
ਮੈਂ ‘ਧਨਵਾਦ’ ਹੀ ਕਹਿ ਸਕਦਾ ਸੀ, ਕਹਿ ਕੇ ਫਿਰ ਅਗਲੇ ਪਰਚੇ ਦੇ ਖ਼ਰਚੇ ਦਾ ਪ੍ਰਬੰਧ ਕਰਨ ਵਿਚ ਜੁਟ ਗਿਆ ਪਰ ਹੁਣ ਮੇਰਾ ਮਨ ਪੂਰੀ ਤਰ੍ਹਾਂ ਸ਼ਾਂਤ ਹੋ ਚੁੱਕਾ ਸੀ।