Nijji Diary De Panne: ਹਿੰਦੁਸਤਾਨ ਦਾ ਸੱਭ ਤੋਂ ਵੱਡਾ VIP ਕੈਦੀ ਸੌਦਾ ਸਾਧ!.........

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

Nijji Diary De Panne: ਇਹ ਜਾਣ ਲੈਣ ਮਗਰੋਂ ਤੁਸੀਂ ਆਪ ਕਹਿ ਉਠੋਗੇ, ਫਿਰ ਤਾਂ ਉਹ ਹਿੰਦੁਸਤਾਨ ਦਾ ਸਭ ਤੋਂ ਵੱਡਾ ਗੁਲਾਮ ਕੈਦੀ ਹੋਇਆ ਕਿ ਸਭ ਤੋਂ ਵੱਡਾ ਖੁਸ਼ਕਿਸਮਤ ਕੈਦੀ

Ram rahim india's biggest 'VIP' prisoner! Nijji Diary De Panne in punjab

Ram rahim ndia's biggest 'VIP' prisoner! Nijji Diary De Panne in punjabi : ਸਿੱਖ ਲੀਡਰ ਗਿਲਾ ਕਰਦੇ ਰਹਿੰਦੇ ਹਨ ਕਿ ਸਿੱਖ ਬੰਦੀਆਂ ਨੂੰ 30-30 ਸਾਲ ਕੈਦਖ਼ਾਨੇ ਵਿਚ ਬਿਤਾਉਣ ਮਗਰੋਂ ਵੀ ਇਕ ਵਾਰ ਪੈਰੋਲ ਤਕ ਨਹੀਂ ਮਿਲਦੀ ਪਰ ਬੜੇ ਖ਼ਤਰਨਾਕ ਜੁਰਮਾਂ ਵਿਚ ਦੋਸ਼ੀ ਠਹਿਰਾਏ ਜਾ ਚੁੱਕੇ ਸੌਦਾ ਸਾਧ ਨੂੰ ਹਰ ਦੋ ਮਹੀਨੇ ਬਾਅਦ ਰਿਹਾਅ ਹੀ ਨਹੀਂ ਕਰ ਦਿਤਾ ਜਾਂਦਾ ਸਗੋਂ ਮਨਮਰਜ਼ੀ ਦੇ ਅਪਣੇ ਆਸ਼ਰਮਾਂ ਵਿਚ ਜਾ ਕੇ ਸ਼ਾਹੀ ਠਾਠ ਵਾਲੀ ਜ਼ਿੰਦਗੀ ਬਿਤਾਉਣ ਦੀ ਆਗਿਆ ਵੀ ਦੇ ਦਿਤੀ ਜਾਂਦੀ ਹੈ। ਜੇਲ੍ਹ ਅੰਦਰ ਵੀ, ਦਸਿਆ ਜਾਂਦਾ ਹੈ ਕਿ ਉਸ ਨੂੰ ਕੈਦੀਆਂ ਵਾਂਗ ਨਹੀਂ ਸਗੋਂ ਵੀ.ਆਈ.ਪੀ. ਗੈਸਟ (ਸਤਿਕਾਰਯੋਗ ਪ੍ਰਾਹੁਣੇ) ਵਾਂਗ ਹੀ ਰਖਿਆ ਜਾਂਦਾ ਹੈ। ਪਰ ਇਹ ਰੁਤਬਾ ਉਸ ਨੂੰ ਮਿਲਿਆ ਕਿਵੇਂ, ਇਸ ਦਾ ਇਤਿਹਾਸ ਜਾਣ ਲੈਣ ਮਗਰੋਂ ਤੁਸੀ ਆਪ ਹੀ ਕਹਿ ਉਠੋਗੇ, ‘‘ਫਿਰ ਤਾਂ ਉਹ ਸੱਭ ਤੋਂ ਵੱਡਾ ਗ਼ੁਲਾਮ ਕੈਦੀ ਹੋਇਆ ਕਿ।’’

ਅਸਲ ਕਹਾਣੀ ਕੀ ਹੈ? ਸੌਦਾ ਸਾਧ ਨੇ ਬੜੇ ਅਨੋਖੇ ਢੰਗ ਵਰਤ ਕੇ ਅਪਣੀ ਸਿੱਖੀ-ਸੇਵਕੀ ਚੰਗੀ ਬਣਾ ਲਈ ਹੋਈ ਹੈ, ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਅਸੀ ਇਸ ਵੇਲੇ ਇਹ ਨਹੀਂ ਵੇਖਾਂਗੇ ਕਿ ਉਸ ਨੇ ਕਿਹੜੇ ਢੰਗ ਵਰਤ ਕੇ ਅਪਣਾ ਮਾਇਆ ਜਾਲ ਦੂਰ-ਦੂਰ ਤਕ ਫੈਲਾ ਲਿਆ ਹੈ ਸਗੋਂ ਉਸ ਤੋਂ ਅੱਗੇ ਦੀ ਗੱਲ ਹੀ ਕਰਾਂਗੇ। ਵੱਡਾ ਸ਼ਰਧਾਲੂ ਖਿਲਾਰਾ ਬੁਣ ਚੁੱਕਣ ਮਗਰੋਂ, ਇਸ ਰਾਹੀਂ ਹੋਰ ਮਾਇਆ ਇਕੱਤਰ ਕਰਨ ਦੇ ਨਾਲ-ਨਾਲ (ਜੋ ਸਾਰੇ ਹੀ ਸਾਧ ਕਰਨ ਦਾ ਯਤਨ ਕਰਦੇ ਰਹਿੰਦੇ ਹਨ), ਉਸ ਨੇ ‘ਸ਼ਰਧਾਲੂਆਂ’ ਜਾਂ ‘ਪ੍ਰੇਮੀਆਂ’ ਦੀਆਂ ਵੋਟਾਂ ਸਿਆਸੀ ਪਾਰਟੀਆਂ ਨੂੰ ਵੇਚਣੀਆਂ ਸ਼ੁਰੂ ਕਰ ਦਿਤੀਆਂ।

ਜੇ ਉਹ 5-7 ਫ਼ੀ ਸਦੀ ਸ਼ਰਧਾਲੂਆਂ ਦੇ ਵੋਟ ਵੀ ਕਿਸੇ ਪਾਰਟੀ ਦੇ ਉਮੀਦਵਾਰ ਨੂੰ ਪਵਾ ਦੇਂਦਾ ਤਾਂ ਉਸ ਉਮੀਦਵਾਰ ਦੇ ਜਿੱਤਣ ਦੇ ਆਸਾਰ ਬਣ ਜਾਂਦੇ। ਉਸ ਨੇ 40-50 ਹਲਕਿਆਂ ਵਿਚ ਅਜਿਹਾ ਪ੍ਰਬੰਧ ਕੀਤਾ ਹੋਇਆ ਸੀ। ਨਤੀਜੇ ਵਜੋਂ ਕਈ ਪਾਰਟੀਆਂ ਦੇ ਆਗੂ ਉਸ ਦੇ ਮਗਰ ਭਜਦੇ ਫਿਰਦੇ ਸਨ ਕਿ ਅਪਣੀਆਂ ਵੋਟਾਂ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਪਵਾ ਦੇਵੇ ਤਾਂ ਬਦਲੇ ਵਿਚ ਉਸ ਦੀ ਮਦਦ ਨਾਲ ਜਿੱਤਣ ਵਾਲੀ ਪਾਰਟੀ ਦੀ ਸਰਕਾਰ ਉਹੀ ਕੁੱਝ ਕਰੇਗੀ ਜੋ ਕਰਨ ਲਈ ਸੌਦਾ ਸਾਧ ਆਖੇਗਾ। ਸੌਦਾ ਸਾਧ ਕਦੇ ਕਿਸੇ ਪਾਰਟੀ ਨੂੰ ਅਪਣੀ ਹਮਾਇਤ ਦੇ ਦੇਂਦਾ, ਕਦੇ ਕਿਸੇ ਨੂੰ।

ਪਾਰਟੀ ਲੀਡਰਾਂ ਨੂੰ ਅਪਣੇ ਡੇਰੇ ’ਤੇ ਬੁਲਾ ਕੇ, ਉਹ ਉਨ੍ਹਾਂ ਨੂੰ ਜ਼ਲੀਲ ਵੀ ਬਹੁਤ ਕਰਦਾ। ਆਪ ਉੱਚੇ ਆਸਣ ’ਤੇ ਬੈਠ ਕੇ, ਪਾਰਟੀ ਲੀਡਰਾਂ ਨੂੰ ਨੀਵਾਂ ਬਿਠਾ ਕੇ ਜਾਂ ਸਾਹਮਣੇ ਹੱਥ ਜੋੜੀ ਖੜਾ ਕਰ ਕੇ, ਉਨ੍ਹਾਂ ਨਾਲ ਗੱਲਬਾਤ ਕਰਦਾ। ਇਥੇ ਦਿਤੀ ਫ਼ੋਟੋ ਵਿਚ ਵੇਖ ਲਉ ਵੱਡਾ ਤੇ ਛੋਟਾ ਬਾਦਲ ਕਿਵੇਂ ਯਤੀਮਾਂ ਵਾਂਗ ਉਸ ਦੇ ਸ਼ਾਹੀ ਸਿੰਘਾਸਨ ਦੇ ਸਾਹਮਣੇ ਹੇਠਾਂ ਬੈਠ ਕੇ ਜਾਂ ਹੱਥ ਜੋੜੀ ਖੜੇ, ਹੁਕਮ ਦੀ ਉਡੀਕ ਕਰ ਰਹੇ ਹਨ। ਅਜਿਹਾ ਉਹ ਸਾਰੀਆਂ  ਹੀ ਪਾਰਟੀਆਂ ਦੇ ਆਗੂਆਂ ਨਾਲ ਕਰਦਾ। ਵੋਟਾਂ ਮਿਲਣ ਦੀ ਆਸ ਲੈ ਕੇ ਆਏ ਆਗੂ ਇਸ ਅਪਮਾਨ ਨੂੰ ਔਖੇ ਸੌਖੇ ਬਰਦਾਸ਼ਤ ਕਰ ਲੈਂਦੇ ਕਿਉਂਕਿ ਸਾਧ ਦੇ ਚੇਲਿਆਂ ਦੀਆਂ ਵੋਟਾਂ ਅਖ਼ੀਰ ਵਜ਼ੀਰੀ ਜੁ ਦਿਵਾ ਦੇਂਦੀਆਂ ਸਨ।

ਅਕਾਲੀ, ਕਾਂਗਰਸੀ, ਬੀਜੇਪੀ ਤੇ ਹੋਰ ਦੂਜੇ ਦਲ ਵੀ ਕਈ-ਕਈ ਵਾਰ ਬਾਬੇ ਦਾ ਅਪਮਾਨ ਸਹਿ ਕੇ ਵਜ਼ੀਰੀਆਂ ਹਾਸਲ ਕਰ ਚੁੱਕੇ ਹਨ। ਦਿਲੋਂ ਸਾਰੇ ਕੁੜ੍ਹਦੇ ਵੀ ਸਨ ਪਰ ਵੋਟਾਂ ਖ਼ਾਤਰ ਸੱਭ ਜਰ ਲੈਂਦੇ ਸਨ। ਬੀਜੇਪੀ ਦੇ ਦੂਰ-ਦ੍ਰਿਸ਼ਟੀ ਵਾਲੇ ਨੀਤੀ-ਘਾੜੇ ਜ਼ਿਆਦਾ ਸਿਆਣੇ ਨਿਕਲੇ। ਉਨ੍ਹਾਂ ਸੋਚਿਆ, ਸਾਧ ਉਤੇ ਕੇਸ ਤਾਂ ਕਈ ਬਣੇ ਹੀ ਹੋਏ ਹਨ, ਕਿਉਂ ਨਾ ਇਸ ਨੂੰ ਜੇਲ੍ਹ ਵਿਚ ਸੁਟ ਕੇ, ਇਸ ਦੇ ਅੱਗੇ ਗੋਡੇ ਟੇਕਣ ਦੀ ਬਜਾਏ ਇਸ ਨੂੰ ਬਾਰਾਂ ਮਹੀਨੇ 365 ਦਿਨ ਆਪ ਗੋਡੇ ਟੇਕ ਕੇ ਵੋਟਾਂ ਦੇਣ ਲਈ ਮਜਬੂਰ ਕਰ ਦਿਤਾ ਜਾਏ? ਜਿਥੇ ਦੂਜੀਆਂ ਪਾਰਟੀਆਂ ਉਸ ਨੂੰ ਜੇਲ੍ਹ ਜਾਣੋਂ ਬਚਾਉਂਦੀਆਂ ਰਹਿੰਦੀਆਂ ਸਨ ਤੇ ਬਦਲੇ ਵਿਚ ਵੋਟਾਂ ਦੀ ਖ਼ੈਰਾਤ ਮੰਗਦੀਆਂ ਰਹਿੰਦੀਆਂ ਸਨ, ਉਥੇ ਬੀਜੇਪੀ ਨੇ ਇਸ ਨੂੰ ਕਾਹਲੀ ਨਾਲ ਜੇਲ੍ਹ ਭਿਜਵਾ ਕੇ ਹੌਸਲਾ ਦਿਤਾ ਕਿ ‘‘ਫ਼ਿਕਰ ਨਾ ਕਰੋ ਸਾਧ ਜੀ, ਅੰਦਰ ਵੀ ਸੁਖੀ ਰਹਿਣਾ ਚਾਹੋ ਤੇ ਜਦੋਂ ਦਿਲ ਉਦਾਸ ਹੋ ਜਾਏ ਤੇ ਬਾਹਰ ਵੀ ਆਉਣਾ ਚਾਹੋ ਤਾਂ ਸੱਭ ਪ੍ਰਬੰਧ ਕਰ ਦੇਵਾਂਗੇ ਪਰ ਉਦੋਂ ਤਕ ਹੀ ਜਦ ਤਕ ਵੋਟਾਂ ਸਾਨੂੰ ਅਪਣੇ ਆਪ ਪਵਾਉਂਦੇ ਰਹੋਗੇ। ਜਿਸ ਦਿਨ ਬਦਲੋਗੇ, ਉਸ ਦਿਨ ਅੰਦਰ ਬਾਹਰ ਮਿਲਦੇ ਸਾਰੇ ਸੁੱਖ ਆਰਾਮ ਵੀ ਖ਼ਤਮ ਕਰ ਦਿਤੇ ਜਾਣਗੇ।

ਸੋ ਨਾ ਹੁਣ ਕੋਈ ਅਕਾਲੀ ਲੀਡਰ, ਨਾ ਕਾਂਗਰਸੀ ਲੀਡਰ ਤੇ ਨਾ ਕੋਈ ਹੋਰ ਲੀਡਰ ਗੋਡੇ ਟੇਕ ਕੇ ਇਸ ਕੋਲੋਂ ਵੋਟਾਂ ਮੰਗ ਸਕਦਾ ਹੈ, ਨਾ ਇਸ ਕੋਲ ਤਾਕਤ ਹੀ ਰਹਿ ਗਈ ਹੈ ਕਿ ਰਾਜ ਕਰਦੀ ਪਾਰਟੀ ਤੋਂ ਬਿਨਾਂ ਕਿਸੇ ਹੋਰ ਪਾਰਟੀ ਨਾਲ ਵੋਟਾਂ ਦਿਵਾਉਣ ਦਾ ਵਾਅਦਾ ਵੀ ਕਰ ਸਕੇ। ਯਕੀਨਨ ਬੀਜੇਪੀ ਵਾਲਿਆਂ ਦੀ ਦੂਰ-ਅੰਦੇਸ਼ੀ ਵਾਲੀ ਪਹੁੰਚ ਅਤੇ ਬੁੱਧੀ ਦੀ ਠੀਕ ਵਰਤੋਂ ਕਾਰਨ ਸਾਰੀਆਂ ਹੀ ਪਾਰਟੀਆਂ ਸੌਦਾ ਸਾਧ ਦੇ ਮਾਮਲੇ ਵਿਚ ਬੇਕਾਰ ਹੋ ਕੇ ਰਹਿ ਗਈਆਂ ਹਨ।

ਪਰ ਇਸ ਤਰ੍ਹਾਂ ਜੇਲ੍ਹ ਅੰਦਰ ਥੋੜੇ ਜਹੇ ਨਿਜੀ ਸੁੱਖ ਬਦਲੇ, ਇਕ ਪਾਰਟੀ ਦਾ ‘ਹੱਥ ਬੰਨ੍ਹ ਗ਼ੁਲਾਮ’ ਬਣ ਕੇ ਰਹਿਣਾ ਅਤੇ ਫ਼ੈਸਲੇ ਲੈਣ ਦੀ ਸਾਰੀ ਆਜ਼ਾਦੀ, ਵਕਤ ਦੇ ਹਾਕਮਾਂ ਕੋਲ ਗਿਰਵੀ ਰੱਖ ਦੇਣੀ, ਕਿਸੇ ਨੂੰ ਵੀ.ਆਈ.ਪੀ. (ਸਤਿਕਾਰਯੋਗ) ਕੈਦੀ ਬਣਾਉਂਦੀ ਹੈ ਜਾਂ ਗ਼ੁਲਾਮ ਕੈਦੀ? ਸਿੱਖ ਲੀਡਰਾਂ ਦੀ ਨਜ਼ਰ ਵਿਚ ਤਾਂ ਉਹ ‘ਵੀ.ਆਈ.ਪੀ.’ ਕੈਦੀ ਹੈ ਜੋ ਦੋ ਸਾਲਾਂ ਵਿਚ 9 ਵਾਰੀ ਪੈਰੋਲ ’ਤੇ ਬਾਹਰ ਆ ਕੇ ਠਾਠ ਵਾਲੀ ਜ਼ਿੰਦਗੀ ਅਪਣੇ ਆਸ਼ਰਮਾਂ ਵਿਚ ਗੁਜ਼ਾਰਦਾ ਰਿਹਾ ਹੈ ਪਰ ਜਿਵੇਂ ਉਹਨੂੰ ‘ਹੱਥ ਬੰਨ੍ਹ ਗ਼ੁਲਾਮ’ ਵਾਂਗ ਹਾਕਮ ਦਾ ਹਰ ਹੁਕਮ ਲਾਗੂ ਕਰਨਾ ਪੈਂਦਾ ਹੈ ਤੇ ਖ਼ਤਰੇ ਦੀ ਤਲਵਾਰ ਸਿਰ ’ਤੇ ਲਟਕਦੀ ਵੇਖ ਕੇ ਕਰਨਾ ਪੈਂਦਾ ਹੈ ਤੇ ਇਸ ਸੱਭ ਦੇ ਬਦਲੇ ਇਹ ‘ਰਿਆਇਤੀ’ ਜੀਵਨ ਮਿਲਦਾ ਹੈ, ਉਹ ਯਕੀਨਨ ਕਿਸੇ ਗ਼ੁਲਾਮ ਦਾ ਹੀ ਜੀਵਨ ਹੋ ਸਕਦਾ ਹੈ। ਅਪਣੇ ‘ਪ੍ਰੇਮੀਆਂ’ ਦੀਆਂ ਵੋਟਾਂ ਆਸਰੇ ਸਾਰੀਆਂ ਪਾਰਟੀਆਂ ਨੂੰ ਉਂਗਲਾਂ ’ਤੇ ਨਚਾਉਣ ਵਾਲਾ ਅੱਜ ਆਪ ਕੇਵਲ ਇਕ ਪਾਰਟੀ ਦੀਆਂ ਉਂਗਲਾਂ ’ਤੇ ਨੱਚਣ ਵਾਲਾ ਬਣ ਕੇ ਰਹਿ ਗਿਆ ਹੈ ਕਿਉਂਕਿ ਉਹ ਕੁਰਬਾਨੀ ਕਰਨੀ ਨਹੀਂ ਜਾਣਦਾ ਤੇ ਸੌਖੇ ਕੈਦੀ ਜੀਵਨ ਖ਼ਾਤਰ ਬਾਕੀ ਸੱਭ ਕੁੱਝ ਕੁਰਬਾਨ ਕਰ ਸਕਦਾ ਹੈ। ਹੋਇਆ ਨਾ ਸੱਭ ਤੋਂ ਵੱਡਾ ਗ਼ੁਲਾਮ ਕੈਦੀ?