‘‘ਪੁੱਤਰ, ਬੜਾ ਔਖਾ ਹੈ ਸਿੱਖ ਪੱਤਰਕਾਰ ਹੋਣਾ, ਉਹ ਵੀ ਗੁਰਸਿੱਖ ਪੱਤਰਕਾਰ ਹੋਣਾ’’ (2)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਪਿਛਲੇ ਹਫ਼ਤੇ ਅਮਰੀਕਾ ਵਿਚ ਦਸਤਾਵੇਜ਼ੀ ਫ਼ਿਲਮਾਂ ਤਿਆਰ ਕਰਨ ਵਾਲੇ ਸਿੱਖ ਪੱਤਰਕਾਰ ਅੰਗਦ ਸਿੰਘ ਬਾਰੇ ਲਿਖਿਆ ਸੀ...........

Angad Singh

 

ਪਿਛਲੇ ਹਫ਼ਤੇ ਅਮਰੀਕਾ ਵਿਚ ਦਸਤਾਵੇਜ਼ੀ ਫ਼ਿਲਮਾਂ ਤਿਆਰ ਕਰਨ ਵਾਲੇ ਸਿੱਖ ਪੱਤਰਕਾਰ ਅੰਗਦ ਸਿੰਘ ਬਾਰੇ ਲਿਖਿਆ ਸੀ ਜਿਸ ਨੂੰ ਦਿੱਲੀ ਹਵਾਈ ਅੱਡੇ ਉਤੋਂ ਹੀ ਵਾਪਸੀ ਫ਼ਲਾਈਟ ਤੇ ਅਮਰੀਕਾ ਭੇਜ ਦਿਤਾ ਗਿਆ ਪਰ ਸਰਕਾਰ ਨੇ ਅਜਿਹਾ ਕਰਨ ਦਾ ਕਾਰਨ ਕੋਈ ਨਾ ਦਸਿਆ। ਉਸ ਦੀ ਮਾਤਾ ਬੀਬੀ ਗੁਰਮੀਤ ਕੌਰ ਨੇ ਫ਼ੇਸਬੁਕ ਰਾਹੀਂ ਉਸ ਨੂੰ ਸੰਦੇਸ਼ ਭੇਜਿਆ, ‘‘ਤੂੰ ਸਦਾ ਚੜ੍ਹਦੀ ਕਲਾ ਵਿਚ ਰਹੇਂ ਮੇਰੇ ਬੱਚੇ। ਸਿੱਖ ਵਜੋਂ ਰਹਿਣਾ ਤੇ ਉਹ ਵੀ ਇਕ ਪੱਕੇ ਗੁਰਸਿੱਖ ਵਜੋਂ ਜੀਣਾ ਸੌਖਾ ਨਹੀਂ ਹੈ ਮੇਰੇ ਪੁੱਤਰ!’’ 

ਮੈਂ ਲਿਖਿਆ ਸੀ ਕਿ ਬੀਬੀ ਗੁਰਮੀਤ ਕੌਰ ਜੀ ਦਾ ਕਹਿਣਾ ਬਿਲਕੁਲ ਠੀਕ ਹੈ ਕਿਉਂਕਿ ‘ਸਪੋਕਸਮੈਨ’ ਨੇ ਇਕ ਸਿੱਖ ਪਰਚੇ ਵਜੋਂ, ਅਪਣੇ ਪਿੰਡੇ ’ਤੇ ਉਹ ਸਾਰੇ ਦੁਖ ਹੰਢਾ ਕੇ ਵੇਖੇ ਹਨ ਜੋ ਦੂਜੇ ਕਿਸੇ ਵੀ ਚੰਗੇ ਸਿੱਖ ਪੱਤਰਕਾਰ ਜਾਂ ਪਰਚੇ ਨੂੰ ਹੰਢਾਣੇ ਪਏ ਹਨ। ਦੁਨੀਆਂ ਭਰ ਦੇ ਸਿੱਖਾਂ ਨੇ ਇਸ ਲੇਖ ਨੂੰ ਦੱਬ ਕੇ ਸਰਾਹਿਆ ਹੈ ਪਰ ਸਾਡੇ ਇਕ ਦੋ ਪੱਤਰਕਾਰਾਂ ਨੇ ਗਿਲਾ ਕੀਤਾ ਹੈ ਕਿ ਸਪੋਕਸਮੈਨ ਦੇ ਪੱਤਰਕਾਰਾਂ ਨੂੰ ਜੋ ਦੁਖ ਸਹਿਣੇ ਪਏ, ਉਨ੍ਹਾਂ ਦਾ ਜ਼ਿਕਰ ਤਾਂ ਕੀਤਾ ਹੀ ਨਹੀਂ ਗਿਆ।

ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀਆਂ ਪ੍ਰੈੱਸ ਕਾਨਫ਼ਰੰਸਾਂ ਸ਼ੁਰੂ ਹੁੰਦਿਆਂ ਹੀ ਐਲਾਨ ਕਰ ਦਿਤਾ ਜਾਂਦਾ ਸੀ ਕਿ ‘‘ਜੇਕਰ ਸਪੋਕਸਮੈਨ ਦਾ ਕੋਈ ਪੱਤਰਕਾਰ ਇਥੇ ਬੈਠਾ ਹੈ ਤਾਂ ਆਪੇ ਚਲਾ ਜਾਏ ਨਹੀਂ ਤਾਂ ਧੱਕੇ ਮਾਰ ਕੇ ਬਾਹਰ ਕੱਢ ਦਿਤਾ ਜਾਵੇਗਾ।’’ ਕਈ ਪੱਤਰਕਾਰਾਂ ਨੂੰ ਸਚਮੁਚ ਧੱਕੇ ਮਾਰ ਕੇ ਕਢਿਆ ਵੀ ਗਿਆ ਕਿਉਂਕਿ ਉਹ ਪ੍ਰੈੱਸ ਕਾਨਫ਼ਰੰਸ ਵਿਚ ਬੈਠਣ ਨੂੰ ਅਪਣਾ ਅਧਿਕਾਰ ਦਸਦੇ ਸਨ ਤੇ....! ਪਹਿਲੇ ਦੋ ਤਿੰਨ ਸਾਲ, ਸਪੋਕਸਮੈਨ ਦੇ ਪੱਤਰਕਾਰਾਂ ਨੂੰ ਬੁਰੀ ਤਰ੍ਹਾਂ ਜ਼ਲੀਲ ਕੀਤਾ ਜਾਂਦਾ ਰਿਹਾ।

ਪਰ ਮੈਂ ਤਾਂ ਪੂਰੀ ਕਹਾਣੀ ਲਿਖੀ ਹੀ ਨਹੀਂ ਸੀ। ਮੈਂ ਤਾਂ ਅਪਣੇ ਬਾਰੇ ਵੀ ਇਹ ਨਹੀਂ ਸੀ ਲਿਖਿਆ ਕਿ ਮੇਰੇ ਖ਼ਿਲਾਫ਼ ਪੰਜਾਬ ਦੇ ਕੋਨੇ ਕੋਨੇ ਵਿਚ 295-ਏ ਦੇ ਪੁਲਿਸ ਕੇਸ ਕਰ ਦਿਤੇ ਗਏ ਸਨ। ਹਰ ਚੌਥੇ ਦਿਨ ਕਿਸੇ ਨਾ ਕਿਸੇ ਅਦਾਲਤ ਵਿਚ ਪੇਸ਼ ਹੋਣਾ ਪੈਂਦਾ ਸੀ। ਹਰ ਥਾਂ ਵਕੀਲ, ਹਰ ਥਾਂ ਗਵਾਹ, ਹਰ ਥਾਂ ਮੁਨਸ਼ੀਆਂ, ਕਚਹਿਰੀਆਂ ਵਾਲਿਆਂ ਨੂੰ ਕੁੱਝ ਨਾ ਕੁੱਝ ਦੇਣਾ ਪੈਂਦਾ ਸੀ। ਸਵੇਰੇ ਚਾਰ ਵਜੇ ਉਠ ਕੇ ਤੇ 5 ਵਜੇ ਤਕ ਤਿਆਰ ਹੋ ਕੇ ਕਿਸੇ ਨਾ ਕਿਸੇ ਦੂਰ ਦੇ ਇਲਾਕੇ ਦੀ ਕੋਰਟ ਵਿਚ 9 ਵਜੇ ਪਹੁੰਚਣਾ ਪੈਂਦਾ ਸੀ।

ਸਰਕਾਰ ਦਾ ਮਕਸਦ ਇਹੀ ਹੁੰਦਾ ਸੀ ਕਿ ਥੱਕ ਟੁਟ ਕੇ ਹਾਰ ਜਾਏ ਤੇ ਈਨ ਮੰਨ ਲਵੇ। ਅਖ਼ਬਾਰ ਦਾ ਸਾਰਾ ਭਾਰ ਮੇਰੇ ਉਤੇ ਹੀ ਸੀ, ਇਸ ਲਈ ਉਹ ਜ਼ਿੰਮੇਵਾਰੀ ਪੂਰੀ ਕਰਨ ਲਈ ਵੀ ਦਿਨ ਰਾਤ ਜਾਗਦੇ ਹੀ ਰਹਿਣਾ ਪੈਂਦਾ ਸੀ। ਇਹ ਸਾਰੇ ਦੁੱਖ ਕਿਸੇ ਪੰਥ-ਵਿਰੋਧੀ ਕਰ ਕੇ ਜਾਣੀ ਜਾਂਦੀ ਸਰਕਾਰ ਨੇ ਨਹੀਂ ਸਨ ਦਿਤੇ ਸਗੋਂ ‘ਪੰਥਕ ਸਰਕਾਰ’ ਦੇ ਲੋਕ, ਪੰਥ ਦਾ ਫ਼ਿਕਰ ਕਰਨ ਵਾਲੇ ਅਖ਼ਬਾਰ ਅਤੇ ਉਸ ਦੇ ਐਡੀਟਰ ਨੂੰ ਦੁਖ ਦੇ ਰਹੇ ਸਨ।

ਪਰ ਇਹ ਭਾਣਾ ਪਹਿਲੀ ਵਾਰ ਨਹੀਂ ਸੀ ਵਰਤਿਆ। ਸ਼ੁਰੂ ਤੋਂ ਹੀ ਸਿੱਖਾਂ ਦੀ ਖ਼ਾਤਰ ਲੜਨ ਵਾਲਿਆਂ ਅਤੇ ਸਿੱਖਾਂ ਕੋਲੋਂ ਮਦਦ ਦੀ ਆਸ ਰੱਖਣ ਵਾਲਿਆਂ ਨਾਲ ਇਸੇ ਤਰ੍ਹਾਂ ਹੁੰਦਾ ਆਇਆ ਹੈ। ਚਲੋ ਸਿੱਖ ਵਿਰੋਧੀ ਸ਼ਕਤੀਆਂ ਨੇ ਤਾਂ ਜੇ ਮਾੜਾ ਸਲੂਕ ਕੀਤਾ ਤਾਂ ਉਸ ਦਾ ਕੋਈ ਗਿਲਾ ਨਹੀਂ ਹੋਣਾ ਚਾਹੀਦਾ ਕਿਉਂਕਿ ਉਨ੍ਹਾਂ ਵਲੋਂ ਅਜਿਹਾ ਸਲੂਕ ਕੀਤਾ ਜਾਂਦਾ ਹੀ ਜਾਂਦਾ ਹੈ। ਜਿਹੜਾ ਸਿੱਖਾਂ ਦੇ ਹੱਕਾਂ ਲਈ ਲੜੇ, ਉਹ ਦੂਜਿਆਂ ਨੂੰ ਚੰਗਾ ਕਿਵੇਂ ਲੱਗ ਸਕਦਾ ਹੈ? ਪਰ ਜਿਨ੍ਹਾਂ ਸਿੱਖਾਂ ਤੋਂ ਮਦਦ ਦੀ ਆਸ ਰੱਖ ਕੇ ਕੰਮ ਸ਼ੁਰੂ ਕੀਤਾ ਜਾਂਦਾ ਹੈ, ਉਹੀ ਜਦ ਤੁਹਾਨੂੰ ਦੁਖੀ ਵੇਖ ਕੇ, ਮੂੰਹ ਪਰਲੇ ਪਾਸੇ ਕਰ ਲੈਣ ਤੇ ਮਦਦ ਮੰਗਣ ਤੇ ‘ਸਾਡੇ ਕੋਲ ਕੋਈ ਪੈਸਾ ਨਹੀਂ’ ਕਹਿ ਦੇਣ ਤਾਂ ਦਿਲ ਟੁਟ ਨਹੀਂ ਜਾਂਦਾ? ਦੋ ਮਿਸਾਲਾਂ ਦੇਵਾਂਗਾ।

ਸ. ਹੁਕਮ ਸਿੰਘ ਦੇ ਮਨ ਵਿਚ ਵਿਚਾਰ ਉਠਿਆ ਕਿ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਇਨਕਾਰ ਕਰ ਕੇ ਅਤੇ ਉਨ੍ਹਾਂ ਦੀ ਕੋਈ ਮੰਗ ਸੰਵਿਧਾਨ ਵਿਚ ਦਰਜ ਨਾ ਕਰ ਕੇ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਸਿੱਖਾਂ ਨਾਲ ਧੋਖਾ ਕੀਤਾ ਸੀ, ਇਸ ਨੂੰ ਦੇਸ਼ ਦੇ ਪੜ੍ਹੇ ਲਿਖੇ ਲੋਕਾਂ ਸਾਹਮਣੇ ਦਲੀਲ ਨਾਲ ਨੰਗਾ ਕਰਨ ਲਈ ਅੰਗਰੇਜ਼ੀ ਦਾ ਇਕ ਰੋਜ਼ਾਨਾ ਅਖ਼ਬਾਰ ਹੋਣਾ ਜ਼ਰੂਰੀ ਹੈ ਤੇ ਇਹ ਦਿੱਲੀ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਜੋ ਦੇਸ਼ ਦੀ ਰਾਜਧਾਨੀ ਵੀ ਸੀ ਤੇ ਜਿਥੇ ਇਸ ਨੂੰ ਪੜ੍ਹਨ ਵਾਲੇ ਤੇ ਇਸ ਦੀ ਮਦਦ ਕਰਨ ਵਾਲੇ ਸਿੱਖ ਵੀ 1947 ਤੋਂ ਬਾਅਦ ਚੋਖੀ ਗਿਣਤੀ ਵਿਚ ਆ ਟਿਕੇ ਸਨ।

ਸੋ ਅਗੱਸਤ 1950 ਵਿਚ ਉਨ੍ਹਾਂ ਸਪਤਾਹਕ ਸਪੋਕਸਮੈਨ ਅੰਗਰੇਜ਼ੀ ਵਿਚ ਦਿੱਲੀ ਤੋਂ ਸ਼ੁਰੂ ਕੀਤਾ। ਪ੍ਰੋਗਰਾਮ ਇਹ ਸੀ ਕਿ ਸਿੱਖਾਂ ਦੀ ਮਦਦ ਨਾਲ ਇਸ ਨੂੰ ਸਾਲ ਭਰ ਵਿਚ ਰੋਜ਼ਾਨਾ ਅਖ਼ਬਾਰ ਬਣਾ ਦਿਤਾ ਜਾਏਗਾ। ਪਰ ਦਿੱਲੀ ਦੇ ਸਿੱਖ, ਜੋ ਪਾਕਿਸਤਾਨੋਂ ਉਜੜ ਕੇ ਆਏ ਸਨ ਤੇ ਡਰੀ ਹੋਈ ਹਾਲਤ ਵਿਚ ਰਹਿ ਰਹੇ ਸਨ, ਉਹਨਾਂ ਨੂੰ ਸਪੋਕਸਮੈਨ ਅਪਣੇ ਘਰ ਵਿਚ ਜਾਂ ਦਫ਼ਤਰ ਵਿਚ ਰਖਦਿਆਂ ਵੀ ਡਰ ਲਗਦਾ ਸੀ ਕਿ ਸਰਕਾਰ ਕਿਤੇ ਨਾਰਾਜ਼ ਨਾ ਹੋ ਜਾਏ। ਚਾਰ ਦਹਾਕੇ (40 ਸਾਲ) ਜ਼ਬਰਦਸਤ ਸੰਘਰਸ਼ ਕਰਨ ਮਗਰੋਂ ਵੀ ਉਹ ਸਿੱਖਾਂ ਦੀ ਮਦਦ ਨਾ ਲੈ ਸਕੇ ਹਾਲਾਂਕਿ ਦਿੱਲੀ ਦੇ ਕਰੋੜਪਤੀ ਸਿੱਖਾਂ ਦੀ ਗਿਣਤੀ ਵੀ ਹਜ਼ਾਰਾਂ ਵਿਚ ਹੋ ਚੁੱਕੀ ਸੀ।

ਜਦ ਵੀ ਦਿੱਲੀ ਦੇ ਸਿੱਖਾਂ ਦੀ, ਸਪੋਕਸਮੈਨ ਪ੍ਰਤੀ ‘ਬੇਰੁਖ਼ੀ’ ਦਾ ਜ਼ਿਕਰ ਕਰਦੇ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਪਾਣੀ ਭਰ ਆਉਂਦਾ। ਮੈਂ 1994 ਵਿਚ ਸਪੋਕਸਮੈਨ ਅਪਣੇ ਹੱਥਾਂ ਵਿਚ ਲਿਆ ਸੀ ਪਰ ਉਸ ਤੋਂ ਪਹਿਲਾਂ ਇਕ ਵਾਰ ਜਦ ਮੈਨੂੰ ਚੰਡੀਗੜ੍ਹ ਵਿਚ ਮਿਲੇ ਤਾਂ ਮੈਂ ਕਹਿ ਬੈਠਾ, ‘‘ਮੈਂ ਸਿੱਖਾਂ ਦੀ ਇਕ ਰੋਜ਼ਾਨਾ ਅਖ਼ਬਾਰ ਕਿਸੇ ਦਿਨ ਸ਼ੁਰੂ ਕਰਨ ਦਾ ਇਰਾਦਾ ਰਖਦਾ ਹਾਂ।’’ ਅਪਣੀ ਕਹਾਣੀ ਯਾਦ ਕਰ ਕੇ ਫਿਰ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ ਤੇ ਹੌਲੀ ਜਹੀ ਬੋਲੇ, ‘‘ਵਾਹਿਗੁਰੂ ਤੁਹਾਡੀ ਤਮੰਨਾ ਪੂਰੀ ਕਰੇ ਪਰ ਸਿੱਖਾਂ ਤੇ ਬਹੁਤੀ ਟੇਕ ਨਾ ਰਖਣਾ।’’

ਦੂਜੀ ਮਿਸਾਲ ਹੈ ਸ. ਸਾਧੂ ਸਿੰਘ ਹਮਦਰਦ ਦੀ। ਸ਼੍ਰੋਮਣੀ ਕਮੇਟੀ ਵਿਚ ਕੰਮ ਕਰਦੇ ਸਨ। ਦਿਲ ਵਿਚ ਵਲਵਲਾ ਉਠਿਆ ਕਿ ਇਕ ਅਖ਼ਬਾਰ ਕਢਿਆ ਜਾਵੇ। ਕੱਟੜ ਅਕਾਲੀ ਸਨ। ਮਾਸਟਰ ਤਾਰਾ ਸਿੰਘ ਦੇ ਦਬਦਬੇ ਵਾਲੇ ਦਿਨ ਸਨ। ਮਾਸਟਰ ਜੀ ਦੇ ਵਿਰੋਧੀਆਂ ਨੇ ਕਿਹਾ, ਉਹ ਮਦਦ ਕਰਨਗੇ। ਮਾਸਟਰ ਜੀ ਦੇ ਮੁਕਾਬਲੇ ਇਕ ਮਜ਼ਬੂਤ ਧੜਾ ਖੜਾ ਕਰਨਾ ਹੈ ਕਿਉਂਕਿ ਮਾਸਟਰ ਜੀ ਪੈਸੇ ਦੇ ਮਾਮਲੇ ਵਿਚ ਕੰਜੂਸ ਸਨ ਤੇ ਕਿਸੇ ਵਰਕਰ ਨੂੰ ਪੈਸਾ ਨਹੀਂ ਸਨ ਦਿੰਦੇ, ਨਾ ਆਪ ਹੀ ਲੈਂਦੇ ਸਨ। ਪਰ ਮਗਰੋਂ, ਸਾਰੇ ਮਾਸਟਰ ਜੀ ਵਲ ਵੇਖ ਕੇ, ਸਾਹਮਣੇ ਆਉਣ ਤੇ ਮਦਦ ਦੇਣ ਤੋਂ ਭੱਜਣ ਲੱਗ ਪਏ। ਸ. ਸਾਧੂ ਸਿੰਘ ਹਮਦਰਦ ਨੇ ਬੜੀਆਂ ਅਪੀਲਾਂ ਕੀਤੀਆਂ ਕਿ ਉਨ੍ਹਾਂ ਦੀ ਅਖ਼ਬਾਰ ਨੂੰ ਬਚਾ ਲਿਆ ਜਾਏ। ਕਿਸੇ ਨੇ ਕੋਈ ਮਦਦ ਨਾ ਕੀਤੀ।

Sadhu Singh Hamdard

ਅਖ਼ੀਰ ਉਨ੍ਹਾਂ ਫ਼ੈਸਲਾ ਕੀਤਾ ਕਿ ਆਪ ਜ਼ਹਿਰ ਖਾ ਕੇ ਤੇ ਉਸ ਤੋਂ ਪਹਿਲਾਂ, ਸਾਰੇ ਪ੍ਰਵਾਰ ਨੂੰ ਖਵਾ ਕੇ, ਦੁੱਖਾਂ ਤੋਂ ਛੁਟਕਾਰਾ ਪਾ ਲਿਆ ਜਾਵੇ। ਇਹ ਗੱਲ ਉਨ੍ਹਾਂ ਨੇ ਆਪ ਅਪਣੀ ਸਵੈ-ਜੀਵਨੀ ਵਿਚ ਲਿਖੀ ਸੀ। ਪਰ ਕੁਦਰਤ ਨੂੰ ਕੁੱਝ ਹੋਰ ਹੀ ਮੰਨਜ਼ੂਰ ਸੀ। ਜਿਸ ਰਾਤ ਨੂੰ ਇਹ ਭਾਣਾ ਵਰਤਣਾ ਸੀ, ਸ਼ਾਮ ਵੇਲੇ ਪ੍ਰਤਾਪ ਸਿੰਘ ਕੈਰੋਂ ਦਾ ਇਕ ਮਿੱਤਰ ਉਨ੍ਹਾਂ ਨੂੰ ਮਿਲਿਆ ਤੇ ‘ਡੀਲ’ ਹੋ ਗਈ ਕਿ ਮਾ. ਤਾਰਾ ਸਿੰਘ ਵਿਰੁਧ ਪਹਿਲਾਂ ਨਾਲੋਂ ਵੀ ਸਖ਼ਤ ਭਾਸ਼ਾ ਵਿਚ ਲਿਖੋ ਤੇ ਕੈਰੋਂ ਤੋਂ ਹਦਾਇਤਾਂ ਲੈ ਕੇ ਲਿਖੋ, ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿਤੀ ਜਾਏਗੀ।

ਪੁਰਾਣੇ ਲੋਕਾਂ ਨੂੰ ਇਹੀ ਯਾਦ ਹੈ ਕਿ ਉਸ ਤੋਂ ਬਾਅਦ ਲਗਭਗ ਹਰ ਰੋਜ਼ ਅਪਣੇ ਸੰਪਾਦਕੀ ਵਿਚ ਸ. ਹਮਦਰਦ ਦੁਹਰਾਇਆ ਕਰਦੇ ਸਨ ਕਿ ‘‘ਸਾਡੀ ਸੋਚੀ ਸਮਝੀ ਰਾਏ ਹੈ ਕਿ ਸਿੱਖਾਂ ਨੂੰ ਅਪਣੀ ਵਖਰੀ ਪਾਰਟੀ ਅਕਾਲੀ ਦਲ ਦੀ ਕੋਈ ਲੋੜ ਨਹੀਂ ਰਹੀ ਤੇ ਸਾਰੇ ਅਕਾਲੀਆਂ ਨੂੰ ਕਾਂਗਰਸ ਵਿਚ ਸ਼ਾਮਲ ਹੋ ਕੇ, ਉਸ ਉਤੇ ਅੰਦਰੋਂ ਕਾਬਜ਼ ਹੋ ਜਾਣਾ ਚਾਹੀਦਾ ਹੈ ਤੇ ਉਸ ਮਗਰੋਂ ਕਾਂਗਰਸ ਕੋਲੋਂ ਅਪਣੀਆਂ ਸਾਰੀਆਂ ਮੰਗਾਂ ਮਨਵਾ ਲੈਣੀਆਂ ਚਾਹੀਦੀਆਂ ਹਨ।’’

ਹਾਂ ਸ. ਸਾਧੂ ਸਿੰਘ ਦੀਆਂ ਇਹੋ ਜਹੀਆਂ ਸਾਰੀਆਂ ਲਿਖਤਾਂ ਤਾਂ ਪੁਰਾਣੇ ਲੋਕਾਂ ਨੂੰ ਜ਼ਬਾਨੀ ਯਾਦ ਹਨ ਪਰ ਇਹ ਨਹੀਂ ਯਾਦ ਕਿ ਸਿੱਖਾਂ ਨੇ ਸ. ਸਾਧੂ ਸਿੰਘ ਨੂੰ ਅਪਣੇ ਵਲੋਂ ਤਾਂ ਮਾਰ ਹੀ ਦਿਤਾ ਸੀ ਤੇ ਜੇ ਕੈਰੋਂ ਉਨ੍ਹਾਂ ਦਾ ਹੱਥ ਨਾ ਫੜਦਾ ਤਾਂ ਉਨ੍ਹਾਂ ਦਾ ਤਾਂ ਨਾਂ ਵੀ ਅੱਜ ਕਿਸੇ ਨੂੰ ਯਾਦ ਨਹੀਂ ਸੀ ਰਿਹਾ ਹੋਣਾ। ਸਿੱਖਾਂ ਨੇ ਤੇ ਸਿੱਖਾਂ ਚੌਧਰੀਆਂ ਨੇ ਕਦੇ ਕਿਸੇ ‘ਪੱਕੇ ਸਿੱਖ’ ਪੱਤਰਕਾਰ ਨੂੰ ਬਚਾਇਆ ਨਹੀਂ, ਖ਼ਤਮ ਹੁੰਦਿਆਂ ਵੇਖ ਕੇ ਚੁੱਪੀ ਹੀ ਧਾਰੀ ਰੱਖੀ ਹੈ। ਜੇ ਕੋਈ ਅੜਿਆ ਰਿਹਾ ਤਾਂ ਅਪਣੇ ਸਿਦਕ ਕਾਰਨ ਹੀ ਵਰਨਾ ਅਪਣਿਆਂ ਤੇ ਬੇਗਾਨਿਆਂ, ਦੁਹਾਂ ਨੇ ਸਦਾ ਹੀ ਚੰਗੇ ਗੁਰਸਿੱਖ ਪੱਤਰਕਾਰ ਨੂੰ ਖ਼ਤਮ ਕਰਨ ਦਾ ਹੀ ਯਤਨ ਕੀਤਾ ਹੈ - ਭਾਵੇਂ ਕਾਰਨ ਦੁਹਾਂ ਦੇ ਵਖਰੇ ਵਖਰੇ ਹੁੰਦੇ ਸਨ।

ਚਾਰੇ ਪਾਸੇ ਨਜ਼ਰ ਮਾਰ ਕੇ ਵੇਖ ਲਉ, ਜਿਹੜੇ ਵੀ ਸਿੱਖ ਪੱਤਰਕਾਰ ਤੇ ਲੀਡਰ, ਪੈਸੇ ਵਲੋਂ ਕਾਮਯਾਬ ਹੋਏ, ਉਹ ‘ਪੰਥ’ ਨੂੰ ਭੁਲਾ ਕੇ, ਦਿੱਲੀ ਦਰਬਾਰ ਦੇ ਖ਼ਾਸਮ ਖਾਸ ਬਣ ਕੇ ਹੀ ਕਾਮਯਾਬ ਹੋਏ। ਅਕਾਲੀ ਦਲ ਦੇ ਮਾਲਕਾਂ ਨੇ ਐਵੇਂ ਤਾਂ ਨਹੀਂ ਸੀ ‘ਪੰਥ’ ਤੋਂ ਪੱਲਾ ਛੁਡਾਇਆ।
ਕੁੱਝ ਗੱਲਾਂ ਹੋਰ ਯਾਦ ਆ ਗਈਆਂ ਹਨ, ਜੋ ਅਗਲੀ ਵਾਰ ਲਿਖਾਂਗਾ।       
(ਚਲਦਾ) ਬਾਕੀ ਅਗਲੇ ਹਫ਼ਤੇ।