18ਵੇਂ ਸਾਲ ਵਿਚ ਜਦ ਮੈਂ ਉਹ ਦਿਨ ਯਾਦ ਕਰਦਾ ਹਾਂ ਜਦ ਸਪੋਕਸਮੈਨ ਦੇ ਪਾਠਕਾਂ ਨੇ ਚੰਡੀਗੜ੍ਹ ਦੀਆਂ ਸੜਕਾਂ ’ਤੇ.......

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

‘ਸਪੋਕਸਮੈਨ ਨਾਲ ਧੱਕਾ ਕਰੋਗੇ ਪਛਤਾਉਗੇ ਹੱਥ ਮੱਲੋਗੇ!’

photo

 

ਰੋਜ਼ਾਨਾ ਸਪੋਕਸਮੈਨ ਦੇ 18ਵੇਂ ਸਾਲ ਵਿਚ ਦਾਖ਼ਲੇ ਸਮੇਂ ਮੈਂ ਜਦ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਸਾਰਾ ਸਮਾਂ ਬੜਾ ਕਸ਼ਟਾਂ ਭਰਿਆ ਤੇ ਸੰਘਰਸ਼ ਵਾਲਾ ਸਮਾਂ ਸੀ। ਤੁਸੀ ਬਾਹੂਬਲੀਆਂ ਨਾਲ ਟੱਕਰ ਤਾਂ ਲੈ ਸਕਦੇ ਹੋ ਕਿਉਂਕਿ ਵਾਹਿਗੁਰੂ ਨੇ ਤੁਹਾਨੂੰ ਧੱਕੇ, ਅਨਿਆਂ ਅਤੇ ਜ਼ੁਲਮ ਵਿਰੁਧ ਨੰਗੇ ਧੜ ਵੀ ਡਟ ਜਾਣ ਦੀ ਮਾਨਸਕ ਊਰਜਾ ਦਿਤੀ ਹੋਈ ਹੁੰਦੀ ਹੈ ਪਰ ਜਦ ਅਸਲ ਲੜਾਈ ਸ਼ੁਰੂ ਹੁੰਦੀ ਹੈ ਤਾਂ ਤੁਹਾਨੂੰ ਹਰ ਰੋਜ਼ ਅਗਨੀ-ਪ੍ਰੀਖਿਆ ’ਚੋਂ ਲੰਘਣਾ ਪੈਂਦਾ ਹੈ ਤੇ ਤੁਹਾਡਾ ਸਾਥ ਦੇਣ ਵਾਲਾ ਕੋਈ ਵਿਰਲਾ ਟਾਵਾਂ ਹੀ ਨਿਤਰਦਾ ਹੈ। ਔਖੇ ਵੇਲੇ ਜਿਹੜਾ ਵੀ ਕੋਈ ਤੁਹਾਡਾ ਸਾਥ ਦੇਵੇਗਾ, ਤਾਕਤਵਰ ਲੋਕ ਉਸ ਨਾਲ ਵੀ ਉਹੀ ਸਲੂਕ ਕਰਨਾ ਸ਼ੁਰੂ ਕਰ ਦੇਣਗੇ ਜੋ ਉਹ ਤੁਹਾਡੇ ਨਾਲ ਕਰ ਰਹੇ ਸਨ। ਸੋ ਦਿਲੋਂ ਤੁਹਾਡੇ ਨਾਲ ਹਮਦਰਦੀ ਰੱਖਣ ਵਾਲੇ ਵੀ ਖੁਲ੍ਹ ਕੇ ਤੁਹਾਡਾ ਸਾਥ ਦੇਣ ਲਈ ਨਹੀਂ ਨਿਤਰਦੇ। ਮੈਂ ਕਈ ਵਿਦਵਾਨਾਂ ਦੇ ਨਾਂ ਲੈ ਸਕਦਾ ਹਾਂ ਜਿਨ੍ਹਾਂ ਨੇ ਮੈਨੂੰ ਕਿਹਾ, ‘‘ਜੋ ਤੁਸੀ ਲਿਖਦੇ ਹੋ, ਉਸ ਨਾਲ ਅਸੀ ਸੌ ਫ਼ੀ ਸਦੀ ਤਕ ਸਹਿਮਤ ਹਾਂ ਪਰ ਅਪਣੀਆਂ ਕੁੱਝ ਮਜਬੂਰੀਆਂ ਕਾਰਨ ਅਸੀ ਖੁਲ੍ਹ ਕੇ ਤੁਹਾਡਾ ਸਾਥ ਨਹੀਂ ਦੇ ਸਕਦੇ।’’

ਪਰ ਇਸ ਸੱਭ ਕੁੱਝ ਦੇ ਬਾਵਜੂਦ ਸਪੋਕਸਮੈਨ ਇਕੱਲਾ ਅਜਿਹਾ ਪਰਚਾ ਹੈ ਜਿਸ ਨਾਲ ਹੋਏ ਸਰਕਾਰੀ ਜ਼ੁਲਮ ਅਤੇ ਧੱਕੇ ਵਿਰੁਧ ਇਸ ਦੇ ਹਜ਼ਾਰਾਂ ਪਾਠਕ ਸੜਕਾਂ ’ਤੇ ਨਿਕਲ ਆਏ ਤੇ ਕਈ ਘੰਟੇ ਭੁੱਖੇ ਭਾਣੇ ਰਹਿ ਕੇ ਨਾਹਰੇ ਮਾਰਦੇ ਰਹੇ ਕਿ :
ਸਪੋਕਸਮੈਨ ਨਾਲ ਧੱਕਾ ਕਰੋਗੇ, ਪਛਤਾਉਗੇ, ਹੱਥ ਮੱਲੋਗੇ ਮੈਨੂੰ ਉਥੇ ਮੌਜੂਦ ਵੱਡੇ ਅਖ਼ਬਾਰਾਂ ਦੇ ਰੀਪੋਰਟਰਾਂ ਤੇ ਕੈਮਰਾਮੈਨਾਂ ਨੇ ਦਸਿਆ ਕਿ ਕਿਸੇ ਅਖ਼ਬਾਰ ਦੇ ਹੱਕ ਵਿਚ ਨਿਤਰੇ ਉਸ ਦੇ ਪਾਠਕਾਂ ਦਾ ਏਨਾ ਵੱਡਾ ਜਲੂਸ ਉਨ੍ਹਾਂ ਨੇ ਅਪਣੀ ਜ਼ਿੰਦਗੀ ਵਿਚ ਪਹਿਲਾਂ ਕਦੇ ਨਹੀਂ ਸੀ ਵੇਖਿਆ। ਉਹ ਥਾਂ ਥਾਂ ਤੋਂ ਫ਼ੋਟੋਆਂ ਤੇ ਨੋਟ ਲੈ ਰਹੇ ਸਨ। ਇਹ ਗੱਲ ਵਖਰੀ ਹੈ ਕਿ ਅਗਲੇ ਦਿਨ ਕਿਸੇ ਇਕ ਵੀ ਅਖ਼ਬਾਰ ਨੇ ਇਸ ਇਤਿਹਾਸਕ ਤੇ ਵਿਸ਼ਾਲ ਰੋਸ-ਪ੍ਰਗਟਾਵੇ ਦਾ ਜ਼ਿਕਰ ਤਕ ਵੀ ਨਹੀਂ ਸੀ ਕੀਤਾ। ਅਕਾਲੀ ਹਾਕਮਾਂ ਨੇ ਐਡੀਟਰਾਂ ਨੂੰ ਫ਼ੋਨ ਕਰ ਕਰ ਕੇ ਸਾਡੀ ਖ਼ਬਰ ਛਾਪਣੋਂ ਰੋਕ ਲਿਆ ਸੀ। ਸਾਡੀ ਹਰ ਖ਼ਬਰ ਛਪਣੋਂ ਉਹ ਹਮੇਸ਼ਾ ਰੋਕ ਲੈਂਦੇ ਸਨ ਤੇ ਮੈਂ ਕਦੇ ਕਿਸੇ ਸਾਥੀ ਸੰਪਾਦਕ ਕੋਲ ਗਿਲਾ ਵੀ ਨਹੀਂ ਸੀ ਕੀਤਾ।

ਪਰ ਮੇਰਾ ਧਿਆਨ ਅੱਜ ਵੀ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਪਾਠਕਾਂ ਦੇ ਹੱਥਾਂ ਵਿਚ ਚੁੱਕੇ ਬੈਨਰਾਂ ਵਲ ਜਾਂਦਾ ਹੈ ਜਿਨ੍ਹਾਂ ਰਾਹੀਂ ਬਾਦਲ ਸਰਕਾਰ ਨੂੰ ਵੀ ਚੇਤਾਵਨੀ ਦਿਤੀ ਗਈ ਹੁੰਦੀ ਸੀ ਕਿ ਸਪੋਕਸਮੈਨ ਨਾਲ ਧੱਕਾ ਬੰਦ ਨਾ ਕੀਤਾ ਤਾਂ ‘ਪਛਤਾਉਗੇ ਤੇ ਹੱਥ ਮੱਲੋਗੇ।’ ਇਨ੍ਹਾਂ ਬੈਨਰਾਂ ਪਿਛੇ ਮੇਰਾ ਕੋਈ ਹੱਥ ਨਹੀਂ ਸੀ ਤੇ ਲੰਮੇ ਜਲੂਸ ਨੂੰ ਜਥੇਬੰਦ ਕਰ ਰਹੇ ਤੇ ਥਾਂ ਥਾਂ ’ਤੇ ਘੁੰਮ ਕੇ ਪਾਠਕਾਂ ਨੂੰ ਸੰਬੋਧਤ ਕਰ ਰਹੇ ਡਾ. ਗੁਰਸ਼ਰਨਜੀਤ ਸਿੰਘ (ਗੁਰੂ ਨਾਨਕ ਯੂਨੀਵਰਸਟੀ ਅੰਮ੍ਰਿਤਸਰ ਦੇ ਸਿੱਖ ਅਧਿਐਨ ਵਿਭਾਗ ਦੇ ਮੁਖੀ) ਨੂੰ ਮੈਂ ਪੁਛਿਆ ਵੀ ਕਿ ‘ਬਦ-ਦੁਆ’ ਦੇਣੀ ਠੀਕ ਹੈ ਜਾਂ ਨਹੀਂ ਤਾਂ ਉਨ੍ਹਾਂ ਨੇ ਏਨਾ ਕਹਿ ਕੇ ਹੀ ਗੱਲ ਮੁਕਾ ਦਿਤੀ ਕਿ ‘‘ਅਸੀ ਇਹ ਬੈਨਰ ਇਨ੍ਹਾਂ ਨੂੰ ਨਹੀਂ ਦਿਤੇ। ਲੋਕਾਂ ਦੇ ਅੰਦਰੋਂ ਨਿਕਲੀ ਆਵਾਜ਼ ਹੈ, ਸੋ ਇਹਨੂੰ ਚੱਲਣ ਦਿਉ ਇਸੇ ਤਰ੍ਹਾਂ। ਇਹ ਅਪਣੇ ਪੈਸੇ ਖ਼ਰਚ ਕੇ, ਆਪ ਹੀ ਘਰੋਂ ਲਿਖਵਾ ਕੇ ਦੂਰ ਦੂਰ ਤੋਂ ਲਿਆਏ ਨੇ...।’’

ਖ਼ੈਰ, ਖ਼ਲਕਤ ਦੀ ਉਸ ਆਵਾਜ਼ ਜਾਂ ਬਦ-ਦੁਆ ਨੇ ਉਹ ਸਾਰੇ ਲੋਕ ਖ਼ਤਮ ਕਰ ਦਿਤੇ ਹਨ ਜਿਨ੍ਹਾਂ ਨੂੰ ਪਾਠਕਾਂ ਨੇ ਬਦ-ਦੁਆ ਦਿਤੀ ਸੀ (ਸਿਆਸਤਦਾਨ ਵੀ ਤੇ ਪੁਜਾਰੀ ਵੀ)। ਉਸ ਵੇਲੇ ਉਹ ਏਨੇ ਸ਼ਕਤੀਸ਼ਾਲੀ ਸਨ (ਬੀਜੇਪੀ ਦੀ ਭਾਈਵਾਲੀ ਸਦਕਾ) ਕਿ ਉਹ ਸੋਚਦੇ ਸਨ ਕਿ ਉਨ੍ਹਾਂ ਦੀ ਸਰਦਾਰੀ ਤਾਂ ਹਕੂਮਤ ਉਤੇ ਸਦਾ ਲਈ ਪੱਕੀ ਹੋ ਗਈ ਹੈ ਤੇ ਇਸ ਨੂੰ ਕੋਈ ਨਹੀਂ ਹਿਲਾ ਸਕਦਾ। ਦੋ ਤਿੰਨ ਸਾਲ ਬਾਅਦ ਇਕ ਵੱਡਾ ਅਕਾਲੀ ਲੀਡਰ ਮੇਰੇ ਕੋਲ ਸਮਝੌਤੇ ਦੀ ਪੇਸ਼ਕਸ਼ ਲੈ ਕੇ ਆਇਆ ਤੇ ਕਹਿਣ ਲੱਗਾ, ‘‘ਇਹ ਠੀਕ ਹੈ ਕਿ ਤੁਸੀ ਵੀ ਸਾਨੂੰ ਡੇਗਣ ਲਈ ਬੜਾ ਜ਼ੋਰ ਲਾਇਆ ਹੈ ਤੇ ਅਸੀ ਵੀ ਜਿੰਨਾ ਜ਼ੋਰ ਸਪੋਕਸਮੈਨ ਨੂੰ ਡੇਗਣ ਵਿਚ ਲਾਇਆ ਹੈ, ਏਨਾ ਕਿਸੇ ਹੋਰ ਸਰਕਾਰ ਨੇ ਕਿਸੇ ਹੋਰ ਅਖ਼ਬਾਰ ਨੂੰ ਡੇਗਣ ਲਈ ਨਹੀਂ ਲਾਇਆ ਹੋਣਾ। ਪਰ ਨਾ ਤੁਸੀ ਸਾਨੂੰ ਡੇਗ ਸਕੇ ਹੋ, ਨਾ ਅਸੀ ਤੁਹਾਨੂੰ ਡੇਗ ਸਕੇ ਹਾਂ। ਸੋ ਆਉ ਹੁਣ ਸਮਝੌਤਾ ਕਰ ਲਈਏ।’’

ਮੈਂ ਕਿਹਾ, ‘‘ਅਸੀ ਤੁਹਾਨੂੰ ਡੇਗਣ ਦੀ ਹਾਲਤ ਵਿਚ ਹੀ ਨਹੀਂ ਸੀ ਤੇ ਕੇਵਲ ਅਪਣਾ ਬਚਾਅ ਹੀ ਕਰ ਰਹੇ ਸੀ। ਤੁਹਾਨੂੰ ਡੇਗਣਾ ਜਾਂ ਰਖਣਾ ਆਮ ਲੋਕਾਂ ਦਾ ਕੰਮ ਹੈ ਤੇ ਉਨ੍ਹਾਂ ਨੂੰ ਕੇਵਲ ਸੱਚ ਹੀ ਦਸ ਰਹੇ ਸੀ ਜੋ ਤੁਹਾਨੂੰ ਚੰਗਾ ਨਹੀਂ ਸੀ ਲਗਦਾ ਤੇ ਜਿਵੇਂ ਤੁਸੀ ਆਪ ਮੰਨਿਆ ਹੈ, ਤੁਸੀ ਜ਼ਰੂਰ ਸਾਨੂੰ ਡੇਗਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸੀ।’’ ਮੈਂ ਉਸ ਵੇਲੇ ਤਾਂ ਉਸ ਨੂੰ ਹੋਰ ਜ਼ਿਆਦਾ ਕੁੱਝ ਨਾ ਕਿਹਾ ਪਰ ਮੇਰੇ ਦਿਲ ਵਿਚ ਚੰਡੀਗੜ੍ਹ ਦੀਆਂ ਸੜਕਾਂ ਉਤੇ ਸਪੋਕਸਮੈਨ ਦੇ ਪਾਠਕਾਂ ਵਲੋਂ ਲਹਿਰਾਏ ਜਾ ਰਹੇ ਬੈਨਰਾਂ ਅਤੇ ਜ਼ੋਰ ਜ਼ੋਰ ਨਾਲ ਲਗਾਏ ਜਾ ਰਹੇ ਨਾਹਰਿਆਂ ਦਾ ਸ਼ੋਰ ਜ਼ਰੂਰ ਗੂੰਜ ਰਿਹਾ ਸੀ ਕਿ  ‘ਸਪੋਕਸਮੈਨ ਨਾਲ ਧੱਕਾ ਕਰੋਗੇ ਪਛਤਾਉਗੇ, ਹੱਥ ਮੱਲੋਗੇ
ਮੈਨੂੰ ਯਕੀਨ ਸੀ ਕਿ ਇਹ ਲੋਕ-ਫ਼ਤਵਾ ਇਕ ਦਿਨ ਸੱਚ ਜ਼ਰੂਰ ਬਣ ਕੇ ਰਹੇਗਾ। ਮੈਂ ਉਸ ਵਜ਼ੀਰ ਦੀ ਸਮਝੌਤੇ ਦੀ ਪੇਸ਼ਕਸ਼ ਅਪ੍ਰਵਾਨ ਕਰ ਦਿਤੀ ਕਿਉਂਕਿ ਸਿਧਾਂਤਕ ਤੌਰ ’ਤੇ ਅਸੀ ਦਰਿਆ ਦੇ ਦੋ ਵਖਰੇ ਵਖਰੇ ਕਿਨਾਰਿਆਂ ’ਤੇ ਖੜੇ ਸੀ ਤੇ ਡੁੱਬਣ ਦਾ ਖ਼ਤਰਾ ਸਹੇੜੇ ਬਿਨਾਂ ਮਿਲ ਨਹੀਂ ਸੀ ਸਕਦੇ।

ਅੱਜ ਮੈਂ ਵੇਖ ਰਿਹਾ ਹਾਂ ਕਿ ਜਿਨ੍ਹਾਂ ਨੇ ਸਪੋਕਸਮੈਨ ਨੂੰ ਖ਼ਤਮ ਕਰਨ ਦੀ ਗੱਲ ਕੀਤੀ ਸੀ, ਉਹ ਸਾਰੇ ਜਾਂ ਤਾਂ ਖ਼ਤਮ ਹੋ ਗਏ ਹਨ ਜਾਂ ਰੱਜ ਕੇ ਬਦਨਾਮ ਹੋ ਗਏ ਹਨ ਪਰ ਸਪੋਕਸਮੈਨ ਸ਼ਾਨ ਨਾਲ ਗੱਜ ਰਿਹਾ ਹੈ ਤੇ ‘ਉੱਚਾ ਦਰ ਬਾਬੇ ਨਾਨਕ ਦਾ’ ਉਸਾਰ ਕੇ ਇਤਿਹਾਸ ਵਿਚ ਅਪਣਾ ਨਾਂ ਵੀ ਅਮਰ ਕਰ ਰਿਹਾ ਹੈ। ਇਸ ਲੜਾਈ ਵਿਚ ਸਪੋਕਸਮੈਨ ਨੇ ਵੀ ਬਹੁਤ ਕੁੱਝ ਗਵਾਇਆ ਹੈ। ਸਾਡੇ 150 ਕਰੋੜ ਦੇ ਇਸ਼ਤਿਹਾਰ ਨਾ ਰੋਕੇ ਜਾਂਦੇ ਤਾਂ ਅਸੀ ਉੱਚਾ ਦਰ 5-7 ਸਾਲ ਪਹਿਲਾਂ ਅਪਣੇ ਪੈਸੇ ਨਾਲ ਹੀ ਬਣਾ ਦੇਣਾ ਸੀ। ਪਰ ਮੈਨੂੰ ਇਹ ਵਿਚਾਰ ਪ੍ਰਵਾਨ ਨਹੀਂ ਤੇ ਇਹ ਸੁਣ ਕੇ ਮੈਂ ਖ਼ੁਸ਼ ਨਹੀਂ ਹੁੰਦਾ ਕਿ ਸਾਡੇ ਪਾਠਕਾਂ ਦੀ ਬਦ-ਦੁਆ ਨਾਲ ਪੰਜਾਬ ਵਿਚ ਅਕਾਲੀ ਰਾਜ ਖ਼ਤਮ ਹੋਇਆ ਹੈ। ਮੈਂ ਚਾਹਾਂਗਾ ਕਿ ਅਕਾਲੀ ਆਪੇ ਹੀ ਸਪੋਕਸਮੈਨ ਨਾਲ ਕੀਤੇ ਧੱਕੇ ਅਤੇ ਜ਼ੁਲਮ ਦਾ ਪ੍ਰਾਸ਼ਚਿਤ ਕਰ ਲੈਣ ਅਤੇ ਸਪੋਕਸਮੈਨ ਦੇ ਪਾਠਕ ਅਪਣੀ ਬਦ-ਦੁਆ ਵਾਪਸ ਲੈ ਲੈਣ।

ਪਾਠਕਾਂ ਦੀ ਗੱਲ ਤਾਂ ਮੈਂ ਕਰ ਦਿਤੀ ਹੈ ਪਰ ਅਪਣੇ ਵਲੋਂ ਵੀ ਇਕ ਪੇਸ਼ੀਨਗੋਈ ਬੇਖ਼ੌਫ਼ ਹੋ ਕੇ ਕਰ ਸਕਦਾ ਹਾਂ ਕਿ ਜਦ ਤਕ ਉਹ ਸਪੋਕਸਮੈਨ ਨਾਲ ਧੱਕਾ ਖ਼ਤਮ ਨਹੀਂ ਕਰਦੇ, ਉਹ ਮੁੜ ਤੋਂ ਅਪਣਾ ਰਾਜ ਕਦੇ ਨਹੀਂ ਸਥਾਪਤ ਕਰ ਸਕਣਗੇ। ਕੇਵਲ ਸਪੋਕਸਮੈਨ ਦੀ ਗੱਲ ਹੀ ਕਿਉਂ ਕਰਦਾ ਹਾਂ? ਧੱਕੇ ਤਾਂ ਉਨ੍ਹਾਂ ਹੋਰ ਵੀ ਬੜਿਆਂ ਨਾਲ ਕੀਤੇ ਸਨ। ਇਸ ਲਈ ਕਿ ਲੋਕ-ਰਾਜ ਵਿਚ ਪੰਥ ਦੀ ਗੱਲ ਕਰਨ ਵਾਲੇ ਅਖ਼ਬਾਰ ਨਾਲ ਧੱਕਾ ਕਰਨ ਵਾਲੀ ਅਕਾਲੀ ਪਾਰਟੀ ਕਦੇ ਠੀਕ ਰਾਹ ’ਤੇ ਚਲ ਹੀ ਨਹੀਂ ਸਕਦੀ ਤੇ ਪੰਥਕ ਅਖ਼ਬਾਰ ਦੀ ਗੱਲ ਸੁਣਨ ਵਾਲੀ ਪਾਰਟੀ ਕਦੇ ਵੀ ਗ਼ਲਤ ਰਾਹ ’ਤੇ ਬਹੁਤੀ ਦੇਰ ਚਲਦੀ ਰਹਿ ਹੀ ਨਹੀਂ ਸਕਦੀ ਤੇ ਬਹੁਤੀਆਂ ਗ਼ਲਤੀਆਂ, ਪੰਥਕ ਅਖ਼ਬਾਰ ਆਪੇ ਜ਼ੋਰ ਪਾ ਕੇ ਠੀਕ ਕਰਵਾ ਲੈਂਦਾ ਹੈ। ਜੇ ਰੱਬ ਨੇ ਇਨ੍ਹਾਂ ਦੇ ਭਾਗਾਂ ਵਿਚ ਰਾਜ ਲਿਖਿਆ ਹੈ ਤਾਂ ਮੇਰੀ ਗੱਲ ਸੁਣ ਤੇ ਸਮਝ ਲੈਣਗੇ ਤੇ ਜੇ ਨਹੀਂ ਲਿਖਿਆ ਤਾਂ ਏਧਰ ਔਧਰ ਟੱਕਰਾਂ ਮਾਰ ਕੇ ਤੇ ਬਦਨਾਮੀ ਖੱਟ ਕੇ ਬਹਿ ਜਾਣਗੇ। ਜੇ ਮੈਂ ਜ਼ਿੰਦਗੀ ਸਾਫ਼ ਸੁਥਰੇ ਢੰਗ ਨਾਲ ਬਤੀਤ ਕੀਤੀ ਹੈ ਅਰਥਾਤ ਇਕ ਵੀ ਗ਼ਲਤ ਪੈਸਾ ਕਿਸੇ ਤੋਂ ਨਹੀਂ ਲਿਆ ਜਾਂ ਜੇ ਮੈਂ ਅਪਣੀ ਦੌਲਤ, ਜਾਇਦਾਦ ਬਾਰੇ ਕਦੇ ਝੂਠ ਨਹੀਂ ਬੋਲਿਆ ਤੇ ਜਾਣਬੁੱਝ ਕੇ ਕੋਈ ਵੱਡਾ ਪਾਪ ਨਹੀਂ ਕੀਤਾ ਤਾਂ ਮੇਰੀ ਪੇਸ਼ੀਨਗੋਈ ਨੂੰ ਮੇਰਾ ਰੱਬ ਆਪੇ ਠੀਕ ਸਾਬਤ ਕਰ ਵਿਖਾਏਗਾ।