ਪੰਜਾਬੀ ਅਖ਼ਬਾਰਾਂ ਲਈ ਸੰਕਟ ਦਾ ਸਮਾਂ, ਆਸਟਰੇਲੀਆ ਵਿਚ ਬੰਦ ਹੋ ਗਏ 60 ਅਖ਼ਬਾਰ !

ਏਜੰਸੀ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਇਸ਼ਤਿਹਾਰ ਬਿਨਾਂ ਅਖ਼ਬਾਰ ਨਹੀਂ ਚਲ ਸਕਦੇ,

File Photo

ਇਸ਼ਤਿਹਾਰ ਛਾਪ ਕੇ ਹੀ ਤਾਂ ਖ਼ਰਚਾ ਪੂਰਾ ਕੀਤਾ ਜਾ ਸਕਦਾ ਹੈ। ਇਸ਼ਤਿਹਾਰ ਕਿਥੋਂ ਲੈਣ ਅਖ਼ਬਾਰਾਂ? ਵਪਾਰ, ਕਾਰਖ਼ਾਨੇ, ਇਸ਼ਤਿਹਾਰ ਏਜੰਸੀਆਂ ਸੱਭ ਬੰਦ ਨੇ। ਅਖ਼ਬਾਰ ਪਾਠਕਾਂ ਤਕ ਜ਼ਰੂਰ ਪਹੁੰਚਾਉਣੀ ਪੈਂਦੀ ਹੈ ਪਰ ਕੋਈ ਵੀ ਅਖ਼ਬਾਰ ਚੁਕ ਕੇ ਵੇਖ ਲਉ, ਕਿਸੇ ਵਿਚ ਇਸ਼ਤਿਹਾਰ ਛਪਿਆ ਨਜ਼ਰ ਨਹੀਂ ਆਉਂਦਾ। ਫਿਰ ਸਾਰੀਆਂ ਅਖ਼ਬਾਰਾਂ ਖ਼ਰਚੇ ਕਿਵੇਂ ਪੂਰੇ ਕਰਦੀਆਂ ਹਨ? ਜਿਸ ਅਖ਼ਬਾਰ ਨੇ ਲੱਖਾਂ ਕਰੋੜਾਂ ਬਚਾ ਕੇ ਰੱਖੇ ਹੋਏ ਹਨ (ਪਿਛਲੀ ਕਮਾਈ ਵਿਚੋਂ), ਉਹ ਉਸ ਵਿਚੋਂ ਭੋਰ-ਭੋਰ ਕੇ ਔਖਾ ਸਮਾਂ ਪਲਿਉਂ ਪਾ ਕੇ ਡੰਗ ਟਪਾ ਰਿਹਾ ਹੈ- ਸਿਰਫ਼ ਇਸ ਉਮੀਦ ਨਾਲ ਕਿ ਕਲ ਹਾਲਾਤ ਠੀਕ ਹੋ ਜਾਣਗੇ ਤਾਂ ਘਾਟਾ ਪੂਰਾ ਕਰ ਲਵਾਂਗੇ।

ਸਪੋਕਸਮੈਨ ਵਰਗੇ ਜਿਹੜੇ ਅਖ਼ਬਾਰ ਨੇ, ਨਾਲ ਦੀ ਨਾਲ, ਸਾਰੀ ਕਮਾਈ 'ਉੱਚਾ ਦਰ' ਵਰਗੀਆਂ ਕੌਮੀ ਸੰਸਥਾਵਾਂ ਉਤੇ ਲਗਾ ਦਿਤੀ ਹੁੰਦੀ ਹੈ, ਉਸ ਲਈ ਸਚਮੁਚ ਡਾਢੇ ਕਸ਼ਟ ਵਾਲਾ ਸਮਾਂ ਹੈ। ਖ਼ਰਚੇ ਪੂਰੇ ਕਰਨੇ ਪਹਾੜ ਜਿੱਡਾ ਕੰਮ ਬਣ ਗਿਆ ਹੈ। ਸਰਕਾਰੀ ਇਸ਼ਤਿਹਾਰ ਤਾਂ ਕਿਸੇ ਅਖ਼ਬਾਰ ਨੂੰ ਲੋੜੀਂਦੇ ਕੁਲ ਇਸ਼ਤਿਹਾਰਾਂ ਦਾ 100ਵਾਂ ਹਿੱਸਾ ਹੀ ਹੁੰਦੇ ਹਨ, 90% ਇਸ਼ਤਿਹਾਰ ਪ੍ਰਾਈਵੇਟ ਕੰਪਨੀਆਂ ਦੇ ਹੁੰਦੇ ਹਨ। ਉਹ ਇਸ ਵੇਲੇ ਪੂਰੀ ਤਰ੍ਹਾਂ ਬੰਦ ਹਨ। ਬਾਦਲ ਸਰਕਾਰ ਨੇ 10 ਸਾਲ ਸਾਡੇ ਸਰਕਾਰੀ ਇਸ਼ਤਿਹਾਰ ਰੋਕੀ ਰੱਖੇ ਤਾਂ ਅਸੀਂ ਜ਼ਰਾ ਪ੍ਰਵਾਹ ਨਹੀਂ ਸੀ ਕੀਤੀ ਕਿਉਂਕਿ ਪ੍ਰਾਈਵੇਟ 90% ਇਸ਼ਤਿਹਾਰ ਹੀ ਸਾਡੇ ਲਈ ਕਾਫ਼ੀ ਸਨ।

ਕਲ ਦੇ ਸਪੋਕਸਮੈਨ ਵਿਚ ਹੀ ਖ਼ਬਰ ਛਪੀ ਸੀ ਕਿ ਆਸਟਰੇਲੀਆ ਦੇ 60 ਛੋਟੇ ਅਖ਼ਬਾਰ ਛਪਣੇ ਬੰਦ ਹੋ ਗਏ ਹਨ ਕਿਉਂਕਿ ਉਨ੍ਹਾਂ ਨੂੰ ਇਸ਼ਤਿਹਾਰ ਨਹੀਂ ਮਿਲ ਰਹੇ। ਹੁਣ ਉਹ ਕੇਵਲ ਆਨਲਾਈਨ ਪਰਚੇ ਬਣ ਗਏ ਹਨ, ਅਰਥਾਤ ਕੇਵਲ ਮੋਬਾਈਲ ਫ਼ੋਨਾਂ ਉਤੇ ਹੀ ਪੜ੍ਹੇ ਜਾ ਸਕਦੇ ਹਨ। ਪਰ ਵਿਦੇਸ਼ਾਂ ਵਿਚ ਤਾਂ ਔਕੜ ਵਿਚ ਆਏ ਅਖ਼ਬਾਰਾਂ ਨੂੰ ਬਚਾਉਣ ਲਈ ਕਈ ਸੰਸਥਾਵਾਂ ਤੇ ਅਮੀਰ ਲੋਕ ਵੀ ਅੱਗੇ ਆ ਜਾਂਦੇ ਹਨ ਜਦਕਿ ਪੰਜਾਬੀ ਦੇ ਕਿਸੇ ਅਖ਼ਬਾਰ ਸਾਹਮਣੇ ਆਰਥਕ ਤੰਗੀ ਕਰ ਕੇ ਬੰਦ ਹੋਣ ਦੀ ਨੌਬਤ ਆ ਜਾਏ ਤਾਂ ਕੋਈ ਇਕ ਧੇਲੇ ਦੀ ਮਦਦ ਲੈ ਕੇ ਵੀ ਅੱਗੇ ਨਹੀਂ ਆਉਂਦਾ।

ਬਹੁਤੇ ਅਮੀਰ ਪੰਜਾਬੀ ਤਾਂ ਪੰਜਾਬੀ ਅਖ਼ਬਾਰਾਂ ਪੜ੍ਹਦੇ ਹੀ ਨਹੀਂ, ਨਾ ਉਨ੍ਹਾਂ ਨੂੰ ਪੰਜਾਬੀ ਅਖ਼ਬਾਰ ਦੇ ਬੰਦ ਹੋਣ ਨਾਲ ਕੋਈ ਫ਼ਰਕ ਹੀ ਪੈਂਦਾ ਹੈ। ਪੰਜਾਬੀ ਦੇ ਨਾਂ ਤੇ ਗਲਾ ਪਾੜਨ ਵਾਲੀਆਂ ਸੰਸਥਾਵਾਂ ਪੰਜਾਬੀ ਅਖ਼ਬਾਰਾਂ ਨੂੰ ਸਿਰਫ਼ ਵਰਤਦੀਆਂ ਹਨ, ਮਦਦ ਲਈ ਕਦੇ ਅੱਗੇ ਨਹੀਂ ਆਉਂਦੀਆਂ। ਜਦੋਂ ਸਿੰਘ ਸਭਾ ਲਹਿਰ ਦੇ ਬਾਨੀਆਂ ਦੇ ਪਹਿਲੇ ਸਿੱਖ ਅਖ਼ਬਾਰ ਦੀ ਪ੍ਰੈੱਸ ਉਤੇ ਤਾਲਾ ਲਗਾ ਦਿਤਾ ਗਿਆ ਤਾਂ ਉਨ੍ਹਾਂ ਬੜੀ ਗੁਹਾਰ ਲਗਾਈ ਕਿ ਸਿੱਖ, ਪੈਸੇ ਦੀ ਮਦਦ ਕਰ ਕੇ ਅਪਣੇ ਪਹਿਲੇ ਸਿੱਖ ਅਖ਼ਬਾਰ ਨੂੰ ਬਚਾ ਲੈਣ। ਸਿੱਖਾਂ ਨੇ ਇਕ ਪੈਸਾ ਨਾ ਦਿਤਾ ਤੇ ਅਖ਼ਬਾਰ ਬੰਦ ਕਰਵਾ ਲਿਆ।

ਮਾਸਟਰ ਤਾਰਾ ਸਿੰਘ, ਸਰਦਾਰ ਹੁਕਮ ਸਿੰਘ ਤੇ ਭਗਤ ਲਕਸ਼ਮਣ ਸਿੰਘ ਵਰਗਿਆਂ ਨੇ ਬੜੀਆਂ ਅਪੀਲਾਂ ਕੀਤੀਆਂ ਕਿ ਪੈਸੇ ਦਿਉ, ਸਿੱਖਾਂ ਦਾ ਅੰਗਰੇਜ਼ੀ ਦਾ ਰੋਜ਼ਾਨਾ ਅਖ਼ਬਾਰ ਸ਼ੁਰੂ ਕਰੀਏ। ਕਿਸੇ ਨੇ ਮਦਦ ਕੀਤੀ? ਸਾਧੂ ਸਿੰਘ ਹਮਦਰਦ ਨੂੰ ਏਨਾ ਘਾਟਾ ਪਿਆ ਪਰ ਕੋਈ ਮਦਦ ਤੇ ਨਾ ਆਇਆ। ਅਖ਼ੀਰ ਉਨ੍ਹਾਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦਾ ਫ਼ੈਸਲਾ ਕਰ ਲਿਆ। ਐਨ ਆਖ਼ਰੀ ਵਕਤ, ਇਕ ਕਾਂਗਰਸੀ ਦੇ ਦਖ਼ਲ ਨਾਲ ਪ੍ਰਤਾਪ ਸਿੰਘ ਕੈਰੋਂ ਨੇ ਉਸ ਨੂੰ ਬਚਾ ਲਿਆ ਪਰ ਅਖ਼ਬਾਰ ਦੀ ਪਾਲਸੀ ਬਦਲਵਾ ਕੇ ਰੱਖ ਦਿਤੀ।

ਦੱਸਣ ਦੀ ਗੱਲ ਏਨੀ ਹੀ ਹੈ ਕਿ ਪੰਜਾਬੀ ਦਾ ਅਖ਼ਬਾਰ ਮੁਸ਼ਕਲ ਵਿਚ ਆ ਜਾਵੇ ਜਾਂ ਡੁੱਬਣ ਲੱਗ ਪਵੇ ਤਾਂ ਉਸ ਨੂੰ ਬਚਾਉਣ ਲਈ ਪੰਜਾਬੀ ਪ੍ਰੇਮੀ ਹੋਣ ਦਾ ਦਾਅਵਾ ਕਰਨ ਵਾਲੇ ਤਾਂ ਕਦੇ ਵੀ ਅੱਗੇ ਨਹੀਂ ਆਏ। ਸਪੋਕਸਮੈਨ ਨੇ ਆਪ ਇਹ ਪਿਛਲੇ 15 ਸਾਲਾਂ ਵਿਚ ਵਾਰ-ਵਾਰ ਅਜ਼ਮਾ ਕੇ ਵੇਖ ਲਿਆ ਹੈ। ਸਿਰਫ਼ 'ਡਬਲ ਮਨੀ' ਦੇਣ ਦੀ ਅਪੀਲ ਸੁਣ ਕੇ ਹੀ ਪੈਸਾ ਭੇਜਦੇ ਹਨ (ਭਾਵੇਂ ਬਾਬੇ ਨਾਨਕ ਦੇ ਨਾਂ ਤੇ ਕੌਮੀ ਜਾਇਦਾਦ ਹੀ ਬਣਾਉਣੀ ਹੋਵੇ)।