ਅਫ਼ਗਾਨੀ ਸਿੱਖਾਂ ਨੂੰ ਪੇਸ਼ਕਸ਼, ਚਾਹੋ ਤਾਂ 'ਉੱਚਾ ਦਰ ਬਾਬੇ ਨਾਨਕ ਦਾ' ਦੀ ਜ਼ਮੀਨ 'ਤੇ ........
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
ਚਾਹੋ ਤਾਂ 'ਉੱਚਾ ਦਰ ਬਾਬੇ ਨਾਨਕ ਦਾ' ਦੀ ਜ਼ਮੀਨ 'ਤੇ 100 ਅਫ਼ਗਾਨ ਪ੍ਰਵਾਰ ਆਪਣੇ ਘਰ ਬਣਾ ਸਕਦੇ ਹਨ ਤੇ ਉਨ੍ਹਾਂ ਨੂੰ ਉੱਚਾ ਦਰ ਵਿਚ 'ਕਾਬੁਲ ਬਾਜ਼ਾਰ'
ਇਸ ਵੇਲੇ ਦੇਸ਼ ਦੁਨੀਆਂ ਵਿਚ ਇਕੋ ਹੀ ਸਾਂਝੇ 'ਦੁਸ਼ਮਣ' ਬਾਰੇ ਚਰਚਾ ਚਲ ਰਹੀ ਹੈ ਜੋ ਏਨਾ ਤਾਕਤਵਰ ਹੈ ਕਿ ਸਾਰੀਆਂ 'ਵੱਡੀਆਂ ਤਾਕਤਾਂ' ਵੀ ਉਸ ਅੱਗੇ ਹਾਰ ਮੰਨਦੀਆਂ ਪ੍ਰਤੀਤ ਹੋ ਰਹੀਆਂ ਹਨ। ਸਰਕਾਰਾਂ ਅਤੇ ਡਾਕਟਰ ਖੁਲ੍ਹ ਕੇ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਬੀਮਾਰੀ ਦਾ ਇਲਾਜ ਕੋਈ ਨਹੀਂ ਪਰ ਨਾਲ ਹੀ ਕਹਿ ਦੇਂਦੇ ਹਨ, ''ਘਬਰਾਉਣ ਦੀ ਕੋਈ ਲੋੜ ਨਹੀਂ।'' ਫਿਰ ਕਰੀਏ ਕੀ?
ਇਕੋ ਗੱਲ ਹੀ ਕਰੋ ਕਿ ਘਰ ਅੰਦਰ ਕੈਦ ਹੋ ਕੇ ਬੈਠੇ ਰਹੋ ਕਿਉਂਕਿ ਕੋਰੋਨਾ ਉਦੋਂ ਤਕ ਤੁਹਾਡੇ ਘਰ ਦੇ ਅੰਦਰ ਨਹੀਂ ਦਾਖ਼ਲ ਹੋ ਸਕਦਾ ਜਦ ਤਕ ਤੁਸੀ ਬਾਹਰ ਜਾ ਕੇ ਉਸ ਨੂੰ ਅਪਣੇ ਸ੍ਰੀਰ ਵਿਚ ਛੁਪਾ ਕੇ ਅੰਦਰ ਨਹੀਂ ਲੈ ਆਉਂਦੇ। ਨਜ਼ਰ ਤਾਂ ਉਹ ਆਉਂਦਾ ਨਹੀਂ, ਇਸ ਲਈ ਤੁਹਾਨੂੰ ਵੀ ਉਦੋਂ ਤਕ ਪਤਾ ਨਹੀਂ ਲਗਦਾ ਕਿ 'ਦੁਸ਼ਮਣ' ਤੁਹਾਡੇ ਸ੍ਰੀਰ ਦੇ ਕਿਲ੍ਹੇ ਵਿਚ ਦਾਖ਼ਲ ਹੋ ਚੁਕਾ ਹੈ ਜਦ ਤਕ ਉਹ ਤੁਹਾਨੂੰ ਬੁਖ਼ਾਰ ਨਹੀਂ ਚੜ੍ਹਾ ਦਿੰਦਾ। ਸੋ ਅੰਦਰ ਡੱਕੇ ਰਹੋ ਬੱਸ।
ਪਰ ਅੰਦਰ ਬਹਿ ਕੇ ਨਾ ਪੈਸੇ ਉਗਾਏ ਜਾ ਸਕਦੇ ਹਨ, ਨਾ ਜ਼ਿੰਦਗੀ ਦੀਆਂ ਹੋਰ ਲੋੜਾਂ ਹੀ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਕੰਮ ਨਾ ਕਰੀਏ ਤਾਂ 'ਢਿੱਡ ਦੇ ਬਾਲਣ' ਜੋਗੇ ਪੈਸੇ ਕਿਥੋਂ ਲਿਆਈਏ? ਉਹ ਤਾਂ ਬਾਹਰੋਂ ਕਮਾ ਕੇ ਹੀ ਲਿਆਣੇ ਪੈਣਗੇ। ਕਮਾਈ ਕਰਨ ਲਈ ਵੀ ਤਾਂ ਘਰ ਤੋਂ ਬਾਹਰ ਹੀ ਜਾਣਾ ਪਵੇਗਾ। ਪਰ ਬਾਹਰ ਤਾਂ ਕੰਮ ਸਾਰੇ ਬੰਦ ਹੋਏ ਪਏ ਨੇ।
ਦਿਹਾੜੀਦਾਰ ਮਜ਼ਦੂਰਾਂ ਲਈ ਦਿਹਾੜੀ ਦਾ ਕੋਈ ਕੰਮ ਨਹੀਂ, ਰਿਕਸ਼ਾ ਵਾਲੇ ਲਈ ਸਵਾਰੀ ਕੋਈ ਨਹੀਂ ਤੇ ਰੇਹੜੀ/ਰੇਹੜੇ ਵਾਲੇ ਲਈ ਢੋਣ ਵਾਲਾ ਸਮਾਨ ਕੋਈ ਨਹੀਂ। ਸੜਕਾਂ ਵੀਰਾਨ ਪਈਆਂ ਹਨ। ਵਕੀਲ ਕੋਲ ਵਕਾਲਤ ਦਾ ਕੋਈ ਕੰਮ ਨਹੀਂ (ਅਦਾਲਤਾਂ ਹੀ ਕੰਮ ਨਹੀਂ ਕਰ ਰਹੀਆਂ)। ਅਪਣੀ ਗੱਲ ਕਰੀਏ ਤਾਂ ਅਖ਼ਬਾਰਾਂ ਲਈ ਅਪਣੇ ਖ਼ਰਚੇ ਪੂਰੇ ਕਰਨ ਲਈ ਕੋਈ ਕੰਮ ਨਹੀਂ....। ਇਸ਼ਤਿਹਾਰ ਛਾਪ ਕੇ ਹੀ ਤਾਂ ਖ਼ਰਚਾ ਪੂਰਾ ਕੀਤਾ ਜਾ ਸਕਦਾ ਹੈ। ਇਸ਼ਤਿਹਾਰ ਕਿਥੋਂ ਲੈਣ ਅਖ਼ਬਾਰਾਂ? ਵਪਾਰ, ਕਾਰਖ਼ਾਨੇ, ਇਸ਼ਤਿਹਾਰ ਏਜੰਸੀਆਂ ਸੱਭ ਬੰਦ ਨੇ।
ਅਖ਼ਬਾਰ ਪਾਠਕਾਂ ਤਕ ਜ਼ਰੂਰ ਪਹੁੰਚਾਉਣੀ ਪੈਂਦੀ ਹੈ ਪਰ ਕੋਈ ਵੀ ਅਖ਼ਬਾਰ ਚੁਕ ਕੇ ਵੇਖ ਲਉ, ਕਿਸੇ ਵਿਚ ਇਸ਼ਤਿਹਾਰ ਛਪਿਆ ਨਜ਼ਰ ਨਹੀਂ ਆਉਂਦਾ। ਫਿਰ ਸਾਰੀਆਂ ਅਖ਼ਬਾਰਾਂ ਖ਼ਰਚੇ ਕਿਵੇਂ ਪੂਰੇ ਕਰਦੀਆਂ ਹਨ? ਜਿਸ ਅਖ਼ਬਾਰ ਨੇ ਲੱਖਾਂ ਕਰੋੜਾਂ ਬਚਾ ਕੇ ਰੱਖੇ ਹੋਏ ਹਨ (ਪਿਛਲੀ ਕਮਾਈ ਵਿਚੋਂ), ਉਹ ਉਸ ਵਿਚੋਂ ਭੋਰ-ਭੋਰ ਕੇ ਔਖਾ ਸਮਾਂ ਪਲਿਉਂ ਪਾ ਕੇ ਡੰਗ ਟਪਾ ਰਿਹਾ ਹੈ- ਸਿਰਫ਼ ਇਸ ਉਮੀਦ ਨਾਲ ਕਿ ਕਲ ਹਾਲਾਤ ਠੀਕ ਹੋ ਜਾਣਗੇ ਤਾਂ ਘਾਟਾ ਪੂਰਾ ਕਰ ਲਵਾਂਗੇ।
ਸਪੋਕਸਮੈਨ ਵਰਗੇ ਜਿਹੜੇ ਅਖ਼ਬਾਰ ਨੇ, ਨਾਲ ਦੀ ਨਾਲ, ਸਾਰੀ ਕਮਾਈ 'ਉੱਚਾ ਦਰ' ਵਰਗੀਆਂ ਕੌਮੀ ਸੰਸਥਾਵਾਂ ਉਤੇ ਲਗਾ ਰੱਖੀ ਹੁੰਦੀ ਹੈ, ਉਸ ਲਈ ਸਚਮੁਚ ਡਾਢੇ ਕਸ਼ਟ ਵਾਲਾ ਸਮਾਂ ਹੈ। ਖ਼ਰਚੇ ਪੂਰੇ ਕਰਨੇ ਪਹਾੜ ਜਿੱਡਾ ਕੰਮ ਬਣ ਗਿਆ ਹੈ। ਸਰਕਾਰੀ ਇਸ਼ਤਿਹਾਰ ਤਾਂ ਕਿਸੇ ਅਖ਼ਬਾਰ ਨੂੰ ਲੋੜੀਂਦੇ ਕੁਲ ਇਸ਼ਤਿਹਾਰਾਂ ਦਾ 100ਵਾਂ ਹਿੱਸਾ ਹੀ ਹੁੰਦੇ ਹਨ, 90% ਇਸ਼ਤਿਹਾਰ ਪ੍ਰਾਈਵੇਟ ਕੰਪਨੀਆਂ ਦੇ ਹੁੰਦੇ ਹਨ। ਉਹ ਇਸ ਵੇਲੇ ਪੂਰੀ ਤਰ੍ਹਾਂ ਬੰਦ ਹਨ। ਬਾਦਲ ਸਰਕਾਰ ਨੇ 10 ਸਾਲ ਸਾਡੇ ਸਰਕਾਰੀ ਇਸ਼ਤਿਹਾਰ ਰੋਕੀ ਰੱਖੇ ਤਾਂ ਅਸੀਂ ਜ਼ਰਾ ਪ੍ਰਵਾਹ ਨਹੀਂ ਸੀ ਕੀਤੀ ਕਿਉਂਕਿ ਪ੍ਰਾਈਵੇਟ 90% ਇਸ਼ਤਿਹਾਰ ਹੀ ਸਾਡੇ ਲਈ ਕਾਫ਼ੀ ਸਨ।
ਕਲ ਦੇ ਸਪੋਕਸਮੈਨ ਵਿਚ ਹੀ ਖ਼ਬਰ ਛਪੀ ਸੀ ਕਿ ਆਸਟਰੇਲੀਆ ਦੇ 60 ਛੋਟੇ ਅਖ਼ਬਾਰ ਛਪਣੇ ਬੰਦ ਹੋ ਗਏ ਹਨ ਕਿਉਂਕਿ ਉਨ੍ਹਾਂ ਨੂੰ ਇਸ਼ਤਿਹਾਰ ਨਹੀਂ ਮਿਲ ਰਹੇ। ਹੁਣ ਉਹ ਕੇਵਲ ਆਨਲਾਈਨ ਪਰਚੇ ਬਣ ਗਏ ਹਨ, ਅਰਥਾਤ ਕੇਵਲ ਮੋਬਾਈਲ ਫ਼ੋਨਾਂ ਉਤੇ ਹੀ ਪੜ੍ਹੇ ਜਾ ਸਕਦੇ ਹਨ। ਪਰ ਵਿਦੇਸ਼ਾਂ ਵਿਚ ਤਾਂ ਔਕੜ ਵਿਚ ਆਏ ਅਖ਼ਬਾਰਾਂ ਨੂੰ ਬਚਾਉਣ ਲਈ ਕਈ ਸੰਸਥਾਵਾਂ ਤੇ ਅਮੀਰ ਲੋਕ ਵੀ ਅੱਗੇ ਆ ਜਾਂਦੇ ਹਨ ਜਦਕਿ ਪੰਜਾਬੀ ਦੇ ਕਿਸੇ ਅਖ਼ਬਾਰ ਸਾਹਮਣੇ ਆਰਥਕ ਤੰਗੀ ਕਰ ਕੇ ਬੰਦ ਹੋਣ ਦੀ ਨੌਬਤ ਆ ਜਾਏ ਤਾਂ ਕੋਈ ਇਕ ਧੇਲੇ ਦੀ ਮਦਦ ਲੈ ਕੇ ਵੀ ਅੱਗੇ ਨਹੀਂ ਆਉਂਦਾ।
ਬਹੁਤੇ ਅਮੀਰ ਪੰਜਾਬੀ ਤਾਂ ਪੰਜਾਬੀ ਅਖ਼ਬਾਰਾਂ ਪੜ੍ਹਦੇ ਹੀ ਨਹੀਂ, ਨਾ ਉਨ੍ਹਾਂ ਨੂੰ ਪੰਜਾਬੀ ਅਖ਼ਬਾਰ ਦੇ ਬੰਦ ਹੋਣ ਨਾਲ ਕੋਈ ਫ਼ਰਕ ਹੀ ਪੈਂਦਾ ਹੈ। ਪੰਜਾਬੀ ਦੇ ਨਾਂ ਤੇ ਗਲਾ ਪਾੜਨ ਵਾਲੀਆਂ ਸੰਸਥਾਵਾਂ ਪੰਜਾਬੀ ਅਖ਼ਬਾਰਾਂ ਨੂੰ ਸਿਰਫ਼ ਵਰਤਦੀਆਂ ਹਨ, ਮਦਦ ਲਈ ਕਦੇ ਅੱਗੇ ਨਹੀਂ ਆਉਂਦੀਆਂ। ਜਦੋਂ ਸਿੰਘ ਸਭਾ ਲਹਿਰ ਦੇ ਬਾਨੀਆਂ ਦੇ ਪਹਿਲੇ ਸਿੱਖ ਅਖ਼ਬਾਰ ਦੀ ਪ੍ਰੈਸ ਉਤੇ ਤਾਲਾ ਲਗਾ ਦਿਤਾ ਗਿਆ ਤਾਂ ਉਨ੍ਹਾਂ ਬੜੀ ਗੁਹਾਰ ਲਗਾਈ ਕਿ ਸਿੱਖ, ਪੈਸੇ ਦੀ ਮਦਦ ਕਰ ਕੇ ਅਪਣੇ ਪਹਿਲੇ ਸਿੱਖ ਅਖ਼ਬਾਰ ਨੂੰ ਬਚਾ ਲੈਣ। ਸਿੱਖਾਂ ਨੇ ਇਕ ਪੈਸਾ ਨਾ ਦਿਤਾ ਤੇ ਅਖ਼ਬਾਰ ਬੰਦ ਕਰਵਾ ਲਿਆ।
ਮਾਸਟਰ ਤਾਰਾ ਸਿੰਘ, ਸਰਦਾਰ ਹੁਕਮ ਸਿੰਘ ਤੇ ਭਗਤ ਲਕਸ਼ਮਣ ਸਿੰਘ ਵਰਗਿਆਂ ਨੇ ਬੜੀਆਂ ਅਪੀਲਾਂ ਕੀਤੀਆਂ ਕਿ ਪੈਸੇ ਦਿਉ, ਸਿੱਖਾਂ ਦਾ ਅੰਗਰੇਜ਼ੀ ਦਾ ਰੋਜ਼ਾਨਾ ਅਖ਼ਬਾਰ ਸ਼ੁਰੂ ਕਰੀਏ। ਕਿਸੇ ਨੇ ਮਦਦ ਕੀਤੀ? ਸਾਧੂ ਸਿੰਘ ਹਮਦਰਦ ਨੂੰ ਏਨਾ ਘਾਟਾ ਪਿਆ ਪਰ ਕੋਈ ਮਦਦ ਤੇ ਨਾ ਆਇਆ। ਅਖ਼ੀਰ ਉਨ੍ਹਾਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦਾ ਫ਼ੈਸਲਾ ਕਰ ਲਿਆ। ਐਨ ਆਖ਼ਰੀ ਵਕਤ, ਇਕ ਕਾਂਗਰਸੀ ਦੇ ਦਖ਼ਲ ਨਾਲ ਪ੍ਰਤਾਪ ਸਿੰਘ ਕੈਰੋਂ ਨੇ ਉਸ ਨੂੰ ਬਚਾ ਲਿਆ ਪਰ ਅਖ਼ਬਾਰ ਦੀ ਪਾਲਸੀ ਬਦਲਵਾ ਕੇ ਰੱਖ ਦਿਤੀ।
ਦੱਸਣ ਦੀ ਗੱਲ ਏਨੀ ਹੀ ਹੈ ਕਿ ਪੰਜਾਬੀ ਦਾ ਅਖ਼ਬਾਰ ਮੁਸ਼ਕਲ ਵਿਚ ਆ ਜਾਵੇ ਜਾਂ ਡੁੱਬਣ ਲੱਗ ਪਵੇ ਤਾਂ ਉਸ ਨੂੰ ਬਚਾਉਣ ਲਈ ਪੰਜਾਬੀ ਪ੍ਰੇਮੀ ਹੋਣ ਦਾ ਦਾਅਵਾ ਕਰਨ ਵਾਲੇ ਤਾਂ ਕਦੇ ਵੀ ਅੱਗੇ ਨਹੀਂ ਆਏ। ਸਪੋਕਸਮੈਨ ਨੇ ਆਪ ਇਹ ਪਿਛਲੇ 15 ਸਾਲਾਂ ਵਿਚ ਵਾਰ-ਵਾਰ ਅਜ਼ਮਾ ਕੇ ਵੇਖ ਲਿਆ ਹੈ। ਸਿਰਫ਼ 'ਡਬਲ ਮਨੀ' ਦੇਣ ਦੀ ਅਪੀਲ ਸੁਣ ਕੇ ਹੀ ਪੈਸਾ ਭੇਜਦੇ ਹਨ (ਭਾਵੇਂ ਬਾਬੇ ਨਾਨਕ ਦੇ ਨਾਂ ਤੇ ਕੌਮੀ ਜਾਇਦਾਦ ਹੀ ਬਣਾਉਣੀ ਹੋਵੇ)।
ਪਰ ਜੇ ਪੰਥਕ ਅਖ਼ਬਾਰ ਬਚਾਉਣ ਲਈ ਅਸੀਂ ਕੁਰਬਾਨੀ ਨਹੀਂ ਕਰ ਸਕਦੇ ਤਾਂ ਹੋਰ ਕਿਥੇ ਅਸੀ ਖੁਲ੍ਹਦਿਲੀ ਨਾਲ ਮਦਦ ਕਰਦੇ ਹਾਂ? ਨਵੰਬਰ 1984 ਵਿਚ ਦਿੱਲੀ ਦੀਆਂ 700-800 ਵਿਧਵਾਵਾਂ ਦੀ ਅਸੀ ਕੀ ਮਦਦ ਕੀਤੀ? ਪੰਜਾਬ ਵਿਚ 1980 ਤੋਂ 1995 ਦੌਰਾਨ ਸ਼ਹੀਦ ਹੋਏ ਨੌਜੁਆਨਾਂ ਦੇ ਪ੍ਰਵਾਰਾਂ ਤੇ ਯਤੀਮ ਬੱਚਿਆਂ ਦੀ ਅਸੀ ਕੀ ਮਦਦ ਕੀਤੀ? ਮੈਂ ਤਾਂ ਜੋ ਵੇਖਿਆ ਉਸ ਨੇ ਮੇਰਾ ਦਿਲ ਹੀ ਤੋੜ ਕੇ ਰੱਖ ਦਿਤਾ।
ਇਨ੍ਹਾਂ ਯਤੀਮਾਂ, ਵਿਧਵਾਵਾਂ ਦੀ ਮਦਦ ਦਾ ਬਹਾਨਾ ਬਣਾ ਕੇ ਕਈ ਟੋਲੇ ਵਿਦੇਸ਼ਾਂ ਵਿਚ ਪਹੁੰਚ ਗਏ ਤੇ ਜੋਸ਼ੀਲੀਆਂ, ਜਜ਼ਬਾਤੀ ਤਕਰੀਰਾਂ ਕਰ ਕਰ ਕੇ ਕਰੋੜਾਂ ਰੁਪਏ ਇਕੱਠੇ ਕਰ ਲਏ ਤੇ ਸਾਰੇ ਪੈਸੇ ਆਪ ਹੀ ਡਕਾਰ ਗਏ ਪਰ ਏਧਰ ਆ ਕੇ ਪੀੜਤਾਂ ਨੂੰ ਧੇਲਾ ਵੀ ਨਾ ਦਿਤਾ। ਇਸੇ ਲਈ ਮੈਂ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਕਰਨ ਦਾ ਫ਼ੈਸਲਾ ਕੀਤਾ ਜਿਥੇ ਬਾਬੇ ਨਾਨਕ ਦੇ ਸਿੱਧਾਂਤ ਦੀ ਸਹੀ ਤੇ ਸਰਲ ਪੇਸ਼ਕਾਰੀ ਕੀਤੀ ਜਾਵੇ ਤੇ ਇਸ ਦੀ 100 ਫ਼ੀ ਸਦੀ ਆਮਦਨ ਗ਼ਰੀਬਾਂ ਤੇ ਲੋੜਵੰਦਾਂ ਲਈ, ਹਮੇਸ਼ਾ ਲਈ ਰਾਖਵੀਂ ਕਰ ਦਿਤੀ ਜਾਏ।
ਪ੍ਰਬੰਧਕ ਆਪ ਚਾਹ ਦਾ ਕੱਪ ਵੀ ਇਸ ਵਿਚੋਂ ਪੈਸੇ ਦੇ ਕੇ ਹੀ ਪੀ ਸਕਣਗੇ ਤੇ ਨਿਸ਼ਕਾਮ ਰੂਪ ਵਿਚ ਹੀ ਸੇਵਾ ਕਰਨਗੇ। ਹੁਣ ਕਿਸੇ ਵੀ ਸਮੇਂ ਚਾਲੂ ਹੋਣ ਦੇ ਨੇੜੇ ਪੁੱਜ ਚੁੱਕਾ ਹੈ। 92 ਕਰੋੜ ਦੇ ਕਰੀਬ ਲੱਗ ਚੁੱਕਾ ਹੈ। ਪੰਜ ਕੁ ਕਰੋੜ, ਆਖ਼ਰੀ ਵੇਲੇ ਕੀਤੇ ਜਾਣ ਵਾਲੇ ਕੰਮਾਂ ਲਈ ਹੋਰ ਚਾਹੀਦੇ ਹਨ। ਕੋਰੋਨਾ ਦਾ ਕਹਿਰ ਨਾ ਟੁਟਦਾ ਤਾਂ 14 ਅਪ੍ਰੈਲ ਨੂੰ ਬਾਬੇ ਨਾਨਕ ਦੇ ਅਸਲੀ ਜਨਮ ਪੁਰਬ ਮੌਕੇ ਆਈ ਸੰਗਤ ਨੇ ਹੀ ਇਹ ਕਮੀ ਪੂਰੀ ਕਰ ਦੇਣੀ ਸੀ। ਹੁਣ ਵੀ ਕੁੱਝ ਨਾ ਕੁੱਝ ਹੋ ਹੀ ਜਾਏਗਾ। ਪਾਠਕਾਂ ਵਿਚੋਂ ਵੀ ਬੜੇ ਹਨ ਜੋ ਬਾਬੇ ਨਾਨਕ ਦਾ ਉੱਚਾ ਦਰ ਚਾਲੂ ਕਰਨ ਨੂੰ ਅਪਣਾ ਫ਼ਰਜ਼ ਸਮਝਦੇ ਹਨ, ਅਹਿਸਾਨ ਨਹੀਂ ਤੇ ਵਪਾਰ ਵੀ ਨਹੀਂ।
ਕਾਬਲੀ ਸਿੱਖ
'ਉੱਚਾ ਦਰ ਬਾਬੇ ਨਾਨਕ' ਦੀ ਗੱਲ ਸਾਹਮਣੇ ਆ ਗਈ ਤਾਂ ਮੈਨੂੰ ਯਾਦ ਆ ਗਿਆ ਕਿ ਹੁਣੇ-ਹੁਣੇ ਅਫ਼ਗਾਨਿਸਤਾਨ ਵਿਚ 25 ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਕੇ, ਅਫ਼ਗ਼ਾਨਿਸਤਾਨ ਖ਼ਾਲੀ ਕਰ ਦੇਣ ਦੀ ਧਮਕੀ ਦੇ ਦਿਤੀ ਗਈ ਹੈ। ਸਾਡੇ ਲੀਡਰਾਂ ਤੇ ਸਾਡੀਆਂ ਜਥੇਬੰਦੀਆਂ ਦੀ ਹਮੇਸ਼ਾ ਵਾਂਗ ਅਖ਼ਬਾਰੀ ਬਿਆਨ ਛਪਵਾ ਕੇ ਹੀ ਤਸੱਲੀ ਹੋ ਜਾਏਗੀ ਪਰ ਕਰਨਾ ਕਿਸੇ ਨੇ ਕੁੱਝ ਨਹੀਂ।
ਜੇ ਕਿਸੇ ਨੇ ਪੰਜਾਬ ਦੇ ਲਾਪਤਾ ਕੀਤੇ ਲੱਖ ਦੋ ਲੱਖ ਨੌਜੁਆਨਾਂ, ਸ਼ਹੀਦਾਂ, ਯਤੀਮਾਂ ਤੇ ਧਰਮੀ ਫ਼ੌਜੀਆਂ ਲਈ ਕੁੱਝ ਨਹੀਂ ਕੀਤਾ ਤਾਂ ਕੁੱਝ ਸੌ ਅਫ਼ਗਾਨੀ ਸਿੱਖ ਪ੍ਰਵਾਰਾਂ ਲਈ ਇਹ ਕਿਉਂ ਕੁੱਝ ਕਰਨਗੇ? ਜੇ 'ਉੱਚਾ ਦਰ' ਚਾਲੂ ਹੋ ਗਿਆ ਹੁੰਦਾ ਤਾਂ ਅਸੀ ਬਿਆਨ ਨਹੀਂ ਸਨ ਦੇਣੇ, ਕੋਈ ਠੋਸ ਮਦਦ ਜ਼ਰੂਰ ਕਰਨੀ ਸੀ। ਹੁਣ ਵੀ ਮੇਰੀ ਪੇਸ਼ਕਸ਼ ਹੈ ਕਿ ਜੇਕਰ ਅਫ਼ਗ਼ਾਨੀ ਸਿੱਖ ਚਾਹੁਣ ਤਾਂ 'ਉੱਚਾ ਦਰ ਬਾਬੇ ਨਾਨਕ ਦਾ' ਉਨ੍ਹਾਂ ਦੇ ਸੌ ਡੇਢ ਸੌ ਪ੍ਰਵਾਰਾਂ ਲਈ ਅਪਣੀ ਜ਼ਮੀਨ ਮੁਫ਼ਤ ਦੇ ਸਕਦਾ ਹੈ ਜਿਥੇ ਉਹ ਅਪਣੇ ਮਕਾਨ ਬਣਾ ਕੇ ਰਹਿ ਸਕਦੇ ਹਨ।
ਇਕ 'ਅਫ਼ਗ਼ਾਨ ਬਾਜ਼ਾਰ' ਵੀ 'ਉੱਚਾ ਦਰ' ਦੇ ਹਾਤੇ ਵਿਚ ਬਣਾ ਕੇ ਦੇ ਸਕਦੇ ਹਾਂ ਜਿਥੇ ਉਹ ਅਪਣਾ ਵਪਾਰ ਵੀ ਚਲਾ ਸਕਦੇ ਹਨ। 'ਉੱਚਾ ਦਰ' ਵਿਚ ਦੇਸ਼ ਵਿਦੇਸ਼ ਤੋਂ ਹਰ ਮਹੀਨੇ ਲੱਖਾਂ ਯਾਤਰੀ ਆਇਆ ਕਰਨਗੇ ਤੇ ਧਰਮ ਦੇ ਵੱਡੇ ਕੇਂਦਰ ਦੇ ਨਾਲ-ਨਾਲ ਇਹ ਵਪਾਰ ਦਾ ਵੀ ਚੰਗਾ ਕੇਂਦਰ ਬਣਨਾ ਨਿਸ਼ਚਿਤ ਹੈ। ਅਫ਼ਗ਼ਾਨੀ ਸਿੱਖਾਂ ਨੂੰ ਇਹ ਪੇਸ਼ਕਸ਼ ਪ੍ਰਵਾਨ ਹੋਵੇ ਤਾਂ ਮੇਰੇ ਨਾਲ ਵੀ ਸੰਪਰਕ ਕਾਇਮ ਕਰ ਸਕਦੇ ਹਨ ਜਾਂ ਰੋਜ਼ਾਨਾ ਸਪੋਕਸਮੈਨ ਨਾਲ ਸੰਪਰਕ ਬਣਾ ਸਕਦੇ ਹਨ। ਅਸੀ ਇਹ ਪੇਸ਼ਕਸ਼ ਅਪਣੇ ਕਿਸੇ ਫਾਇਦੇ ਨੂੰ ਸਾਹਮਣੇ ਰੱਖ ਕੇ ਨਹੀਂ ਕਰ ਰਹੇ ਸਗੋਂ ਸੱਚੇ ਦਿਲੋਂ ਚਾਹੁੰਦੇ ਹਾਂ ਕਿ ਸੰਸਾਰ ਵਿਚ ਕਿਤੇ ਵੀ ਕੋਈ ਨਾਨਕ ਨਾਮ ਲੇਵਾ ਸਿੱਖ ਪੀੜਤ ਹੈ ਤਾਂ ਇਸ ਨੂੰ ਉਹ ਅਪਣੇ 'ਬਾਪ ਦਾ ਘਰ' ਸਮਝ ਕੇ ਆ ਜਾਵੇ ਤੇ ਕੋਈ ਵੀ ਮਦਦ ਨਿਝੱਕ ਹੋ ਕੇ ਮੰਗ ਲਵੇ।
ਭਾਈ ਨਿਰਮਲ ਸਿੰਘ
ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਉਨ੍ਹਾਂ ਭਲੇ ਲੋਕਾਂ ਵਿਚੋਂ ਸਨ ਜੋ ਬੈਠੇ ਤਾਂ 'ਛੇਕੂ ਬਰਾਦਰੀ' ਵਿਚ ਹੁੰਦੇ ਸਨ ਪਰ ਮੈਨੂੰ ਟੈਲੀਫ਼ੋਨ ਗਾਹੇ ਬਗਾਹੇ ਜ਼ਰੂਰ ਕਰ ਲੈਂਦੇ ਸਨ ਤੇ ਖੁਲ੍ਹ ਕੇ ਗੱਲਬਾਤ ਵੀ ਕਰ ਲੈਂਦੇ ਸਨ। ਸਪੋਕਸਮੈਨ ਵਿਚ ਲੇਖ ਛਪਵਾ ਕੇ ਬਹੁਤ ਖ਼ੁਸ਼ ਹੁੰਦੇ ਸਨ। ਮੈਨੂੰ ਆਖ਼ਰੀ ਵਾਰ ਉਨ੍ਹਾਂ ਦਾ ਟੈਲੀਫ਼ੋਨ ਸ਼ਾਇਦ ਨਿਊਜ਼ੀਲੈਂਡ ਤੋਂ ਆਇਆ ਸੀ। ਕਹਿਣ ਲੱਗੇ, ''ਇਕ ਲੇਖ ਲਿਖ ਕੇ ਫ਼ਲਾਣੇ ਬੰਦੇ ਨੂੰ ਦੇ ਆਇਆ ਹਾਂ, ਉਹ ਤੁਹਾਨੂੰ ਪਹੁੰਚਾ ਦੇਵੇਗਾ। ਮੈਨੂੰ ਸਪੋਕਸਮੈਨ ਵਿਚ ਛੱਪ ਕੇ ਜੋ ਸਵਾਦ ਆਉਂਦਾ ਹੈ, ਉਹ ਹੋਰ ਕਿਸੇ ਅਖ਼ਬਾਰ ਵਿਚ ਛੱਪ ਕੇ ਨਹੀਂ ਆਉਂਦਾ ਕਿਉਂਕਿ ਤੁਸੀ ਉਸ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਤੇ ਨਿਖਾਰ ਕੇ ਉਸ ਵਿਚ ਜਾਨ ਪਾ ਦਿੰਦੇ ਹੋ।''
ਰਾਗਾਂ ਵਿਚ ਕੀਰਤਨ ਕਰਨ ਵਾਲੇ ਰਾਗ ਰਾਗਨੀ ਦੇ ਇਸ ਬਾਦਸ਼ਾਹ ਦਾ ਭਾਰਤ ਸਰਕਾਰ ਨੇ ਮਾਣ ਸਨਮਾਨ 'ਪਦਮਸ਼੍ਰੀ' ਦੇ ਕੇ ਕਰ ਦਿਤਾ ਸੀ ਪਰ ਜਿਸ ਸਿੱਖ ਦਾ ਸਤਿਕਾਰ ਦੁਨੀਆਂ ਕਰੇ, ਉਸ ਨੂੰ ਮਰਨ ਤੋਂ ਬਾਅਦ ਵੀ ਸਿੱਖ ਆਪ ਇਹ ਯਾਦ ਕਰਾਉਣੋਂ ਨਹੀਂ ਖੁੰਝਦੇ ਕਿ ਅਸੀ ਅਪਣੇ ਕਿਸੇ ਚੰਗੇ ਆਗੂ ਜਾਂ ਬੰਦੇ ਦਾ ਮਾਣ ਸਤਿਕਾਰ ਕਰਨਾ ਤਾਂ ਨਹੀਂ ਜਾਣਦੇ ਪਰ ਉਸ ਦੀ ਜਹੀ ਤਹੀ ਕਰਨ ਵਿਚ ਅਸੀ ਕਿਸੇ ਤੋਂ ਪਿਛੇ ਵੀ ਕਦੇ ਨਹੀਂ ਰਹੇ। ਭਾਈ ਨਿਰਮਲ ਸਿੰਘ ਹੁਰਾਂ ਦੀ ਦੇਹ ਦਾ ਅੰਤਮ-ਸਸਕਾਰ ਇਹ ਕਹਿ ਕੇ ਦੋ ਸ਼ਮਸ਼ਾਨ ਘਾਟ ਵਾਲਿਆਂ ਨੇ ਨਾਂਹ ਕਰ ਦਿਤੀ ਕਿ ਉਹ ਕੋਰੋਨਾ ਦੀ ਬੀਮਾਰੀ ਦਾ ਸ਼ਿਕਾਰ ਹੋਏ ਹਨ,
ਇਸ ਲਈ ਆਬਾਦੀ ਦੇ ਨੇੜੇ ਸ਼ਮਸ਼ਾਨ ਘਾਟ ਵਿਚ ਸਸਕਾਰ ਕਰਨ ਨਾਲ ਕੋਰੋਨਾ ਦਾ ਮਾੜਾ ਅਸਰ ਨੇੜੇ ਰਹਿੰਦੇ ਲੋਕਾਂ ਤੇ ਹੋ ਸਕਦਾ ਹੈ। ਰੱਬ ਦਾ ਵਾਸਤਾ ਜੇ, ਬਾਬੇ ਨਾਨਕ ਦੀ ਵਿਗਿਆਨਕ ਸੋਚ ਨੂੰ ਮੰਨਣ ਵਾਲੇ ਲੋਕ ਹੋ ਤਾਂ ਕਿਸੇ ਵਿਗਿਆਨੀ ਜਾਂ ਡਾਕਟਰ ਨੂੰ ਹੀ ਪੁੱਛ ਲੈਂਦੇ। ਜਿਹੜੀ ਕੋਰੋਨਾ ਨੂੰ ਡਾਕਟਰ ਦੀ ਗੋਲੀ ਨਾਲ ਮਾਰਿਆ ਜਾ ਸਕਦਾ ਹੈ ਤੇ 100 ਵਿਚੋਂ 95 ਕੇਸਾਂ ਵਿਚ ਕਾਮਯਾਬੀ ਵੀ ਮਿਲ ਰਹੀ ਹੈ, ਉਸ ਨੂੰ ਅੱਗ ਵਿਚ ਸਾੜ ਦੇਣ ਪਿਛੋਂ ਕੀ ਬਚੇਗਾ? ਅੱਗ ਤਾਂ ਸੱਭ ਕੁੱਝ ਖ਼ਤਮ ਕਰ ਦਿੰਦੀ ਹੈ, ਬਚਣ ਕੁੱਝ ਨਹੀਂ ਦੇਂਦੀ, 'ਸਵਾਹ' ਕਰ ਦਿੰਦੀ ਹੈ।
ਦਬੀ ਆਵਾਜ਼ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਾਤ-ਅਭਿਮਾਨ ਅਸਲ ਕਾਰਨ ਸੀ ਜਿਸ ਕਾਰਨ ਪੰਜਾਬ ਵਿਚ ਵੀ ਬਹੁਤੀਆਂ ਸ਼ਮਸ਼ਾਨ ਭੂਮੀਆਂ ਵਿਚ ਕਥਿਤ 'ਨੀਵੀਆਂ ਜਾਤਾਂ' ਵਾਲਿਆਂ ਦਾ ਅੰਤਮ-ਸਸਕਾਰ ਨਹੀਂ ਕਰਨ ਦਿਤਾ ਜਾਂਦਾ। ਕਾਹਨੂੰ ਅਪਣੇ ਆਪ ਨੂੰ ਬਾਬੇ ਨਾਨਕ ਦੇ ਸਿੱਖ ਅਖਵਾਉਂਦੇ ਹੋ ਫਿਰ? ਕਿਸੇ ਅਜਿਹੇ ਨੂੰ ਗੁਰੂ ਥਾਪ ਲਉ ਜੋ ਜਾਤ-ਪਾਤ ਦਾ ਪ੍ਰਚਾਰ ਕਰਦਾ ਹੋਵੇ ਤੇ ਛੱਡੋ ਬਾਬੇ ਨਾਨਕ ਦਾ ਖਹਿੜਾ। ਹੋਰ ਕੋਈ ਨਹੀਂ ਮਿਲਦਾ ਤਾਂ ਜਾਤ-ਪਾਤ ਦਾ ਸੱਭ ਤੋਂ ਵੱਡਾ ਪ੍ਰਚਾਰਕ ਤਾਂ ਤੁਹਾਡੇ ਨੇੜੇ ਹੀ ਬੈਠਾ ਹੈ। ਉਧਰ ਕਿਉਂ ਨਹੀਂ ਚਾਲੇ ਪਾ ਦੇਂਦੇ?