ਸਿੱਖੀ ਨੂੰ ਮਾਡਰਨ ਯੁਗ ਦਾ ਧਰਮ ਵਜੋਂ ਪੇਸ਼ ਕਰਨ ਲਈ ਕੀ ਕਰਨਾ ਜ਼ਰੂਰੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅਕਾਲ ਤਖ਼ਤ ਨੂੰ ਮਾਡਰਨ ਯੁਗ ਦੀ ਸੰਸਥਾ ਵਜੋਂ ਪੇਸ਼ ਕਰਨ ਲਈ ਕੀ ਕਰਨਾ ਜ਼ਰੂਰੀ ਹੈ?

Akal Takht

 

ਪਿਛਲੇ ਹਫ਼ਤੇ ਮੈਂ ਅਪਣੇ ਆਪ ਦਾ ਬਹਾਨਾ ਬਣਾ ਕੇ, ਅਕਾਲ ਤਖ਼ਤ ਉਤੇ ਕਾਬਜ਼ ਲੋਕਾਂ ਨੂੰ ਸੁਝਾਅ ਦਿਤਾ ਸੀ ਕਿ ਉਹ ‘ਮਹਾਨ ਮਹਾਨ’ ਦੀ ਰੱਟ ਲਾਉਣ ਵਾਲਿਆਂ ਤੋਂ ਆਜ਼ਾਦ ਹੋ ਕੇ ਪਹਿਲਾਂ ਸਚਮੁਚ ਦੇ ਚਾਰ ‘ਮਹਾਨ’ ਕੰਮ ਕਰਨ ਜਿਨ੍ਹਾਂ ਨਾਲ ਅਕਾਲ ਤਖ਼ਤ ਵੀ ਸਚਮੁਚ ‘ਮਹਾਨ’ ਬਣ ਜਾਏਗਾ ਤੇ ਇਸ ਦੇ ਸੇਵਾਦਾਰ ਵੀ। ਅੱਜ ਉਹ ਜ਼ਮਾਨਾ ਨਹੀਂ ਰਹਿ ਗਿਆ ਜਦ ਪੁਜਾਰੀਆਂ ਨੇ ਜਿਸ ਨੂੰ ਇਕ ਵਾਰ ‘ਮਹਾਨ’ ਕਹਿ ਦਿਤਾ, ਉਹ ਸਦਾ ਲਈ ‘ਮਹਾਨ’ ਹੀ ਬਣਿਆ ਰਹੇਗਾ। ਬਾਬੇ ਨਾਨਕ ਦੀ ਬਾਣੀ ਵਿਚ ਸਾਰੇ ਪੁਰਾਤਨ ‘ਮਹਾਨਾਂ’ ਨੂੰ ਦੱਬ ਕੇ ਨਿੰਦਿਆ ਗਿਆ ਹੈ ਕਿਉਂਕਿ ਉਨ੍ਹਾਂ ਦੇ ਕੰਮ ‘ਮਹਾਨ’ ਨਹੀਂ ਸਨ ਰਹਿ ਗਏ। ਉਨ੍ਹਾਂ ਨੂੰ ਤਾਂ ਫਿਰ ਵੀ ਅਨਪੜ੍ਹਤਾ ਤੇ ਅਗਿਆਨਤਾ ਨੇ ਕਾਫ਼ੀ ਸਮਾਂ ਦੇ ਦਿਤਾ ਪਰ ਅੱਜ ਤਾਂ ਦੁਨੀਆਂ ਦੇ ਵਿਚਾਰ ਬਦਲਣ ਦੀ ਤੇ ਮਹਾਨਾਂ ਦੀ ‘ਮਹਾਨਤਾ’ ਨੂੰ ਪਰਖਣ ਦੀ ਸਪੀਡ ਬੜੀ ਤੇਜ਼ ਹੋ ਗਈ ਹੈ। ਸਾਡੇ ਧਰਮ-ਅਸਥਾਨਾਂ ਵਿਚ ਜੋ ਕੁੱਝ ‘ਗ਼ਲਤ’ ਹੋਣਾ ਸ਼ੁਰੂ ਹੋ ਗਿਆ ਹੈ, ਉਸੇ ਦਾ ਨਤੀਜਾ ਹੈ ਕਿ ਮਾਮੂਲੀ ਜਹੇ ਬੰਦਿਆਂ ਨੇ ਪੰਜਾਬ ਵਿਚ ਹੀ ਬਰਾਬਰ ਦੇ ਵੱਡੇ ‘ਹੱਟ’ ਖੋਲ੍ਹ ਦਿਤੇ ਹਨ (ਨਿਰੰਕਾਰੀ, ਰਾਧਾ ਸਵਾਮੀ ਤੇ ਸੌਦਾ ਸਾਧ) ਜੋ ਕਰੋੜਾਂ ਸਿੱਖਾਂ ਤੇ ਦੂਜੇ ਪੰਜਾਬੀਆਂ ਨੂੰ ਸਿੱਖੀ ਤੋਂ ਦੂਰ ਲੈ ਗਏ ਹਨ। ਜੇ ਸਾਡੇ ਵੱਡੇ ਅਦਾਰੇ ਬਾਬੇ ਨਾਨਕ ਦੀ ਸਿੱਖ ਸੋਚ ਤੇ ਕਾਇਮ ਰਹਿੰਦੇ ਤੇ ‘ਮਹਾਨ’ ਮਹਾਨ’ ਅਖਵਾਉਣ ਦੀ ਮੁਹਾਰਨੀ ਰਟਣ ਨਾਲੋਂ, ਸਚਮੁਚ ਦੇ ਮਹਾਨ ਕੰਮ ਕਰਦੇ ਰਹਿੰਦੇ ਤਾਂ ਕੀ ਮਜਾਲ ਸੀ ਕਿ ਇਨ੍ਹਾਂ ’ਚੋਂ ਕੋਈ ਵੀ ਅਕਾਲ ਤਖ਼ਤ ਦੇ ਮੁਕਾਬਲੇ ਟਿਕ ਸਕਦਾ!

 

 

ਸੋ ਮੈਂ ਪਿਛਲੇ ਹਫ਼ਤੇ ਚਾਰ ਕੰਮ ਕਰਨ ਲਈ, ਵਿੰਗੇ ਢੰਗ ਨਾਲ, ਅਕਾਲ ਤਖ਼ਤ ਵਾਲਿਆਂ ਨੂੰ ਪ੍ਰੇਰਿਆ ਸੀ। ਬਹੁਤੇ ਪਾਠਕਾਂ ਨੇ ਪੁਛਿਆ ਹੈ, ਜੋ ਮੈਂ ਕਿਹਾ ਹੈ, ਉਹ ਹੈ ਤਾਂ 100 ਫ਼ੀ ਸਦੀ ਠੀਕ ਪਰ ਕੀ ਤਖ਼ਤ ’ਤੇ ਬੈਠੇ ‘ਮਹਾਨ’ ਪੁਜਾਰੀਆਂ ਨੂੰ ਇਹ ਸੁਝਾਅ ਚੰਗੇ ਵੀ ਲੱਗਣਗੇ? ਬਿਲਕੁਲ ਚੰਗੇ ਨਹੀਂ ਲਗਣੇ ਕਿਉਂਕਿ ਇਨ੍ਹਾਂ ਸੁਝਾਵਾਂ ਤੇ ਅਮਲ ਕਰਨ ਲਈ ਕੁਰਬਾਨੀ ਕਰਨੀ ਪਵੇਗੀ, ਰੜੇ ਮੈਦਾਨਾਂ ਵਿਚ ਘੁੰਮਣਾ ਪਵੇਗਾ ਤੇ ਅਪਣਾ ਸੁੱਖ ਆਰਾਮ ਛੱਡ ਕੇ ਪੰਥ ਦੇ ਸੁੱਖ ਆਰਾਮ ਲਈ ਕੰਮ ਕਰਨਾ ਪਵੇਗਾ। ਜਿਸ ਤਰ੍ਹਾਂ ਅੱਜ ਕਿਸਾਨ ਦੇ ਪੁੱਤਰ ਹੱਲ ਆਪ ਨਹੀਂ ਵਾਹੁਣਾ ਚਾਹੁੰਦੇ ਤੇ ਭਈਆਂ ਕੋਲੋਂ ਕੰਮ ਕਰਵਾ ਕੇ ਆਪ ਸੁਖੀ ਹੋਣਾ ਲੋਚਦੇ ਹਨ, ਇਸੇ ਤਰ੍ਹਾਂ ਸਾਡੇ ‘ਜਥੇਦਾਰ’ ਤੇ ਹੋਰ ਧਰਮ-ਪ੍ਰਚਾਰਕ ਵੀ ਦਫ਼ਤਰ ਦਾ ਸੁੱਖ ਆਰਾਮ ਛੱਡ ਕੇ, ਲੋਕਾਂ ਖ਼ਾਤਰ ਪਿੰਡ ਪਿੰਡ ਘੁੰਮਣ ਦਾ ਜੋਖਮ ਉਠਾਉਣ ਲਈ ਤਿਆਰ ਨਹੀਂ ਹੋਣਾ ਚਾਹੁੰਦੇ ਤੇ ਹਾਕਮਾਂ, ਸਿਆਸੀ ਮਾਲਕਾਂ ਦੀਆਂ ਘੁਰਕੀਆਂ, ਗਾਲਾਂ ਤੇ ਅਸਭਿਅਕ ਭਾਸ਼ਾ ਨੂੰ ਬਰਦਾਸ਼ਤ ਕਰਦੇ ਰਹਿੰਦੇ ਹਨ ਪਰ ਝੂਠੇ ਸੁਖ ਆਰਾਮ ਨੂੰ ਕਦੇ ਨਹੀਂ ਤਿਆਗਣਗੇ, ਪੰਥ ਭਾਵੇਂ...! ਇਹ ਅਪਣੇ ਅਪਣੇ ਆਪ ਨੂੰ ਸਮਝਾ ਲੈਂਦੇ ਹਨ ਕਿ ਚਲੋ ਸਿਆਸੀ ਮਾਲਕਾਂ ਦੀਆਂ ਝਿੜਕਾਂ ਖਾਣੀਆਂ ਪੈਂਦੀਆਂ ਹਨ ਤਾਂ ਫਿਰ ਕੀ ਹੋਇਆ, ਸਿਆਸੀ ਮਾਲਕਾਂ ਦੀ ਸਰਪ੍ਰਸਤੀ ਕਾਰਨ ਹੀ ਉਹ ਵੱਡੇ ਵੱਡੇ ਵਿਦਵਾਨਾਂ, ਗੁਰਮੁਖਾਂ ਤੇ ਭਲੇ ਲੋਕਾਂ ਨੂੰ ਜ਼ਲੀਲ ਕਰ ਕੇ ਵੀ ਤਾਂ ਅਨੰਦ ਪ੍ਰਾਪਤ ਕਰ ਲੈਂਦੇ ਹਨ ਤੇ ਮਾਇਆ ਵੀ ਘਰ ਬੈਠਿਆਂ ਉਨ੍ਹਾਂ ਕੋਲ ਆਪੇ ਆਪ ਆਈ ਜਾਂਦੀ ਹੈ। ਸੋ ਫਿਰ ਪੰਥ ਲਈ ਹੱਡ-ਭੰਨਵੀਂ ਮਿਹਨਤ ਕਰ ਕੇ ਕੀ ਲੈਣਾ ਹੈ....?ਸੋ ਕਿਸੇ ਉਤੇ ਅਸਰ ਤਾਂ ਨਹੀਂ ਹੋਣਾ ਪਰ ਫਿਰ ਵੀ ਬਾਕੀ ਦੇ ਕਰਨ ਵਾਲੇ ਕੰਮ ਵੀ ਮੈਂ ਦੱਸ ਹੀ ਦੇਵਾਂ। ਪਹਿਲੇ ਦੋ ਸਾਲਾਂ ਵਿਚ ਕੀਤੇ ਜਾਣ ਵਾਲੇ ਕੰਮ ਇਹ ਸੁਝਾਏ ਸਨ : 

ਪਹਿਲਾ ਕੰਮ : ਅਕਾਲ ਤਖ਼ਤ ਵਲੋਂ 12000 ਪਿੰਡਾਂ ਵਿਚ ਇਕੋ ਸਮੇਂ ਪਤਿਤਪੁਣੇ ਵਿਰੁਧ ਲਹਿਰ ਚਲਾਵਾਂਗਾ ਤੇ ਹਰ ਪਿੰਡ ਵਿਚ ‘ਅਕਾਲ ਜੱਥੇ’ ਕਾਇਮ ਕਰ ਕੇ ਆਪ ਹਰ ਪਿੰਡ ਵਿਚ ਪਹੁੰਚਾਂਗਾ।
ਦੂਜਾ ਕੰਮ : ਹਰ ਪਿੰਡ ਵਿਚ ਗ਼ਰੀਬ, ਨਿਆਸਰੇ ਤੇ ਬੇਘਰੇ ‘ਗੁਰੂ ਕੇ ਲਾਲ’ ਲੱਭ ਕੇ ਅਕਾਲ ਤਖ਼ਤ ਵਲੋਂ ਉਨ੍ਹਾਂ ਨੂੰ ਉੁਹ ਸੱਭ ਦੇਣ ਦਾ ਯਤਨ ਸ਼ੁਰੂ ਕਰਾਂਗਾ ਜੋ ਦੇਣਾ ਤਾਂ ਸਿਆਸੀ ਤਖ਼ਤਾਂ ਨੇ ਸੀ ਪਰ ਦੇ ਨਹੀਂ ਸਕੇ।
 ਤੀਜਾ ਕੰਮ : ਬੇਰੁਜ਼ਗਾਰ ਨੌਜੁਆਨਾਂ ਲਈ ਅਕਾਲ ਤਖ਼ਤ ਵਲੋਂ 500 ਕਰੋੜ ਦਾ ਫ਼ੰਡ ਕਾਇਮ ਕਰ ਕੇ ਉਨ੍ਹਾਂ ਨੂੰ ਅਪਣੀ ਸਰਦਾਰੀ ਤੇ ਭੂਮੀ ਛੱਡ ਕੇ, ਵਿਦੇਸ਼ਾਂ ਵਿਚ ਮਜ਼ਦੂਰੀ ਕਰਨ ਜਾਣੋਂ ਰੋਕਾਂਗਾ।
 ਚੌਥਾ ਕੰਮ : ਪੰਥ ਦਾ ਬੱਚਾ-ਬੱਚਾ ਕਿਸਾਨਾਂ ਸਿਰ ਚੜ੍ਹੇ ਕਰਜ਼ੇ, ਰਲ ਮਿਲ ਕੇ, ਅਕਾਲ ਤਖ਼ਤ ਦੀ ਅਗਵਾਈ ਹੇਠ, ਲਾਹ ਦੇਵੇ। ਇਸ ਨਾਲ ਪੰਥ ਦਾ 70 ਫ਼ੀ ਸਦੀ ਭਾਗ ਚਿੰਤਾ-ਮੁਕਤ ਹੋ ਜਾਏਗਾ। 

ਜੇ ਸਰਬੱਤ ਖ਼ਾਲਸਾ ਪਹਿਲੇ ਦੋ ਸਾਲ ਦੇ ਕੰਮਾਂ ਤੇ ਖ਼ੁਸ਼ੀ ਨਾ ਪ੍ਰਗਟ ਕਰੇ ਤਾਂ ‘ਜਥੇਦਾਰ’ ਅਸਤੀਫ਼ਾ ਦੇ ਕੇ ਕਿਸੇ ਹੋਰ ਨੂੰ ਮੌਕਾ ਦੇਵੇਗਾ ਪਰ ਜੇ ਖ਼ੁਸ਼ ਹੋ ਜਾਵੇਗਾ ਤਾਂ ਅਗਲੇ ਤਿੰਨ ਸਾਲ ਦੇ ਕੰਮ ਇਹ ਕਰ ਸਕਦਾ ਹੈ :
r ਸਾਰਾ ਪੰਥ, ਪੰਜਾਬ ਦਾ ਸਾਰਾ ਕਰਜ਼ਾ ਅਪਣੇ ਉਤੇ ਲੈ ਲਵੇ ਤੇ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦਾ ਕੰਮ, ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਕਰ ਵਿਖਾਵੇ। ਇਹ ਕਰਜ਼ਾ ਲਾਹੁਣਾ ਸਰਕਾਰ ਦਾ ਕੰਮ ਹੈ ਪਰ ਜਿਥੇ ਸਰਕਾਰਾਂ ਫ਼ੇਲ੍ਹ ਹੋਈਆਂ ਹਨ, ਉਥੇ ਅਕਾਲ ਤਖ਼ਤ ਇਹ ਕੰਮ ਕਰ ਦਿਖਾਵੇ ਤਾਂ ਅਕਾਲ ਤਖ਼ਤ ਦਾ ਰੁਤਬਾ ਕਿਸ ਉਚਾਈ ’ਤੇ ਪਹੁੰਚ ਜਾਏਗਾ, ਇਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਦੁਨੀਆਂ ਦੇ ਲੋਕ ਇਥੋਂ ਰੋਸ਼ਨੀ ਤੇ ਅਗਵਾਈ ਲੈਣ ਲਈ ਦੌੜੇ ਆਉਣਗੇ। ਸਾਰਾ ਪੰਜਾਬ ਤਾਂ ਅਕਾਲ ਤਖ਼ਤ ਤੋਂ ਬਲਿਹਾਰ ਜਾਏਗਾ ਹੀ।

 ਅੰਧ-ਵਿਸ਼ਵਾਸ, ਕਰਮ-ਕਾਂਡ, ਕਰਾਮਾਤਾਂ ਤੇ ਕਥਾ-ਕਹਾਣੀਆਂ ਵਿਰੁਧ ਮੋਰਚਾ ਕਾਇਮ ਕਰ ਕੇ, ਸਾਰੇ ਦੇਸ਼ ਦੇ ਧਾਰਮਕ ਵਾਤਾਵਰਣ ਵਿਚ ਫੈਲੇ ਇਸ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਅਕਾਲ ਤਖ਼ਤ ਦੀ ਅਗਵਾਈ ਵਿਚ ਮੋਰਚਾ, ਸਾਰੇ ਦੇਸ਼ ਵਿਚ ਹੀ ਲਗਾਤਾਰ ਕੰਮ ਸ਼ੁਰੂ ਕਰ ਦੇਵੇਗਾ। ਭਾਰਤ ਭਰ ’ਚੋਂ ਬੁਧੀਜੀਵੀ, ਸਮਾਜ ਸੇਵੀ ਤੇ ਸਿਆਣੇ ਲੋਕ ਅਕਾਲ ਤਖ਼ਤ ਨਾਲ ਜੁੜ ਜਾਣਗੇ ਤੇ ਸਿੱਖੀ ਦਾ ਬੋਲਬਾਲਾ ਹਿੰਦੁਸਤਾਨ ਭਰ ਵਿਚ ਹੋਣ ਲੱਗ ਜਾਏਗਾ। ਬਾਬਾ ਨਾਨਕ ਸਾਨੂੰ ਬਹੁਤ ਕੁੱਝ ਦੇ ਗਏ ਹਨ, ਅਸੀ ਉਸ ਦੀ ਵਰਤੋਂ ਤਾਂ ਕਰਨੀ ਸ਼ੁਰੂ ਕਰੀਏ। ਅਸੀ ਤਾਂ ਅਪਣੀ ਮੱਤ ਦੇ ਹੀ ਡੰਕੇ ਵਜਾਉਂਦੇ ਰਹਿੰਦੇ ਹਾਂ, ਗੁਰੂ-ਮੱਤ ਜਾਂ ਗੁਰਮਤਿ ਦੀ ਤਾਂ ਗੱਲ ਹੀ ਨਹੀਂ ਕਰਦੇ। (ਅਕਾਲ ਪੁਰਖ ਹੀ ਇਕੋ ਇਕ ਗੁਰੂ ਹੈ ਤੇ ਉਸ ਦੇ ‘ਸ਼ਬਦ’ ਨੂੰ ਕੁਦਰਤ ਦੀ ਹਰ ਹਰਕਤ ’ਚੋਂ ਸਮਝਣਾ ਹੀ ਗੁਰਮਤਿ ਹੈ)।

 ਆਖ਼ਰੀ ਗੱਲ ਕਿ ਮੰਨ ਲਿਆ ਜਾਏ ਕਿ ਸਿੱਖ ਧਰਮ ਇਕ ਵਿਕਾਸ ਕਰ ਰਿਹਾ ਫ਼ਲਸਫ਼ਾ ਹੈ ਤੇ ਇਸ ਸਟੇਜ ਤੇ ਇਸ ਦੇ ਵਿਕਾਸ ਨੂੰ ‘ਵਿਰੋਧ’ ਜਾਂ ਅਪਮਾਨ ਕਹਿ ਕੇ ਮੂੰਹ ਬੰਦ ਨਹੀਂ ਕਰਨੇ ਚਾਹੀਦੇ। ਮਾਰਕਸਵਾਦ ਦੇ ਕਈ ਰੂਪ ਸਾਹਮਣੇ ਆ ਚੁੱਕੇ ਹਨ ਕਿਉਂਕਿ ਕੋਈ ਪੁਜਾਰੀ ਉਨ੍ਹਾਂ ਨੂੰ ਰੋਕਣ ਵਾਲਾ ਨਹੀਂ। ਇਸ ਨਾਲ ਉਹ ਅਮੀਰ ਹੀ ਹੋਇਆ ਹੈ। ਸਿੱਖੀ ਵਿਚ ਤਾਂ ਰਲਾ ਹੀ ਬਹੁਤ ਪਾ ਦਿਤਾ ਗਿਆ ਹੈ ਤੇ ਝੂਠ ਨੂੰ ਸੱਚ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ। ਪੁਜਾਰੀਵਾਦ ਦਾ ਡੰਡਾ ਇਸ ਫ਼ਰਕ ਨੂੰ ਮਿਟਾ ਤਾਂ ਨਹੀਂ ਸਕੇਗਾ ਪਰ ਧਰਮ ਦਾ ਵਿਕਾਸ ਰੋਕ ਜ਼ਰੂਰ ਦੇਵੇਗਾ ਜਿਵੇਂ ਹੁਣ ਤਕ ਹੋਇਆ ਹੈ। ਇਸ ਲਈ ‘ਸਜ਼ਾ ਦੇਣ’ ਦੀ ਬਜਾਏ, ਅਕਾਲ ਤਖ਼ਤ ਅਪਣੀ ਰਾਏ ਦੇਣ ਦੀ ਪਿਰਤ ਸ਼ੁਰੂ ਕਰ ਸਕਦਾ ਹੈ। ਹਰ ਨਵੀਂ ਰਾਏ ਦੇਣ ਵਾਲੇ ਮਗਰ ਲਾਠੀ ਚੁਕ ਕੇ ਪੈ ਜਾਣਾ ਵਿਕਾਸ ਨੂੰ ਰੋਕਣ ਤੁਲ ਹੀ ਹੁੰਦਾ ਹੈ। ਸੋ ਜਥੇਦਾਰ ਨੂੰ ਕੇਵਲ, ਵਿਦਵਾਨਾਂ ਨਾਲ ਚਰਚਾ ਕਰ ਕੇ ਅਕਾਲ ਤਖ਼ਤ ਦੀ ਰਾਏ ਹੀ ਦੇਣੀ ਚਾਹੀਦੀ ਹੈ ਤੇ ਦੂਜਿਆਂ ਦੀ ਰਾਏ ਸੁਣਨੀ ਚਾਹੀਦੀ ਹੈ।

‘ਅਦਾਲਤੀ’ ਜਾਂ ‘ਥਾਣੇਦਾਰੀ’ ਵਾਲੀ ਪਿਰਤ ਪੂਰੀ ਤਰ੍ਹਾਂ ਤਿਆਗ ਦਿਤੀ ਜਾਣੀ ਚਾਹੀਦੀ ਹੈ। ਈਸਾਈ ਧਰਮ ਵਿਚ ਪੋਪ ਪਹਿਲਾਂ ਉਹੀ ਕੁੱਝ ਕਰਦਾ ਸੀ ਜੋ ਅੱਜ ਸਾਡੇ ਜਥੇਦਾਰ ਕਰਦੇ ਹਨ। ਅੱਜ ਈਸਾਈ ਵਿਦਵਾਨ ਤੇ ਲੇਖਕ ਹਜ਼ਾਰ ਤਰ੍ਹਾਂ ਦੀ ਵੱਖ ਵੱਖ ਰਾਏ ਦੇ ਰਹੇ ਹਨ ਪਰ ਚਰਚ ਉਨ੍ਹਾਂ ਨੂੰ ਕੁੱਝ ਨਹੀਂ ਕਹਿ ਸਕਦਾ, ਕੇਵਲ ਅਪਣੀ ਰਾਏ ਦੇ ਸਕਦਾ ਹੈ। ਇਸ ਤਰ੍ਹਾਂ ਕਰ ਕੇ ਸਿੱਖੀ ਨੂੰ ਮਾਡਰਨ ਯੁਗ ਦਾ ਫ਼ਲਸਫ਼ਾ ਬਣਨ ਦਿਤਾ ਜਾਣਾ ਚਾਹੀਦਾ ਹੈ ਤੇ ਅਕਾਲ ਤਖ਼ਤ ਨੂੰ ਮਾਡਰਨ ਯੁਗ ਦੀ ਸੰਸਥਾ। ਬਾਕੀ ਪੁਜਾਰੀਵਾਦ ਦੀ ਮਰਜ਼ੀ।