ਪੰਜਾਬ ਲਈ ਕਿੰਨਾ ਕੁ 'ਲੋਹ ਪੁਰਸ਼' ਸਾਬਤ ਹੋਇਆ ਪ੍ਰਤਾਪ ਸਿੰਘ ਕੈਰੋਂ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਰੱਬ ਵਲੋਂ ਮੈਨੂੰ ਘੋਖਵੀਂ ਨਜ਼ਰ ਮਿਲੀ ਹੋਣ ਸਦਕਾ, ਮੈਂ ਕੈਰੋਂ ਦਾ ਦੂਜਾ ਰੂਪ ਵੀ ਵਾਰ ਵਾਰ ਵੇਖਿਆ।

Partap Singh Kairon and Jawaharlal Nehru

ਜਵਾਹਰ ਲਾਲ ਨਹਿਰੂ ਵੀ ਸ: ਕੈਰੋਂ ਨੂੰ 'ਆਈਏ ਮੇਰੇ ਸ਼ੇਰ' ਕਹਿ ਕੇ ਬੁਲਾਇਆ ਕਰਦੇ ਸਨ ਤੇ ਮੀਡੀਆ ਵਿਚ ਉਨ੍ਹਾਂ ਦਾ ਪ੍ਰਚਾਰ ਵੀ ਇਹ ਕਹਿ ਕੇ ਕੀਤਾ ਜਾਂਦਾ ਸੀ ਕਿ ਇਹੋ ਜਿਹਾ 'ਫ਼ੌਲਾਦੀ ਇਨਸਾਨ' ਪੰਜਾਬ ਦੀ ਗੱਦੀ 'ਤੇ ਕਦੇ ਨਹੀਂ ਬੈਠਾ।... ਉਹ ਮੇਰੇ ਪਿਤਾ ਦਾ ਵੀ ਚੰਗਾ ਮਿੱਤਰ ਸੀ। ਦਿੱਲੀ ਜਾਂਦਾ ਹੋਇਆ ਭਾਵੇਂ ਪੰਜ-ਸੱਤ ਮਿੰਟ ਲਈ ਹੀ ਪਰ ਪਿਤਾ ਜੀ ਨੂੰ ਮਿਲਣ ਜ਼ਰੂਰ ਆ ਜਾਇਆ ਕਰਦਾ ਸੀ।

ਰੱਬ ਵਲੋਂ ਮੈਨੂੰ ਘੋਖਵੀਂ ਨਜ਼ਰ ਮਿਲੀ ਹੋਣ ਸਦਕਾ, ਮੈਂ ਕੈਰੋਂ ਦਾ ਦੂਜਾ ਰੂਪ ਵੀ ਵਾਰ ਵਾਰ ਵੇਖਿਆ। ਮੌਤ ਤੋਂ ਕੁੱਝ ਸਮਾਂ ਪਹਿਲਾਂ ਮੈਂ ਉਸ ਨੂੰ ਅਪਣੇ ਪਿਤਾ ਦੇ ਘਰ ਰੋਂਦਿਆਂ ਤੇ ਅਪਣੇ ਆਪ ਨੂੰ ਗਾਲਾਂ ਕਢਦੇ ਵੀ ਵੇਖਿਆ ਕਿਉਂਕਿ ਜਿਸ ਨਹਿਰੂ ਖ਼ਾਤਰ, ਉਸ ਨੇ ਸਿੱਖ ਰਾਜਨੀਤੀ ਨੂੰ ਲੀਹਾਂ ਤੋਂ ਲਾਹ ਕੇ ਰੱਖ ਦਿਤਾ ਸੀ, ਉਸ ਨਹਿਰੂ ਨੇ ਅਪਣਾ ਕੰਮ ਕਰਵਾ ਕੇ, ਕੈਰੋਂ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿਤਾ ਸੀ...

ਮੇਰੇ ਪਿਤਾ, ਡਾਕਟਰੀ ਛੱਡ ਕੇ, ਕਾਰਖ਼ਾਨੇਦਾਰ ਬਣ ਗਏ। ਉਨ੍ਹਾਂ ਨੂੰ ਉਸ ਪਾਸੇ ਲਿਜਾਣ ਵਾਲਾ ਵੀ ਇਕ ਸਿਆਸੀ ਨੇਤਾ ਹੀ ਸੀ ਜਿਸ ਨੂੰ ਪਿਤਾ ਜੀ ਦੀਆਂ ਸਿਆਣੀਆਂ ਗੱਲਾਂ ਸੁਣ ਸੁਣ ਕੇ ਬੜੀ ਖ਼ੁਸ਼ੀ ਹੁੰਦੀ ਸੀ ਤੇ ਉਨ੍ਹਾਂ ਨੂੰ ਇਕ ਕਾਰਖ਼ਾਨਾ ਲਾਉਣ ਦੀ ਪ੍ਰੇਰਨਾ ਦੇਂਦਾ ਰਹਿੰਦਾ ਸੀ। ਉਸ ਦੀ ਦਲੀਲ ਹੁੰਦੀ ਸੀ ਕਿ ''ਡਾਕਟਰੀ ਪੇਸ਼ਾ ਵੀ ਬਹੁਤ ਚੰਗਾ ਹੈ ਤੇ ਤੁਸੀ ਲੋਕਾਂ ਦੀ ਚੰਗੀ ਸੇਵਾ ਵੀ ਕਰ ਰਹੇ ਹੋ ਪਰ ਜਿੰਨਾ ਦਿਮਾਗ਼ ਤੁਹਾਡੇ ਕੋਲ ਹੈ, ਉਸ ਨਾਲ ਤੁਸੀ ਹੁਣ ਨਾਲੋਂ ਹਜ਼ਾਰ ਗੁਣਾਂ ਵੱਧ ਲੋਕਾਂ ਦੀ ਸੇਵਾ ਵੀ ਕਰ ਸਕਦੇ ਹੋ ਤੇ ਦੇਸ਼ ਦੀ ਸੇਵਾ ਵਿਚ ਵੀ ਵੱਡਾ ਹਿੱਸਾ ਪਾ ਸਕਦੇ ਹੋ।

ਰੱਬ ਨੇ ਤੁਹਾਨੂੰ ਏਨਾ ਦਿਮਾਗ਼ ਦਿਤਾ ਹੈ, ਇਸ ਨੂੰ ਜ਼ਿਆਦਾ ਲੋਕਾਂ ਦੀ ਸੇਵਾ ਲਈ ਵਰਤੋ। ਡਾਕਟਰੀ ਵਿਚ ਤੁਸੀ ਕੇਵਲ ਅਪਣੇ ਸ਼ਹਿਰ ਦੇ ਸੌ ਦੋ ਸੌ ਬੰਦਿਆਂ ਦੀ ਸੇਵਾ ਕਰ ਸਕਦੇ ਹੋ ਪਰ ਇੰਡਸਟਰੀ ਲਾ ਕੇ ਲੱਖਾਂ ਲੋਕਾਂ ਦੀ ਸੇਵਾ ਕਰ ਸਕਦੇ ਹੋ ਤੇ ਦੇਸ਼ ਦੀ ਸੇਵਾ ਵੱਖ ਹੋ ਜਾਏਗੀ। ਮੈਨੂੰ ਭਾਈਵਾਲ ਬਣਾਉਣਾ ਚਾਹੋ ਤਾਂ ਮੈਂ ਪੈਸੇ ਦੀ ਕਮੀ ਨਹੀਂ ਆਉਣ ਦੇਵਾਂਗਾ।''

ਸੋ ਪਿਤਾ ਜੀ 'ਕਾਰਖ਼ਾਨੇਦਾਰ' ਬਣ ਗਏ। ਇਸ ਨਵੇਂ 'ਅਵਤਾਰ' ਵਿਚ ਪਿਤਾ ਜੀ ਕੋਲ ਸਿਆਸੀ ਲੋਕ ਵੀ ਬਹੁਤ ਆਉਣ ਲੱਗ ਪਏ। ਪਿਤਾ ਜੀ ਦਾ ਹੱਥ ਖੁਲ੍ਹਾ ਸੀ, ਉਹ ਹਰ ਆਏ ਸਿਆਸਤਦਾਨ ਨੂੰ ਕੁੱਝ ਨਾ ਕੁੱਝ ਦੇ ਜ਼ਰੂਰ ਦੇਂਦੇ, ਜਿਵੇਂ ਪਹਿਲਾਂ ਉਹ ਗ਼ਰੀਬਾਂ ਨੂੰ ਦਿਆ ਕਰਦੇ ਸਨ। ਮੈਂ ਤਾਂ ਚੰਡੀਗੜ੍ਹ ਵਿਚ ਲਾਅ ਕਾਲਜ ਵਿਚ ਪੜ੍ਹਦਾ ਸੀ ਜਦ ਇਹ ਸੱਭ ਕੁੱਝ ਹੋ ਗਿਆ। ਵਾਪਸ ਘਰ ਜਾ ਕੇ, ਘਰ ਵਿਚ 'ਸਿਆਸੀ ਪ੍ਰਾਹੁਣਿਆਂ' ਦੀ ਆਮਦ ਵੇਖ ਕੇ ਮੈਨੂੰ ਵੀ ਬੜੀ ਹੈਰਾਨੀ ਹੁੰਦੀ।

ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਮੈਂ ਵੀ ਚਾਹ ਪਾਣੀ ਨਾਲ ਸੇਵਾ ਕਰਨ ਦੇ ਬਹਾਨੇ, ਉਨ੍ਹਾਂ ਕੋਲ ਬੈਠਣ ਲੱਗ ਪਿਆ। ਹੌਲੀ ਹੌਲੀ ਉਹ ਮੇਰੇ ਵੀ ਚੰਗੇ ਵਾਕਫ਼ਕਾਰ ਬਣ ਗਏ। ਜਿਹੜਾ ਸੱਭ ਤੋਂ ਵੱਡਾ ਸਿਆਸਤਦਾਨ, ਮੇਰੇ ਹੁੰਦਿਆਂ, ਸਾਡੇ ਘਰ ਦੋ ਤਿੰਨ ਵਾਰ ਆਇਆ, ਉਹ ਪ੍ਰਤਾਪ ਸਿੰਘ ਕੈਰੋਂ ਹੀ ਸੀ। ਰਸਮੀ ਜਹੀਆਂ ਗੱਲਾਂ ਜਾਂ ਸਿਆਸੀ ਗੱਲਾਂ ਹੀ ਹੁੰਦੀਆਂ। ਪਿਤਾ ਜੀ 10 ਹਜ਼ਾਰ ਰਪਏ ਦਾ ਬੰਡਲ ਉਨ੍ਹਾਂ ਦੇ ਹੱਥ ਫੜਾਂਦੇ ਤੇ ਉਹ ਖ਼ੁਸ਼ੀ ਖ਼ੁਸ਼ੀ ਜੇਬ ਵਿਚ ਪਾ ਕੇ ਚਲਦੇ ਬਣਦੇ। ਸਸਤੇ ਜ਼ਮਾਨੇ ਸਨ।

60 ਸਾਲ ਪਹਿਲਾਂ ਦੇ 10 ਹਜ਼ਾਰ ਅੱਜ ਦੇ 10 ਲੱਖ ਬਰਾਬਰ ਹੀ ਮੰਨੇ ਜਾਂਦੇ ਸਨ। ਪ੍ਰਤਾਪ ਸਿੰਘ ਕੈਰੋਂ ਜਦ ਵੀ ਆਏ, ਉਨ੍ਹਾਂ ਨਾਲ ਨਾਰਾਇਣ ਸਿੰਘ ਸ਼ਾਹਬਾਜ਼ਪੁਰੀ, ਸੋਹਣ ਸਿੰਘ ਜਲਾਲ ਉਸਮਾਂ, ਕਰਨਾਲ ਦੇ ਇਕ ਹੋਟਲ ਮਾਲਕ 'ਬਾਗ਼ੀ ਜੀ', ਪਾਨੀਪਤ ਦੇ ਇਤਿਹਾਦ ਮੋਟਰ ਟਰਾਂਸਪੋਰਟ ਦੇ ਮਾਲਕ ਸ: ਕੁੰਦਨ ਸਿੰਘ ਅਤੇ ਤਰਨ ਤਾਰਨ ਦੇ ਗਿ: ਸ਼ੰਕਰ ਸਿੰਘ (ਸਾਰੇ ਮਝੈਲ) ਵੀ ਜ਼ਰੂਰ ਆਉਂਦੇ। ਬਾਕੀ ਦੇ ਸਾਰੇ, ਸਿਆਸੀ ਗੱਲਬਾਤ ਵਿਚ ਰੁੱਝੇ ਹੁੰਦੇ ਤੇ ਗਿ: ਸ਼ੰਕਰ ਸਿੰਘ ਮੈਨੂੰ ਇਕ ਪਾਸੇ ਲਿਜਾ ਕੇ ਸਿੱਖ ਧਰਮ ਅਤੇ ਗੁਰਬਾਣੀ ਬਾਰੇ ਲੈਕਚਰ ਦੇਣ ਲੱਗ ਪੈਂਦੇ।

ਮੈਨੂੰ ਕਹਿੰਦੇ, ''ਤੁਸੀ ਨੌਜਵਾਨ ਹੋ, ਸਮਝਦਾਰ ਹੋ, ਤੁਹਾਨੂੰ ਵੇਖ ਕੇ ਧਰਮ ਦੀ ਗੱਲ ਕਰਨ ਨੂੰ ਜੀਅ ਕਰ ਆਉਂਦੈ। ਇਨ੍ਹਾਂ ਸਿਆਸੀ ਲੋਕਾਂ ਕੋਲ ਤਾਂ ਹੁਣ ਧਰਮ ਦੀ ਗੱਲ ਸੁਣਨ ਦੀ ਵਿਹਲ ਹੀ ਕਿਥੇ? (ਉਂਜ ਹਨ ਸਾਰੇ ਪੱਕੇ ਸਿੱਖ ਤੇ ਸਿੱਖ ਮਰਿਆਦਾ ਦੇ ਧਾਰਨੀ ਵੀ) ਪਰ ਤੁਸੀ ਧਿਆਨ ਨਾਲ ਸੁਣ ਲੈਂਦੇ ਹੋ, ਇਸ ਲਈ ਤੁਹਾਡੇ ਨਾਲ ਧਰਮ-ਚਰਚਾ ਕਰ ਕੇ ਮੂੰਹ ਦਾ ਸਵਾਦ ਪੂਰਾ ਕਰ ਲੈਨਾਂ।''

ਮੈਂ ਵੀ ਝੱਟ ਉਨ੍ਹਾਂ ਲਈ ਦੁਧ ਦਾ ਵੱਡਾ ਗਲਾਸ ਮੰਗਵਾ ਦੇਂਦਾ ਤੇ ਨਾਲ 100 ਰੁਪਿਆ ਹੱਥ 'ਤੇ ਰੱਖ ਦੇਂਦਾ। ਉਹ ਬੜੇ ਖ਼ੁਸ਼ ਹੋ ਜਾਂਦੇ। ਵੈਸੇ ਪਿਛਲੇ 60 ਸਾਲਾਂ 'ਚ ਕੇਵਲ ਸ: ਕੈਰੋਂ ਦੇ ਕਾਫ਼ਲੇ ਵਿਚ ਹੀ ਇਕ 'ਧਰਮ ਪ੍ਰਚਾਰਕ' ਵੀ ਮੈਂ ਵੇਖਿਆ ਹੈ, ਉਸ ਤੋਂ ਬਾਅਦ ਅਕਾਲੀ ਆਉਂਦੇ ਰਹੇ ਜਾਂ ਸ਼੍ਰੋਮਣੀ ਕਮੇਟੀ ਵਾਲੇ ਆਏ ਜਾਂ ਅਖੰਡ ਕੀਰਤਨੀ ਜੱਥੇ ਵਾਲਿਆਂ ਵਰਗੇ ਦਰਜਨਾਂ ਪੰਥਕ ਜੱਥੇ ਵੀ ਮੈਨੂੰ ਮਿਲਣ ਆਉਂਦੇ ਰਹੇ ਹਨ ਪਰ ਕਿਸੇ ਨੇ ਧਰਮ ਦੀ ਗੱਲ ਮੇਰੇ ਨਾਲ ਨਹੀਂ ਕੀਤੀ, ਬੱਸ ਇਹੀ ਸਮਝਾਂਦੇ ਰਹੇ ਕਿ 'ਸਾਡਾ ਜੱਥਾ ਠੀਕ ਹੈ ਤੇ ਬਾਕੀ ਸਾਰੇ ਗ਼ਲਤ ਹਨ।'

 

ਖ਼ੈਰ, ਜਿਹੜੀ ਫ਼ੈਕਟਰੀ ਲਗਾਈ ਗਈ ਸੀ, ਉਹ, ਜਿਵੇਂ ਮੈਂ ਉਪਰ ਦਸਿਆ ਹੈ, ਇਕ ਸਿਆਸਤਦਾਨ ਨਾਲ ਭਾਈਵਾਲੀ ਪਾ ਕੇ ਲਾਈ ਗਈ ਸੀ। ਮੇਰੇ ਪਿਤਾ ਨੇ ਫ਼ੈਕਟਰੀ ਦੇ ਕੰਮ ਦੇ ਜਾਪਾਨ ਤਕ ਡੰਕੇ ਵਜਾ ਦਿਤੇ ਤੇ ਆਮਦਨ ਵੀ ਬਹੁਤ ਹੋਣ ਲੱਗ ਪਈ। ਇਹ ਵੇਖ ਕੇ ਲੋਕ ਸੜਨ ਲੱਗ ਪਏ ਤੇ ਸਾਡਾ ਸਿਆਸੀ ਭਾਈਵਾਲ ਵੀ ਵਾਰ ਵਾਰ ਸੁਣਾਉਂਦਾ ਰਹਿੰਦਾ ਸੀ, ''ਸਾਰਾ ਪੈਸਾ ਤਾਂ ਮੈਂ ਲਾਇਆ ਸੀ। ਤੁਹਾਡੇ ਕੋਲ ਤਾਂ ਪੈਸਾ ਹੈ ਈ ਨਹੀਂ ਸੀ।

ਮੇਰੇ ਸਾਥੀ ਕਹਿੰਦੇ ਨੇ 'ਸਰਦਾਰ ਜੀ, ਤੁਹਾਡੇ ਪੈਸੇ ਨਾਲ ਲੱਖਪਤੀ ਬਣ ਗਏ ਨੇ (ਉਸ ਸਮੇਂ ਚੰਗੇ ਸਫ਼ਲ ਕਾਰਖ਼ਾਨੇਦਾਰ ਵੀ 'ਲੱਖਪਤੀ' ਕਹਿ ਕੇ ਹੀ ਬੁਲਾਏ ਜਾਂਦੇ ਸਨ। 'ਕਰੋੜਪਤੀ' ਲਫ਼ਜ਼ ਬਹੁਤ ਮਗਰੋਂ ਉਨ੍ਹਾਂ ਨਾਲ ਜੁੜਨਾ ਸ਼ੁਰੂ ਹੋਇਆ) ਤੇ ਹੁਣ ਉਹ ਅਪਣੇ ਆਪ ਨੂੰ ਹੀ ਫ਼ੈਕਟਰੀ ਦੇ ਮਾਲਕ ਸਮਝਦੇ ਨੇ...।''

ਮੇਰੇ ਪਿਤਾ ਜੀ ਨੇ ਫ਼ੈਸਲਾ ਕੀਤਾ ਕਿ ਫ਼ੈਕਟਰੀ ਉਸ ਸਿਆਸਤਦਾਨ ਦੇ ਹਵਾਲੇ ਕਰ ਕੇ ਤੇ ਅਪਣਾ ਹਿੱਸਾ ਲੈ ਕੇ, ਆਪ ਇਕ ਨਵੀਂ ਫ਼ੈਕਟਰੀ ਲਗਾਈ ਜਾਏ। ਉਨ੍ਹਾਂ ਲੁਧਿਆਣੇ ਵਿਚ ਫ਼ੈਕਟਰੀ ਲਾਉਣ ਲਈ ਪੰਜਾਬ ਫ਼ਾਈਨਾਂਸ਼ਲ ਕਾਰਪੋਰੇਸ਼ਨ ਕੋਲ ਅਰਜ਼ੀ ਭੇਜ ਦਿਤੀ ਤੇ ਜੋ ਕੁੱਝ ਵੀ ਕਾਰਪੋਰੇਸ਼ਨ ਨੂੰ ਚਾਹੀਦਾ ਸੀ, ਦੇ ਦਿਤਾ।

ਸਾਡੀ ਅਰਜ਼ੀ ਰੱਦ ਕਰ ਦਿਤੀ ਗਈ ਅਰਥਾਤ ਕਰਜ਼ਾ ਦੇਣ ਤੋਂ ਨਾਂਹ ਕਰ ਦਿਤੀ ਗਈ। ਪਿਤਾ ਜੀ ਉਥੇ ਇਕ ਜਾਪਾਨੀ ਕੰਪਨੀ ਦੇ ਸਹਿਯੋਗ ਨਾਲ ਸਾਈਕਲ ਫ਼ੈਕਟਰੀ ਲਗਾਉਣਾ ਚਾਹੁੰਦੇ ਸਨ ਜੋ ਸਮਾਂ ਪਾ ਕੇ, ਅੱਜ ਦੀ 'ਹੀਰੋ ਸਾਈਕਲ' ਨਾਲੋਂ ਵੱਡੀ ਹੋਣੀ ਸੀ ਪਰ ਉਸ ਦਾ ਟੀਚਾ ਮੁਨਾਫ਼ਾ ਕਮਾਣਾ ਨਹੀਂ ਸੀ ਹੋਣਾ ਸਗੋਂ ਪੰਜਾਬ ਦੇ ਵੱਧ ਤੋਂ ਵੱਧ ਨੌਜੁਆਨਾਂ ਨੂੰ ਕੰਮ ਰੁਜ਼ਗਾਰ ਦੇਣਾ ਤੇ ਗ਼ਰੀਬਾਂ ਦੀ ਮਦਦ ਕਰਨਾ ਸੀ।

ਕਾਰਪੋਰੇਸ਼ਨ ਦਾ ਸੈਕਟਰੀ ਇਕ ਸਰਦਾਰ ਸੀ। ਅਸੀ ਉਸ ਦੇ ਘਰ ਚਲੇ ਗਏ ਤੇ ਪੁਛਿਆ ਕਿ ''ਸਾਡੇ ਕਾਗ਼ਜ਼ਾਂ ਵਿਚ ਕੀ ਕਮੀ ਸੀ ਜਿਸ ਕਰ ਕੇ ਲੁਧਿਆਣੇ ਵਿਚ ਇੰਡਸਟਰੀ ਲਗਾਉਣ ਦੀ ਆਗਿਆ ਦੇਣ ਤੋਂ ਨਾਂਹ ਕਰ ਦਿਤੀ ਗਈ ਹੈ? ਚਲੋ ਨਾਂਹ ਹੋ ਗਈ ਹੈ ਤਾਂ ਨਾਂਹ ਹੀ ਸਹੀ ਪਰ ਸਾਨੂੰ ਏਨਾ ਤਾਂ ਦਸ ਦਿਉ ਕਿ ਸਾਡੇ ਕਾਗ਼ਜ਼ਾਂ ਵਿਚ ਕਮੀ ਕੀ ਸੀ?''

ਸੈਕਟਰੀ ਪਹਿਲਾਂ ਤਾਂ ਗੋਲ ਮੋਲ ਗੱਲਾਂ ਕਰਦਾ ਰਿਹਾ ਪਰ ਅਖ਼ੀਰ ਸੱਚ ਉਸ ਦੇ ਮੂੰਹ 'ਚੋਂ ਨਿਕਲ ਹੀ ਗਿਆ, ''ਸਰਦਾਰ ਸਾਹਿਬ, ਮੇਰੀ ਨੌਕਰੀ ਦਾ ਸਵਾਲ ਹੈ, ਕਿਸੇ ਹੋਰ ਨੂੰ ਨਾ ਦਸਣਾ ਪਰ ਜੇ ਅਪਣੇ ਤਕ ਰੱਖੋ ਤਾਂ ਮੈਂ ਤੁਹਾਨੂੰ ਸੱਚ ਦਸ ਸਕਦਾ ਹਾਂ। ਤੁਹਾਡੀ 'ਪ੍ਰੋਪੋਜ਼ਲ' ਤੇ ਮੈਂ ਆਪ ਲਿਖਿਆ ਸੀ ਕਿ ਇਹ ਇੰਡਸਟਰੀ ਪੰਜਾਬ ਵਿਚ ਪਹਿਲੀ ਵਾਰ ਲੱਗ ਰਹੀ ਹੈ ਤੇ ਕੁੱਝ ਸਾਲਾਂ ਵਿਚ ਹੀ ਇਹ ਪੰਜਾਬ ਦੀਆਂ ਵੱਡੀਆਂ ਇੰਡਸਟਰੀਆਂ 'ਚੋਂ ਮੋਹਰੀ ਬਣਨ ਦੀ ਸਮਰੱਥਾ ਰਖਦੀ ਹੈ ਤੇ ਲੱਖਾਂ ਨੌਜੁਆਨਾਂ ਨੂੰ ਕੰਮ ਰੁਜ਼ਗਾਰ ਦੇ ਸਕਦੀ ਹੈ। ਕਿਸੇ ਹੋਰ ਨੇ ਵੀ ਇਸ ਵਿਚ ਕੋਈ ਕਮੀ ਨਹੀਂ ਸੀ ਦੱਸੀ।

 

ਪਰ ਫਿਰ ਕੇਂਦਰ ਸਰਕਾਰ ਦਾ ਇਕ 'ਗੁਪਤ ਸਰਕੂਲਰ' ਸਾਹਮਣੇ ਰੱਖ ਦਿਤਾ ਗਿਆ ਜਿਸ ਵਿਚ ਕਿਹਾ ਗਿਆ ਸੀ ਕਿ ਪੰਜਾਬ ਵਿਚ ਪੇਂਡੂ ਆਰਥਕਤਾ (ਖੇਤੀ) ਪੂਰੀ ਤਰ੍ਹਾਂ ਸਿੱਖਾਂ ਦੇ ਕਬਜ਼ੇ ਵਿਚ ਹੈ ਤੇ ਹਿੰਦੂ ਕੇਵਲ ਸ਼ਹਿਰੀ ਹਲਕਿਆਂ ਵਿਚ ਆਰਥਕ ਬਰਤਰੀ ਬਣਾ ਸਕਿਆ ਹੈ। ਇਸ ਲਈ ਸ਼ਹਿਰੀ ਖੇਤਰਾਂ ਵਿਚ, ਖ਼ਾਸ ਤੌਰ 'ਤੇ ਇੰਡਸਟਰੀ ਵਿਚ, ਸਿੱਖਾਂ ਨੂੰ ਤਾਕਤ ਨਾ ਬਣਾਉਣ ਦਿਤੀ ਜਾਏ ਤੇ ਵੱਡੀ ਇੰਡਸਟਰੀ ਵਿਚ ਇਨ੍ਹਾਂ ਦੇ ਪੈਰ ਨਾ ਲੱਗਣ ਦਿਤੇ ਜਾਣ ਕਿਉਂਕਿ ਜੇ ਇਹ ਨਾ ਕੀਤਾ ਗਿਆ ਤਾਂ ਸਾਰਾ ਬੈਲੈਂਸ ਵਿਗੜ ਜਾਏਗਾ ਤੇ ਹਿੰਦੂ, ਪਿੰਡਾਂ ਤੋਂ ਬਾਅਦ ਸ਼ਹਿਰਾਂ ਵਿਚ ਵੀ ਕਮਜ਼ੋਰ ਹੋ ਜਾਣਗੇ...। ਸੋ ਇਹ ਸੀ ਅਸਲ ਕਾਰਨ ਜਿਸ ਕਰ ਕੇ ਆਪ ਨੂੰ ਇੰਡਸਟਰੀ ਲਾਉਣ ਦੀ ਆਗਿਆ ਨਹੀਂ ਦਿਤੀ ਗਈ।

 

ਕੇਂਦਰ ਦੀਆਂ ਹਦਾਇਤਾਂ ਸਾਹਮਣੇ, ਨਾ ਮੈਂ ਹੀ ਕੁੱਝ ਕਰ ਸਕਦਾ ਸੀ, ਨਾ ਕੋਈ ਹੋਰ।''
ਮੇਰੇ ਪਿਤਾ ਨੇ ਕਿਹਾ, ''ਅਸੀ ਮੁੱਖ ਮੰਤਰੀ ਕੈਰੋਂ ਸਾਹਿਬ ਨਾਲ ਗੱਲ ਕਰੀਏ? ਉਹ ਤਾਂ ਇਸ ਧੱਕੇ ਨੂੰ ਖ਼ਤਮ ਕਰਵਾ ਸਕਦੇ ਨੇ...?''
ਸੈਕਟਰੀ ਦਾ ਜਵਾਬ ਸੀ, ''ਮੇਰਾ ਨਾਂ ਲਏ ਬਗ਼ੈਰ, ਮੁੱਖ ਮੰਤਰੀ ਨੂੰ ਸਾਰੀ ਗੱਲ ਦਸ ਕੇ ਵੇਖ ਲਉ। ਪਰ ਮੇਰਾ ਨਹੀਂ  ਖ਼ਿਆਲ, ਕੈਰੋਂ ਸਾਹਿਬ ਵੀ ਕੁੱਝ ਕਰ ਸਕਣਗੇ।''

 

'ਗੁਪਤ ਸਰਕੂਲਰ' ਦੀ ਗੱਲ ਇਕ ਜ਼ਿੰਮੇਵਾਰ ਅਧਿਕਾਰੀ ਦੇ ਮੂੰਹੋਂ ਸੁਣ ਕੇ ਮੇਰਾ ਤਾਂ ਸਿਰ ਹੀ ਚਕਰਾ ਗਿਆ। ਇਥੇ ਵਪਾਰ ਅਤੇ ਇੰਡਸਟਰੀ ਨੂੰ ਪ੍ਰਵਾਨਗੀ ਦੇਣ ਦੀ ਗੱਲ ਵੀ ਹਿੰਦੂ-ਸਿੱਖ ਨਜ਼ਰੀਏ ਨਾਲ ਕਿਉਂ ਹੁੰਦੀ ਹੈ? ਮੈਨੂੰ ਗਵਰਨਰ ਚੰਦੂ ਲਾਲ ਤ੍ਰਿਵੇਦੀ ਦਾ ਉਹ 'ਗੁਪਤ ਸਰਕੂਲਰ' ਵੀ ਯਾਦ ਆ ਗਿਆ ਜੋ ਉਸ ਨੇ 1947 ਮਗਰੋਂ ਡਿਪਟੀ ਕਮਿਸ਼ਨਰਾਂ ਨੂੰ ਭੇਜ ਕੇ ਲਿਖਿਆ ਸੀ ਕਿ ਪਾਕਿਸਤਾਨ ਤੋਂ ਆਉਣ ਵਾਲੇ ਸਿੱਖ ਜਰਾਇਮ ਪੇਸ਼ਾ ਲੋਕ ਹਨ, ਇਸ ਲਈ ਉਨ੍ਹਾਂ ਉਤੇ ਵਿਸ਼ੇਸ਼ ਨਜ਼ਰ ਰੱਖੀ ਜਾਏ। ਸ: ਕਪੂਰ ਸਿੰਘ ਆਈ.ਸੀ.ਐਸ., ਸਾਂਝੇ ਪੰਜਾਬ ਵਿਚ ਧਰਮਸ਼ਾਲਾ ਵਿਚ ਡੀ.ਸੀ. ਲੱਗੇ ਹੋਏ ਸਨ।

 

ਉਨ੍ਹਾਂ ਨੇ ਚਿੱਠੀ ਦਾ ਜਵਾਬ ਇਹ ਲਿਖ ਕੇ ਦਿਤਾ ਕਿ 'ਮੇਰੇ ਇਲਾਕੇ ਵਿਚ ਤਾਂ ਇਕ ਵੀ ਜਰਾਇਮ ਪੇਸ਼ਾ ਸਿੱਖ ਨਹੀਂ ਰਹਿੰਦਾ ਪਰ ਕੁੱਝ ਜਰਾਇਮ ਪੇਸ਼ਾ (ਜਿਨ੍ਹਾਂ ਦਾ ਕੰਮ ਹੀ ਜੁਰਮ ਕਰਨਾ ਹੋਵੇ) ਹਿੰਦੂ ਜ਼ਰੂਰ ਇਥੇ ਰਹਿੰਦੇ ਹਨ। ਹੁਕਮ ਹੋਵੇ ਤਾਂ ਉਨ੍ਹਾਂ ਨੂੰ ਫੜ ਲਵਾਂ?'

ਸ: ਕਪੂਰ ਸਿੰਘ ਨੂੰ, ਕੋਈ ਹੋਰ ਬਹਾਨਾ ਲਾ ਕੇ, ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਗਿਆ। ਮੈਨੂੰ ਸਮਝ ਆ ਗਈ ਕਿ ਹੋਣਾ ਤਾਂ ਕੁੱਝ ਨਹੀਂ, ਫਿਰ ਵੀ ਅਸੀ ਮੁੱਖ ਮੰਤਰੀ ਕੈਰੋਂ ਸਾਹਬ ਕੋਲ ਚਲੇ ਹੀ ਗਏ। ਕੈਰੋਂ ਸਾਹਿਬ ਬੜੇ ਤਪਾਕ ਨਾਲ ਮਿਲੇ। ਰਸਮੀ ਗੱਲਾਂ ਮਗਰੋਂ ਮੇਰੇ ਪਿਤਾ ਨੇ ਉਨ੍ਹਾਂ ਨੂੰ ਪੀ.ਐਫ਼.ਸੀ. ਦੀ ਸਾਰੀ ਕਹਾਣੀ ਦੱਸੀ ਤੇ ਸੈਕਟਰੀ ਦਾ ਨਾਂ ਲਏ ਬਗ਼ੈਰ, ਕੇਂਦਰ ਦੇ 'ਗੁਪਤ ਸਰਕੂਲਰ' ਦਾ ਵੀ ਜ਼ਿਕਰ ਕਰ ਦਿਤਾ।

 

ਕੈਰੋਂ ਸਾਹਿਬ ਸੁਣ ਕੇ ਖ਼ਾਮੋਸ਼ ਹੋ ਕੇ ਸੋਚਣ ਲੱਗ ਪਏ ਤੇ ਅਖ਼ੀਰ ਚੁੱਪੀ ਤੋੜ ਕੇ ਬੋਲੇ, ''ਚਲੋ ਜੇ ਕੇਂਦਰ ਵਾਲੇ, ਸਿੱਖਾਂ ਦੀ ਪੰਜਾਬ ਵਿਚ ਵਧਦੀ ਤਾਕਤ ਨੂੰ ਪਸੰਦ ਨਹੀਂ ਕਰਦੇ ਤੇ ਚਾਹੁੰਦੇ ਨੇ ਕਿ ਅਸੀ ਪੰਜਾਬ ਨੂੰ ਛੱਡ ਕੇ, ਸਾਰੇ ਹਿੰਦੁਸਤਾਨ ਵਿਚ ਅਪਣੀ ਤਾਕਤ ਕਾਇਮ ਕਰ ਲਈਏ ਤਾਂ ਏਦਾਂ ਹੀ ਸਹੀ। ਲਉ ਮੈਂ ਮੋਹਨ ਲਾਲ ਸੁਖਾਡੀਆ ਨੂੰ ਟੈਲੀਫ਼ੋਨ ਕਰ ਦੇਨਾਂ, ਹਫ਼ਤੇ ਵਿਚ ਤੁਹਾਨੂੰ ਇੰਡਸਟਰੀ ਲਈ ਪਲਾਟ ਵੀ ਮਿਲ ਜਾਏਗਾ ਤੇ ਜਿੰਨਾ ਚਾਹੋ, ਲੋਨ ਵੀ ਮਿਲ ਜਾਵੇਗਾ।''

ਏਨਾ ਕਹਿੰਦਿਆਂ ਹੀ, ਉਨ੍ਹਾਂ ਪੀ.ਏ. ਨੂੰ ਮੋਹਨ ਲਾਲ ਸੁਖਾਡੀਆ (ਮੁਖ ਮੰਤਰੀ, ਰਾਜਸਥਾਨ) ਨਾਲ ਗੱਲ ਕਰਵਾਉਣ ਲਈ ਕਹਿ ਦਿਤਾ। ਪਰ ਮੇਰੇ ਪਿਤਾ ਨੇ ਉਨ੍ਹਾਂ ਨੂੰ ਇਹ ਕਹਿੰਦਿਆਂ ਰੋਕ ਦਿਤਾ ਕਿ ''ਪੰਜਾਬ ਤੋਂ ਬਾਹਰ ਇੰਡਸਟਰੀ ਲਾ ਕੇ ਅਸੀ ਪੰਜਾਬੀ ਬੱਚਿਆਂ ਨੂੰ ਰੁਜ਼ਗਾਰ ਕਿਵੇਂ ਦਿਆਂਗੇ? ਮੈਨੂੰ ਇਸ ਬਾਰੇ ਘਰ ਸਲਾਹ ਕਰ ਲੈਣ ਦਿਉ।''

ਕੈਰੋਂ ਸਾਹਬ ਹੁਣ ਮੈਨੂੰ ਸੰਬੋਧਨ ਕਰ ਕੇ ਕਹਿਣ ਲੱਗ ਪਏ, ''ਕਾਕਾ ਜੀ, ਤੁਸੀ ਨੌਜੁਆਨ ਹੋ। ਰਾਜਸਥਾਨ ਕੋਈ ਦੂਰ ਤਾਂ ਨਹੀਂ। ਕੇਂਦਰ ਵਾਲੇ ਜੇ ਚਾਹੁੰਦੇ ਨੇ ਕਿ ਪੰਜਾਬ ਤੋਂ ਬਾਹਰ ਅਸੀ ਅਪਣੀ ਤਾਕਤ ਬਣਾਈਏ ਤਾਂ ਮੌਕੇ ਦਾ ਫ਼ਾਇਦਾ ਉਠਾ ਲੈਣਾ ਚਾਹੀਦੈ। ਤੇਰੇ ਪਿਤਾ ਜੀ ਪੰਜਾਬ-ਮੋਹ ਨਹੀਂ ਛੱਡ ਸਕਦੇ ਪਰ ਤੁਸੀ ਤਾਂ ਤਗੜੇ ਹੋ ਕੇ ਮੌਕੇ ਨੂੰ ਸੰਭਾਲੋ ਤੇ ਪੰਜਾਬ ਦੇ ਬਾਹਰ ਜਾ ਕੇ ਵੀ ਡੰਕੇ ਵਜਾ ਦਿਉ।''

 

ਮੈਂ ਕੋਈ ਜਵਾਬ ਨਾ ਦਿਤਾ। ਅਸੀ ਉਠ ਆਏ ਤੇ ਰਸਤੇ ਵਿਚ ਇਹੀ ਗੱਲਾਂ ਕਰਦੇ ਆਏ ਕਿ ਕੈਰੋਂ ਨੇ ਇਕ ਵਾਰੀ ਨਹੀਂ ਆਖਿਆ 'ਮੇਰੇ ਹੁੰਦਿਆਂ ਤੁਹਾਨੂੰ ਪੰਜਾਬ ਵਿਚ ਇੰਡਸਟਰੀ ਲਾਉਣੋਂ ਕਿਵੇਂ ਕੋਈ ਰੋਕ ਸਕਦੈ?'' ਯਕੀਨਨ ਉਹਨੂੰ ਸਰਕੂਲਰ ਬਾਰੇ ਸੱਭ ਪਤਾ ਸੀ, ਇਸੇ ਲਈ ਉਸ ਬਾਰੇ ਇਕ ਲਫ਼ਜ਼ ਵੀ ਨਹੀਂ ਕੂਇਆ। ਅਸੀ ਐਵੇਂ ਈ ਇਹਨੂੰ ਪੰਜਾਬ ਦਾ ਸ਼ੇਰ ਤੇ 'ਲੋਹ-ਪੁਰਸ਼' ਮੰਨਦੇ ਆਏ ਹਾਂ। ਇਹ ਤਾਂ ਦਿੱਲੀ ਅੱਗੇ ਕੁਸਕਣ ਦੀ ਤਾਕਤ ਵੀ ਨਹੀਂ ਰਖਦਾ ਤੇ ਅਪਣੇ ਸੂਬੇ ਵਿਚ ਵੀ ਦਿੱਲੀ ਦਾ ਰਾਜ ਚਲਾ ਰਿਹੈ ਤੇ ਉਨ੍ਹਾਂ ਦੇ ਹੁਕਮ ਵਜਾ ਰਿਹੈ।...

ਪਰ ਇਸ ਘਟਨਾ ਮਗਰੋਂ ਵੀ ਕੈਰੋਂ ਸਾਹਬ ਨਾਲ ਮੇਰੇ ਪਿਤਾ ਦੇ ਨਿਜੀ ਸਬੰਧ ਪਹਿਲਾਂ ਦੀ ਤਰ੍ਹਾਂ ਹੀ ਬਣੇ ਰਹੇ। ਅਗਲੀ ਵਾਰ ਜਦ ਉਹ ਸਾਨੂੰ ਮਿਲਣ ਆਏ (ਦਿੱਲੀ ਕਿਸੇ ਵਜ਼ੀਰ ਨੂੰ ਮਿਲਣ ਜਾਂਦੇ ਸਨ ਤਾਂ ਬਿਨਾਂ ਦੱਸੇ ਵੀ ਘਰ ਆ ਜਾਂਦੇ ਸਨ) ਤਾਂ ਉਨ੍ਹਾਂ ਇਕ ਵਾਰ ਵੀ ਨਾ ਪੁਛਿਆ ਕਿ ਫ਼ੈਕਟਰੀ ਲਾਉਣ ਬਾਰੇ ਕੀ ਸੋਚਿਐ? ਅਸੀ ਵੀ ਗੁਪਤ ਸਰਕੂਲਰ ਬਾਰੇ ਕਦੇ ਗੱਲ ਨਾ ਕੀਤੀ।

ਸਾਨੂੰ ਪਤਾ ਲੱਗ ਗਿਆ ਸੀ ਕਿ ਇਹ 'ਸ਼ੇਰ' ਏਨੇ ਜੋਗਾ ਨਹੀਂ ਕਿ ਕੇਂਦਰ ਦੇ ਧੱਕੇ ਵਿਰੁਧ ਮੂੰਹ ਵੀ ਖੋਲ੍ਹ ਸਕੇ। ਪੰਜਾਬ ਵਿਚ ਇਹ ਜੋ ਆਮ ਚਰਚਾ ਹੁੰਦੀ ਸੀ ਕਿ ਕੈਰੋਂ ਸਾਹਿਬ ਕਿਸੇ ਨੂੰ ਨਾਂਹ ਨਹੀਂ ਕਹਿੰਦੇ ਤੇ ਸੱਭ ਦਾ ਕੰਮ ਕਰ ਦੇਂਦੇ ਹਨ, ਉਸ ਬਾਰੇ ਵੀ ਇਕ ਅਫ਼ਸਰ ਨੇ ਬੜੀ ਦਿਲਚਸਪ ਗੱਲ ਦੱਸੀ। ਅਗਲੇ ਹਫ਼ਤੇ ਉਸ ਦਾ ਜ਼ਿਕਰ ਵੀ ਕਰਾਂਗਾ। (ਚਲਦਾ)

-ਜੋਗਿੰਦਰ ਸਿੰਘ