ਇਹ ਕੈਸਾ ਤੇਰਾ ਨਾਮ ਹੋ ਰਿਹੈ, ਪੰਜਾਬ ਸਿੰਹਾਂ ਤੂੰ ਬਦਨਾਮ ਹੋ ਰਿਹੈਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਮੁੱਢ ਤੋਂ ਹੀ ਰਾਜਸੀ ਲੋਕ ਨੌਜਵਾਨੀ ਨੂੰ ਵਰਗਲਾ ਕੇ ਅਪਣੇ ਮੁਨਾਫ਼ੇ ਲਈ ਵਰਤਦੇ ਆ ਰਹੇ ਹਨ ਕਿਉਂਕਿ ਨੌਜਵਾਨੀ ਜੋਸ਼ ਦੇ ਸਾਗਰ ਨਾਲ ਭਰੀ ਹੁੰਦੀ ਹੈ

Punjab

ਮੁੱਢ ਤੋਂ ਹੀ ਰਾਜਸੀ ਲੋਕ ਨੌਜਵਾਨੀ ਨੂੰ ਵਰਗਲਾ ਕੇ ਅਪਣੇ ਮੁਨਾਫ਼ੇ ਲਈ ਵਰਤਦੇ ਆ ਰਹੇ ਹਨ ਕਿਉਂਕਿ ਨੌਜਵਾਨੀ ਜੋਸ਼ ਦੇ ਸਾਗਰ ਨਾਲ ਭਰੀ ਹੁੰਦੀ ਹੈ ਜਿਸ ਨੂੰ ਕੁਰਾਹੇ ਪਾ ਦਿਤਾ ਜਾਵੇ ਤਾਂ ਸੁਨਾਮੀ ਭਾਵ ਤਬਾਹੀ ਮਚਾ ਦਿੰਦੀ ਹੈ। ਇਸ ਦੇ ਉਲਟ ਜੇ ਕੋਈ ਇਨ੍ਹਾਂ ਨੂੰ ਸਿੱਧੇ ਰਾਹ ਪਾ ਦੇਵੇ ਤਾਂ ਜ਼ੁਲਮ ਦੇ ਪਹਾੜਾਂ ਨੂੰ ਤਹਿਸ ਨਹਿਸ ਕਰ ਛਡਦੀ ਹੈ। ਸਿਆਣੇ ਕਹਿੰਦੇ ਹਨ। ਜਿੱਥੇ ਜੋਸ਼ ਹੁੰਦੈ ਉੱਥੇ ਹੋਸ਼ ਦਾ ਹੋਣਾ ਲਾਜ਼ਮੀ ਹੈ ਫਿਰ ਸਾਰੇ ਫ਼ੈਸਲੇ ਲੁਕਾਈ ਦੇ ਹਿਤ ’ਚ ਸੁਝਦੇ ਰਹਿੰਦੇ ਨੇ ਪਰ ਜੇ ਜੋਸ਼ ਨਾਲ ਹੋਸ਼ ਦਾ ਪਹਿਰਾ ਨਹੀਂ ਫਿਰ ਤਾਂ ਤੁਹਾਡੇ ਜੋਸ਼ ਨੂੰ ਰਾਜਸੀ ਸਪੇਰੇ ਕੀਲ ਕੇ ਪਟਾਰੀ ’ਚ ਬੰਦ ਕਰ ਲੈਦੇ ਨੇ ਤੇ ਲੋੜ ਅਨੁਸਾਰ ਵਰਤਦੇ ਰਹਿੰਦੇ ਹਨ। ਸਿਆਸਤਦਾਨ ਨੌਜਵਾਨਾਂ ਨੂੰ ਫੋਕੀ ਸ਼ੋਹਰਤ ਦੇ ਰਾਹ ਤੋਰ ਕੇ ਅਪਣੇ ਕੰਮ ਕਢਵਾਉਂਦੇ ਰਹਿੰਦੇ ਹਨ। ਨੌਜੁਵਾਨ ਫੋਕੀ ਠਾਠ ਦੇ ਚੱਕਰਵਿਊ ’ਚ ਫਸ ਕੇ ਰਹਿ ਜਾਂਦਾ ਹੈ।

ਲੰਮੇ ਸਮੇਂ ਤੋਂ ਦੁਨੀਆਂ ਦੀਆਂ ਅੱਖਾਂ ’ਚ ਪਏ ਮਿੱਟੀ ਦੇ ਕਣਾਂ ਵਾਂਗ ਪੰਜਾਬ ਰੜਕ ਰਿਹਾ ਹੈ। ਅੰਗਰੇਜ਼ਾਂ ਨੇ ਸਾਰੇ ਭਾਰਤ ’ਤੇ ਅਪਣਾ ਰਾਜ ਕਾਇਮ ਕਰ ਲਿਆ ਸੀ। ਪੰਜਾਬ ਨੂੰ ਛੱਡ, ਪੰਜਾਬ ਤੇ ਉਹ ਅਪਣਾ ਰਾਜ ਤਕਰੀਬਨ 100 ਸਾਲ ਬਾਅਦ ਹੀ ਕਰ ਸਕੇ, ਉਹ ਵੀ ਸਿੱਧੀ ਲੜਾਈ ਲੜ ਕੇ ਨਹੀਂ ਬਲਕਿ ਅਸਿੱਧੇ ਤੌਰ ’ਤੇ ਡੋਗਰਿਆਂ ਦੀ ਮਦਦ ਨਾਲ, ਜੋ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ’ਚ ਘੁਣ ਦਾ ਕੰਮ ਕਰ ਰਹੇ ਸਨ। ਅਜ਼ਾਦੀ ਤੋਂ ਲਗਭਗ ਵੀਹ ਸਾਲ ਪਹਿਲਾਂ ਹੀ ਪੰਜਾਬ ਦੇ ਉਜਾੜੇ ਦੀ ਨੀਂਹ ਅੰਗਰੇਜ਼ਾਂ ਦੀ ਸੋਚ ’ਚ ਰੱਖੀ ਗਈ। ਅਜ਼ਾਦੀ ਵਕਤ ਵੀ ਪੰਜਾਬ ਦੇ ਟੁਕੜੇ ਕਰ ਦਿਤੇ ਗਏ। ਉਸ ਸਮੇਂ ਤੋਂ ਹੀ ਟੇਢੇ ਵਿੰਗੇ ਢੰਗ ਨਾਲ ਪੰਜਾਬ ਦਾ ਨੁਕਸਾਨ ਚਲਦਾ ਆ ਰਿਹਾ ਹੈ। ਇਕ ਪੀੜ੍ਹੀ 84 ਨਿਗਲ ਗਈ। ਉਸ ਤੋਂ ਬਾਅਦ ਜਿਹੜੀ ਰਹਿ ਗਈ 90-95 ਤਕ ਉਸ ਤੇ ਪੰਜਾਬ ਪੁਲਿਸ ਨੇ ਤਸ਼ੱਦਦ ਢਾਹਿਆ। ਅੱਜ ਨਸ਼ਿਆਂ ਅਤੇ ਗੈਂਗਸਟਰਾਂ ਦੇ ਕਾਲੇ ਸਾਗਰ ਨਿਗਲ ਰਹੇ ਹਨ। ਇਕ ਪੀੜ੍ਹੀ ਵਧੀਆ ਭਵਿੱਖ ਦੀ ਕਸ਼ਤੀ ’ਚ ਬਿਠਾ ਵਿਦੇਸ਼ਾਂ ਵਲ ਰੋੜ੍ਹੀ ਜਾ ਰਹੀ ਹੈ। 

ਗੈਂਗਸਟਰ ਪੈਦਾ ਕਿੱਥੋਂ ਹੁੰਦੇ ਹਨ? ਜਿਥੋਂ ਵਿਦਿਆਰਥੀ ਵਕੀਲ, ਡਾਕਟਰ, ਅਧਿਆਪਕ, ਇੰਜਨੀਅਰ, ਖੋਜੀ, ਵਿਦਵਾਨ, ਕਵੀ, ਇਤਿਹਾਸਕਾਰ,   ਫ਼ਿਲਾਸਫ਼ਰ, ਗੀਤਕਾਰ, ਵੱਡੇ-ਵੱਡੇ ਨਾਇਕ ਬਣ ਕੇ ਨਿਕਲਦੇ ਹਨ ਉਥੋਂ ਹੀ ਗੈਂਗਸਟਰ ਪੈਦਾ ਹੁੰਦੇ ਹਨ। ਕਾਲਜਾਂ-ਯੂਨੀਵਰਸਟੀਆਂ ਤੋਂ ਸ਼ੁਰੂਆਤ ਹੁੰਦੀ ਹੈ। ਕਿਵੇਂ ਹੁੰਦੀ ਹੈ? ਵਿਦਿਆਰਥੀ ਯੂਨੀਅਨਾਂ ਦੀ ਨੁਮਾਇੰਦਗੀ ਲਈ ਪ੍ਰਧਾਨਗੀ ਦੀਆਂ ਚੋਣਾਂ ਹੁੰਦੀਆਂ ਹਨ ਜੋ ਵਿਦਿਆਰਥੀਆਂ ਦੇ ਸਿਖਿਆਂ ਦੇ ਖੇਤਰ ’ਚ ਸੰਸਥਾਵਾਂ ਵਲੋਂ ਕੋਈ ਧੱਕਾ ਹੁੰਦਾ ਹੈ ਤਾਂ ਉਸ ਵਿਰੁਧ ਡੱਟ ਕੇ ਹੱਕ ਦੀ ਗੱਲ ਕਰੇ, ਉਸ ਲਈ ਕਾਲਜ/ ਯੂਨੀਵਰਸਟੀਆਂ ’ਚ ਚੋਣਾਂ ਰਾਹੀ ਇਕ  ਨੁਮਾਇੰਦਾ ਚੁਣਿਆ ਜਾਂਦਾ ਹੈ। ਇਹ ਸਹੀ ਵੀ ਹੈ ਪਰ ਇਸ ਦੇ ਚੱਕਰ ’ਚ ਸਿਆਸੀ ਚੋਣਾਂ ਵਾਂਗ ਝਗੜੇ ਹੋ ਜਾਂਦੇ ਹਨ ਜੋ ਵੱਡੀਆਂ ਰੰਜ਼ਸ਼ਾਂ ਦਾ ਰੂਪ ਧਾਰਨ ਕਰ ਜਾਂਦੇ ਹਨ।

ਫਿਰ ਅੱਗੇ ਜਾ ਕੇ ਇਹ ਗੈਂਗਸਟਰਾਂ ਦਾ ਰੂਪ ਧਾਰਨ ਕਰ ਜਾਂਦੇ ਹਨ। ਬਹੁਤਿਆਂ ਦੀ ਪੜ੍ਹਾਈ ਲਿਖਾਈ ਵਿਚੇ ਹੀ ਛੁੱਟ ਜਾਂਦੀ ਹੈ। ਇਨ੍ਹਾਂ ਨੂੰ ਰਾਜਸੀ ਲੋਕਾਂ ਦਾ ਥਾਪੜਾ ਪ੍ਰਾਪਤ ਹੁੰਦਾ ਹੈ ਜਿਸ ਦੇ ਚਲਦੇ ਮਹੌਲ ਖਰਾਬ ਹੁੰਦਾ ਹੈ। ਕਾਲਜਾਂ-ਯੂਨਵਰਸਿਟੀਆਂ ’ਚ ਪ੍ਰਧਾਨਗੀਆਂ ਨੂੰ ਲੈ ਕੇ ਕਈ ਫਿਲਮਾਂ ਵੀ ਬਣ ਚੁਕੀਆਂ ਹਨ ਜਿਨ੍ਹਾਂ ’ਚ ਰਾਜਸੀ ਲੋਕਾਂ ਦੀ ਸਿੱਧੀ ਘੁਸਪੈਠ ਦਾ ਜ਼ਿਕਰ ਮਿਲਦਾ ਹੈ। ਮੈਂ ਅਪਣੀ ਜ਼ਿੰਦਗੀ ’ਚ ਦੋ ਲੜਾਈਆਂ ਪ੍ਰਧਾਨਗੀ ਦੇ ਚੱਕਰ ’ਚ ਅੱਖੀਂ ਵੇਖੀਆਂ ਹਨ ਜਿੱਥੇ ਵੋਟਾਂ ਨਹੀਂ ਧੱਕੇ ਦਾ ਸੋਟਾ ਚਲਿਆ। ਇਨ੍ਹਾਂ ਲੜਾਈਆਂ ਦੌਰਾਨ ਦਰਜਨਾਂ ਵਿਦਿਆਰਥੀ ਕਾਲਜਾਂ ’ਚੋਂ ਕੱਢੇ ਗਏ।

ਕਿੰਨਿਆਂ ਦਾ ਭਵਿੱਖ ਧੁੰਦਲਾ ਹੋ, ਜੁਰਮ ਦੀ ਦੁਨੀਆਂ ਵਲ ਵੱਧ ਗਿਆ। ਅੱਜਕਲ ਹਰ ਛੋਟੇ ਵੱਡੇ ਕਾਲਜ ’ਚ ਇਹੀ ਰੌਲਾ ਪਿਆ ਰਹਿੰਦਾ ਹੈ। ਹਰ ਵਿਦਿਆਰਥੀ ਜਥੇਬੰਦੀ ਸਿੱਧੇ ਤੌਰ ਤੇ ਰਾਜਨੀਤਕ ਪਾਰਟੀਆਂ ਨਾਲ ਸਬੰਧ ਰਖਦੀ ਹੈ ਜਿਨ੍ਹਾਂ ਤੋ ਸਿਆਸੀ ਲੋਕ ਅਪਣੀਆਂ ਚੋਣਾਂ ਦੌਰਾਨ ਤੇ ਪੁੱਠੇ ਸਿੱਧੇ ਕੰਮਾਂ ਲਈ ਵਰਤਦੇ ਰਹਿੰਦੇ ਹਨ। 

ਅਗਸਤ 2021 ’ਚ ਮਿੱਢੂ ਖੇੜਾ ਦਾ ਦਿਨ ਦਿਹਾੜੇ ਸ਼ਰੇਆਮ ਕਤਲ ਹੋਇਆ ਜੋ ਸਾਡੀ ਪਾਰਟੀ ਦਾ ਹੀ ਅਹੁਦੇਦਾਰ ਸੀ। ਇਸ ਤੋਂ ਬਾਅਦ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਦਾ ਖੇਡ ਦੇ ਮੈਦਾਨ ’ਚ ਸ਼ਰੇਆਮ ਕਤਲ ਕਰ ਦਿਤਾ ਜਾਂਦਾ ਹੈ ਜੋ ਇਕ ਬਹੁਤ ਹੀ ਨਿੰਦਣਯੋਗ ਗੱਲ ਹੈ। ਸਰੀਰ ਬਣਾਉਣੇ, ਨਾਮ ਕਮਾਉਣਾ ਕਿੰਨੀ ਮਿਹਨਤ ਲਗਦੀ ਹੈ। ਦਿਨ-ਰਾਤ ਇਕ ਕਰ ਖੇਡਾਂ ’ਚ ਅਪਣਾ ਤੇ ਦੇਸ਼ ਦਾ ਨਾਮ ਰੌਸ਼ਨ ਹੁੰਦਾ ਹੈ। ਨਫ਼ਰਤ ਮਾਂ-ਪਿਉ ਨੂੰ ਭੁਲਾ ਦਿੰਦੀ ਹੈ। ਰਾਜਨੀਤੀ ਵਾਲੇ ਅਪਣਾ ਕੰਮ ਸ਼ੁਰੂ ਕਰ ਦਿੰਦੇ ਨੇ ਭਾਵ ਆਪੇ ਅੱਗ ਲਾ ਕੇ, ਪਾਣੀ ਨੂੰ ਦੌੜ ਪੈਦੇ ਨੇ।

ਕੁੱਝ ਸਮਾਂ ਪਹਿਲਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਵੀ ਦਿਨ ਦਿਹਾੜੇ ਕਤਲ ਕਰ ਦਿਤਾ ਗਿਆ। ਉਹ ਵੀ ਅਜਿਹੇ ਹਥਿਆਰ ਨਾਲ ਜੋ ਕਿਸੇ ਹੋਰ ਦੇਸ਼ ਕੋਲ ਨਹੀਂ ਕੇਵਲ ਰੂਸ ਕੋਲ ਹੈ। ਸਰਕਾਰ ’ਤੇ ਉਂਗਲ ਉਠਾਉਣੀ ਵਾਜਬ ਹੈ। ਏਐਨ-94 ਆਦਿ ਹਥਿਆਰਾਂ ਨਾਲ ਗੋਲੀਆਂ ਨਾਲ ਭੁੰਨ ਦਿਤਾ ਗਿਆ। ਮੈਂ ਕਦੇ ਸਿੱਧੂ ਦੇ ਗਾਣੇ ਨਹੀਂ ਸੁਣੇ ਸੀ ਪਰ ਇਕ ਗਾਣਾ ਸੁਣਿਆ ਸੀ ਜੋ ਉਸ ਨੇ ਵਿਧਾਨ ਸਭਾ ਚੋਣ ਹਾਰਨ ਤੋਂ ਬਾਅਦ ਨਿਹੋਰਾ ਮਾਰਿਆ ਸੀ, ਜੋ ਮੈਨੂੰ ਚੰਗਾ ਵੀ ਲੱਗਾ ਸੀ। ਸਿੱਧੂ ਦੀ ਮੌਤ ਦਾ ਅਫ਼ਸੋਸ ਸਾਰੀ ਦੁਨੀਆਂ ਕਰ ਰਹੀ ਹੈ।

ਤਿੰਨ-ਚਾਰ ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਸ ਨੂੰ ਜਾਣਦੇ ਹਨ। ਐਨਾ ਮਸ਼ਹੂਰ ਸ਼ਾਇਦ ਦੁਨੀਆਂ ’ਚ ਕੋਈ ਪੰਜਾਬੀ ਗਾਇਕ ਨਹੀਂ ਹੋਇਆ। ਕੁੱਝ ਵੀ ਹੋਵੇ ਇਸ ’ਚ ਬਹੁਤ ਵੱਡੀਆਂ ਤਾਕਤਾਂ ਦਾ ਹੱਥ ਹੈ। ਪੰਜਾਬ ਬਦਨਾਮ ਹੋ ਰਿਹਾ ਹੈ ਜਾਂ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਜੋ ਕੈਨੇਡਾ ਵਰਗੇ ਮੁਲਕ ਨੂੰ ਛੱਡ ਕੇ ਅਪਣੇ ਪਿੰਡ ਮੂਸੇ ਮਾਂ-ਬਾਪ ਕੋਲ ਆ ਕੇ ਰਹਿਣ ਲਗਦਾ ਹੈ, ਉਹ ਵੀ ਉਸ ਸਮੇਂ ਜਦੋਂ ਸਾਰੀ ਨਵੀਂ ਪੀੜੀ  ਵਿਦੇਸ਼ਾਂ ਵਲ ਵਹੀਰਾਂ ਘੱਤ ਰਹੀ ਹੈ। ਕਿੰਨਾ ਵੱਡਾ ਸੰਦੇਸ਼ ਸੀ ਪੰਜਾਬੀ ਨੌਜੁਵਾਨੀ ਨੂੰ ਖ਼ਾਸ ਬਣ ਕੇ ਵੀ ਆਮ ਲੋਕਾਂ ਦੀ ਤਰ੍ਹਾਂ ਅਪਣੇ ਲੋਕਾਂ ’ਚ ਵਿਚਰਣਾ, ਖੇਤਾਂ ’ਚ ਕੰਮ ਕਰਨਾ, ਇਹ ਬਹੁਤ ਵੱਡਾ ਸੁਨੇਹਾ ਸੀ ਜੋ ਰਾਹ ਵਿਚਕਾਰ ਹੀ ਲਾਪਤਾ ਕਰ ਦਿਤਾ ਗਿਆ। ਮੂਸੇਵਾਲੇ ਦੀ ਮੌਤ ਨਾਲ ਪੰਜਾਬ ਦਾ ਨਾਮ ਪੂਰੀ ਦੁਨੀਆਂ ’ਚ ਖਰਾਬ ਹੋਇਆ ਹੈ ਕਿਉਂਕਿ ਉਸ ਦੀ ਪਛਾਣ ਦਾ ਦਾਇਰਾ ਵਿਸ਼ਾਲ ਸੀ। 

ਗੈਂਗਸਟਰ ਵੀ ਸਾਡੇ ਪੰਜਾਬ ਦੇ ਹੀ ਗੱਭਰੂ ਹਨ ਪਰ ਸਾਰੇ ਨਹੀਂ ਜਿਨ੍ਹਾਂ ਨੂੰ ਸਿਸਟਮ ਨੇ ਇਨਸਾਨ ਦੀ ਥਾਂ ਹੈਵਾਨ ਬਣਾ ਦਿਤਾ ਹੈ। ਮੈਂ ਪੰਜਾਬ ਦੇ ਸਾਰੇ ਨਾਮੀ ਗੈਂਗਸਟਰਾਂ ਨੂੰ ਅਪੀਲ ਕਰਦਾ ਹਾਂ ਕਿ ਤੁਹਾਡੇ ਮਾਪਿਆਂ ਨੇ ਤੁਹਾਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ, ਇਹ ਸੋਚ ਕੇ ਕਿ ਅਪਣਾ ਭਵਿੱਖ ਸਵਾਰਨਗੇ ਤੇ ਸਾਡੇ ਬੁਢਾਪੇ ਦੀ ਲਾਠੀ ਬਣਨਗੇ। ਲੋਕ ਤਾਂ ਕਹਿੰਦੇ ਹਨ ਕਿ ਗੈਂਗਸਟਰਾਂ ਨੂੰ ਮਾਰ ਮੁਕਾਉਣਾ ਚਾਹੀਦਾ ਹੈ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀ ਅਪਣੀ ਤਾਕਤ ਗ਼ਲਤ ਪਾਸੇ ਲਗਾ ਰਹੇ ਹੋ। ਬਰੂਦ ਦੇ ਢੇਰ ਨੂੰ ਅੱਗ ਲਗਾ ਕੇ ਅਪਣੀ ਜ਼ਿੰਦਗੀ ਵਿਚ ਚਾਨਣ ਕਰਨਾ ਚਾਹੁੰਦੇ ਹੋ। ਪਰ ਇਸ ਨਾਲ ਤੁਹਾਡੀ ਜ਼ਿੰਦਗੀ ਵਿਚ ਹੋਰ ਹਨੇਰਾ ਤਾਂ ਛਾ ਸਕਦਾ ਪਰ ਚਾਨਣ ਕਦੇ ਨਹੀਂ ਆਉਣਾ, ਇਹ ਗੱਲ ਪੱਕੀ ਹੈ।

ਤੁਸੀ ਅਪਣੀ ਜਵਾਨੀ ਦੀ ਤਾਕਤ ਨੂੰ ਸਿੱਧੇ ਰਾਹ ਪੈ ਕੇ ਸਹੀ ਜਗ੍ਹਾ ਲਗਾ ਸਕਦੇ ਹੋ। ਜੇ ਤੁਸੀ ਪੰਜਾਬ ਨੂੰ ਪਿਆਰ ਕਰਦੇ ਹੋ, ਜਿੱਥੇ ਤੁਹਾਡਾ ਬਚਪਨ ਗੁਜ਼ਰਿਆ ਹੈ, ਉਨ੍ਹਾਂ ਸੁਨਹਿਰੀ ਪਲਾਂ ਦਾ ਪੱਲਾ ਫੜ ਕੇ, ਜ਼ੁਲਮ ਦੀ ਦੁਨੀਆਂ ਨੂੰ ਅਲਵਿਦਾ ਕਹਿ ਕੇ, ਪੰਜਾਬ ਲਈ ਸਮਾਜ ਸੁਧਾਰ ਦੇ ਕੰਮ ਕਰ ਕੇ ਵੇਖੋ, ਨਾਲੇ ਪੂਰੀ ਦੁਨੀਆਂ ਵਿਚ ਇੱਜ਼ਤ ਮਿਲੇਗੀ। ਨਾਲ ਹੀ ਜਿਹੜੇ ਲੋਕ ਅੱਜ ਨਫ਼ਰਤ ਨਾਲ ਵੇਖ ਰਹੇ ਹਨ, ਉਹ ਵੀ ਤੁਹਾਨੂੰ ਪਿਆਰ ਨਾਲ ਵੇਖਣਗੇ। ਹਨੇਰੇ ਵਿਚ ਖੋ ਚੁੱਕੇ ਮਾਂ-ਪਿਉ ਨੂੰ ਉਹਨਾਂ ਦੇ ਪੁੱਤਰ ਮਿਲ ਜਾਣਗੇ।

ਪੰਜਾਬ  ਦਾ ਕਰਜ ਉਤਾਰਨ ਦਾ ਮੌਕਾ ਵੀ ਮਿਲ ਜਾਵੇਗਾ। ਆਪਾਂ ਪੰਜਾਬ ਦੀ ਧਰਤੀ ਨੂੰ ਹਰ ਪੱਖੋਂ ਪਹਿਲਾਂ ਵਾਂਗ ਸਾਫ਼ ਸੁਥਰਾ ਬਣਾਉਣਾ ਹੈ ਨਾਕਿ ਖਰਾਬ ਸੋਚ ਦੇ ਧੱਭੇ ਪਾਉਣੇ ਨੇ। ਬਸ ਗੱਲ ਐਨੀ ਹੈ ਕਿ ਤਾਕਤ ਪੁੱਠੇ ਪਾਸੇ ਲੱਗ ਗਈ ਤਾਂ ਸਾਹ ਖਰਾਬ ਹੋ ਜਾਣਗੇ ਤੇ ਸਮਾਜ ਲਾਹਨਤਾਂ ਪਾਵੇਗਾ। ਪ੍ਰੰਤੂ ਜੇ ਸਿੱਧੇ ਪਾਸੇ ਪੈ ਗਏ ਤਾਂ ਚੰਗਾ ਕਹੇਗਾ ਸਿਫਤਾ ਕਰੇਗਾ। ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਵੱਡਾ ਜਿਗਰਾ ਵਿਖਾਉਂਦੇ ਹੋਏ ਕਿਹਾ ਹੈ ਕਿ ਇਨ੍ਹਾਂ ਗੈਂਗਸਟਰ ਗਰੁੱਪਾਂ ਦਾ ਆਪਸੀ ਝਗੜਾ ਹੈ ਤਾਂ ਕੋਈ ਵਿਚ ਪੈ ਕੇ ਇਨ੍ਹਾਂ ਦਾ ਸਮਝੌਤਾ ਕਰਵਾ ਦੇਵੋ, ਨਹੀ ਤਾਂ ਫਿਰ ਕੋਈ ਹੋਰ ਮਾਂ ਦਾ ਬੇਕਸੂਰ ਪੁੱਤ ਇਨ੍ਹਾਂ ਦੀ ਲੜਾਈ ਦੀ ਭੇਟ ਚੜ੍ਹ ਜਾਵੇਗਾ। 
ਸਾਰੇ ਗੈਂਗਸਟਰਾਂ ਨੂੰ ਮੈਂ ਦਸਣਾ ਚਾਹੁੰਦਾ ਹਾਂ ਕਿ ਤੁਹਾਡੇ ਸਾਹਮਣੇ ਦੋ ਉਦਾਹਰਣਾਂ ਹਨ, ਇਕ ਪੰਜਾਬ ਦੇ ਗੈਂਗਸਟਰ ਮਿੰਟੂ ਗੁਰਸਰੀਆ ਦੀ ਜੋ ਕਿ ਅਪਣੀ ਹਨੇਰੇ ਦੀ ਜ਼ਿੰਦਗੀ ਨੂੰ ਅਲਵਿਦਾ ਕਹਿ ਕੇ ਅੱਜ ਸਮਾਜ ਲਈ ਉਦਾਹਰਣ ਬਣੀ ਬੈਠਾ ਹੈ। ਉਹ ਇਕ ਗੈਂਗਸਟਰ ਤੋਂ ਬਦਲ ਕੇ ਅਪਣੀ ਪਛਾਣ ਇਕ ਲੇਖਕ ਤੇ ਪੱਤਰਕਾਰ ਵਜੋਂ ਬਣਾ ਚੁੱਕਾ ਹੈ। ਉਹ ਅੱਜ ਕਲਮ ਦਾ ਧਨੀ ਬਣ ਚੁੱਕਾ ਹੈ ਤੇ ਸਮਾਜ ਲਈ ਇਕ ਰਾਹ ਦਸੇਰਾ ਬਣ ਗਿਆ ਹੈ। ਉਹ ਅਪਣੇ ਜੀਵਨ ਦੇ ਕਾਲੇ ਦੌਰ ਬਾਰੇ ਦਸ ਕੇ ਪੂਰੀ ਦੁਨੀਆਂ ਨੂੰ ਨਸੀਹਤਾਂ ਦੇ ਘੜੇ ਵਿਚ ਪਾਣੀ ਪਿਆ ਰਿਹਾ ਹੈ।

ਇਸੇ ਤਰ੍ਹਾਂ ਲੱਖਾ ਸਿਧਾਣਾ ਜੋ ਇਕ ਨਾਮੀ ਗੈਂਗਸਟਰ ਸੀ, ਅਪਣੀ ਜ਼ੁਰਮ ਦੀ ਦੁਨੀਆਂ ਦੇ ਚਿੱਕੜ ਵਿਚੋਂ ਕਮਲ ਦੇ ਫੁੱਲ ਵਾਂਗ ਨਿਖਰ ਕੇ ਨਿਕਲਿਆ ਹੈ। ਉਹ ਅੱਜ ਪੰਜਾਬ ਦੀ ਨੌਜੁਆਨੀ ਦੀ ਆਵਾਜ਼ ਬਣ ਗਿਆ ਹੈ। ਕਿਸਾਨੀ ਅੰਦੋਲਨ ਵਿਚ ਵੀ ਉਹ ਨੇ ਅਪਣਾ ਨਾਮ ਬਣਾਇਆ ਹੈ। ਪੰਜਾਬ ਦੇ ਹੱਕਾਂ ਲਈ ਅਹਿਮ ਮੱਦਿਆਂ ਤੇ ਅੱਜ ਬੁਲੰਦ ਅਵਾਜ਼ ਵਿਚ ਮੁੱਦੇ ਚੁੱਕ ਰਿਹਾ ਹੈ। ਜਿਸ ਨੂੰ ਕਦੇ ਸਮਾਜ ਲਾਹਨਤਾਂ ਪਾਉਂਦਾ ਸੀ, ਉਹੀ ਅੱਜ ਦੀ ਨੌਜੁਆਨੀ ਦਾ ਚਹੇਤਾ ਬਣ ਗਿਆ ਹੈ। ਉਸ ਨੇ ਸਭ ਤੋਂ ਪਹਿਲਾਂ ਪੰਜਾਬੀ ਮਾਂ ਬੋਲੀ ਲਈ ਆਵਾਜ਼ ਬੁਲੰਦ ਕੀਤੀ ਤੇ ਅੱਜ ਪੰਜਾਬ ਦੇ ਹਰ ਮੁੱਦੇ ਦੀ ਆਵਾਜ਼ ਲਈ ਲੱਖੇ ਸਿਧਾਣੇ ਦਾ ਯੋਗਦਾਨ ਹੈ। ਤੁਸੀ ਨਾਮ ਹੀ ਕਮਾਉਣਾ ਹੈ ਤਾਂ ਪੰਜਾਬ ਦੇ ਹਿੱਤਾਂ ਲਈ ਲੜ ਕੇ ਵੇਖੋ, ਨਾਲੇ ਪਿਆਰ ਮਿਲੇਗਾ ਤੇ ਨਾਲੇ ਚੰਗੀ ਪਛਾਣ ਮਿਲੇਗੀ। ਮਾਂ-ਪਿਉ ਨੂੰ ਗੁਆਚ ਚੁਕਿਆ ਪੁੱਤ ਮਿਲ ਜਾਵੇਗਾ।

ਜ਼ਿੰਦਗੀ ਦਾ ਕਿਸੇ ਨੂੰ ਮਾਰ ਕੇ ਨਹੀਂ ਬਲਕਿ ਬਚਾ ਕੇ ਮਿਲਦਾ ਹੈ। ਅਜੇ ਵੀ ਡੁੱਲੇ੍ਹ ਬੇਰਾਂ ਦਾ ਕੁੱਝ ਨਹੀਂ ਬਿਗੜਿਆ। ਇਹ ਜੀਵਨ ਵਾਰ ਵਾਰ ਨਹੀ ਮਿਲਣਾ, ਇਸ ਨੂੰ ਐਵੇਂ ਭੰਗ ਦੇ ਭਾੜੇ ਨਾ ਗਵਾਉ। ਚੰਗੇ ਕੰਮ ਕਰਨ ਵਾਲਿਆਂ ਦਾ ਨਾਮ ਸਦਾ ਇਤਿਹਾਸ ਦੇ ਵਿਚ ਜਿਊੂਂਦਾ ਰਹਿੰਦਾ ਹੈ। ਤੇ ਜ਼ੁਰਮ ਦੀ ਦੁਨੀਆਂ ਦਾ ਤਾਂ ਧੂੰਏਂ ਦੇ ਬੱਦਲ ਹੁੰਦੇ ਹਨ। ਆਪਾਂ ਵੀ ਇਕ ਦਿਨ ਮਰ ਜਾਣਾ ਹੈ। ਦਸ ਕਰੋੜ ਲੋਕਾਂ ਨੂੰ ਮਾਰਨ ਵਾਲਾ ਚੰਗੇਜ਼ ਖ਼ਾਨ ਵੀ ਅਖ਼ੀਰ ਮਰ ਗਿਆ। ਇਕ ਪਾਸੇ ਹਨੇਰਾ ਤੇ ਦੂਜੇ ਪਾਸੇ ਚਾਨਣ ਹੈ, ਫ਼ੈਸਲਾ ਤੁਸੀ ਕਰਨਾ ਹੈ। ਇਕ ਪਾਸੇ ਇੱਜ਼ਤ ਤੇ ਦੂਜੇ ਪਾਸੇ ਲਾਹਨਤਾਂ। ਸੋ ਵੀਰੋ! ਗੱਲ ਚੰਗੀ ਲੱਗੀ ਤਾਂ ਅਪਣਾ ਲੈਣਾ ਨਹੀਂ ਤਾਂ ਤੁਹਾਡੀ ਸਮਝ ਹੈ ਕਿ ਜੁਰਮ ਦੇ ਹਨੇਰੇ ਵਿਚ ਹੀ ਭਟਕਣਾ ਹੈ ਜਾਂ ਫਿਰ ਚਾਨਣ ਦੀ ਭਾਲ ਕਰਨੀ ਹੈ। ਬਾਕੀ ਸਰਕਾਰਾਂ, ਏਜੰਸੀਆਂ ਵਰਤਦੀਆਂ ਰਹਿਣਗੀਆਂ ਤੇ ਫਿਰ  ਵਰਤੀ ਹੋਈ ਚੀਜ਼ ਨੂੰ ਟਿਕਾਣੇ ਵੀ ਆਪੇ ਲਗਾ ਦਿੰਦੀਆਂ ਹਨ।
ਸ੍ਰੀ ਚਮਕੌਰ ਸਾਹਿਬ, ਜ਼ਿਲ੍ਹਾ : ਰੋਪੜ੍ਹ।                                                                                 
ਮੋਬਾਈਲ : 99887-77978