ਪਹਿਲਾ ਸਿੱਖ ਕੇਂਦਰੀ ਮੰਤਰੀ ਜਿਸ ਨੂੰ ਵਜ਼ਾਰਤ ’ਚੋਂ ਕੱਢ ਦਿਤਾ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਕਿਉਂਕਿ ਉਹ ਸਿੱਖਾਂ ਨੂੰ ਵਿਸ਼ੇਸ਼ ਸੰਵਿਧਾਨਕ ਅਧਿਕਾਰ ਦੇਣ ਦੀ ਗੱਲ ਕਰਦਾ ਸੀ।

Sardar Baldev Singh

1947 ਵਿਚ ਦੇਸ਼ ਆਜ਼ਾਦ ਤਾਂ ਹੋ ਗਿਆ ਪਰ ਘੱਟ ਗਿਣਤੀਆਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਤੌਰ ਉਤੇ ਲਾਗੂ ਕਰਨ ਤੋਂ ਬਚਣ ਲਈ ਸਾਰੇ ਮੁਸਲਮਾਨ ਤੇ ਸਿੱਖ ਆਗੂਆਂ ਦੀ ਘੇਰਾਬੰਦੀ, ਖ਼ੁਫ਼ੀਆ ਏਜੰਸੀਆਂ ਨੂੰ ਸੌਂਪ ਦਿਤੀ ਗਈ। ਅੰਗਰੇਜ਼, ਇਕ ਸਾਮਰਾਜੀ ਤਾਕਤ ਵਜੋਂ, ਇਹੀ ਕੁੱਝ ਕਾਂਗਰਸੀ ਆਗੂਆਂ ਨਾਲ ਵੀ ਕਲ ਤਕ ਕਰਦਾ ਆ ਰਿਹਾ ਸੀ ਤੇ ਖ਼ੁਫ਼ੀਆ ਏਜੰਸੀਆਂ ਨੂੰ ਇਸ ਕੰਮ ਲਈ ਚੰਗੀ ਤਰ੍ਹਾਂ ‘ਟਰੇਂਡ’ ਕਰ ਕੇ ਗਿਆ ਸੀ। ਅੰਗਰੇਜ਼ਾਂ ਵਲੋਂ ਤਿਆਰ ਕੀਤੀਆਂ ਖ਼ੁਫ਼ੀਆ ਏਜੰਸੀਆਂ ਨੂੰ ਹੁਣ ਨਵਾਂ ਕੰਮ ਦੇ ਦਿਤਾ ਗਿਆ ਕਿ ਉਹ ਇਕ ਇਕ ਮੁਸਲਮਾਨ ਤੇ ਇਕ ਇਕ ਸਿੱਖ ਆਗੂ ਬਾਰੇ ਪੂਰੀ ਖ਼ਬਰ ਰੱਖਣ ਕਿ ਉਹ ਕਿਵੇਂ ਸੋਚਦਾ ਹੈ। ਮੁਸਲਮਾਨਾਂ ਵਿਚੋਂ ਜੇ ਕੋਈ ‘ਜਿਨਾਹ’ ਦਾ ਨਾਂ ਵੀ ਲੈ ਲੈਂਦਾ ਤਾਂ ਝੱਟ ਉਸ ਦੀ ਰੀਪੋਰਟ ਕਰ ਦਿਤੀ ਜਾਂਦੀ। 

ਇਸੇ ਤਰ੍ਹਾਂ, ਦੁਗਣੇ ਜ਼ੋਰ ਨਾਲ ਕੋਸ਼ਿਸ਼ ਸ਼ੁਰੂ ਕਰ ਦਿਤੀ ਗਈ ਕਿ ਮਾ. ਤਾਰਾ ਸਿੰਘ ਨੂੰ ਸਾਰੇ ਸਿੱਖ ਲੀਡਰ ਹੀ ਛੱਡ ਜਾਣ ਜੋ ਕਾਂਗਰਸ ਵਿਚ ਆ ਕੇ ਮਨਮਰਜ਼ੀ ਦੇ ਅਹੁਦੇ ਲੈ ਕੇ ਐਸ਼ ਕਰਨ ਪਰ ਸਿੱਖਾਂ ਲਈ ਵਿਸ਼ੇਸ਼ ਅਧਿਕਾਰਾਂ ਦੀ ਮੰਗ ਕਦੇ ਭੁੱਲ ਕੇ ਵੀ ਨਾ ਕਰਨ। ਉਸ ਸਮੇਂ ਦੀਆਂ ਅਜੀਤ ਦੀਆਂ ਫ਼ਾਈਲਾਂ ਕਢਵਾ ਕੇ ਵੇਖ ਲਵੋ, ਸਾਧੂ ਸਿੰਘ ਹਮਦਰਦ, ਹਰ ਰੋਜ਼ ਸੰਪਾਦਕੀ ਵਿਚ ਦੁਹਰਾਉਂਦੇ ਸਨ, ‘‘ਸਾਡੀ ਸੋਚੀ ਸਮਝੀ ਰਾਏ ਹੈ ਕਿ ਵਖਰਾ ਅਕਾਲੀ ਦਲ ਬਣਾਈ ਰੱਖਣ ਦੀ ਹੁਣ ਕੋਈ ਲੋੜ ਨਹੀਂ ਰਹਿ ਗਈ, ਇਸ ਲਈ ਸਾਰੇ ਸਿੱਖਾਂ ਨੂੰ ਕਾਂਗਰਸ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਹੈ ਤੇ ਅੰਦਰ ਵੜ ਕੇ, ਇਸ ਉਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਕਾਂਗਰਸ ਅੰਦਰ ਜਾ ਕੇ ਸਿੱਖ ਜ਼ਿਆਦਾ ਕੁੱਝ ਹਾਸਲ ਕਰ ਸਕਦੇ ਹਨ।’’ 

ਸੋੋ ਮਾ. ਤਾਰਾ ਸਿੰਘ ਨੂੰ ਇਕੱਲਿਆਂ ਕਰਨ ਦਾ ਕਾਰਜ ਤੇਜ਼ ਕਰ ਦਿਤਾ ਗਿਆ ਕਿਉਂਕਿ ਸਿੱਖਾਂ ਨਾਲ ਨਹਿਰੂ, ਗਾਂਧੀ ਤੇ ਕਾਂਗਰਸ ਵਲੋਂ ਆਜ਼ਾਦੀ ਤੋਂ ਪਹਿਲੇ ਕੀਤੇ ਇਕਰਾਰਾਂ ਦੀ ਯਾਦ ਉਹੀ ਕਰਵਾਉਂਦਾ ਸੀ। ਇਸ ਯਤਨ ਵਿਚ ਖ਼ੁਫ਼ੀਆ ਏਜੰਸੀਆਂ ਕਾਮਯਾਬ ਵੀ ਹੋ ਗਈਆਂ। ਸਾਰੇ ਸਿੱਖ ਆਗੂ ਮਾ. ਤਾਰਾ ਸਿੰਘ ਨੂੰ ਛੱਡ ਕੇ, ਕਾਂਗਰਸੀ ਬਣ ਗਏ। ਹੱਦ ਉਦੋਂ ਹੋ ਗਈ ਜਦ ਅਕਾਲ ਤਖ਼ਤ ਦੇ ‘ਜਥੇਦਾਰ’ ਵੀ ਕਾਂਗਰਸੀ ਬਣਾ ਦਿਤੇ ਗਏ। ਗਿ. ਗੁਰਮੁਖ ਸਿੰਘ ਮੁਸਾਫ਼ਰ ਤੇ ਜਥੇਦਾਰ ਮੋਹਨ ਸਿੰਘ ਕਾਂਗਰਸੀ, ਅਕਾਲ ਤਖ਼ਤ ਦੇ ‘ਜਥੇਦਾਰ’ ਬਣਾ ਦਿਤੇ ਗਏ। ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਵੀ ਵੋਟਾਂ ਰਾਹੀਂ ਮਾ. ਤਾਰਾ ਸਿੰਘ ਨੂੰ ਹਰਾ ਕੇ ਪ੍ਰੇਮ ਸਿੰਘ ਲਾਲਪੁਰਾ ਪ੍ਰਧਾਨ ਬਣ ਗਏ ਤੇ ਸ਼੍ਰੋਮਣੀ ਕਮੇਟੀ ਵੀ ‘ਕਾਂਗਰਸੀ’ ਬਣ ਗਈ। ਇਹ ਕੀਤਾ ਕਿਸ ਨੇ? ਖ਼ੁਦ ਪੰਥਕ ਅਕਾਲੀ ਮੈਂਬਰਾਂ ਨੇ ਜਿਨ੍ਹਾਂ ਨੂੰ ਖ਼ੁਫ਼ੀਆ ਏਜੰਸੀਆਂ ਨੇ ਕਈ ਲਾਲਚ ਦੇ ਕੇ, ਕਾਂਗਰਸ ਦੇ ਕੈਂਪ ਵਿਚ ਜਾਣ ਲਈ ਤਿਆਰ ਕਰ ਦਿਤਾ ਸੀ। 

ਸਿੱਖਾਂ ਨਾਲ 1947 ਤੋਂ ਪਹਿਲਾਂ ਦੇ ਵਾਅਦੇ ਲਾਗੂ ਕਰਨ ਲਈ ਅੰਦੋਲਨ ਸ਼ੁਰੂ ਕਰਨ ਦਾ ਜਿਹੜਾ ਠੀਕ ਵੇਲਾ ਸੀ,  ਉਸ ਵੇਲੇ ਹਾਲਤ ਇਹ ਹੋ ਗਈ ਕਿ ਸਾਰੇ ਧੜੇ, ਕਤਾਰਾਂ ਬੰਨ੍ਹ ਕੇ, ਕਾਂਗਰਸ ਵਲ ਦੌੜਨ ਲੱਗ ਪਏ। ਉਹਨੀਂ ਦਿਨੀਂ ਦਿੱਲੀ ਦੇ ‘ਹਿੰਦੁਸਤਾਨ ਟਾਈਮਜ਼’ (ਅੰਗਰੇਜ਼ੀ) ਨੇ ਅਪਣੇ ਪਹਿਲੇ ਸਫ਼ੇ ਉਤੇ ਇਕ ਕਾਰਟੂਨ ਛਾਪਿਆ ਜਿਸ ਵਿਚ ਮਾ. ਤਾਰਾ ਸਿੰਘ ਨੂੰ ਇਕ ਪਾਸੇ ਇਕੱਲਿਆਂ ਖੜੇ ਵਿਖਾਇਆ ਗਿਆ ਸੀ ਤੇ ਉਹ ਇਕੱਲੇ ਰਹਿ ਜਾਣ ਕਰ ਕੇ ਕਾਂਗਰਸ ਵਲ ਭੱਜੇ ਜਾ ਰਹੇ ਅਕਾਲੀਆਂ ਨੂੰ ਉਧਰ ਜਾਣੋਂ ਰੋਕਣ ਲਈ ਹਾਲ ਦੁਹਾਈ ਪਾ ਰਹੇ ਸਨ ਪਰ ਕੋਈ ਵੀ ਉਨ੍ਹਾਂ ਦੀ ਇਹ ਗੱਲ ਨਹੀਂ ਸੀ ਸੁਣ ਰਿਹਾ ਕਿ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦੇ ਤਾਂ ਲਾਗੂ ਕਰਵਾ ਲਉ। 

ਜਿਹੜੇ ‘ਅਕਾਲੀ’ ਵੱਡੇ ਵੱਡੇ ਅਹੁਦੇ ਲੈ ਕੇ, ਕਾਂਗਰਸ ਵਿਚ ਸ਼ਾਮਲ ਹੋ ਗਏ ਸਨ, ਉਨ੍ਹਾਂ ਉਤੇ ਕਾਂਗਰਸ ਨੇ ਸਖ਼ਤ ਪਾਬੰਦੀ ਲਾ ਦਿਤੀ ਕਿ ਉਨ੍ਹਾਂ ਨੇ  ਮਾ. ਤਾਰਾ ਸਿੰਘ ਦੀ ਹਮਾਇਤ ਵਿਚ ਕੁੱਝ ਕਿਹਾ ਜਾਂ 1947 ਤੋਂ ਪਹਿਲਾਂ ਦੇ ਵਾਅਦਿਆਂ ਨੂੰ ਯਾਦ ਕਰ ਕੇ ਇਕ ਵੀ ਲਫ਼ਜ਼ ਬੋਲਿਆ ਤਾਂ ਸਾਰੇ ਅਹੁਦੇ ਖੋਹ ਲਏ ਜਾਣਗੇ। ਸੋ ਸਿੱਖ ਵਜ਼ੀਰਾਂ ਨੇ ਵੀ ਮੂੰਹ ਵਿਚ ਘੁੰਗਣੀਆਂ ਪਾ ਲਈਆਂ ਤੇ ਕਾਂਗਰਸ ਵਿਚ ਸ਼ਾਮਲ ਹੋ ਗਏ ਮਝੈਲ ਜਥੇਦਾਰ ਵੀ ਮੂੰਹ ਅਤੇ ਅੱਖਾਂ ਬੰਦ ਕਰੀ ਬੈਠੇ ਰਹੇ। ਮਾਲਵੇ ਤੇ ਦੁਆਬੇ ਵਾਲੇ ਆਗੂ ਉਦੋਂ ਤਕ ਪਿਛਲੀਆਂ ਸੀਟਾਂ ਤੇ ਹੀ ਬੈਠਣ ਵਾਲੇ ਆਗੂ ਸਨ। ਸ਼ਾਹੀ ਕੁਰਸੀਆਂ ਉਤੇ ਬੈਠੇ ਸਿੱਖਾਂ ਵਿਚੋਂ ਇਕੋ ਇਕ ‘ਸਾਬਕਾ ਅਕਾਲੀ’ ਜੋ ਬੋਲਣੋਂ ਨਾ ਰਹਿ ਸਕਿਆ, ਉਹ ਸ. ਬਲਦੇਵ ਸਿੰਘ ਹੀ ਸੀ ਜਿਸ ਨੂੰ ਹੁਕਮਰਾਨਾਂ ਨੇ ਕੇਵਲ ਸਿੱਖ ਮੰਗਾਂ ਦੀ ਵਕਾਲਤ ਕਰਨ ਬਦਲੇ ਕੇਂਦਰੀ ਵਜ਼ਾਰਤ ਵਿਚੋਂ ਹੀ ਨਾ ਛੇਕ ਦਿਤਾ ਸਗੋਂ ਉਸ ਵਿਰੁਧ ਖ਼ੁਫ਼ੀਆ ਏਜੰਸੀਆਂ ਵਲੋਂ ਜ਼ਬਰਦਸਤ ਝੂਠ ਪ੍ਰਚਾਰ ਸ਼ੁਰੂ ਕਰ ਦਿਤਾ ਗਿਆ।

ਅੰਗਰੇਜ਼ ਵੇਲੇ ਤੋਂ ਚਲੀ ਆ ਰਹੀ ਨੀਤੀ ਦਾ ਇਹ ਭਾਗ ਹੁੰਦਾ ਸੀ ਕਿ ਜਿਸ ਆਗੂ ਨੂੰ ਰੱਦ ਕਰੋ, ਉਸ ਵਿਰੁਧ ਵੱਡੇ ਵੱਡੇ ਇਲਜ਼ਾਮ ਘੜ ਕੇ, ਖ਼ੁਫ਼ੀਆ ਏਜੰਸੀਆਂ ਰਾਹੀਂ ਏਨਾ ਬਦਨਾਮ ਕਰੋ ਕਿ ਉਸ ਦੇ ਅਪਣੇ ਵੀ ਉਸ ਨੂੰ ‘ਗ਼ਦਾਰ’ ਸਮਝਣ ਲੱਗ ਪੈਣ। ਸ. ਬਲਦੇਵ ਸਿੰਘ ਨੂੰ ਲਿਖੀ ਅਪਣੀ 30.12.1948 ਵਾਲੀ ਚਿੱਠੀ ਵਿਚ ਸਰਦਾਰ ਪਟੇਲ ਨੇ, ਬੜੇ ਘਾਗ ਸਿਆਸਤਦਾਨ ਵਾਂਗ, ਸਪੱਸ਼ਟ ਕਰ ਦਿਤਾ ਸੀ ਕਿ ਉਹ ਬਲਦੇਵ ਸਿੰਘ ਤੇ ਮਾ. ਤਾਰਾ ਸਿੰਘ ਨੂੰ ਇਕੋ ਹੀ ਸਮਝਦਾ ਸੀ ਤੇ ਗੁਪਤ ਇਸ਼ਾਰਾ ਵੀ ਕਰ ਦਿਤਾ ਸੀ ਕਿ ਵੇਲਾ ਰਹਿੰਦਿਆਂ, ਉਹ ਮਾ. ਤਾਰਾ ਸਿੰਘ ਨਾਲੋਂ ਰਿਸ਼ਤਾ ਤੋੜ ਲਵੇ ਨਹੀਂ ਤਾਂ...। 29 ਦਸੰਬਰ ਵਾਲੀ ਚਿੱਠੀ ਵਿਚ ਸ. ਬਲਦੇਵ ਸਿੰਘ ਨੇ ਸਿੱਖ ਮੰਗਾਂ ਮੰਨਣ ਬਾਰੇ ਜੋ ਲਿਖਿਆ ਸੀ, ਉਸ ਦਾ ਪੱਥਰ ਮਾਰਨ ਵਰਗਾ ਜਵਾਬ ਇਹ ਦੇ ਦਿਤਾ ਗਿਆ ਕਿ ਸਿੱਖ ਮੰਗਾਂ ਮੰਨ ਕੇ ਉਹ ‘ਸੰਵਿਧਾਨ ਦਾ ਹੁਲੀਆ ਵਿਗਾੜਨ’ ਲਈ ਕਦੇ ਤਿਆਰ ਨਹੀਂ ਹੋਵੇਗਾ।

ਸ. ਬਲਦੇਵ ਸਿੰਘ, ਸਿੱਖ ਹੱਕਾਂ ਨੂੰ ਸੰਵਿਧਾਨਕ ਦਰਜਾ ਦੇਣ (ਕਸ਼ਮੀਰ ਵਾਂਗ) ਦੀ ਮੰਗ ਕਰਨ ਵਾਲਾ ਪਹਿਲਾ ਤੇ ਇਕੋ ਇਕ ਸਿੱਖ ਵਜ਼ੀਰ ਸੀ ਜਿਸ ਕਰ ਕੇ ਉਸ ਨੂੰ ਸਰਕਾਰ ਦੀ ਵੱਡੀ ਕੁਰਸੀ ਤੋਂ ਲਾਹ ਕੇ ‘ਸਿਆਸੀ ਸ਼ਹੀਦ’ ਬਣਾ ਦਿਤਾ ਗਿਆ ਹਾਲਾਂਕਿ ਉਸ ਉਤੇ ਕੋਈ ਮਾਮੂਲੀ ਜਿਹਾ ਦੋਸ਼ ਵੀ ਨਹੀਂ ਸੀ ਲੱਗਾ ਹੋਇਆ। ਵਜ਼ਾਰਤ ਵਿਚੋਂ ਕੱਢਣ ਮਗਰੋਂ, ਖ਼ੁਫ਼ੀਆ ਏਜੰਸੀਆਂ ਨੇ ਉਸ ਨੂੰ ਲੋਕਾਂ ਵਿਚ ਬਦਨਾਮ ਕਰਨ ਲਈ ਜਿਹੜੇ ਝੂਠ ਫੈਲਾਏ, ਉਨ੍ਹਾਂ ਦੀ ਝਲਕ ਵੀ ਵੇਖ ਲਉ। ਪਹਿਲਾਂ ਉਹ ਦੇਸ਼ ਵੇਖੋ ਜੋ ਹਿੰਦੂਆਂ ਨੂੰ ਸ. ਬਲਦੇਵ ਸਿੰਘ ਦਾ ਵਿਰੋਧੀ ਬਣਾ ਦੇਣ ਲਈ ਸਨ:

  1. ਸ. ਬਲਦੇਵ ਸਿੰਘ, ਭਾਰਤ ਦਾ ਡੀਫ਼ੈਂਸ ਮਨਿਸਟਰ ਹੁੰਦਿਆਂ ਵੀ ਅੰਦਰੋਂ ਮਾ. ਤਾਰਾ ਸਿੰਘ ਦੀ ਫ਼ਿਰਕੂ ਰਾਜਨੀਤੀ ਨੂੰ ਹੱਲਾਸ਼ੇਰੀ ਦੇਂਦਾ ਸੀ ਤੇ ਮਾ. ਤਾਰਾ ਸਿੰਘ ਨੂੰ ਵੱਡੀ ਆਰਥਕ ਮਦਦ ਵੀ ਦੇਂਦਾ ਸੀ। 
  2. ਮਾ. ਤਾਰਾ ਸਿੰਘ ਸਦਾ ਤੋਂ ਹੀ ਖ਼ਾਲਿਸਤਾਨ ਦਾ ਹਾਮੀ ਸੀ ਤੇ ਉਸ ਨੇ ਕੁੱਝ ਸਾਥੀ, ਸਰਕਾਰਾਂ ਵਿਚ ਰੱਖ ਕੇ, ਖ਼ਾਲਿਸਤਾਨ ਲਈ ਕੰਮ ਕਰਨ ਵਾਸਤੇ ਤਿਆਰ ਕੀਤੇ ਹੋਏ ਸਨ। ਬਲਦੇਵ ਸਿੰਘ, ਉਨ੍ਹਾਂ ਸੱਭ ਦਾ ਮੁਖੀ ਸੀ। 
  3. ਸ. ਬਲਦੇਵ ਸਿੰਘ, ਸਰਕਾਰ ਅੰਦਰ ਰਹਿ ਕੇ, ਜਿਨਾਹ ਵਾਂਗ, ਸਿੱਖਾਂ ਨੂੰ ਤੀਜੀ ਕੌਮ ਮੰਨ ਕੇ ਸੰਵਿਧਾਨ ਵਿਚ ਤਬਦੀਲੀਆਂ ਕਰਨ ਤੇ ਸੰਵਿਧਾਨ ਦਾ ਹੁਲੀਆ ਵਿਗਾੜਨ ਲਈ ਕੰਮ ਕਰਦਾ ਰਹਿੰਦਾ ਸੀ। 

ਅਤੇ ਫਿਰ ਜ਼ਰਾ ਉਹ ਇਲਜ਼ਾਮ ਵੀ ਵੇਖ ਲਉ ਜੋ ਖ਼ੁਫ਼ੀਆ ਏਜੰਸੀਆਂ ਵਲੋਂ ਸ. ਬਲਦੇਵ ਸਿੰਘ ਨੂੰ ਸਿੱਖਾਂ ਦੀਆਂ ਨਜ਼ਰਾਂ ਵਿਚ ਡੇਗਣ ਲਈ ਫੈਲਾਏ ਗਏ:

  1. ਜਦ ਪੰਡਤ ਨਹਿਰੂ ਅਤੇ ਹੋਰ ਲੀਡਰਾਂ ਨਾਲ ਬਲਦੇਵ ਸਿੰਘ ਇੰਗਲੈਂਡ ਗਏ ਤਾਂ ਅੰਗਰੇਜ਼ਾਂ ਨੇ ਬਲਦੇਵ ਸਿੰਘ ਨੂੰ ਰੁਕ ਜਾਣ ਲਈ ਕਿਹਾ ਤਾਕਿ ਸਿੱਖਾਂ ਨੂੰ ਕੁੱਝ ਦੇਣ ਲਈ ਵਿਚਾਰ ਕੀਤੀ ਜਾ ਸਕੇ ਪਰ ਉਹ ਨਾ ਰੁਕੇ ਤੇ ਸਾਰਾ ਕੁੱਝ ਨਹਿਰੂ ਨੂੰ ਦਸ ਦਿਤਾ। ਜੇ ਬਲਦੇਵ ਸਿੰਘ ਰੁਕ ਜਾਂਦਾ ਤਾਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਸਿੱਖ ਸਟੇਟ ਦੇਣ ਦੀ ਸੋਚੀ ਹੋਈ ਸੀ। 
  2. ਪਰ ਬਲਦੇਵ ਸਿੰਘ ਨੂੰ ਨਹਿਰੂ ਕੋਲੋਂ ਡੀਫ਼ੈਂਸ ਮਨਿਸਟਰੀ ਚਾਹੀਦੀ ਸੀ, ਇਸ ਲਈ ਉਹ ਸਿੱਖਾਂ ਨੂੰ ਵੀ ਧੋਖਾ ਦੇ ਗਿਆ। 

ਖ਼ੁਫ਼ੀਆ ਏਜੰਸੀਆਂ ਇਹੋ ਜਹੇ ਬੇ-ਸਿਰ ਪੈਰ ਦੇ ਇਲਜ਼ਾਮ ਛੋਟੀਆਂ ਅਖ਼ਬਾਰਾਂ ਦੇ ਕੁੱਝ ਸੰਪਾਦਕਾਂ ਰਾਹੀਂ (ਜੋ ਸਰਕਾਰੀ ਜ਼ਿਆਫ਼ਤਾਂ ਲੈ ਕੇ ਕੁੱਝ ਵੀ ‘ਗੱਪ ਸ਼ੱਪ’ ਚਲਾ ਦੇਣ ਲਈ ਤਿਆਰ ਬਰ ਤਿਆਰ ਰਹਿੰਦੇ ਸਨ), ਖਾਣ ਪੀਣ ਦੇ ਟਿਕਾਣਿਆਂ ਉਤੇ ਅਪਣੇ ਬੰਦੇ ਬਿਠਾ ਕੇ ਅਤੇ ਲੀਡਰਾਂ ਦੇ ਵਿਰੋਧੀਆਂ ਦੁਆਲੇ ਬੰਦੇ ਛੱਡ ਕੇ ਗੱਪਾਂ ਨੂੰ ‘ਬੜੇ ਖਾਸ ਸ੍ਰੋਤਾਂ’ ਤੋਂ ਪ੍ਰਾਪਤ ਜਾਣਕਾਰੀ ਦਸ ਕੇ ਚਰਚਾ ਦਾ ਵਿਸ਼ਾ ਬਣਾ ਦੇਂਦੀਆਂ ਸਨ। ਉਨ੍ਹਾਂ ਦੀ ਡਿਊਟੀ ਏਨੀ ਹੀ ਹੁੰਦੀ ਸੀ ਕਿ ਜਿਨ੍ਹਾਂ ਲੀਡਰਾਂ ਨੂੰ ਸਰਕਾਰ ਮਾਰਨਾ ਚਾਹੁੰਦੀ ਸੀ, ਉਨ੍ਹਾਂ ਵਿਰੁਧ ਇਸ ਤਰ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਦਾ ਪ੍ਰਚਾਰ ਕਰਨ ਕਿ ਲੋਕ ਉਨ੍ਹਾਂ ਦੀਆਂ ਗੱਪਾਂ ਨੂੰ ਵੀ ਸੱਚ ਸਮਝਣ ਲੱਗ ਪੈਣ। ਅਜਿਹੇ ਬੇ-ਸਿਰ ਪੈਰ ਦੇ ਦੋਸ਼ ਕੋਈ ਵੱਡਾ ਲੀਡਰ ਅਪਣੇ ਮੂੰਹੋਂ ਨਹੀਂ ਸੀ ਲਾਉਂਦਾ, ਨਾ ਕੋਈ ਜ਼ਿੰਮੇਵਾਰ ਅਖ਼ਬਾਰ ਹੀ ਇਨ੍ਹਾਂ ਨੂੰ ਛਾਪਦਾ ਸੀ। ਖ਼ੁਫ਼ੀਆ ਏਜੰਸੀਆਂ ਇਸ ਝੂਠ ਪ੍ਰਚਾਰ ਲਈ ਲੱਲੂ ਪੰਜੂ ਲੋਕ ਹੀ ਲਭਦੀਆਂ ਰਹਿੰਦੀਆਂ ਸਨ।

ਕੁਦਰਤ ਦੀ ਸਿਤਮ ਜ਼ਰੀਫ਼ੀ ਵੇਖੋ ਕਿ ਜਿਹੜੇ ਸਿੱਖ ਆਗੂਆਂ ਨੂੰ (ਸ. ਬਲਦੇਵ ਸਿੰਘ ਸਮੇਤ) ਕੇਂਦਰ ਨੇ ‘ਸਿੱਖ ਹੱਕਾਂ’ ਦੀ ਵਕਾਲਤ ਕਰਨ ਬਦਲੇ, ਉਨ੍ਹਾਂ ਪਿੱਛੇ ਖ਼ੁਫ਼ੀਆ ਏਜੰਸੀਆਂ ਛੱਡ ਦਿਤੀਆਂ ਕੇ ਹੋਰ ਸਜ਼ਾਵਾਂ ਦਿਤੀਆਂ, ਉਨ੍ਹਾਂ ਨੂੰ ਹੀ ਸ. ਕਪੂਰ ਸਿੰਘ ਆਈ.ਸੀ.ਐਸ. ਦੀ ‘ਸਾਚੀ ਸਾਖੀ’ ਵਰਗੀਆਂ ਲਿਖਤਾਂ ਕਾਰਨ ਅੱਜ ਵੀ, ਕਾਫ਼ੀ ਸਾਰੇ ਸਿੱਖ ਹੀ, ਬਿਲਕੁਲ ਗ਼ਲਤ ਤੌਰ ਉਤੇ, ਖ਼ੁਫ਼ੀਆ ਏਜੰਸੀਆਂ ਵਲੋਂ ਫੈਲਾਏ ਝੂਠ ਅਨੁਸਾਰ, ਸਿੱਖਾਂ ਦੇ ਦੋਸ਼ੀ ਹੀ ਦਸਦੇ ਹਨ ਪਰ ਉਨ੍ਹਾਂ ਨੇ ਕਦੇ ਉਨ੍ਹਾਂ ਸਿੱਖ ਵਜ਼ੀਰਾਂ ਵਿਰੁਧ ਇਕ ਸ਼ਬਦ ਵੀ ਨਹੀਂ ਬੋਲਿਆ ਜਾਂ ਲਿਖਿਆ ਜੋ ਸਾਰਾ ਸਮਾਂ ਚੁਪ ਚਾਪ ਬੈਠੇ ਰਹੇ ਤੇ ਸਿੱਖਾਂ ਦੇ ਹੱਕ ਵਿਚ ਇਕ ਲਫ਼ਜ਼ ਵੀ ਨਾ ਬੋਲੇ। ਬੜਾ ਦੁਖ ਹੁੰਦਾ ਹੈ ਇਹ ਵੇਖ ਕੇ। ਸਿੱਖੀ ਦੇ ਆਰੰਭ ਵੇਲੇ ਤੋਂ ਹੀ ਖ਼ੁਫ਼ੀਆ ਏਜੰਸੀਆਂ, ਸਿੱਖਾਂ ਨੂੰ ਗੁਮਰਾਹ ਕਰਨ ਵਿਚ ਸਫ਼ਲ ਰਹਿੰਦੀਆਂ ਰਹੀਆਂ ਹਨ। ਬਾਬੇ ਨਾਨਕ ਵੇਲੇ ਹੋਈਆਂ, ਬੰਦਾ ਸਿੰਘ ਬਹਾਦਰ ਵੇਲੇ ਹੋਈਆਂ, ਮਹਾਰਾਜਾ ਰਣਜੀਤ ਸਿੰਘ ਵੇਲੇ ਹੋਈਆਂ, ਡੋਗਰਿਆਂ ਵੇਲੇ ਹੋਈਆਂ, ਰਾਣੀ ਜਿੰਦਾਂ ਵੇਲੇ ਹੋਈਆਂ ਤੇ ਹੋਰ ਹਰ ਮੌਕੇ ਹੋਈਆਂ। ਆਜ਼ਾਦ ਭਾਰਤ ਵਿਚ ਤਾਂ ਸਿੱਖ ਸਿਆਸਤ ਦੀ ਲਗਾਮ ਕੇਂਦਰ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਹੀ ਫੜੀ ਹੋਈ ਹੈ। ਸਿੱਖ ਵੀ ਉਹੀ ਕੁੱਝ ਮੰਨਦੇ ਹਨ ਜੋ ਖ਼ੁਫ਼ੀਆ ਏਜੰਸੀਆਂ ਉਨ੍ਹਾਂ ਨੂੰ ਮੰਨਣ ਲਈ ਕਹਿੰਦੀਆਂ ਹਨ ਅਤੇ ਹੁਣ ਉਨ੍ਹਾਂ ਨੂੰ ਹੀ ਲੀਡਰ ਬਣਾਉਂਦੀਆਂ ਹਨ ਜਿਨ੍ਹਾਂ ਨੂੰ ਖ਼ੁਫ਼ੀਆ ਏਜੰਸੀਆਂ ਬਣਾਉਣਾ ਚਾਹੁੰਦੀਆਂ ਹਨ। ਬਾਕੀ ਅਗਲੀ ਵਾਰ।  -ਜੋਗਿੰਦਰ ਸਿੰਘ

(ਚਲਦਾ)