Panthak Newspapers: ਪੰਥਕ ਅਖਬਾਰਾਂ ਦੀ ਹਰ ਔਖੀ ਘੜੀ ਵੇਲੇ ਪੰਥਕ ਜਥੇਬੰਦੀਆਂ ਤੇ ‘ਪੰਥਕਾਂ’ ਨੇ ਕਦੇ ਉਨ੍ਹਾਂ ਦਾ ਸਾਥ ਨਹੀਂ ਦਿਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

Panthak Newspapers:

Panthak Newspapers

Panthak Newspapers: ਪਿਛਲੇ ਐਤਵਾਰ ਮੈਂ ਦਸਿਆ ਸੀ ਕਿ ਰੋਜ਼ਾਨਾ ਸਪੋਕਸਮੈਨ ਨੂੰ ਬੰਦ ਕਰਵਾਉਣ ਲਈ ਜਦ ਪੰਥਕ (ਬਾਦਲ) ਸਰਕਾਰ ਨੇ ਇਤਿਹਾਸ ਦਾ ਸੱਭ ਤੋਂ ਤਿੱਖਾ, ਮਾਰੂ, ਡਾਢਾ ਤੇ ਬੇ-ਤਰਸ ਹਮਲਾ ਕੀਤਾ, ਤਾਂ ਵੀ ਪੰਥਕ ਵਿਦਵਾਨਾਂ ਤੇ ਦੂਜੇ ਪੰਥਕਾਂ ਦੀ ਜ਼ਬਾਨ ਬੰਦ ਹੀ ਰਹੀ। ਮੈਨੂੰ ਪਤਾ ਸੀ, ਇਸ ਦੇਸ਼ ਦੀ ਸਦੀਆਂ ਤੋਂ ਜੋ ਰਵਾਇਤ ਬਣੀ ਹੋਈ ਸੀ ਤੇ ਜਿਸ ਨੂੰ ਸਿੱਖਾਂ ਨੇ ਹੀ ਤੋੜਿਆ ਸੀ, ਉਹ ਹੁਣ ਸਿੱਖਾਂ (ਖ਼ਾਸ ਤੌਰ ’ਤੇ ਇਸ ਦੇ ਵਿਦਵਾਨਾਂ ਤੇ ਪੰਥਕ ਜਥੇਬੰਦੀਆਂ ਦੇ ਕਰਤਾ ਧਰਤਾ ਲੋਕਾਂ) ਨੇ ਵੀ ਅਪਣੀ ਰੀਤ ਬਣਾ ਲਈ ਹੈ। ਵਿਦੇਸ਼ੀ ਹਾਕਮ ਇਥੇ ਆਉਂਦੇ ਸਨ, ਹਿੰਦੂਆਂ ਦੀਆਂ ਕੁੜੀਆਂ, ਹਿੰਦੂਆਂ ਦੇ ਮੁੰਦਰ ਲੁਟ ਕੇ ਲੈ ਜਾਂਦੇ ਸਨ ਤੇ ਕੋਈ ਵਿਦਵਾਨ, ਸੰਤ ਤੇ ਆਗੂ ਚੂੰ ਤਕ ਵੀ ਨਹੀਂ ਸੀ ਕਰਦਾ। ਪਹਿਲੀ ਵਾਰ ਬਾਬਾ ਨਾਨਕ ਨੇ ਬਾਬਰ ਨੂੰ ਜਾਬਰ ਕਹਿ ਕੇ ਭਾਈ ਲਾਲੋ ਨੂੰ ਸੰਬੋਧਨ ਕਰ ਕੇ ਜ਼ੁਲਮ ਵਿਰੁਧ ਜ਼ੋਰਦਾਰ ਆਵਾਜ਼ ਉਠਾਈ ਤੇ ਇਥੇ ਦੇ ਪੀੜਤ ਤੇ ਦੁਖੀ ਹਿੰਦੁਸਤਾਨੀ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਮਹਾਨ ਹਸਤੀਆਂ ’ਚੋਂ ਕਿਸੇ ਨੇ ਤਾਂ ਜ਼ਾਲਮ ਹਮਲਾਵਰ ਨੂੰ ਖੁਲ੍ਹ ਕੇ ਚੁਨੌਤੀ ਦੇਣ ਤੇ ਦੁਖੀਆਂ ਲਈ ਹਾਅ ਦਾ ਨਾਹਰਾ ਮਾਰਨ ਦਾ ਜੇਰਾ ਵਿਖਾਇਆ ਹੈ। ਅੱਜ ਦੇ ਸਿੱਖ ਆਗੂਆਂ, ਪੁਜਾਰੀਆਂ ਤੇ ਪੰਥਕ ਜਥੇਬੰਦੀਆਂ ਦੀ ਹਾਲਤ, ਐਨ ਬਾਬੇ ਨਾਨਕ ਤੋਂ ਪਹਿਲਾਂ ਦੇ ਭਾਰਤੀ ‘ਸਿਆਣਿਆਂ’ ਵਾਲੀ ਹੀ ਹੋ ਗਈ ਹੈ।

ਮੈਂ ਵਾਅਦਾ ਕੀਤਾ ਸੀ ਕਿ ਅੰਦਰਖਾਤੇ ਉਹ ‘ਸਿਆਣੇ’ ਮੈਨੂੰ ਕੀ ਕਹਿੰਦੇ ਸਨ, ਉਸ ਦੀ ਇਕ ਝਲਕ ਵੀ ਪਾਠਕਾਂ ਨੂੰ ਵਿਖਾਵਾਂਗਾ। ਮੈਂ ਗੱਲ ਛੇਕੇ ਜਾਣ ਤੋਂ ਇਕ ਦੋ ਮਹੀਨੇ ਬਾਅਦ ਦੀ ਕਰਦਾ ਹਾਂ। ਡਾ. ਮਾਨ ਸਿੰਘ ਨਿਰੰਕਾਰੀ ਨੇ ਅਪਣੇ ਘਰ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕੀਤਾ। ਮੈਨੂੰ ਵੀ ਬੁਲਾਇਆ ਗਿਆ ਪਰ ਮੈਂ ਜਾਣਾ ਨਹੀਂ ਸੀ ਚਾਹੁੰਦਾ ਕਿਉਂਕਿ ਮੈਨੂੰ ਪਤਾ ਸੀ ਉਥੇ ‘ਵੱਡੇ’ ਲੋਕਾਂ ਨੇ ਆਉਣਾ ਹੈ ਜੋ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਲ ਵੇਖ ਕੇ ਹੀ ਮੂੰਹ ਖੋਲ੍ਹਦੇ ਹਨ। ਪਰ ਡਾ. ਨਿਰੰਕਾਰੀ ਨੇ ਸਹੁੰ ਪਾ ਦਿਤੀ ਕਿ ਭਾਵੇਂ 10 ਮਿੰਟ ਰੁਕ ਕੇ ਚਲੇ ਜਾਇਉ ਪਰ ਆਉਣਾ ਜ਼ਰੂਰ ਹੈ। ਮੈਂ ਚਲਾ ਗਿਆ। 30-40 ਮਹਾਨ ਹਸਤੀਆਂ ਪਹੁੰਚ ਚੁਕੀਆਂ ਸਨ। ਮੈਂ ਸੱਭ ਨੂੰ ਸਤਿ ਸ੍ਰੀ ਅਕਾਲ ਬੁਲਾਈ। ਉਹ ਹੱਥ ਜੋੜ ਕੇ ਅੱਗੇ ਚਲੇ ਜਾਂਦੇ। ਕੋਈ ਮੇਰੇ ਕੋਲ ਇਕ ਮਿੰਟ ਲਈ ਵੀ ਨਾ ਰੁਕਦਾ ਤੇ ਨਾ ਰਸਮੀ ਹਾਲ-ਚਾਲ ਹੀ ਪੁਛਦਾ। ਕਲ ਤਕ ਜੋ ਘੰਟਾ ਘੰਟਾ ਮੇਰੇ ਕੋਲੋਂ ਉਠਦੇ ਨਹੀਂ ਸਨ ਤੇ ਮੈਂ ਬਹਾਨਾ ਬਣਾ ਕੇ ਉਨ੍ਹਾਂ ਨੂੰ ਚੁੱਪ ਕਰਵਾਉਂਦਾ ਸੀ, ਉਹ ਅੱਜ ਪੂਰੀ ਤਰ੍ਹਾਂ ਬੇਗਾਨੇ ਬਣ ਗਏ ਸਨ। ਉਥੇ ਦੋ ਵਜ਼ੀਰ ਵੀ ਖੜੇ ਸੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ। ਜਦ ਕੋਈ ਗੱਲ ਹੀ ਨਾ ਕਰੇ ਤਾਂ ਉਥੇ ਰੁਕ ਕੇ ਮੈਂ ਕੀ ਕਰਦਾ? ਮੈਂ ਡਾਕਟਰ ਨਿਰੰਕਾਰੀ ਜੀ ਨੂੰ ਹੱਥ ਜੋੜ ਕੇ ਕਿਹਾ ਕਿ ‘‘ਬਹੁਤ ਜ਼ਰੂਰੀ ਕੰਮ ਸੀ ਪਰ ਤੁਹਾਡਾ ਹੁਕਮ ਨਹੀਂ ਟਾਲ ਸਕਿਆ। ਹੁਣ ਏਨੀ ਕੁ ਹਾਜ਼ਰੀ ਪ੍ਰਵਾਨ ਕਰੋ ਤੇ ਮੈਨੂੰ ਜਾਣ ਦੀ ਆਗਿਆ ਦਿਉ।’’

ਡਾ. ਨਿਰੰਕਾਰੀ ਵੀ ਮੇਰੀ ‘ਦੁਰਗਤ’ ਹੁੰਦੀ ਵੇਖ ਰਹੇ ਸੀ ਪਰ ਬੋਲੀ ਜਾਂਦੇ ਸਨ ਕਿ ਮੈਂ ਹੌਸਲਾ ਨਾ ਹਾਰਾਂ ਤੇ ਡਟੇ ਰਹਿ ਕੇ ਇਨ੍ਹਾਂ ਸਰਕਾਰੀ ਚਮਚਿਆਂ ਦਾ ਮੂੰਹ ਚਿੜਾਵਾਂ। ਮੈਨੂੰ ਬਾਹਰ ਤਕ ਛੱਡਣ ਆਏ। ਮੈਂ ਗੱਡੀ ਸਟਾਰਟ ਕੀਤੀ ਹੀ ਸੀ ਕਿ ਅਚਾਨਕ ਇਕ ਦਰੱਖ਼ਤ ਹੇਠ ਓਹਲਾ ਕਰ ਕੇ ਖੜੇ ਵਿਅਕਤੀ ਨੇ ਰੁਕਣ ਦਾ ਇਸ਼ਾਰਾ ਕੀਤਾ। ਮੈਂ ਗੱਡੀ ਬੰਦ ਕਰ ਦਿਤੀ। ਉਸ ਸੱਜਣ ਨੇ ਸਿਰ ਦੀ ਪਗੜੀ ਉਤੇ ਇਕ ਹੋਰ ਚਿੱਟਾ ਰੁਮਾਲ ਖਿਲਾਰਿਆ ਹੋਇਆ ਸੀ। ਮੇਰੀ ਕਾਰ ਕੋਲ ਆ ਕੇ ਮੈਨੂੰ ਬੜੇ ਰਾਜ਼ਦਾਰੀ ਵਾਲੇ ਅੰਦਾਜ਼ ਵਿਚ ਬੋਲੇ, ‘‘ਜੋਗਿੰਦਰ ਸਿੰਘ ਜੀ, ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ। ਤੁਸੀ ਜੋ ਵੀ ਕਰ ਰਹੇ ਹੋ, ਬਿਲਕੁਲ ਠੀਕ ਕਰ ਰਹੇ ਹੋ। ਲੋੜ ਸੀ, ਇਸ ਪਾਪ ਵਿਰੁਧ ਕੋਈ ਸ਼ੇਰ ਦਾ ਬੱਚਾ ਉਠੇ ਤੇ ਗਰਜੇ। ਮੈਂ ਖੁਲ੍ਹ ਕੇ ਤੁਹਾਡੇ ਨਾਲ ਨਹੀਂ ਆ ਸਕਦਾ, ਤੁਸੀ ਸੱਭ ਜਾਣਦੇ ਹੀ ਹੋ।’’ ਏਨਾ ਕਹਿ ਕੇ ਉਹ ਇਕਦੰਮ ਘਰ ਅੰਦਰ ਜਾਣ ਲਈ ਮੁੜ ਪਏ।

ਜਾਣਦੇ ਹੋ ਇਹ ਕੌਣ ਸਨ? ਇਹ ਸਨ ਪ੍ਰਸਿੱਧ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਹਿਸਟੋਰੀਅਨ। ਆਪ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਆਫ਼ੀਸ਼ਲ ਇਤਿਹਾਸਕਾਰ ਸਨ ਤੇ ਕਈ ਕਿਤਾਬਾਂ ਕਮੇਟੀ ਲਈ ਤਿਆਰ ਕਰ ਰਹੇ ਸਨ। ਸ਼ਾਮ ਨੂੰ, ਹਨੇਰਾ ਪੈਣ ਤੇ, ਇਕ ਹੋਰ ਪ੍ਰਸਿੱਧ ਹਸਤੀ ਡਾ. ਹਰਨਾਮ ਸਿੰਘ ਸ਼ਾਨ ਮੇਰੇ ਘਰ ਪਧਾਰੇ। ਦੁਪਹਿਰ ਦੇ ਖਾਣੇ ਵੇਲੇ ਇਹ ਵੀ ਡਾ. ਨਿਰੰਕਾਰੀ ਦੇ ਘਰ ਮੌਜੂਦ ਸਨ ਪਰ ਮੇਰੇ ਤੋਂ ਦੂਰ ਹੀ ਖੜੇ ਰਹੇ ਸਨ। ਹੁਣ ਮੇਰੇ ਘਰ ਆ ਕੇ ਬੋਲੇ, ‘‘ਸਰਦਾਰ ਜੋਗਿੰਦਰ ਸਿੰਘ ਜੀ, ਦਿਲੋਂ ਮਨੋਂ 100 ਫ਼ੀ ਸਦੀ ਤੁਹਾਡੇ ਨਾਲ ਹਾਂ ਤੇ ਤੁਹਾਡੇ ਹਰ ਕਦਮ ਦੀ ਹਮਾਇਤ ਵੀ ਕਰਦਾ ਹਾਂ ਤੇ ਪ੍ਰਸ਼ੰਸਾ ਵੀ ਕਰਦਾ ਹਾਂ। ਪਰ ਮੈਂ ਖੁਲ੍ਹ ਕੇ ਤੁਹਾਡੀ ਹਮਾਇਤ ਵਿਚ ਨਹੀਂ ਬੋਲ ਸਕਦਾ ਕਿਉਂਕਿ ਮੇਰੀ ਇਕ ਕਿਤਾਬ ਛਾਪਣ ਲਈ ਸ਼੍ਰੋਮਣੀ ਕਮੇਟੀ ਨੇ ਪੰਜ ਲੱਖ ਦੇਣਾ ਪ੍ਰਵਾਨ ਕੀਤਾ ਹੈ....।’’ ਮੈਂ ਕਿਹਾ, ‘‘ਬਹੁਤ ਬਹੁਤ ਧਨਵਾਦ’’ ਪਰ ਨਾਲ ਇਹ ਵੀ ਕਹਿ ਦਿਤਾ ਕਿ ਚੰਡੀਗੜ੍ਹ ਵਿਚ ਉਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਬਣੀ ਹੋਈ ਹੈ ਤੇ ਉਨ੍ਹਾਂ ਦੇ ਬੱਚੇ ਵੱਡੀਆਂ ਕੌਮੀ ਤੇ ਅੰਤਰ-ਰਾਸ਼ਟਰੀ ਕੰਪਨੀਆਂ ਵਿਚ ਲੱਗੇ ਹੋਏ ਸਨ। ਉਨ੍ਹਾਂ ਕੋਈ ਜਵਾਬ ਨਾ ਦਿਤਾ

ਮੇਰੇ ਤਜਰਬਿਆਂ ਦੀ ਸੂਚੀ ਬਹੁਤ ਲੰਮੀ ਹੈ ਪਰ ਲਗਭਗ ਇਕੋ ਜਹੀ ਹੀ ਹੈ, ਇਸ ਲਈ ਕੇਵਲ ਇਕ ਹੋਰ ਯਾਦ ਤੁਹਾਡੇ ਨਾਲ ਸਾਂਝੀ ਕਰ ਕੇ ਇਸ ਲੇਖ ਲੜੀ ਨੂੰ ਬੰਦ ਕਰ ਦੇਵਾਂਗਾ। ਲੁਧਿਆਣਾ ਤੋਂ ਮਿਸ਼ਨਰੀ ਕਾਲਜ ਦੀ ਇਕ ਹਸਤੀ ਦਾ ਟੈਲੀਫ਼ੋਨ ਆਇਆ। ਅਖ਼ਬਾਰ ਵਿਚ ਕੋਈ ਖ਼ਬਰ ਲਵਾਉਣਾ ਚਾਹੁੰਦੇ ਸੀ। ਮੈਂ ਹੀ ਗੱਲ ਛੇੜ ਦਿਤੀ, ‘‘ਰੋਜ਼ਾਨਾ ਸਪੋਕਸਮੈਨ ਨਾਲ ਸਰਕਾਰ ਜੋ ਕਰ ਰਹੀ ਹੈ, ਉਸ ਬਾਰੇ ਤੁਹਾਡਾ ਕੀ ਵਿਚਾਰ ਹੈ?’’ ਕਹਿਣ ਲੱਗੇ, ‘‘ਸਰਕਾਰ ਬਹੁਤ ਗ਼ਲਤ ਕਰ ਰਹੀ ਹੈ। ਅਕਲ ਵਾਲਾ ਕੋਈ ਵੀ ਬੰਦਾ ਇਸ ਦੀ ਹਮਾਇਤ ਨਹੀਂ ਕਰ ਸਕਦਾ।’’ ਮੈਂ ਪੁਛਿਆ, ‘‘ਪਰ ਤੁਸੀ ਬੋਲੇ ਤਾਂ ਬਿਲਕੁਲ ਵੀ ਨਹੀਂ।’’ ਜਵਾਬ ਮਿਲਿਆ, ‘‘ਨਹੀਂ ਅਸੀ ਕਿਸੇ ‘ਵਾਦ-‘ਵਿਵਾਦ’ ਵਿਚ ਨਹੀਂ ਪੈਂਦੇ। ਅਪਣੇ ਕੰਮ ਵਲ ਹੀ ਧਿਆਨ ਟਿਕਾਈ ਰਖਦੇ ਹਾਂ।’’

ਮੈਂ ਹੱਸ ਕੇ ਕਿਹਾ, ‘‘ਤੁਹਾਨੂੰ ਬਾਬੇ ਨਾਨਕ ਵੇਲੇ ਹੋਣਾ ਚਾਹੀਦਾ ਸੀ। ਉਹ ਕੁਰੂਕਸ਼ੇਤਰ, ਮੱਕੇ ਤੇ ਦੂਜੇ ਧਰਮਾਂ ਦੇ ਇਤਿਹਾਸਕ ਸਥਾਨਾਂ ’ਤੇ ਜਾ ਕੇ ਗ਼ਲਤ ਸੋਚ ਵਿਰੁਧ ਬੋਲ ਕੇ ਐਵੇਂ ਵਾਦ-ਵਿਵਾਦ ਛੇੜ ਲੈਂਦੇ ਸੀ। ਤੁਸੀ ਕੋਲ ਹੁੰਦੇ ਤਾਂ ਬਾਬਾ ਨਾਨਕ ਨੂੰ ਵੀ ‘ਵਾਦ-ਵਿਵਾਦ’ ਵਿਚ ਪੈਣੋਂ ਰੋਕ ਲੈਂਦੇ ਤੇ ਧੱਕੇ ਮੁੱਕੀ ਤੋਂ ਬਚਾ ਲੈਂਦੇ।’’
ਪਰ ਇਕ ਸਵਾਲ ਪਾਠਕ ਵੀ ਪੁਛ ਸਕਦੇ ਹਨ ਕਿ ਸਿੱਖ ਪੰਥਕਾਂ ਦਾ ਹੇਜ-ਪਿਆਜ ਮੈਨੂੰ ਪਤਾ ਹੀ ਹੈ ਤਾਂ ਫਿਰ ਕਿਉਂ ਇਸ ਗੱਲ ਨੂੰ ਲੈ ਕੇ ਏਨਾ ਜ਼ੋਰ ਲਾ ਰਿਹਾ ਹਾਂ?
ਮੈਂ ਇਸ ਗੱਲ ’ਤੇ ਏਨਾ ਜ਼ੋਰ ਕਿਉਂ ਦੇ ਰਿਹਾ ਹਾਂ?

ਯਾਦ ਰਹੇ, ਸਰਕਾਰ ਅੰਗਰੇਜ਼ਾਂ ਦੀ ਹੋਵੇ, ਕਾਂਗਰਸ ਦੀ ਹੋਵੇ ਜਾਂ ਅਖੌਤੀ ਪੰਥਕ ਸਰਕਾਰ ਹੋਵੇ, ਹਰ ਸਰਕਾਰ ਸਿੱਖੀ ਭਾਵਨਾ ਨੂੰ ਦਬਾ ਕੇ ਰੱਖਣ ਵਿਚ ਹੀ ਅਪਣਾ ਭਲਾ ਸੋਚਦੀ ਹੈ ਕਿਉਂਕਿ ਇਹ ਜਨਮੀ ਹੀ ਹਾਕਮ ਦੀ ਜ਼ਿਆਦਤੀ ਅਤੇ ਧੱਕੇ ਨੂੰ ਅਪਣੀ ਕੁਰਬਾਨੀ ਦੇ ਕੇ, ਚੁਨੌਤੀ ਦੇਣ ਦੇ ਜਜ਼ਬੇ ’ਚੋਂ ਸੀ। ਆਧੁਨਿਕ ਜ਼ਮਾਨੇ ਵਿਚ ਅਖ਼ਬਾਰਾਂ ਤੇ ਦੂਜਾ ਮੀਡੀਆ ਹਾਕਮ ਦੀ ਜ਼ਿਆਦਤੀ ਨੂੰ ਪ੍ਰਗਟ ਕਰਦਾ ਹੈ, ਇਸ ਲਈ ਹਰ ਹਾਕਮ ਦੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਵਿਚ ਸਿੱਖ ਭਾਵਨਾ ਨੂੰ ਜਾਗ੍ਰਿਤ ਰੱਖਣ ਵਾਲੇ ਮੀਡੀਆ ਨੂੰ ਨੱਥ ਪਾ ਕੇ ਰੱਖੀ ਜਾਏ। ਦੂਜੇ ਅਖ਼ਬਾਰਾਂ ਤੋਂ ਉਨ੍ਹਾਂ ਨੂੰ ਕੋਈ ਡਰ ਨਹੀਂ ਲਗਦਾ। ਅੰਗਰੇਜ਼ ਨੇ ਸਿੰਘ ਸਭਾ ਲਹਿਰ ਵਾਲਿਆਂ ਦੀ ਅਖ਼ਬਾਰ ਬੰਦ ਕਰਵਾਈ ਸੀ ਤੇ ਅਕਾਲ ਤਖ਼ਤ, ਦਰਬਾਰ ਸਾਹਿਬ ਦੇ ਪੁਜਾਰੀਆਂ ਦੀ ਮਦਦ ਲੈ ਕੇ ਕਰਵਾਈ ਸੀ -- ਭਾਈ ਵੀਰ ਸਿੰਘ ਦੇ ਅਖ਼ਬਾਰ ਸਮੇਤ, ਹੋਰ ਕਿਸੇ ਅਖ਼ਬਾਰ ਨੂੰ ਕੁੱਝ ਨਹੀਂ ਸੀ ਕਿਹਾ। ਆਜ਼ਾਦ ਭਾਰਤ ਵਿਚ ਕਾਂਗਰਸ ਸਰਕਾਰ ਨੇ ਪੰਥਕ ਅਖ਼ਬਾਰਾਂ ਪ੍ਰਭਾਤ (ਉਰਦੂ) ਤੇ ‘ਅਕਾਲੀ’ ਨੂੰ ਵਾਰ-ਵਾਰ ਬੰਦ ਕਰਵਾਇਆ, ਹੋਰ ਸਾਰੇ ਅਖ਼ਬਾਰ, ਸਰਕਾਰ ਨਾਲ ਮਿਲ ਕੇ ਚਲਦੇ ਰਹੇ। ਬਲੂ-ਸਟਾਰ ਆਪ੍ਰੇਸ਼ਨ ਵੇਲੇ ਵੀ ਸਪੋਕਸਮੈਨ ਦਿੱਲੀ (ਅੰਗਰੇਜ਼ੀ) ਨੂੰ ਬੰਦ ਕਰਵਾਇਆ ਗਿਆ। ਬਾਦਲ ਸਰਕਾਰ ਵੇਲੇ ਕੇਵਲ ਰੋਜ਼ਾਨਾ ਸਪੋਕਸਮੈਨ ਨੂੰ ਬੰਦ ਕਰਵਾਉਣ ਲਈ ਸਾਰੀ ਤਾਕਤ ਝੌਂਕ ਦਿਤੀ ਗਈ ਤੇ ਪੁਜਾਰੀਆਂ ਦਾ ਪੂਰਾ ਸਾਥ ਲੈ ਕੇ ਇਹ ਸੱਭ ਕੀਤਾ ਗਿਆ। ਅੱਗੋਂ ਵੀ ਇਹੀ ਹੋਵੇਗਾ। ਪੰਥਕ ਆਵਾਜ਼ ਚੁੱਕਣ ਵਾਲੇ ਅਖ਼ਬਾਰ/ਟੀਵੀ ਬੰਦ ਕਰਵਾਉਣ ਲਈ ਸਿਰਤੋੜ ਯਤਨ ਕੀਤੇ ਜਾਣਗੇ। ਪਰ ਕੀ ਸਾਡੇ ਪੰਥਕ ‘ਭਲਵਾਨਾਂ’ ਦੀ ਬੇਰੁਖ਼ੀ ਤੇ ਲਾਪ੍ਰਵਾਹੀ ਇਸੇ ਤਰ੍ਹਾਂ ਜਾਰੀ ਰਹੇਗੀ ਜਾਂ....?