ਅੰਗਰੇਜ਼ ਸਿੱਖਾਂ ਨੂੰ ਕੀ ਦੇਂਦਾ ਸੀ ਤੇ ਕੀ ਸੀ ਜੋ ਸਿੱਖ ਲੀਡਰਾਂ ਨੇ ਨਾ ਲਿਆ ? (16)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸਰਕਾਰੀ ਨੌਕਰੀ ਵਿਚ ਹੁੰਦਿਆਂ ਹੋਇਆਂ ਵੀ, ਸਰਦਾਰ ਕਪੂਰ ਸਿੰਘ ਜਿਸ ਸ਼ਿੱਦਤ ਨਾਲ ਪੰਥ ਦੇ ਸਰਬ ਸਾਂਝੇ .........

What did the British give to the Sikhs? What did the Sikh leaders not take? (16)

 

ਸਰਕਾਰੀ ਨੌਕਰੀ ਵਿਚ ਹੁੰਦਿਆਂ ਹੋਇਆਂ ਵੀ, ਸਰਦਾਰ ਕਪੂਰ ਸਿੰਘ ਜਿਸ ਸ਼ਿੱਦਤ ਨਾਲ ਪੰਥ ਦੇ ਸਰਬ ਸਾਂਝੇ ਫ਼ੈਸਲਿਆਂ ਦੇ ਉਲਟ ਜਾ ਕੇ ਜਿਨਾਹ ਅਤੇ ਮੁਸਲਿਮ ਲੀਗ ਦੀ ਮੰਗ ਮੰਨਣ ਦੀ ਵਕਾਲਤ 1946-47 ਵਿਚ ਕਰਦੇ ਰਹੇ ਸਨ, ਉਸ ਨੇ ਸਿੱਖ/ਅਕਾਲੀ ਲੀਡਰਾਂ ਨੂੰ ਵੀ ਹੈਰਾਨ ਪ੍ਰੇਸ਼ਾਨ ਤਾਂ ਕੀਤਾ ਹੀ ਹੋਇਆ ਸੀ ਪਰ ਬਹੁਤੇ ਅਕਾਲੀ ਕਪੂਰ ਸਿੰਘ ਨੂੰ ‘‘ਮੂਰਖ ਹੈ’’ ਕਹਿ ਕੇ ਹੀ ਗੱਲ ਟਾਲ ਛਡਦੇ ਸਨ ਜਦਕਿ ਗਿ. ਕਰਤਾਰ ਸਿੰਘ ਵਰਗੇ ਖੁਲ੍ਹ ਕੇ ਵੀ ਕਹਿਣ ਲੱਗ ਜਾਂਦੇ ਸਨ ਕਿ ‘‘ਮਾਸਟਰ ਜੀ, ਇਸ ਕਪੂਰ ਸਿੰਘ ਤੋਂ ਦੂਰੀ ਹੀ ਬਣਾ ਕੇ ਰਖਿਉ ਨਹੀਂ ਤਾਂ ਇਹ ਕਿਸੇ ਦਿਨ ਸਿੱਖਾਂ ਨੂੰ ਮੁਸਲਿਮ ਲੀਗ ਦੀ ਗ਼ੁਲਾਮੀ ਦੀਆਂ ਜ਼ਜੀਰਾਂ ਪਵਾ ਕੇ ਹੀ ਰਹੇਗਾ।’’

ਮਾ. ਤਾਰਾ ਸਿੰਘ, ਕਪੂਰ ਸਿੰਘ ਦੀ ਗੱਲ ਸੁਣ ਤਾਂ ਲੈਂਦੇ ਸਨ ਪਰ ਪੰਥ ਦੇ ਸਾਂਝੇ ਫ਼ੈਸਲੇ ਤੋਂ ਏਧਰ ਔਧਰ ਹੋਣ ਦੀ ਹਰ ਗੱਲ ਰੱਦ ਕਰ ਦੇਂਦੇ ਸਨ। ਪਰ ਇਤਿਹਾਸ ਦੇ ਵਿਦਿਆਰਥੀਆਂ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਆਖ਼ਰ ਜਿਨਾਹ, ਕੀ ਕਹਿ ਕੇ ਸ. ਕਪੂਰ ਸਿੰਘ ਨੂੰ ਅਪਣੀ ਹਮਾਇਤ ਵਿਚ ਇਸ ਤਰ੍ਹਾਂ ਲਾਮਬੰਦ ਕਰਨ ਵਿਚ ਕਾਮਯਾਬ ਹੋ ਰਿਹਾ ਸੀ? ਸ. ਕਪੂਰ ਸਿੰਘ ਨੇ ਸਾਚੀ ਸਾਖੀ ਵਿਚ ਆਪ ਹੀ ਇਸ ਬਾਰੇ ਬੜੀ ਦੁਰਲੱਭ ਜਾਣਕਾਰੀ ਦਿਤੀ ਹੈ ਜੋ ਪੜ੍ਹਨ ਵਾਲੀ ਹੈ:

Kapoor Singh

‘‘ਸੰਨ 1947 ਦੇ ਚੜ੍ਹਾ ਦੀ ਗੱਲ ਹੈ, ਮੈਂ ਲਾਹੌਰ ਵਿਚ, ਮਿ. ਜਿਨਾਹ ਨੂੰ ਕਿਹਾ, ਸਿੱਖ, ਮੁਸਲਮ ਬਹੁਗਿਣਤੀ ਦੇ ਰਾਜ ਤੋਂ ਬਹੁਤ ਤ੍ਰਭਕਦੇ ਹਨ। ਇਸ ਬਾਰੇ ਸਿੱਖਾਂ ਦਾ ਪਿਛਲਾ ਤਜਰਬਾ ਕੋਈ ਬਹੁਤਾ ਅੱਛਾ ਨਹੀਂ ਰਿਹਾ। ਮੁਸਕਰਾ ਕੇ ਉੱਤਰ ਦਿਤੋ ਨੇ, ‘‘ਤ੍ਰਭਕਣਾ ਤਾਂ ਮੁਸਲਮਾਨਾਂ ਨੂੰ ਚਾਹੀਦਾ ਹੈ। ਸਿੱਖਾਂ ਨਾਲ ਸਾਂਝ ਪਾ ਕੇ ਜਿਹੜਾ ਪਾਕਿਸਤਾਨ ਬਣੇਗਾ, ਉਸ ਦਾ ਪਹਿਲਾ ਕਾਨੂੰਨ ਇਹੋ ਬਣਨਾ ਹੈ ਕਿ ਪਾਕਿਸਤਾਨ ਵਿਚ, ਸਿੱਖਾਂ ਦਾ ਧਰਮ, ਗੁਰਦਵਾਰੇ, ਜ਼ਮੀਨਾਂ, ਜਾਇਦਾਦਾਂ, ਜਾਨ ਮਾਲ ਵਿਸ਼ੇਸ਼ ਤੌਰ ਉਤੇ ਸੁਰੱਖਿਅਤ ਹਨ। ਪਾਕਿਸਤਾਨ ਸਥਾਪਤ ਹੋਣ ਤੋਂ ਛੇ ਮਹੀਨੇ ਦੇ ਅੰਦਰ ਅੰਦਰ, ਪਾਕਿਸਤਾਨ ਵਿਚ ਵਸਦੇ ਹਿੰਦੂਆਂ ਨੇ ਅਪਣੇ ਆਪ ਨੂੰ ਸਿੱਖ ਲਿਖਵਾ ਦੇਣਾ ਹੈ ਜਿਸ ਨਾਲ ਪਾਕਿਸਤਾਨ ਵਿਚ, ਸਿੱਖ ਬਹੁ ਗਿਣਤੀ ਬਣ ਜਾਣੇ ਹਨ ਅਤੇ ਮੁਸਲਮਾਨ ਘੱਟ ਗਿਣਤੀ ਵਿਚ ਹੋ ਜਾਣਗੇ। ਇਉਂ, ਪਾਕਿਸਤਾਨ ਖ਼ਤਮ ਹੋ ਜਾਏਗਾ ਅਤੇ ਖ਼ਾਲਿਸਤਾਨ ਬਣ ਜਾਵੇਗਾ।’’

‘‘ਮੈਂ ਮਿ. ਜਿਨਾਹ ਦੀ ਮਰਮੱਗਯ ਅਤੇ ਵਿਲੱਕਸ਼ਣ ਬੁੱਧੀ ਉਤੇ ਚਕ੍ਰਿਤ ਰਹਿ ਗਿਆ। ਇਹ ਗੱਲ ਮੈਂ ਦੋ ਉੱਚ ਕੋਟੀ ਦੇ ਅਕਾਲੀ ਲੀਡਰਾਂ ਨਾਲ ਕੀਤੀ। ਉੱਤਰ ਮਿਲਿਆ, ‘‘ਹੀਂ, ਹੀਂ, ਹੀਂ, ਹੀਂ, ਹਾ, ਹਾ, ਹਾ, ਹਾ।’’ ਸ. ਕਪੂਰ ਸਿੰਘ ਤਾਂ ਜਿਨਾਹ ਦੀ ਤੀਖਣ ਬੁੱਧੀ ਅਤੇ ਸੂਝ ਦੇ ਕਾਇਲ ਹੋ ਕੇ ਰਹਿ ਗਏ ਤੇ ਇਕ ‘ਦਲੀਲ’ ਨਾਲ ਹੀ ਉਸ ਦੇ ਮੁਰੀਦ ਵੀ ਬਣ ਗਏ ਪਰ ਕੀ ਜਿਨਾਹ ਦੀ ਗੱਲ ਵਿਚ ਕੋਈ ਸੱਚ ਵੀ ਮੌਜੂਦ ਸੀ? ਉਸ ਵੇਲੇ ਦੇ ਸਾਂਝੇ ਪੰਜਾਬ ਵਿਚ ਵੀ ਹਿੰਦੂਆਂ ਸਿੱਖਾਂ ਦੀ ਕੁਲ ਗਿਣਤੀ, ਮੁਸਲਮਾਨਾਂ ਨਾਲੋਂ ਕਾਫ਼ੀ ਘੱਟ ਸੀ। ਕੇਵਲ ਅੰਮ੍ਰਿਤਸਰ ਤੋਂ ਪਰਲੇ ਪਾਸੇ ਦੇ ਪਾਕਿਸਤਾਨੀ ਪੰਜਾਬ ਦੇ ਸ਼ਹਿਰੀ ਹਿੰਦੂ ਹੀ ਅਪਣੇ ਆਪ ਨੂੰ ‘ਸਹਿਜਧਾਰੀ ਸਿੱਖ’ ਕਹਿੰਦੇ ਸਨ ਕਿਉਂਕਿ ਪੰਜਾਬੀ ਮੁਸਲਮਾਨਾਂ, ਬਲੋਚਾਂ, ਪਠਾਣਾਂ (ਮੁਸਲਮਾਨਾਂ) ਦੇ ਹਮਲਿਆਂ ਤੋਂ ਸਿੱਖ ਹੀ ਉਨ੍ਹਾਂ ਨੂੰ ਬਚਾਂਦੇ ਸਨ (ਹਿੰਦੁਸਤਾਨ ਵਿਚ ਆ ਕੇ ਅਰਥਾਤ ਮੁਸਲਮਾਨਾਂ ਦੇ ਡਰ ਤੋਂ ਮੁਕਤ ਹੋ ਕੇ ਉਹ ਸਾਰੇ ਸਹਿਜਧਾਰੀ ਅਰਥਾਤ ਪੰਜਾਬੀ ਹਿੰਦੂ ਕਿਵੇਂ ਸਿੱਖੀ ਨੂੰ ਵੀ ਤੇ ਪੰਜਾਬੀ ਨੂੰ ਵੀ ਛੱਡ ਗਏ, ਇਹ ਜੱਗ ਜ਼ਾਹਰ ਸਚਾਈ ਹੈ)।

ਪਰ ਉਦੋਂ ਬਹੁਤਾ ਹਿੰਦੂ ਹਰਿਆਣੇ ਵਿਚ ਰਹਿੰਦਾ ਸੀ (ਮੁੱਖ ਤੌਰ ਤੇ ਜਾਟ)। ਜਾਟਾਂ ਨੇ ਪਾਕਿਸਤਾਨ ਬਣਦਿਆਂ ਹੀ ਮੇਰਠ ਰਾਹੀਂ ਯੂਪੀ ਜਾਟਲੈਂਡ ਵਿਚ ਜਾ ਦਾਖ਼ਲ ਹੋਣਾ ਸੀ ਤੇ ਪਾਕਿਸਤਾਨ ਵਿਚ ਰਹਿ ਜਾਣ ਵਾਲੇ ਹਿੰਦੂਆਂ ਸਿੱਖਾਂ ਦੀ ਕੁਲ ਗਿਣਤੀ ਕਿਸੇ ਵੀ ਹਾਲਤ ਵਿਚ 25-30 ਫ਼ੀ ਸਦੀ ਤੋਂ ਵੱਧ ਨਹੀਂ ਸੀ ਹੋਣੀ (ਉਹ ਵੀ ਕੇਵਲ ਪੰਜਾਬ ਵਿਚ)। ਪਰ ਜੇ ਜ਼ਮੀਨੀ ਹਕੀਕਤਾਂ ਵਲੋਂ ਦਿਮਾਗ਼ ਨੂੰ ਬੰਦ ਰੱਖ ਕੇ ਮੰਨ ਵੀ ਲਿਆ ਜਾਏ ਕਿ ਸਾਰੇ ਹਿੰਦੂ ਸਿੱਖ ਪਾਕਿਸਤਾਨ ਵਿਚ ਰਹਿ ਜਾਣੇ ਸਨ ਤਾਂ ਵੀ ਪੰਜਾਬ ਵਿਚ ਉਨ੍ਹਾਂ ਦੀ ਬਹੁਗਿਣਤੀ ਨਹੀਂ ਸੀ ਹੋਣੀ ਤੇ ਬਾਕੀ ਦੇ ਸਾਰੇ ਪਾਕਿਸਤਾਨ (ਅਫ਼ਗ਼ਾਨਿਸਤਾਨ ਤਕ) ਦੇ ਬਲੋਚਾਂ, ਪਠਾਣਾਂ, ਪੰਜਾਬੀ ਤੇ ਬੰਗਾਲੀ ਮੁਸਲਮਾਨਾਂ ਦੀ ਗਿਣਤੀ ਮਿਲ ਕੇ 10 ਗੁਣਾਂ ਜ਼ਿਆਦਾ ਹੋਣੀ ਸੀ। ਇਸ਼ ਲਈ ਜਿਨਾਹ ਦਾ ਅਖੌਤੀ ‘ਡਰ’ ਸਿਰਫ਼ ਇਕ ਚੁਟਕਲਾ ਸੀ ਤੇ ਚੁਟਕਲੇ ਤੋਂ ਵੱਧ ਕੁੱਝ ਵੀ ਨਹੀਂ। 

Kapoor Singh

ਜਿਨਾਹ ਇਕ ਸ਼ਾਤਰ ਬਜ਼ੁਰਗ ਵਾਂਗ, ਜਿਵੇਂ ਕਿਸੇ ਬੱਚੇ ਨੂੰ ਵਰਚਾਈਦਾ ਹੈ, ਇਸੇ ਤਰ੍ਹਾਂ ਕਪੂਰ ਸਿੰਘ ਨੂੰ ਵਰਚਾ ਰਹੇ ਸਨ ਕਿ ‘‘ਯਾਰੋ ਡਰ ਤਾਂ ਸਾਨੂੰ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਦੀ ਬਹੁਗਿਣਤੀ ਨਾ ਹੋ ਜਾਏ ਕਿਧਰੇ।’’ ਕੀ ਉਹ ਪਾਕਿਸਤਾਨ ਵਿਚ ਸਿੱਖਾਂ ਦੀ ਬਹੁਗਿਣਤੀ ਬਣਾਉਣ ਲਈ ਪਾਕਿਸਤਾਨ ਵਿਚ ਸਿੱਖ ਸਟੇਟ ਦਾ ਖ਼ਤਰਾ ਮੂਲ ਲੈ ਰਿਹਾ ਸੀ ਜਾਂ...?  ਇਸ ਤੋਂ ਵੱਡਾ ਮੂਰਖ ਬਣਾਉਣ ਵਾਲਾ ਕੋਈ ਚੁਟਕਲਾ ਵੀ ਹੋ ਸਕਦਾ ਸੀ? ਤੇ ਇਸ ‘ਚੁਟਕਲੇ’ ਨੂੰ ਗੰਭੀਰਤਾ ਨਾਲ ਲੈਣ ਵਾਲਾ, ਸਾਡੇ ਮਹਾਂ ਵਿਦਵਾਨ ਕਪੂਰ ਸਿੰਘ ਤੋਂ ਬਿਨਾਂ ਕੋਈ ਹੋਰ ਵੀ ਹੋ ਸਕਦਾ ਸੀ? ਕੱਟੜਪੰਥੀ ਮੁਸਲਮਾਨ ਕੀ ਸੋਚਦੇ ਸਨ?  

ਯਾਦ ਰਹੇ, ਉਦੋਂ ਵੀ ਮੁਸਲਿਮ ਲੀਗ ਦਾ ਇਕ ਗਰਮ ਧੜਾ ਜਿਨਾਹ ਵਲੋਂ ਹਿੰਦੂਆਂ ਸਿੱਖਾਂ ਨੂੰ, ਪਾਕਿਸਤਾਨ ਵਿਚ ਟਿਕਾਈ ਰੱਖਣ ਦਾ ਵਿਰੋਧ ਕਰ ਰਿਹਾ ਸੀ। ਉਹ ਖ਼ਾਲਸ, ਮੁਸਲਮਾਨਾਂ  ਦਾ ਦੇਸ਼ ਪਾਕਿਸਤਾਨ ਮੰਗ ਰਹੇ ਸਨ, ਸੈਕੁਲਰ ਪਾਕਿਸਤਾਨ ਨਹੀਂ। ਹਿੰਦੂਆਂ ਦਾ ਵਿਰੋਧ ਕਰਦੇ ਹੋਏ ਉਹ ਕਹਿੰਦੇ ਸਨ ਕਿ ਪੈਦਾ ਤਾਂ ਸੱਭ ਕੁੱਝ ਸਿੱਖ ਤੇ ਮੁਸਲਮਾਨ ਕਰਦੇ ਹਨ ਤੇ ਖਾ ਹਿੰਦੂ ਜਾਂਦੇ ਸਨ। ਉਹ ਹਿੰਦੂ ਔਰਤਾਂ ਦੇ ‘ਵਰਤਾਂ’ ਦਾ ਮਜ਼ਾਕ ਉਡਾਉਂਦੇ ਹੋਏ ਸ਼ਰੇਆਮ ਕਹਿੰਦੇ ਸਨ, ‘‘ਕਰਾੜੀ (ਹਿੰਦੂ ਔਰਤ) ਦਾ ਵਰਤ, ਇਕ ਰੁਪਈਆ ਖੱਟੀ ਤੇ ਦਸ ਰੁਪਈਏ ਖ਼ਰਚ’’ ਅਰਥਾਤ ਹਿੰਦੂ ਤਾਂ ‘ਵਰਤ’ ਦੇ ਨਾਂ ਤੇ ਵੀ ਏਨਾ ਖਾ ਜਾਂਦੇ ਸਨ ਕਿ ਮੁਸਲਮਾਨਾਂ ਦੇ ਖਾਣ ਲਈ ਬਚਦਾ ਹੀ ਕੁੱਝ ਨਹੀਂ ਸੀ। ਉਹ ਕਹਿੰਦੇ ਸਨ, ‘‘ਜਾਣ ਦਿਉ ਇਨ੍ਹਾਂ ਨੂੰ ਇਥੋਂ। ਮੁਸਲਮਾਨ ਰੱਜ ਕੇ ਖਾ ਤਾਂ ਸਕਣਗੇ।’’ ਸਿੱਖਾਂ ਨੂੰ ਵੀ ਉਹ ਪਾਕਿਸਤਾਨ ਵਿਚ ਨਹੀਂ ਸਨ ਰਖਣਾ ਚਾਹੁੰਦੇ ਪਰ ਉਸ ਦੇ ਕਾਰਨ ਹੋਰ ਸਨ। ਅਗਲੇ ਐਤਵਾਰ ਇਸ ਬਾਰੇ ਚਰਚਾ ਕਰਾਂਗੇ। 
(ਚਲਦਾ)