ਜਦ ਪਹਿਲੀ ਵਾਰ ਅਕਾਲ ਤਖ਼ਤ ਤੋਂ ਠੰਢੀ ਹਵਾ ਦਾ ਬੁਲ੍ਹਾ ਆਇਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅਕਾਲ ਤਖ਼ਤ ਤੋਂ ਗਰਮ ਤੇ ਠੰਢੀਆਂ ਹਵਾਵਾਂ ਦੇ ਬੁਲ੍ਹੇ ਮੇਰੇ ਵਲ ਭੇਜਣ ਵਾਲੇ ਦੋਹਾਂ ਗਿਆਨੀਆਂ ਨੂੰ ਯਾਦ ਕਰ ਕੇ, ਉਨ੍ਹਾਂ ਇਤਿਹਾਸਕ ਪਲਾਂ ਦੀ ਦਾਸਤਾਨ.......

Akal Takht Sahib

2003 ਵਿਚ ਹਾਕਮਾਂ ਦੇ ਇਸ਼ਾਰੇ ਤੇ ਮੈਨੂੰ ‘ਛੇਕ’ ਦਿਤਾ ਗਿਆ ਸੀ। ਗੁਰਦਵਾਰਾ ਸਟੇਜਾਂ ਤੋਂ ਵੇਦਾਂਤੀ ਵਰਗੇ ਪੁਜਾਰੀ ਧੂਆਂਧਾਰ ਤਕਰੀਰਾਂ ਕਰ ਕੇ ਇਹ ਦੱਸਣ ਵਿਚ ਮਸਤ ਸਨ ਕਿ ਅਕਾਲ ਤਖ਼ਤ ਸਾਹਿਬ (Akal Takht Sahib) ਦੇ ਪੁਜਾਰੀਆਂ ਦਾ ‘ਹੁਕਮ’ ਨਾ ਮੰਨ ਕੇ (ਤੇ ਬਾਬੇ ਨਾਨਕ ਦਾ ਹੁਕਮ ਮੰਨ ਕੇ) ਮੈਂ ਬੜਾ ਵੱਡਾ ਪਾਪ ਕਰ ਦਿਤਾ ਹੈ, ਇਸ ਲਈ ਮੈਨੂੰ ਕੋਈ ਮੂੰਹ ਨਾ ਲਾਵੇ। ਬਾਬੇ ਨਾਨਕ ਵਰਗੇ ਮਹਾਂਪੁਰਸ਼ ਨੂੰ ਵੀ ਵਕਤ ਦੇ ਪੁਜਾਰੀਆਂ ਨੇ ਕੁਰਾਹੀਆ (ਨਾਸਤਕ), ਭੂਤਨਾ ਤੇ ਬੇਤਾਲਾ ਕਹਿ ਕੇ, ਲੋਕਾਂ ਨੂੰ ਇਹੀ ਕਿਹਾ ਸੀ ਕਿ ਬਾਬੇ ਨਾਨਕ ਦੇ ਨੇੜੇ ਨਾ ਢੁਕੋ।

ਹਜ਼ਰਤ ਈਸਾ ਦਾ ਜੋ ਹਾਲ ਪੁਜਾਰੀਆਂ ਨੇ ਆਖ਼ਰੀ ਦਿਨ ਵੀ ਕੀਤਾ, ਏਨਾ ਮਾੜਾ ਹਾਲ ਤਾਂ ਕਿਸੇ ਵੀ ਹੋਰ ਮਹਾਂਪੁਰਸ਼ ਦਾ ਨਹੀਂ ਹੋਇਆ ਹੋਵੇਗਾ। ਮੈਂ ਅਜਿਹੇ ਸਾਰੇ ਮਹਾਂਪੁਰਸ਼ਾਂ ਦਾ ਸਤਿਕਾਰ ਕਰਦਾ ਹਾਂ ਜਿਨ੍ਹਾਂ ਨਾਲ ਵਕਤ ਦੇ ਪੁਜਾਰੀਆਂ ਨੇ ਮਾੜੇ ਤੋਂ ਮਾੜਾ ਸਲੂਕ ਕੀਤਾ। ਸੋ ਇਨ੍ਹਾਂ ਮਹਾਂਪੁਰਸ਼ਾਂ ਦੇ ਮੁਕਾਬਲੇ ਮੈਂ ਤਾਂ ਤੁਛ ਜਿਹਾ ਸੰਪਾਦਕ ਹੀ ਸੀ, ਮੇਰੇ ਨਾਲ ਇਹ ਘੱਟ ਕਿਉਂ ਕਰਦੇ? ਸੋ ਕੌੜੀਆਂ ਤੋਂ ਕੌੜੀਆਂ ਗੱਲਾਂ ਤੇ ਗੰਦੀਆਂ ਤੋਂ ਗੰਦੀਆਂ ਧਮਕੀਆਂ ਸੁਣਨ ਦਾ ਮੈਂ ਆਦੀ ਹੋ ਗਿਆ ਸੀ। 
ਪਰ ਇਕ ਦਿਨ ਫ਼ੋਨ ਦੀ ਘੰਟੀ ਵੱਜੀ ਤਾਂ ਅੱਗੋਂ ਆਵਾਜ਼ ਆਈ, ‘‘ਸ. ਜੋਗਿੰਦਰ ਸਿੰਘ ਜੀ, ਮੈਂ ਅਕਾਲ ਤਖ਼ਤ ਸਾਹਿਬ (Akal Takht Sahib)
ਦਾ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਬੋਲ ਰਿਹਾ ਹਾਂ। ਹੈਰਾਨ ਨਾ ਹੋਇਉ, ਮੈਂ ਤੁਹਾਨੂੰ ਮੁਬਾਰਕਬਾਦ ਦੇਣ ਲਈ ਫ਼ੋਨ ਕੀਤਾ ਹੈ। ਮੈਨੂੰ ਪਹਿਚਾਣ ਲਿਆ ਜੇ ਨਾ?’’ 

‘‘ਹਾਂ ਜੀ, ਆਵਾਜ਼ ਤਾਂ ਜਾਣੀ ਪਛਾਣੀ ਲੱਗ ਰਹੀ ਸੀ ਪਰ ਤੁਸੀ ਅਪਣੇ ਬਾਰੇ ਦਸਿਆ ਹੈ ਤਾਂ ਤੁਹਾਡੀ ਤਸਵੀਰ ਉਭਰ ਕੇ ਸਾਹਮਣੇ ਆ ਗਈ ਹੈ।’’  ਛੇਕੇ ਜਾਣ ਤੋਂ ਸਾਲ-ਦੋ ਸਾਲ ਪਹਿਲਾਂ ਦਰਬਾਰ ਸਾਹਿਬ (Darbar Sahib)  ਵਿਚ ਮੁਲਾਕਾਤ ਹੋ ਗਈ ਸੀ ਤੇ ਅਸੀ ਕਾਫ਼ੀ ਦੇਰ ਤਕ ਗੱਲਾਂ ਕਰਦੇ ਰਹੇ ਸੀ। ਮੈਂ ਤਾਂ ਭੁੱਲ ਭੁਲਾ ਗਿਆ ਸੀ ਪਰ ਗਿਆਨੀ ਭਗਵਾਨ ਸਿੰਘ ਜੀ ਨੇ ਮੁੜ ਤੋਂ ਯਾਦ ਤਾਜ਼ਾ ਕਰਵਾ ਦਿਤੀ ਸੀ। ਮੈਂ ਪੁਛਿਆ, ‘‘ਗਿਆਨੀ ਜੀ ਮੁਬਾਰਕਬਾਦ ਕਾਹਦੀ ਦੇ ਰਹੇ ਹੋ?’’ 

ਗਿ. ਭਗਵਾਨ ਸਿੰਘ ਬੋਲੇ, ‘‘ਅੱਜ ਤਕ ਕੋਈ ਸ਼ੇਰ ਦਾ ਬੱਚਾ ਪੁਜਾਰੀਆਂ ਵਿਰੁਧ ਇਸ ਤਰ੍ਹਾਂ ਨਹੀਂ ਡਟਿਆ। ਕਾਫ਼ੀ ਦੇਰ ਤੋਂ ਸੱਭ ਕੁੱਝ ਵੇਖ ਰਿਹਾ ਸੀ ਤੇ ਮੇਰਾ ਦਿਲ ਕਰਦਾ ਸੀ, ਤੁਹਾਨੂੰ ਖੁਲ੍ਹ ਕੇ ਵਧਾਈ ਦਿਆਂ। ਕੋਈ ਨਹੀਂ ਹਿੰਮਤ ਕਰ ਸਕਦਾ, ਪੁਜਾਰੀਆਂ ਤੇ ਹਾਕਮਾਂ ਵਿਰੁਧ ਇਸ ਤਰ੍ਹਾਂ ਡਟਣ ਦੀ ਜਿਵੇਂ ਤੁਸੀ ਕਰ ਰਹੇ ਹੋ। ਕੁਰਬਾਨ ਜਾਣ ਤੇ ਦਿਲ ਕਰਦੈ...!’’ ਮੈਂ ਕਿਹਾ, ‘‘ਪਰ ਗਿਆਨੀ ਜੀ ਤੁਸੀ ਵੀ ਤਾਂ ਅਕਾਲ ਤਖ਼ਤ ਸਾਹਿਬ (Akal Takht Sahib) ਤੇ ਉਸੇ ਥਾਂ ਬੈਠੇ ਹੋਏ ਹੋ ਜਿਥੇ ਦੂਜੇ ਪੁਜਾਰੀ ਬੈਠੇ ਹੋਏ ਨੇ। ਧਿਆਨ ਰਖਣਾ, ਕਿਸੇ ਨੇ ਤੁਹਾਡੀ ਗੱਲ ਸੁਣ ਲਈ ਤਾਂ ਕੁੱਝ ਵੀ ਹੋ ਸਕਦੈ...।’’

ਉਨ੍ਹਾਂ ਮੇਰੀ ਗੱਲ ਅਣਸੁਣੀ ਜਹੀ ਕਰ ਦਿਤੀ। ਮਹੀਨੇ ਦੋ ਮਹੀਨੇ ਬਾਅਦ ਉਨ੍ਹਾਂ ਦਾ ਟੈਲੀਫ਼ੋਨ ਆ ਜਾਂਦਾ ਤੇ ਏਨਾ ਹੀ ਕਹਿੰਦੇ, ‘‘ਡਟੇ ਰਹੋ...! ਘਬਰਾਣਾ ਨਹੀਂ...। ਵਾਹਿਗੁਰੂ ਤੁਹਾਡੇ ਅੰਗ ਸੰਗ ਹੈ। ਇਹ ਪੁਜਾਰੀ ਕੌਣ ਹੁੰਦੇ ਨੇ ਕਿਸੇ ਸਿੱਖ ਨੂੰ ਛੇਕਣ ਵਾਲੇ? ਜਿਹੜੇ ਕੰਮ ਦੀ ਇਹ ਤਨਖ਼ਾਹ ਲੈਂਦੇ ਨੇ, ਉਹ ਤਾਂ ਕਰਦੇ ਨਹੀਂ ਪਰ ਹਾਕਮਾਂ ਨੂੰ ਖ਼ੁਸ਼ ਕਰਨ ਲਈ ਗੁਰਮੁਖਾਂ ਤੇ ਬੇਦੋਸ਼ਿਆਂ ਨੂੰ ਵਢੂੰ-ਵਢੂੰ ਕਰਦੇ ਰਹਿੰਦੇ ਨੇ। ਤੁਹਾਡੇ ਵਰਗੇ ਸਿੱਖ(Sikh)  ਉਂਗਲੀਆਂ ਤੇ ਗਿਣੇ ਜਾਣ ਜਿੰਨੇ ਵੀ ਨਹੀਂ ਰਹਿ ਗਏ, ਜੋ ਸਿੱਖੀ ਲਈ ਏਨੀ ਤੜਪ ਰਖਦੇ ਹੋਣ ਜਿੰਨੀ ਤਸੀ ਰਖਦੇ ਹੋ। ਇਨ੍ਹਾਂ ਨੂੰ ਕੁੱਝ ਨਜ਼ਰ ਨਹੀਂ ਆਉਂਦਾ? ਆਉਂਦਾ ਤਾਂ ਹੈ ਪਰ ਹਾਕਮਾਂ ਨੇ ਇਨ੍ਹਾਂ ਦੀਆਂ ਅੱਖਾਂ ਤੇ ਖੋਪੇ ਚੜ੍ਹਾਏ ਹੋਏ ਨੇ। ਪਤਾ ਨਹੀਂ ਰੱਬ ਇਨ੍ਹਾਂ ਨੂੰ ਕਿਵੇਂ ਬਖ਼ਸ਼ੇਗਾ...?’’ 

ਸੱਚ ਕਹਿੰਦਾ ਹਾਂ, ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਸਿਆਸਤਦਾਨਾਂ ਦੇ ਕਬਜ਼ੇ ਹੇਠ ਚਲ ਰਹੇ ਅਕਾਲ ਤਖ਼ਤ ਉਤੇ ਬੈਠੇ ਕਿਸੇ ਗਿਆਨੀ ਦੇ ਮੂੰਹੋਂ ਏਨਾ ਵੱਡਾ ਸੱਚ ਵੀ ਕਦੇ ਸੁਣ ਸਕਾਂਗਾ। ਮੈਂ ਉਨ੍ਹਾਂ ਨੂੰ ਇਕ ਵਾਰ ਵੀ ਫ਼ੋਨ ਨਾ ਕੀਤਾ ਕਿਉਂਕਿ ਮੈਨੂੰ ਡਰ ਲੱਗਾ ਰਹਿੰਦਾ ਸੀ ਕਿ ਮੇਰੇ ਨਾਲ ਹੋ ਰਹੀ ਉਨ੍ਹਾਂ ਦੀ ਗੱਲਬਾਤ ਦੀ ਆਵਾਜ਼ ਕਿਸੇ ਤੀਜੇ ਦੇ ਕੰੰਨ ਵਿਚ ਪੈ ਗਈ ਤਾਂ ਗਿਆਨੀ ਜੀ ਕਿਸੇ ਮੁਸੀਬਤ ਵਿਚ ਨਾ ਫੱਸ ਜਾਣ। ਆਖ਼ਰ ਮੇਰਾ ਡਰ ਸੱਚਾ ਸਾਬਤ ਹੋਇਆ ਤੇ ਕਿਸੇ ਨੇ ਸ਼ਾਇਦ ਉਨ੍ਹਾਂ ਦੀ ਸ਼ਿਕਾਇਤ ਕਰ ਦਿਤੀ। ਸੋ ਤਾਕਤ ਵਾਲਿਆਂ ਨੇ ਉਨ੍ਹਾਂ ਨੂੰ ਸਾਹਮਣੇ ਬਿਠਾ ਕੇ ਮੈਨੂੰ ਫ਼ੋਨ ਕਰਵਾਇਆ। 

ਗਿ. ਭਗਵਾਨ ਸਿੰਘ ਪਹਿਲੀ ਵਾਰ ਮੈਨੂੰ ਇਸ ਤਰ੍ਹਾਂ ਬੋਲੇ, ‘‘ਕੀ ਸਮਝਦੇ ਹੋ ਜੋਗਿੰਦਰ ਸਿੰਘ ਜੀ ਅਪਣੇ ਆਪ ਨੂੰ? ਕੀ ਸਮਝਦੇ ਹੋ ਕਿ ਅਕਾਲ ਤਖ਼ਤ ਤੇ ਪੇਸ਼ ਹੋਏ ਬਿਨਾਂ ਤੁਹਾਡੀ ਗਤੀ ਹੋ ਜਾਏਗੀ...?’’  ਮੈਂ ਇਸ ਬਦਲੀ ਹੋਈ ‘ਟੋਨ’ ਪਿਛਲਾ ਸੱਚ ਤਾਂ ਸਮਝ ਗਿਆ ਸੀ ਪਰ ਉਨ੍ਹਾਂ ਨੂੰ ਮੁਸ਼ਕਲ ਵਿਚ ਨਾ ਪਾਉਣ ਖ਼ਾਤਰ, ਪਿਛਲੀ ਕਿਸੇ ਗੱਲ ਦਾ ਜ਼ਿਕਰ ਨਾ ਕੀਤਾ ਤੇ ਏਨਾ ਹੀ ਕਿਹਾ, ‘‘ਸਿੰਘ ਸਭਾ ਲਹਿਰ ਦੇ ਬਾਨੀ ਪ੍ਰੋ. ਗੁਰਮੁਖ ਸਿੰਘ ਤੇ ਗਿ. ਦਿੱਤ ਸਿੰਘ ਵੀ ਤਾਂ ਪੇਸ਼ ਨਹੀਂ ਸਨ ਹੋਏ। ਉਨ੍ਹਾਂ ਦੀ ਗਤੀ ਹੋ ਗਈ ਸੀ ਤਾਂ ਮੇਰੀ ਵੀ ਹੋ ਜਾਏਗੀ।’’ ਗਿ. ਭਗਵਾਨ ਸਿੰਘ ਜਿਵੇਂ ਕੁੜਿੱਕੀ ਵਿਚ ਫੱਸ ਗਏ ਸਨ। ਥੋੜਾ ਅਟਕ ਕੇ ਬੋਲੇ, ‘‘ਤੁਹਾਨੂੰ ਪਤੈ, ਗਿ. ਗੁਰਮੁਖ ਸਿੰਘ ਆਪ ਤਾਂ ਨਹੀਂ ਸਨ ਪੇਸ਼ ਹੋਏ ਪਰ ਉਨ੍ਹਾਂ ਦਾ ਪੁੱਤਰ, ਉਨ੍ਹਾਂ ਦੇ ਮਗਰੋਂ ਪੇਸ਼ ਹੋ ਕੇ ਭੁੱਲ ਬਖ਼ਸ਼ਵਾ ਗਿਆ ਸੀ....।’’ 

 

ਇੰਦਰਾ ਗਾਂਧੀ ਤਾਂ 5 ਅਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਨੈਤਿਕ ਤੌਰ ’ਤੇ ਜੰਗ ਹਾਰ ਗਈ ਸੀ

 

 

ਮੈਂ ਝੱਟ ਕਿਹਾ, ‘‘ਗਿ. ਜੀ ਮੇਰਾ ਬੇਟਾ ਹੈ ਈ ਕੋਈ ਨਹੀਂ, ਇਸ ਲਈ ਮੇਰੇ ਵਲੋਂ, ਮੇਰੇ ਬਾਅਦ ਵੀ ਕੋਈ ਨਹੀਂ ਪੇਸ਼ ਹੋਵੇਗਾ। ਸਾਥੀਆਂ ਨੂੰ ਕਹਿ ਦਿਉ, ਉਹ ਇਹ ਉਡੀਕ ਵੀ ਲਾਹ ਛੱਡਣ।’’ਕਮਰੇ ਵਿਚੋਂ ਆਵਾਜ਼ਾਂ ਆ ਰਹੀਆਂ ਸਨ ਤੇ ਗਿਆਨੀ ਭਗਵਾਨ ਸਿੰਘ ਉਨ੍ਹਾਂ ਨੂੰ ਸੁਣ ਕੇ ਜਵਾਬ ਤਿਆਰ ਕਰਦੇ ਲਗਦੇ ਸਨ। ਮੈਂ ਟੈਲੀਫ਼ੋਨ ਕੱਟ ਦਿਤਾ। ਉਸ ਤੋਂ ਬਾਅਦ ਉਨ੍ਹਾਂ ਦਾ ਕਦੇ ਟੈਲੀਫ਼ੋਨ ਨਾ ਆਇਆ। ਸ਼ਾਇਦ ਜ਼ਿਆਦਾ ਸਖ਼ਤ ਪਾਬੰਦੀਆਂ ਲਗਾ ਦਿਤੀਆਂ ਗਈਆਂ ਸਨ। ਪਿਛਲੇ ਦਿਨੀਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਗਿਆਨੀ ਭਗਵਾਨ ਸਿੰਘ ਦੋਵੇਂ ਪ੍ਰਲੋਕ ਸਿਧਾਰ ਗਏ ਹਨ। ਅਕਾਲ ਤਖ਼ਤ ਤੋਂ ਗਰਮ ਤੇ ਠੰਢੀਆਂ ਹਵਾਵਾਂ ਦੇ ਬੁਲ੍ਹੇ ਮੇਰੇ ਵਲ ਭੇਜਣ ਵਾਲੇ ਦੋਹਾਂ ਗਿਆਨੀਆਂ ਨੂੰ ਯਾਦ ਕਰ ਕੇ, ਉਨ੍ਹਾਂ ਇਤਿਹਾਸਕ ਪਲਾਂ ਦੀ ਦਾਸਤਾਨ, ਪਾਠਕਾਂ ਨੂੰ ਭੇਟ ਕਰਨਾ ਜ਼ਰੂਰੀ ਲੱਗਾ, ਸੋ ਕਰ ਰਿਹਾ ਹਾਂ।