Saka Neela Tara: ਸਾਕਾ ਨੀਲਾ ਤਾਰਾ ਦਾ ਦੁਖਾਂਤ ਅਜੇ ਤੀਕ ਉਥੇ ਦਾ ਉਥੇ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਦਰਜਨਾਂ ਕਮਿਸ਼ਨ ਬਣਾ ਕੇ ਸਿੱਖਾਂ ਦੇ ਅਥਰੂ ਪੂੰਝਣ ਦਾ ਯਤਨ ਕੀਤਾ ਗਿਆ ਤੇ ਵਾਅਦਾ ਕੀਤਾ ਗਿਆ ਕਿ ਹੁਣ ਛੇਤੀ ਹੀ ਸਾਰੇ ਦੋਸ਼ੀ ਫੜੇ ਜਾਣਗੇ

File Photo

Saka Neela Tara:  ਸਾਕਾ ਨੀਲਾ ਤਾਰਾ ਕੋਈ ਇਕ ਦਿਨ ਜਾਂ ਇਕ ਹਫ਼ਤੇ ਦੀ ਕਾਰਵਾਈ ਨਹੀਂ ਸੀ। ਜੂਨ ਵਿਚ ਸ਼ੁਰੂ ਹੋਈ ਤੇ ਨਵੰਬਰ ਤਕ ਚਲਦੀ ਰਹੀ ਜਦ ਦਰਬਾਰ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਕਾਰਨ ਰੋਹ ਵਿਚ ਆਏ ਨੌਜੁਆਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਖ਼ਤਮ ਕਰਨ ਲਈ ਅਖ਼ੀਰ ਸਿੱਖ ਕਤਲੇਆਮ ਦਾ ਹੁਕਮ ਦੇ ਦਿਤਾ ਗਿਆ।ਇਸ ਦਰਮਿਆਨ ਹਜ਼ਾਰਾਂ ਜਾਂ ਲੱਖਾਂ ਨੌਜੁਆਨ ਘਰੋਂ ਚੁੱਕ ਕੇ ਲਾਪਤਾ' ਕਰ ਦਿਤੇ ਗਏ ਤੇ ਉਨ੍ਹਾਂ ਦੀਆਂ ਲਾਸ਼ਾਂ ਵੀ ਘਰ ਵਾਲਿਆਂ ਨੂੰ ਦੇਣ ਦੀ ਬਜਾਏ, ਗੁਪਤ ਢੰਗ ਨਾਲ ਅਗਨ-ਭੇਂਟ ਕਰ ਦਿਤੀਆਂ ਗਈਆਂ।

ਦਰਜਨਾਂ ਕਮਿਸ਼ਨ ਬਣਾ ਕੇ ਸਿੱਖਾਂ ਦੇ ਅਥਰੂ ਪੂੰਝਣ ਦਾ ਯਤਨ ਕੀਤਾ ਗਿਆ ਤੇ ਵਾਅਦਾ ਕੀਤਾ ਗਿਆ ਕਿ ਹੁਣ ਛੇਤੀ ਹੀ ਸਾਰੇ ਦੋਸ਼ੀ ਫੜੇ ਜਾਣਗੇ ਤੇ ਉਨ੍ਹਾਂ ਨੂੰ ਫਾਂਸੀ ਦੇ ਦਿਤੀ ਜਾਏਗੀ ਪਰ ਪੰਜਾਬ ਦੀ ਗੱਲ ਕਰ ਲਉ ਜਾਂ ਦਿੱਲੀ ਦੀ ਜਾਂ ਸਾਰੇ ਭਾਰਤ ਦੀ, ਕੋਈ ਨਹੀਂ ਫੜਿਆ ਗਿਆ। ਪਾਰਲੀਮੈਂਟ ਵਿਚ ਕਿਸੇ ਸਰਕਾਰ ਨੇ ਅਫ਼ਸੋਸ ਦਾ ਇਕ ਛੋਟਾ ਜਿਹਾ ਮਤਾ ਪੇਸ਼ ਕਰ ਕੇ ਵੀ ਸਿੱਖਾਂ ਦੇ ਰੋਹ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਉਲਟਾ ਘੋਰ ਅਪਮਾਨ ਤੇ ਅੰਨ੍ਹਾ ਤਸ਼ੱਦਦ ਵੇਖ ਕੇ ਰੋਹ ਵਿਚ ਆਏ ਨੌਜੁਆਨਾਂ ਨੂੰ ‘ਅਤਿਵਾਦੀ’ ਕਹਿ ਕੇ ਭੰਡਣਾ ਜਾਰੀ ਰਖਿਆ ਹੈ।

ਹਾਂ, ਹਿੰਦੁਸਤਾਨ ਦੀ ਤਾਂ ਇਹ ਰਵਾਇਤ ਹੀ ਸੀ ਕਿ ਵਿਦੇਸ਼ੀ ਜਰਵਾਣੇ ਇਥੇ ਆਉਂਦੇ, ਮੰਦਰਾਂ 'ਤੇ ਹਮਲੇ ਕਰਦੇ, ਮੰਦਰਾਂ ਵਿਚ ਪਏ ਮਾਇਆ ਦੇ ਢੇਰ ਚੁਕ ਕੇ ਲੈ ਜਾਂਦੇ ਪਰ ਕੋਈ ਮਾਈ ਦਾ ਲਾਲ ਕੁਸਕਦਾ ਵੀ ਨਾ। ਫਿਰ ਇਥੋਂ ਦੀਆਂ ਕੰਜਕਾਂ (ਕੁੜੀਆਂ) ਵੀ ਚੁਕ ਕੇ ਲੈ ਜਾਂਦੇ। ਸਭ ਵੇਖਦੇ ਰਹਿੰਦੇ ਪਰ ਕੋਈ ਵੀ ਕੁਸਕਦਾ ਨਾ | ਇਹੀ ਰਵਾਇਤ ਬਣ ਗਈ ਸੀ ਹਿੰਦੁਸਤਾਨ ਦੀ ਕਿ ਹਮਲਾਵਰ ਕੋਲ ਹਥਿਆਰ ਹਨ ਤਾਂ ਕਰ ਲੈਣ ਦਿਉ ਉਸ ਨੂੰ ਮਨਮਾਨੀ ਤੇ ਲੁਟ ਲੈਣ ਦਿਉ ਜੋ ਉਹ ਲੁੱਟਣ ਆਇਆ ਹੈ ਪਰ ਅਪਣੇ ਆਪ ਨੂੰ ਖ਼ਤਰੇ ਵਿਚ ਨਾ ਪਾਉ।

ਬਾਬਾ ਨਾਨਕ ਨੇ ਇਸ ਹਿੰਦੁਸਤਾਨੀ ਰਵਾਇਤ ਨੂੰ ਬੁਜ਼ਦਿਲੀ ਤੇ ਜਹਾਲਤ ਆਖਿਆ ਤੇ ਸ਼ਰੇਆਮ ਬਾਬਰ ਨੂੰ ਜਾਬਰ ਕਹਿ ਕੇ ਉਸ ਦੇ ਜ਼ੁਲਮਾਂ ਭਰੇ ਖ਼ੂਨ ਦੇ ਸੋਹਿਲੇ ਗਾ ਕੇ ਲੋਕਾਂ ਨੂੰ ਜਾਗ੍ਰਿਤ ਕੀਤਾ ਕਿ ਉਹ ਅਪਣੇ ਆਪ ਨੂੰ ਯਤੀਮ ਬਣਾ ਕੇ ਹਰ ਅਪਮਾਨ ਤੇ ਜ਼ੁਲਮ ਸਹਿੰਦੇ ਰਹਿਣ ਦੀ ਆਦਤ ਦਾ ਤਿਆਗ ਕਰਨ ਅਤੇ ਅਪਣੇ ਹੱਕਾਂ ਅਧਿਕਾਰਾਂ ਲਈ ਲੜਨ ਮਰਨ ਦੀ ਜਾਚ ਵੀ ਸਿਖਣ। ਉਸੇ ਬਾਬੇ ਨਾਨਕ ਦੀ ਸਿਖਿਆ ਦਾ ਪਾਲਨ ਕਰਦੇ ਹੋਏ ਸਿੱਖ ਨੌਜੁਆਨਾਂ ਨੇ ਦਰਬਾਰ ਸਾਹਿਬ ਵਿਚ ਸਿੱਖੀ ਦੇ ਅਪਮਾਨ ਨੂੰ ਅਪਣਾ ਅਪਮਾਨ ਸਮਝਿਆ ਤੇ ਉੱਚੀ ਆਵਾਜ਼ ਵਿਚ ਅਪਣਾ ਰੋਸ ਪ੍ਰਗਟਾਇਆ ਤੇ ਸ਼ਹੀਦੀਆਂ ਵੀ ਬੇਅੰਤ ਦਿਤੀਆਂ।

ਬੇਕਸੂਰ ਨੌਜੁਆਨਾਂ ਨੂੰ ਘਰੋਂ ਚੁੱਕ ਕੇ ਲਾਪਤਾ ਕਰ ਦਿਤਾ ਜਾਂਦਾ ਰਿਹਾ ਤੇ ਮਾਂ ਬਾਪ ਨੂੰ ਲਾਸ਼ ਤਕ ਨਾ ਸੌਂਪੀ ਜਾਂਦੀ।ਇਹ ਜ਼ੁਲਮ ਨਵੰਬਰ, 1984 ਤਕ ਚਲਦਾ ਰਿਹਾ ਜਦ ਹਰ ਰਾਜ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਨ੍ਹਾਂ ਦੇ ਗੁਰਦੁਆਰੇ ਤੇ ਉਨ੍ਹਾਂ ਦੇ ਗੁਰੂ ਗ੍ਰੰਥ ਦਾ ਅਪਮਾਨ ਕੀਤਾ ਗਿਆ ਤੇ ਸਿੱਖ ਔਰਤਾਂ ਦੀ ਸ਼ਰੇਆਮ ਪੋਤ ਲੁੱਟੀ ਗਈ। ਇਸ ਤਰ੍ਹਾਂ ਦੁਸ਼ਮਣ ਦੇਸ਼ ਦੀਆਂ ਧਾੜਵੀ ਫ਼ੌਜਾਂ ਕਰਦੀਆਂ ਆਈਆਂ ਹਨ ਪਰ ਲੋਕ ਰਾਜੀ ਦੇਸ਼ਾਂ ਵਿਚ ਅਜਿਹਾ ਕਦੇ ਨਹੀਂ ਹੁੰਦਾ ਵੇਖਿਆ। ਫੜੇ ਗਏ ਨੌਜੁਆਨ ਬੁੱਢੇ ਹੋ ਗਏ ਹਨ ਪਰ ਅਜੇ ਵੀ ਜੇਲਾਂ ਵਿਚ ਬੰਦ ਹਨ। 

ਇਸ ਸੱਭ ਦਾ ਅਸਲ ਦੋਸ਼ੀ ਕੌਣ ਹੈ ?
ਹਕੂਮਤਾਂ ਨੇ ਤਾਂ ਇਸ ਤਰ੍ਹਾਂ ਹੀ ਕੀਤਾ ਜਿਵੇਂ ਅਹਿਮਦ ਸ਼ਾਹ ਅਬਦਾਲੀ ਤੇ ਉਸ ਵਰਗੇ ਵਿਦੇਸ਼ੀ ਜਰਵਾਣੇ ਹਮੇਸ਼ਾ ਤੋਂ ਕਰਦੇ ਆਏ ਸਨ। ਪਰ ਸਾਡੇ ਲੋਕ-ਰਾਜੀ ਹਾਕਮ, ਕਮਿਸ਼ਨ ਤੇ ਕਮਿਸ਼ਨ, ਕਮਿਸ਼ਨ ਤੇ ਕਮਿਸ਼ਨ ਕਾਇਮ ਕਰ ਕਰ ਕੇ ਯਕੀਨ ਦਿਵਾਂਦੇ ਰਹੇ ਕਿ ਛੇਤੀ ਹੀ ਦੋਸ਼ੀ ਫੜੇ ਜਾਣਗੇ ਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਜ਼ਰੂਰ ਦਿਤੀਆਂ ਜਾਣਗੀਆਂ। ਕੁੱਝ ਵੀ ਨਾ ਹੋਇਆ।

ਚਾਲੀ ਸਾਲ ਪਹਿਲਾਂ ਜੋ ਹਾਲਤ ਸੀ, ਅੱਜ ਵੀ ਲਗਭਗ ਉਹੀ ਹਾਲਤ ਹੈ। ਹਨ ਤਾਂ ਸਾਰੇ ਹੀ ਦੋਸ਼ੀ ਜਿਨ੍ਹਾਂ ਨੇ ਅਪਣੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਪਰ ਫਿਰ ਸਭ ਤੋਂ ਵੱਡਾ ਦੋਸ਼ੀ ਕੌਣ ਹੈ? ਰੋਬ ਝੂਠ ਨਾ ਬੁਲਾਏ ਤਾਂ ਸੱਚ ਇਹੀ ਹੈ ਕਿ ਸੱਭ ਤੋਂ ਵੱਡੇ ਦੋਸ਼ੀ ਅਸੀ ਆਪ ਹਾਂ ਅਰਥਾਤ ਸਾਡੇ ਲੀਡਰ ਜਿਨ੍ਹਾਂ ਨੇ ਦਿੱਲੀ ਵਿਚ ਵੀ ਤੇ ਪੰਜਾਬ ਵਿਚ ਵੀ ਸੱਤਾ ਦੀ ਭਾਈਵਾਲੀ ਮਾਣੀ ਪਰ ਪੰਥ ਦੇ ਜ਼ਖ਼ਮਾਂ ਨਾਲ ਭਰੇ ਪਿੰਡੇ ਲਈ ਭਾਈਵਾਲ ਹਾਕਮਾਂ ਕੋਲੋਂ ਮਲ੍ਹਮ ਦੀ ਛੋਟੀ ਜਹੀ ਡੱਬੀ ਵੀ ਨਾ ਮੰਗੀ।

ਜੇ ਉਹ ਕਹਿ ਦੇਂਦੇ ਕਿ ਹਕੂਮਤ ਵਿਚ ਸ਼ਾਮਲ ਤਾਂ ਹੀ ਹੋਵਾਂਗੇ ਜੇ ਸਾਡੀਆਂ ਦੋ ਤਿੰਨ ਮੰਗਾਂ ਪਹਿਲਾਂ ਮੰਨੀਆਂ ਜਾਣ ਤਾਕਿ ਪੰਥ ਵੀ ਸਾਡੇ ਨਾਲ ਰਹੇ ਤੇ ਬਦ-ਦੁਆਵਾਂ ਨਾ ਦੇਵੇ। ਨਹੀਂ, ਗੱਦੀ ਤੋਂ ਸਿਵਾਏ ਕੋਈ ਮੰਗ ਨਹੀਂ ਸੀ ਉਨ੍ਹਾਂ ਕੋਲ ! ਫਿਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਮੰਗ ਕੀਤੀ ਗਈ ਕਿ ਇਕ ਟਰੂਥ ਕਮਿਸ਼ਨ ਕਾਇਮ ਕਰ ਕੇ ਬਲੂ-ਸਟਾਰ ਆਪ੍ਰੇਸ਼ਨ ਦਾ ਪੂਰਾ ਸੱਚ ਤਾਂ ਰੀਕਾਰਡ ਕਰ ਲਿਆ ਜਾਏ। ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਹ ਆਪ ਐਲਾਨ ਕਰਦੇ ਸਨ ਕਿ ਹਕੂਮਤ ਦਾ ਕਲਮਦਾਨ ਸੰਭਾਲਦਿਆਂ ਹੀ ਅਜਿਹਾ ਕਮਿਸ਼ਨ ਬਣਾ ਦੇਣਗੇ।

ਹੁਣ ਜਦ ਉਨ੍ਹਾਂ ਦਾ ਵਾਅਦਾ ਯਾਦ ਕਰਵਾਇਆ ਗਿਆ ਤਾਂ ਝੱਟ ਕਹਿ ਦਿਤਾ, ‘ਛੱਡੋ ਜੀ, ਹੁਣ ਪੁਰਾਣੀਆਂ ਗੱਲਾਂ ਵਿਚ ਹੀ ਪਏ ਰਹੀਏ ਜਾਂ ਵਿਕਾਸ ਦਾ ਕੰਮ ਵੀ ਕੁੱਝ ਕਰੀਏ...।'' ਜਸਟਿਸ ਕੁਲਦੀਪ ਸਿੰਘ ਨੇ ਤਿੰਨ ਰੀਟਾਇਰਡ ਤੇ ਮੰਨੇ ਪ੍ਰਮੰਨੇ ਜੱਜਾਂ ਦਾ ਪ੍ਰਾਈਵੇਟ ਕਮਿਸ਼ਨ ਬਣਾ ਕੇ ਕੰਮ ਸ਼ੁਰੂ ਕੀਤਾ ਹੀ ਸੀ ਕਿ ਅਗਲੇ ਦਿਨ ਬਾਦਲ ਸਰਕਾਰ ਨੇ ਹਾਈ ਕੋਰਟ ਵਿਚ ਜਾ ਕੇ ਇਸ ਕਮਿਸ਼ਨ 'ਤੇ ਪਾਬੰਦੀ ਲਵਾ ਦਿਤੀ।

ਦਿੱਲੀ ਵਾਲੇ ਕਹਿੰਦੇ ਹਨ ਕਿ ਸੰਤ ਭਿੰਡਰਾਂਵਾਲਿਆਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਅਕਾਲੀ ਲੀਡਰਾਂ ਨੇ ਆਪ ਫ਼ੌਜ ਭੇਜਣ ਦੀ ਬੇਨਤੀ ਕੀਤੀ ਸੀ, ਇਸ ਲਈ ਉਹ ਪੂਰਾ ਸੱਚ ਬਾਹਰ ਆਉਣ ਕਿਉਂ ਦੇਣਾ ਚਾਹੁਣਗੇ ? ਏਨਾ ਤਾਂ ਸਪੱਸ਼ਟ ਹੈ ਕਿ ਉਨ੍ਹਾਂ ਨੇ ਜਦ ਅਪਣੀ ਸਰਕਾਰ ਦੇ ਅਫ਼ਸਰ ਮੁਕਰਰ ਕੀਤੇ ਤਾਂ ਸੁਮੇਧ ਸੈਣੀ ਤੇ ਇਜ਼ਹਾਰ ਆਲਮ ਵਰਗੇ ਹੀ ਲਗਾਏ

ਜੋ ਅਪਣੇ ਆਪ ਵਿਚ ਇਕ ਅਕੱਟ 'ਸਬੂਤ ਅਜਿਹੀ ਹਾਲਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਦੋਸ਼ੀ ਤਾਂ ਸਾਰੇ ਹੀ ਸਨ ਪਰ ਸੱਭ ਤੋਂ ਵੱਡੇ ਦੋਸ਼ੀ ਸਾਡੇ ਅਪਣੇ ਹੀ ਆਗੂ ਸਨ। ਫਿਰ ਹਰ ਸਾਲ ਦੂਜਿਆਂ ਨੂੰ ਨਿੰਦਣ ਦੀ ਬਜਾਏ ਕੀ ਇਹ ਠੀਕ ਨਹੀਂ ਹੋਵੇਗਾ ਕਿ ਸਰਬੱਤ ਖ਼ਾਲਸਾ ਸੱਦ ਕੇ ਪਹਿਲਾਂ ਅਪਣਾ ਅਥਵਾ ਅਪਣੇ ਘਰ ਦੇ ਦੋਸ਼ੀਆਂ ਦਾ ਸੱਚ ਕਬੂਲ ਕਰੀਏ ? ਅਪਣੇ ਬਾਰੇ ਸੋਚ ਬੋਲਣ ਵਾਲਾ ਹੀ, ਦੁਸ਼ਮਣ ਬਾਰੇ ਦੁਨੀਆਂ ਨੂੰ ਪੂਰਾ ਸੱਚ ਸਮਝਾ ਸਕਦਾ ਹੈ।