''ਅਕਾਲ ਤਖ਼ਤ ਨੂੰ ਸਾਰੇ ਹੀ ਢਾਹੁਣਾ ਚਾਹੁੰਦੇ ਨੇ!"ਕੌਣ-ਕੌਣ?''ਸਾਰੇ ਹੀ ਤੇ ਕਈ ਸਿੱਖ ਵੀ!''- ਜਥੇਦਾਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਉਪ੍ਰੋਕਤ ਸ਼ਬਦ ਇਕ ਚੈਨਲ ਨੂੰ ਦਿਤੀ ਗਈ ਇੰਟਰਵੀਊ ਵਿਚ ਅਕਾਲ ਤਖ਼ਤ ਦੇ 'ਐਕਟਿੰਗ ਜਥੇਦਾਰ' ਗਿ

Giani Harpreet singh jathedar

ਉਪ੍ਰੋਕਤ ਸ਼ਬਦ ਇਕ ਚੈਨਲ ਨੂੰ ਦਿਤੀ ਗਈ ਇੰਟਰਵੀਊ ਵਿਚ ਅਕਾਲ ਤਖ਼ਤ ਦੇ 'ਐਕਟਿੰਗ ਜਥੇਦਾਰ' ਗਿ: ਹਰਪ੍ਰੀਤ ਸਿੰਘ ਨੇ ਆਖੇ ਹਨ। ਮੈਨੂੰ ਇਸ ਦੀ ਵੀਡੀਉ ਕਿਸੇ ਨੇ ਭੇਜ ਦਿਤੀ ਤੇ ਮੈਂ ਸੁਣ ਲਈ। ਪਰ ਕੀ ਅਕਾਲ ਤਖ਼ਤ ਨੂੰ ਸਚਮੁਚ ਕੋਈ ਸਿੱਖ ਢਾਹੁਣਾ ਚਾਹੁੰਦੈ? ਮੈਨੂੰ ਤਾਂ ਅਜਿਹੀ ਸੋਚ ਵਾਲੇ ਇਕ ਵੀ ਸਿੱਖ ਬਾਰੇ ਕੋਈ ਜਾਣਕਾਰੀ ਨਹੀਂ। ਇੰਟਰਵੀਊ-ਕਰਤਾ ਨੇ ਵਾਰ ਵਾਰ ਪੁਛਿਆ ਕਿ ਉਨ੍ਹਾਂ ਦੇ ਨਾਂ ਦੱਸੋ ਜੋ ਅਕਾਲ ਤਖ਼ਤ ਨੂੰ ਡੇਗਣਾ ਚਾਹੁੰਦੇ ਨੇ...।

'ਐਕਟਿੰਗ ਜਥੇਦਾਰ' ਜੀ ਨੇ ਉਪ੍ਰੋਕਤ ਸ਼ਬਦ ਕਹਿ ਵੀ ਦਿਤੇ ਪਰ ਦਸਿਆ ਵੀ ਕੁੱਝ ਨਹੀਂ ਕਿ ਉਹ ਕਿਹੜੇ ਸਿੱਖ ਨੇ ਜਿਹੜੇ ਅਕਾਲ ਤਖ਼ਤ ਨੂੰ ਡੇਗਣਾ ਚਾਹੁੰਦੇ ਨੇ? ਸਦੀਆਂ ਤੋਂ ਜੋ ਸਬਕ ਅਸੀ ਸਿਖਿਆ ਹੈ, ਉਹ ਇਹੀ ਹੈ ਕਿ ਪੁਜਾਰੀ ਸ਼੍ਰੇਣੀ (ਭਾਵੇਂ ਉਹ ਅਪਣਾ ਨਾਂ ਕੋਈ ਵੀ ਰੱਖ ਲਵੇ... ਪੋਪ, ਕਾਜ਼ੀ, ਆਚਾਰੀਆ, ਜਥੇਦਾਰ ਆਦਿ ਕੁੱਝ ਵੀ) ਪਰ ਉਸ ਦੀ ਇਹ ਖਸਲਤ ਨਹੀਂ ਬਦਲਦੀ ਕਿ ਅਪਣੇ ਨਾਲ ਮਾਮੂਲੀ ਜਹੇ ਮਤਭੇਦ ਪੈਦਾ ਹੋ ਜਾਣ 'ਤੇ ਵੀ ਦੋਸ਼ ਵੱਡੇ ਤੋਂ ਵੱਡਾ (ਤੇ ਝੂਠੇ ਤੋਂ ਝੂਠਾ)  ਲਾਉਣੋਂ ਪ੍ਰਹੇਜ਼ ਨਾ ਕਰੋ। ਮਿਸਾਲ ਵਜੋਂ:

(1) ਈਸਾ ਤੋਂ ਦੋ ਸਦੀਆਂ ਪਹਿਲਾਂ ਸੰਸਾਰ ਦੇ ਪਹਿਲੇ ਮਹਾਨ ਫ਼ਿਲਾਸਫ਼ਰ ਸੁਕਰਾਤ ਵੇਲੇ ਆਮ ਵਿਚਾਰ ਇਹੀ ਸੀ ਕਿ ਦੁਨੀਆਂ ਨੂੰ ਅਸਮਾਨ ਤੋਂ ਦੇਵਤੇ ਹੀ ਚਲਾਉਂਦੇ ਹਨ। ਉਨ੍ਹਾਂ ਦੇ ਕੰਮਾਂ ਅਨੁਸਾਰ, ਦੇਵਤਿਆਂ ਦੇ ਵੱਖੋ ਵੱਖ ਨਾਂ ਰੱਖੇ ਹੋਏ ਸਨ (ਜੂਪੀਟਰ, ਨੈਪਚੂਨ ਆਦਿ ਆਦਿ)। ਸੁਕਰਾਤ ਇਕ ਦਿਨ ਸੋਚਾਂ ਵਿਚ ਡੁਬਿਆ ਹੋਇਆ ਸੀ। ਉਸ ਦੇ ਮੂੰਹ 'ਚੋਂ ਨਿਕਲ ਗਿਆ, ''ਦੇਵਤਿਆਂ ਤੋਂ ਉਪਰ ਵੀ ਕੋਈ ਹੋਰ ਤਾਕਤ (ਰੱਬ) ਹੈ ਜੋ ਦੁਨੀਆਂ ਨੂੰ ਚਲਾਉਂਦੀ ਹੈ।''

ਉਹ ਇਹ ਗੱਲ ਵਾਰ ਵਾਰ ਦੁਹਰਾਉਣ ਲੱਗ ਪਿਆ। ਪੁਜਾਰੀਆਂ ਨੇ ਇਲਜ਼ਾਮ ਲਾ ਦਿਤਾ ਕਿ ਸੁਕਰਾਤ ਨੇ ਤਾਂ ਇਹ ਕਹਿ ਕੇ ਦੇਵਤਿਆਂ ਦਾ ਅਪਮਾਨ ਕਰ ਦਿਤਾ ਹੈ।'' ਉਸ ਵਿਰੁਧ ਜੱਜ-ਹਾਕਮ ਕੋਲ ਸ਼ਿਕਾਇਤ ਕਰ ਦਿਤੀ ਗਈ ਕਿ ਦੇਵਤਿਆਂ ਦਾ ਅਪਮਾਨ ਕਰਨ ਬਦਲੇ ਸੁਕਰਾਤ ਨੂੰ ਮੌਤ ਦੀ ਸਜ਼ਾ ਦਿਤੀ ਜਾਵੇ।'' ਸੁਕਰਾਤ ਨੂੰ ਪੁਜਾਰੀਆਂ ਦੀ ਸ਼ਿਕਾਇਤ 'ਤੇ ਜ਼ਹਿਰ ਦਾ ਪਿਆਲਾ ਪੀਣ ਦੀ ਸਜ਼ਾ ਦਿਤੀ ਗਈ।

(2) ਈਸਾਈ ਧਰਮ ਦੇ ਬਾਨੀ ਉਤੇ ਪੁਜਾਰੀਆਂ ਵਲੋਂ ਇਲਜ਼ਾਮ ਲਾਇਆ ਗਿਆ ਕਿ ਯਸੂ ਮਸੀਹ ਅਪਣੇ ਆਪ ਨੂੰ 'ਰੱਬ ਦਾ ਪੁੱਤਰ' ਕਹਿੰਦਾ ਹੈ ਤੇ ਲੋਕਾਂ ਨੂੰ ਭੜਕਾਉਂਦਾ ਰਹਿੰਦਾ ਹੈ। ਯਸੂ ਮਸੀਹ ਨੇ ਜਵਾਬ ਦਿਤਾ, ''ਮੈਂ ਅਜਿਹਾ ਕੁੱਝ ਵੀ ਨਹੀਂ ਕੀਤਾ।'' ਪਰ ਪੁਜਾਰੀਆਂ ਨੇ ਸਜ਼ਾ ਸੁਣਾਈ, ''ਯਸੂ ਨੂੰ ਉਸ ਦੇ ਜੁਰਮਾਂ ਬਦਲੇ ਸਲੀਬ 'ਤੇ ਟੰਗ ਕੇ ਮਾਰ ਦਿਤਾ ਜਾਵੇ।'' (3) ਬਾਬੇ ਨਾਨਕ ਨੇ ਕਿਹਾ, ਇਕ ਰੱਬ ਤੋਂ ਬਿਨਾਂ, ਕੋਈ ਦੇਵੀ ਦੇਵਤੇ ਨਹੀਂ ਹੰਦੇ। ਇਸ ਲਈ ਰੱਬ ਤੋਂ ਬਿਨਾਂ, ਹੋਰ ਕਿਸੇ ਦੀ ਆਰਾਧਨਾ ਨਹੀਂ ਕਰਨੀ ਚਾਹੀਦੀ ਤੇ ਨਾ ਕੋਈ ਬ੍ਰਾਹਮਣੀ ਕਰਮ-ਕਾਂਡ ਹੀ ਕਰਨਾ ਚਾਹੀਦਾ ਹੈ। ਪੁਜਾਰੀਆਂ ਨੇ ਇਲਜ਼ਾਮ ਲਾ ਦਿਤਾ, ਨਾਨਕ ਦੇਵੀ ਦੇਵਤਿਆਂ ਦਾ ਅਪਮਾਨ ਕਰਦਾ ਹੈ। ਬ੍ਰਾਹਮਣ ਦੇਵਤਾ ਨੂੰ ਗਾਲਾਂ ਕਢਦਾ ਹੈ। ਇਹ ਕੁਰਾਹੀਆ (ਨਾਸਤਕ) ਹੈ।

ਇਹ ਜਿਥੇ ਵੀ ਜਾਏ, ਇਸ ਨੂੰ ਪੱਥਰ ਮਾਰੋ ਤੇ ਪਿੰਡੋਂ ਬਾਹਰ ਕੱਢ ਦਿਉ। ਹਕੂਮਤ ਮੁਗ਼ਲਾਂ ਦੀ ਸੀ, ਇਸ ਲਈ ਸਰਕਾਰ ਕੋਲ ਸ਼ਿਕਾਇਤ ਤਾਂ ਨਾ ਕਰ ਸਕੇ ਪਰ 'ਰੱਬ' ਬਾਰੇ ਸੱਭ ਤੋਂ ਵੱਧ ਲਿਖਣ ਵਾਲੇ ਅਤੇ ਸਪੱਸ਼ਟਤਾ ਦੇਣ ਵਾਲੇ ਨੂੰ ਵੀ 'ਨਾਸਤਕ' (ਕੁਰਾਹੀਆ) ਕਹਿ ਕੇ ਖ਼ੂਬ ਭੰਡਿਆ ਗਿਆ। ਇਸ ਤਰ੍ਹਾਂ ਦੀਆਂ ਸੈਂਕੜੇ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿਚ ਮਾਮੂਲੀ ਮਤਭੇਦ ਪੈਦਾ ਹੋ ਜਾਣ ਤੇ ਵੀ, ਵਿਰੋਧੀ ਜਾਂ ਨਵੀਂ ਗੱਲ ਕਰਨ ਵਾਲੇ ਉਤੇ ਪੁਜਾਰੀ ਵਰਗ ਨੇ ਵੱਡੇ ਤੋਂ ਵੱਡੇ ਦੋਸ਼ ਲਾਉਣੋਂ ਜ਼ਰਾ ਸ਼ਰਮ ਨਾ ਕੀਤੀ। 

ਧਾਰਮਕ ਪਦਵੀਆਂ ਉਤੇ ਬੈਠੇ ਹੋਏ ਲੋਕ ਸਮਝਦੇ ਹਨ ਕਿ ਉਹ ਕਿਸੇ ਉਤੇ ਵੀ ਗੰਦੇ ਤੋਂ ਗੰਦਾ, ਝੂਠੇ ਤੋਂ ਝੂਠਾ ਦੋਸ਼ ਲਾਉਣ ਵਿਚ ਆਜ਼ਾਦ ਹਨ ਤੇ ਕੋਈ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਸਕਦਾ। ਅਪਣੇ ਅਕਾਲ ਤਖ਼ਤ ਦੇ ਪੁਜਾਰੀਆਂ ਵਲੋਂ ਸਿੰਘ ਸਭਾ ਲਹਿਰ ਦੇ ਬਾਨੀਆਂ ਵਿਰੁਧ ਜਾਰੀ ਕੀਤੇ 'ਹੁਕਮਨਾਮਿਆਂ' ਵਲ ਵੇਖ ਲਉ, ਕਾਲਾ ਅਫ਼ਗ਼ਾਨਾ ਵਿਰੁਧ, ਪ੍ਰੋ. ਦਰਸ਼ਨ ਸਿੰਘ ਅਤੇ ਸਪੋਕਸਮੈਨ ਵਿਰੁਧ ਜਾਰੀ ਹੁਕਮਨਾਮਿਆਂ ਨੂੰ ਵੇਖ ਲਉ, ਵੱਡੇ ਤੋਂ ਵੱਡਾ ਤੇ ਝੂਠੇ ਤੋਂ ਝੂਠਾ ਇਲਜ਼ਾਮ ਲਾਉਣ ਅਤੇ ਪੰਥ ਦੇ ਸੱਚੇ ਸੁੱਚੇ ਪਹਿਰੇਦਾਰਾਂ ਵਿਰੁਧ ਮਾੜੀ ਤੋਂ ਮਾੜੀ ਸ਼ਬਦਾਵਲੀ ਵਰਤਣ ਲਗਿਆਂ ਇਹ ਜ਼ਰਾ ਨਹੀਂ ਝਿਜਕੇ। '

ਨਿਰੰਕਾਰੀਆਂ' ਮੀਣਿਆਂ ਬਾਰੇ ਜੋ ਸ਼ਬਦ ਵਰਤੇ ਗਏ, ਉਹੀ ਸ਼ਬਦਾਵਲੀ ਪੰਥ-ਸੇਵਕਾਂ ਵਿਰੁਧ ਵੀ ਜਿਉਂ ਦੀ ਤਿਉਂ ਵਰਤ ਲਈ ਗਈ। ਪੁਜਾਰੀ ਰੱਬ ਤੋਂ ਵੀ ਵੱਡਾ ਹੈ ਤਾਂ ਪੰਥਕ ਹਸਤੀਆਂ ਦੀ ਉਸ ਦੇ ਸਾਹਮਣੇ ਕੀ ਔਕਾਤ? ਇਸੇ ਲੜੀ ਵਿਚ ਅੱਜ ਦੇ 'ਐਕਟਿੰਗ ਜਥੇਦਾਰ' ਜਦੋਂ ਕਹਿੰਦੇ ਹਨ ਕਿ ਸਾਰੇ ਹੀ ਅਕਾਲ ਤਖ਼ਤ ਨੂੰ ਢਾਹੁਣਾ ਚਾਹੁੰਦੇ ਹਨ ਤੇ ਸਿੱਖ ਵੀ ਉਨ੍ਹਾਂ ਵਿਚ ਸ਼ਾਮਲ ਹਨ ਪਰ ਨਾਂ ਕਿਸੇ ਦਾ ਨਹੀਂ ਦਸਦੇ ਤਾਂ ਸਪੱਸ਼ਟ ਹੈ ਕਿ ਉਹ ਪੁਜਾਰੀਵਾਦ ਦੀ ਉਸ ਪੁਰਾਣੀ ਤਕਨੀਕ ਉਤੇ ਹੀ ਅਮਲ ਕਰ ਰਹੇ ਹੁੰਦੇ ਹਨ

ਜੋ ਕਹਿੰਦੀ ਹੈ ਕਿ ਦੂਜਿਆਂ ਉਤੇ ਇਲਜ਼ਾਮ ਲਾਉ ਤਾਂ ਕੋਈ ਸਬੂਤ ਨਾ ਹੋਣ ਦੇ ਬਾਵਜੂਦ ਦੱਬ ਕੇ ਲਾਉ, ਝੂਠੇ ਤੋਂ ਝੂਠਾ ਇਲਜ਼ਾਮ ਲਾਉ ਪਰ ਅਪਣੀ ਪੀੜ੍ਹੀ ਥੱਲੇ ਇਕ ਵਾਰ ਵੀ ਸੋਟਾ ਫੇਰ ਕੇ ਨਾ ਵੇਖੋ। ਸੋ ਸੱਚ ਬਿਆਨ ਕਰਨ ਦਾ ਕੰਮ ਫਿਰ ਮੇਰੇ ਵਰਗਿਆਂ ਨੂੰ ਹੀ ਕਰਨਾ ਪੈਂਦਾ ਹੈ। ਮੈਂ ਪੂਰੀ ਈਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਕੋਈ ਵੀ ਸਿੱਖ ਅਕਾਲ ਤਖ਼ਤ ਜਾਂ ਸ਼੍ਰੋਮਣੀ ਕਮੇਟੀ (ਸੰਸਥਾ) ਦਾ ਵਿਰੋਧੀ ਨਹੀਂ, ਨਾ ਇਨ੍ਹਾਂ ਦਾ ਬੁਰਾ ਚਿਤਵ ਹੀ ਸਕਦਾ ਹੈ ਪਰ ਉਹ ਦੁਖੀ ਹੈ ਤੇ ਇਹ ਚਿੰਤਾ ਕਰ ਰਿਹਾ ਹੈ ਕਿ ਕਿਤੇ ਇਨ੍ਹਾਂ ਸੰਸਥਾਵਾਂ ਉਤੇ ਕਾਬਜ਼ ਲੋਕ ਤੇ ਉਨ੍ਹਾਂ ਦੇ ਮਾਲਕ, ਸਿੱਖਾਂ ਦੀਆਂ ਕੀਮਤੀ ਤੇ ਪਵਿੱਤਰ ਸੰਸਥਾਵਾਂ ਨੂੰ ਬਦਨਾਮੀ ਦੀ ਖੱਡ ਵਿਚ ਸੁੱਟਣ ਵਿਚ ਕਾਮਯਾਬ ਹੀ ਨਾ ਹੋ ਜਾਣ। ਇਹੀ ਇਨ੍ਹਾਂ ਨੂੰ 'ਢਾਹੁਣਾ' ਹੁੰਦਾ ਹੈ।

ਅਕਾਲ ਤਖ਼ਤ ਤਾਂ ਸਿੱਖ ਪ੍ਰਭੂ-ਸੱਤਾ ਜਾਂ ਪੂਰਨ ਆਜ਼ਾਦੀ (sovereignty) ਦਾ ਪ੍ਰਚਮ ਹੈ। ਇਸ ਨੂੰ ਕੋਈ ਸਿੱਖ ਢਾਹੁਣ ਦੀ ਸੋਚ ਵੀ ਕਿਵੇਂ ਸਕਦਾ ਹੈ? ਪਰ ਤਖ਼ਤਾਂ ਉਤੇ ਬੈਠੇ ਲੋਕਾਂ (ਬਾਦਸ਼ਾਹਾਂ ਆਦਿ) ਦੇ ਗ਼ਲਤ ਕਾਰੇ, ਦਮਨਕਾਰੀਆਂ, ਝੂਠ, ਫ਼ਰੇਬ, ਗ਼ਰੀਬ ਨਾਲ ਧੱਕੇਸ਼ਾਹੀ, ਧਰਮ ਅਤੇ ਸੱਤਾ ਦਾ ਦੁਰਉਪਯੋਗ ਹੀ ਵੱਡੇ ਵੱਡੇ ਤਖ਼ਤਾਂ ਨੂੰ ਮਿੱਟੀ ਵਿਚ ਮਿਲਾ ਦੇਂਦਾ ਹੈ। ਤਖ਼ਤਾਂ ਵਾਲਿਆਂ ਨੂੰ ਭਲੇ ਲੋਕ ਪਹਿਲਾਂ ਸੁਚੇਤ ਕਰ ਦੇਂਦੇ ਹਨ ਕਿ 'ਤਖ਼ਤ' ਦੀ ਪਵਿੱਤਰਤਾ ਨੂੰ ਲਾਜ ਲਾਉਣ ਵਾਲਿਉ, ਸੰਭਲੋ ਨਹੀਂ ਤਾਂ ਤੁਸੀ ਵੀ ਡੁੱਬ ਜਾਉਗੇ ਤੇ ਤੁਹਾਡੇ ਤਖ਼ਤ ਵੀ ਢਹਿ ਜਾਣਗੇ।

ਪਰ ਤਖ਼ਤਾਂ ਵਾਲੇ, ਇਹ ਸੱਚ ਬਿਆਨ ਕਰਨ ਵਾਲਿਆਂ ਨੂੰ ਤਖ਼ਤ ਦਾ 'ਦੁਸ਼ਮਣ' ਗਰਦਾਨ ਕੇ ਉਨ੍ਹਾਂ ਨੂੰ ਹੀ ਅਪਣੇ ਅਤਾਬ (ਗੁੱਸੇ) ਦਾ ਸ਼ਿਕਾਰ ਬਣਾਉਣ ਲੱਗ ਜਾਂਦੇ ਹਨ। ਪਰ ਜਿਹੜਾ ਸੱਚ ਉਨ੍ਹਾਂ 'ਦੁਸ਼ਮਣਾਂ' ਨੇ ਬੋਲਿਆ ਹੁੰਦਾ ਹੈ, ਉਹ ਅਖ਼ੀਰ ਸੱਚ ਸਾਬਤ ਹੋ ਕੇ ਰਹਿੰਦਾ ਹੈ। ਭਲੇ ਪੰਥ-ਪ੍ਰਸਤ ਸਿੱਖਾਂ ਨੂੰ ਡਰ ਹੈ ਕਿ ਸਿੱਖ ਪ੍ਰਭੂ ਸੱਤਾ ਜਾਂ ਮੁਕੰਮਲ ਆਜ਼ਾਦੀ  (sovereignty) ਦਾ ਪ੍ਰਤੀਕ ਅਕਾਲ ਤਖ਼ਤ ਵੀ ਇਸ ਦੇ 'ਸਿੰਘ ਸਹਿਬਾਨਾਂ' ਤੇ ਉਨ੍ਹਾਂ ਦੇ ਮਾਲਕਾਂ ਦੀਆਂ ਗ਼ਲਤੀਆਂ ਕਾਰਨ ਢਹਿ ਨਾ ਜਾਏ, ਦੁਸ਼ਮਣ ਤਾਂ ਇਸ ਨੂੰ ਢਾਹ ਨਹੀਂ ਸਕਦਾ।

ਅਕਾਲ ਤਖ਼ਤ ਉਦੋਂ ਢਹਿੰਦਾ ਲਗਦਾ ਹੈ ਜਦ ਦੋਸ਼ ਲਗਦੇ ਹਨ ਕਿ ਇਥੋਂ ਪੈਸੇ ਲੈ ਕੇ ਹੁਕਮਨਾਮੇ ਜਾਰੀ ਹੁੰਦੇ ਹਨ (ਪੋਪ ਉਤੇ ਵੀ ਇਹ ਦੋਸ਼ ਲੱਗੇ ਸਨ ਤੇ ਉਸ ਦਾ 'ਤਖ਼ਤ' ਵੀ ਢਹਿ ਗਿਆ ਸੀ।) ਅਕਾਲ ਤਖ਼ਤ ਉਦੋਂ ਢਹਿੰਦਾ ਲਗਦਾ ਹੈ ਜਦੋਂ ਇਥੋਂ ਪੰਥ-ਪ੍ਰਸਤਾਂ ਨੂੰ ਤਾਂ ਛੇਕ ਦਿਤਾ ਜਾਂਦਾ ਹੈ ਪਰ ਸੌਦਾ ਸਾਧ ਵਰਗਿਆਂ ਨੂੰ ਘਰ ਬੈਠਿਆਂ ਨੂੰ ਹੀ ਮਾਫ਼ ਕਰ ਦਿਤਾ ਜਾਂਦਾ ਹੈ ਤੇ 'ਜਥੇਦਾਰ' ਹੁਕਮ ਲੈਣ ਲਈ ਹਾਕਮਾਂ ਦੇ ਘਰ ਜਾ ਕੇ ਉਨ੍ਹਾਂ ਤੋਂ ਹਦਾਇਤਾਂ ਲੈਂਦੇ ਹਨ ਕਿ '' ਅੱਗੋਂ ਕੀ ਕਰਨ ਦਾ ਹੁਕਮ ਹੈ ਜਨਾਬ?'' ਸ਼੍ਰੋਮਣੀ ਕਮੇਟੀ ਉਦੋਂ ਢਹਿੰਦੀ ਲਗਦੀ ਹੈ ਜਦੋਂ ਇਹ ਕਮੇਟੀ ਇਕ ਕਰੋੜ ਦੇ ਇਸ਼ਤਿਹਾਰ ਅਖ਼ਬਾਰਾਂ ਵਿਚ ਛਪਵਾ ਕੇ ਸੌਧਾ ਸਾਧ ਬਾਰੇ ਲਏ ਗ਼ਲਤ ਫ਼ੈਸਲੇ ਦੇ ਹੱਕ ਵਿਚ ਪ੍ਰਚਾਰ ਕਰਦੀ ਹੈ।

ਅਕਾਲ ਤਖ਼ਤ ਉਦੋਂ ਢਹਿੰਦਾ ਲਗਦਾ ਹੈ ਜਦੋਂ ਅਕਾਲ ਤਖ਼ਤ ਦਾ 'ਜਥੇਦਾਰ' ਦਿੱਲੀ ਦੇ ਸਿੱਖ ਕਤਲੇਆਮ ਦੀਆਂ ਪੀੜਤ ਵਿਧਵਾਵਾਂ ਨੂੰ 'ਖੇਖਣਹਾਰੀਆਂ' ਕਹਿ ਕੇ ਉਥੋਂ ਚਲੇ ਜਾਣ ਲਈ ਕਹਿੰਦਾ ਹੈ। ਅਕਾਲ ਤਖ਼ਤ ਉਦੋਂ ਢਹਿੰਦਾ ਲਗਦਾ ਹੈ ਜਦੋਂ ਬਲਾਤਕਾਰੀ ਬਾਬੇ ਨੂੰ ਮਾਸੂਮ ਬੱਚੀ ਦੀ ਪੱਤ ਲੁੱਟਣ ਦੇ ਮਾਮਲੇ ਵਿਚ ਸਾਫ਼ ਬਰੀ ਕਰ ਦੇਂਦਾ ਹੈ ਜਦਕਿ ਅਦਾਲਤ ਉਸ ਬਾਬੇ ਨੂੰ ਮਗਰੋਂ 10 ਸਾਲ ਦੀ ਕੈਦ ਦੀ ਸਜ਼ਾ ਦੇ ਦਿੰਦੀ ਹੈ। ਅਕਾਲ ਤਖ਼ਤ ਉਦੋਂ ਢਹਿੰਦਾ ਲਗਦਾ ਹੈ ਜਦੋਂ ਗੁ: ਬੰਗਲਾ ਸਾਹਿਬ ਤੋਂ ਅਖੌਤੀ 'ਦਸਮ ਗ੍ਰੰਥ' ਦੀ ਕਥਾ ਸ਼ੁਰੂ ਕਰ ਦਿਤੀ ਜਾਂਦੀ ਹੈ।

ਅਕਾਲ ਤਖ਼ਤ ਉਦੋਂ ਢਹਿੰਦਾ ਲਗਦਾ ਹੈ ਜਦੋਂ ਇਨ੍ਹਾਂ ਵਰਗੇ ਸੈਂਕੜੇ ਕਾਰਿਆਂ ਨੂੰ ਹੁੰਦਿਆਂ ਵੇਖ ਕੇ ਜਥੇਦਾਰ ਇਕ ਮੁਰਦਾ ਲਾਸ਼ ਬਣੇ ਦਿਸਦੇ ਹਨ...। ਸ਼੍ਰੋਮਣੀ ਕਮੇਟੀ ਉਦੋਂ ਢਹਿੰਦੀ ਲਗਦੀ ਹੈ ਜਦੌਂ ਕਿਹਾ ਇਹ ਜਾਂਦਾ  ਹੈ ਕਿ '84 ਵਿਚ ਲੁਟਿਆ ਖ਼ਜ਼ਾਨਾ ਫ਼ੌਜ ਨੇ ਵਾਪਸ ਨਹੀਂ ਕੀਤਾ ਪਰ ਲੰਡਨ ਵਿਚ ਸਾਡੇ ਹੀ ਆਗੂ ਵੇਚ ਰਹੇ ਹੁੰਦੇ ਹਨ। 450 ਪਾਵਨ ਬੀੜਾਂ ਬਾਰੇ ਦਸਦੇ ਹੀ ਨਹੀਂ ਕਿ ਉਹ ਕਿੱਥੇ ਗਈਆਂ? ਅਜਿਹੇ ਸਮੇਂ ਗਿ: ਹਰਪ੍ਰੀਤ ਸਿੰਘ ਜੋ ਵੱਡੀ ਕ੍ਰਿਪਾਨ ਚੁੱਕੀ ਇਹ ਉਪਦੇਸ਼ ਦੇਂਦੇ ਹਨ ਕਿ ਉਪਰੋਕਤ ਅਤੇ ਹੋਰ ਬਹੁਤ ਸਾਰੀਆਂ ਬੇਅਦਬੀਆਂ ਤੇ ਧੱਕੇਸ਼ਾਹੀਆਂ ਦਾ ਵਿਰੋਧ ਨਾ ਕਰਿਆ ਕਰੋ ਕਿਉਂਕਿ ਜਿਸ ਕੁਰਸੀ ਤੇ ਅੱਜ ਕੋਈ ਹੋਰ ਬੈਠਾ ਹੈ, ਕਲ ਉਸ ਤੇ ਤੁਸੀ ਵੀ ਬੈਠਣਾ ਹੈ।

ਅੱਜ ਤੁਸੀ ਕੁਰਸੀ ਭੰਨ ਦਿਤੀ, ਕਲ ਉਸ ਉਤੇ ਬੈਠੋਗੇ ਕਿਵੇਂ? ਨਹੀਂ ਜਥੇਦਾਰੋ, ਕੁਰਸੀਆਂ ਸਾਰੀ ਉਮਰ ਲਈ ਤੁਸੀ ਤੇ ਤੁਹਾਡੇ ਮਾਲਕ ਸਾਂਭੀ ਰੱਖਣ, ਕਿਸੇ ਨੂੰ ਕੁਰਸੀਆਂ ਦੀ ਝਾਕ ਨਹੀਂ। ਸਾਡੀ ਇਕੋ ਆਰਜ਼ੂ ਹੈ ਕਿ ਤੁਸੀ ਸਾਰੇ ਰਲ ਕੇ ਕਿਤੇ ਅਪਣੇ ਮਾੜੇ ਕੰਮਾਂ ਨਾਲ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨੂੰ ਨਾ ਢਾਹ ਦੇਣਾ। ਅਸੀ ਬੋਲਦੇ ਹਾਂ ਇਨ੍ਹਾਂ ਨੂੰ ਬਚਾਉਣ ਲਈ ਨਾਕਿ ਢਾਹੁਣ ਲਈ... ਉਸੇ ਤਰ੍ਹਾਂ ਜਿਵੇਂ ਮਾਰਟਨ ਲੂਥਰ ਨੇ ਈਸਾਈਅਤ ਦੇ ਖ਼ਾਤਮੇ ਨੂੰ ਰੋਕਣ ਲਈ ਪੋਪ ਨੂੰ 'ਥਾਣੇਦਾਰੀ' ਛੱਡਣ ਲਈ ਲਲਕਾਰਿਆ ਸੀ ਤੇ ਅੰਤ ਗ਼ਲਤ ਰਵਸ਼ ਛੱਡਣ ਲਈ ਮਜਬੂਰ ਕੀਤਾ ਸੀ।

ਇਸਲਾਮ ਧਰਮ ਹੋਂਦ ਵਿਚ ਆ ਕੇ ਈਸਾਈਅਤ ਲਈ ਵੱਡੀ ਚੁਨੌਤੀ ਬਣ ਰਿਹਾ ਸੀ ਕਿਉਂਕਿ ਪੋਪ ਦੀ ਬਦਨਾਮੀ, ਈਸਾਈ ਧਰਮ ਲਈ ਖ਼ਤਰਾ ਬਣ ਰਹੀ ਸੀ। ਅੱਜ ਜਿਹੜੇ ਪੁਜਾਰੀਆਂ ਨੂੰ ਸੱਚ ਸੁਣਾ ਰਹੇ ਨੇ, ਉਨ੍ਹਾਂ ਨੂੰ ਵੀ ਡਰ ਇਹੀ ਹੈ ਕਿ ਜੇ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਦੇ ਕਰਤਾ ਧਰਤਾ ਲੋਕਾਂ ਨੇ ਅਪਣੇ ਆਪ ਨੂੰ ਨਾ ਸੁਧਾਰਿਆ ਤਾਂ ਸਿੱਖੀ ਖ਼ਤਮ ਹੋ ਜਾਏਗੀ। ਹੁਣ ਖ਼ਤਮ ਹੁੰਦੀ ਨਜ਼ਰ ਆ ਹੀ ਰਹੀ ਹੈ।

ਇਨ੍ਹਾਂ ਨੂੰ ਟੋਕਣ ਵਾਲੇ ਸਿੱਖ, ਅਕਾਲ ਤਖ਼ਤ ਨੂੰ ਢਾਹੁਣ ਲਈ ਨਹੀਂ, ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਤੇ ਸਿੱਖੀ ਨੂੰ ਬਚਾਉਣ ਲਈ ਉਹੀ ਕੁੱਝ ਕਰ ਰਹੇ ਹਨ ਜੋ ਕੁੱਝ ਇਨ੍ਹਾਂ ਹਾਲਾਤ ਵਿਚ ਹੀ 500 ਸਾਲ ਪਹਿਲਾਂ ਮਾਰਟਨ ਲੂਥਰ ਨੇ ਕੀਤਾ ਸੀ। ਅਕਾਲ ਤਖ਼ਤ ਦੇ ਪੁਜਾਰੀਆਂ ਤੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਸਿੱਖਾਂ ਉਤੇ ਝੂਠੇ ਇਲਜ਼ਾਮ ਲਾਉਣ ਦੀ ਬਜਾਏ, ਇਤਿਹਾਸ ਤੋਂ ਸਬਕ ਸਿਖਣਾ ਚਾਹੀਦਾ ਹੈ ਤੇ ਸ਼ੁਧ ਹਿਰਦੇ ਵਾਲੇ ਸਿੱਖਾਂ ਉਤੇ ਝੂਠੇ ਦੋਸ਼ ਲਾ ਕੇ, ਹੋਰ ਪਾਪ ਅਪਣੇ ਸਿਰ ਨਹੀਂ ਚੜ੍ਹਾਉਣੇ ਚਾਹੀਦੇ।