ਡੰਡੇ ਦੇ ਜ਼ੋਰ ਨਾਲ ਸਾਰੇ ਪੰਥ ਵਿਚ ਏਕਤਾ ਕਿਵੇਂ ਹੋ ਸਕੇਗੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

‘‘ਸਾਡਾ ਕਬਜ਼ਾ ਕੋਈ ਨਾ ਛੇੜੇ ਨਹੀਂ ਤਾਂ....’’ ਵਰਗੇ ‘ਕਬਜ਼ਾ-ਧਾਰੀ ਬਿਆਨ ਏਕਤਾ ਨਹੀਂ ਪੈਦਾ ਕਰ ਸਕਦੇ, ਬਗ਼ਾਵਤ ਹੀ ਪੈਦਾ ਕਰ ਸਕਦੇ ਹਨ

Sukhbir Badal, Bibi Jagir Kaur

ਜਿਵੇਂ ਕਿ ਮੈਂ ਪਿਛਲੇ ਹਫ਼ਤੇ ਵੀ ਲਿਖਿਆ ਸੀ, ਪੰਥ ਵਿਚ ਏਕਤਾ, ਸਮੇਂ ਦੀ ਸੱਭ ਤੋਂ ਵੱਡੀ ਲੋੜ ਹੈ ਤੇ ਮੈਂ ਇਸ ਗੱਲੇ ਸ਼੍ਰੋਮਣੀ ਕਮੇਟੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਪਰ ਲਿਫ਼ਾਫ਼ਾ ਕਲਚਰ ਬੰਦ ਕਰਨ ਤੇ ਬਾਦਲਾਂ ਨੂੰ ਪਿੱਛੇ ਹੱਟ ਜਾਣ ਦੇ ਸੁਝਾਅ ਦੇਣ ਵਾਲਿਆਂ ਦੀ ਜ਼ਬਾਨ-ਬੰਦੀ ਦੀਆਂ ਸ਼ਰਤਾਂ ਰੱਖ ਕੇ ਸਾਰੇ ਪੰਥ ਦੀ ਏਕਤਾ ਕਿਵੇਂ ਯਕੀਨੀ ਬਣਾਈ ਜਾ ਸਕਦੀ ਹੈ? ਲਿਫ਼ਾਫ਼ਾ ਕਲਚਰ (ਲਿਫ਼ਾਫ਼ੇ ਵਿਚੋਂ ਪ੍ਰਧਾਨ ਕੱਢਣ ਦੀ ਰਵਾਇਤ) ਬੰਦ ਕਰਨ ਦੀ ਮੰਗ ਲੈ ਕੇ ਨਿਕਲੀ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ’ਚੋਂ ਮੁਅੱਤਲ ਕਰ ਹੀ ਦਿਤਾ ਗਿਆ ਹੈ, ਕਲ ਨੂੰ ਅਕਾਲੀ ਦਲ ’ਚੋਂ ਛੇਕ ਵੀ ਦਿਤਾ ਜਾਏਗਾ ਤੇ ਪਰਸੋਂ, ਲੋੜ ਪਈ ਤਾਂ ਪੰਥ ’ਚੋਂ ਵੀ ਛੇਕ ਦਿਤਾ ਜਾਏਗਾ।

ਸ਼੍ਰੋਮਣੀ ਕਮੇਟੀ ਤੇ ਤਖ਼ਤ ਜਥੇਦਾਰ ਤਾਂ ਕਾਬਜ਼ ਸ਼ਿਆਸਤਦਾਨਾਂ ਦੀ ਜੇਬ ਵਿਚ ਹਨ। ਉਨ੍ਹਾਂ ਕੋਲੋਂ ਜੋ ਲੋਕ ਸੌਦਾ ਸਾਧ ਦੀ ਪੰਥ ਵਿਚ ਵਾਪਸੀ ਦਾ ਐਲਾਨ ਵੀ ਕਰਵਾ ਸਕਦੇ ਹਨ, ਕਿਸੇ ਪੱਕੇ ਸਿੱਖ ਨੂੰ ਪੰਥ ’ਚੋਂ ਬਾਹਰ ਕਢਣਾ ਤਾਂ ਉਨ੍ਹਾਂ ਦੇ ਖੱਬੇ ਹੱਥ ਦਾ ਕੰਮ ਹੋਵੇਗਾ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਬਾਹਰ ਨਹੀਂ ਕੱਢੀ ਬੈਠੇ? ਕੀ ਵਿਗਾੜ ਲਿਆ ਹੈ ਕਿਸੇ ਨੇ ਉਨ੍ਹਾਂ ਦਾ?

ਬੀਬੀ ਜਗੀਰ ਕੌਰ ਨੂੰ ਤਾਂ ਪੰਥ ’ਚੋਂ ਛੇਕੇ ਜਾਣ ਦਾ ਤੇ ਫਿਰ ਘਰ ਬੈਠਿਆਂ ਬਖ਼ਸ਼ੇ ਜਾਣ ਦੇ ਦੋਵੇਂ ਤਜਰਬੇ ਪ੍ਰਾਪਤ ਹਨ। ਉਨ੍ਹਾਂ ਨੂੰ ਅੰਦਰ ਦਾ ਸਾਰਾ ਸੱਚ ਪਤਾ ਹੈ ਕਿ ਅਕਾਲੀਆਂ ਦੇ ਠੰਢੇ ਚੁੱਲ੍ਹੇ ਉਪਰ ਕੜ੍ਹੀ ਕਿਵੇਂ ਉਬਾਲੇ ਖਾਂਦੀ ਹੈ। ਭਲੇ ਪੁਰਸ਼ ਅਰਥਾਤ ਸ਼ਰੀਫ਼ ਸਿਆਸਤਦਾਨ ਜਗਮੀਤ ਸਿੰਘ ਬਰਾੜ ਨੂੰ ‘ਪੰਥ ਦੀ ਠੰਢੇ ਚੁਲ੍ਹੇ ਉਪਰ ਉਬਾਲੇ ਖਾਂਦੀ ਕੜ੍ਹੀ’ ਦਾ ਅਜੇ ਕੋਈ ਤਜਰਬਾ ਨਹੀਂ, ਇਸ ਲਈ ਕੇਂਦਰ ਵਿਚ ਕਿਸੇ ਵੇਲੇ ਰਹੇ ਸਾਡੇ ਕੇਂਦਰੀ ਮੰਤਰੀ ਸ. ਸਵਰਨ ਸਿੰਘ ਵਾਂਗ ਹੀ ਫੂਕ ਫੂਕ ਕੇ ਕਦਮ ਰੱਖ ਰਹੇ ਹਨ। ਉਨ੍ਹਾਂ ਦੀ ‘ਗ਼ਲਤੀ’ ਵੀ ਉਹੀ ਸੀ ਜੋ ਵਿਦੇਸ਼ ਮੰਤਰੀ ਸਰਦਾਰ ਸਵਰਨ ਸਿੰਘ ਕੋਲੋਂ ਜਾਣੇ ਅਣਜਾਣੇ ਵਿਚ ਹੋ ਗਈ ਸੀ

ਅਰਥਾਤ ਅਲਾਹਬਾਦ ਹਾਈ ਕੋਰਟ ਵਲੋਂ ਇੰਦਰਾ ਗਾਂਧੀ ਦੀ ਚੋਣ ਰੱਦ ਕਰਨ ਮਗਰੋਂ, ਇੰਦਰਾ ਗਾਂਧੀ ਵਿਰੁਧ ਪੈ ਰਹੇ ਸ਼ੋਰ ਤੋਂ ਪ੍ਰੇਸ਼ਾਨ ਸ: ਸਵਰਨ ਸਿੰਘ ਨੇ ਬੜੀ ਆਜਜ਼ੀ ਨਾਲ ਕਹਿ ਦਿਤਾ, ‘‘ਜੀ ਇਸ ਸ਼ੋਰ ਕੋ ਬੰਦ ਕਰਨੇ ਕੇ ਲੀਏ ਅਗਰ ਆਪ ਦੋ ਚਾਰ ਮਹੀਨੇ ਕੇ ਲੀਏ ਪ੍ਰਧਾਨ ਮੰਤਰੀ ਪਦ ਸੇ ਅਸਤੀਫ਼ਾ ਦੇ ਦੇਂ ਔਰ ਮੈਂ ਆਪ ਕੀ ਖੜਾਉਂ ਕੋ ਤਖ਼ਤ ਪਰ ਰੱਖ ਕਰ ਆਪ ਕੀ ਜਗਾਹ ਬੈਠ ਜਾਊਂ ਔਰ ਬਲਾ ਟਲ ਜਾਨੇ ਕੇ ਬਾਅਦ ਆਪ ਵਾਪਸ ਆ ਜਾਏਂ...?’’

ਇੰਦਰਾ ਗਾਂਧੀ ਕੜਕ ਕੇ ਪੈ ਗਈ, ‘‘ਸਵਰਨ ਸਿੰਘ ਮੇਰੀ ਕੁਰਸੀ ਪਰ ਬੈਠਨੇ ਕੀ ਤੁਮ ਸੋਚ ਭੀ ਕੈਸੇ ਸਕਤੇ ਹੋ? ਤੁਮਹਾਰੇ ਮੇਂ ਮੇਰੀ ਜਿਤਨੀ ਕਾਬਲੀਅਤ ਹੀ ਕਹਾਂ ਹੈ? ਸ਼ਰਮ ਆਨੀ ਚਾਹੀਏ...।’’ਸ: ਸਵਰਨ ਸਿੰਘ ਬੜੇ ਗਿੜਗਿੜਾਏ ਕਿ, ‘‘ਨਹੀਂ ਜੀ ਮੈਡਮ, ਮੈਂ ਤੋ ਆਪ ਕਾ ਸੇਵਕ ਹੂੰ, ਨੌਕਰ ਹੂੰ। ਮੈਂ ਤੋ ਆਪ ਕਾ ਭਲਾ....?’’
ਇੰਦਰਾ ਗਾਂਧੀ ਕੜਕ ਕੇ ਫਿਰ ਬੋਲੀ, ‘‘ਤੁਮ ਬਤਾਉਗੇ ਕਿ ਮੇਰਾ ਭਲਾ ਕਿਸ ਬਾਤ ਮੇਂ ਹੈ? ਅੱਬ ਮੇਰਾ ਭਲਾ ਇਸੀ ਮੇਂ ਹੈ ਕਿ ਮੈਂ ਤੁਮਹੇਂ ਬਾਹਰ ਨਿਕਾਲ ਦੂੰ। ਜਾਉ ਬਾਹਰ ਚਲੇ ਜਾਊਂ। ਤੁਮ ਆਜ ਸੇ ਮੇਰੀ ਕੈਬਨਿਟ ਕੇ ਮੰਤਰੀ ਨਹੀਂ ਰਹੇ...।’’

ਹੱਕੇ-ਬੱਕੇ ਸ. ਸਵਰਨ ਸਿੰਘ ਅਪਣੇ ਹਾਕਮ ਨੂੰ ਗੱਦੀ (ਭਾਵੇਂ ਥੋੜ੍ਹੇ ਸਮੇਂ ਲਈ ਹੀ) ਛੱਡ ਦੇਣ ਦੀ ਸਲਾਹ ਦੇਣ ਦੀ ‘ਗ਼ਲਤੀ’ ਦਾ ਖ਼ਮਿਆਜ਼ਾ ਭੁਗਤਣ ਲਈ ਬੋਰੀ ਬਿਸਤਰਾ ਚੁਕ ਕੇ ਜਲੰਧਰ ਆ ਗਏ ਤੇ ਮੁੜ ਕੇ ਦਿੱਲੀ ਕਦੇ ਨਾ ਜਾ ਸਕੇ। ਜਗਮੀਤ ਸਿੰਘ ਬਰਾੜ ਨੂੰ ਵੀ ‘ਪੰਥ ਦੀ ਖ਼ੈਰ’ ਭੁਲ ਕੇ ਅਪਣੀ ਖ਼ੈਰ ਦੀ ਚਿੰਤਾ ਕਰ ਕੇ ਕਾਬਜ਼ ਲੋਕਾਂ ਨੂੰ ਕਬਜ਼ਾ ਛੱਡਣ ਦੀ ਸਲਾਹ ਨਹੀਂ ਦੇੇਣੀ ਚਾਹੀਦੀ ਤੇ ਕਹਿਣਾ ਚਾਹੀਦਾ ਹੈ ਕਿ, ‘‘ਜਨਾਬ ਹੁਕਮ ਹੋਵੇ ਤਾਂ 25ਵੀਂ ਸਦੀ ਤਕ ਯਾਨੀ ਅਗਲੀਆਂ ਤਿੰਨ ਸਦੀਆਂ ਤਕ ਅਕਾਲੀ ਦਲ ਨੂੰ ਆਪ ਦੇ ਪ੍ਰਵਾਰ ਦੇ ਨਾਂ ਕੋਰਟ ਵਿਚ ਬੈਅ ਕਰਵਾਉਣ ਦੇ ਕਾਗ਼ਜ਼ ਤਿਆਰ ਕਰ ਦਿਆਂ?’’

ਇੰਦਰਾ ਗਾਂਧੀ ਨੇ ਇਸੇ ਤਰ੍ਹਾਂ ਦੀ ਸੋਚ ਅਪਣੇ ਦਿਲ ਵਿਚ ਪਾਲ ਕੇ ਅਪਣੀ ਗੱਦੀ ਗਵਾ ਲਈ ਪਰ ਇਹ ਸੁਣਨਾ ਬਰਦਾਸ਼ਤ ਨਾ ਕੀਤਾ ਕਿ ਉਹ ਅਪਣੀ ਮਰਜ਼ੀ ਨਾਲ ਗੱਦੀ ਉਤੇ ਅਪਣੇ ਕਿਸੇ ਫ਼ਰਮਾਬਰਦਾਰ ਨੂੰ ਹੀ ਬਿਠਾ ਦੇਵੇ। ਇਹ ਵਖਰੀ ਗੱਲ ਹੈ ਕਿ ਮਗਰੋਂ ਆਏ ਲੋਕਾਂ ਨੇ ਇੰਦਰਾ ਗਾਂਧੀ ਲਈ ਗੱਦੀ ਵਾਪਸੀ ਦਾ ਰਾਹ ਤਿਆਰ ਕਰ ਦਿਤਾ। ਹੁਣ ਵੀ ਸੋਨੀਆ ਗਾਂਧੀ ਨੇ ਖੜਗੇ ਨੂੰ ਕਾਂਗਰਸ ਪ੍ਰਧਾਨ ਬਣਵਾ ਕੇ, ਵਿਰੋਧੀਆਂ ਨੂੰ ਇਕ ਵਾਰ ਤਾਂ ਚੁੱਪ ਕਰਵਾ ਦਿਤਾ ਹੈ ਤੇ ਰਾਹੁਲ ਗਾਂਧੀ ਹੁਣ ਭਾਰਤ-ਜੋੜੋ ਯਾਤਰਾ ਮਗਰੋਂ ਕਹਿਣ ਜੋਗਾ ਤਾਂ ਹੋ ਗਿਆ ਹੈ ਕਿ ਉਹ ਗਾਂਧੀ ਪ੍ਰਵਾਦ ਦਾ ਜੀਅ ਹੋਣ ਕਰ ਕੇ ਨਹੀਂ, ਭਾਰਤ-ਜੋੜੋ ਯਾਤਰਾ ਕਰ ਕੇ, ਹਰ ਇਲਾਕੇ ਦੇ ਲੋਕਾਂ ਨੂੰ ਨਾਲ ਲੈਣ ਮਗਰੋਂ, ਸੱਤਾ ਉਤੇ ਅਪਣਾ ਹੱਕ ਜਤਾ ਰਿਹਾ ਹੈ।

ਅਕਾਲੀਆਂ ਵਿਚ ਅਜਿਹੀ ਭਾਵਨਾ ਅਜੇ ਪੈਦਾ ਪੈਦਾ ਨਹੀਂ ਕੀਤੀ ਜਾ ਸਕਦੀ ਕਿਉਂਕਿ ‘ਕਬਜ਼ਾ ਨਹੀਂ ਛਡਣਾ ਬੱਸ, ਭਾਵੇਂ ਜ਼ਮੀਨ ਅਸਮਾਨ ਉਲਟ ਜਾਣ’ ਵਾਲਾ ਅਸੂਲ ਹੀ ਸਾਰੇ ਫ਼ੈਸਲੇ ਕਰਵਾਂਦਾ ਹੈ। ‘ਕਬਜ਼ਾ ਹਰ ਹਾਲ ਬਣਾਈ ਰੱਖਣ’ ਦੇ ਸਿਧਾਂਤ ਨੂੰ ਰੱਬ ਤੋਂ ਵੀ ਉਪਰ ਸਮਝਣ ਵਾਲੇ ਲੋਕਾਂ ਉਤੇ ਅਜੇ ਕੋਈ ਗੱਲ ਵੀ ਅਸਰ ਨਹੀਂ ਕਰੇਗੀ। ਪਰ ਅਪਣੇ ਸਿਆਣੇ ਪਾਠਕਾਂ ਨੂੰ ਇਹੀ ਕਹਿ ਕੇ ਗੱਲ ਖ਼ਤਮ ਕਰਾਂਗਾ ਕਿ ਜੇ ਸਚਮੁਚ ਦੀ ਪੰਥਕ ਏਕਤਾ ਕਿਸੇ ਨੇ ਕਰਨੀ ਹੈ ਤਾਂ ‘ਕਬਜ਼ੇ’ ਦੀ ਭਾਵਨਾ ਨੂੰ ਪੂਰੀ ਤਰ੍ਹਾਂ ਮਾਰ ਕੇ ਤੇ ਕੁੱਝ ਅਸੂਲਾਂ ਦਾ ਪੱਲਾ ਘੁਟ ਕੇ ਫੜਨ ਨਾਲ ਹੀ ਪੈਦਾ ਕੀਤੀ ਜਾ ਸਕਦੀ ਹੈ।

‘ਕਬਜ਼ਾ’ ਸਿਧਾਂਤ ਨੂੰ ਰੱਬ ਨਾਲੋਂ ਵੀ ਵੱਡਾ ਸਮਝਣ ਵਾਲੇ ਲੀਡਰ ਕਦੇ ਵੀ ਸੱਚੀ ਪੰਥਕ ਏਕਤਾ ਨਹੀਂ ਹੋਣ ਦੇਣਗੇ। ਉਨ੍ਹਾਂ ਦੀ ‘ਏਕਤਾ’ ਇਹੀ ਹੋਵੇਗੀ ਕਿ ‘‘ਸਾਨੂੰ ਹਮੇਸ਼ਾਂ ਲਈ ਅਕਾਲੀ ਦਲ ਦੇ ਮਾਲਕ ਮੰਨ ਲਉ ਤੇ ਜੋ ਕਹੀਏ, ਉਸ ਨੂੰ ‘ਜੀ ਜਨਾਬ’ ਕਹਿਣ ਦੀ ਸਹੁੰ ਖਾ ਲਉ।’’ ਕੌਣ ਮੰਨੇਗਾ ਇਹ ਜ਼ਹਿਰ ਨਿਗਲਣ ਨਾਲੋਂ ਜ਼ਿਆਦਾ ਕੌੜੀ, ਜਾਨ ਤੇ ਈਮਾਨ-ਲੇਵਾ ਸ਼ਰਤ?