ਬਾਦਲ ਸਾਹਬ, ਪਦਮ ਵਿਭੂਸ਼ਨ ਵਾਪਸ ਕੀਤਾ, ਚੰਗਾ ਕੀਤਾ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਪਰ ਸੁਰਖ਼ਰੂ ਹੋਣ ਲਈ ਅਜੇ ਤੁਸੀ ਚਾਰ ਚੀਜ਼ਾਂ ਹੋਰ ਵਾਪਸ ਕਰਨੀਆਂ ਹਨ

Parkash Singh Badal

ਸਰਕਾਰੀ ਸਨਮਾਨ ਦੇ ਨਾਲ ਨਾਲ ਉਹ ਇਹ ਚਾਰ ਚੀਜ਼ਾਂ ਵੀ ਵਾਪਸ ਕਰ ਦੇਣ ਤਾਂ ਉਹ ਪੂਰੀ ਤਰ੍ਹਾਂ ਬੇਗ਼ਰਜ਼, ਮਹਾਂ-ਦਾਨੀ ਤੇ ਸਾਫ਼ ਸੁਥਰੇ ਆਗੂਆਂ ਦੀ ਸੂਚੀ ਵਿਚ ਆ ਜਾਣਗੇ ਨਹੀਂ ਤਾਂ...।  ਮੈਂ ਦਿਲੋਂ ਚਾਹੁੰਦਾ ਹਾਂ ਕਿ ਸਾਰੇ ਸੁੱਖ ਮਾਣਨ ਮਗਰੋਂ ਹੁਣ ਇਹ ਮਾਣ ਪ੍ਰਾਪਤ ਕਰਨ ਦਾ ਸੁੱਖ ਵੀ ਮਾਣਨ ਤੇ ਪਰਮ ਆਨੰਦ ਵਾਲਾ ਸਵਾਦ ਵੀ ਜ਼ਰੂਰ ਚੱਖ ਲੈਣ। ਬਾਕੀ ਉਨ੍ਹਾਂ ਦੀ ਮਰਜ਼ੀ!

ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨੀ ਅੰਦੋਲਨ ਨਾਲ ਹਮਦਰਦੀ ਪ੍ਰਗਟਾਉਣ ਲਈ ਭਾਰਤ ਸਰਕਾਰ ਵਲੋਂ ਦਿਤਾ 'ਪਦਮ ਵਿਭੂਸ਼ਣ' ਵਾਪਸ ਕਰ ਦਿਤਾ ਹੈ। ਬੇਸ਼ਕ ਸ. ਬਾਦਲ ਨੇ 'ਸਨਮਾਨ ਵਾਪਸੀ' ਦਾ ਉਹ ਰਾਹ ਨਹੀਂ ਫੜਿਆ ਜਿਹੜਾ ਖ਼ੁਸ਼ਵੰਤ ਸਿੰਘ ਤੇ ਹੋਰਨਾਂ ਨੇ ਚੁਣਿਆ ਸੀ ਸਗੋਂ ਉਹ ਰਾਹ ਚੁਣਿਆ ਜੋ ਸਾਧੂ ਸਿੰਘ ਹਮਦਰਦ ਨੇ ਚੁਣਿਆ ਸੀ।

ਫ਼ਰਕ ਦੁਹਾਂ ਵਿਚ ਏਨਾ ਸੀ ਕਿ ਖ਼ੁਸ਼ਵੰਤ ਸਿੰਘ ਨੇ ਅਪਣੀ ਆਤਮਾ ਦੀ ਆਵਾਜ਼ ਸੁਣ ਕੇ ਤੁਰਤ ਸਨਮਾਨ ਵਾਪਸ ਕਰ ਦਿਤਾ ਸੀ ਤੇ ਸ. ਸਾਧੂ ਸਿੰਘ ਨੇ, ਖਾੜਕੂਆਂ ਦੇ ਭਾਰੀ ਦਬਾਅ ਹੇਠ, ਮਜਬੂਰ ਹੋ ਕੇ ਵਾਪਸ ਕੀਤਾ ਸੀ। ਖ਼ੈਰ, ਜਿਵੇਂ ਵੀ ਕੀਤਾ, ਸ. ਪ੍ਰਕਾਸ਼ ਸਿੰਘ ਬਾਦਲ ਨੇ ਸਨਮਾਨ ਵਾਪਸ ਕਰ ਦਿਤਾ ਹਾਲਾਂਕਿ ਪਹਿਲਾਂ ਉਨ੍ਹਾਂ ਨੇ ਵੀਡੀਉ ਜਾਰੀ ਕਰ ਕੇ ਇਨ੍ਹਾਂ 'ਕਾਲੇ ਕਾਨੂੰਨਾਂ' ਦੀ ਰੱਜ ਕੇ ਤਰੀਫ਼ ਕੀਤੀ ਸੀ ਜੋ ਅਖ਼ਬਾਰੀ ਪੰਨਿਆਂ ਤੋਂ ਵੀ ਮਿਟਾਈ ਨਹੀਂ ਜਾ ਸਕਦੀ ਅਤੇ ਉਨ੍ਹਾਂ ਦੀ ਨੂੰਹ-ਰਾਣੀ ਵੀ ਉਸ ਕੈਬਨਿਟ ਦਾ ਭਾਗ ਸੀ ਜਿਸ ਨੇ ਤਿੰਨ ਕਾਲੇ ਕਾਨੂੰਨਾਂ ਦੀ ਪ੍ਰਵਾਨਗੀ ਦਿਤੀ ਸੀ।

ਉਸ ਵੇਲੇ ਦਿਤਾ ਅਸਤੀਫ਼ਾ, ਖ਼ੁਸ਼ਵੰਤ ਸਿੰਘ ਵਲੋਂ ਦਿਤੇ ਅਸਤੀਫ਼ੇ ਵਰਗਾ ਹੋਣਾ ਸੀ ਪਰ ਉਸ ਵੇਲੇ ਉਹ 'ਪਤੀ ਪਤਨੀ' ਵਾਲੇ ਰਿਸ਼ਤੇ ਵਿਚ ਬੱਝੇ ਹੋਏ ਸਨ ਤੇ ਜਬਰੀ ਘਰੋਂ ਕੱਢ ਦਿਤੇ ਜਾਣ ਤੋਂ ਪਹਿਲਾਂ ਘਰ ਦਾ ਵਿਹੜਾ ਟੱਪਣ ਦੀ ਆਪ ਹਿੰਮਤ ਨਹੀਂ ਸੀ ਕਰ ਸਕਦੇ ਕਿਉਂਕਿ 'ਭਾਰਤੀ ਪਤਨੀਆਂ' ਨੂੰ ਛੋਟੇ ਹੁੰਦਿਆਂ ਤੋਂ ਇਹੀ ਸਬਕ ਸਿਖਾਇਆ ਗਿਆ ਹੁੰਦਾ ਹੈ ਕਿ ਉਨ੍ਹਾਂ ਦੀ ਲਾਸ਼ ਹੀ ਪਤੀ ਦੇ ਘਰ 'ਚੋਂ ਨਿਕਲਣੀ ਚਾਹੀਦੀ ਹੈ ਤੇ ਭਾਵੇਂ ਕੁੱਝ ਵੀ ਹੋ ਜਾਏ, ਉਨ੍ਹਾਂ ਭੁਲ ਕੇ ਵੀ, ਆਪ ਵਿਹੜਾ ਨਹੀਂ ਟਪਣਾ।

ਪਰ ਮੈਂ ਬਾਦਲ ਸਾਹਬ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ 'ਪਦਮ ਵਿਭੂਸ਼ਣ' ਇਕੋ ਇਕ ਚੀਜ਼ ਨਹੀਂ ਜੋ ਉਨ੍ਹਾਂ ਨੂੰ ਵਾਪਸ ਕਰਨਾ ਚਾਹੀਦਾ ਸੀ ਬਲਕਿ ਹੋਰ ਵੀ ਕਈ ਚੀਜ਼ਾਂ ਹਨ ਜੋ ਉਨ੍ਹਾਂ ਲਈ ਵਾਪਸ ਕਰਨੀਆਂ ਬਣਦੀਆਂ ਹਨ। ਮਿਸਾਲ ਦੇ ਤੌਰ ਤੇ :

1. ਸ਼੍ਰੋਮਣੀ ਅਕਾਲੀ ਦਲ ਪੰਥ ਨੂੰ ਵਾਪਸ ਕਰੋ : ਸ਼੍ਰੋਮਣੀ ਅਕਾਲੀ ਦਲ ਨਾਂ ਦੀ ਪਾਰਟੀ ਕਿਸੇ ਵਿਅਕਤੀ ਜਾਂ ਧੜੇ ਨੇ ਕਾਇਮ ਨਹੀਂ ਸੀ ਕੀਤੀ ਬਲਕਿ ਸਮੁੱਚੇ ਪੰਥ ਨੇ, ਅਪਣੇ ਰਾਜਸੀ ਹਿਤਾਂ ਦੀ ਰਾਖੀ ਲਈ ਅਕਾਲ ਤਖ਼ਤ ਤੇ ਜੁੜ ਕੇ ਕਾਇਮ ਕੀਤੀ ਸੀ ਤੇ ਇਸ ਦੇ ਪੰਥਕ ਸਰੂਪ ਅਤੇ ਪੰਥਕ ਰਾਜਸੀ ਟੀਚਿਆਂ ਨੂੰ ਸਦਾ ਲਈ ਨਿਸ਼ਚਿਤ ਕਰ ਦਿਤਾ ਗਿਆ ਸੀ।

ਇਨ੍ਹਾਂ ਪੰਥਕ ਰਾਜਸੀ ਟੀਚਿਆਂ ਵਿਚ ਕੋਈ ਵੀ ਤਬਦੀਲੀ, ਸਮੁੱਚਾ ਪੰਥ ਅਕਾਲ ਤਖ਼ਤ ਤੇ ਜੁੜ ਕੇ ਹੀ ਕਰ ਸਕਦਾ ਹੈ ਪਰ ਸ. ਪ੍ਰਕਾਸ਼ ਸਿੰਘ ਬਾਦਲ, ਪੰਥ ਵਲੋਂ ਮਿਲੀ ਤਾਕਤ ਦੇ ਆਸਰੇ, ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਹੀ ਦਰਬਾਰ ਸਾਹਿਬ ਖੇਤਰ 'ਚੋਂ ਚੁੱਕ ਕੇ ਚੰਡੀਗੜ੍ਹ ਵਿਚ ਲੈ ਗਏ ਅਤੇ ਅਪਣੀ ਜਾਇਦਾਦ ਵਿਚ ਜਾ ਕੈਦੀ ਬਣਾਇਆ। ਫਿਰ ਮੋਗੇ ਵਿਚ ਜਾ ਕੇ ਉਸ ਦਾ ਪੰਥਕ ਸਰੂਪ ਵੀ ਬਦਲ ਦਿਤਾ ਤੇ ਉਸ ਨੂੰ 'ਪੰਜਾਬੀ ਪਾਰਟੀ' ਕਹਿਣਾ ਸ਼ੁਰੂ ਕਰ ਦਿਤਾ। ਇਹ ਕੰਮ ਬਣਦਾ ਤਾਂ ਅਕਾਲ ਤਖ਼ਤ ਦੇ 'ਜਥੇਦਾਰ' ਦਾ ਸੀ ਕਿ ਉਹ ਇਸ ਪੰਥਕ ਚੋਰੀ ਤੇ ਡਾਕੇ ਨੂੰ ਰੋਕਦੇ ਪਰ ਹਾਕਮਾਂ ਦੇ ਬੰਦ ਲਿਫ਼ਾਫ਼ਿਆਂ 'ਚੋਂ ਨਿਕਲਣ ਵਾਲੇ, 'ਜਥੇਦਾਰ' ਨਹੀਂ ਹੁੰਦੇ, ਫ਼ਰਮਾਬਰਦਾਰ ਹੁੰਦੇ ਹਨ ਜੋ ਸਿਆਸਤਦਾਨਾਂ ਦਾ ਹੁਕਮ ਮੰਨ ਕੇ ਚਲਦੇ ਹਨ।

ਸ. ਪ੍ਰਕਾਸ਼ ਸਿੰਘ ਬਦਲ ਨੇ 'ਜਥੇਦਾਰਾਂ' ਨੂੰ ਹਾਲੋ ਬੇਹਾਲ ਕਰ ਕੇ, 'ਤਖ਼ਤਾਂ' ਨੂੰ ਜਿਸ ਪੱਧਰ ਤੇ ਲਿਆ ਦਿਤਾ ਹੈ, ਇਹ ਬਿਲਕੁਲ ਜਾਇਜ਼ ਹੋਵੇਗਾ ਜੇ ਉਹ ਹੁਣ ਸੱਚੇ ਦਿਲੋਂ ਅਕਾਲੀ ਦਲ ਨੂੰ ਵਾਪਸ ਅਕਾਲ ਤਖ਼ਤ ਤੇ ਲਿਜਾ ਕੇ ਸਿੱਖ ਪੰਥ ਦੇ ਹਵਾਲੇ ਕਰ ਦੇਣ ਤੇ  ਅਪਣੇ ਪ੍ਰਵਾਰ ਦੇ ਕਬਜ਼ੇ ਵਿਚੋਂ ਆਜ਼ਾਦ ਕਰ ਦੇਣ। ਉਸ ਤੋਂ ਬਾਅਦ ਉਹ ਤੇ ਉਨ੍ਹਾਂ ਦਾ ਪ੍ਰਵਾਰ ਜੇ ਕੋਈ 'ਪੰਜਾਬੀ ਪਾਰਟੀ' ਚਲਾਉਣਾ ਚਾਹੇ ਤਾਂ ਉਹ ਅਜਿਹਾ ਕਰਨ ਵਿਚ ਆਜ਼ਾਦ ਹੋਣਗੇ।

2. ਅਕਾਲ ਤਖ਼ਤ ਵੀ ਆਜ਼ਾਦ ਕਰ ਦਿਉ : ਅਕਾਲ ਤਖ਼ਤ ਦਾ  ਇਸ ਵੇਲੇ ਜੋ ਹਾਲ ਹੋ ਚੁੱਕਾ ਹੈ ਤੇ ਜਿਵੇਂ ਇਥੇ ਪੰਥ ਦੀ ਸੇਵਾ ਲਈ ਬਿਠਾਏ ਜਥੇਦਾਰ, ਸਿਆਸੀ ਲੀਡਰਾਂ ਦੇ ਘਰ ਵਿਚ ਜਾ ਕੇ ਸਿਆਸਤਦਾਨਾਂ ਕੋਲੋਂ ਹੁਕਮ ਲੈਂਦੇ ਹਨ ਤੇ ਆਰਥਕ ਘਪਲੇ ਕਰਨ ਦੇ ਜੁਰਮ ਹੇਠ ਗ੍ਰਿਫ਼ਤਾਰੀ ਹੋਣ ਤੇ ਵੀ, ਉਨ੍ਹਾਂ ਨੂੰ ਫ਼ਖ਼ਰ-ਏ-ਕੌਮ ਦੇ ਖ਼ਿਤਾਬ ਨਾਲ ਸ਼ਿੰਗਾਰਦੇ ਹਨ ਤੇ ਉਨ੍ਹਾਂ ਦੇ ਗੁੱਸੇ ਦਾ ਅਤਾਬ ਝੱਲ ਰਹੇ ਭਲੇ ਸਿੱਖਾਂ ਨੂੰ ਦੁਰਕਾਰਦੇ, ਛੇਕਦੇ ਤੇ ਬਦਨਾਮ ਕਰਦੇ ਹਨ ਜਦਕਿ ਉਨ੍ਹਾਂ ਨੂੰ ਵੋਟਾਂ ਦਿਵਾਉਣ ਵਾਲੇ ਸੌਦਾ ਸਾਧ ਵਰਗੇ ਬਾਬਿਆਂ ਨੂੰ ਸਿਰ ਤੇ ਚੁਕਦੇ ਹਨ ਜਿਨ੍ਹਾਂ ਦੀ ਸਰਦਲ ਤੇ ਜਾ ਕੇ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀ, ਗੁਰਮਤਿ ਦੇ ਉਲਟ, ਸੀਸ ਨਿਵਾਉਂਦੇ ਹਨ ਤਾਕਿ ਪੰਥ-ਵਿਰੋਧੀ ਵੋਟਰਾਂ ਦੇ ਵੋਟ ਮਿਲ ਸਕਣ।

ਉਸ ਸੱਭ ਲਈ ਵੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਮੁੱਖ ਤੌਰ ਤੇ ਦੋਸ਼ੀ ਸਮਝਿਆ ਜਾਂਦਾ ਹੈ। ਇਸ ਲਈ ਬਿਲਕੁਲ ਜਾਇਜ਼ ਹੀ ਹੋਵੇਗਾ ਜੇ ਉਹ ਤੇ ਉਨ੍ਹਾਂ ਦਾ ਪ੍ਰਵਾਰ, ਅਕਾਲ ਤਖ਼ਤ ਨੂੰ ਵੀ ਆਜ਼ਾਦ ਕਰ ਦੇਣ ਤੇ ਅਪਣੇ ਲਿਫ਼ਾਫਿਆਂ 'ਚੋਂ 'ਜਥੇਦਾਰ' ਕੱਢਣ ਦੀ ਬਜਾਏ, ਸਿੱਖ ਪੰਥ ਦਾ ਇਹ ਅਧਿਕਾਰ, ਪੰਥ ਨੂੰ ਵਾਪਸ ਕਰ ਦੇਣ।

3.  ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਵਾਪਸ ਕਰ ਦਿਉ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪੰਥ ਦੀ ਧਾਰਮਕ ਜਥੇਬੰਦੀ ਵਜੋਂ ਕਾਇਮ ਕੀਤੀ ਗਈ ਸੀ ਜਿਸ ਦਾ ਹਰ ਕੰਮ, ਸਿੱਖ ਧਰਮ ਅਥਵਾ ਗੁਰਮਤਿ ਅਨੁਸਾਰੀ ਹੋਣਾ ਚਾਹੀਦਾ ਹੈ ਤੇ ਗੁਰਮਤਿ ਦੇ ਉਲਟ ਕੰਮ ਕਰਨ ਵਾਲੇ ਕਿਸੇ ਬੰਦ ਦਾ ਇਸ ਵਿਚ ਕੋਈ ਦਖ਼ਲ ਨਹੀਂ ਹੋਣਾ ਚਾਹੀਦਾ।

ਪਰ ਜਿਨ੍ਹਾਂ ਨੇ ਸੌਦਾ ਸਾਧ ਵਰਗਿਆਂ ਨੂੰ ਜਾ ਕੇ (ਵੋਟਾਂ ਖ਼ਾਤਰ) ਮੱਥੇ ਟੇਕਣੇ ਹੁੰਦੇ ਹਨ ਤੇ ਸਿਆਸੀ ਰੋਟੀਆਂ ਸੇਕਣ ਲਈ ਗੁਰਮਤਿ ਦੇ ਉਲਟ ਜਾਣ ਵਾਲੇ ਕਈ ਕੰਮ 'ਮਜਬੂਰੀ ਵਸ' ਕਰਨੇ ਹੁੰਦੇ ਹਨ, ਉਹ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਰਵੇ ਸਰਵਾ (ਮਾਲਕ) ਬਣੇ ਹੋਏ ਹਨ ਜਿਸ ਕਾਰਨ ਸ਼੍ਰੋਮਣੀ ਕਮੇਟੀ ਹਰ ਵੇਲੇ ਕੁਰੱਪਸ਼ਨ, ਕੁਨਬਾ ਪ੍ਰਵਰੀ, ਫ਼ਜ਼ੂਲ ਖ਼ਰਚੀ, ਧਰਮ ਪ੍ਰਚਾਰ ਵਲੋਂ ਬੇਧਿਆਨੀ ਅਤੇ ਸਿੱਖੀ ਦੇ ਹੇਠਾਂ ਵਲ ਜਾਣ ਨਾਲ ਸਬੰਧਤ ਪ੍ਰਸ਼ਨਾਂ ਨੂੰ ਲੈ ਕੇ ਵਿਵਾਦਾਂ ਵਿਚ ਘਿਰੀ ਰਹਿੰਦੀ ਹੈ ਤੇ ਗੁਰਦਵਾਰਿਆਂ ਵਿਚ ਗੁਰਮਤਿ ਵਿਰੋਧੀ ਰੀਤਾਂ ਚਾਲੂ ਹੋ ਚੁਕੀਆਂ ਹਨ।

ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਇਕ ਕੱਟੜ ਹਿੰਦੂ ਪਾਰਟੀ ਦਾ ਸਰਗਰਮ ਮੈਂਬਰ ਹੈ (ਅਕਾਲੀ ਹੋਣ ਦੇ ਨਾਲ ਨਾਲ) ਅਤੇ ਪਤਿਤਪੁਣਾ ਤੇਜ਼ੀ ਨਾਲ ਵੱਧ ਰਿਹਾ ਹੈ। 'ਸ਼ਤਾਬਦੀਆਂ' ਮਨਾਉਣ ਦੀ ਧਾਰਮਕ ਪ੍ਰਾਪਤੀ ਤਾਂ ਸਿਫ਼ਰ ਹੀ ਕਹੀ ਜਾ ਸਕਦੀ ਹੈ ਪਰ ਉਨ੍ਹਾਂ ਉਤੇ ਪੈਸਾ ਇਸ ਤਰ੍ਹਾਂ ਖ਼ਰਚਿਆ ਜਾਂਦਾ ਹੈ ਜਿਵੇਂ ਮੁਫ਼ਤ ਦਾ ਮਾਲ ਲੁਟਾ ਕੇ ਅਨੰਦ ਮਾਣਨਾ ਤੇ ਅਪਣੀ ਡਫ਼ਲੀ ਵਜਾਉਣਾ ਹੀ ਪ੍ਰਬੰਧਕਾਂ ਦਾ ਇਕੋ ਇਕ 'ਧਰਮ' ਰਹਿ ਗਿਆ ਹੈ।

ਇਸ ਦਾ ਵੱਡਾ ਦੋਸ਼ੀ ਵੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪ੍ਰਵਾਰ ਨੂੰ ਮੰਨਿਆ ਜਾਂਦਾ ਹੈ ਜਿਨ੍ਹਾਂ ਲਈ ਸ਼੍ਰੋਮਣੀ ਕਮੇਟੀ ਉਨ੍ਹਾਂ ਦਾ ਨਿਜੀ ਅਦਾਰਾ ਬਣ ਚੁੱਕੀ ਹੈ। ਇਸ ਲਈ ਇਹ ਵੀ ਠੀਕ ਹੀ ਹੋਵੇਗਾ ਜੇ ਸ. ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਰਗੀ ਧਾਰਮਕ ਸੰਸਥਾ ਵੀ ਪੰਥ ਨੂੰ ਵਾਪਸ ਕਰ ਦੇਣ ਤੇ ਧਰਮ ਵਲੋਂ ਸੁਰਖ਼ਰੂ ਹੋ ਜਾਣ।

4. ਪੰਥ ਦੇ ਨਾਂ ਤੇ ਪੈਸਾ ਤੇ ਜਾਇਦਾਦ : ਹਿੰਦੁਸਤਾਨ ਵਿਚ ਧਰਮ ਦੇ ਨਾਂ ਤੇ ਸੱਤਾ ਹਾਸਲ ਕਰਨਾ ਤੇ ਸੱਤਾ ਦੇ ਸਹਾਰੇ ਕਰੋੜਾਂ, ਅਰਬਾਂ ਇਕੱਠੇ ਕਰਨਾ ਆਮ ਜਿਹਾ ਵਰਤਾਰਾ ਹੈ। ਦੁਨੀਆਂ ਭਰ ਵਿਚ ਹਾਕਮਾਂ ਦੀ ਪੁਛ ਪੜਤਾਲ ਹੁੰਦੀ ਹੈ ਕਿ ਉਨ੍ਹਾਂ ਨੇ ਸੱਤਾ ਵਿਚ ਰਹਿ ਕੇ ਜਿਹੜੀ ਅਪਾਰ ਧਨ ਸੰਪਤੀ ਇਕੱਠੀ ਕੀਤੀ ਹੈ, ਉਹ ਕਿਵੇਂ ਕਮਾਈ ਹੈ? ਕਈ ਹਾਕਮਾਂ ਨੂੰ ਜੇਲਾਂ ਵਿਚ ਸੁਟਿਆ ਗਿਆ ਹੈ ਤੇ ਕਈਆਂ ਨੂੰ ਮੌਤ ਦੀ ਸਜ਼ਾ ਵੀ ਦਿਤੀ ਗਈ ਹੈ।

ਹਿੰਦੁਸਤਾਨ ਵਿਚ ਅਜਿਹਾ ਅਮਲ ਅਜੇ ਸ਼ੁਰੂ ਨਹੀਂ ਹੋਇਆ ਕਿਉਂਕਿ ਸੱਤਾ ਤੋਂ ਉਤਰਨ ਵਾਲੇ ਤੇ ਸੱਤਾ ਵਿਚ ਆਉਣ ਵਾਲੇ ਹਾਕਮ ਪਹਿਲਾਂ ਹੀ ਸਮਝੌਤਾ ਕਰ ਲੈਂਦੇ ਹਨ ਕਿ 'ਏ' ਸੱਤਾ ਵਿਚ ਆ ਗਿਆ ਤਾਂ 'ਬੀ' ਨੂੰ ਕੁੱਝ ਨਹੀਂ ਕਹੇਗਾ ਤੇ 'ਬੀ' ਸੱਤਾ ਵਿਚ ਆ ਗਿਆ ਤਾਂ 'ਏ' ਨੂੰ ਕੁੱਝ ਨਹੀਂ ਕਹੇਗਾ, ਸਗੋਂ ਬਚਾਏਗਾ।

ਬਹੁਤਾ ਕੁੱਝ ਨਾ ਕਹਿੰਦੇ ਹੋਏ ਵੀ, ਸਿੱਖ ਇਤਿਹਸ ਵਿਚ 'ਅਕਾਲੀ' ਅਖਵਾਉਣ ਵਾਲੇ ਲੀਡਰਾਂ 'ਚੋਂ ਸੱਤਾ ਵਿਚ ਆ ਕੇ ਸੱਭ ਤੋਂ ਵੱਧ ਮਾਇਆ ਇਕੱਤਰ ਕਰਨ ਤੇ ਜਾਇਦਾਦਾਂ ਬਣਾਉਣ ਵਾਲੇ, ਬਾਦਲ ਪ੍ਰਵਾਰ ਦੇ 'ਅਕਾਲੀ' ਹੀ ਹਨ ਜਿਨ੍ਹਾਂ ਨੇ ਪੰਜਾਬ, ਹਰਿਆਣਾ, ਰਾਜਸਥਾਨ? ਯੂ.ਪੀ., ਉਤਰਾਖੰਡ ਤੇ ਵਿਦੇਸ਼ਾਂ ਵਿਚ ਵੀ ਜਾਇਦਾਦਾਂ ਬਣਾਈਆਂ ਤੇ ਸੱਤਾ ਦੇ  ਜ਼ੋਰ ਨਾਲ ਕਈ 'ਵਪਾਰ' ਸ਼ੁਰੂ ਕਰ ਕੇ ਪੰਜਾਬ ਦਾ ਸੱਭ ਤੋਂ ਅਮੀਰ ਪ੍ਰਵਾਰ ਬਣ ਗਏ। ਜੇਲ ਵਿਚ ਤਾਂ ਉਨ੍ਹਾਂ ਨੂੰ ਵੀ ਇਸ ਦੋਸ਼ ਬਦਲੇ ਜਾਣਾ ਪਿਆ ਸੀ ਪਰ ਸਿਆਸੀ ਜੋੜ-ਤੋੜ ਸਦਕਾ ਸੱਭ ਠੀਕ ਠਾਕ ਕਰ ਲਿਆ ਗਿਆ।

ਹੁਣ ਬਾਦਲ ਸਾਹਬ ਰੱਬ ਦੇ ਦਰਬਾਰ ਵਿਚ ਸੁਰਖ਼ਰੁ ਹੋ ਕੇ ਜ਼ਰੂਰ ਜਾਣਾ ਚਾਹੁੰਦੇ ਹੋਣਗੇ, ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪ ਹੀ ਵੇਖਣ ਕਿ ਜਦ ਉਹ ਸੱਤਾ ਵਿਚ ਨਹੀਂ ਸਨ ਤਾਂ ਉਨ੍ਹਾਂ ਕੋਲ ਕਿੰਨੀ ਜਾਇਦਾਦ ਸੀ ਤੇ ਸੱਤਾ ਵਿਚ ਆਉਣ ਮਗਰੋਂ ਅਥਵਾ 'ਰਾਜ ਨਹੀਂ ਸੇਵਾ' ਕਰਦਿਆਂ ਉਨ੍ਹਾਂ ਤੇ ਉਨ੍ਹਾਂ ਦੇ ਪ੍ਰਵਾਰ ਨੇ ਕਿੰਨੀ ਦੌਲਤ ਇਕੱਠੀ ਕਰ ਲਈ। ਜਿੰਨੀ ਉਹ ਆਪ ਠੀਕ ਸਮਝਣ, ਉਹ ਰੱਖ ਲੈਣ ਤੇ ਜਿੰਨੀ ਉਨ੍ਹਾਂ ਨੂੰ ਆਪ ਲੱਗੇ ਕਿ ਸੱਤਾ ਦੇ ਦੁਰਉਪਯੋਗ ਕਾਰਨ ਮਿਲ ਗਈ ਹੈ, ਉਸ ਨੂੰ ਗ਼ਰੀਬਾਂ ਦੇ ਭਲੇ ਲਈ, ਪੰਥ ਦੇ ਹਵਾਲੇ ਕਰ ਦੇਣ ਤੇ ਸੁਰਖ਼ਰੂ ਹੋ ਕੇ ਵਾਹਿਗੁਰੂ ਦੀ ਅੱਖ ਨਾਲ ਅੱਖ ਮਿਲਾਉਣ ਜੋਗੇ ਹੋ ਜਾਣ।

ਇਸ ਉਮਰ ਵਿਚ ਉਹ ਇਸ ਤੋਂ ਵੱਡੀ ਅਪਣੀ ਸੇਵਾ ਹੋਰ ਕੋਈ ਨਹੀਂ ਕਰ ਸਕਦੇ। ਰੋਜ਼ਾਨਾ ਸਪੋਕਸਮੈਨ ਦੇ 150 ਕਰੋੜ ਦੇ ਇਸ਼ਤਿਹਾਰ ਰੋਕ ਕੇ ਜਿਹੜਾ ਵੱਡਾ ਪਾਪ ਸ: ਬਾਦਲ ਨੇ ਕੀਤਾ ਸੀ, ਉਸ ਦਾ ਪ੍ਰਾਸ਼ਚਿਤ ਵੀ ਇਸ ਦਾ ਨੁਕਸਾਨ ਪੂਰਾ ਕਰ ਕੇ ਕਰਨਾ ਬਣਦਾ ਹੈ ਵਰਨਾ ਸਵਰਗ ਵਿਚ ਵੀ ਢੋਈ ਨਹੀਂ ਮਿਲੇਗੀ।

ਸੋ ਜੇ ਸਰਕਾਰੀ ਸਨਮਾਨ ਦੇ ਨਾਲ ਨਾਲ ਉਹ ਇਹ ਚਾਰ ਚੀਜ਼ਾਂ ਵੀ ਵਾਪਸ ਕਰ ਦੇਣ ਤਾਂ ਉਹ ਪੂਰੀ ਤਰ੍ਹਾਂ ਬੇਗ਼ਰਜ਼, ਮਹਾਂ-ਦਾਨੀ ਤੇ ਸਾਫ਼ ਸੁਥਰੇ ਆਗੂਆਂ ਦੀ ਸੂਚੀ ਵਿਚ ਆ ਜਾਣਗੇ ਨਹੀਂ ਤਾਂ.......। ਮੈਂ ਦਿਲੋਂ ਚਾਹੁੰਦਾ ਹਾਂ ਕਿ ਸਾਰੇ ਸੁੱਖ ਮਾਣਨ ਮਗਰੋਂ ਹੁਣ ਇਹ ਮਾਣ ਪ੍ਰਾਪਤ ਕਰਨ ਦਾ ਸੁੱਖ ਵੀ ਮਾਣ ਕੇ ਪਰਮ ਆਨੰਦ ਵਾਲਾ ਸਵਾਦ ਵੀ ਜ਼ਰੂਰ ਚੱਖ ਕੇ ਵੇਖਣ। ਬਾਕੀ ਉਨ੍ਹਾਂ ਦੀ ਮਰਜ਼ੀ!
-ਜੋਗਿੰਦਰ ਸਿੰਘ