Sukhbir Singh Badal ਤੇ ਉਨ੍ਹਾਂ ਦੀ ਪਾਰਟੀ ਦੀ ਮੁੜ ਸਥਾਪਤੀ ਦਾ ਇਕੋ ਇਕ ਠੀਕ ਰਾਹ, ਜੋ ਰਾਹੁਲ ਗਾਂਧੀ ਨੇ ਵੀ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਰਾਹੁਲ ਦੇ ਬਜ਼ੁਰਗਾਂ (ਪਿਤਾ ਤੇ ਦਾਦੀ) ਬਾਰੇ ਹੁਣ ਕੋਈ ਸਵਾਲ ਰਾਹੁਲ ਤੋਂ ਨਹੀਂ ਪੁਛਿਆ ਜਾਂਦਾ

File Photo

ਅਕਾਲੀ ਦਲ ਬਾਦਲ ਵਾਲੇ, ਅੱਜਕਲ ਬੜੇ ਖ਼ੁਸ਼ ਹਨ ਕਿ ਉਨ੍ਹਾਂ ਤੋਂ ਬਾਗ਼ੀ ਹੋਏ ਸਾਰੇ ਹੀ ਅਕਾਲੀ ਧੜੇ, ਜੋ ਉਪਰਲੀਆਂ ਹਵਾਵਾਂ ਵਿਚ ਉਡਾਰੀਆਂ ਮਾਰਦੇ ਰਹਿਣ ਸਦਕਾ, ਧਰਤੀ ਉਤੇ ਅਪਣੇ ਪੈਰ ਤਾਂ ਜਮਾ ਨਹੀਂ ਸਕੇ ਅਤੇ ਧਰਤੀ ਦੇ ਲੋਕਾਂ ਦੇ ਦਿਲਾਂ ਵਿਚ ਅਪਣੀ ਪੈਂਠ ਬਣਾ ਸਕਣ ਵਿਚ ਨਾਕਾਮ ਰਹਿਣ ਕਾਰਨ, ਹੁਣ ਇਕ ‘ਮਾਫ਼ੀ’ ਦੀ ਗੋਟੀ ਸੁੱਟਣ ਤੇ ਹੀ, ਸਾਰੇ ਸਿਧਾਂਤਕ ਮਤਭੇਦ ਤਾਕ ’ਤੇ ਰੱਖ ਕੇ, ਬਾਦਲ ਅਕਾਲੀ ਦਲ ਵਿਚ ਸ਼ਾਮਲ ਹੋ ਜਾਣ ਲਈ ਤਿਆਰ ਹੋ ਗਏ ਹਨ।

ਬਾਦਲ ਅਕਾਲੀ ਦਲ ਨੇ ਤਾਂ ਅਪਣਾ ਸਰੂਪ ਪਹਿਲਾਂ ਵਾਲਾ ਹੀ ਅਰਥਾਤ ਪੰਜਾਬੀ ਪਾਰਟੀ ਵਾਲਾ ਹੀ ਬਣਾਇਆ ਹੋਇਆ ਹੈ ਤੇ ਉਨ੍ਹਾਂ ਨੇ ਇਹ ਵੀ ਨਹੀਂ ਦਸਿਆ ਕਿ ਉਹ ਕਿਹੜੀ ਕਿਹੜੀ ਗੱਲ ਨੂੰ ਅਪਣੀ ਗ਼ਲਤੀ ਮੰਨ ਕੇ ‘ਮਾਫ਼ੀ’ ਦਾ ਭੁਕਾਨਾ ਛੱਡ ਰਹੇ ਹਨ। ਕੀ ਉਹ ਮੰਨਦੇ ਹਨ ਕਿ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਬਣਾਉਣਾ ਗ਼ਲਤ ਸੀ? ਕੀ ਉਹ ਮੰਨਦੇ ਹਨ ਕਿ ਬਲੂ-ਸਟਾਰ ਆਪ੍ਰੇਸ਼ਨ ਮਗਰੋਂ ਇਸ ਦਾ ਪੂਰਾ ਸੱਚ ਜਾਣਨ ਲਈ ਜਾਂਚ ਕਮਿਸ਼ਨ ਬਿਠਾਉਣ ਤੋਂ ਇਨਕਾਰ ਕਰਨ ਦੀ ਉਨ੍ਹਾਂ ਦੀ ਅੜੀ ਗ਼ਲਤ ਸੀ?

ਕੀ ਉਹ ਮੰਨਦੇ ਹਨ ਕਿ ਜਸਟਿਸ ਕੁਲਦੀਪ ਸਿੰਘ ਵਲੋਂ ਜਦ ਤਿੰਨ ਰੀਟਾਇਰਡ ਜੱਜਾਂ ਦਾ ਕਮਿਸ਼ਨ ਬਣਾ ਕੇ ਲਾਪਤਾ ਕੀਤੇ ਗਏ ਸਿੱਖ ਨੌਜੁਆਨਾਂ ਦੇ ਕੇਸ ਖੋਲ੍ਹੇ ਹੀ ਗਏ ਸਨ ਤਾਂ ਕੀ ਬਾਦਲ ਸਰਕਾਰ ਨੇ ਉਸ ਕਮਿਸ਼ਨ ਉਤੇ ਪਾਬੰਦੀ ਲਵਾ ਕੇ ਗ਼ਲਤੀ ਕੀਤੀ ਸੀ? ਕੀ ਉਹ ਮੰਨਦੇ ਹਨ ਕਿ ਪੰਜਾਬ ਕੈਬਨਿਟ ਵਿਚ ਅਪਣੇ ਸਾਰੇ ਪ੍ਰਵਾਰ ਅਤੇ ਰਿਸ਼ਤੇਦਾਰਾਂ ਨੂੰ ਵਜ਼ੀਰ ਬਣਾ ਲੈਣਾ ਗ਼ਲਤੀ ਸੀ?

ਕੀ ਉਹ ਮੰਨਦੇ ਹਨ ਕਿ ਕੇਂਦਰ ਵਿਚ ਵਜ਼ੀਰੀਆਂ ਅਪਣੇ ਪ੍ਰਵਾਰ ਲਈ ਰਾਖਵੀਆਂ ਕਰਨਾ ਤੇ ਬਾਕੀ ਸਾਰੇ ਅਕਾਲੀਆਂ ਦਾ ਰਾਹ ਰੋਕ ਲੈਣਾ ਗ਼ਲਤੀ ਸੀ? ਕੀ ਉਹ ਮੰਨਦੇ ਹਨ ਕਿ ਅਕਾਲ ਤਖ਼ਤ ਦੀ ਦੁਰਵਰਤੋਂ ਕਰ ਕੇ ਪੰਥ ਦਾ ਸਹੀ ਪ੍ਰਚਾਰ ਕਰਨ ਵਾਲਿਆਂ ਨੂੰ ਅਪਮਾਨਤ ਕਰਨਾ ਉਨ੍ਹਾਂ ਦੀ ਗ਼ਲਤੀ ਸੀ? ਕੀ ਉਹ ਮੰਨਦੇ ਹਨ ਕਿ ਸੌਦਾ ਸਾਧ ਕੋਲ ਪੇਸ਼ ਹੋ ਕੇ ਮੱਥੇ ਟੇਕਣੇ, ਉਸ ਦੀ ਫ਼ਿਲਮ ਦਾ ਪ੍ਰਚਾਰ ਕਰਨ ਦੀ ਖੁਲ੍ਹ ਦੇਣਾ, ਉਸ ਵਿਰੁਧ ਅਦਾਲਤੀ ਕੇਸ ਵਾਪਸ ਲੈਣਾ ਤੇ ਇਕ ਫ਼ਰਜ਼ੀ ਚਿੱਠੀ ਨੂੰ ਬਹਾਨੇ ਵਜੋਂ ਵਰਤ ਕੇ, ਉਸ ਨੂੰ ਅਕਾਲ ਤਖ਼ਤ ਵਲੋਂ ਬਰੀ ਕਰਵਾਉਣਾ ਉਨ੍ਹਾਂ ਦੀ ਗ਼ਲਤੀ ਸੀ?

ਕੀ ਉਹ ਮੰਨਦੇ ਹਨ ਕਿ ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ ਉਨ੍ਹਾਂ ਦੀ ਗ਼ਲਤੀ ਸੀ? ਕੀ ਉਹ ਮੰਨਦੇ ਹਨ ਕਿ ਕੇਂਦਰ ਅਤੇ ਪੰਜਾਬ ਵਿਚ ਹਾਕਮਾਂ ਦੀ ਕੁਰਸੀ ’ਤੇ ਬੈਠ ਕੇ ਵੀ ਉਨ੍ਹਾਂ ਨੇ ਧਰਮ-ਯੁਧ ਮੋਰਚੇ ਦੀਆਂ ਮੰਗਾਂ ਮਨਵਾਉਣ ਲਈ ਚੀਚੀ ਵੀ ਨਾ ਹਿਲਾਈ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਖ ਭੰਨ ਕੇ ਵੀ ਦੋਹਰਾ ਨਾ ਕਰ ਕੇ ਗ਼ਲਤੀ ਕੀਤੀ ਸੀ? ਕੀ ਉਹ ਮੰਨਦੇ ਹਨ ਕਿ ਜਥੇਦਾਰ ਕਾਉਂਕੇ ਦੇ ਕਤਲ ਬਾਰੇ ਰੀਪੋਰਟ ਠੱਪ ਕੇ ਰੱਖ ਦੇਣਾ ਉਨ੍ਹਾਂ ਦੀ ਗ਼ਲਤੀ ਸੀ?

ਕੀ ਉਹ ਮੰਨਦੇ ਹਨ ਕਿ ਰਾਜੋਆਣਾ ਦੀ ਸਜ਼ਾ-ਮਾਫ਼ੀ, ਬੀਜੇਪੀ-ਹਮਾਇਤੀ ਕਾਤਲਾਂ ਦੀ ਰਿਹਾਈ ਵਾਂਗ ਹੀ ਕੇਂਦਰ ਕੋਲੋਂ ਨਾ ਕਰਵਾ ਕੇ ਉਨ੍ਹਾਂ ਗ਼ਲਤੀ ਕੀਤੀ ਸੀ? ਕੀ ਉਹ ਮੰਨਦੇ ਹਨ ਕਿ ਕਿਸਾਨੀ ਲਈ ਬਣਾਏ ਤਿੰਨ ਕਾਲੇ ਕਾਨੂੰਨਾਂ ਦੀ ਹਮਾਇਤ ਕਰਨਾ ਤੇ ਸ: ਬਾਦਲ ਵਲੋਂ ਕਾਲੇ ਕਾਨੂੰਨਾਂ ਦੀ ਹਮਾਇਤ ਵਿਚ ਵਿਸ਼ੇਸ਼ ਬਿਆਨ ਜਾਰੀ ਕਰਨਾ ਉਨ੍ਹਾਂ ਦੀ ਗ਼ਲਤੀ ਸੀ? 

ਇਹ ਸੂਚੀ ਮੁਕੰਮਲ ਨਹੀਂ, ਹੋਰ ਵੀ ਬਹੁਤ ਕੁੱਝ ਇਸ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਪਰ ਮੇਰਾ ਮਕਸਦ ਗ਼ਲਤੀਆਂ ਗਿਣਨਾ ਨਹੀਂ ਬਲਕਿ ਇਹ ਦਸਣਾ ਹੈ ਕਿ ਹਾਰੇ ਹੋਏ ਬਾਗ਼ੀ ਅਕਾਲੀ ਭਾਵੇਂ ਦਰੀਆਂ ਝਾੜਨ ਦੀ ਬਜਾਏ, ਛੋਟੀ ਮੋਟੀ ਕੁਰਸੀ ਦੀ ਤਾਂਘ ਰੱਖ ਕੇ, ‘ਮਾਫ਼ੀ’ ਦੇ ਬਹਾਨੇ ਸੱਭ ਕੁੱਝ ਭੁਲ ਸਕਦੇ ਹਨ ਪਰ ਇਤਿਹਾਸ ’ਚੋਂ ਇਨ੍ਹਾਂ ਗ਼ਲਤੀਆਂ ਨੂੰ ਮਿਟਾਇਆ ਨਹੀਂ ਜਾ ਸਕਦਾ ਤੇ ਲੋਕਾਂ ਦੇ ਮਨਾਂ ’ਚੋਂ ਏਨੀ ਆਸਾਨੀ ਨਾਲ ਕਢਿਆ ਨਹੀਂ ਜਾ ਸਕਦਾ। 

ਬਾਦਲ ਅਕਾਲੀਆਂ ਨੇ ਹੁਣ ਜਜ਼ਬਾਤੀ ਪੱਤਾ ਖੇਡਣ ਦੀ ਸੋਚੀ ਹੈ ਕਿ ਲੋਕੋ ਜੇ ਅਕਾਲੀ ਦਲ ਨਾ ਰਿਹਾ ਤਾਂ ਦੂਜੀਆਂ ਪਾਰਟੀਆਂ ’ਚੋਂ ਕਿਸੇ ਨੇ ਵੀ ਪੰਜਾਬ ਅਤੇ ਸਿੱਖਾਂ ਦਾ ਭਲਾ ਨਹੀਂ ਸੋਚਣਾ ਤੇ ਸੱਭ ਕੁੱਝ ਕੇਂਦਰ ਦੇ ਹੱਥ ਵਿਚ ਹੀ ਸੌਂਪ ਦੇਣਾ ਹੈ, ਇਸ ਲਈ ਸਾਰੇ ਗੁੱਸੇ ਗਿਲੇ ਭੁਲਾ ਕੇ ਅਕਾਲੀਆਂ ਨੂੰ ਸੱਤਾ ਵਿਚ ਵਾਪਸ ਲੈ ਆਉ। ਹਾਂ ਠੀਕ ਹੈ ਪਰ ਕਿਹੜੇ ਅਕਾਲੀਆਂ ਨੂੰ?

ਉਹ ਜਿਨ੍ਹਾਂ ਨੇ ਇਸ ਲੇਖ ਵਿਚ ਵਰਣਤ ਕੁੱਝ ਕੁ ਬਜਰ ਗੁਨਾਹ ਸਿੱਖਾਂ ਅਤੇ ਪੰਜਾਬ ਨਾਲ ਕੀਤੇ ਸਨ? ਕੀ, ਅੱਗੋਂ ਵੀ ਸੱਤਾ ਵਿਚ ਆ ਕੇ ਉਹੀ ਕੁੱਝ ਨਹੀਂ ਕਰਨਗੇ? ਐਸ ਵਾਈ ਐਲ ਬਣਾਉਣ ਲਈ ਪਹਿਲਾ ਚੈੱਕ ਆਖ਼ਰ ਬਾਦਲ ਸਰਕਾਰ ਨੇ ਹੀ ਪ੍ਰਵਾਨ ਕੀਤਾ ਸੀ। ਲੋਕ-ਰੋਹ ਅੱਗੇ ਬਾਦਲ ਅਕਾਲੀਆਂ ਨੂੰ ਦੋ ਕੁ ਵਾਰੀ ਪਿੱਛੇ ਵੀ ਹਟਣਾ ਪਿਆ ਪਰ ਪਰਨਾਲਾ ਤਾਂ ਉਥੇ ਦਾ ਉਥੇ ਹੀ ਰਿਹਾ।

ਫਿਰ ਹੱਲ ਕੀ ਹੈ? ਅਕਾਲੀ ਦਲ ਨੂੰ ਸਚਮੁਚ ਪੰਥ ਦੀ ਪਾਰਟੀ ਬਣਾਉ ਤੇ ਕੁੱਝ ਉਹ ਅਕਾਲੀ ਅੱਗੇ ਲਿਆਉ ਜਿਨ੍ਹਾਂ ਦੇ ਮੱਥੇ ਉਤੇ ਇਸ ਲੇਖ ਵਿਚ ਵਰਣਤ ਕੁੱਝ ਕੁ ਵੱਡੇ ਗੁਨਾਹਾਂ ਦਾ ਕੋਈ ਵੀ ਕਾਲਾ ਟਿੱਕਾ ਨਹੀਂ ਲੱਗਾ ਹੋਇਆ। ਸੁਖਬੀਰ ਬਾਦਲ ਤੇ ਹਰਸਿਮਰਤ ਕੌਰ, ਰਾਹੁਲ ਗਾਂਧੀ ਵਾਂਗ ਪਿੱਛੇ ਹੱਟ ਜਾਣ ਤੇ ਪਾਰਟੀ ਦੀ ਵਾਗਡੋਰ ਕੁੱਝ ਸਾਫ਼ ਸੁਥਰੇ ਅਕਾਲੀਆਂ ਦੇ ਹੱਥ ਫੜਾ ਕੇ, ਰਾਹੁਲ ਗਾਂਧੀ ਵਾਂਗ ਹੀ ਪਾਰਟੀ ਦੀ ਗਵਾਚੀ ਸਾਖ ਬਹਾਲ ਕਰਨ ਲਈ ਦਿਨ ਰਾਤ ਇਕ ਕਰ ਕੇ ਵਿਖਾ ਦੇਣ ਕਿ ਉਹ ਬੀਤੇ ਦੇ ‘ਬਾਦਲ ਇਤਿਹਾਸ’ ਨਾਲੋਂ ਅਪਣੇ ਆਪ ਨੂੰ ਤੋੜ ਚੁੱਕੇ ਹਨ ਤੇ ਅਪਣੇ ਕੰਮ ਬਦਲੇ ਫਿਰ ਤੋਂ ਲੀਡਰ ਬਣਨਾ ਚਾਹੁੰਦੇ ਹਨ।

ਰਾਹੁਲ ਦੇ ਬਜ਼ੁਰਗਾਂ (ਪਿਤਾ ਤੇ ਦਾਦੀ) ਬਾਰੇ ਹੁਣ ਕੋਈ ਸਵਾਲ ਰਾਹੁਲ ਤੋਂ ਨਹੀਂ ਪੁਛਿਆ ਜਾਂਦਾ। ਲੋਕਾਂ ਨੇ ਇਸ ਤਬਦੀਲੀ ਨੂੰ ਸਚਮੁਚ ਦੀ ਦਿਲ-ਬਦਲੀ ਸਮਝ ਲਿਆ ਤਾਂ ਉਹ ਬੀਤੇ ਨੂੰ ਭੁਲਾ ਕੇ ਸੁਖਬੀਰ ਨੂੰ ਦੁਬਾਰਾ ਸੇਵਾ ਦਾ ਮੌਕਾ ਦੇ ਸਕਦੇ ਹਨ ਪਰ ਜੇ ਉਹ ਅੜੇ ਰਹੇ ਕਿ, ‘‘ਮੈਂ ਤਾਂ ਪ੍ਰਧਾਨ ਰਹਿਣਾ ਹੀ  ਰਹਿਣਾ ਜੇ, ਲਾ ਲਉ ਜਿੰਨਾ ਜੋਰ ਲਾ ਸਕਦੇ ਹੋ’ ਤਾਂ ਅਸਮਾਨ ਦੀਆਂ ਉਚਾਈਆਂ ਤੇ ਉਡ ਰਹੀਆਂ ਵੱਡੀਆਂ ਪਤੰਗਾਂ ਦਾ ਵੀ ਬੋ-ਕਾਟਾ ਹੋ ਹੀ ਜਾਂਦਾ ਹੈ। ਤਿਆਗ, ਮਿਹਨਤ ਅਤੇ ਪਾਰਟੀ ਦੇ ਸਿਧਾਂਤ ਪ੍ਰਤੀ ਈਮਾਨਦਾਰੀ ਵਿਖਾਣ ਨਾਲ ਮੁੜ-ਸਥਾਪਤੀ ਹੋ ਸਕਦੀ ਹੈ

ਪਰ ਧੱਕੇ, ਜ਼ਬਰਦਸਤੀ, ਅੜੀ ਅਤੇ ਧੌਂਸ ਨਾਲ ਲੀਡਰ ਨਹੀਂ ਬਣਿਆ ਜਾ ਸਕਦਾ। ਜੇ ਪੰਥ ਦੀ ਪਾਰਟੀ ਨੂੰ ਬਚਾਣਾ ਹੈ ਤਾਂ ਕੁੱਝ ਸਮੇਂ ਲਈ ਅਪਣੀ ਕੁਰਬਾਨੀ ਤਾਂ ਦੇਣੀ ਜਾਂ ਵਿਖਾਣੀ ਹੀ ਪਵੇਗੀ ਪਰ ਜੇ ਸਿਰਫ਼ ਅਪਣੀ ਨਿਜੀ ਚੜ੍ਹਤ ਦੀ ਹੀ ਤਾਂਘ ਰਖਣੀ ਹੈ ਤਾਂ ਪਾਰਟੀ ਅੱਗੇ ਵੀ ਰਸਾਤਲ ਵਿਚ ਜਾ ਰਹੀ ਹੈ, ਪੂਰੀ ਤਰ੍ਹਾਂ ਖ਼ਤਮ ਹੋ ਕੇ ਰਹੇਗੀ ਤੇ ਇਸ ‘ਮਹਾਨ ਪ੍ਰਾਪਤੀ’ ਦਾ ਸਿਹਰਾ ਬਾਦਲਾਂ ਦੇ ਸਿਰ ਹੀ ਬੱਝੇਗਾ।