ਕੀ ਪਾਠਕਾਂ ਵਲੋਂ ਦੋਵੇਂ ਬਾਹਵਾਂ ਉੱਚੀਆਂ ਚੁਕ ਕੇ ਦਿਤੇ ਭਰੋਸੇ ਉਤੇ ਯਕੀਨ ਕਰਨਾ ਤੇ 'ਉੱਚਾ ਦਰ'.....
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
ਉੱਚਾ ਦਰ ਹੁਣ ਕਿਸੇ ਵੀ ਸਮੇਂ ਚਾਲੂ ਹੋ ਸਕਦਾ ਹੈ।
ਅੱਜ ਦੀ ਅਖ਼ਬਾਰ ਵਿਚ ਇਕ ਖ਼ਬਰ ਪੜ੍ਹੀ ਕਿ ਅਯੋਧਿਆ ਵਿਚ ਰਾਮ ਮੰਦਰ ਬਣਾਉਣ ਲਈ ਦਾਨ ਦੀ ਰਕਮ ਇਕੱਤਰ ਕਰ ਕੇ 21 ਹਜ਼ਾਰ ਕਰੋੜ ਰੁਪਏ ਇਕੱਠੇ ਕਰ ਵੀ ਲਏ ਗਏ ਹਨ ਜੋ ਕਿ ਅਸਲ ਲੋੜ ਨਾਲੋਂ ਡੇਢ ਗੁਣਾਂ ਵੱਧ ਹਨ। ਹੁਣ ਮੰਦਰ ਦੀ ਉਸਾਰੀ ਕਰਨ ਵਾਲਿਆਂ ਨੂੰ ਤਾਂ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਕਰਨ ਦੀ ਲੋੜ ਹੀ ਨਹੀਂ ਰਹੇਗੀ। ਜਦੋਂ ਲੋਕ ਅਪਣੇ ਧਰਮ, ਸਭਿਆਚਾਰ, ਇਤਿਹਾਸ ਨੂੰ ਜ਼ਿੰਦਾ ਰੱਖਣ ਲਈ ਮਾਇਆ ਦੀ ਕੁਰਬਾਨੀ ਦੇਣ ਲਈ ਆਪ ਨਿਤਰ ਪੈਣ, ਗੱਲ ਤਾਂ ਉਦੋਂ ਹੀ ਬਣਦੀ ਹੈ।
ਪਰ ਸਿੱਖਾਂ ਨੇ ਆਪ ਤਾਂ (ਗੁਰਦਵਾਰਿਆਂ ਨੂੰ ਛੱਡ ਕੇ) ਦੁਨੀਆਂ ਦਾ ਅਥਵਾ ਗ਼ੈਰ-ਸਿੱਖਾਂ ਦਾ ਧਿਆਨ ਖਿੱਚਣ ਵਾਲੀ ਕੋਈ ਚੀਜ਼ ਅਪਣੇ ਯਤਨਾਂ ਨਾਲ ਕਦੇ ਬਣਾਈ ਹੀ ਨਹੀਂ। ਮੈਂ ਕਈ ਵਾਰ ਸੋਚਦਾ ਹਾਂ, ਜੇ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਉਤੇ ਸੋਨਾ ਤੇ ਸੰਗਮਰਮਰ ਨਾ ਲਗਾਉਂਦਾ ਤੇ ਰਾਜਸਥਾਨ ਦੇ ਕਾਰੀਗਰਾਂ ਨੂੰ ਸੰਗਮਰਮਰ ਤੇ ਚਿਤਰਕਾਰੀ ਦੀ ਕਲਾ ਦਾ ਸਮਾਨ ਲੈ ਕੇ ਅੰਮ੍ਰਿਤਸਰ ਨਾ ਲਿਆ ਬਿਠਾਉਂਦਾ ਤਾਂ ਦਰਬਾਰ ਸ਼ਾਇਦ ਇੱਟਾਂ, ਗਾਰੇ ਜਾਂ ਚੂਨੇ ਦਾ ਇਕ ਕਮਰਾ ਹੀ ਬਣਿਆ ਰਹਿ ਜਾਂਦਾ ਜਿਵੇਂ ਰਣਜੀਤ ਸਿੰਘ ਤੋਂ ਪਹਿਲਾਂ ਸੀ। ਪਰ ਰਣਜੀਤ ਸਿੰਘ ਵਲੋਂ ਬੁਲਾਏ ਗਏ ਕਾਰੀਗਰਾਂ ਨੇ ਹੀ ਅੰਮ੍ਰਿਤਸਰ ਦੇ ਇਤਿਹਾਸਕ ਗੁਰਦਵਾਰਿਆਂ ਦੀਆਂ ਦੀਵਾਰਾਂ ਉਤੇ ਦੇਵੀ-ਦੇਵਤਿਆਂ ਤੇ ਮਿਥਿਹਾਸਕ ਜਾਂ ਕਲਪਤ ਪਾਤਰਾਂ ਦੀਆਂ ਮੂਰਤੀਆਂ ਵੀ ਸਦਾ ਲਈ ਬਿਠਾ ਦਿਤੀਆਂ। ਸਰਕਾਰੀ ਪੈਸੇ ਨਾਲ ਬਣੀਆਂ ਯਾਦਗਾਰਾਂ ਵਿਚ ਅਜਿਹੀਆਂ ਖ਼ਰਾਬੀਆਂ ਹੁੰਦੀਆਂ ਹੀ ਹੁੰਦੀਆਂ ਹਨ।
ਖ਼ਾਲਸਾ ਕਾਲਜ ਦਾ ਕੰਮ ਵੀ ਜੇ ਸਿੱਖ ਸੰਗਤ ਉਤੇ ਹੀ ਛੱਡ ਦਿਤਾ ਜਾਂਦਾ ਤਾਂ ਕਦੇ ਵੀ ਨਾ ਬਣ ਸਕਦਾ ਤੇ ਨਾ ਹੀ ਸਿੱਖ ਕਾਲਜਾਂ, ਸਕੂਲਾਂ ਦਾ ਸਿਲਸਿਲਾ ਸ਼ੁਰੂ ਹੋ ਸਕਦਾ, ਜੇ ਅੰਗਰੇਜ਼ ਆਪ ਸਿੱਖ ਰਾਜਿਆਂ ਨੂੰ ਪੈਸਾ ਦੇਣ ਲਈ ਤਿਆਰ ਨਾ ਕਰਦੇ। ਅੱਜ ਸਾਰੇ ਸਿੱਖ ਕਾਲਜਾਂ ਦਾ ਹਾਲ ਵੇਖ ਲਉ, ਪ੍ਰਬੰਧਕ ਰੋਂਦੇ ਹਨ ਕਿ ਸਿੱਖ ਉਨ੍ਹਾਂ ਦੇ ਵਿਕਾਸ ਜਾਂ ਬਚਾਅ ਲਈ ਮਦਦ ਬਿਲਕੁਲ ਨਹੀਂ ਦਿੰਦੇ। ਅਕਾਲੀ ਤੇ ਕਾਂਗਰਸੀ ਹਾਕਮਾਂ ਨੇ ਜਿੰਨੀਆਂ ਵੀ ਯਾਦਗਾਰਾਂ ਕਰੋੜਾਂ ਤੇ ਅਰਬਾਂ ਰੁਪਏ ਦਾ ਖ਼ਰਚਾ ਵਿਖਾ ਕੇ ਉਸਾਰੀਆਂ ਹਨ, ਉਨ੍ਹਾਂ ਵਲ ਇਕ ਫੇਰਾ ਮਾਰ ਕੇ ਹੀ ਵੇਖ ਸਕਦੇ ਹੋ ਕਿ ਸਿੱਖਾਂ, ਸਿੱਖੀ ਜਾਂ ਆਮ ਜਨਤਾ ਨੂੰ ਉਨ੍ਹਾਂ ਤੋਂ ਕਿੰਨਾ ਕੁ ਫ਼ਾਇਦਾ ਹੋਇਆ ਤੇ ਅੱਜ ਬਹੁਤੀਆਂ ਯਾਦਗਾਰਾਂ ਕਿਸ ਹਾਲ ਵਿਚ ਹਨ।
ਰੋਜ਼ਾਨਾ ਸਪੋਕਸਮੈਨ ਨੇ ਅਪਣੇ ਪਾਠਕਾਂ ਨਾਲ ਸਲਾਹ ਕਰ ਕੇ, ਸ਼ਾਇਦ ਇਤਿਹਾਸ ਵਿਚ ਪਹਿਲੀ ਵਾਰ ਫ਼ੈਸਲਾ ਲਿਆ ਕਿ ਹਾਕਮਾਂ, ਅਮੀਰਾਂ ਤੇ ਸਰਕਾਰਾਂ ਨੂੰ ਇਕ ਪਾਸੇ ਰੱਖ ਕੇ ਤੇ ਆਮ ਲੋਕਾਂ ਦੀ ਲਾਮਬੰਦੀ ਕਰ ਕੇ ਇਕ ਵੱਡੀ ਸੰਸਥਾ ਬਣਾਈ ਜਾਏ, ਜੋ ਦੁਨੀਆਂ ਦਾ ਧਿਆਨ ਵੀ ਅਪਣੇ ਵਲ ਖਿੱਚ ਸਕੇ ਤੇ ਹਰ ਗ਼ਰੀਬ, ਲੋੜਵੰਦ ਦੀ ਪੱਕੀ ਠਾਹਰ ਵੀ ਬਣ ਸਕੇ। ਜ਼ਮੀਨ ਖ਼ਰੀਦਣ ਮਗਰੋਂ ਪਹਿਲੇ ਸਮਾਗਮ ਵਿਚ ਹੀ 40-50 ਹਜ਼ਾਰ ਪਾਠਕਾਂ ਨੇ ਪੁੱਜ ਕੇ ਜਦੋਂ ਦੋਵੇਂ ਹੱਥ ਖੜੇ ਕਰ ਕੇ ਯਕੀਨ ਕਰਵਾ ਦਿਤਾ ਕਿ ਉਹ ਕੁੱਝ ਮਹੀਨਿਆਂ ਵਿਚ ਹੀ 10 ਹਜ਼ਾਰ ਮੈਂਬਰ ਬਣਾ ਕੇ ‘ਉੱਚਾ ਦਰ’ ਦੀ ਉਸਾਰੀ ਲਈ ਪੂਰੀ ਰਕਮ ਇਕੱਠੀ ਕਰ ਦੇਣਗੇ ਤਾਂ ਸਾਨੂੰ ਵੀ ਯਕੀਨ ਹੋ ਗਿਆ ਕਿ ਏਨੇ ਜੋਸ਼ ਤੇ ਉਤਸ਼ਾਹ ਨਾਲ ਕੀਤਾ ਗਿਆ ਪ੍ਰਣ ਪਾਠਕ ਜ਼ਰੂਰ ਪੁਗਾ ਦੇਣਗੇ। ਇਹ ਸਾਡਾ ਅਪਣਾ ਫ਼ੈਸਲਾ ਸੀ ਕਿ ਅੱਧਾ ਪੈਸਾ ਪਾਠਕਾਂ ਦਾ ਲੱਗੇ ਤੇ ਅੱਧਾ ਸਪੋਕਸਮੈਨ ਦਾ ਤਾਕਿ ‘ਉੱਚਾ ਦਰ’ ਸੱਭ ਦੀ ਸਾਂਝੀ ਯਾਦਗਾਰ ਬਣ ਕੇ ਸਾਹਮਣੇ ਆਵੇ।
ਸੋ ਅਸੀ ਕਰਜ਼ੇ ਚੁਕ ਚੁਕ ਕੇ ਕੰਮ ਸ਼ੁਰੂ ਕਰ ਦਿਤਾ ਕਿ ਪਾਠਕ ਇਸ ਹੁੰਦੇ ਕੰਮ ਨੂੰ ਵੇਖ ਕੇ, ਅਪਣਾ ਵਾਅਦਾ ਛੇਤੀ ਪੁਗਾ ਦੇਣਗੇ। ਪਰ ਜਿਉਂ-ਜਿਉਂ ਅਸੀ ਅਪੀਲਾਂ ਕਰਦੇ ਗਏ, ਸਾਨੂੰ ਗਿਆਨ ਹੁੰਦਾ ਗਿਆ ਕਿ ਸਾਨੂੰ ਪਾਠਕਾਂ ਕੋਲੋਂ ਵੀ ਪੈਸੇ ਦਾ ਉਹ ਸਹਿਯੋਗ ਕਦੇ ਨਹੀਂ ਮਿਲਣਾ ਜਿਸ ਦੀ ਆਸ ਲਗਾ ਕੇ ਅਸੀ ਏਨੇ ਵੱਡੇ ਕੰਮ ਨੂੰ ਹੱਥ ਪਾ ਲਿਆ ਸੀ। ਅਪੀਲਾਂ ਕਰਨੀਆਂ ਸ਼ੁਰੂ ਕਰ ਦਿਤੀਆਂ। ਹਰ ਅਪੀਲ ਦੇ ਜਵਾਬ ਵਿਚ 5-7 ਜਾਂ 10 ਪਾਠਕ ਮੈਂਬਰ ਬਣ ਜਾਂਦੇ। ਕੰਮ ਲਟਕਦਾ ਗਿਆ। 8 ਸਾਲ ਦੀਆਂ ਵਾਰ-ਵਾਰ ਦੀਆਂ ਸੈਂਕੜੇ ਅਪੀਲਾਂ ਦੇ ਜਵਾਬ ਵਿਚ ਕੇਵਲ 3 ਹਜ਼ਾਰ ਮੈਂਬਰ ਬਣੇ ਹਨ¸¸ ਉਹ ਵੀ ਕਈ ਵਾਰ ਚੰਦੇ ਅੱਧੇ ਕਰਨ ਮਗਰੋਂ। ਹੁਣ ਤਕ 100 ਕਰੋੜ ਲੱਗ ਚੁੱਕਾ ਹੈ ਜਿਸ ਵਿਚ 15 ਕਰੋੜ ਦਾ ਹਿੱਸਾ ਪਾਠਕਾਂ ਨੇ ਮੈਂਬਰਸ਼ਿਪ ਲੈ ਕੇ ਪਾਇਆ ਹੈ ਜਿਸ ਬਦਲੇ ਉਨ੍ਹਾਂ ਨੂੰ ਜੀਵਨ ਭਰ ਲਈ ਕੁੱਝ ਰਿਆਇਤਾਂ ਮਿਲਦੀਆਂ ਰਹਿਣੀਆਂ ਹਨ। 4 ਕਰੋੜ ਦੇ ਕਰੀਬ ਰਕਮ ਦਾਨੀਆਂ ਨੇ ਅਪਣੇ ਆਪ ਭੇਜੀ ਅਰਥਾਤ ਵੱਖ ਵੱਖ ਮੱਦਾਂ ਵਿਚ ਪਾਠਕਾਂ ਨੇ ਕੇਵਲ 20 ਫ਼ੀ ਸਦੀ ਹਿੱਸਾ ਪਾਇਆ ਤੇ 80 ਫ਼ੀ ਸਦੀ ਭਾਰ ਰੋਜ਼ਾਨਾ ਸਪੋਕਸਮੈਨ ਤੇ ਉਸ ਦੇ ਪ੍ਰਬੰਧਕਾਂ (ਸੇਵਕਾਂ) ਨੂੰ ਹੀ ਚੁਕਣਾ ਪਿਆ। ਇਸ ਨਾਲ ਅਖ਼ਬਾਰ ਦੀ ਕਮਰ ਵੀ ਦੂਹਰੀ ਹੋ ਕੇ ਰਹਿ ਗਈ ਤੇ ਇਸ ਦਾ ਵਿਕਾਸ 8 ਸਾਲ ਤੋਂ ਰੁਕਿਆ ਵੀ ਪਿਆ ਹੈ। ਜਿਹੜਾ ਨੁਕਸਾਨ ਹਾਕਮ, ਪੁਜਾਰੀ ਤੇ ਬਾਬੇ ਇਸ ਅਖ਼ਬਾਰ ਨੂੰ ਨਾ ਪਹੁੰਚਾ ਸਕੇ, ਉਹ ਸਾਡੇ ਪਾਠਕਾਂ ਦੀ ਬੇਰੁਖ਼ੀ ਨੇ ਪਹੁੰਚਾ ਦਿਤਾ।
ਖ਼ੈਰ ਸਪੋਕਸਮੈਨ ਨੇ 80 ਫ਼ੀ ਸਦੀ ਭਾਰ ਅਪਣੇ ਮੋਢਿਆਂ ਤੇ ਚੁੱਕ ਕੇ ਵੀ ‘ਉੱਚਾ ਦਰ’ ਦਾ ਕੰਮ ਪੂਰਾ ਕਰ ਹੀ ਲਿਆ ਹੈ ਭਾਵੇਂ ਇਹ ਸੇਵਾ ਨਿਭਾਉਂਦਿਆਂ, ਇਸ ਦਾ ਅਪਣਾ ਸਾਹ-ਸੱਤ ਉਖੜ ਗਿਆ ਹੈ। ਉੱਚਾ ਦਰ ਹੁਣ ਕਿਸੇ ਵੀ ਸਮੇਂ ਚਾਲੂ ਹੋ ਸਕਦਾ ਹੈ। ਪਰ ਅਖ਼ੀਰ ਤੇ ਆ ਕੇ ਦਸਿਆ ਗਿਆ ਕਿ ਚਾਲੂ ਕਰਨ ਲਈ ਸਰਕਾਰੀ ਪ੍ਰਵਾਨਗੀ, ਹੁਣ ਜ਼ਰੂਰੀ ਬਣਾ ਦਿਤੀ ਗਈ ਹੈ ਤੇ ਪ੍ਰਵਾਨਗੀ ਦੀਆਂ ਸ਼ਰਤਾਂ ਵੇਖੀਆਂ ਤਾਂ 4 ਕਰੋੜ ਦੇ ਲਗਭਗ ਖ਼ਰਚੇ ਵਾਲੇ ਹੋਰ ਕੰਮ ਪੂਰੇ ਕਰਨ ਮਗਰੋਂ ਹੀ ਪ੍ਰਵਾਨਗੀ ਮਿਲੇਗੀ। ਇਹ ਕੰਮ ਵੱਡੀ ਗਿਣਤੀ ਵਿਚ ਆਉਣ ਵਾਲੇ ਯਤਰੀਆਂ ਲਈ ਸੁੱਖ ਸਹੂਲਤਾਂ, ਸੁਰੱਖਿਆ ਅਤੇ ਸਿਹਤ ਆਦਿ ਦੇ ਪ੍ਰਬੰਧ ਯਕੀਨੀ ਬਣਾਉਣ ਨਾਲ ਸਬੰਧਤ ਹਨ। ਮੈਂ ਸੋਚਿਆ, ਹੁਣ ਜਦ ‘ਉੱਚਾ ਦਰ’ ਤਿਆਰ ਹੋ ਚੁੱਕਾ ਹੈ ਤਾਂ ਸਾਰੇ ਪਾਠਕ/ਮੈਂਬਰ, ਥੋੜਾ-ਥੋੜਾ ਕਰ ਕੇ, ਏਨਾ ਭਾਰ ਤਾਂ ਅਪਣੇ ਉਪਰ ਲੈ ਹੀ ਲੈਣਗੇ। ਸੋ ਮੈਂ ਅਪੀਲ ਕਰ ਦਿਤੀ ਕਿ ਹਰ ਪਾਠਕ ਭਾਵੇਂ ਉਧਾਰਾ ਦੇਵੇ ਤੇ ਭਾਵੇਂ ਕਿਸੇ ਹੋਰ ਤਰ੍ਹਾਂ ਕਰੇ ਪਰ ਇਸ ਵੇਲੇ 50-50 ਹਜ਼ਾਰ ਜਾਂ ਇਕ-ਇਕ ਲੱਖ ਦੀ ਮਦਦ ਜ਼ਰੂਰ ਦੇਵੇ ਤਾਕਿ ‘ਉੱਚਾ ਦਰ’ ਨੂੰ ਚਾਲੂ ਕੀਤਾ ਜਾ ਸਕੇ। ਫਿਰ ਉਹੀ ਰਾਮ-ਕਥਾ ਕਿ ਹਰ ਅਪੀਲ ਦੇ ਜਵਾਬ ਵਿਚ 5-10 ਪਾਠਕਾਂ ਦਾ ਹੁੰਗਾਰਾ ਮਿਲਿਆ ਤੇ ਗੱਲ ਖ਼ਤਮ।
ਇਥੇ ਆ ਕੇ ਹੀ ਸੋਚਦਾ ਹਾਂ, ਪੈਸੇ ਵਲੋਂ ਏਨੀ ‘ਕੰਜੂਸ’ ਕੌਮ, ਮੇਰੇ ਬਾਅਦ, ਏਨੀ ਵੱਡੀ ਸੰਸਥਾ ਦੀਆਂ ਲੋੜਾਂ ਲਈ ਅਪਣੀ ਗੁਥਲੀ ਖੋਲ੍ਹ ਵੀ ਸਕੇਗੀ? ਜੇ ਹੁਣ ਵਾਂਗ ਹੀ ਘੇਸਲ ਵੱਟ ਲਏਗੀ ਤਾਂ ਕੀ ਸੰਸਥਾ ਬਚਾਈ ਜਾ ਸਕੇਗੀ? ਇਹ ਤਾਂ ਡਾਢੇ ਅਫ਼ਸੋਸ ਵਾਲੀ ਗੱਲ ਹੈ ਕਿ ਜਦ 100 ਕਰੋੜੀ ਸੰਸਥਾ ਤਿਆਰ ਵੀ ਹੋ ਚੁੱਕੀ ਹੈ, ਉਸ ਵੇਲੇ ਵੀ ਜੇਕਰ ਉਸ ਨੂੰ ਚਾਲੂ ਕਰਨ ਲਈ ਸਰਕਾਰੀ ਸ਼ਰਤਾਂ ਪੂਰੀਆਂ ਕਰਨ ਲਈ 3-4 ਕਰੋੜ ਦਾ ਪ੍ਰਬੰਧ ਕਰ ਦੇਣ ਲਈ ਵੀ, ਪਾਠਕ ਅਪੀਲਾਂ ਸੁਣ ਕੇ, ਕੰਨ ਬੰਦ ਕਰ ਲੈਂਦੇ ਹਨ ਤਾਂ ਉਸ ਕੌਮ ਕੋਲੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਅਪਣੇ ਭਵਿਖ ਨੂੰ ਸ਼ਾਨਦਾਰ ਬਣਾ ਸਕੇਗੀ? ਪਰ ਅੱਜ ਵੀ ਪੁੱਛੋ ਤਾਂ ਪਾਠਕ ਦੋਵੇਂ ਹੱਥ ਖੜੇ ਕਰ ਕੇ, ‘ਉੱਚਾ ਦਰ’ ਲਈ ਅਪਣੇ ਪ੍ਰੇਮ ਦਾ ਪ੍ਰਗਟਾਵਾ ਕਰਨ ਵਿਚ ਵੀ ਢਿੱਲ ਨਹੀਂ ਲਾਉਣਗੇ। ਇਥੇ ਆ ਕੇ ਹੀ ਤਾਂ ਸੋਚਣ ਲਗਦਾ ਹਾਂ, ਮੈਂ ਗ਼ਰੀਬ ਨੇ ਅਪਣੇ ਪਾਠਕਾਂ ਤੇ ਵਿਸ਼ਵਾਸ ਕਰ ਕੇ, ਜ਼ਿੰਦਗੀ ਦੀ ਸੱਭ ਤੋਂ ਵੱਡੀ ਗ਼ਲਤੀ ਤਾਂ ਨਹੀਂ ਕਰ ਲਈ?
ਅਪਣੀ ਕੋਈ ਜ਼ਮੀਨ ਜਾਇਦਾਦ ਨਹੀਂ ਰਹਿਣ ਦਿਤੀ, ਆਪ ਗ਼ਰੀਬੀ ਵਾਲਾ ਜੀਵਨ ਜੀਵਿਆ ਤੇ ਘਰ ਪ੍ਰਵਾਰ ਨੂੰ ਵੀ ਕੋਈ ਸੁਖ ਸਹੂਲਤ ਨਹੀਂ ਦਿਤੀ। ਮੈਂ ਤਾਂ ਲਿਖ ਕੇ ਜਾਵਾਂਗਾ ਕਿ ਸਿੱਖੀ ਅਤੇ ਮਾਨਵਤਾ ਦਾ ਭਲਾ ਚਾਹੁਣ ਵਾਲਿਉ, ਕੇਵਲ ਸਿੱਖਾਂ ਦੀਆਂ ਬਾਹਵਾਂ ਖੜੀਆਂ ਵੇਖ ਕੇ ਹੀ, ਕਦੇ ਕੋਈ ਵੱਡਾ ਕੰਮ ਕੋਈ ਨਾ ਸ਼ੁਰੂ ਕਰ ਬੈਠਿਉ! ਰਾਮ ਮੰਦਰ ਵਾਲਿਆਂ ਵਾਂਗ ਸਾਰਾ ਪੈਸਾ ਪਹਿਲਾਂ ਹੀ ਮੰਗ ਲਵੋ ਜਾਂ ਇਕੱਤਰ ਕਰ ਲਵੋ ਤੇ ਫਿਰ ਕੰਮ ਸ਼ੁਰੂ ਕਰਿਉ ਨਹੀਂ ਤਾਂ ਅਪਣਾ ਸੱਭ ਕੁੱਝ ਦੇ ਚੁੱਕਣ ਮਗਰੋਂ ਵੀ ਦੋਸ਼ੀ ਤੁਹਾਨੂੰ ਹੀ ਠਹਿਰਾਇਆ ਜਾਏਗਾ ਤੇ ਕਿਸੇ ਨੇ ਇਹ ਨਹੀਂ ਮੰਨਣਾ ਕਿ ਅਸਲ ਦੋਸ਼ ਉਨ੍ਹਾਂ ਦਾ ਬਣਦਾ ਹੈ ਜਿਨ੍ਹਾਂ ਨੇ ਪਹਿਲਾਂ ਹੱਥ ਖੜੇ ਕਰ ਕਰ ਕੇ ਤੁਹਾਨੂੰ ‘ਚੜ੍ਹ ਜਾ ਸੂਲੀ, ਰਾਮ ਭਲੀ ਕਰੇਗਾ’ ਕਹਿ ਕੇ ਅੱਗੇ ਲਾ ਲਿਆ ਤੇ ਆਪ ਚੁੱਪ ਕਰ ਕੇ ਘਰ ਬੈਠ ਗਏ। ‘ਉੱਚਾ ਦਰ’ 100 ਕਰੋੜ ਨਾਲ ਬਣ ਚੁੱਕਣ ਮਗਰੋਂ ਵੀ ਜੇ 300-400 ਪਾਠਕ 50-50 ਹਜ਼ਾਰ ਜਾਂ ਇਕ-ਇਕ ਲੱਖ ਉਧਾਰਾ ਦੇ ਕੇ ਇਸ ਨੂੰ ਚਾਲੂ ਕਰਨ ਲਈ ਨਹੀਂ ਨਿਤਰਦੇ ਤਾਂ ਹੋਰ ਕੀ ਆਖਾਂ ਇਸ ਕੌਮ ਬਾਰੇ ਤੇ ਅਪਣੇ ਪਾਠਕਾਂ ਬਾਰੇ?