ਕੀ ਸ਼੍ਰੋਮਣੀ ਕਮੇਟੀ ਅਪਣੇ ਆਪ ਨੂੰ ਬਚਾ ਸਕੇਗੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਕੀ ਅਕਾਲੀ ਦਲ ਅਪਣੇ ਆਪ ਨੂੰ ਬਚਾ ਸਕਿਆ ਹੈ?

Shiromani Gurdwara Parbandhak Committee

 

ਭਾਈ ਰਣਧੀਰ ਸਿੰਘ ਦੇ ਜੱਥੇ (ਅਖੰਡ ਕੀਰਤਨੀ ਜੱਥੇ) ਨਾਲ ਜੁੜੇ ਇਕ ਸਿੱਖ ਲੀਡਰ, ਜੋ ਹੁਣ ਬੀਜੇਪੀ ਵਿਚ ਸ਼ਾਮਲ ਹੋ ਕੇ ਉਸ ਦੇ ਬੁਲਾਰੇ ਬਣੇ ਹੋਏ ਹਨ, ਦਾ ਇਕ ਬਿਆਨ ਅਖ਼ਬਾਰਾਂ ਵਿਚ ਆਇਆ ਸੀ ਜਿਸ ਵਿਚ ਉਨ੍ਹਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਵੱਡੀ ਗਿਣਤੀ ਵਿਚ ਸਿੱਖਾਂ ਦੇ ਈਸਾਈ ਬਣ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਈਸਾਈ ਪ੍ਰਚਾਰਕਾਂ ਨੂੰ, ਸਿੱਖਾਂ ਨੂੰ ਈਸਾਈ ਬਣਾਉਣ ਵਿਚ ਮਿਲੀ ਸਫ਼ਲਤਾ ਲਈ ਸ਼੍ਰੋਮਣੀ ਗੁ.ਪ੍ਰ. ਕਮੇਟੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਜਿਸ ਦਾ ਅਰਬਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ, ਧਰਮ ਪ੍ਰਚਾਰ ਵਲ ਬਿਲਕੁਲ ਕੋਈ ਧਿਆਨ ਨਹੀਂ। ਉਪ੍ਰੋਕਤ ਲੀਡਰ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਪ੍ਰਤੀ ਇਹ ਰਵਈਆ ਜਾਰੀ ਰਿਹਾ ਤਾਂ ਕੁੱਝ ਸਾਲਾਂ ਮਗਰੋਂ ਇਸ ਦਾ ਨਾਂ ਬਦਲ ਕੇ ‘ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ’ ਹੋ ਜਾਏਗਾ ਕਿਉਂਕਿ ਇਸ ਦੇ ਨੱਕ ਹੇਠ ਚਰਚ ਹੀ ਚਰਚ ਬਣਦੇ ਜਾ ਰਹੇ ਹਨ।

 

 

ਸ਼੍ਰੋਮਣੀ ਕਮੇਟੀ ਦਾ ਜਵਾਬ ਇਕ ਧਾਰਮਕ ਸੰਸਥਾ ਵਾਲਾ ਨਾ ਹੋ ਕੇ, ਇਕ ‘ਹਾਕਮ’ ਵਾਲਾ ਹੀ ਸੀ ਕਿ ਇਹ ਕੌਣ ਹੁੰਦੇ ਹਨ ਸਿੱਖਾਂ ਵਲੋਂ ਚੁਣੀ ਹੋਈ ਸ਼੍ਰੋਮਣੀ ਕਮੇਟੀ ਬਾਰੇ ਅਪਸ਼ਬਦ ਬੋਲਣ ਵਾਲੇ? ਇਨ੍ਹਾਂ ਨੂੰ ਤੁਰਤ ਮਾਫ਼ੀ ਮੰਗਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਉਤੇ ਬਹੁਤ ਪੈਸਾ ਖ਼ਰਚ ਕਰ ਰਹੀ ਹੈ ਆਦਿ ਆਦਿ। ਮਹਾਂ-ਨਾਲਾਇਕ ਸਰਕਾਰਾਂ ਵੀ, ਵਿਰੋਧੀਆਂ ਦੇ ਕਥਨਾਂ ਵਿਚੋਂ ਸਚਾਈ ਲੱਭਣ ਦੀ ਕੋਸ਼ਿਸ਼ ਨਹੀਂ ਕਰਦੀਆਂ ਸਗੋਂ ਆਲੋਚਨਾ ਕਰਨ ਵਾਲਿਆਂ ਨੂੰ ਹੀ ‘ਗ਼ਲਤ ਬੰਦੇ’ ਕਹਿ ਕੇ ਪੱਲਾ ਝਾੜ ਲੈਂਦੀਆਂ ਹਨ। ਪਰ ਇਕ ਵੱਡੇ ਬਜਟ ਵਾਲੀ ਧਾਰਮਕ ਸੰਸਥਾ ਨੂੰ ਬਾ-ਦਲੀਲ ਜਵਾਬ ਦੇਣਾ ਚਾਹੀਦਾ ਹੈ ਨਹੀਂ ਤਾਂ ਇਸ ਦਾ ਅੰਤ ਇਸ ਦੀਆਂ ਅਪਣੀਆਂ ਗ਼ਲਤੀਆਂ ਸਦਕਾ ਹੀ ਹੋਣਾ ਤੈਅ ਹੈ, ਜਿਵੇਂ, ਮਾਫ਼ ਕਰਨਾ, 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲਾ ਅਕਾਲੀ ਦਲ, ਅਪਣੀਆਂ ਕਮਜ਼ੋਰੀਆਂ ਨੂੰ ਸੁਧਾਰਨ ਵਿਚ ਨਾਕਾਮ ਰਹਿਣ ਕਰ ਕੇ ਤੇ ਸੱਚੀ ਆਲੋਚਨਾ ਵਲ ਧਿਆਨ ਦੇਣ ਤੋਂ ਨਾਂ ਕਰ ਕੇ ਹੀ ਅਰਸ਼ ਤੋਂ ਫ਼ਰਸ਼ ’ਤੇ ਆ ਡਿੱਗਾ ਹੈ।

 

 

ਮੈਂ ਉਨ੍ਹਾਂ ਸਿੱਖਾਂ ਵਿਚੋਂ ਹਾਂ ਜੋ ਨਾ ਸ਼੍ਰੋਮਣੀ ਕਮੇਟੀ ਨੂੰ ਡਿਗਦਿਆਂ ਢਹਿੰਦਿਆਂ ਵੇਖ ਕੇ ਖ਼ੁਸ਼ ਹੁੰਦੇ ਹਨ ਨਾ ਸ਼੍ਰੋਮਣੀ ਅਕਾਲੀ ਦਲ ਦੇ ਨੇਸਤੋ ਨਾਬੂਦ ਹੋਣ ਨੂੰ ਸਿੱਖਾਂ ਲਈ ਸ਼ੁਭ ਮੰਨਦੇ ਹਨ। ਇਸੇ ਲਈ ਤਾਂ ਮੈਂ ਬੜੇ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਨੂੰ ਵੀ ਤੇ ਬਾਦਲ ਅਕਾਲੀ ਦਲ ਨੂੰ ਵੀ ਕਹਿੰਦਾ ਆ ਰਿਹਾ ਹਾਂ (ਸਪੋਕਸਮੈਨ ਵਿਚ ਲਿਖਦਾ ਆ ਰਿਹਾ ਹਾਂ) ਕਿ ਉਹ ਅਪਣੇ ਆਪ ਨੂੰ ਸੁਧਾਰ ਲੈਣ ਕਿਉਂਕਿ ਏਨੀਆਂ ਵੱਡੀਆਂ ਖ਼ਰਾਬੀਆਂ ਜਿਨ੍ਹਾਂ ਜਥੇਬੰਦੀਆਂ ਜਾਂ ਸੰਸਥਾਵਾਂ ਵਿਚ ਆ ਜਾਣ, ਉਹ ਜਥੇਬੰਦੀਆਂ ਤੇ ਸੰਸਥਾਵਾਂ ਬਹੁਤੀ ਦੇਰ ਖੜੀਆਂ ਨਹੀਂ ਰਹਿ ਸਕਦੀਆਂ ਤੇ ਢਹਿ ਢੇਰੀ ਹੋ ਜਾਂਦੀਆਂ ਹਨ। ਮੇਰੀਆਂ ਗੱਲਾਂ ਦਾ ਜਾਂ ਹੋਰ ਸੁਹਿਰਦ ਸਿੱਖਾਂ ਦੀਆਂ ਅਜਿਹੀਆਂ ਗੱਲਾਂ ਦਾ ਜਵਾਬ ਕੀ ਦਿਤਾ ਜਾਂਦਾ ਸੀ? ਇਹੀ ਕਿ ‘‘ਸਾਡੇ ਵਿਚ ਕੋਈ ਕਮੀ ਨਹੀਂ। ਅਸੀ ਕੌਮ ਲਈ ਇਹ ਕੀਤਾ, ਔਹ ਕੀਤਾ ਪਰ ਇਹ ਆਲੋਚਕ ਕਾਂਗਰਸ ਦਾ ਏਜੰਟ ਹੈ, ਇਸ ਲਈ ਸਾਨੂੰ ਬਦਨਾਮ ਕਰ ਰਿਹੈ....।’’

 

 

ਚਲੋ ਗੁੱਸਾ ਕੱਢਣ ਲਈ ਇਨ੍ਹਾਂ ਦੇ ਪ੍ਰਧਾਨ ਨੇ ਭਾਈ ਧੁੰਮਾ ਨੂੰ ਨਾਲ ਲੈ ਕੇ ਪ੍ਰੈਸ ਕੌਂਸਲ ਕੋਲ ਨਿਜੀ ਤੌਰ ’ਤੇ ਜਾ ਕੇ ਦਰਖ਼ਾਸਤ ਦਿਤੀ ਕਿ ਸਪੋਕਸਮੈਨ ਦਾ ਲਾਈਸੈਂਸ ਰੱਦ ਕਰ ਕੇ ਇਹ ਅਖ਼ਬਾਰ ਬੰਦ ਕਰ ਦਿਤਾ ਜਾਵੇ। ਫਿਰ ਇਨ੍ਹਾਂ ਦੀ ਸਰਕਾਰ ਨੇ ਅਖ਼ਬਾਰ ਦੇ ਇਸ਼ਤਿਹਾਰ 10 ਸਾਲ ਲਈ ਬੰਦ ਕਰੀ ਰੱਖੇ (ਕੁਲ 150 ਕਰੋੜ ਦੇ ਇਸ਼ਤਿਹਾਰ ਰੋਕੇ)। ਸ਼੍ਰੋਮਣੀ ਕਮੇਟੀ ਵੀ 17 ਸਾਲ ਤੋਂ ਸਪੋਕਸਮੈਨ ਦੇ ਇਸ਼ਤਿਹਾਰ ਰੋਕੀ ਬੈਠੀ ਹੈ ਤੇ ਅਜੇ ਵੀ ਇਸ ਦਾ ਕਹਿਰ ਜਾਰੀ ਹੈ। ਅਕਾਲ ਤਖ਼ਤ ਦੇ ‘ਜੱਥੇਦਾਰਾਂ’ ਨੂੰ ਵਰਤ ਕੇ ਹਰ ਉਸ ਸਿੱਖ ਨੂੰ ਪੰਥ ’ਚੋਂ ਛੇਕ ਦਿਤਾ ਜਾਂਦਾ ਹੈ ਜਿਸ ਨੇ ਪੰਥ ਦੀ ਵੱਡੀ ਸੇਵਾ ਕੀਤੀ ਹੋਵੇ। ਗਿ. ਭਾਗ ਸਿੰਘ, ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਪ੍ਰੋ. ਦਰਸ਼ਨ ਸਿੰਘ (ਸਾਬਕਾ ਜਥੇਦਾਰ ਅਕਾਲ ਤਖ਼ਤ), ਪ੍ਰੋ. ਪਿਆਰ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਟੀ) ਸਮੇਤ ਅਨੇਕਾਂ ਨੂੰ ਛੇਕ ਦਿਤਾ ਤੇ ਛਡਿਆ ਉਨ੍ਹਾ ਨੂੰ ਜਿਨ੍ਹਾਂ ਨੇ ਅਪਣੀ ਆਤਮਾ ਨੂੰ ਮਾਰ ਕੇ ਇਨ੍ਹਾਂ ਅੱਗੇ, ਪੁਜਾਰੀਆਂ ਰਾਹੀਂ ਗੋਡੇ ਟੇਕਣੇ ਪ੍ਰਵਾਨ ਕੀਤੇ।

ਅਕਾਲੀ ਦਲ ਨੇ ‘ਪੰਥਕ’ ਸ਼ਬਦ ਨੂੰ ਪਾਰਟੀ ਨਾਲੋਂ ਲਾਹ ਸੁਟਿਆ ਤੇ ‘ਪੰਜਾਬੀ ਪਾਰਟੀ’ ਬਣ ਗਿਆ। ਸੱਭ ਪ੍ਰਵਾਨ। ਉਸ ਨੇ ਪੰਥ-ਪ੍ਰਸਤਾਂ ਨੂੰ ਪਿੱਛੇ ਸੁਟ ਕੇ ਪੰਥ-ਦੁਸ਼ਮਣਾਂ, ਕਾਮਰੇਡਾਂ ਤੇ ਜਨਸੰਘੀਆਂ ਨੂੰ ਗੱਦੀਆਂ ਉਤੇ ਬਿਠਾ ਦਿਤਾ ਅਤੇ ਸਿੱਖ ਮੁੰਡਿਆਂ ਦਾ ਘਾਣ ਕਰਨ ਵਾਲੇ ਪੁਲਸੀਆਂ, ਦੂਜੇ ਅਫ਼ਸਰਾਂ ਨੂੰ ਵੱਡੀਆਂ ਪੁਜ਼ੀਸ਼ਨਾਂ ਦੇ ਦਿਤੀਆ। ਸੌਦਾ ਸਾਧ ਨੂੰ, ਇਕ ਕਾਗ਼ਜ਼ ਦੇ ਟੁਕੜੇ ਦੀ ਬਿਨਾਅ ’ਤੇ ਉਸ ਦਾ ਛੇਕਿਆ ਜਾਣਾ ਰੱਦ ਕਰ ਦਿਤਾ ਤੇ ਜਦ ਲੋਕਾਂ ਨੇ ਰੌਲਾ ਪਾਇਆ ਤਾਂ ਇਕ ਕਰੋੜ ਦੇ ਇਸ਼ਤਿਹਾਰ ਅਖ਼ਬਾਰਾਂ ਵਿਚ ਛਪਵਾ ਕੇ ਪ੍ਰਚਾਰ ਸ਼ੁਰੂ ਕਰ ਦਿਤਾ ਕਿ ਸੌਦਾ ਸਾਧ ਨੂੰ ਲੈ ਕੇ ‘ਅਕਾਲ ਤਖ਼ਤ’ ਨੇ ਜੋ ਕੀਤਾ ਹੈ, ਉਹ ਬਿਲਕੁਲ ਠੀਕ ਹੈ।
‘ਸਿੱਖ ਇਤਿਹਾਸ (ਹਿੰਦੀ) ਤੇ ‘ਗੁਰ-ਬਿਲਾਸ ਪਾਤਸ਼ਾਹੀ ਛੇ’ ਵਰਗੀਆਂ ਕਿਤਾਬਾਂ ਛਾਪ ਕੇ ਤੇ ਪੰਜਾਬ ਸਕੂਲ ਬੋੋਰਡ ਵਲੋਂ ਛਪਵਾਈ ਸਿੱਖ ਇਤਿਹਾਸ ਉਤੇ ਬੜੀ ਘਟੀਆ ਸ਼ਬਦਾਵਲੀ ਵਾਲੀ ਕਿਤਾਬ ਬਾਰੇ ਚੁੱਪੀ ਧਾਰ ਕੇ (ਕਿਉਂਕਿ ਇਹ ਕਿਤਾਬ ਬਾਦਲ ਸਰਕਾਰ ਦੇ ਵੇਲੇ ਛਾਪਣ ਦੀ ਆਗਿਆ ਦਿਤੀ ਗਈ ਸੀ) ਸ਼੍ਰੋਮਣੀ ਕਮੇਟੀ ਨੇ ਸਪੱਸ਼ਟ ਇਸ਼ਾਰਾ ਦੇ ਦਿਤਾ ਕਿ ਇਹਦੇ ਲਈ ਹੁਣ ਧਰਮ ਮਗਰੋਂ ਤੇ ਸਿਆਸੀ ਮਾਲਕਾਂ ਦੇ ਹਿਤ ਪਹਿਲਾਂ ਹੋ ਗਏ ਨੇ।

ਕੁਲ ਮਿਲਾ ਕੇ, 1966 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਜੋ ਵਕਾਰ ਲੋਕਾਂ ਦੀ ਕਮੇਟੀ ਜਾਂ ‘ਸਿੱਖਾਂ ਦੀ ਕਮੇਟੀ’ ਵਜੋਂ ਬਣਿਆ ਸੀ, ਉਹ ਪੰਜਾਬੀ ਸੂਬਾ ਬਣਨ ਉਪ੍ਰੰਤ ਏਨਾ ਨੀਵਾਂ ਚਲਾ ਗਿਆ ਹੈ ਕਿ ‘ਸਿੱਖਾਂ ਦੀ ਕਮੇਟੀ’ ਹੁਣ ‘ਹਾਕਮਾਂ ਤੇ ਸਿਆਸਤਦਾਨਾਂ ਦੀ ਕਮੇਟੀ’ ਬਣ ਕੇ ਰਹਿ ਗਈ ਹੈ ਜਿਸ ਲਈ ਸਿੱਖ ਜਨਤਾ ਦੀ ਤਸੱਲੀ ਤੇ ਧਰਮ ਪ੍ਰਚਾਰ ਦੀ ਮੰਗ, ਬੇਲੋੜੀ ਜਹੀ ਗੱਲ ਬਣ ਕੇ ਰਹਿ ਗਈ ਹੈ। ਵਿਰੋਧੀ ਤਾਂ ਤੁਹਾਡੇ ਵਿਰੁਧ ਪ੍ਰਚਾਰ ਕਰਦੇ ਹੀ ਹਨ। ਕਰਦੇ ਰਹਿਣ। ਪਰ ਜੇ ਤੁਹਾਡਾ ਅਪਣਾ ਦਾਮਨ ਸਾਫ਼ ਹੈ ਤਾਂ ਕਿਸੇ ਦਾ ਪ੍ਰਚਾਰ ਕੋਈ ਅਸਰ ਨਹੀਂ ਕਰ ਸਕਦਾ। ਪਰ ਕੀ ਸ਼੍ਰੋਮਣੀ ਕਮੇਟੀ ਦਾ ‘ਅੰਦਰਲਾ’ ਪੂਰੀ ਤਰ੍ਹਾਂ ਸਾਫ਼ ਹੈ? ਮੈਂ ਇਸ ਕਮੇਟੀ ਦਾ ਅੰਦਰਲਾ ਹਾਲ ਉਸ ਨੌਜੁਆਨ ਤੋਂ ਜਾਣਿਆ ਜਿਸ ਨੂੰ ਮੈਂ ਸ. ਮਨਜੀਤ ਸਿੰਘ ਕਲਕੱਤਾ ਨੂੰ ਕਹਿ ਕੇ, ਸ਼੍ਰੋਮਣੀ ਕਮੇਟੀ ਵਿਖੇ ਰਖਵਾਇਆ ਸੀ। ਕੁੱਝ ਸਮੇਂ ਬਾਅਦ ਉਹ ਮੈਨੂੰ ਮਿਲਣ ਆਇਆ ਤਾਂ ਮੈਂ ਉਸ ਨੂੰ ਪੁੱਛ ਬੈਠਾ, ‘‘ਉਥੇ ਤਾਂ ਸਵਰਗ ਵਿਚ ਰਹਿ ਕੇ ਬਹੁਤ ਖ਼ੁਸ਼ ਹੋਵੇਂਗਾ?’’

ਉਹ ਨੌਜੁਆਨ ਹੌਕਾ ਲੈ ਕੇ ਬੋਲਿਆ, ‘‘ਮੈਂ ਤਾਂ ਇਹੀ ਸੋਚ ਕੇ ਉਥੇ ਨੌਕਰੀ ਕਰਨ ਦੀ ਇੱਛਾ ਧਾਰੀ ਸੀ ਕਿ ਹਰ ਵੇਲੇ ਸਵਰਗ ਵਿਚ ਰਹਿ ਕੇ ਕੰਮ ਵੀ ਕਰਾਂਗਾ ਤੇ ਘਰ ਦੇ ਗੁਜ਼ਾਰੇ ਲਈ ਪੈਸੇ ਵੀ ਮਿਲਣਗੇ। ਪਰ ਸੱਚ ਜਾਣਿਉ, ਉਥੇ ਧਰਮ ਨਾਂ ਦੀ ਚੀਜ਼ ਤਾਂ ਰਹੀ ਹੀ ਕੋਈ ਨਹੀਂ। ਜੋ ਹੈ, ਉਹ ਨਿਰਾ ਵਿਖਾਵਾ ਹੈ। ਹਰ ਪਾਸੇ ਪਾਪ ਹੀ ਪਾਪ ਹੈ। ਕੋਈ ਮਾੜੀ ਮੋਟੀ ਨੌਕਰੀ ਵੀ ਬਾਹਰ ਮਿਲ ਜਾਵੇ ਤਾਂ ਅੱਜ ਸ਼੍ਰੋਮਣੀ ਕਮੇਟੀ ਦੀ ਨੌਕਰੀ ਛੱਡ ਦੇਵਾਂਗਾ।’’  ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਜੋ ਕੁੱਝ ਅਪਣੀ ਕਿਤਾਬ ਵਿਚ ਲਿਖਿਆ ਤੇ ਜੋ ਜ਼ਬਾਨੀ ਮੈਨੂੰ ਦਸਿਆ, ਉਹ ਹੋਰ ਵੀ ਦਰਦ ਦੇਣ ਵਾਲਾ ਸੀ। 

ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਤੇ ਇਸ ਦੇ ਅਕਾਲ ਤਖ਼ਤ ’ਤੇ ਬੈਠੇ ‘ਜਥੇਦਾਰਾਂ’ ਨੇ ਸ਼੍ਰੋਮਣੀ ਕਮੇਟੀ ਨੂੰ ‘ਬਾਦਲਾਂ ਦੀ ਕਮੇਟੀ’ ਤਾਂ ਬਣਾ ਦਿਤਾ ਪਰ ਸਿੱਖ ਹਿਰਦਿਆਂ ਨਾਲੋਂ ਇਸ ਨੂੰ ਕੱਟ ਕੇ ਵੱਖ ਵੀ ਕਰ ਦਿਤਾ। ਸਿੱਖੀ ਬਹੁਤ ਥੱਲੇ ਚਲੀ ਗਈ ਹੈ। ਦਰਬਾਰ ਸਾਹਿਬ ਵਿਚ ਜੁੜਦੀਆਂ ਭੀੜਾਂ ਤੇ ਗੁਰੂ ਕੀ ਗੋਲਕ ਵਿਚ ਪੈਂਦੇ ਪੈਸੇ ਵੇਖ ਕੇ ਸ਼੍ਰੋਮਣੀ ਕਮੇਟੀ ਵਾਲੇ ਗ਼ਲਤ-ਫ਼ਹਿਮੀ ਦਾ ਸ਼ਿਕਾਰ ਨਾ ਹੋਣ। ਉਹ ਸਿੱਖ ਤੇ ਗੁਰੂ ਦਾ ਰਿਸ਼ਤਾ ਤਾਂ ਉਦੋਂ ਵੀ ਨਹੀਂ ਟੁੱਟੇਗਾ ਜਦ ਇਥੇ ਬੀਜੇਪੀ ਦੀ ਕਮੇਟੀ ਆ ਗਈ। ਉਹ ਕਹਾਣੀ ਹਿੰਦੁਸਤਾਨ ਦੇ ਸਾਰੇ ਮੰਦਰਾਂ, ਗੁਰਦਵਾਰਿਆਂ ਤੇ ਮਸਜਿਦਾਂ ਦੀ ਇਕੋ ਜਹੀ ਹੈ। ਪ੍ਰਬੰਧਕਾਂ ਦੀ ਗੱਲ ਉਨ੍ਹਾਂ ਮੱਥਾ ਟੇਕਣ ਤੇ ਗੋਲਕਾਂ ਭਰਨ ਵਾਲਿਆਂ ਨਾਲ ਵੀ ਕਰੋ ਤਾਂ ਉਹ ਵੀ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਮਿਲਣਗੇ।

ਸ਼੍ਰੋਮਣੀ ਕਮੇਟੀ ਵਾਲੇ ਸੱਚੀ ਆਲੋਚਨਾ ਨੂੰ ਤਾਹਨੇ ਮਿਹਣੇ ਦੇ ਕੇ ਤੇ ਊਜਾਂ ਲਾ ਕੇ ਰੱਦ ਕਰਨ ਦੀ ਬਜਾਏ, ਸਾਰੇ ਸਿੱਖਾਂ ਦਾ ਵਿਸ਼ਵਾਸ ਫਿਰ ਤੋਂ ਜਿੱਤਣ ਦੀ ਕੋਸ਼ਿਸ਼ ਕਰਨ, ਅਪਣੀਆਂ ਤੇ ਅਕਾਲ ਤਖ਼ਤ ਦੇ ਅਖੌਤੀ ‘ਸਾਹਬਾਂ’ ਦੀਆਂ ਗ਼ਲਤੀਆਂ ਨੂੰ ਮੰਨਣ ਦੀ ਹਿੰਮਤ ਪੈਦਾ ਕਰਨ ਤੇ ਪੰਥ ਦੀ ਚੜ੍ਹਦੀ ਕਲਾ ਲਈ ਵਿਖਾਵੇ ਦੇ ਨਹੀਂ, ਸੱਚੇ ਧਰਮ ਪ੍ਰਚਾਰ ਦੀ ਸ਼ੁਰੂਆਤ ਕਰਨ ਨਹੀਂ ਤਾਂ ਬਾਦਲ ਅਕਾਲੀ ਦਲ ਵਾਲਾ ਹਾਲ ਸ਼੍ਰੋਮਣੀ ਕਮੇਟੀ ਦਾ ਵੀ ਹੋ ਕੇ ਰਹੇਗਾ। ਅਜਿਹਾ ਹੋਇਆ ਤਾਂ ਸਿੱਖਾਂ ਦੀ ਇਕ ਹੋਰ ਬਾਂਹ ਟੁਟ ਜਾਏਗੀ ਤੇ ਮੇਰੇ ਸਮੇਤ, ਸਾਰੇ ਚੰਗੇ ਸਿੱਖਾਂ ਨੂੰ ਡਾਢੀ ਪੀੜ ਹੋਵੇਗੀ ਪਰ ਕੁਦਰਤ ਦਾ ਕਾਨੂੰਨ ਅਟੱਲ ਹੈ ਤੇ ਗ਼ਲਤੀਆਂ ਨਾ ਮੰਨਣ ਵਾਲਿਆਂ ਨੂੰ ਕੁਦਰਤ ਨਹੀਂ ਬਖ਼ਸ਼ਦੀ। ਇਹ ਗੱਲ ਬਾਬੇ ਨਾਨਕ ਨੇ ਭਾਈ ਲਾਲੋ ਨੂੰ ਸੰਬੋਧਤ ਹੋ ਕੇ ਰਚੇ ਸ਼ਬਦ ‘ਸਚੁ ਸੁਣਾਇਸੀ ਸਚੁ ਕੀ ਬੇਲਾ’ ਵਿਚ ਵੀ ਚੰਗੀ ਤਰ੍ਹਾਂ ਸਮਝਾ ਦਿਤੀ ਹੈ।