ਅੰਗਰੇਜ਼ ਸਿੱਖਾਂ ਨੂੰ ਕੀ ਦੇਂਦਾ ਸੀ ਤੇ  ਕੀ ਸੀ ਜੋ ਸਿੱਖ ਲੀਡਰਾਂ ਨੇ ਨਾ ਲਿਆ ? (12)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸ. ਕਪੂਰ ਸਿੰਘ ਨੇ ਜੇ ‘ਸਾਚੀ ਸਾਖੀ’ ਨੂੰ ਅਪਣੇ ਨਾਲ ਹੋਈ ਬੀਤੀ ਵਿਥਿਆ ਨੂੰ ਬਿਆਨਣ ਤਕ ਹੀ ਸੀਮਤ ਰਖਿਆ ਹੁੰਦਾ ਜਾਂ ਪੁਰਾਣੇ ਇਤਿਹਾਸਕ ਹਵਾਲੇ ਹੀ ਦਿਤੇ ਹੁੰਦੇ ਤਾਂ ..

sikhs

ਸ. ਕਪੂਰ ਸਿੰਘ ਨੇ ਜੇ ‘ਸਾਚੀ ਸਾਖੀ’ ਨੂੰ ਅਪਣੇ ਨਾਲ ਹੋਈ ਬੀਤੀ ਵਿਥਿਆ ਨੂੰ ਬਿਆਨਣ ਤਕ ਹੀ ਸੀਮਤ ਰਖਿਆ ਹੁੰਦਾ ਜਾਂ ਪੁਰਾਣੇ ਇਤਿਹਾਸਕ ਹਵਾਲੇ ਹੀ ਦਿਤੇ ਹੁੰਦੇ ਤਾਂ ਕਿਤਾਬ ਬੜੀ ਮੁੱਲਵਾਨ ਹੋਣੀ ਸੀ ਪਰ ਜਦ ਉਨ੍ਹਾਂ ਅਪਣੇ ਮਨ ਵਿਚ ਛੁਪੀ ਦੂਜੀ ਪੀੜ ਨੂੰ ਕਿ ਜੇ ‘ਮੂਰਖ ਸਿੱਖ ਲੀਡਰ’ ਉਨ੍ਹਾਂ ਦੀ ਗੱਲ ਮੰਨ ਕੇ ਪਾਕਿਸਤਾਨ ਵਿਚ ਰਹਿਣਾ ਮੰਨ ਜਾਂਦੇ ਤਾਂ ਜਿਵੇਂ ਕਿ ਜਿਨਾਹ ਅਤੇ ਲਾਰਡ ਵੇਵਲ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਸੀ, ਉਹ ਪਾਕਿਸਤਾਨ ਵਿਚ ਸਿੱਖਾਂ ਲਈ ਨਿਸ਼ਚਿਤ ਕੀਤੀ ਸੱਭ ਤੋਂ ਵੱਡੀ ਕੁਰਸੀ ਤੇ ਬੈਠ ਕੇ ਰਾਜ ਕਰ ਰਹੇ ਹੁੰਦੇ ਪਰ ‘ਮੂਰਖ ਲੀਡਰ’ ਉਸ ਦੀ ਗੱਲ ਨਾ ਮੰਨ ਕੇ ਹਿੰਦੁਸਤਾਨ ਵਿਚ ਸ਼ਾਮਲ ਹੋ ਗਏ, ਜਿਸ ਹਿੰਦੁਸਤਾਨ ਦੀ ਹਿੰਦੂ ਸਰਕਾਰ ਨੇ ਸ. ਕਪੂਰ ਸਿੰਘ ਦੀ ਪਹਿਲੀ ਨੌਕਰੀ (ਆਈ.ਸੀ.ਐਸ) ਵੀ ਖੋਹ ਲਈ ਸੀ ਤੇ ਉਨ੍ਹਾਂ ਨੂੰ ‘ਬੇ-ਯਾਰੋ ਮਦਦਗਾਰ’ ਵਾਲੀ ਹਾਲਤ ਵਿਚ ਲਿਆ ਕੇ ਚੰਡੀਗੜ੍ਹ ਦੀਆਂ ਸੜਕਾਂ ਕੱਛਣ ਵਾਸਤੇ ਛੱਡ ਦਿਤਾ ਸੀ। ਉਹ ਸੋਚਦੇ ਸਨ ਕਿ ਉਨ੍ਹਾਂ ਦੀ ਇਸ ਮਾੜੀ ਹਾਲਤ ਲਈ ਉਹ ਸਿੱਖ ਲੀਡਰ ਹੀ ਜ਼ਿੰਮੇਵਾਰ ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਜਿਨਾਹ ਦੀ, ਸਰ ਜੋਗਿੰਦਰਾ ਸਿੰੰਘ ਦੀ ਤੇ ਲਾਰਡ ਵੇਵਲ ਦੀ ਗੱਲ ਨਹੀਂ ਸੀ  ਮੰਨੀ।

ਮਾ. ਤਾਰਾ ਸਿੰਘ ਨੇ ਫਿਰ ਵੀ ਸ. ਕਪੂਰ ਸਿੰਘ ਉਤੇ ਤਰਸ ਖਾ ਕੇ ਤੇ ਬਾਕੀ ਸਾਰੇ ਅਕਾਲੀ ਲੀਡਰਾਂ ਦੀ ਵਿਰੋਧਤਾ ਝੱਲ ਕੇ ਵੀ ਸ. ਕਪੂਰ ਸਿੰਘ ਨੂੰ ਪਾਰਲੀਮੈਂਟ ਵਿਚ ਭੇਜ ਦਿਤਾ, ਅਨੰਦਪੁਰ ਮਤਾ ਲਿਖਣ ਦਾ ਕੰਮ ਵੀ ਉਸੇ ਨੂੰ ਦੇ ਦਿਤਾ ਤੇ ਹੋਰ ਵੀ ਹਰ ਮਸਲੇ ਤੇ ‘ਵਿਦਵਾਨ ਵਿਦਿਆਰਥੀ’ ਦੀ ਸਲਾਹ ਲੈਣੋਂ ਕਦੇ ਨਾ ਚੂਕੇ, ਦੂਜੇ ਅਕਾਲੀ ਲੀਡਰ ਤੇ ਵਰਕਰ ਹਾਲਾਂਕਿ ਇਸ ਨੇੜਤਾ ਨੂੰ ਕਦੇ ਪਸੰਦ ਨਹੀਂ ਸਨ ਕਰਦੇ। ਕਾਰਨ ਇਹ ਸੀ ਕਿ ਸ. ਕਪੂਰ ਸਿੰਘ ਉਸ ਸਕੂਲ ਵਿਚ ਪੜ੍ਹਦਾ ਰਿਹਾ ਸੀ ਜਿਸ ਸਕੂਲ ਵਿਚ ਮਾ. ਤਾਰਾ ਸਿੰਘ ਸਿੰਘ ਪਿ੍ਰੰਸੀਪਲ ਰਹੇ ਸਨ।

ਉਨ੍ਹਾਂ ਨੂੰ ਸ. ਕਪੂਰ ਸਿੰਘ ਦੇ ਤੱਤੇ ਸੁਭਾਅ ਦਾ ਪਤਾ ਸੀ ਪਰ ਅਪਣਾ ਪੁਰਾਣਾ ਵਿਦਿਆਰਥੀ ਜਾਣ ਕੇ, ਸ. ਕਪੂਰ ਸਿੰਘ ਪ੍ਰਤੀ ਨਰਮ ਗੋਸ਼ਾ ਰਖਦੇ ਸਨ ਜਦਕਿ ਸ. ਕਪੂਰ ਸਿੰਘ, ਮਾ. ਤਾਰਾ ਸਿੰਘ ਨੂੰ ਫਿਰ ਵੀ ਅਪਣਾ ਸੱਭ ਤੋਂ ਵੱਡਾ ਦੁਸ਼ਮਣ ਹੀ ਕਹਿੰਦੇ ਰਹੇ ਕਿਉਂਕਿ ਉਨ੍ਹਾਂ ਨੇ ਪਾਕਿਸਤਾਨ ਵਿਚ ਰਹਿਣ ਦੀ ਸ. ਕਪੂਰ ਸਿੰਘ ਦੀ ਤਜਵੀਜ਼ ਦੀ ਸੱਭ ਤੋਂ ਵੱਧ ਵਿਰੋਧਤਾ ਕੀਤੀ ਸੀ ਤੇ ਕਪੂਰ ਸਿੰਘ ਸਮਝਦੇ ਸਨ ਕਿ ਮਾ. ਤਾਰਾ ਸਿੰਘ ਵਲੋਂ ਹੋਈ ਵਿਰੋਧਤਾ ਕਰ ਕੇ ਹੀ ਦੂਜੇ ਸਿੱਖ ਲੀਡਰ ਤੇ ਆਮ ਸਿੱਖ ਵੀ ਸ. ਕਪੂਰ ਸਿੰਘ ਵਲੋਂ ਪ੍ਰਚਾਰੀ ਜਾ ਰਹੀ ਤਜਵੀਜ਼ ਦੀ ਵਿਰੋਧਤਾ ਕਰਨ ਲੱਗ ਪਏ ਸਨ। ਇਹ ਪੂਰੀ ਤਰ੍ਹਾਂ ਗ਼ਲਤ ਧਾਰਣਾ ਸੀ ਜੋ ਸ. ਕਪੂਰ ਸਿੰਘ ਦੇ ਮਨ ਵਿਚੋਂ ਕਦੇ ਨਾ ਨਿਕਲ ਸਕੀ। ਇਥੋਂ ਤਕ ਕਿ ਜੇ ਕਿਸੇ ਵੱਡੇ ਨਿਰਪੱਖ ਵਿਦਵਾਨ ਨੇ ਵੀ ਮਾ. ਤਾਰਾ ਸਿੰਘ ਦੇ ਫ਼ੈਸਲੇ ਨੂੰ ਜਾਇਜ਼ ਕਹਿ ਦਿਤਾ ਤਾਂ ਸ. ਕਪੂਰ ਸਿੰਘ ਉਸ ਨੂੰ  ਟੁਟ ਕੇ ਪੈ ਜਾਂਦੇ। 

ਪ੍ਰਸਿੱਧ ਇਤਿਹਾਸਕਾਰ ਡਾ. ਕਿ੍ਰਪਾਲ ਸਿੰਘ ਨੇ ਇਕ ਸਪਤਾਹਕ ਪਰਚੇ ਵਿਚ ਲੇਖ ਲਿਖ ਕੇ ਦਸਿਆ ਕਿ ਮਾ. ਤਾਰਾ ਸਿੰਘ ਨੇ ‘ਪਾਕਿਸਤਾਨ ਅੰਦਰ’ ਸਿੱਖ ਸਟੇਟ ਦੀਆਂ ਜਿਨਾਹ ਦੀਆਂ ਉਹ ਸ਼ਰਤਾਂ ਇਨ ਬਿਨ ਮੰਨ ਲਈਆਂ ਸਨ ਜਿਨ੍ਹਾਂ ਅਨੁਸਾਰ:

1. ਪਾਕਿਸਤਾਨ ਵਿਚ ਵਖਰੀ ਸਿੱਖ ਸਟੇਟ ਬਣਾ ਦਿਤੀ ਜਾਵੇਗੀ।
2. ਇਸ ਦੀ ਸੈਨਾ ਸਿੱਖ ਹੋਵੇਗੀ ਤੇ ਪਾਕਿਸਤਾਨੀ ਫ਼ੌਜ ਵਿਚ ਸਿੱਖਾਂ ਦਾ ਨਿਸ਼ਚਿਤ ਹਿੱਸਾ ਹੋਵੇਗਾ।
3. ਇਹ ਸਟੇਟ ਪਾਕਿਸਤਾਨ ਵਿਚ ਬਣੇਗੀ ਤੇ ਇਸ ਦੀ ਸੁਰੱਖਿਆ, ਆਵਾਜਾਈ ਦੇ ਸਾਧਨ ਤੇ ਵਿਦੇਸ਼ੀ ਮਾਮਲੇ ਪਾਕਿਸਤਾਨ ਅਧੀਨ ਹੋਣਗੇ।
4. ਇਹ ਸੱਭ ਇਸ ਸ਼ਰਤ ਤੇ ਹੋਵੇਗਾ ਕਿ ਸਿੱਖ ਪਾਕਿਸਤਾਨ ਦੀ ਵੰਡ ਦੀ ਸ਼ਰਤ ਛੱਡ ਦੇਣਗੇ।
ਪਰ ਫਿਰ ਗੱਲ ਸਿਰੇ ਕਿਉਂ ਨਾ ਚੜ੍ਹੀ? ਕਿਉਂਕਿ ਮਾ. ਤਾਰਾ ਸਿੰਘ ਨੇ ਇਕ ਸਵਾਲ ਪੁੱਛ ਲਿਆ ਸੀ ਕਿ ਜੇ ਤੁਸੀ ਵਾਅਦਿਆਂ ਤੇ ਖਰੇ ਨਾ ਉਤਰੇ ਤਾਂ ਕੀ ਇਸ ਸਟੇਟ ਨੂੰ ਪਾਕਿਸਤਾਨ ਤੋਂ ਵੱਖ ਹੋਣ ਦਾ ਹੱਕ ਹੋਵੇਗਾ?

ਜਿਨਾਹ ਵਲੋਂ ਜਵਾਬ ਮਿਲਿਆ, ‘‘ਨਹੀਂ।’’
ਗੱਲ ਟੁਟ ਗਈ। ਡਾ. ਕ੍ਰਿਪਾਲ ਸਿੰਘ ਨੇ ਇਸ ਤੇ ਕਹਿ  ਦਿਤਾ ਕਿ ਜਿਨਾਹ ਦੀ ਨਾਂਹ ਬੜੀ ਨਿਰਾਸ਼ਾਜਨਕ ਸੀ।
ਬਸ ਕਪੂਰ ਸਿੰਘ ਪੰਜੇ ਝਾੜ ਕੇ ਪ੍ਰੋ. ਕ੍ਰਿਪਾਲ ਸਿੰਘ ਨੂੰ ਪੈ ਜਾਂਦੇ ਹਨ ਕਿ ਜਿਨਾਹ ਦੀ ਨਾਂਹ ਨੂੰ ਨਿਰਾਸ਼ਾਜਨਕ ਕਿਉਂ ਕਹਿ ਦਿਤਾ? ਸ. ਕਪੂਰ ਇਕ ਪੱਕੇ ਮਸਲਿਮ ਲੀਗੀ ਦੀ ਤਰ੍ਹਾਂ ਮਾ. ਤਾਰਾ ਸਿੰਘ ਦੇ ਨਾਲ ਨਾਲ, ਡਾ. ਕ੍ਰਿਪਾਲ ਸਿੰਘ ਨੂੰ ਵੀ ਸਲਵਾਤਾਂ  ਸੁਣਾਉਣ ਲਗਦੇ ਹਨ ਤੇ ਲਿਖਦੇ ਹਨ:
‘‘ਜਿਸ ਨੂੰ ਗਿਆਨ ਨਾ ਹੋਵੇ, ਉਸ ਨੂੰ ਗੱਲ ਸਮਝਾ ਲੈਣੀ ਬਹੁਤੀ ਔਖੀ ਨਹੀਂ ਹੁੰਦੀ ਪਰ ਜਿਹੜਾ ਸਿੱਖ, ਯੂਨੀਵਰਸਟੀਆਂ ਦੇ ਗੜ੍ਹ ਵਿਚ ਪੀ.ਐਚ.ਡੀ. ਇਤਿਹਾਸਾਚਾਰੀਆ ਆਦਿ ਬਣ ਕੇ, ਬੁੱਧੀ ਤੋਂ ਆਕੀ ਹੋਇਆ ਬੈਠਾ ਹੋਵੇ ਯਾ ‘ਪੰਥ ਰਤਨ, ਵਾਹਦ ਲੀਡਰ’ ਸਿੱਖਾਂ ਦਾ ਹੋਵੇ, ਉਸ ਤੋਂ, ਸਿੱਖਾਂ ਦਾ ਗੁਰੂ ਆਪ ਹੀ ਛੁਟਕਾਰਾ ਕਰਾਵੇ ਤਾਂ ਕਰਾਵੇ, ਮਿਸਟਰ ਜਿਨਾਹ ਵਰਗੇ ਨੀਤੀਵਾਨ ਜਾਂ ਮੇਰੇ ਵਰਗੇ ਪੜ੍ਹ ਲਿਖੇ ਮੂਰਖ, ਉਥੇ ਕਿਸ ਦੇ ਪਾਣੀਹਾਰ ਹਨ?’’

ਸ. ਕਪੂਰ ਸਿੰਘ ਦਲੀਲ ਦੇ ਸਕਦੇ ਸਨ ਕਿ ਜਿਨਾਹ ਦੀ ‘ਨਾਂਹ’ ਕਿਵੇਂ ਨਿਰਾਸ਼ਾਜਨਕ ਨਹੀਂ ਸੀ ਪਰ ਉਹ ਕਿਸੇ ਆਜ਼ਾਦ ਖ਼ਿਆਲ ਸਿੱਖ ਨਾਲ, ਦਲੀਲ ਨਾਲ ਗੱਲ ਕਰਨੀ ਤਾਂ ਜਿਵੇਂ ਪਾਪ ਸਮਝਦੇ ਸਨ। ਬਸ ਜਿਸ ਨੇ ਵੀ ਉਨ੍ਹਾਂ ਨੂੰ ਪਸੰਦ ਨਾ ਆਉਣ ਵਾਲੀ ਕੋਈ ਗੱਲ ਕਹਿ ਦਿਤੀ, ਉਸ ਉਤੇ ਊਜਾਂ ਤੇ ਤੋਹਮਤਾਂ ਦੀ ਬੁਛਾੜ ਕਰ ਦੇਂਦੇ। ਉਂਜ ਸ. ਕਪੂਰ ਸਿੰਘ ਦੀ ਕੋਈ ਇਕ ਵੀ ਗੱਲ ਮੰਨੇ ਪ੍ਰਮੰਨੇ ਇਤਿਹਾਸਕਾਰ ਦੀ ਛੋਟੀ ਜਹੀ ਟਿਪਣੀ ਤੇ ਢੁਕਦੀ ਵੀ ਹੈ? ਨਹੀਂ ਇਹ ਤਾਂ ਸਗੋਂ ਸ. ਕਪੂਰ ਸਿੰਘ ਤੇ ਹੀ ਢੁਕਣ ਵਾਲੀਆਂ ਗੱਲਾਂ ਹਨ। ਪੱਕੇ ‘ਜਿਨਾਹ ਭਗਤ’ ਸ. ਕਪੂਰ ਸਿੰਘ ਨੂੰ ਜਿਨਾਹ ਤਾਂ ‘ਨੀਤੀਵਾਨ’ ਲਗਦਾ ਹੈ ਪਰ ਜਿਨਾਹ ਦੀ ‘ਨਾਂਹ’ ਨੂੰ ‘ਨਿਰਾਸ਼ਾਜਨਕ’ ਕਹਿਣ ਵਾਲੇ ਲਈ ਤਾਂ ਉਨ੍ਹਾਂ ਦਾ ਫ਼ਤਵਾ ਹੈ ਕਿ ਰੱਬ ਆਪ ਹੀ ਅਜਿਹੇ ਗ਼ਲਤ ਬੰਦੇ ਤੋਂ ਛੁਟਕਾਰਾ ਦਿਵਾਵੇ ਤਾਂ ਦਿਵਾਵੇ, ਵਿਚਾਰਾ ਜਿਨਾਹ ਤੇ ਵਿਚਾਰਾ ਕਪੂਰ ਸਿੰਘ ਤਾਂ ਕੁੱਝ ਨਹੀਂ ਕਰ ਸਕਦੇ।

ਏਨੀ ਗ਼ੁਲਾਮ ਮਾਨਸਕਤਾ ਵਾਲਾ ਲੇਖਕ ਸਾਰੇ ਸਿੱਖਾਂ ਨੂੰ ਹੀ ‘ਮੂਰਖ’ ਕਹਿਣ ਤਕ ਚਲਾ ਜਾਂਦਾ ਹੈ ਜਦ ਉਸ ਨੂੰ ਦਸਿਆ ਜਾਂਦਾ ਹੈ ਕਿ ਪਾਕਿਸਤਾਨ ਦੀ ਤਜਵੀਜ਼ ਨੂੰ ਰੱਦ ਕਰਨ ਦਾ ਫ਼ੈਸਲਾ ਸਾਰੀ ਸਿੱਖ ਕੌਮ ਦਾ ਸਾਂਝਾ ਫ਼ੈਸਲਾ ਸੀ, ਕੋਈ ਦੋ ਚਾਰ ਲੀਡਰਾਂ ਦਾ ਨਹੀਂ ਸੀ। ਇਤਿਹਾਸਕਾਰ  ਡਾ. ਕ੍ਰਿਪਾਲ ਸਿੰਘ ਦੇ ਦੋ ਲਫ਼ਜ਼ੀ ਫ਼ਿਕਰੇ ਨੂੰ ਉਹ ਉਪ੍ਰੋਕਤ ਗਾਲਾਂ ਕੱਢ ਕੇ ਹੀ ਬਸ ਨਹੀਂ ਕਰ ਦੇਂਦੇ ਸਗੋਂ ਸੰਸਕ੍ਰਿਤ ਗ੍ਰੰਥਾਂ ਦਾ ਸਹਾਰਾ ਲੈਂਦੇ ਹੋਏ ਤੇ ਅਪਣਾ ਹਮਲਾ ਜਾਰੀ ਰਖਦੇ ਹੋਏ ਇੰਜ ਫ਼ੁਰਮਾਉਂਦੇ ਹਨ:
‘‘ਭਰਤ ਹਰਿ ਨੇ ‘ਨੀਤਿਸ਼ਤਕਮ’ ਵਿਚ ਸੱਚ ਹੀ ਕਿਹਾ  ਹੈ, ‘‘ਗਿਆਨਲਵਿਦਘਦਮ ਬ੍ਰਹਮਾ ਅਪਤਿਮ ਨਹੀਂ ਨਾ ਰੰਜਯਤਿ’’ ਅਰਥਾਤ ਗਿਆਨ ਕੇ ਲੇਸ਼ ਮਾਤਰ ਸੇ ਪੰਡਿਤ ਬਨੇ ਹੂਏ ਮਨੁਸ਼ ਕੋ ਪ੍ਰਸੰਨ ਕਰਨੇ ਕੇ ਲੀਏ ਸਵਯਮ ਬ੍ਰਹਮਾ ਜੀ ਭੀ ਅਸਮਰਥ ਹੈਂ।’

ਅਤੇ ਅੰਤ ਵਿਚ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਦੀ ‘ਅਵੱਗਿਆ’ ਨੂੰ ਲੈ ਕੇ ਅਪਣੇ ਫ਼ਤਵਾ ਇਸ ਤਰ੍ਹਾਂ ਦੇਂਦੇ ਹਨ: ‘ਸੱਚੀ ਗੱਲ ਤਾਂ ਇਹ ਹੈ ਕਿ ਕੁੱਝ ਦਾਨਸ਼ਵਰ, ਜਿਹੜੇ ਯੂਨੀਵਰਸਟੀਆਂ ਵਿਚ ਆਕੀ ਹੋਏ ਬੈਠੇ ਹਨ, ਉਨ੍ਹਾਂ ਦਾ ਪੱਕਾ ਪ੍ਰੋਗਰਾਮ ਹੈ ਕਿ ਸਿੱਖੀ ਸਿਧਾਂਤ, ਸਿੱਖ ਤਵਾਰੀਖ਼ ਅਤੇ ਗੁਰਬਾਣੀ ਦੀ ਤਸ਼ਰੀਹ ਵਿਚ ਗੜਬੜ ਪਾਈ ਜਾਣੀ ਹੈ, ‘ਨਿਮਕ ਹਲਾਲ ਨਾਥ ਕਾ ਕਰੀਏ-ਗੁਰੂ, ਰੱਬ ਤੋਂ ਨਾ ਡਰੀਏ?’’

ਹਾਂ, ਅਜਿਹੇ ਲੋਕ ਕੇਵਲ ਯੂਨੀਵਰਸਟੀਆਂ ਵਿਚ ਹੀ ਨਹੀਂ, ਸ਼੍ਰੋਮਣੀ ਕਮੇਟੀ ਤੇ ਹੋਰ ਸਿੱਖ ਅਦਾਰਿਆਂ ਵਿਚ ਵੀ ਬੈਠੇ ਹਨ ਪਰ ਗੱਲ ਤਾਂ ਡਾ. ਕ੍ਰਿਪਾਲ ਸਿੰਘ ਦੀ ਹੋ ਰਹੀ ਸੀ, ਉਨ੍ਹਾਂ ਨੇ ਜਿਨਾਹ ਦੀ ‘ਨਾਂਹ’ ਨੂੰ ‘ਨਿਰਾਸ਼ਾਜਨਕ’ ਕਹਿ ਕੇ ਏਨਾ ਵੱਡਾ ਪਾਪ ਕੀ ਕਰ ਦਿਤਾ ਸੀ ਜਾਂ ਹੋਰ ਕੋਈ ਗ਼ਲਤ ਗੱਲ ਕਿਹੜੀ ਕਰ ਦਿਤੀ ਸੀ ਕਿ ਉਨ੍ਹਾਂ ਨੂੰ ਅਜਿਹੀਆਂ ਸਲਵਾਤਾਂ ਸੁਣਾਈਆਂ ਜਾਣ? ਉਹ ਤਾਂ ਯੂਨੀਵਰਸਟੀ ਵਿਚ ਪ੍ਰੋਫ਼ੈਸਰ ਹੀ ਸਨ, ਕਿਸੇ ਅਕਾਲੀ ਲੀਡਰ ਨੂੰ ਉਦੋਂ ਤਕ ਸ਼ਾਇਦ ਮਿਲੇ ਵੀ ਨਹੀਂ ਸਨ ਤੇ ਯੂਨੀਵਰਸਟੀ ਵਿਚ ਉਪਲਬਧ ਕਾਗ਼ਜ਼ਾਂ ਨੂੰ ਲੈ ਕੇ ਹੀ ਪੰਜਾਬ ਦੀ ਵੰਡ ਬਾਰੇ ਉਨ੍ਹਾਂ ਖੋਜ ਕੀਤੀ ਸੀ ਤੇ ‘ਪਾਰਟੀਸ਼ਨ ਆਫ਼ ਪੰਜਾਬ’ ਕਿਤਾਬ ਵੀ ਲਿਖੀ ਸੀ ਤੇ ਯੂਨੀਵਰਸਟੀ ਦੇ ‘ਓਰਲ ਹਿਸਟਰੀ’ ਵਿਭਾਗ ਦੇ ਮੁਖੀ ਵੀ ਬਣ ਗਏ ਸਨ।

ਕਪੂਰ ਸਿੰਘ ਦਾ ਦਿਮਾਗ਼ੀ ਚਿੜਚਿੜਾਪਨ ਏਨਾ ਵੱਧ ਗਿਆ ਸੀ ਕਿ ਜਿਹੜਾ ਵੀ ਕੋਈ ਸੱਚੇ ਪੰਥ ਪਿਆਰ ਵਾਲਾ ਸਿੱਖ ਉਨ੍ਹਾਂ ਅੱਗੇ ਅਪਣੇ ਵਖਰੇ ਵਿਚਾਰ ਰੱਖਣ ਦੀ ਗ਼ਲਤੀ ਕਰ ਬਹਿੰਦਾ, ਉਸ ਦਾ ਚੰਗਾ ਅਪਮਾਨ ਕਰ ਕੇ ਹੀ ਉਸ ਨੂੰ ਭੇਜਦੇ ਤੇ ਉਹ ਦੁਬਾਰਾ ਉਨ੍ਹਾਂ ਨੂੰ ਮਿਲਣ ਤੋਂ ਤੋਬਾ ਕਰ ਬੈਠਦਾ। ਮੇਰੇ ਕੋਲ ਸੂਚੀ ਬਹੁਤ ਲੰਮੀ ਹੈ ਪਰ ਉਹ ਨਹੀਂ ਚਾਹੁੰਦੇ ਕਿ ਸ. ਕਪੂਰ ਸਿੰਘ ਹੱਥੋਂ ਉਨ੍ਹਾਂ ਦੇ ਹੋਏ ਅਪਮਾਨ ਦਾ ਕਿਤੇ ਜ਼ਿਕਰ ਵੀ ਕੀਤਾ ਜਾਵੇ, ਸੋ ਅਸੀ ‘ਸਾਚੀ ਸਾਖੀ’ ਵਿਚ ਉਨ੍ਹਾਂ ਵਲੋਂ ਜਿਨ੍ਹਾਂ ਮਹਾਨ ਆਤਮਾਵਾਂ ਦਾ ਬਿਨਾਂ ਕਿਸੇ ਸਬੂਤ ਦੇ, ਅੰਨ੍ਹਾ ਅਪਮਾਨਤ ਕੀਤਾ, ਉਸੇ ਨੂੰ ਲੈ ਕੇ ਹੀ ਅਗਲੀ ਗੱਲ ਕਰਾਂਗੇ। ਬਾਕੀ ਅਗਲੇ ਐਤਵਾਰ। (ਚਲਦਾ)