'ਹਿੰਦੂ ਰਾਸ਼ਟਰ' ਬਨਾਮ 'ਮ: ਰਣਜੀਤ ਸਿੰਘ ਦਾ 'ਸਿੱਖ ਰਾਜ'!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਲੀਡਰ ਕਹਿੰਦਾ ਹੈ, ''ਹਿੰਦੁਸਤਾਨ ਵਿਚ ਰਹਿਣ ਵਾਲਾ ਹਰ ਬੰਦਾ 'ਹਿੰਦੂ' ਹੀ ਹੈ ਤੇ ਜਿਹੜਾ ਅਪਣੇ ਆਪ ਨੂੰ ਹਿੰਦੂ ਨਹੀਂ ਮੰਨਦਾ, ਉਹ ਬੇਸ਼ੱਕ ਦੇਸ਼ ਛੱਡ ਕੇ ਬਾਹਰ ਚਲਾ ਜਾਏ।"

Photo

ਅਜਕਲ ਦੇਸ਼ ਵਿਚ 'ਹਿੰਦੂ ਰਾਸ਼ਟਰ' ਕਾਇਮ ਕਰਨ ਦੇ ਚਾਹਵਾਨ ਬਹੁਤ ਸਰਗਰਮ ਹਨ। ਉਨ੍ਹਾਂ ਦਾ ਲੀਡਰ ਕਹਿੰਦਾ ਹੈ, ''ਹਿੰਦੁਸਤਾਨ ਵਿਚ ਰਹਿਣ ਵਾਲਾ ਹਰ ਬੰਦਾ 'ਹਿੰਦੂ' ਹੀ ਹੈ ਤੇ ਜਿਹੜਾ ਅਪਣੇ ਆਪ ਨੂੰ ਹਿੰਦੂ ਨਹੀਂ ਮੰਨਦਾ, ਉਹ ਬੇਸ਼ੱਕ ਦੇਸ਼ ਛੱਡ ਕੇ ਬਾਹਰ ਚਲਾ ਜਾਏ।'' ਸਿੱਖਾਂ ਦੇ 'ਲੀਡਰ' ਤਾਂ ਇਸ ਵੇਲੇ 'ਕੋਮਾ' ਵਿਚ ਗਏ ਹੋਏ ਹਨ, ਉਨ੍ਹਾਂ ਨੇ ਉਪ੍ਰੋਕਤ ਗੱਲ ਦਾ ਕੀ ਜਵਾਬ ਦੇਣਾ ਹੈ ਪਰ ਮੁਸਲਮਾਨਾਂ ਦੇ ਆਗੂਆਂ ਨੇ ਜਵਾਬ ਦੇ ਦਿਤਾ ਕਿ ''ਅਸੀ ਹਿੰਦੂ ਨਹੀਂ ਪਰ ਹਿੰਦੁਸਤਾਨੀ ਜ਼ਰੂਰ ਹਾਂ ਤੇ ਉਹ ਸਦਾ ਹੀ ਰਹਾਂਗੇ।''

'ਹਿੰਦੂਤਵਾ' ਵਾਲਿਆਂ ਨੂੰ ਇਹ ਜਵਾਬ ਵੀ ਪਸੰਦ ਨਾ ਆਇਆ ਤੇ ਉਨ੍ਹਾਂ ਨਾਗਰਿਕਤਾ ਕਾਨੂੰਨ ਨੂੰ ਅਜਿਹਾ ਰੂਪ ਦੇ ਦਿਤਾ ਕਿ ਇਸ ਦੇ ਲਾਗੂ ਹੋਣ ਮਗਰੋਂ ਬਹੁਤਾ ਤਿੜਨ ਵਾਲੇ ਮੁਸਲਮਾਨਾਂ ਲਈ ਇਹ ਸਾਬਤ ਕਰਨਾ ਹੀ ਔਖਾ ਹੋ ਜਾਏ ਕਿ ਉਹ 'ਹਿੰਦੁਸਤਾਨੀ' ਹਨ। ਲਿਆਉ ਸਬੂਤ ਕਿ ਤੁਹਾਡਾ ਬਾਪ ਕਿਥੇ ਪੈਦਾ ਹੋਇਆ ਸੀ ਤੇ ਹੋਰ ਸਬੂਤ ਵਿਖਾਉ ਜਿਸ ਤੋਂ ਸਾਬਤ ਹੋ ਸਕੇ ਕਿ ਉਸ ਨੂੰ ਵੇਲੇ ਦੀ ਸਰਕਾਰ ਨੇ 'ਹਿੰਦੁਸਤਾਨੀ' ਮੰਨਿਆ ਵੀ ਸੀ ਜਾਂ ਨਹੀਂ?

ਇਹ ਸਬੂਤ ਤਾਂ ਸਾਡੇ ਤੋਂ ਵੀ ਕੋਈ ਮੰਗ ਲਵੇ ਤਾਂ ਕੀ ਅਸੀ ਕੀ ਸਬੂਤ ਦੇ ਸਕਾਂਗੇ? ਮੇਰੇ ਪਿਤਾ ਪਾਕਿਸਤਾਨ ਵਿਚ ਪੈਦਾ ਹੋਏ ਸਨ। ਮੈਂ ਕਿਥੋਂ ਸਬੂਤ ਲਿਆਵਾਂ ਕਿ ਉਹ ਕਿਥੇ, ਕਦੋਂ ਤੇ ਸਚਮੁਚ 'ਹਿੰਦੁਸਤਾਨੀ' ਦੇ ਰੂਪ ਵਿਚ ਹੀ ਪੈਦਾ ਹੋਏ ਸਨ? ਮੁਸਲਮਾਨਾਂ ਲਈ ਤਾਂ ਇਹ ਹੋਰ ਵੀ ਮੁਸ਼ਕਲ ਹੈ। ਬਹੁਤੇ ਮੁਸਲਮਾਨ ਅਨਪੜ੍ਹ ਅਤੇ ਗ਼ਰੀਬ ਹਨ ਤੇ ਰੋਟੀ-ਰੋਜ਼ੀ ਲਈ ਥਾਂ ਥਾਂ ਟਿਕਾਣਾ ਬਦਲਦੇ ਰਹਿੰਦੇ ਹਨ।

ਬਾਪ-ਦਾਦੇ ਦੇ ਕਾਗ਼ਜ਼ ਉਨ੍ਹਾਂ ਕੋਲ ਕਿਥੇ, ਉਹ ਤਾਂ ਅਪਣੇ ਕਾਗ਼ਜ਼ ਵੀ ਸੰਭਾਲਣ ਦੀ ਜਾਚ ਨਹੀਂ ਸਿਖੇ ਹੋਏ। ਹਰ ਨਵੀਂ ਥਾਂ ਤੇ, ਰਿਸ਼ਵਤ ਦੇ ਕੇ ਉਹ ਰਾਸ਼ਨ ਕਾਰਡ ਬਣਵਾਉਂਦੇ ਹਨ ਤੇ ਚੁਲ੍ਹੇ ਦਾ ਤਵਾ ਗਰਮ ਰੱਖਣ ਲਈ ਕਈ ਤਰੱਦਦ ਕਰਦੇ ਹਨ। ਉਨ੍ਹਾਂ ਨੂੰ ਪੁਰਾਣੇ ਕਾਗ਼ਜ਼ਾਂ ਦੀ ਕੀਮਤ ਦਾ ਕੀ ਪਤਾ? ਨਹੀਂ ਪਤਾ ਤਾਂ ਫਿਰ ਉਹ 'ਹਿੰਦੁਸਤਾਨੀ ਨਾਗਰਿਕ' ਹੀ ਨਹੀਂ। ਇਹ ਕਹਿਣਾ ਹੈ ਨਵੇਂ ਨਾਗਰਿਕਤਾ ਕਾਨੂੰਨ ਦਾ। ਸੋ ਨਿਕਲੋ ਦੇਸ਼ ਤੋਂ ਬਾਹਰ, ਪਿੱਛੇ ਰਹਿ ਜਾਣਗੇ ਖ਼ਾਲਸ ਹਿੰਦੂ।

ਹੌਲੀ ਹੌਲੀ ਸਿੱਖਾਂ ਅਤੇ ਈਸਾਈਆਂ ਨੂੰ ਵੀ ਇਹੀ ਕਹਿ ਦਿਤਾ ਜਾਏਗਾ¸ਲਿਆਉ ਬਈ ਸਬੂਤ ਤੇ ਸਾਬਤ ਕਰੋ ਕਿ ਤੁਸੀ 'ਹਿੰਦੁਸਤਾਨੀ' ਹੋ ਨਹੀਂ ਤਾਂ ਜਾਉ, ਵੱਡੀ ਸਾਰੀ ਦੁਨੀਆਂ ਵਿਚ ਲੱਭ ਲਉ ਕੋਈ ਹੋਰ ਆਸਰਾ। ਹੈਰਾਨ ਨਾ ਹੋਵੋ, ਹਿੰਦੁਸਤਾਨ ਦੇ ਹਿੰਦੂਤਵੀ ਪੁਰਾਣੇ ਤਜਰਬੇਕਾਰ ਹਨ। ਉਨ੍ਹਾਂ ਨੇ ਬੁੱਧ ਧਰਮ ਨੂੰ ਪੂਰੇ ਦਾ ਪੂਰਾ ਹਿੰਦੁਸਤਾਨ ਵਿਚੋਂ ਬਾਹਰ ਕੱਢ ਵਿਖਾਇਆ ਸੀ।

ਉਨ੍ਹਾਂ ਨੂੰ ਜੀਉਂਦੇ ਸਾੜਿਆ, ਲਾਸ਼ਾਂ ਵਿਛਾਈਆਂ ਤੇ ਐਲਾਨ ਕਰ ਦਿਤਾ ਕਿ ਜਦ ਤਕ ਇਕ ਵੀ ਬੋਧੀ ਇਸ ਧਰਤੀ ਤੇ ਰਹੇਗਾ, ਇਹ ਧਰਤੀ 'ਅਪਵਿੱਤਰ' ਬਣੀ ਰਹੇਗੀ, ਇਸ ਲਈ ਭਾਰਤ ਨੂੰ ਪਵਿੱਤਰ ਬਣਾਉਣ ਲਈ ਅਤੇ ਭਾਰਤ ਦੀ 'ਦੇਵ ਭੂਮੀ' ਵਿਚ ਸ਼ਾਂਤੀ ਲਿਆਉਣ ਲਈ ਇਕ ਵੀ ਬੋਧੀ ਨੂੰ ਇਥੇ ਨਾ ਰਹਿਣ ਦਿਉ। ਉਸ ਵੇਲੇ ਕਾਨੂੰਨ ਨਹੀਂ ਸਨ ਹੁੰਦੇ।

ਹੁਣ ਤਾਂ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ, ਕਾਨੂੰਨ ਦਾ ਪੁੱਠਾ ਸਹਾਰਾ ਲੈ ਕੇ ਜਿਸ ਨੂੰ ਚਾਹੋ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿਉ ਤੇ ਦੇਸ਼ 'ਚੋਂ ਬਾਹਰ ਕੱਢ ਦਿਉ। ਅਦਾਲਤਾਂ ਇਨ੍ਹਾਂ 'ਫ਼ਜ਼ਲੂ' ਗੱਲਾਂ ਵਲ ਧਿਆਨ ਨਹੀਂ ਦੇਂਦੀਆਂ। ਬਸ ਸਰਕਾਰ ਨੇ ਕਹਿ ਦਿਤਾ ਹੈ, ਸੋ ਤੁਸੀ ਨਾਗਰਿਕ ਨਹੀਂ ਰਹੇ। ਪਰ ਇਹ ਧਾਰਮਕ ਕੱਟੜਪੁਣੇ ਦੀ ਇੰਤਹਾ ਹੈ।

ਸ਼ਾਇਦ ਕੋਈ ਹੋਰ 'ਸੈਕੁਲਰ ਲੋਕ-ਰਾਜੀ' ਦੇਸ਼, ਅਜਿਹੀ ਗੱਲ ਸੋਚ ਵੀ ਨਹੀਂ ਸਕਦਾ ਜੋ ਸਾਡੇ ਵਿਦਵਾਨ 'ਹਿੰਦੂਤਵੀ' ਕਾਨੂੰਨਾਂ ਨੇ ਸੋਚੀ ਹੈ। ਸ਼ੁਰੂ ਵਿਚ ਤਾਂ ਮੁਸਲਮਾਨ ਇਕੱਲੇ ਹੀ ਰੋਂਦੇ ਪਿਟਦੇ ਸਨ, ਹੁਣ ਸਾਰੀ ਦੁਨੀਆਂ ਹੀ 'ਹਿੰਦੂਤਵ' ਦੇ ਹਮਾਇਤੀ ਕਾਨੂੰਨਦਾਨਾਂ ਦੀ ਅਸਲ ਮਨਸ਼ਾ ਸਮਝ ਗਈ ਹੈ। ਸੈਂਕੜੇ ਲੋਕ ਮਰ ਚੁਕੇ ਹਨ, ਲੱਖਾਂ ਲੋਕ ਸੜਕਾਂ ਤੇ ਬੈਠੇ ਹਨ, ਦੁਨੀਆਂ ਭਰ ਵਿਚ ਭਾਰਤ ਸਰਕਾਰ ਦੇ ਇਸ ਕਾਨੂੰਨ ਦੀ ਨਿਖੇਧੀ ਹੋ ਰਹੀ ਹੈ।

ਅਮਰੀਕਾ ਤੇ ਬਰਤਾਨੀਆਂ ਦੀ ਪਾਰਲੀਮੈਂਟ ਵਿਚ ਵੀ ਬੜੀ ਤੇਜ਼ ਆਵਾਜ਼ ਚੁੱਕੀ ਗਈ ਹੈ। ਇਸਲਾਮੀ ਦੇਸ਼ਾਂ ਨੇ ਤਾਂ ਬੋਲਣਾ ਹੀ ਬੋਲਣਾ ਸੀ। ਫਿਰ ਸਰਕਾਰ ਇਸ ਕਦਮ ਨੂੰ ਵਾਪਸ ਲੈ ਕੇ, ਸਾਰੀਆਂ ਧਿਰਾਂ ਨੂੰ ਵਿਸ਼ਵਾਸ ਵਿਚ ਲੈ ਕੇ, ਸਰਬ-ਸਾਂਝਾ ਹੱਲ ਨਿਕਲਣ ਤਕ ਰੁਕ ਕਿਉਂ ਨਹੀਂ ਜਾਂਦੀ? ਕੀ ਘੱਟ ਜਾਏਗਾ ਦੇਸ਼ ਦਾ? ਨਹੀਂ, 'ਹਿੰਦੂ ਰਾਸ਼ਟਰ' ਦਾ ਏਜੰਡਾ ਨਹੀਂ ਛਡਣਾ, ਸਾਰੀ ਦੁਨੀਆਂ ਭਾਵੇਂ ਨਾਰਾਜ਼ ਹੋ ਜਾਏ।

ਜ਼ਮਾਨਾ ਇਕ ਧਰਮ ਦੇ ਰਾਜ ਦਾ ਨਹੀਂ ਰਿਹਾ। ਵਕਤ ਬਦਲ ਗਏ ਹਨ। ਪਰ ਜੇ ਹੁਣ ਵੀ ਇਕ ਧਰਮ ਦਾ 'ਹਿੰਦੂ ਰਾਸ਼ਟਰ' ਕਾਇਮ ਕਰਨਾ ਹੀ ਹੈ ਤਾਂ 'ਹਿੰਦੂਤਵਾ' ਵਾਲਿਆਂ ਨੂੰ ਮੈਂ ਆਖਾਂਗਾ ਕਿ 'ਖ਼ਾਲਸਾ ਰਾਜ' ਦੇ ਪਹਿਲੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਨੂੰ ਬਹੁਤ ਕੁੱਝ ਸਿਖਾ ਸਕਦੇ ਹਨ। ਰਣਜੀਤ ਸਿੰਘ ਦਾ ਰਾਜ ਖ਼ਾਲਸ ਸਿੱਖ ਰਾਜ ਤਾਂ ਸੀ ਹੀ ਪਰ ਸਾਰੇ ਸਿੱਖ ਇਕ ਪਾਸੇ ਹੋਣ ਤੇ ਦੂਜੇ ਧਰਮ ਵਾਲੇ ਦੂਜੇ ਪਾਸੇ ਹੋਣ ਤਾਂ ਰਣਜੀਤ ਸਿੰਘ ਕਹਿੰਦਾ ਸੀ, ''ਸਿੱਖ ਰਾਜ ਤਾਂ ਹੀ ਅਕਾਲ ਪੁਰਖ ਨੂੰ ਪ੍ਰਵਾਨ ਹੋਵੇਗਾ ਜੇ ਜਿਨ੍ਹਾਂ ਕੋਲ ਰਾਜ ਨਹੀਂ, ਉਨ੍ਹਾਂ ਨੂੰ ਵੀ ਰਾਜ ਕਰਨ ਵਾਲੇ, ਬਰਾਬਰੀ ਦਾ ਦਰਜਾ ਤੇ ਪੂਰਾ ਇਨਸਾਫ਼ ਦੇਣ ਲਈ ਤਿਆਰ ਰਹਿਣਗੇ।''

ਇਕ ਮਿਸਾਲ ਦੇਣੀ ਹੀ ਕਾਫ਼ੀ ਰਹੇਗੀ। ਇਕ ਵਾਰ ਕੁੱਝ ਸਿੰਘ ਮਹਾਰਾਜੇ ਕੋਲ ਗਏ ਤੇ ਦਸਿਆ ਕਿ 'ਮੁਸਲਮਾਨ ਪੰਜ ਵਕਤ ਦੀ ਨਮਾਜ਼ ਪੜ੍ਹਨ ਲਗਿਆਂ, ਮਸਜਿਦ 'ਚੋਂ ਉੱਚੀ ਆਵਾਜ਼ ਵਿਚ 'ਅਜ਼ਾਨ' ਦਂੇਦੇ ਹਨ ਤੇ ਜਿਨ੍ਹਾਂ ਨੇ ਨਮਾਜ਼ ਨਹੀਂ ਪੜ੍ਹਨੀ ਹੁੰਦੀ, ਉਨ੍ਹਾਂ ਦਾ ਅਮਨ ਚੈਨ ਖ਼ਰਾਬ ਹੋ ਜਾਂਦਾ ਹੈ। ਸੋ ਮੁਸਲਮਾਨਾਂ ਨੂੰ ਕਹੋ ਕਿ ਮਸਜਿਦ ਵਿਚ ਉਹ ਹੋਰ ਹਰ ਮਰਿਆਦਾ ਦਾ ਪਾਲਣ ਕਰਨ ਪਰ ਘਰਾਂ, ਦੁਕਾਨਾਂ ਵਿਚ ਬੈਠੇ ਸਿੰਘਾਂ ਨੂੰ ਪ੍ਰੇਸ਼ਾਨ ਨਾ ਕਰਨ।

ਮਹਾਰਾਜੇ ਨੇ ਮੌਲਵੀ ਨੂੰ ਦਰਬਾਰ ਵਿਚ ਸੱਦ ਲਿਆ ਜਿਸ ਨੇ ਦਸਿਆ ਕਿ ਅਸੀ ਤਾਂ ਸਦੀਆਂ ਤੋਂ ਹਰ ਮੁਸਲਮਾਨ ਨੂੰ ਪੰਜ-ਨਮਾਜ਼ੀ ਬਣਾ ਕੇ ਅੱਲਾ ਦੇ ਬੰਦੇ ਬਣਨ ਲਈ ਪ੍ਰੇਰਨਾ ਦੇਣ ਲਈ ਤੇ ਨਮਾਜ਼ ਦਾ ਸਮਾਂ ਦੱਸਣ ਲਈ 'ਅਜ਼ਾਨ' ਕਰਦੇ ਹਾਂ, ਕਿਸੇ ਨੂੰ ਤੰਗ ਕਰਨ ਲਈ ਅਜਿਹਾ ਨਹੀਂ ਕਰਦੇ। ਮਹਾਰਾਜੇ ਨੇ ਦੋਹਾਂ ਦੀ ਗੱਲ ਸੁਣੀ ਤੇ ਫਿਰ ਫ਼ੈਸਲਾ ਸੁਣਾਇਆ, ''ਠੀਕ ਹੈ, ਕਲ ਤੋਂ ਮਸਜਿਦਾਂ ਵਿਚ 'ਅਜ਼ਾਨ' ਨਹੀਂ ਪੜ੍ਹੀ ਜਾਏਗੀ, ਪਰ ਗੁਰੂ ਦੇ ਸਿੰਘ ਹਰ ਮੁਸਲਮਾਨ ਦੇ ਘਰ ਜਾ ਕੇ ਉਸ ਨੂੰ ਦੱਸਣਗੇ ਕਿ ਨਮਾਜ਼ ਦਾ ਸਮਾਂ ਹੋ ਗਿਆ ਹੈ।''

ਸਿੰਘ ਇਹ 'ਸੇਵਾ' ਕਿਵੇਂ ਲੈ ਲੈਂਦੇ? ਇਸ ਨਾਲੋਂ ਤਾਂ 'ਅਜ਼ਾਨ' ਦਾ ਬੋਲਾ ਸੁਣਨਾ ਜ਼ਿਆਦਾ ਸੌਖਾ ਸੀ। ਸੋ ਮਹਾਰਾਜੇ ਨੇ ਖ਼ਾਲਸਿਆਂ ਦੀ ਅਰਜ਼ੀ ਰੱਦ ਕਰ ਦਿਤੀ ਤੇ ਮੁਸਲਮਾਨਾਂ ਦਾ 'ਅਜ਼ਾਨ' ਦੇਣ ਦਾ ਹੱਕ ਬਚਾਈ ਰਖਿਆ। 'ਸਿੱਖ ਰਾਜ' ਵੀ ਜੇ ਹਿੰਦੂਤਵੀਆਂ ਵਰਗਾ ਰਾਜ ਹੁੰਦਾ ਤਾਂ ਯਕੀਨਨ ਮਹਾਰਾਜੇ ਦਾ ਫ਼ੈਸਲਾ ਉਹ ਨਾ ਹੁੰਦਾ ਜੋ ਖ਼ਾਲਸ ਸਿੱਖ ਰਾਜ ਦੇ ਮਹਾਰਾਜੇ ਨੇ ਦਿਤਾ ਸੀ।

ਵਾਪਸ ਅੱਜ ਦੇ 'ਸੈਕੂਲਰ ਭਾਰਤ' ਵਲ ਪਰਤੀਏ ਤਾਂ ਸੈਕੂਲਰ ਦੇਸ਼ ਦਾ 'ਹਿੰਦੂਤਵ' ਤਾਂ 20ਵੀਂ ਸਦੀ ਵਿਚ ਵੀ ਮਹਾਰਾਜਾ ਰਣਜੀਤ ਸਿੰਘ ਦੇ ਅਨਪੜ੍ਹਤਾ ਵਾਲੇ ਯੁਗ ਦੇ ਮੁਕਾਬਲੇ ਬਹੁਤ ਸੌੜੇ ਦਿਲ ਵਾਲਾ ਹੈ। ਸਿੱਖ ਰਾਜ ਵਿਚ ਕਿਸੇ ਇਕ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਦਿਤੀ ਗਈ ਸੀ ਪਰ ਮਹਾਰਾਜੇ ਤੇ ਉਸ ਦੇ ਜਰਨੈਲਾਂ ਦਾ ਦਬਦਬਾ ਏਨਾ ਸੀ ਕਿ ਰਾਜ ਤੋਂ ਬਾਹਰ ਅਫ਼ਗ਼ਾਨਿਸਤਾਨ ਤਕ ਵੀ ਲੋਕ ਉਸ ਤੋਂ ਡਰਦੇ ਸਨ ਤੇ ਗ਼ਲਤ ਕੰਮ ਕਰਨ ਦੀ ਜੁਰਅਤ ਹੀ ਕੋਈ ਨਹੀਂ ਸੀ ਕਰਦਾ। ਸਿੱਖ ਤਾਂ ਖ਼ੁਸ਼ ਸਨ ਹੀ ਪਰ ਹਿੰਦੂ ਤੇ ਮੁਸਲਮਾਨ ਉਨ੍ਹਾਂ ਤੋਂ ਵੀ ਜ਼ਿਆਦਾ ਖ਼ੁਸ਼ ਸਨ।

ਮਹਾਰਾਜੇ ਦੀ ਮੌਤ ਤੇ ਮੁਸਲਮਾਨ ਕਵੀਆਂ ਨੇ ਜੋ ਕੀਰਨੇ ਪਾਏ, ਸਿੱਖਾਂ ਨੇ ਨਹੀਂ ਪਾਏ। ਅੱਜ ਹਰ ਘਟ-ਗਿਣਤੀ ਕੌਮ ਦਾ ਹੱਕ ਮਾਰਿਆ ਜਾ ਰਿਹਾ ਹੈ ਤੇ ਜ਼ਰਾ ਵੀ ਕੋਈ ਉਸ ਦੇ ਹੱਕ ਵਿਚ ਗੱਲ ਕਰਦਾ ਹੈ ਤਾਂ ਹਿੰਦੂਤਵੀ ਸ਼ੋਰ ਮਚਾ ਦੇਂਦੇ ਹਨ ਕਿ ਘੱਟ-ਗਿਣਤੀਆਂ ਦਾ 'ਤੁਸ਼ਟੀਕਰਨ' (ਭੂਏ ਚੜ੍ਹਾਉਣਾ) ਕੀਤਾ ਜਾ ਰਿਹਾ ਹੈ, ਡਾ. ਮਨਮੋਹਨ ਸਿੰਘ ਨੇ ਇਕ ਵਾਰ ਕਹਿ ਦਿਤਾ ਕਿ ਦੇਸ਼ ਦੇ ਕੁਦਰਤੀ ਸ੍ਰੋਤਾਂ ਉਤੇ ਘੱਟ-ਗਿਣਤੀਆਂ ਦਾ ਪਹਿਲਾ ਹੱਕ ਬਣਦਾ ਹੈ।

'ਹਿੰਦੂਤਵੀਏ' ਉਦੋਂ ਤੋਂ ਡਾ. ਮਨਮੋਹਨ ਸਿੰਘ ਨੂੰ ਗਾਲਾਂ ਕੱਢਣ ਲੱਗੇ ਹੋਏ ਹਨ ਹਾਲਾਂਕਿ ਡਾ. ਮਨਮੋਹਨ ਸਿੰਘ ਨੇ ਘੱਟ-ਗਿਣਤੀਆਂ ਨੂੰ ਦਿਤਾ ਕੁੱਝ ਨਹੀਂ ਸੀ, ਕੇਵਲ ਇਕ 'ਜੁਮਲੇ' ਨਾਲ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਹੀ ਕੀਤੀ ਸੀ।

ਸਿੱਖਾਂ ਦੀ ਗੱਲ ਕਰੀਏ ਤਾਂ:
1. ਚੰਡੀਗੜ੍ਹ ਅੱਧੀ ਸਦੀ ਨਾਲੋਂ ਵੱਧ ਸਮੇਂ ਤੋਂ ਖੋਹ ਕੇ ਕੇਂਦਰ ਨੇ ਅਪਣੇ ਕੋਲ ਬੰਦੀ ਬਣਾ ਕੇ ਰਖਿਆ ਹੋਇਆ ਹੈ। (ਹਾਲਾਂਕਿ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਦਾ ਸਮਾਗਮ ਵੀ 50 ਸਾਲ ਪਹਿਲਾਂ ਰੱਖ ਦਿਤਾ ਗਿਆ ਸੀ ਤੇ ਕੇਂਦਰ ਨੇ ਕਾਰਡ ਛਪਵਾ ਕੇ ਵੰਡ ਵੀ ਦਿਤੇ ਸਨ)।

2. ਪੰਜਾਬ ਦਾ 70% ਪਾਣੀ ਮੁਫ਼ਤ ਵਿਚ ਲੁਟਿਆ ਜਾ ਰਿਹਾ ਹੈ (ਹਾਲਾਂਕਿ ਸਾਰੇ ਦੇਸ਼ ਵਿਚ ਲਾਗੂ ਰਾਏਪਰੀਅਨ ਲਾਅ ਨੂੰ ਪੰਜਾਬ ਵਿਚ ਵੀ ਲਾਗੂ ਕੀਤਾ ਜਾਵੇ ਤਾਂ ਇਕ ਬੂੰਦ ਪਾਣੀ ਵੀ ਪੰਜਾਬ ਤੋਂ ਮੁਫ਼ਤ ਨਹੀਂ ਲਿਆ ਜਾ ਸਕਦਾ। ਆਜ਼ਾਦੀ ਤੋਂ ਪਹਿਲਾਂ ਰਾਜਸਥਾਨ, ਪੈਸੇ ਦੇ ਕੇ ਪੰਜਾਬ ਤੋਂ ਪਾਣੀ ਲੈਂਦਾ ਸੀ। ਸਾਂਝੇ ਪੰਜਾਬ ਵਿਚੋਂ ਵਗਦੇ ਜਮਨਾ ਦਰਿਆ ਦੇ ਪਾਣੀ ਵਿਚੋਂ ਪੰਜਾਬ ਨੂੰ ਕੁੱਝ ਨਹੀਂ ਦਿਤਾ ਜਾਂਦਾ ਜਦਕਿ ਪੰਜਾਬ ਦੇ ਦਰਿਆਵਾਂ ਦਾ 70% ਪਾਣੀ ਖੋਹ ਲਿਆ ਗਿਆ ਹੈ। ਪਰ ਕੋਈ ਸੁਣਵਾਈ ਨਹੀਂ ਕਿਉਂਕਿ ਪੰਜਾਬ ਨੂੰ 'ਸਿੱਖ ਸੂਬੇ' ਵਜੋਂ ਲੈ ਕੇ ਇਸ ਨੂੰ ਇਨਸਾਫ਼ ਦੇਣ ਦੀ ਗੱਲ ਸੁਣੀ ਵੀ ਨਹੀਂ ਜਾਂਦੀ।

3. ਸੰਵਿਧਾਨ ਦੇ ਆਰਟੀਕਲ 25 ਵਿਚ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦਸਿਆ ਗਿਆ। ਕੇਂਦਰ ਵਲੋਂ ਇਸ ਬਾਰੇ ਫ਼ੈਸਲਾ ਕਰਨ ਲਈ ਬਣਾਏ ਗਏ ਕਮਿਸ਼ਨ ਨੇ ਵੀ ਇਸ ਆਰਟੀਕਲ ਵਿਚ ਤਬਦੀਲੀ ਕਰਨ ਦੀ ਸਿਫ਼ਾਰਸ਼ ਕੀਤੀ ਪਰ ਉਸ ਦੀ ਸਿਫ਼ਾਰਸ਼ ਵੀ ਨਹੀਂ ਮੰਨੀ ਜਾ ਰਹੀ ਕਿਉਂਕਿ 'ਹਿੰਦੂਤਵ' ਵਾਲੇ ਇਸ ਨੂੰ ਵੀ ਘੱਟ-ਗਿਣਤੀਆਂ ਦਾ 'ਤੁਸ਼ਟੀਕਰਨ' ਕਹਿਣ ਲੱਗ ਜਾਂਦੇ ਹਨ।

4. ਬਲੂ-ਸਟਾਰ ਆਪ੍ਰ੍ਰੇਸ਼ਨ ਤੇ ਨਵੰਬਰ '84 ਦੇ ਸਿੱਖ ਕਤਲੇਆਮ ਲਈ ਅੱਜ ਤਕ ਪਾਰਲੀਮੈਂਟ ਨੇ ਮਾਫ਼ੀ ਨਹੀਂ ਮੰਗੀ ਜਦਕਿ ਕੈਨੇਡਾ ਤੇ ਇੰਗਲੈਂਡ ਤੋਂ ਮੰਗ ਕੀਤੀ ਜਾਂਦੀ ਹੈ ਕਿ ਮੁਕਾਬਲਤਨ ਬਹੁਤ ਛੋਟੀਆਂ ਗ਼ਲਤੀਆਂ ਲਈ ਮਾਫ਼ੀ ਮੰਗਣ।
5. ਦਰਬਾਰ ਸਾਹਿਬ ਉਤੇ ਹਮਲਾ ਕਰਨ ਦੇ ਗੁਨਾਹ ਵਿਰੁਧ ਜਿਨ੍ਹਾਂ ਨੌਜੁਆਨਾਂ ਤੇ ਧਰਮੀ ਫ਼ੌਜੀਆਂ ਦਾ ਖ਼ੂਨ ਖੌਲਿਆ, ਉਨ੍ਹਾਂ ਨੂੰ ਅਜੇ ਤਕ ਕੋਈ ਰਾਹਤ ਨਹੀਂ ਦਿਤੀ ਗਈ ਤੇ ਕਈ ਨੌਜੁਆਨ ਏਨੇ ਸਾਲਾਂ ਮਗਰੋਂ ਵੀ ਜੇਲਾਂ ਵਿਚ ਰੁਲ ਰਹੇ ਹਨ ਜਦਕਿ ਜ਼ੁਲਮ ਕਰਨ ਵਾਲੇ ਵੱਡੇ ਵੱਡੇ ਅਹੁਦਿਆਂ ਤੇ ਰਹਿ ਕੇ ਤਰੱਕੀਆਂ ਤੇ ਸਨਮਾਨ ਪ੍ਰਾਪਤ ਕਰਦੇ ਰਹੇ ਹਨ।

ਇਸ ਸੱਭ ਕੁੱਝ ਦਾ ਪਿਛੋਕੜ ਇਹੀ ਹੈ ਕਿ ਕਿਸੇ ਘੱਟ-ਗਿਣਤੀ ਨੂੰ ਇਨਸਾਫ਼ ਬਿਲਕੁਲ ਨਹੀਂ ਦੇਣਾ ਕਿਉਂਕਿ 'ਹਿੰਦੂ ਰਾਸ਼ਟਰ' ਵਿਚ ਗ਼ੈਰ-ਹਿੰਦੂ ਨੂੰ ਮਾਨਤਾ ਹੀ ਕੋਈ ਨਹੀਂ ਦਿਤੀ ਜਾਣੀ ਤੇ ਜਿਹੜਾ ਅਪਣੇ ਆਪ ਨੂੰ ਹਿੰਦੂ ਨਹੀਂ ਕਹਿੰਦਾ, ਉਹਨੂੰ ਕਿਹਾ ਜਾਂਦਾ ਹੈ ਕਿ ਦੇਸ਼ ਛੱਡ ਕੇ ਬਾਹਰ ਚਲਾ ਜਾਵੇ। ਮਹਾਰਾਜਾ ਰਣਜੀਤ ਸਿੰਘ ਦੇ 'ਸਿੱਖ ਰਾਜ' ਵਿਚ ਅਜਿਹਾ ਕਰਨਾ ਤਾਂ ਦੂਰ, ਸੋਚਣਾ ਵੀ ਸੰਭਵ ਨਹੀਂ ਸੀ।

ਫ਼ਰਾਂਸੀਸੀ ਤੇ ਹੋਰ ਵਿਦੇਸ਼ੀ ਜਰਨੈਲ, ਮੁਸਲਮਾਨਾਂ ਤੇ ਹਿੰਦੂਆਂ ਦੇ ਨਾਲ ਨਾਲ, ਸਿੱਖ ਰਾਜ ਦੀ ਅਸਲ ਤਾਕਤ ਸਨ। 'ਹਿੰਦੂ ਰਾਸ਼ਟਰ' ਵਾਲੇ ਕੁੱਝ ਸਿਖਣ ਭਾਵੇਂ ਨਾ ਸਿਖਣ ਪਰ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਦੇ 'ਸਿੱਖ ਰਾਜ' ਬਾਰੇ ਪੜ੍ਹ ਸੁਣ ਤਾਂ ਲੈਣ। ਮੈਨੂੰ ਯਕੀਨ ਹੈ ਕਿ ਇਕ ਵਾਰ ਮੇਰੀ ਗੱਲ ਮੰਨ ਲੈਣ ਤਾਂ ਉਨ੍ਹਾਂ ਦੀ ਸੋਚ ਬਦਲ ਜਾਏਗੀ ਤੇ ਉਹ ਬਹੁਤ ਫ਼ਾਇਦੇ ਵਿਚ ਰਹਿਣਗੇ।