ਮੈਨੂੰ ਮੁੱਖ ਮੰਤਰੀ ਬਣਾ ਦਿਉ, ਸਾਰੀ ਬਿਜਲੀ ਮੁਫ਼ਤ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਬਿਜਲੀ ਦੇ ਨਾਲ-ਨਾਲ ਆਟਾ, ਦਾਲ, ਚਾਵਲ ਵੀ ਮੁਫ਼ਤ ਤੇ ਜੀਵਨ ਰੰਗਲਾ ਤੇ ਸਵਾਦੀ ਸਵਾਦੀ ਬਣਾਉਣ ਲਈ ਹਰ ਰੋਜ਼ ਗੋਲ ਗੱਪੇ, ਚਾਟ, ਕਿਲੋ ਅੰਬ, ਗਨੇਰੀਆਂ ਤੇ ਐਤਵਾਰ ਫ਼ਿਲਮ ਸ਼ੋ ਮੁਫ਼ਤ

Make me CM, all electricity free!

ਸਿਆਸੀ ਪਾਰਟੀਆਂ, ਚੋਣਾਂ ਨੇੜੇ ਆ ਕੇ ਇਹ ਤਾਂ ਦਸਦੀਆਂ ਨਹੀਂ ਕਿ ਪਿਛਲੇ 5-10 ਸਾਲਾਂ ਵਿਚ ਉਨ੍ਹਾਂ ਨੇ ਪੰਜਾਬ ਸਿਰ ਕਰਜ਼ਾ ਕਿੰਨਾ ਘਟਾਇਆ, ਪੰਜਾਬ ਦੇ ਜਾਇਆਂ ਵਿਚੋਂ ਕਿੰਨਿਆਂ ਨੂੰ ਖ਼ੁਦਕੁਸ਼ੀਆਂ ਕਰਨ ਤੋਂ ਬਚਾਇਆ, ਪਿਛਲੀਆਂ ਚੋਣਾਂ ਵਾਲੇ ਅਪਣੇ ਮੈਨੀਫ਼ੈਸਟੋ ਦੀਆਂ ਕਿਹੜੀਆਂ-ਕਿਹੜੀਆਂ ਗੱਲਾਂ ਇਨ-ਬਿਨ ਲਾਗੂ ਕੀਤੀਆਂ ਤੇ ਕਿੰਨੀਆਂ ਕੁ ਅੱਧ ਪਚੱਧੀਆਂ ਤੇ ਕਿੰਨੀਆਂ ਬਿਲਕੁਲ ਵੀ ਨਹੀਂ। ਉਹ ਇਹ ਵੀ ਨਹੀਂ ਦਸਣਗੀਆਂ ਕਿ ਕਿੰਨੇ ਨੌਜੁਆਨਾਂ ਨੂੰ ਉਨ੍ਹਾਂ ਨੇ ਰੁਜ਼ਗਾਰ ਦੇ ਕੇ ਇਥੇ ਟਿਕ ਜਾਣ ਲਈ ਮਨਾ ਲਿਆ ਤੇ ਕਿੰਨੇ ਪੰਜਾਬੀ ਬੱਚੇ, ਨਿਰਾਸ਼ ਹੋ ਕੇ ਵਿਦੇਸ਼ੀ ਧਰਤੀ ਤੇ ਜਾ ਕੇ ਮਜ਼ਦੂਰੀ, ਸਫ਼ਾਈ ਕਰਮਚਾਰੀਆਂ ਵਾਲੇ ਕੰਮ ਕਰ ਕੇ ਜ਼ਲੀਲ ਹੋਣ ਲਈ ਮਜਬੂਰ ਕੀਤੇ?

ਇਹ ਵੀ ਨਹੀਂ ਦਸਣਗੀਆਂ ਕਿ ਪੰਜਾਬ ਦੀ ਰਾਜਧਾਨੀ, ਖੁੱਸੇ ਹੋਏ ਪੰਜਾਬੀ ਇਲਾਕਿਆਂ ਤੇ ਲੁੱਟੇ ਜਾ ਰਹੇ ਪੰਜਾਬ ਦੇ ਪਾਣੀ ਨੂੰ ਬਚਾ ਲੈਣ ਲਈ ਉਨ੍ਹਾਂ ਨੇ ਕੀ ਕੀਤਾ? ਉਹ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇਣਗੇ ਤੇ ਨਾ ਹੀ ਅਪਣੇ ਪਿਛਲੇ ਵਾਅਦਿਆਂ ਦਾ ਲੇਖਾ-ਜੋਗਾ ਹੀ ਕਰਨ ਦੇਣਗੇ। ਉਹ ਇਹ ਵੀ ਨਹੀਂ ਦੱਸਣਗੇ ਕਿ ਆਪ ਉਨ੍ਹਾਂ ਨੇ ਤੇ ਉਨ੍ਹਾਂ ਦੀ ਪਾਰਟੀ ਵਾਲਿਆਂ ਨੇ ਕਿੰਨੇ ਹਜ਼ਾਰ ਕਰੋੜ ਲੁਟਿਆ ਤੇ ਪੰਜ ਸਾਲ ਵਿਚ ਸਰਕਾਰੀ ਜਾਇਦਾਦਾਂ ਵੇਚ ਕੇ, ਆਪ ਕਰੋੜਪਤੀ ਤੋਂ ਅਰਬਪਤੀ ਕਿੰਨੇ ਬਣ ਗਏ? 

ਬਸ ਵੋਟਰਾਂ ਨੂੰ ਅਪਣੇ ਵਲ ਖਿੱਚਣ ਦਾ ਉਨ੍ਹਾਂ ਕੋਲ ਇਕੋ ਹੀ ਸਦਾ ਬਹਾਰ ਮੰਤਰ ਹੈ ਕਿ ਵੋਟਰਾਂ ਨੂੰ ਅਪਣੇ ਵਿਰੋਧੀ ਵਲੋਂ ਪੇਸ਼ ਕੀਤੀ ਕਿਸੇ ‘ਮੁਫ਼ਤ’ ਸੇਵਾ ਦੀ ਪੇਸ਼ਕਸ਼ ਨੂੰ ਦੁਗਣਾ ਤਿਗਣਾ ਕਰ ਕੇ ਇਕ ਚੀਕਦਾ-ਚੀਕਦਾ ਐਲਾਨ ਕਰ ਦਿੰਦੇ ਹਨ ਕਿ,  ਮੇਰਾ ਵਿਰੋਧੀ ਕਹਿੰਦਾ ਹੈ ਕਿ 200 ਯੂਨਿਟ ਬਿਜਲੀ ਮੁਫ਼ਤ ਦੇਵੇਗਾ। ਲਉ ਮੈਂ 300 ਯੂਨਿਟ ਮੁਫ਼ਤ ਦੇਣ ਦਾ ਐਲਾਨ ਕਰਦਾ ਹਾਂ। ਮੇਰਾ ਵਿਰੋਧੀ ਕਹਿੰਦਾ ਹੈ ਕਿ ਆਟਾ ਦਾਲ ਤੇ ਚਾਵਲ ਮੁਫ਼ਤ ਦੇਵੇਗਾ ਤਾਂ ਮੈਂ ਐਲਾਨ ਕਰਦਾ ਹਾਂ ਕਿ ਮੁਫ਼ਤ ਆਟਾ, ਦਾਲ ਤੇ ਚਾਵਲ ਨਾਲ ਮੈਂ ਤੇਲ ਦੀ ਕੇਨੀ ਤੇ ਮਸਾਲਿਆਂ ਨਾਲ ਭਰੀ ਹੋਈ ਲੂਣਕੀ (ਲੂਣ-ਦਾਨੀ) ਵੀ ਮੁਫ਼ਤ ਦੇਵਾਂਗਾ ਕਿਉਂਕਿ ਇਨ੍ਹਾਂ ਬਗ਼ੈਰ ਗ਼ਰੀਬ ਬੰਦਾ, ਆਟਾ ਦਾਲ, ਚਾਵਲ ਨੂੰ ਰਿੰਨ੍ਹੇਗਾ ਕਾਹਦੇ ਨਾਲ?

ਜਿਸ ਕੋਲ ਬੀਤੇ ਵਿਚ ਕੀਤੇ ਕੰਮ ਬਾਰੇ ਦੱਸਣ ਲਈ ਕੁੱਝ ਨਹੀਂ ਹੋਵੇਗਾ, ਉਹ ਵੱਡੀ ਤੋਂ ਵੱਡੀ ਚੀਜ਼ ਮੁਫ਼ਤ ਦੇਣ ਦਾ ਐਲਾਨ ਕਰ ਕੇ ਯਕੀਨ ਕਰਨ ਲੱਗ ਪੈਂਦਾ ਹੈ ਕਿ ਵੋਟਰ ਉਸ ਦੀਆਂ ਮੁਫ਼ਤਖ਼ੋਰੀਆਂ ਦੇ ਲਾਲਚ ਵਿਚ ਆ ਕੇ ਵੋਟਾਂ ਉਸ ਨੂੰ ਦੇ ਦੇਣਗੇ।  ਇਸ ਸਾਰੇ ਵਰਤਾਰੇ ਨੂੰ ਵੇਖ ਕੇ ਮੈਂ ਸੋਚਿਆ ਕਿ ਮੈਂ ਵੀ ਕਿਉਂ ਨਾ ਇਕ ਦੋ ਸ਼ੁਰਲੀਆਂ ਛੱਡ ਕੇ ਚੋਣਾਂ ਵਿਚ ਖੜਾ ਹੋ ਜਾਵਾਂ? ਮੁਫ਼ਤ ਦੇਣ ਦਾ ਕੀ ਐਲਾਨ ਕਰਾਂਗਾ? ਥੋੜਾ ਸੋਚਣ ਮਗਰੋਂ ਮੈਂ ਫ਼ੈਸਲਾ ਕੀਤਾ ਕਿ ਮੈਂ ਐਲਾਨ ਕਰਾਂਗਾ ਕਿ  J ਮੇਰੇ ਕੰਜੂਸ ਵਿਰੋਧੀ ਤਾਂ 200-300 ਯੂਨਿਟਾਂ ਤੋਂ ਅੱਗੇ ਨਹੀਂ ਵੱਧ ਰਹੇ, ਇਸ ਲਈ ਮੈਂ ਪੂਰੀ ਬਿਜਲੀ ਹੀ ਮੁਫ਼ਤ ਕਰ ਦਿਆਂਗਾ, ਜਿੰਨੀ ਚਾਹੇ ਕੋਈ ਵਰਤ ਲਵੇ। ਆਟਾ, ਦਾਲ, ਚਾਵਲ ਤਾਂ ਮੁਫ਼ਤ ਮਿਲਣਗੇ ਹੀ ਪਰ ਕੀ ਗ਼ਰੀਬ ਨੂੰ ਸੁੱਕੀ ਰੋਟੀ ਖਾਣ ਤੋਂ ਬਿਨਾਂ ਹੋਰ ਕਿਸੇ ਖ਼ੁਸ਼ੀ ਦਾ ਅਧਿਕਾਰ ਨਹੀਂ? ਰੋਜ਼-ਰੋਜ਼ ਇਕੋ ਚੀਜ਼ ਖਾ ਕੇ ਮਨ ਊਬ ਜਾਂਦਾ ਹੈ ਤੇ ਸ੍ਰੀਰ ਰੋਟੀ ਤੋਂ ਇਲਾਵਾ ਵੀ ਕੋਈ ਹੋਰ ਮਿੱਠੀ, ਖੱਟੀ ਚੀਜ਼ ਜ਼ਰੂਰ ਮੰਗਦਾ ਹੈ ਜਿਸ ਬਿਨਾਂ ਮਨ ਦੀ ਸੰਤੁਸ਼ਟੀ ਨਹੀਂ ਹੁੰਦੀ। ਸੋ ਹਰ ਗ਼ਰੀਬ ਨੂੰ ਉਪਰਲੀਆਂ ਚੀਜ਼ਾਂ ਦੇ ਨਾਲ-ਨਾਲ 

 1. ਰੋਜ਼ ਸਵੇਰੇ 10 ਵਜੇ ਗੋਲ ਗੱਪਿਆਂ, ਦਹੀਂ ਭਲਿਆਂ ਤੇ ਦਹੀਂ ਪਾਪੜੀਆਂ ’ਚੋਂ ਕਿਸੇ ਇਕ ਚੀਜ਼ ਦੀ ਪਲੇਟ ਬਿਲਕੁਲ ਮੁਫ਼ਤ ਮਿਲਿਆ ਕਰੇਗੀ। ਹਫ਼ਤੇ ਵਿਚ ਇਕ ਦਿਨ ਵੇਰਕਾ ਲੱਸੀ ਵੀ ਮੁਫ਼ਤ ਮਿਲ ਜਾਏਗੀ ਤਾਕਿ ਕੜ੍ਹੀ ਬਣਾ ਸਕਣ।  ਇਸ ਕੰਮ ਲਈ ਸਾਰੇ ਪੰਜਾਬ ਵਿਚ 10 ਹਜ਼ਾਰ ‘ਜਨਤਾ’ ਦੇ ਹਲਵਾਈ ਭਰਤੀ ਕੀਤੇ ਜਾਣਗੇ।

 2. ਮੌਸਮੀ ਫੱਲ ਜਿਵੇਂ ਜਾਮਣੂ, ਗਨੇਰੀਆਂ ਤੇ ਚੂਪਾ ਅੰਬ ’ਚੋਂ ਇਕ-ਇਕ ਕਿਲੋ ਰੋਜ਼ ਹਰ ਗ਼ਰੀਬ ਪ੍ਰਵਾਰ ਨੂੰ ਮੁਫ਼ਤ ਮਿਲੇਗਾ ਤਾਕਿ ਉਹ ਰੋਟੀ ਦੇ ਨਾਲ ਨਾਲ ਖੱਟੇ ਮਿੱਠੇ ਸਵਾਦ ਚੱਖ ਕੇ, ਜੀਵਨ ਦਾ ਅਨੰਦ ਵੀ ਮਾਣ ਸਕਣ। ਹਰ ਤਹਿਸੀਲ ਵਿਚ ਇਸ ਕੰਮ ਲਈ ਪੰਚਾਇਤੀ ਜ਼ਮੀਨਾਂ ਉਤੇ ਵਿਸ਼ੇਸ਼ ਬਾਗ਼ ਲਗਾਏ ਜਾਣਗੇ।

 3. ਹਫ਼ਤੇ ਵਿਚ ਇਕ ਦਿਨ ਨੀਲੇ ਕਾਰਡ ਵਾਲਿਆਂ ਨੂੰ ਫ਼ਿਲਮ ਦਾ ਇਕ ਸ਼ੋਅ ਬਿਲਕੁਲ ਮੁਫ਼ਤ ਵਿਖਾਇਆ ਜਾਏਗਾ।  ਮੇਰੇ ਵਿਰੋਧੀ ਘਬਰਾਹਟ ਵਿਚ ਆ ਕੇ ਕਹਿਣਗੇ ਕਿ ਰੋਜ਼ ਦੇ ਮੁਫ਼ਤ ਭੱਲਿਆਂ, ਗੋਲ ਗੱਪਿਆਂ, ਅੰਬਾਂ, ਗਨੇਰੀਆਂ ਤੇ ਜਾਮਣਾਂ ਦਾ ਖ਼ਰਚਾ ਵੀ ਤਾਂ ਅਰਬਾਂ ਵਿਚ ਆ ਜਾਵੇਗਾ। ਫਿਰ ਕੀ ਹੋਇਆ? ਜਿਨ੍ਹਾਂ ਗ਼ਰੀਬਾਂ ਲਈ ਇਹ ਚੀਜ਼ਾਂ ਚਖਣੀਆਂ ਵੀ ਔਖੀਆਂ ਕਰ ਦਿਤੀਆਂ ਹਨ ਮੇਰੇ ਵਿਰੋਧੀਆਂ ਦੀਆਂ ਸਰਕਾਰਾਂ ਨੇ, ਉਨ੍ਹਾਂ ਦੇ ਚਿਹਰੇ ਤੇ ਰੌਣਕ ਕਿੰਨੀ ਆ ਜਾਏਗੀ ਤੇ ਸੰਤੁਸ਼ਟ ਕਿੰਨੇ ਨਜ਼ਰ ਆਉਣ ਲੱਗਣਗੇ? ਇਕ ਫ਼ਿਲਮ ਸ਼ੋਅ ਵੇਖ ਕੇ ਤਾਂ ਉਹ ਸਾਰੇ ਗ਼ਮ ਹੀ ਭੁਲ ਜਾਣਗੇ। ਕੀ ਬੀਬੀਆਂ ਨੂੰ ਮੁਫ਼ਤ ਬੱਸ ਯਾਤਰਾ ਕਰਵਾ ਕੇ ਰਾਜ ਦਾ ਕੁੱਝ ਵਿਗੜ ਗਿਆ ਹੈ? 

ਮੇਰੇ ਵਿਰੋਧੀ ਕਹਿਣਗੇ, ਏਨੇ ਪੈਸੇ ਕਿਥੋਂ ਲਿਆਵੇਂਗਾ? ਜਿਹੜੇ ਮੇਰੇ ਇਤਿਹਾਸ ਤੇ ਜੁਗਰਾਫ਼ੀਏ ਤੋਂ ਵਾਕਫ਼ ਹਨ, ਉਨ੍ਹਾਂ ਨੁੰ ਪਤਾ ਹੈ ਕਿ ਮੈਂ ‘ਰੋਜ਼ਾਨਾ ਸਪੋਕਸਮੈਨ’ ਵੀ ਏਨੇ ਕੁ ਪੈਸਿਆਂ ਨਾਲ ਹੀ ਸ਼ੁਰੂ ਕੀਤਾ ਸੀ ਕਿ ਮੇਰੇ ਵਿਰੋਧੀ ਸ਼ਰਤਾਂ ਲਾਉਂਦੇ ਸਨ ਕਿ ਛੇ ਮਹੀਨੇ ਨਹੀਂ ਚਲ ਸਕੇਗਾ, ਸਾਲ ਨਹੀਂ ਚਲ ਸਕੇਗਾ। ਉਹ ਗ਼ਲਤ ਨਹੀਂ ਸਨ ਕਹਿੰਦੇ ਕਿਉਂਕਿ ਉਨ੍ਹਾਂ ਨੇ ਇਹੀ ਪੜਿ੍ਹਆ ਹੋਇਆ ਸੀ ਕਿ ਵੱਡੇ ਕੰਮ ਪੈਸੇ ਬਿਨਾਂ ਨਹੀਂ ਕੀਤੇ ਜਾ ਸਕਦੇ। ਉਹ ਨਹੀਂ ਸਮਝਦੇ ਕਿ ਪੈਸਾ ਵੱਡਾ ਨਹੀਂ ਹੁੰਦਾ, ਵਿਚਾਰ ਵੱਡਾ ਹੁੰਦਾ ਹੈ। ਪੈਸਾ ਵੀ ਵੱਡੇ ਵਿਚਾਰ ਦੇ ਹੱਥ ਦੀ ਮੈਲ ਹੁੰਦੀ ਹੈ। 100 ਕਰੋੜੀ ‘ਉੱਚਾ ਦਰ’ ਕੀ ਨਿਰਾ ਪੁਰਾ ਪੈਸੇ ਨਾਲ ਹੀ ਬਣਿਆ ਹੈ? ਨਵੇਂ ਉੱਚੇ ਜਾਂ ਵੱਡੇ ਵਿਚਾਰ ਨੂੰ ਪੈਸਾ ਉਹ ਸ੍ਰਿਸ਼ਟੀ ਦਾ ਮਾਲਕ ਆਪੇ ਦੇ ਦੇਂਦਾ ਹੈ । ਮੇਰੇ ਕੋਲ ਪੈਸਾ ਕਦੇ ਵੀ ਨਹੀਂ ਸੀ ਹੋਇਆ ਪਰ ਵਿਚਾਰ ਬਹੁਤ ਵੱਡੇ ਸਨ ਤੇ ਢੇਰਾਂ ਵਿਚ ਸਨ। 
ਸੋ ਉਪ੍ਰੋਕਤ ਐਲਾਨਾਂ ਨਾਲ ਕੀ ਮੈਂ ਵੋਟਰਾਂ ਨੂੰ ਅਪਣੇ ਵਲ ਖਿੱਚ ਸਕਾਂਗਾ ਕਿ ਨਹੀਂ?

ਪਾਠਕ (ਮੇਰਾ ਮਤਲਬ ਵੋਟਰ) ਅਪਣੀ ਨੇਕ ਰਾਏ ਦੇ ਕੇ ਕ੍ਰਿਤਾਰਥ ਕਰਨ। ਜੇ ਜਿੱਤ ਗਿਆ ਤਾਂ ਸੱਭ ਨੂੰ ਆਟਾ, ਦਾਲ ਦੇ ਨਾਲ-ਨਾਲ ਮੁਫ਼ਤ ਗੋਲ ਗੱਪੇ, ਚਾਟ ਪਾਪੜੀ, ਅੰਬ, ਜਾਮਣੂ ਤੇ ਗਨੇਰੀਆਂ ਮੁਫ਼ਤ ਪੇਸ਼ ਕਰ ਕੇ ਤੇ ਹਰ ਹਫ਼ਤੇ ਫ਼ਿਲਮ ਸ਼ੋ ਵਿਖਾ ਕੇ, 365 ਦਿਨ ਅਥਵਾ ਸਾਰਾ ਸਾਲ, ਜੀਵਨ ਖ਼ੁਸ਼ੀਆਂ ਭਰਪੂਰ, ਰੰਗ ਰੰਗੀਲਾ ਤੇ ਸਵਾਦਿਸ਼ਟ ਬਣਾ ਦਿਆਂਗਾ-- ਫਿਰ ਨੌਕਰੀ ਨਹੀਂ ਵੀ ਲਗਦੀ ਤਾਂ ਵੀ ਚੰਗਾ ਖਾ ਪੀ ਕੇ ਜੀਵਨ ਨੀਰਸ ਤਾਂ ਨਹੀਂ ਲੱਗੇਗਾ। ਮੈਨੂੰ ਤਾਂ ਯਕੀਨ ਹੈ, ਅੱਜ ਦੇ ਬਹੁਤੇ ਗ਼ਰੀਬ, ਇਹ ਸਹੂਲਤਾਂ ਪ੍ਰਾਪਤ ਕਰ ਕੇ ਕਹਿਣਗੇ ਕਿ ਜਦ ਤਕ ਇਹ ਸਾਰੀਆਂ ਮੁਫ਼ਤ ਸਹੂਲਤਾਂ ਦਿਤੀਆਂ ਜਾਣਗੀਆਂ, ਉਹ ਕੰਮ ਰੁਜ਼ਗਾਰ ਮੰਗਣਗੇ ਹੀ ਨਹੀਂ ਕਿਉਂਕਿ ਜੀਵਨ ਉਂਜ ਹੀ ਬੜਾ ਸੌਖਾ ਹੋ ਗਿਆ ਹੈ। ਇਹ ਸੱਭ ਚੀਜ਼ਾਂ ਮੁਫ਼ਤ ਮਿਲਣ ਤੇ, ਕਰਾਈਮ ਕਰਨ ਵਾਲੇ, ਕਰਾਈਮ ਕਰਨਾ ਵੀ ਛੱਡ ਦੇਣਗੇ।

                                                                                                                                                  ਜੋਗਿੰਦਰ ਸਿੰਘ