ਪੰਥਕ ਅਖਬਾਰਾਂ ਨੂੰ ਜਦ ਵੀ ਔਖੀ ਘੜੀ ਵੇਖਣੀ ਪਈ, ਕਿਸੇ ਪੰਥਕ ਸੰਸਥਾ, ਜਥੇਬੰਦੀ ਨੇ ਉਨ੍ਹਾਂ ਨੂੰ ਬਚਾਉਣ ਲਈ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਗਿਆਨੀ ਦਿਤ ਸਿੰਘ ਤੇ ਸਾਧੂ ਸਿੰਘ ਹਮਦਰਦ ਤੋਂ ਬਾਅਦ ਸੱਭ ਤੋਂ ਬੁਰੀ ਸ. ਹੁਕਮ ਸਿੰਘ ਨਾਲ ਕੀਤੀ ਗਈ...

Image: For representation purpose only.

 

ਪਿਛਲੇ 100 ਸਾਲਾਂ ਦਾ ਇਤਿਹਾਸ ਇਹੀ ਦਸਦਾ ਹੈ ਕਿ ਪੰਥਕ ਅਖ਼ਬਾਰਾਂ ਨੂੰ ਹੌਲੀ-ਹੌਲੀ, ਵੇਲੇ ਦੀਆਂ ਸਰਕਾਰਾਂ ਅਪਣੀ ਅਧੀਨਗੀ ਕਬੂਲ ਕਰਨ ਲਈ ਤਿਆਰ ਕਰ ਲੈਂਦੀਆਂ ਹਨ ਕਿਉਂਕਿ ‘ਪੰਥ-ਪੰਥ’ ਕੂਕਣ ਵਾਲੇ ਔਖੇ ਵੇਲੇ ਉਨ੍ਹਾਂ ਦੀ ਮਦਦ ਬਿਲਕੁਲ ਨਹੀਂ ਕਰਦੇ ਤੇ ਸਰਕਾਰਾਂ ਇਸੇ ਵੇਲੇ ਦੀ ਇੰਤਜ਼ਾਰ ਵਿਚ ਰਹਿੰਦੀਆਂ ਹਨ। ਅਸੀ ਵੇਖਿਆ ਕਿ ਸਿੰਘ ਸਭਾ ਦੇ ਬਾਨੀਆਂ ਦੀ ਅਖ਼ਬਾਰ ਅੰਗਰੇਜ਼ ਸਰਕਾਰ ਨੇ ਬੰਦ ਕਰਵਾ ਦਿਤੀ ਤਾਂ ਕਿਸੇ ਸਿੱਖ ਨੇ ਉਨ੍ਹਾਂ ਨੂੰ ਪੰਜ ਰੁਪਏ ਦੀ ਮਦਦ ਵੀ ਨਾ ਦਿਤੀ। ਗਿ. ਦਿਤ ਸਿੰਘ ਕੋਲ ਰਹਿਣ ਲਈ ਘਰ ਵੀ ਕੋਈ ਨਹੀਂ ਸੀ। ਉਹ ਰਾਤ ਨੂੰ ਇਕ ਮੁਸਲਮਾਨ ਹਕੀਮ ਦੇ ਦਵਾਖ਼ਾਨੇ ਵਿਚ ਸੌਂ ਰਹਿੰਦੇ ਤੇ ਬਾਗ਼ ਵਿਚ ਬੈਠ ਕੇ ਤੇ ਲੰਗਰ ਦੀ ਰੋਟੀ ਖਾ ਕੇ ਦਿਨ-ਕਟੀ ਕਰਦੇ ਰਹੇ।

ਸ. ਸਾਧੂ ਸਿੰਘ ਹਮਦਰਦ ਬਾਰੇ ਅਸੀ ਵੇਖਿਆ ਕਿ ਜ਼ਹਿਰ ਖਾ ਕੇ ਮਰਨ ਲਈ ਤਿਆਰ ਹੋ ਗਏ ਜਦ ਐਨ ਆਖ਼ਰੀ ਵੇਲੇ ਇਕ ਕਾਂਗਰਸੀ ਉਨ੍ਹਾਂ ਨੂੰ ਪ੍ਰਤਾਪ ਸਿੰਘ ਕੈਰੋਂ ਕੋਲ ਲੈ ਗਿਆ ਤੇ ਉਨ੍ਹਾਂ ਨੂੰ ਅਕਾਲੀ ਤੋਂ ਕਾਂਗਰਸੀ ਬਣਾ ਕੇ ਮਰਨੋਂ ਵੀ ਬਚਾ ਲਿਆ ਤੇ ਮਾਲਾਮਾਲ ਵੀ ਕਰ ਦਿਤਾ। ਆਜ਼ਾਦ ਹਿੰਦੁਸਤਾਨ ਵਿਚ ਪੰਥਕ ਅਖ਼ਬਾਰ ਦੇਣ ਦੀ ਸੱਭ ਤੋਂ ਵੱਡੀ ਕੋਸ਼ਿਸ਼ ਅਕਾਲੀ ਲੀਡਰ ਸ. ਹੁਕਮ ਸਿੰਘ ਨੇ ਦਿੱਲੀ ਤੋਂ ਕੀਤੀ। ਉਹ ਸੰਵਿਧਾਨ ਘੜਨੀ ਸਭਾ ਦੇ ਮੈਂਬਰ ਵੀ ਰਹਿ ਕੇ ਸਿੱਖਾਂ ਨਾਲ ਕੀਤੇ ਵਾਅਦੇ ਤੋੜਨ ਦੀ ਸਾਰੀ ਕਾਰਵਾਈ ਦੇ ਚਸ਼ਮਦੀਦ ਗਵਾਹ ਸਨ ਤੇ ਚਾਹੁੰਦੇ ਸਨ ਕਿ ਸਿੱਖਾਂ ਦਾ ਪੱਖ ਪੇਸ਼ ਕਰਨ ਵਾਲਾ ਇਕ ਅੰਗਰੇਜ਼ੀ ਅਖ਼ਬਾਰ ਕਢਿਆ ਜਾਏ ਜੋ ਸਿੱਖਾਂ ਦਾ ਕੇਸ ਸਾਰੀ ਦੁਨੀਆਂ ਨੂੰ ਸਮਝਾ ਸਕੇ। ਉਨ੍ਹਾਂ ਅੰਗਰੇਜ਼ੀ ਸਪੋਕਸਮੈਨ ਕਢਿਆ ਪਰ ਅਖ਼ੀਰ ‘ਪੰਥਕਾਂ’ ਦੀ ਬੇਰੁਖ਼ੀ ਵੇਖ ਕੇ ਰੋ ਪਏ ਤੇ ਕਾਂਗਰਸ ਦੀ ਸ਼ਰਨ ਵਿਚ ਚਲੇ ਗਏ....

 

ਅਸੀ ਪਿਛਲੀ ਵਾਰ ਵੇਖਿਆ ਸੀ ਕਿ ਗਿ. ਦਿਤ ਸਿੰਘ ਤੋਂ ਲੈ ਕੇ ਸਾਧੂ ਸਿੰਘ ਹਮਦਰਦ ਤਕ ਜਿਸ ਨੇ ਵੀ ਪੰਥਕ ਅਖ਼ਬਾਰ ਕਢਿਆ, ਉਸ ਨੂੰ ਭਾਰੀ ਔਕੜਾਂ ਵਿਚੋਂ ਲੰਘ ਕੇ ਅਖ਼ੀਰ ਪਰਚਾ ਬੰਦ ਕਰਨਾ ਪਿਆ ਜਾਂ ਵਕਤ ਦੀਆਂ ਸਰਕਾਰਾਂ ਦੀ ਚਰਨ-ਬੋਸੀ ਕਰ ਕੇ ਅਪਣੀ ਨੀਤੀ ਬਦਲਣੀ ਪਈ ਤੇ ‘ਪੰਥ’ ਪ੍ਰਤੀ ਅਪਣੇ ਮਨ ਅੰਦਰਲੇ ਜਜ਼ਬੇ ਨੂੰ ਤਾਲਾ ਮਾਰਨਾ ਪਿਆ ਪਰ ਕੋਈ ਪੰਥਕ ਸੰਸਥਾ ਜਾਂ ਪੰਥਕ ਜੱਥਾ ਉਨ੍ਹਾਂ ਦੇ ਹੱਕ ਵਿਚ ਬਿਆਨ ਦੇਣ ਲਈ ਵੀ ਨਾ ਨਿਤਰਿਆ, ਰੁਪਏ ਪੈਸੇ ਨਾਲ ਮਦਦ ਤਾਂ ਕਿਸੇ ਨੇ ਕੀ ਕਰਨੀ ਸੀ। ਅਸਲ ਵਿਚ ਇਹ ‘ਪੰਥਕ’ ਜਥੇ ਤੇ ਸੰਸਥਾਵਾਂ ਵੀ ਪੰਥਕ ਅਖ਼ਬਾਰਾਂ ਨੂੰ ਅਪਣੀ ਮਸ਼ਹੂਰੀ ਲਈ ਖ਼ੂਬ ਵਰਤਦੀਆਂ ਹਨ ਪਰ ਔਖੇ ਵੇਲੇ ਮਦਦ ਕਿਸੇ ਦੀ ਨਹੀਂ ਕਰਦੀਆਂ। ਸ਼੍ਰੋਮਣੀ ਕਮੇਟੀ ਤਾਂ ਪੰਥ ਲਈ ਕੁੱਝ ਕਰਨ ਵਾਲਿਆਂ ਨੂੰ ਖ਼ਤਮ ਕਰ ਸਕਦੀ ਹੈ, ਮਦਦ ਅਪਣੇ ਮਾਲਕਾਂ ਜਾਂ ਉਨ੍ਹਾਂ ਦੇ ਗੁਮਾਸਤਿਆਂ ਦੀ ਹੀ ਕਰਦੀ ਹੈ।

ਦਰਜਨਾਂ ਮਿਸਾਲਾਂ ਮੈਨੂੰ ਜ਼ਬਾਨੀ ਯਾਦ ਹਨ ਪਰ ਮੈਂ ਤਾਂ ਦੋ ਚਾਰ ਉਘੀਆਂ ਮਿਸਾਲਾਂ ਹੀ ਦੇ ਰਿਹਾ ਹਾਂ। ਇਨ੍ਹਾਂ ’ਚੋਂ ਇਕ ਵੱਡੀ ਮਿਸਾਲ ਹੈ, ਆਜ਼ਾਦ ਭਾਰਤ ਵਿਚ ਅੰਗਰੇਜ਼ੀ ਜ਼ਬਾਨ ਵਿਚ ਪਹਿਲਾ ਸਿੱਖ ਅਖ਼ਬਾਰ ਕੱਢਣ ਲਈ ਨਿਤਰੇ ਸ. ਹੁਕਮ ਸਿੰਘ ਦੀ। ਅਕਾਲੀ ਦਲ ਵਿਚ ਮਾ. ਤਾਰਾ ਸਿੰਘ ਤੋਂ ਬਾਅਦ ਦੂਜਾ ਨਾਂ ਸ. ਹੁਕਮ ਸਿੰਘ ਦਾ ਹੀ ਆਉਂਦਾ ਸੀ। ਸੰਵਿਧਾਨ ਘੜਨੀ ਸਭਾ ਵਿਚ ਜਦ ਸੰਵਿਧਾਨ ਬਣਾਇਆ ਜਾ ਰਿਹਾ ਸੀ ਤਾਂ ਅਕਾਲੀਆਂ ਦੇ ਦੋ ਪ੍ਰਤੀਨਿਧ ਉਸ ਵਿਚ ਸ਼ਾਮਲ ਸਨ -- ਇਕ ਸ. ਹੁਕਮ ਸਿੰਘ ਤੇ ਦੂਜੇ ਸ. ਭੁਪਿੰਦਰ ਸਿੰਘ ਮਾਨ। ਦੋਹਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦੇ ਸੰਵਿਧਾਨ ਵਿਚ ਦਰਜ ਕਰ ਦਿਤੇ ਜਾਣ। ਪਰ ਉਥੇ ਮਾਹੌਲ ਅਜਿਹਾ ਸੀ ਕਿ ਸੰਵਿਧਾਨ ਵਿਚ ਸਿੱਖਾਂ ਨੂੰ ‘ਹਿੰਦੂ’ ਦੱਸਣ ਦੀ ਸਿਰਤੋੜ ਤਿਆਰੀ ਕੀਤੀ ਜਾ ਚੁੱਕੀ ਸੀ। ਕਿਸੇ ਨੇ ਉਨ੍ਹਾਂ ਦੀ ਗੱਲ ਵੀ ਨਾ ਸੁਣੀ। ਅਖ਼ੀਰ ਦੋਹਾਂ ਨੇ ਐਲਾਨ ਕਰ ਦਿਤਾ ਕਿ ਜੇ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਸੰਵਿਧਾਨ ਦੇ ਖਰੜੇ ਉਤੇ ਦਸਤਖ਼ਤ ਨਹੀਂ ਕਰਨਗੇ।

ਕਿਸੇ ਨੇ ਉਨ੍ਹਾਂ ਦੀ ਧਮਕੀ ਦੀ ਕੋਈ ਪ੍ਰਵਾਹ ਨਾ ਕੀਤੀ। ਡਾ: ਅੰਬੇਦਕਰ ਨੇ ਵੀ ਚੁੱਪੀ ਹੀ ਧਾਰੀ ਰੱਖੀ। ਦੋਵੇਂ ਸਿੱਖ ਪ੍ਰਤੀਨਿਧ ਉਠ ਕੇ ਬਾਹਰ ਆ ਗਏ। ਦੋ ਮੁਸਲਮਾਨ ਮੈਂਬਰ ਵੀ ਸਾਰਾ ਮਾਜਰਾ ਵੇਖ ਕੇ ਏਨੇ ਪ੍ਰੇਸ਼ਾਨ ਹੋ ਗਏ ਤੇ ਇਸ ਫ਼ੈਸਲੇ ’ਤੇ ਪੁੱਜੇ ਕਿ ਇਸ ਦੇਸ਼ ਵਿਚ ਜੇ ਹਿੰਦੁਸਤਾਨ ਦੀ ਆਜ਼ਾਦੀ ਲਈ ਸੱਭ ਤੋਂ ਵੱਧ ਕੁਰਬਾਨੀਆਂ ਤੇ ਸ਼ਹੀਦੀਆਂ ਦੇਣ ਵਾਲੇ ਸਿੱਖਾਂ ਨਾਲ ਇਹ ਸਲੂਕ ਹੋ ਰਿਹਾ ਹੈ ਤਾਂ ਮੁਸਲਮਾਨਾਂ ਦੀ ਇਨ੍ਹਾਂ ਨੇ ਕੀ ਸੁਣਨੀ ਹੈ? ਉਹ ਏਨੇ ਉਦਾਸ ਹੋ ਗਏ ਕਿ ਸਿੱਧੇ ਪਾਕਿਸਤਾਨ ਚਲੇ ਗਏ ਤੇ ਉਥੇ ਹੀ ਰਹਿਣ ਲੱਗ ਪਏ ਤੇ ਬਿਆਨ ਦਿਤੇ ਕਿ ਪਹਿਲਾਂ ਉਹਨਾਂ ਨੂੰ ਜਿਹੜੀ ਗ਼ਲਤ-ਫ਼ਹਿਮੀ ਹੋ ਗਈ ਸੀ ਕਿ ਹਿੰਦੁਸਤਾਨ ਵਿਚ ਧਰਮ ਦੀ ਬਿਨਾਅ ਤੇ ਕਿਸੇ ਨਾਲ ਵਿਤਕਰਾ ਨਹੀਂ ਹੋਵੇਗਾ, ਉਹ ਗ਼ਲਤ-ਫ਼ਹਿਮੀ ਉਨ੍ਹਾਂ ਦੀ ਦੂਰ ਹੋ ਗਈ ਹੈ ਤੇ ਉਹ ਪਸ਼ਚਾਤਾਪ ਕਰਨ ਲਈ ਹੀ ਪਾਕਿਸਤਾਨ ਆ ਗਏ ਹਨ।
ਸ. ਹੁਕਮ ਸਿੰਘ ਏਨੀ ਜਲਦੀ ਘਬਰਾ ਜਾਣ ਵਾਲੇ ਨਹੀਂ ਸਨ।

ਸਰਦਾਰ ਜੀ ਇਸ ਨਤੀਜੇ ’ਤੇ ਪਹੁੰਚੇ ਕਿ ਸਿੱਖਾਂ ਦਾ ਕੇਸ ਤਾਂ ਮਜ਼ਬੂਤ ਹੈ ਪਰ ਇਸ ਨੂੰ ਪੰਜਾਬੀ ਅਖ਼ਬਾਰਾਂ ਵਿਚ ਹੀ ਛਾਪਿਆ ਜਾਂਦੈ ਜਦਕਿ ਜੇ ਅੰਗਰੇਜ਼ੀ ਦਾ ਇਕ ਵੱਡਾ ਅਖ਼ਬਾਰ ਦਿੱਲੀ ਤੋਂ ਕਢਿਆ ਜਾਵੇ ਜਿਸ ਵਿਚ ਸਿੱਖਾਂ ਦਾ ਪੱਖ ਠੀਕ ਤਰ੍ਹਾਂ ਸਮਝਾਇਆ ਜਾਵੇ ਤੇ ਇਥੇ (ਦਿੱਲੀ ਵਿਚ) ਵਿਦੇਸ਼ੀ ਰਾਜਦੂਤਾਂ ਤੇ ਵਿਦੇਸ਼ੀ ਅਖ਼ਬਾਰਾਂ ਵਾਲਿਆਂ ਨੂੰ ਵੀ ਪੜ੍ਹਾਇਆ ਜਾਵੇ ਤਾਂ ਸਿੱਖਾਂ ਲਈ ਕਾਫ਼ੀ ਹਮਦਰਦੀ ਪੈਦਾ ਕੀਤੀ ਜਾ ਸਕਦੀ ਹੈ। ਪੇਸ਼ੇ ਵਜੋਂ ਉਹ ਵਕੀਲ ਸਨ ਤੇ ਦਲੀਲ ਨਾਲ ਸਿੱਖਾਂ ਦਾ ਕੇਸ ਪੇਸ਼ ਕਰਨਾ ਉਨ੍ਹਾਂ ਨੂੰ ਆਉਂਦਾ ਸੀ। ਪੈਸਾ ਉਨ੍ਹਾਂ ਕੋਲ ਨਹੀਂ ਸੀ ਪਰ ਉਨ੍ਹਾਂ ਨੂੰ ਯਕੀਨ ਸੀ ਕਿ ਦਿੱਲੀ ਵਿਚ ਕਾਫ਼ੀ ਅਮੀਰ ਸਿੱਖ ਰਹਿੰਦੇ ਸਨ ਤੇ ਆਮ ਸਿੱਖ ਵੀ ਪੰਥਕ ਅਖ਼ਬਾਰ ਲਈ ਕਾਫ਼ੀ ਮਾਇਆ ਦੇ ਸਕਦੇ ਹਨ। ਸੋ ਉਨ੍ਹਾਂ ਨੇ 1950 ਵਿਚ ਸਪਤਾਹਕ ‘ਸਪੋਕਸਮੈਨ’ ਅੰਗਰੇਜ਼ੀ ਵਿਚ ਸ਼ੁਰੂ ਕਰ ਦਿਤਾ। 25 ਸਾਲ ਉਨ੍ਹਾਂ ਅਣਥੱਕ ਮਿਹਨਤ ਕੀਤੀ ਕਿ ਇਹ ਅੰਗਰੇਜ਼ੀ ਦਾ ਪਹਿਲਾ ਸਿੱਖ ਅਖ਼ਬਾਰ ਬਣ ਜਾਏ। ਇਸ ਦੀਆਂ ਲਿਖਤਾਂ ਬੜੀਆਂ ਜਾਨਦਾਰ ਹੁੰਦੀਆਂ ਸਨ। ਸਰਕਾਰ ਡਰੀ ਵੀ ਪਰ ਉਸ ਨੇ ਪੁਲਿਸ ਰਾਹੀਂ ਉਨ੍ਹਾਂ ਸਿੱਖਾਂ ’ਤੇ ਨਜ਼ਰ ਰਖਣੀ ਸ਼ੁਰੂ ਕਰ ਦਿਤੀ ਜੋ ਸਪੋਸਕਮੈਨ ਨੂੰ ਅਪਣੇ ਘਰਾਂ, ਦਫ਼ਤਰਾਂ ਜਾਂ ਦੁਕਾਨਾਂ ਵਿਚ ਰਖਦੇ ਸਨ। ਵਪਾਰੀ ਸਿੱਖ ਡਰ ਗਏ ਤੇ ਜਿਹੜੀ ਥੋੜੀ ਬਹੁਤ ਮਦਦ ਉਹ ਇਸ ਪਰਚੇ ਦੀ ਕਰਦੇ ਸੀ, ਉਹ ਵੀ ਬੰਦ ਕਰ ਦਿਤੀ।

ਮੈਂ ‘ਪੰਜ ਪਾਣੀ’ ਕਢਦਾ ਸੀ ਜਦ ਚੰਡੀਗੜ੍ਹ ਵਿਚ, ਸ: ਹੁਕਮ ਸਿੰਘ ਦੇ ਕਿਸੇ ਰਿਸ਼ਤੇਦਾਰ ਦੇ ਘਰ ਇਕ ਸਮਾਗਮ ਵਿਚ ਉਨ੍ਹਾਂ ਨੂੰ ਮਿਲਿਆ। ਘਰ ਵਾਲਿਆਂ ਨੇ ‘ਪੰਜ ਪਾਣੀ’ ਦੀ ਤੇ ਮੇਰੀ ਲਿਖਤ ਦੀ ਬੜੀ ਤਾਰੀਫ਼ ਕੀਤੀ। ਮੈਂ ਖ਼ੁਸ਼ੀ ਵਿਚ ਕਹਿ ਬੈਠਾ, ‘‘ਇਸ ਨੂੰ ਅੰਗਰੇਜ਼ੀ ਤੇ ਪੰਜਾਬੀ ਦੇ ਦੋ ਵੱਡੇ ਸਿੱਖ ਅਖ਼ਬਾਰ ਬਣਾਉਣ ਦਾ ਟੀਚਾ ਮਿਥ ਕੇ ਕੰਮ ਕਰ ਰਿਹਾ ਹਾਂ।’’ ਸ. ਹੁਕਮ ਸਿੰਘ ਦੇ ਅਥਰੂ ਨਿਕਲ ਆਏ। ਇਕ ਪਾਸੇ ਹੱਟ ਕੇ ਰੁਮਾਲ ਨਾਲ ਅਥਰੂ ਸਾਫ਼ ਕਰਦੇ ਹੋਏ ਫਿਰ ਮੇਰੇ ਵਲ ਆਏ, ਮੇਰੇ ਮੋਢੇ ’ਤੇ ਹੱਥ ਰਖਿਆ ਤੇ ਗਿੱਲੀਆਂ ਅੱਖਾਂ ਨਾਲ ਹੀ ਬੋਲੇ, ‘‘ਵਾਹਿਗੁਰੂ ਤੁਹਾਨੂੰ ਸਫ਼ਲ ਕਰੇ ਪਰ ਇਹ ਕੌਮ ਬੜੀ..... ਕਿਸੇ ਨੇਕ ਕੰਮ ਲਈ ਮਦਦ ਨਹੀਂ ਕਰਦੀ.... ਰੱਬ ਰਾਖਾ।’’ ਉਹ ਵੀ ਫਿਰ ਕਾਂਗਰਸ ਦੇ ਨੇੜੇ ਜਾ ਕੇ, ਗਵਰਨਰ ਲੱਗ ਗਏ ਸਨ। ਮੈਂ ਉਨ੍ਹਾਂ ਦੇ ਦਰਦ ਨੂੰ ਆਪ ਵੀ ਬੜੀ ਵਾਰੀ ਹੰਢਾਇਆ ਜਦ ਮੈਂ ਸਪੋਕਸਮੈਨ ਦੀ ਕਮਾਨ 1994 ਵਿਚ ਸੰਭਾਲ ਲਈ। ਉਸ ਬਾਰੇ ਗੱਲ ਅਗਲੀ ਵਾਰ ਕਰਾਂਗੇ।
(ਚਲਦਾ)