ਪੰਜਾਬ ਦੀ 'ਆਪ' ਪਾਰਟੀ ਬਾਦਲ ਅਕਾਲੀ ਦਲ ਦੀ ਡਗਰ ਤੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਆਪ ਦੀ ਬੱਲੇ ਬੱਲੇ ਹੋ ਜਾਣੀ ਸੀ

Harpal Singh Cheema

ਮੁਹਾਲੀ:ਅਜਕਲ ਇਕੋ ਮਸਲਾ ਪ੍ਰਧਾਨ ਹੈ-- ਪੰਜਾਬ ਦੇ ਕਿਸਾਨਾਂ ਨੂੰ ਖ਼ਤਮ ਹੋਣੋਂ ਕਿਵੇਂ ਬਚਾਇਆ ਜਾਵੇ। ਕਿਸਾਨ ਨਾ ਬਚਿਆ ਤਾਂ ਪੰਜਾਬ ਵੀ ਨਹੀਂ ਬਚੇਗਾ। ਪੰਜਾਬ ਨਾ ਬਚਿਆ ਤਾਂ ਸਿੱਖੀ ਤੇ ਸਿੱਖਾਂ ਦਾ ਵੀ ਇਥੇ ਉਹੀ ਹਾਲ ਹੋ ਜਾਵੇਗਾ ਜੋ 'ਸਿੱਖ ਰਾਜ' ਵਾਲੇ ਇਲਾਕੇ ਅਰਥਾਤ ਪਾਕਿਸਤਾਨ ਅਤੇ ਕਸ਼ਮੀਰ ਵਿਚ ਹੋਇਆ ਪਿਆ ਹੈ-- ਕੋਈ ਤਾਕਤ ਨਹੀਂ, ਕੋਈ ਭਵਿੱਖ ਨਹੀਂ, ਕੋਈ ਆਜ਼ਾਦੀ ਨਹੀਂ। ਹਿੰਦੁਸਤਾਨ ਦੇ ਵੱਡੇ ਸਰਮਾਏਦਾਰ ਤੇ ਪੰਜਾਬੀ ਸੂਬੇ (ਯਾਨੀ ਇਕੋ ਇਕ ਸਿੱਖ ਬਹੁਗਿਣਤੀ ਵਾਲੇ ਰਾਜ) ਨੂੰ ਕੈਰੀ ਅੱਖ ਨਾਲ ਵੇਖਣ ਵਾਲੇ, ਇਹੀ ਕੁੱਝ ਕਰਨ ਲਈ ਹੱਥ ਮਿਲਾ ਚੁੱਕੇ ਹਨ।

ਅਜਿਹੀ ਹਾਲਤ ਵਿਚ ਜ਼ਰੂਰਤ ਇਸ ਗੱਲ ਦੀ ਹੈ ਕਿ ਪੰਜਾਬ, ਪੰਜਾਬੀ, ਸਿੱਖਾਂ ਤੇ ਸਿੱਖੀ ਦੇ ਸਾਰੇ ਹਮਦਰਦ ਦਿਲੋਂ ਜੁੜ ਕੇ ਇਸ ਹਮਲੇ ਨੂੰ ਨਾਕਾਮ ਕਰਨ ਤੇ ਬਹਾਨੇਬਾਜ਼ੀ ਵਾਲੀ ਸਿਆਸਤ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰਨ। ਮਤਭੇਦ ਅੰਦਰ ਬਹਿ ਕੇ ਵਿਚਾਰੇ ਜਾ ਸਕਦੇ ਹਨ ਪਰ ਬਾਹਰ ਸਿਰਫ਼ ਇਹ ਦਸਣਾ ਚਾਹੀਦਾ ਹੈ ਕਿ ਕਿਸਾਨ ਦੀ ਲੜਾਈ ਸਾਰੇ ਪੰਜਾਬ ਦੀ ਲੜਾਈ ਹੈ। ਬੀਜੇਪੀ ਨੇਤਾ ਸੁਰਜੀਤ ਕੁਮਾਰ ਜਿਆਣੀ ਦਾ ਬਿਆਨ ਇਸ ਗੱਲ ਦੀ ਗਵਾਹੀ ਦੇਂਦਾ ਹੈ ਕਿ ਸੱਚ ਨੂੰ ਹਕੂਮਤੀ ਜ਼ੋਰ ਜਬਰ ਨਾਲ ਕਿੰਨਾ ਵੀ ਢੱਕ ਲਉ, ਉਹ ਸੌ ਪਰਦੇ ਪਾੜ ਕੇ ਵੀ ਬਾਹਰ ਨਿਕਲ ਆਏਗਾ ਤੇ ਤੁਹਾਡੇ ਅਪਣਿਆਂ ਦੇ ਸੀਨੇ ਪਾੜ ਕੇ ਨਿਕਲ ਆਏਗਾ।

ਅਕਾਲੀਆਂ ਕੋਲੋਂ ਇਸ ਹਮਲੇ ਨੂੰ ਪਛਾੜਨ ਵਿਚ ਕੋਈ ਮਦਦ ਮਿਲਣ ਦੀ ਆਸ ਕਰਨਾ, ਉਨ੍ਹਾਂ ਨਾਲ ਅਨਿਆਂ ਕਰਨਾ ਹੀ ਹੋਵੇਗਾ। ਉਹ ਬੜੀ ਦੇਰ ਤੋਂ ਬੀਜੇਪੀ ਨਾਲ ਪਤੀ ਪਤਨੀ ਵਾਲਾ ਸਬੰਧ ਐਲਾਨੀਆ ਬਣਾਈ ਬੈਠੇ ਹਨ। ਕਿਸਾਨੀ ਨਾਲ ਸਬੰਧਤ ਕਾਲੇ ਕਾਨੂੰਨਾਂ ਦੀ ਵੀ ਗੱਲ ਕਰੀਏ ਤਾਂ ਬਾਦਲ ਅਕਾਲੀ ਦਲ ਵਾਲਿਆਂ ਦਾ ਪ੍ਰਤੀਨਿਧ, ਕੇਂਦਰੀ ਮੰਤਰੀ ਮੰਡਲ ਵਿਚ, ਆਪ ਕਾਲਾ ਆਰਡੀਨੈਂਸ ਜਾਰੀ ਕਰਨ ਦੇ ਫ਼ੈਸਲੇ ਤੇ ਦਸਤਖ਼ਤ ਕਰਦਾ ਹੈ ਤੇ ਅਕਾਲੀ ਲੀਡਰ, ਕਾਲੇ ਕਾਨੂੰਨ ਦੇ ਹੱਕ ਵਿਚ ਪ੍ਰਚਾਰ ਵੀ ਕਰਦੇ ਰਹੇ ਪਰ ਜੇ ਅੱਜ ਅਕਾਲੀ 'ਪੱਲੇ ਤੈਂਢੇ ਲਾਗੀ' ਵਾਲਾ ਪੱਲਾ ਛੱਡ ਕੇ ਤੇ 'ਤਲਾਕ ਤਲਾਕ' ਦਾ ਰੱਟਾ ਲਾ ਕੇ, ਬੜੀਆਂ ਉੱਚੀਆਂ ਗੱਲਾਂ ਕਰ ਰਹੇ ਹਨ ਤਾਂ ਇਸ ਨੂੰ ਇਸ ਤਰ੍ਹਾਂ ਹੀ ਲੈਣਾ ਚਾਹੀਦਾ ਹੈ ਜਿਵੇਂ ਤਲਾਕ ਦਾ ਨੋਟਿਸ ਦੇਣ ਵਾਲੀ ਬੀਬੀ, ਕਈ ਵਾਰ, ਪਤੀ ਨੂੰ ਖ਼ੂਬ ਬੁਰਾ ਭਲਾ ਕਹਿੰਦੀ ਹੋਈ ਵੀ, ਦਿਲੋਂ ਇਹ ਵੀ ਚਾਹੁੰਦੀ ਹੈ ਕਿ ਕੋਈ ਵਿਚਲਾ ਰਾਹ ਨਿਕਲ ਆਵੇ ਤੇ ਉਹ ਫਿਰ ਤੋਂ ਪਤੀ ਦੀ ਸੇਜ 'ਤੇ ਜਾ ਲੇਟੇ। ਅਕਾਲੀ ਦਲ (ਬਾਦਲ) ਵਾਲੇ ਇਹੀ ਕੁੱਝ ਕਰ ਰਹੇ ਹਨ ਤੇ ਹਰ ਕੋਈ ਜਾਣਦਾ ਹੈ, ਉਨ੍ਹਾਂ ਦਾ ਦਿਲ ਕਿਥੇ ਹੈ।

ਉਹ ਕਾਂਗਰਸ ਸਰਕਾਰ ਨੂੰ ਪਹਿਲਾਂ ਸੌ ਗਾਲਾਂ ਕੱਢੇ ਬਿਨਾਂ, ਬੀਜੇਪੀ ਸਰਕਾਰ ਨੂੰ ਇਕ ਗਾਲ ਵੀ ਨਹੀਂ ਕੱਢ ਸਕਦੇ। ਇਹ ਉਨ੍ਹਾਂ ਦੀ ਮਜਬੂਰੀ ਹੈ ਜਿਸ ਨੂੰ ਉਹ ਅਪਣੀ 'ਰਾਜਨੀਤੀ' ਕਹਿੰਦੇ ਹਨ। 'ਆਪ' ਪਾਰਟੀ ਨੇ ਪਿਛਲੀਆਂ ਚੋਣਾਂ ਵਿਚ ਅਕਾਲੀਆਂ ਦੀ ਥਾਂ ਆਪ ਮੱਲ ਕੇ, ਇਤਿਹਾਸ ਰਚ ਦਿਤਾ ਪਰ ਹੁਣ ਕਿਸਾਨਾਂ ਦੇ ਮਾਮਲੇ ਤੇ ਉਹ ਜਿਸ ਤਰ੍ਹਾਂ ਅਕਾਲੀ ਡਗਰ ਤੇ ਚਲ ਰਹੀ ਹੈ, ਮੈਨੂੰ ਹੈਰਾਨੀ ਨਹੀਂ ਹੋਵੇਗੀ ਜੇ ਉਹ ਇਸ ਵਾਰ ਤੀਜੇ ਚੌਥੇ ਨੰਬਰ 'ਤੇ ਆ ਕੇ ਵੀ ਨਵਾਂ ਇਤਿਹਾਸ ਸਿਰਜ ਜਾਂਦੀ ਹੈ। ਮੈਂ ਟੀ.ਵੀ. ਤੇ 'ਆਪ' ਦੇ ਦੋ ਹੋਣਹਾਰ ਐਮ.ਐਲ.ਏਜ਼. ਬੀਬੀ ਬਲਜਿੰਦਰ ਕੌਰ ਤੇ ਕੁਲਤਾਰ ਸਿੰਘ ਸੰਧਵਾਂ ਨੂੰ ਬੋਲਦਿਆਂ ਵੇਖਿਆ। ਕਿਸਾਨਾਂ ਨਾਲ ਹੋਏ ਕੇਂਦਰ ਦੇ ਧੱਕੇ ਦੀ ਗੱਲ ਕਰਦਿਆਂ ਉਹ ਅਕਾਲੀਆਂ ਵਾਂਗ ਹੀ ਬੜੇ ਜੋਸ਼ ਨਾਲ ਬੋਲਦੇ ਹਨ ਪਰ ਜਦੋਂ ਉਨ੍ਹਾਂ ਨੂੰ ਇਹ ਪੁਛਿਆ ਜਾਂਦਾ ਹੈ ਕਿ ਤੁਸੀ ਫਿਰ ਦਿੱਲੀ ਦੇ ਧਰਨੇ ਵਿਚ ਕਿਉਂ ਨਾ ਗਏ ਤਾਂ ਉਨ੍ਹਾਂ ਦਾ ਹਾਲ ਇਸ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਸਕੂਲ ਵਿਚ ਮਾਸਟਰ ਕੋਈ ਸਵਾਲ ਪੁੱਛ ਰਿਹਾ ਹੋਵੇ ਤੇ ਬੱਚੇ ਨੂੰ ਜਵਾਬ ਸੁਝ ਨਾ ਰਿਹਾ ਹੋਵੇ। ਪਹਿਲਾਂ ਕਹਿੰਦੇ ਹਨ, ''ਸਾਨੂੰ ਬੁਲਾਇਆ ਨਹੀਂ ਸੀ ਗਿਆ''... ਫਿਰ ਬਹਾਨਾ ਘੜਦੇ ਹੋਏ ਕਹਿੰਦੇ ਹਨ, ''ਭਲਾ ਰਾਸ਼ਟਰਪਤੀ ਕੋਲ ਜਾਣ ਦਾ ਕੀ ਫ਼ਾਇਦਾ?

ਪ੍ਰਧਾਨ ਮੰਤਰੀ ਕੋਲ ਜਾਂਦੇ ਤਾਂ ਅਸੀ ਵੀ ਚਲੇ ਜਾਂਦੇ...।'' ਇਸ ਨਾਲ ਵੀ ਗੱਲ ਬਣਦੀ ਨਹੀਂ ਦਿਸਦੀ ਤਾਂ ਕਹਿੰਦੇ ਹਨ, ''ਜਿਹੜੇ ਬਿਲ ਪਾਸ ਕੀਤੇ ਗਏ ਹਨ, ਉਹ ਸਾਨੂੰ ਇਕ ਘੰਟਾ ਪਹਿਲਾਂ ਵੀ ਨਾ ਵਿਖਾਏ ਗਏ...।'' ਬੀਜੇਪੀ ਦੇ ਪ੍ਰਤੀਨਿਧਾਂ ਦੀ ਤਾਂ ਗੱਲ ਹੀ ਨਾ ਕਰੋ। ਉਹ ਅਕਾਲੀਆਂ ਬਾਰੇ ਕਹਿਣਗੇ, ''ਇਨ੍ਹਾਂ ਨੂੰ ਪਹਿਲਾਂ ਇਹ ਕਾਨੂੰਨ ਚੰਗੇ ਲੱਗੇ ਸਨ, ਫਿਰ ਪਤਾ ਨਹੀਂ ਕਿਉਂ ਉਲਟ ਗਏ।'' ਕਾਂਗਰਸ ਬਾਰੇ ਕਹਿਣਗੇ, ''ਇਹ ਤਾਂ ਆਪ ਧੜਿਆਂ ਵਿਚ ਵੰਡੀ ਹੋਈ ਹੈ ਤੇ ਅਪਣੇ ਮੈਨੀਫ਼ੈਸਟੋ ਵਿਚ ਅਜਿਹੇ ਕਾਨੂੰਨ ਬਣਾਉਣ ਦੀ ਗੱਲ ਲਿਖਤੀ ਤੌਰ 'ਤੇ ਕਰ ਚੁੱਕੀ ਹੈ।'' ਯਾਰੋ, ਕੀ ਝਗੜਾ, ਕਾਂਗਰਸ, ਬੀਜੇਪੀ ਤੇ ਅਕਾਲੀਆਂ ਵਿਚਕਾਰ ਹੀ ਹੈ? ਚਲੋ ਸਾਰੀਆਂ ਪਾਰਟੀਆਂ ਤੇ ਉਨ੍ਹਾਂ ਦੇ ਆਗੂ ਗ਼ਲਤ ਹੀ ਸਹੀ ਪਰ, ਇਸ ਵੇਲੇ ਮਸਲਾ ਕਿਸਾਨਾਂ ਦਾ ਹੈ। ਉਨ੍ਹਾਂ ਦੀ ਗੱਲ ਕਰੋ। ਉਨ੍ਹਾਂ ਨੇ ਕਦੋਂ ਇਨ੍ਹਾਂ ਕਾਨੂੰਨਾਂ ਨੂੰ ਪਸੰਦ ਕੀਤਾ ਸੀ ਜਾਂ ਇਨ੍ਹਾਂ ਦੀ ਮੰਗ ਕੀਤੀ ਸੀ? ਪਾਰਟੀਆਂ, ਉਨ੍ਹਾਂ ਤੋਂ ਉਪਰ ਨਹੀਂ, ਉਨ੍ਹਾਂ ਦੀਆਂ ਸੇਵਾਦਾਰ ਹਨ। ਸਰਕਾਰਾਂ ਵੀ ਜਨਤਾ ਦੀਆਂ ਸੇਵਾਦਾਰ ਹੀ ਹੁੰਦੀਆਂ ਹਨ, ਅਪਣੇ ਕਾਨੂੰਨ ਜਬਰੀ ਨਹੀਂ ਠੋਸਦੀਆਂ। ਤੁਸੀ ਪਾਰਟੀਆਂ ਵਾਲੇ ਦੂਸ਼ਣਬਾਜ਼ੀ ਨੂੰ ਗੇਂਦ ਬਣਾ ਕੇ ਆਪਸ ਵਿਚ ਹੀ ਕਿਉਂ ਖੇਡੀ ਜਾਂਦੇ ਹੋ?

ਜਦੋਂ ਪੰਜਾਬ ਨੂੰ ਅੱਗ ਲੱਗੀ ਹੋਵੇ ਤਾਂ ਸੱਦੇ ਦੀ ਉਡੀਕ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਤਮਾਸ਼ਬੀਨ। ਫ਼ਿਕਰਮੰਦ ਲੋਕ ਤਾਂ ਆਪੇ ਬਾਲਟੀਆਂ ਚੁਕ ਕੇ ਦੌੜਨ ਲਗਦੇ ਹਨ। ਸਿਆਸਤ ਦੀ ਜਿਸ ਨੂੰ ਜ਼ਰਾ ਵੀ ਸਮਝ ਹੋਵੇਗੀ, ਉਹ ਇਹ ਜ਼ਰੂਰ ਸਮਝਦਾ ਹੋਵੇਗਾ ਕਿ ਅਜਿਹੇ ਸਮੇਂ ਲੋਕਾਂ ਦੀ ਹਮਦਰਦੀ ਜਿੱਤਣ ਲਈ ਹਰ ਸਿਆਣੀ ਪਾਰਟੀ ਅੱਗੇ ਹੋ ਕੇ ਵਿਖਾਂਦੀ ਹੈ, ਬਹਾਨੇ ਨਹੀਂ ਘੜਦੀ। ਉਨ੍ਹਾਂ ਦਾ ਠੀਕ ਸਟੈਂਡ ਇਹੀ ਹੋਣਾ ਚਾਹੀਦਾ ਸੀ ਕਿ ''ਅਸੀ ਕੈਪਟਨ ਸਰਕਾਰ ਨਾਲ ਹੋਰ ਮਸਲਿਆਂ ਤੇ ਲੜ ਰਹੇ ਹਾਂ ਤੇ ਲੜਦੇ ਰਹਾਂਗੇ ਵੀ ਪਰ ਜੇ ਇਹ ਕਿਸਾਨਾਂ ਦੇ ਹੱਕ ਵਿਚ ਤੇ ਕੇਂਦਰ ਵਿਰੁਧ ਰੋਸ ਦਾ ਜਨਤਕ ਪ੍ਰਗਟਾਵਾ ਕਰਦੀ ਹੈ ਤਾਂ ਹੋਰ ਸੱਭ ਗੱਲਾਂ ਭੁੱਲ ਕੇ, ਕਿਸਾਨਾਂ ਦੀ ਖ਼ਾਤਰ, ਇਸ ਦੀ ਆਵਾਜ਼ ਵਿਚ ਅਪਣੀ ਆਵਾਜ਼ ਜ਼ਰੂਰ ਸ਼ਾਮਲ ਕਰਾਂਗੇ।'' ਇਸ ਨਾਲ 'ਆਪ' ਦੀ ਸਿਧਾਂਤਵਾਦੀ ਰਾਜਨੀਤੀ ਦੀ ਤੂਤੀ ਵੱਜ ਜਾਣੀ ਸੀ।

ਬੈਂਸ ਭਰਾ, ਡੈਮੋਕਰੇਟਿਕ ਅਕਾਲੀ-ਦਲ ਤੇ ਖਹਿਰਾ ਵੀ ਤਾਂ ਗਏ ਹੀ ਸਨ। ਉਨ੍ਹਾਂ ਦੀ ਵਾਹਵਾ ਹੋਈ ਕਿ ਨਾ? ਇਨ੍ਹਾਂ ਦੀ ਵੀ ਹੋ ਜਾਂਦੀ। ਹੋਰ ਵੀ ਜ਼ਿਆਦਾ ਹੋ ਜਾਂਦੀ ਜੇ ਇਹ ਅਪਣੇ 'ਧਰਨਿਆਂ ਦੇ ਬਾਦਸ਼ਾਹ ਕੇਜਰੀਵਾਲ' ਨੂੰ ਨਾਲ ਲੈ ਕੇ, ਇਕ ਗਵਾਂਢੀ ਸੂਬੇ ਦੇ ਮੁੱਖ ਮੰਤਰੀ, ਵਿਧਾਨਕਾਰਾਂ ਤੇ ਸਾਂਸਦਾਂ ਦਾ 'ਸਵਾਗਤ' ਹੀ ਉਸ ਕੋਲੋਂ ਕਰਵਾ ਦੇਂਦੇ ਤੇ ਚਾਹ ਦਾ ਇਕ ਇਕ ਕੱਪ ਹੀ ਉਥੇ ਵਰਤਾ ਦੇਂਦੇ। ਮੀਡੀਏ ਨੇ ਇਸ ਨੂੰ 'ਬਰੇਕਿੰਗ ਨਿਊਜ਼' ਬਣਾ ਕੇ ਉਛਾਲਣਾ ਸੀ ਤੇ ਕਾਂਗਰਸ ਦੇ ਸ਼ੋਅ ਵਿਚ, ਅਸਲ ਮਸ਼ਹੂਰੀ 'ਆਪ' ਨੂੰ ਮਿਲ ਜਾਣੀ ਸੀ। ਪਰ ਅਕਾਲੀਆਂ ਦੀ ਡਗਰ ਤੇ ਚਲ ਕੇ 'ਆਪ' ਨੇ ਕੀ ਖਟਿਆ? 5 ਤਾਰੀਖ਼ ਨੂੰ ਅੰਮ੍ਰਿਤਸਰ ਵਿਚ ਕਿਸਾਨਾਂ ਨੇ 'ਆਪ' ਦੇ ਕੁੱਝ ਲੀਡਰਾਂ ਨੂੰ ਧੱਕੇ ਮਾਰ ਕੇ ਬਾਹਰ ਕਢਿਆ ਤੇ ਅਪਣੇ ਨਾਲ ਨਾ ਬੈਠਣ ਦਿਤਾ। ਰਾਜਨੀਤੀ ਵਿਚ ਬਹਾਨੇਬਾਜ਼ੀਆਂ ਹਾਰੇ ਹੋਏ ਜੁਆਰੀ ਹੀ ਪੇਸ਼ ਕਰਦੇ ਹਨ ਤੇ ਮੌਕੇ ਦਾ ਠੀਕ ਲਾਭ ਸਿਆਣੇ ਲੋਕ ਲੈ ਜਾਂਦੇ ਹਨ।

ਪੰਜਾਬੀ ਸਿਆਣਪ ਇਸ ਦੀਆਂ ਲੋਕ ਕਥਾਵਾਂ ਵਿਚ ਭਰੀ ਪਈ ਹੈ। ਉਹੀ ਪੜ੍ਹ ਲੈਂਦੇ। ਦਰਾਣੀ ਜਠਾਣੀ ਕਿਸੇ ਵਿਆਹ ਸਮਾਗਮ 'ਤੇ ਗਈਆਂ। ਦਰਾਣੀ ਗ਼ਰੀਬ ਸੀ। ਉਸ ਨੇ ਇਕ ਰੁਪਿਆ ਸ਼ਗਨ ਵਜੋਂ ਦਿਤਾ। ਜਠਾਣੀ ਅਮੀਰ ਸੀ, ਉਸ ਨੇ 10 ਰੁਪਏ ਪਾ ਦਿਤੇ। ਬਾਹਰ ਨਿਕਲਦਿਆਂ ਕਿਸੇ ਨੇ ਪੁਛਿਆ, ''ਕੀ ਸ਼ਗਨ ਦੇ ਕੇ ਆਈਆਂ ਹੋ?'' ਜਠਾਣੀ  ਦੇ ਬੋਲਣ ਤੋਂ ਪਹਿਲਾਂ ਦੀ ਦਰਾਣੀ ਬੋਲ ਪਈ, ''ਅਸੀ ਰਲ ਕੇ 11 ਰੁਪਏ ਸ਼ਗਨ ਵਿਚ ਦੇ ਆਈਆਂ ਹਾਂ।'' 'ਆਪ' ਵਾਲਿਆਂ ਨੂੰ ਵੀ ਇਸੇ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਸੀ ਪਰ ਉਹ ਅਕਾਲੀ ਡਗਰ 'ਤੇ ਚਲ ਕੇ, ਅਪਣਾ ਭਵਿੱਖ ਵੀ ਬਾਦਲਾਂ ਵਰਗਾ ਹੀ ਬਣਾ ਆਏ। ਡਾਢਾ ਅਫਸੋਸ ਹੈ ਮੈਨੂੰ।
ਤਿੰਨੇ ਹੀ ਪਾਰਟੀਆਂ ਇਕ ਦੂਜੇ ਤੇ ਇਲਜ਼ਾਮ ਲਾਉਂਦੀਆਂ ਹਨ ਕਿ ਕੇਂਦਰ ਨਾਲ ਅੰਦਰੋਂ ਮਿਲੀਆਂ ਹੋਈਆਂ ਹਨ ਤੇ 'ਫ਼ਿਕਸਡ ਮੈਚ' ਖੇਡ ਰਹੀਆਂ ਹਨ। ਸੱਚ ਕੀ ਹੈ, ਮੈਂ ਅਗਲੀ ਵਾਰ ਲਿਖਾਂਗਾ।      (ਚਲਦਾ)