550ਵੇਂ ਪ੍ਰਕਾਸ਼ ਪੁਰਬ ਦੇ ਤੜਕ ਭੜਕ ਵਾਲੇ ਸਮਾਗਮਾਂ ਨੇ ਸਿੱਖਾਂ ਨੂੰ ਘੋਰ ਨਿਰਾਸ਼ਾ ਵਿਚ ਲਿਆ ਸੁਟਿਆ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਬਾਬਾ ਨਾਨਕ, ਮੇਰੀ ਨਜ਼ਰ ਵਿਚ, ਧਰਤੀ ਤੇ ਪੈਦਾ ਹੋਏ ਹੁਣ ਤਕ ਦੇ ਸਾਰੇ ਮਹਾਂਪੁਰਸ਼ਾਂ ਵਿਚੋਂ ਸਰਬ-ਉੱਚ ਮਹਾਂਪੁਰਸ਼ ਹੈ¸ਖ਼ਾਸ ਤੌਰ ਤੇ ਇਸ ਲਈ ਕਿ ਉਸ ਦੀ 500.....

Guru Granth Sahib Ji

ਬਾਬਾ ਨਾਨਕ, ਮੇਰੀ ਨਜ਼ਰ ਵਿਚ, ਧਰਤੀ ਤੇ ਪੈਦਾ ਹੋਏ ਹੁਣ ਤਕ ਦੇ ਸਾਰੇ ਮਹਾਂਪੁਰਸ਼ਾਂ ਵਿਚੋਂ ਸਰਬ-ਉੱਚ ਮਹਾਂਪੁਰਸ਼ ਹੈ¸ਖ਼ਾਸ ਤੌਰ ਤੇ ਇਸ ਲਈ ਕਿ ਉਸ ਦੀ 500 ਸਾਲ ਪਹਿਲਾਂ ਕਹੀ ਹੋਈ ਹਰ ਗੱਲ ਅੱਜ ਦੇ ਸਮੇਂ ਲਈ ਤੇ ਅੱਜ ਦੇ ਲੋਕਾਂ ਲਈ ਆਖੀ ਗਈ ਲਗਦੀ ਹੈ ਤੇ ਧਰਤੀ ਦੇ ਕਿਸੇ ਇਕ ਖ਼ਿੱਤੇ ਦੇ ਲੋਕਾਂ ਲਈ ਨਹੀਂ, ਸਾਰੀ ਦੁਨੀਆਂ ਦੇ ਲੋਕਾਂ ਲਈ ਆਖੀ ਗਈ ਸਿਧ ਹੁੰਦੀ ਹੈ।

ਬਾਬੇ ਨਾਨਕ ਨੂੰ ਇਹ ਗੱਲ ਪਤਾ ਸੀ। ਇਸੇ ਲਈ ਉਹ ਦੁਨੀਆਂ ਦੇ ਪਹਿਲੇ 'ਧਾਰਮਕ' ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਨੇ ਅਪਣੀ ਗੱਲ ਅਪਣੇ ਖ਼ਿੱਤੇ ਦੇ ਲੋਕਾਂ ਨੂੰ ਹੀ ਨਾ ਸੁਣਾਈ ਸਗੋਂ ਦੁਨੀਆਂ ਭਰ ਵਿਚ ਜਿਥੇ ਵੀ ਜਾ ਸਕੇ, ਗਏ ਤੇ ਅਪਣਾ ਸਰਬ-ਸਾਂਝਾ (ਸਾਰੀ ਮਨੁੱਖਤਾ ਲਈ ਸਾਂਝਾ) ਸੰਦੇਸ਼ ਆਪ ਜਾ ਕੇ ਦਿਤਾ। ਅੱਗੋਂ ਕਮੀ ਸਾਡੇ ਵਿਚ ਸੀ ਕਿ ਅਸੀ ਇਸ ਸੰਦੇਸ਼ ਨੂੰ ਨਾ ਆਪ ਸਮਝ ਸਕੇ, ਨਾ ਦੁਨੀਆਂ ਨੂੰ ਹੀ ਸਮਝਾ ਸਕੇ।

ਸੋ ਏਨੇ ਵੱਡੇ ਮਹਾਂਪੁਰਸ਼ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਦੁਨੀਆਂ ਦੀਆਂ ਕਈ ਸਰਕਾਰਾਂ ਨੇ ਵੀ ਫ਼ੰਡ ਕਢਿਆ, ਸਿੱਕੇ ਜਾਰੀ ਕੀਤੇ, ਗੁਰਦਵਾਰਾ ਕਰਤਾਰਪੁਰ ਵਰਗੀਆਂ ਯਾਦਗਾਰਾਂ ਬਣਾ ਕੇ ਦਿਤੀਆਂ ਤੇ ਇਧਰ ਸਾਡੇ ਦੇਸ਼ ਵਿਚ ਵੀ ਕਰੋੜਾਂ ਤੇ ਅਰਬਾਂ ਦਾ ਖ਼ਰਚਾ ਕਰਨ ਦੀਆਂ ਗੱਲਾਂ ਸੁਣੀਆਂ ਤਾਂ ਮੇਰਾ ਦਿਲ ਵੀ ਕਰਦਾ ਸੀ ਕਿ ਇਸ ਵਾਰ ਸਚਮੁਚ ਹੀ ਕੋਈ ਵੱਡੀ ਤੇ ਸਥਾਈ ਪ੍ਰਾਪਤੀ ਨਿਕਲ ਆਵੇ ਜੋ ਸਿੱਖਾਂ ਦੀ ਕਿਸਮਤ ਬਦਲਣ ਵਾਲੀ ਸਾਬਤ ਹੋਵੇ।

ਪਰ ਜਦ ਮੈਂ ਉਨ੍ਹਾਂ ਲੋਕਾਂ ਵਲ ਵੇਖਦਾ ਜੋ ਇਨ੍ਹਾਂ ਸਾਰੇ ਪ੍ਰੋਗਰਾਮਾਂ ਦੇ ਮੁਖੀਏ ਬਣੇ ਹੋਏ ਸਨ ਤਾਂ ਮੈਨੂੰ ਲਗਦਾ ਕਿ ਇਨ੍ਹਾਂ ਦਾ ਧਿਆਨ, ਕੌਮ ਲਈ ਕੋਈ ਪ੍ਰਾਪਤੀ ਕਰਨ ਵਲ ਤਾਂ ਹੈ ਹੀ ਨਹੀਂ ਸੀ ਤਾਂ ਇਸ 'ਚੋਂ ਚੰਗਾ ਕੀ ਨਿਕਲੇਗਾ? ਸਾਰੇ ਸ਼ੋਰ-ਪਾਊ ਅਡੰਬਰ ਰਚਣ ਵਾਲਿਆਂ ਸਾਹਮਣੇ ਮੁੱਖ ਮਕਸਦ ਦੋ ਹੀ ਸਨ: (1) ਪਹਿਲਾ ਕਿ ਵੱਧ ਤੋਂ ਵੱਧ 'ਬਲੈਕ' (ਕਾਲੇ ਧਨ) ਦੇ ਬੋਰੇ ਭਰ ਕੇ ਇਸ ਮੌਕੇ ਅਮੀਰ ਕਿਵੇਂ ਹੋਇਆ ਜਾਏ। ਗੁਰੂ ਗ੍ਰੰਥ ਸਾਹਿਬ ਦੀ ਗ਼ਲਤ ਵਰਤੋਂ ਇਸ ਕੰਮ ਲਈ ਪੂਰੀ ਬੇਸ਼ਰਮੀ ਨਾਲ ਕੀਤੀ ਜਾਂਦੀ ਸੱਭ ਨੇ ਵੇਖੀ।

ਕਿਸੇ ਨੇ 'ਨਗਰ ਕੀਰਤਨ' ਦੇ ਨਾਂ ਤੇ ਪੈਸਿਆਂ ਦੇ ਬੋਰੇ ਭਰ ਲਏ, ਕਿਸੇ ਨੇ ਕੀਰਤਨ ਦਰਬਾਰਾਂ ਦੇ ਨਾਂ ਤੇ ਅਤੇ ਕਿਸੇ ਨੇ ਮਲਿਕ ਭਾਗੋ ਦੇ 'ਲੰਗਰਾਂ' (ਪੀਜ਼ਿਆਂ, ਨੂਡਲਾਂ ਤੇ ਬਰਗਰਾਂ ਸਮੇਤ) ਦੇ ਨਾਂ 'ਤੇ। (2) ਇਸ ਦਾ ਦੂਜਾ ਮੁੱਖ ਮਕਸਦ ਇਹੀ ਸੀ ਕਿ ਲੋਕਾਂ ਦੀ ਸ਼ਰਧਾ ਸਦਕਾ ਇਕੱਤਰ ਹੋਏ ਚੜ੍ਹਾਵੇ ਨੂੰ ਬੇਦਰਦੀ ਨਾਲ ਖ਼ਰਚ ਕਰ ਕੇ ਹਾਕਮਾਂ ਨੂੰ ਖ਼ੁਸ਼ ਕੀਤਾ ਜਾਵੇ ਤੇ ਅਪਣੇ ਲਈ ਅਹੁਦੇ ਤੇ ਪੁਲੀਟੀਕਲ ਹਮਾਇਤ ਹਾਸਲ ਕੀਤੀ ਜਾਵੇ।

10 ਕਰੋੜ ਦਾ ਇਕ ਪੰਡਾਲ ਇਕ 'ਸਾਬਕਾ' ਸਿਆਸਤਦਾਨ ਨੂੰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਬਿਠਾਉਣ ਲਈ ਕਿਵੇਂ ਖੜਾ ਕੀਤਾ ਗਿਆ, ਸੱਭ ਨੂੰ ਪਤਾ ਹੈ। ਗ਼ਰੀਬਾਂ, ਨਵੀਂ ਪੀੜ੍ਹੀ ਤੇ ਬੇਰੁਜ਼ਗਾਰਾਂ, ਭਾਈ ਲਾਲੋਆਂ ਦਾ ਜ਼ਿਕਰ ਵੀ ਕਿਧਰੇ ਨਾ ਕੀਤਾ ਗਿਆ, ਕਿਸੇ ਪ੍ਰਾਪਤੀ ਦੀ ਗੱਲ ਤਾਂ ਹੋਣੀ ਹੀ ਕੀ ਸੀ। ਬਾਬੇ ਨਾਨਕ ਬਾਰੇ ਨਾ ਕੋਈ ਚੰਗਾ ਸਾਹਿਤ ਰਚਿਆ ਗਿਆ, ਨਾ ਦੁਨੀਆਂ ਦੇ ਵਿਦਵਾਨਾਂ ਦਾ ਧਿਆਨ ਇਧਰ ਖਿੱਚਣ ਲਈ ਕੋਈ ਯਤਨ ਹੀ ਕੀਤਾ ਗਿਆ। ਅਪਣੇ ਬੱਚਿਆਂ ਨੂੰ ਵੀ ਸਕੂਲਾਂ, ਕਾਲਜਾਂ ਤੇ ਘਰਾਂ ਵਿਚ ਜਾ ਕੇ ਬਾਬੇ ਨਾਨਕ ਦੇ ਫ਼ਲਸਫ਼ੇ ਨਾਲ ਜੋੜਨ ਦੀ ਕੋਈ ਗੱਲ ਨਾ ਕੀਤੀ ਗਈ।

 

ਪਹਿਲੀ ਵਾਰ ਏਨੀ ਵੱਡੀ ਪੱਧਰ 'ਤੇ ਲੋਕਾਂ ਵਿਚ ਨਿਰਾਸ਼ਾ ਪਸਰੀ ਹੈ ਪਰ ਚੰਗੀ ਗੱਲ ਇਹ ਹੈ ਕਿ ਪਹਿਲੀ ਵਾਰ ਹੀ ਉਹ ਇਸ 'ਚੋਂ ਬਾਹਰ ਨਿਕਲਣ ਦਾ ਕੋਈ ਰਾਹ ਵੀ ਢੂੰਡਣ ਲੱਗ ਪਏ ਹਨ। ਜਿਨ੍ਹਾਂ ਨੂੰ ਅਜੇ ਵੀ ਸਮਝ ਨਹੀਂ ਆਈ, ਉਨ੍ਹਾਂ ਤੋਂ ਆਸ ਵੀ ਕੋਈ ਨਾ ਰੱਖੋ ਪਰ ਜੇ ਪੰਜ ਦਸ ਹਜ਼ਾਰ ਵੀ ਨਵੇਂ ਜਾਗੇ ਸਿੱਖ ਪੈਸੇ ਦਾ ਮੋਹ ਤਿਆਗ ਕੇ, ਸਿੱਖੀ ਨੂੰ ਨਾਨਕੀ ਰੰਗ ਦੇਣ ਲਈ 'ਉੱਚਾ ਦਰ' ਦੇ ਝੰਡੇ ਹੇਠ ਇਕੱਤਰ ਹੋ ਜਾਣ ਤਾਂ 15 ਅਪ੍ਰੈਲ ਨੂੰ ਤੁਸੀਂ ਨਵੇਂ ਇਨਕਲਾਬ ਨੂੰ ਸ਼ੁਰੂ ਹੁੰਦਾ ਵੀ ਵੇਖ ਸਕੋਗੇ। ਨਤੀਜੇ ਇਕ ਦੋ ਸਾਲ ਵਿਚ ਹੀ ਤੁਹਾਡੇ ਸਾਹਮਣੇ ਆ ਜਾਣਗੇ।

ਮੁਸ਼ਕਲ ਇਹ ਹੈ ਕਿ ਸਿੱਖਾਂ ਨੂੰ ਪਤਾ ਤਾਂ ਲੱਗ ਜਾਂਦਾ ਹੈ ਕਿ ਉਨ੍ਹਾਂ ਲਈ ਠੀਕ ਕੀ ਹੈ ਪਰ ਪੈਸਾ ਦੇਣ ਦੀ ਗੱਲ 'ਤੇ ਆ ਕੇ ਉਹ ਚੁੱਪ ਹੋ ਜਾਂਦੇ ਹਨ ਕਿਉਂਕਿ ਸਦੀਆਂ ਤੋਂ ਉਨ੍ਹਾਂ ਨੂੰ ਮੱਥਾ ਟੇਕਣ ਵੇਲੇ ਹੀ ਗੋਲਕ ਲਈ ਪੈਸਾ ਕੱਢਣ ਦੀ ਆਦਤ ਪਈ ਹੋਈ ਹੈ ਤੇ ਚੰਗੇ ਕੰਮ ਲਈ ਸੋਚ ਸਮਝ ਕੇ ਪੈਸਾ ਉਹ ਘੱਟ ਹੀ ਦੇਂਦੇ ਹਨ।
ਪਰ ਜਿਹੜੀ ਨਵੀਂ ਤਬਦੀਲੀ ਮੈਂ ਵੇਖੀ ਹੈ, ਉਸ ਵਿਚੋਂ ਇਕ ਨਵਾਂ ਫ਼ਿਕਰਾ ਵੀ ਸੱਭ ਦੇ ਮੂੰਹ 'ਚੋਂ ਸਾਂਝਾ ਹੀ ਨਿਕਲਦਾ ਮੈਂ ਸੁਣਿਆ ਹੈ। ਮਿਸਾਲ ਦੇ ਤੌਰ ਤੇ ਬੀਬੀ ਹਰਬੰਸ ਕੌਰ ਬੰਬਈ ਦੇ ਕਹਿਣ ਤੇ ਉਨ੍ਹਾਂ ਦੇ ਪਤੀ ਸ. ਗੁਰਚਰਨ ਸਿੰਘ ਨੇ 10 ਲੱਖ ਰੁਪਿਆ ਭੇਜਿਆ ਹੈ।

ਦਫ਼ਤਰ ਵਾਲਿਆਂ ਨੇ ਉਨ੍ਹਾਂ ਤੋਂ ਪੁਛਿਆ, ''ਕਿਹੜੇ ਖਾਤੇ ਵਿਚ ਰਸੀਦ ਕਟੀਏ?'' ਜਵਾਬ ਮਿਲਿਆ, ''ਇਸ ਨੂੰ ਜਿਵੇਂ ਚਾਹੋ ਵਰਤ ਲਉ ਪਰ ਉੱਚਾ ਦਰ ਛੇਤੀ ਚਾਲੂ ਕਰ ਦਿਉ।'' ਇਸੇ ਤਰ੍ਹਾਂ ਜੰਮੂ (ਕਸ਼ਮੀਰ) ਤੋਂ ਬੀਬੀ ਸੁਰਜੀਤ ਕੌਰ ਆਪ ਦਫ਼ਤਰ ਵਿਚ ਪੁਜ ਕੇ ਇਕ ਲੱਖ ਰੁਪਿਆ ਮੇਜ਼ ਤੇ ਰੱਖ ਕੇ ਬੋਲੇ, ''ਇਸ ਨੂੰ ਜਿਵੇਂ ਚਾਹੋ ਵਰਤ ਲਉ, ਪਰ ਉੱਚਾ ਦਰ ਛੇਤੀ ਚਾਲੂ ਕਰ ਦਿਉ ਬੱਸ।'' ਇਸੇ ਤਰ੍ਹਾਂ ਸ. ਬੂਹਾ ਸਿੰਘ ਸੇਖੋਂ ਚੰਡੀਗੜ੍ਹ ਤੋਂ ਦਫ਼ਤਰ ਵਿਚ ਆ ਕੇ ਵੀ ਠੀਕ ਇਹੀ ਲਫ਼ਜ਼ ਕਹਿ ਕੇ ਇਕ ਲੱਖ ਰੁਪਿਆ ਦੇ ਗਏ। ... ਦਰਜਨਾਂ ਪਾਠਕਾਂ ਨੇ ਛੋਟੀਆਂ ਰਕਮਾਂ ਭੇਜ ਕੇ ਵੀ ਇਹੀ ਸ਼ਬਦ ਦੁਹਰਾਏ ਹਨ।

ਮਤਲਬ ਕਿ ਹਰ ਪਾਸੇ ਕੁਦਰਤੀ ਹੀ 'ਮਹਾਂ ਸਮਾਗਮਾਂ' ਦਾ ਸ਼ੋਰ-ਸ਼ਰਾਬਾ ਤੇ ਧਨ ਬਟੋਰਨ ਦਾ ਨਜ਼ਾਰਾ ਵੇਖ ਕੇ ਇਹ ਵਿਚਾਰ ਜ਼ੋਰ ਫੜ ਗਿਆ ਹੈ ਕਿ ''ਪੈਸਾ ਬਚਾ ਲਿਆ ਤਾਂ ਕੁੱਝ ਨਹੀਂ ਬਚੇਗਾ, ਥੋੜਾ ਥੋੜਾ ਦੇ ਕੇ ਤੇ ਉੱਚਾ ਦਰ ਨੂੰ ਮਜ਼ਬੂਤ ਕਰ ਕੇ ਸਿੱਖੀ ਬਚਾ ਲਈ ਤਾਂ ਸੱਭ ਕੁੱਝ ਬਚ ਜਾਏਗਾ।'' ਉੱਚਾ ਦਰ ਨੂੰ ਚਾਲੂ ਕਰਨ ਲਈ ਹੋਰ ਪੈਸਾ ਚਾਹੀਦਾ ਕਿੰਨਾ ਕੁ ਹੈ? ਕੇਵਲ 10 ਕਰੋੜ ਰੁਪਏ। ਬਹੁਤ ਵੱਡੀ ਰਕਮ ਹੈ? ਨਹੀਂ, ਜੇ 2000 ਨਵੇਂ ਮੈਂਬਰ ਉੱਚਾ ਦਰ ਦੇ ਬਣਾ ਲਏ ਜਾਣ ਤਾਂ ਮੋਰਚਾ ਫ਼ਤਿਹ। ਕੁੱਝ ਕਮੀ ਰਹੀ ਵੀ ਤਾਂ ਉਪਰ ਵਰਣਤ ਸਜਣਾਂ ਵਰਗੇ ਦਾਨੀ ਵੀ ਤਾਂ ਕਮੀ ਦੂਰ ਕਰਨ ਵਾਲੇ ਬੈਠੇ ਹਨ। 2000 ਨਵੇਂ ਮੈਂਬਰ ਬਣਨ ਵਾਲਿਆਂ ਲਈ ਕੁੱਝ ਵਿਸ਼ੇਸ਼ ਰਿਆਇਤਾਂ ਦੇਣ ਦੀ ਗੱਲ ਅਗਲੀ ਵਾਰ ਕਰਾਂਗਾ। ਵਿਚਾਰ ਹੋ ਰਹੀ ਹੈ।

ਇਥੇ ਇਕ ਹੀ ਗੱਲ ਕਰਨੀ ਬਾਕੀ ਹੈ ਕਿ ਬਾਬੇ ਨਾਨਕ ਨੇ ਜਾਣਬੁੱਝ ਕੇ ਕੋਈ ਗੁਰਦਵਾਰਾ, ਮੰਦਰ, ਆਸ਼ਰਮ ਜਾਂ ਡੇਰਾ ਨਹੀਂ ਸੀ ਬਣਾਇਆ ਕਿਉਂਕਿ ਇਹ ਸਾਰੇ ਹੀ 'ਧਰਮ ਅਸਥਾਨ' ਧਰਮ ਦੇ ਫ਼ਲਸਫ਼ੇ ਦੇ ਪ੍ਰਚਾਰ ਦੀ ਗੱਲ ਸ਼ੁਰੂ ਕਰ ਕੇ ਅਖ਼ੀਰ ਕਰਮ-ਕਾਂਡ ਅਤੇ ਅੰਧ-ਵਿਸ਼ਵਾਸ ਦੇ ਪ੍ਰਚਾਰਕ ਬਣ ਜਾਂਦੇ ਹਨ, ਹਾਕਮਾਂ ਦੇ ਹੁਕਮਾਂ ਨੂੰ ਲਾਗੂ ਕਰਨ ਵਾਲੇ ਪੁਜਾਰੀਆਂ ਦੇ ਟਿਕਾਣੇ ਬਣ ਜਾਂਦੇ ਹਨ ਤੇ ਮਾਇਆ ਵੱਧ ਤੋਂ ਵੱਧ ਇਕੱਤਰ ਕਰਨ ਦੇ ਪ੍ਰੋਗਰਾਮ ਤਿਆਰ ਕਰਨ ਤਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ। ਇਨ੍ਹਾਂ 'ਚੋਂ ਕਿਸੇ ਬਾਰੇ ਵੀ ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਨੇ ਧਰਮ ਦੇ ਫ਼ਲਸਫ਼ੇ ਦਾ ਪ੍ਰਚਾਰ ਜਾਂ ਵਿਕਾਸ ਕੀਤਾ।

 

ਕਿਸੇ ਹਿੰਦੂ ਮੰਦਰ ਬਾਰੇ, ਹਿੰਦੂ ਵੀ ਅਜਿਹਾ ਦਾਅਵਾ ਨਹੀਂ ਕਰਦੇ। ਹਿੰਦੂ ਧਰਮ ਦਾ ਫ਼ਲਸਫ਼ਾ ਅਗਰ ਪਨਪਿਆ ਤਾਂ ਮੰਦਰਾਂ ਤੋਂ ਬਾਹਰ, ਆਸ਼ਰਮਾਂ, ਜੰਗਲਾਂ, ਪਹਾੜਾਂ ਤੇ ਕੁਟੀਆ ਰੂਪੀ ਘਰਾਂ ਵਿਚ ਵਧਿਆ ਫੁਲਿਆ ਜਿਥੇ ਨਾ ਚੜ੍ਹਾਵਾ ਚੜ੍ਹਾਇਆ ਜਾਂਦਾ ਸੀ, ਨਾ ਕਰਮ-ਕਾਂਡ ਕੀਤੇ ਜਾਂਦੇ ਸਨ ਤੇ ਨਾ ਦਾਨ-ਦਕਸ਼ਣਾ ਲੈਣ ਵਾਲੇ ਪੁਜਾਰੀ ਹੀ ਬੈਠੇ ਹੁੰਦੇ ਸਨ। ਉਥੇ ਕੇਵਲ ਸਾਦਗੀ ਵਾਲੇ, ਨਿਸ਼ਕਾਮ ਖੋਜੀ ਬੈਠਦੇ ਸਨ।

ਇਹੀ ਹਾਲਤ ਦੂਜੇ ਧਰਮਾਂ ਦੀ ਵੀ ਹੈ। 'ਧਰਮ ਅਸਥਾਨਾਂ' ਵਿਚ ਇਕੱਠ ਤਾਂ ਕੇਵਲ ਮਾਇਆ ਇਕੱਤਰ ਕਰਨ ਲਈ ਹੀ ਕੀਤੇ ਜਾਂਦੇ ਹਨ ਤੇ ਅੰਧ-ਵਿਸ਼ਵਾਸ, ਕਰਾਮਾਤੀ, ਨਕਲੀ-ਸਾਖੀਆਂ ਤੇ ਕਰਮ ਕਾਂਡ, ਸੱਭ ਤੋਂ ਵੱਧ ਮਾਇਆ ਇਕੱਤਰ ਕਰਨ ਵਿਚ ਸਹਾਈ ਸਾਬਤ ਹੁੰਦੇ ਹਨ, ਹੋਰ ਕੁੱਝ ਨਹੀਂ। ਬਾਬੇ ਨਾਨਕ ਦੇ ਧਰਮ ਵਿਚ ਕਰਮ-ਕਾਂਡ ਲਈ ਥਾਂ ਹੀ ਕੋਈ ਨਹੀਂ ਸੀ ਛੱਡੀ ਗਈ, ਇਸ ਲਈ ਹਿੰਦੂ ਮੰਦਰਾਂ ਵਾਲੇ ਕਰਮ-ਕਾਂਡ ਹੀ ਹੌਲੀ ਹੌਲੀ, ਪੁਜਾਰੀ ਸ਼੍ਰੇਣੀ ਸਦਕਾ, ਨਵੇਂ ਨਾਂ ਦੇ ਕੇ, ਗੁਰਦਵਾਰੇ ਵਿਚ ਦਾਖ਼ਲ ਕਰ ਦਿਤੇ ਗਏ ਤੇ ਅੱਜ ਇਕ ਮੰਦਰ ਤੇ ਗੁਰਦਵਾਰੇ ਦੀ ਮਰਿਆਦਾ ਵਿਚ ਫ਼ਰਕ ਦਸਣਾ ਹੀ ਔਖਾ ਹੋ ਗਿਆ ਹੈ।

 

ਜਦ ਵਿਸ਼ਵਾਸ ਤੇ ਅੰਧ-ਵਿਸ਼ਵਾਸ ਵਿਚ ਫ਼ਰਕ ਲਭਣਾ ਔਖਾ ਹੋ ਜਾਏ ਤਾਂ 'ਧਰਮ ਪੰਖ ਕਰ ਊਡਰਿਆ' ਵਾਲੀ ਹਾਲਤ ਪੈਦਾ ਹੋ ਜਾਂਦੀ ਹੈ। ਸਿੱਖੀ ਵਿਚ ਵੀ ਇਹ ਹਾਲਤ ਪੈਦਾ ਹੋ ਚੁੱਕੀ ਹੈ। ਇਸ ਨੂੰ ਬਦਲਣ ਲਈ ਬਾਬੇ ਨਾਨਕ ਦੀ ਸੋਚ ਅਨੁਸਾਰ, 'ਉੱਚਾ ਦਰ ਬਾਬੇ ਨਾਨਕ ਦਾ' ਵਰਗਾ ਮਜ਼ਬੂਤ ਕੇਂਦਰ ਸ਼ੁਰੂ ਕਰਨ ਦੀ ਤੁਰਤ ਲੋੜ ਹੈ ਨਹੀਂ ਤਾਂ ਅਪਣਿਆਂ ਦੇ ਹੱਥੋਂ ਹੀ ਸਿੱਖੀ ਦਾ ਭੋਗ ਪੈਣਾ ਨਿਸ਼ਚਿਤ ਹੈ ਤੇ ਇਹ ਸੱਭ ਹੁੰਦਾ ਸਾਹਮਣੇ ਨਜ਼ਰ ਆ ਰਿਹਾ ਹੈ। ਜਿਹੜੇ ਭਲੇ ਪੁਰਸ਼ ਇਸ ਹਾਲਤ ਨੂੰ ਪੈਦਾ ਹੋਣੋਂ ਰੋਕਣਾ ਚਾਹੁੰਦੇ ਹਨ, ਉਨ੍ਹਾਂ ਕੋਲ 'ਉੱਚਾ ਦਰ' ਲਹਿਰ ਦੇ ਮੈਂਬਰ ਬਣ ਕੇ ਇਸ ਨੂੰ ਮਜ਼ਬੂਤ ਕਰਨ ਤੋਂ ਬਿਨਾਂ ਹੋਰ ਕੋਈ ਦੂਜਾ ਰਾਹ ਨਹੀਂ ਬਚਿਆ।

ਉੱਚਾ ਦਰ ਦੇ ਮੈਂਬਰਾਂ ਦਾ ਕਾਫ਼ਲਾ ਵੱਡਾ ਕਰਨ ਦੀ ਲਹਿਰ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਰਹੀ ਹੈ। ਆਸ ਕਰਦਾ ਹਾਂ ਕਿ ਸਪੋਕਸਮੈਨ ਦਾ ਹਰ ਪਾਠਕ ਤੇ ਪ੍ਰੇਮੀ, ਇਸ ਵਾਰ ਇਸ ਲਹਿਰ ਨੂੰ ਜੀਅ ਜਾਨ ਨਾਲ ਸਫ਼ਲ ਕਰ ਵਿਖਾਏਗਾ ਕਿਉਂਕਿ ਉੱਚਾ ਦਰ, ਰੋਜ਼ਾਨਾ ਸਪੋਕਸਮੈਨ ਤੇ ਇਸ ਦੇ ਪਾਠਕਾਂ ਦੀ ਸਾਂਝੀ ਭੇਂਟ ਹੈ ਤੇ ਇਸ ਨੂੰ ਮੁਕੰਮਲ ਕਰ ਕੇ ਚਾਲੂ ਕਰਨਾ ਵੀ ਸਪੋਕਸਮੈਨ ਤੇ ਇਸ ਦੇ ਪਾਠਕਾਂ ਦਾ ਪਹਿਲਾ ਫ਼ਰਜ਼ ਬਣਦਾ ਹੈ। ਇਸ ਨੂੰ ਸ਼ੁਰੂ ਕਰਨ ਲਈ 10 ਫ਼ੀ ਸਦੀ ਬਾਕੀ ਬਚਦੇ ਕੰਮ ਲਈ ਥੋੜੇ ਪੈਸਿਆਂ ਦੀ ਲੋੜ ਰਹਿ ਗਈ ਹੈ, ਫਿਰ ਇਹ ਮੰਗਿਆ ਨਹੀਂ ਕਰੇਗਾ ਸਗੋਂ ਹਰ ਰੋਜ਼ ਲੋੜਵੰਦਾਂ ਨੂੰ ਦੇਂਦਾ ਹੀ ਨਜ਼ਰ ਆਏਗਾ। -ਜੋਗਿੰਦਰ ਸਿੰਘ