‘ਉੱਚਾ ਦਰ'  ਦੇ 3000 ਮੈਂਬਰ ਪਰ ਕਦੇ ਕਿਸੇ ਨੇ ਨਹੀਂ ਪੁਛਿਆ ਕਿ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

‘ਉੱਚਾ ਦਰ' ਛੇਤੀ ਚਾਲੂ ਕਰਨ ਲਈ ਅਸੀ ਵੀ ਕੁੱਝ ਮਦਦ ਕਰੀਏ?’ (2)

Ucha Dar Babe Nanak Da

‘ਮੈਂਬਰ’ ਪਹਿਲਾਂ ਹੋਰ ਤੇ ਮਗਰੋਂ ਹੋਰ ਕਿਉਂ ਹੋ ਜਾਂਦੇ ਨੇ? 

ਜੇ ਸਾਰੇ ਮੈਂਬਰ ਤੇ ਪਾਠਕ ਵਾਰ ਵਾਰ ਬਾਹਵਾਂ ਖੜੀਆਂ ਕਰ ਕੇ ਕੀਤੇ ਅਪਣੇ ਪ੍ਰਣਾਂ ਨੂੰ ਹੀ ਯਾਦ ਕਰ ਲੈਂਦੇ ਤਾਂ ਉੱਚਾ ਦਰ 5 ਸਾਲ ਪਹਿਲਾਂ ਚਾਲੂ ਹੋ ਜਾਣਾ ਸੀ, 60 ਕਰੋੜ ਵਿਚ ਹੀ ਮੁਕੰਮਲ ਹੋ ਚੁੱਕਾ ਹੋਣਾ ਸੀ ਤੇ ਇਸ ਦਾ ਇਨਕਲਾਬੀ ਰੁੂਪ ਵੀ ਕਦੋਂ ਦਾ ਦੁਨੀਆਂ ਸਾਹਮਣੇ ਆ ਚੁੱਕਾ ਹੋਣਾ ਸੀ। ਪਰ ਪੈਸੇ ਦੇ ਮਾਮਲੇ ਵਿਚ, ਮੈਂਬਰਾਂ ਤੇ ਪਾਠਕਾਂ, ਦੁਹਾਂ ਨੇ ਕਮਾਲ ਦੀ ਬਰੁਖ਼ੀ ਵਿਖਾਈ ਤੇ ਮੈਨੂੰ ਬਲੀ ਦਾ ਬਕਰਾ ਬਣਾ ਧਰਿਆ। 

 ਨਤੀਜੇ ਵਜੋਂ ਮੈਨੂੰ ਤੇ ਮੇਰੇ ਪ੍ਰਵਾਰ ਨੂੰ ਜ਼ਿੰਦਗੀ ਦੇ ਸੱਭ ਤੋਂ ਭੈੜੇ ਦਿਨ ਵੇਖਣੇ ਪਏ, ਹਰ ਤਰ੍ਹਾਂ ਦੀਆਂ ਊਜਾਂ ਵੱਖ ਸੁਣੀਆਂ ਤੇ ਕਈ ਵਾਰ ਸੋਚਿਆ ਕਿ ਜਦ ਕਿਸੇ ਨੂੰ ਇਸ ਦੀ ਲੋੜ ਹੀ ਨਹੀਂ ਤੇ ਪ੍ਰਵਾਹ ਹੀ ਨਹੀਂ ਤਾਂ ਵੇਚ ਵੱਟ ਕੇ, ਕਰਜ਼ੇ ਉਤਾਰ ਦਿਆਂ ਤੇ ਬਾਕੀ ਦਾ ਜੀਵਨ ਬੇਫ਼ਿਕਰੀ ਵਾਲਾ ਬਸਰ ਕਰਾਂ। ਤਕਲੀਫ਼ ਉਦੋਂ ਨਹੀਂ ਮਹਿਸੂਸ ਹੁੰਦੀ ਜਦੋਂ ਕੋਈ ਹੌਸਲਾ ਤੇ ਸਾਥ ਦੇਣ ਵਾਲਾ ਵੀ ਨਜ਼ਰ ਆਵੇ।

 ਪਿਛਲੇ ਹਫ਼ਤੇ ਮੈਂ ਦਸਿਆ ਸੀ ਕਿ ਅਮਰੀਕਾ ਦੇ ‘ਹਾਲੋਕਾਸਟ ਮਿਊਜ਼ੀਅਮ’ ਤੇ ਦੁਨੀਆਂ ਦੇ ਸੱਭ ਤੋਂ ਵੱਡੇ ਫ਼ਿਲਮੀ ਅਜਾਇਬ ਘਰ ‘ਯੂਨੀਵਰਸਲ ਸਟੁਡੀਉ’ ਦੇ ਪ੍ਰਬੰਧਕਾਂ ਦੀ ਸਲਾਹ ਤੇ ਮੈਂ ‘ਉੱਚਾ ਦਰ ਬਾਬੇ ਨਾਨਕ’ ਦਾ ਆਧਾਰ ਇਸ ਦੇ ਮੈਂਬਰਾਂ ਨੂੰ ਬਣਾਇਆ ਸੀ ਕਿਉਂਕਿ ਉਨ੍ਹਾਂ ਨੇ ਮੈਨੂੰ ਦਸਿਆ ਸੀ ਕਿ ਜੇ ਮੈਂਬਰ ਬਣਾ ਕੇ ‘ਉੱਚਾ ਦਰ’ ਉਸਾਰੋਗੇ ਤਾਂ ਮੈਂਬਰ, ਹਰ ਦੁੱਖ ਸੁੱਖ ਵੇਲੇ ਥੋੜੀ ਥੋੜੀ ਮਦਦ ਲੈ ਕੇ ਪਹੁੰਚ ਜਾਣਗੇ ਤੇ ਹਰ ਮੁਸ਼ਕਲ ਆਸਾਨ ਕਰ ਦੇਣਗੇ ਜਦਕਿ ਕਿਸੇ ਅਮੀਰ ਨੂੰ ਆਧਾਰ ਬਣਾਇਆ ਤਾਂ ਉਸ ਦੇ ਪਿਛੇ ਭਜਦੇ ਰਹਿਣਾ ਪਵੇਗਾ ਤੇ ਸਰਕਾਰ ਨੂੰ ਆਧਾਰ ਬਣਾਇਆ ਤਾਂ ਸਰਕਾਰ ਦੀ ਜੀਅ ਹਜ਼ੂਰੀ ਕਰਦੇ ਰਹੋਗੇ।

ਸੋ ਮੈਂ ਮੈਂਬਰਾਂ ਨੂੰ ਆਧਾਰ ਬਣਾ ਕੇ ਐਲਾਨ ਕੀਤਾ ਕਿ ‘ਉੱਚਾ ਦਰ’ ਟਰੱਸਟ ਦੇ ਸਾਰੇ ਟਰੱਸਟੀ, ਮੈਂਬਰਾਂ ਵਿਚੋਂ ਹੀ ਲਏ ਜਾਣਗੇ ਅਰਥਾਤ ਸਾਰੇ ਪ੍ਰਬੰਧਕ, ਮੈਂਬਰਾਂ ਵਿਚੋਂ ਹੀ ਹੋਣਗੇ ਤੇ ਮੈਂਬਰ ਹੀ ‘ਉੱਚਾ ਦਰ’ ਦੇ ਮਾਲਕ ਹੋਣਗੇ। ਇਸ ਸੱਭ ਕੁੱਝ ਦੇ ਬਾਵਜੂਦ, ਜਿਹੜੇ ਪਾਠਕ ਮੈਂਬਰ ਬਣੇ ਵੀ, ਉਹ ਨਾ ਕਦੇ ਦੁੱਖ ਸੁੱਖ ਵੇਲੇ ਬਹੁੜੇ ਤੇ ਨਾ ਕਦੇ ਕਿਸੇ ਨੇ ਪੁਛਿਆ ਵੀ ਕਿ ਸਾਡਾ ‘ਉੱਚਾ ਦਰ’ ਕਿਸ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਤੇ ਅਸੀ ਕੀ ਮਦਦ ਕਰੀਏ ਜਿਸ ਨਾਲ ‘ਉੱਚਾ ਦਰ’ ਤੁਰਤ ਚਾਲੂ ਹੋ ਜਾਏ?’’

ਜਦੋਂ ਵੀ ਕੋਈ ਮੈਂਬਰ ਫ਼ੋਨ ਕਰਦਾ ਜਾਂ ਚਿੱਠੀ ਲਿਖਦਾ ਜਾਂ ਮਿਲਦਾ ਤਾਂ ਇਹੀ ਪੁਛਦਾ ਕਿ ‘‘ਸਾਨੂੰ ਮੈਂਬਰ ਬਣਨ ਦੇ ਜਿਹੜੇ ਫ਼ਾਇਦੇ ਦੱਸੇ ਗਏ ਸਨ, ਉਹ ਕਦੋਂ ਮਿਲਣਗੇ?’’ ਮੈਂ ਜਵਾਬ ਦੇਂਦਾ ਕਿ ‘‘ਫ਼ਾਇਦੇ ਤਾਂ ਚਾਲੂ ਹੋਣ ਤੋਂ ਬਾਅਦ ਹੀ ਸੱਭ ਨੂੰ ਮਿਲਣਗੇ। ਇਸ ਵੇਲੇ ਤਾਂ ਇਸ ਨੂੰ ਮੁਕੰਮਲ ਕਰਨ ਲਈ ਕੁਰਬਾਨੀ ਚਾਹੀਦੀ ਹੈ। ਕੁਰਬਾਨੀ ਕਰਨ ਵਾਲੇ ਅੱਗੇ ਨਹੀਂ ਆ ਰਹੇ। ਕਿਸੇ ਨੂੰ ਫ਼ਿਕਰ ਹੀ ਨਹੀਂ ਕਿ ‘ਉੱਚਾ ਦਰ’ ਕਦੋਂ ਚਾਲੂ ਹੁੰਦਾ ਹੈ ਜਾਂ ਹੁੰਦਾ ਵੀ ਹੈ ਕਿ ਨਹੀਂ...। ਸਾਰੇ ਮੈਨੂੰ ਹੀ ‘ਬਲੀ ਦਾ ਬਕਰਾ’ ਬਣਾ ਕੇ ਛੂ ਮੰਤਰ ਹੋ ਗਏ ਨੇ।’’

ਮੇਰਾ ਜਵਾਬ ਸੁਣ ਕੇ ‘ਮੈਂਬਰ ਸਾਹਿਬ’ ਉਠ ਕੇ ਚਲ ਪੈਂਦੇ ਸਨ। ਫਿਰ ਮੈਂ ਸੋਚਣ ਲੱਗਾ ਪੈਂਦਾ ਕਿ ਪੈਸੇ ਦੀ ਗੱਲ ਕਰਦਿਆਂ ਹੀ, ਸਾਰੇ ਭੱਜਣ ਕਿਉਂ ਲਗਦੇ ਹਨ ਤੇ ਸਾਰਿਆਂ ਦਾ ਵਤੀਰਾ ਇਕੋ ਜਿਹਾ ਕਿਉਂ ਹੁੰਦਾ ਹੈ? ਦੋ ਚਾਰ ਨੂੰ ਛੱਡ ਕੇ, ਕੋਈ ਇਹ ਜਾਣਨ ਲਈ ਵੀ ਤਿਆਰ ਨਹੀਂ ਸੀ ਕਿ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਚਾ ਦਰ ਦੇ ਸੇਵਕਾਂ ਨੂੰ? ਔਕੜਾਂ ਦਾ ਤਾਂ ਅੰਤ ਹੀ ਕੋਈ ਨਹੀਂ ਸੀ। ਜ਼ਰਾ ਸੰਖੇਪ ਵਿਚ ਵੇਖੋ:

-ਦੋ ਸਾਲ ਨਕਸ਼ਾ ਹੀ ਪਾਸ ਨਾ ਹੋਣ ਦਿਤਾ ਗਿਆ ਤੇ ਸੀ.ਐਲ.ਯੂ. ਹੀ ਨਾ ਮਿਲਿਆ। 

-ਵੇਲੇ ਦੀ ਸਰਕਾਰ ਤੇ ਤਾਕਤਵਰ ਸ਼ਕਤੀਆਂ ਸਹੁੰ ਖਾਈ ਬੈਠੀਆਂ ਸਨ ਕਿ ‘ਉੱਚਾ ਦਰ’ ਹੋਂਦ ਵਿਚ ਹੀ ਨਾ ਆਏ। ਥਾਂ ਥਾਂ ਅੜਿੱਕੇ ਖੜੇ ਕੀਤੇ ਗਏ।

-ਮੈਂਬਰਾਂ ਤੇ ਪਾਠਕਾਂ ਨੂੰ ਬੇਨਾਮੀ ਚਿੱਠੀਆਂ (ਉਨ੍ਹਾਂ ਦੇ ਐਡਰੈਸ ਸਾਡੇ ਦਫ਼ਤਰ ਵਿਚੋਂ ਚੁਰਾ ਕੇ) ਲੱਖਾਂ ਦੀ ਗਿਣਤੀ ਵਿਚ ਭੇਜੀਆਂ ਗਈਆਂ ਕਿ ‘‘ਉੱਚਾ ਦਰ’’ ਕੋਈ ਨਹੀਂ ਜੇ ਬਣਨਾ ਤੇ ਇਨ੍ਹਾਂ ਨੇ ਪੈਸਾ ਇਕੱਠਾ ਕਰ ਕੇ ਵਿਦੇਸ਼ ਭੱਜ ਜਾਣਾ ਜੇ।’’ ਜਿਨ੍ਹਾਂ ਨੇ ਪਹਿਲਾਂ ਪੈਸੇ ਦਿਤੇ ਸਨ, ਉਨ੍ਹਾਂ ਨੇ ਵੀ ਵਾਪਸ ਮੰਗ ਲਏ।

-ਸਰਕਾਰੀ ਏਜੰਸੀਆਂ ਨੂੰ ਵੀ ਬੇਨਾਮੀ ਸ਼ਿਕਾਇਤਾਂ ਕੀਤੀਆਂ ਗਈਆਂ ਕਿ ਇਨ੍ਹਾਂ ਨੇ ‘ਸੈਂਕੜੇ ਕਰੋੜ ਰੁਪਏ’ ਇਕੱਠੇ ਕਰ ਲਏ ਹਨ, ਇਨ੍ਹਾਂ ਨੂੰ ਫੜ ਲਉ। ਇਸ ਤਰ੍ਹਾਂ ਦੋ ਤਿੰਨ ਸਾਲ ਝੂਠੀਆਂ ਸ਼ਿਕਾਇਤਾਂ ਦੀ ‘ਜਾਂਚ ਪੜਤਾਲ’ ਵਿਚ ਖ਼ਰਾਬ ਕਰ ਦਿਤੇ ਗਏ। ਅਖ਼ੀਰ ਜਦ ਜਾਂਚ ਏਜੰਸੀਆਂ ਨੂੰ ਯਕੀਨ ਹੋ ਗਿਆ ਕਿ ਪਰਦੇ ਪਿਛੇ ਮੂੰਹ ਛੁਪਾ ਕੇ ਬੇਨਾਮੀ ਚਿੱਠੀਆਂ ਲਿਖਣ ਵਾਲੇ ‘ਉੱਚਾ ਦਰ’ ਨੂੰ ਹੋਂਦ ਵਿਚ ਆਉਣੋਂ ਰੋਕਣ ਲਈ ਹੀ ਇਹ ਸੱਭ ਕਰ ਰਹੇ ਤੇ ਸਚਾਈ ਐਨ ਉਸ ਦੇ ਉਲਟ ਸੀ ਪਰ ਬਹੁਤ ਦੇਰ ਹੋ ਚੁੱਕੀ ਸੀ।

-ਰੋਜ਼ਾਨਾ ਸਪੋਕਸਮੈਨ ਨੂੰ ਇਸ਼ਤਿਹਾਰ ਦੇਣ ਤੇ ਪਾਬੰਦੀ ਲਾ ਦਿਤੀ ਜੋ 10 ਸਾਲ ਤਕ ਲੱਗੀ ਰਹੀ ਤੇ ਬਾਦਲ ਸਰਕਾਰ ਨੇ 10 ਸਾਲਾਂ ਵਿਚ 150 ਕਰੋੜ ਦਾ ਮਾਲੀ ਨੁਕਸਾਨ ਕੀਤਾ ਤਾਕਿ ਸਪੋਕਸਮੈਨ ਉੱਚਾ ਦਰ ਦੀ ਕੋਈ ਮਦਦ ਨਾ ਕਰ ਸਕੇ।

-ਰੇਤ, ਬਜਰੀ, ਇੱਟਾਂ, ਸਰੀਏ ਤੇ ਹੋਰ ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹ ਗਏ ਤੇ 60 ਕਰੋੜ ਵਾਲੇ ਪ੍ਰਾਜੈਕਟ ਦਾ ਖ਼ਰਚਾ ਵੱਧ ਕੇ 100 ਕਰੋੜ ’ਤੇ ਪੁੱਜ ਗਿਆ।  ਅਸੀ ਪਾਠਕਾਂ ਤੇ ਮੈਂਬਰਾਂ ਨੂੰ ਸਾਰਾ ਸੱਚ ਦਸਿਆ ਪਰ ਕੋਈ ਮਦਦ ਲਈ ਨਾ ਬਹੁੜਿਆ। 

-ਪੰਜਾਬ ਦੇ ਸੱਤ ਸ਼ਹਿਰਾਂ ਵਿਚ ਮੇਰੇ ਵਿਰੁਧ ਪੁਲਿਸ ਕੇਸ ਪਾ ਦਿਤੇੇ ਗਏ ਤਾਕਿ ਮੈਂ ਉਧਰ ਹੀ ਭਜਦਾ ਰਹਾਂ ਤੇ ‘ਉੱਚਾ ਦਰ’ ਲਈ ਕੰਮ ਹੀ ਨਾ ਕਰ ਸਕਾਂ। ਇਕ ਕੇਸ ਅਜੇ ਵੀ ਚਲ ਰਿਹਾ ਹੈ। 

ਪਰ ਮੈਂ ਵੇਖਿਆ ਕਿ ਇਹ ਤਾਂ ਸਾਰੇ ਹਿੰਦੁਸਤਾਨੀਆਂ ਦੀ ਹੀ ਖ਼ਸਲਤ ਹੈ ਕਿ ਪਹਿਲਾਂ ਮਦਦ ਦਾ ਭਰੋਸਾ ਦੇਣ ਲਈ ਬਾਹਵਾਂ ਖੜੀਆਂ ਕਰ ਦਿਉ ਤੇ ਜੈਕਾਰੇ ਛੱਡ ਦਿਉ ਪਰ ਜਦ ਕੋਈ ਤੁਹਾਡੇ ਤੇ ਵਿਸ਼ਵਾਸ ਕਰ ਕੇ ਅਪਣਾ ਸੱਭ ਕੁੱਝ ਕੁਰਬਾਨ ਕਰ ਦੇਵੇ ਤਾਂ ਆਪ ਅਪਣਾ ਹੱਥ ਪਿੱਛੇ ਖਿਚ ਲਉ। ਤੁਹਾਡੇ ਐਮ.ਐਲ.ਏ. ਤੇ ਐਮ.ਪੀ. ਅਸੈਂਬਲੀਆਂ ਤੇ ਪਾਰਲੀਮੈਂਟ ਦੇ ‘ਮੈਂਬਰ’ ਤਾਂ ਇਹ ਕਹਿ ਕੇ ਬਣਦੇ ਹਨ ਕਿ ਮੈਂਬਰ ਬਣ ਕੇ ਤੁਹਾਡੀ ਹਰ ਮੁਸ਼ਕਲ ਹੱਲ ਕਰ ਦੇਣਗੇ ਪਰ ਮੈਂਬਰ ਬਣਦਿਆਂ ਹੀ ‘‘ਤੂੰ ਕੌਣ ਤੇ ਮੈਂ ਕੌਣ’’ ਵਾਲੀ ਗੱਲ ਹੋ ਜਾਂਦੀ ਹੈ ਤੇ ਇਹ ਅਪਣੇ ਖ਼ਜ਼ਾਨੇ ਭਰਪੂਰ ਕਰਨ ਵਿਚ ਹੀ ਰੁੱਝ ਜਾਂਦੇ ਹਨ। 

ਸ਼੍ਰੋਮਣੀ ਕਮੇਟੀ ਦੇ ‘ਮੈਂਬਰ’ ਚੋਣਾਂ ਵੇਲੇ ਤਾਂ ਇਹੀ ਕਹਿੰਦੇ ਹਨ ਕਿ ਅਪਣੇ ਅਪਣੇ ਇਲਾਕੇ ਵਿਚ ਸਿੱਖੀ ਦਾ ਬਾਗ਼ ਹਰਿਆ ਭਰਿਆ ਕਰ ਦੇਣਗੇ ਪਰ ਮੈਂਬਰ, ਮੈਂਬਰੀ ਸੰਭਾਲਦਿਆਂ ਹੀ ਬਹੁਤੇ ਮੈਂਬਰ ਸੱਭ ਕੁੱਝ ਭੁੱਲ ਜਾਂਦੇ ਹਨ ਤੇ ਅਪਣੇ ਭੱਤਿਆਂ ਤੇ ਹੋਰ ‘ਲਾਭਾਂ’ ਦੇ ਡੂਨੇ ਇਕੱਤਰ ਕਰਨ ਵਲ ਹੀ ਲੱਗੇ ਰਹਿੰਦੇ ਹਨ।
 ਠੀਕ ਇਸੇ ਤਰ੍ਹਾਂ ‘ਉੱਚਾ ਦਰ’ ਦੇ ਘੱਟੋ ਘੱਟ 90 ਫ਼ੀ ਸਦੀ ਮੈਂਬਰ ਕੇਵਲ ਇਹੀ ਪੁਛਦੇ ਰਹਿੰਦੇ ਹਨ ਕਿ ਮੈਂਬਰ ਵਜੋਂ ਜਿਹੜੇ ‘ਫ਼ਾਇਦੇ’ ਉਨ੍ਹਾਂ ਨੂੰ ਮਿਲਣੇ ਸਨ, ਉਨ੍ਹਾਂ ਦਾ ਕੀ ਬਣਿਆ?

ਪਰ ਕਦੇ ਕਿਸੇ ਨੇ ਇਹ ਨਹੀਂ ਪੁਛਿਆ ਕਿ ‘‘ਉੱਚਾ ਦਰ ਨੂੰ ਮੁਕੰਮਲ ਕਰਨ ਵਿਚ ਜਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹੈ, ਉਨ੍ਹਾਂ ਨੂੰ ਦੂਰ ਕਰਨ ਲਈ ਮੇਰੀ ਸੇਵਾ ਵੀ ਲਾਉ ਤੇ ਦੱਸੋ ਕਿ ਮੈਂ ਕੀ ਮਦਦ ਕਰਾਂ?’’ ਦੂਜੇ ‘ਮੈਂਬਰਾਂ’ ਦੇ ਮੁਕਾਬਲੇ ‘ਸਪੋਕਸਮੈਨ’ ਦੇ ਸਕੂਲ ਵਿਚੋਂ ਪੜ੍ਹ ਕੇ ਬਣਨ ਵਾਲੇ ਮੈਂਬਰ ਤਾਂ ਵਖਰੀ ਤਰ੍ਹਾਂ ਦੇ ਹੋਣੇ ਚਾਹੀਦੇ ਹਨ। ਅਪਣਾ ਸੱਭ ਕੁੱਝ ਰੋਜ਼ਾਨਾ ਸਪੋਕਸਮੈਨ ਤੇ ਉੱਚਾ ਦਰ ਨੂੰ ਦੇ ਚੁਕਣ ਮਗਰੋਂ ਇਕੱਲੇ ਹੀ ਸਾਰਾ ਭਾਰ ਚੁੱਕਣ ਲਈ ਮਜਬੂਰ ਹੋਏ ਪਏ ਹਾਂ। ਪਾਠਕਾਂ ਨੇ ਅੱਜ ਤਕ 15 ਕਰੋੜ ਮੈਂਬਰਸ਼ਿਪ ਵਜੋਂ ਦਿਤਾ ਹੈ ਤੇ 7 ਕਰੋੜ ਦਾਨ ਵਜੋਂ ਅਰਥਾਤ ਕੁਲ 22 ਕਰੋੜ ਜਦਕਿ 20 ਕਰੋੜ ਅਸੀ ਵਿਆਜ ਵਜੋਂ ਹੀ ਪਾਠਕਾਂ ਨੂੰ ਵਾਪਸ ਕਰ ਚੁੱਕੇ ਹਾਂ।

ਜਿਹੜਾ ਕਰਜ਼ਾ ਅਸੀ ਬੈਂਕ ਤੋਂ ਜਾਂ ਪਾਠਕਾਂ ਤੋਂ ਲਿਆ ਸੀ, ਉਹ ਪੈਸਾ ਲੱਗਾ ਤਾਂ ‘ਉੱਚਾ ਦਰ’ ਤੇ ਹੋਇਆ ਹੈ ਪਰ ਉਨ੍ਹਾਂ ਨੂੰ 30 ਕਰੋੜ ਅਸੀ ਅਪਣੇ ਕੋਲੋਂ ਅਰਥਾਤ ਕਰਜ਼ਾ ਚੁਕ ਕੇ ਵਾਪਸ ਵੀ ਕਰ ਚੁੱਕੇ ਹਾਂ। ਮਤਲਬ ਕਿ ਜੇ ਅਸੀ ਇਕੱਲਿਆਂ ਵੀ ਅਪਣੇ ਵਲੋਂ ਅਰਥਾਤ ਕੇਵਲ ਅਖ਼ਬਾਰ ਵਲੋਂ ਹੀ ‘ਉੱਚਾ ਦਰ’ ਉਸਾਰਨ ਦਾ ਫ਼ੈਸਲਾ ਲੈ ਲੈਂਦੇ ਤਾਂ ਹਾਲਤ ਅੱਜ ਵਰਗੀ ਹੀ ਹੋਣੀ ਸੀ ਜਦਕਿ ਅਸੀ ਚਾਹੁੰਦੇ ਸੀ ਕਿ ਸਾਰੇ ਰੱਲ ਕੇ ਹੱਲਾ ਮਾਰਨ ਤੇ ਦੋ ਸਾਲ ਵਿਚ ਉੱਚਾ ਦਰ ਚਾਲੂ ਕਰ ਵਿਖਾਉਣ।

ਜੇ ਸਾਰੇ ਮੈਂਬਰ ਤੇ ਪਾਠਕ ਵਾਰ ਵਾਰ ਬਾਹਵਾਂ ਖੜੀਆਂ ਕਰ ਕੇ ਕੀਤੇ ਅਪਣੇ ਪ੍ਰਣਾਂ ਨੂੰ ਹੀ ਯਾਦ ਕਰ ਲੈਂਦੇ ਤਾਂ ਉੱਚਾ ਦਰ 5 ਸਾਲ ਪਹਿਲਾਂ ਚਾਲੂ ਹੋ ਜਾਣਾ ਸੀ, 60 ਕਰੋੜ ਵਿਚ ਹੀ ਮੁਕੰਮਲ ਹੋ ਚੁੱਕਾ ਹੋਣਾ ਸੀ ਤੇ ਇਸ ਦਾ ਇਨਕਲਾਬੀ ਜਲਵਾ ਵੀ ਕਦੋਂ ਦਾ ਦੁਨੀਆਂ ਸਾਹਮਣੇ ਆ ਚੁੱਕਾ ਹੋਣਾ ਸੀ। ਪਰ ਪੈਸੇ ਦੇ ਮਾਮਲੇ ਵਿਚ, ਮੈਂਬਰਾਂ ਤੇ ਪਾਠਕਾਂ, ਦੁਹਾਂ ਨੇ ਕਮਾਲ ਦੀ ਬੇਰੁਖ਼ੀ ਵਿਖਾਈ।

 ਨਤੀਜੇ ਵਜੋਂ ਮੈਨੂੰ ਤੇ ਮੇਰੇ ਪ੍ਰਵਾਰ ਨੂੰ ਜ਼ਿੰਦਗੀ ਦੇ ਸੱਭ ਤੋਂ ਭੈੜੇ ਦਿਨ ਵੇਖਣੇ ਪਏ, ਹਰ ਤਰ੍ਹਾਂ ਦੀਆਂ ਊਜਾਂ ਵੱਖ ਸੁਣੀਆਂ ਤੇ ਕਈ ਵਾਰ ਸੋਚਿਆ ਕਿ ਜਦ ਕਿਸੇ ਨੂੰ ਇਸ ਦੀ ਲੋੜ ਹੀ ਨਹੀਂ ਤੇ ਪ੍ਰਵਾਹ ਹੀ ਨਹੀਂ ਤਾਂ ਵੇਚ ਵੱਟ ਕੇ, ਕਰਜ਼ੇ ਉਤਾਰ ਦਿਆਂ ਤੇ ਸੌਖਾ ਜੀਵਨ ਤਾਂ ਬਸਰ ਕਰਾਂ। ਤਕਲੀਫ਼ ਉਦੋਂ ਨਹੀਂ ਮਹਿਸੂਸ ਹੁੰਦੀ ਜਦੋਂ ਕੋਈ ਹੌਸਲਾ ਤੇ ਸਾਥ ਦੇਣ ਵਾਲਾ ਵੀ ਨਜ਼ਰ ਆਵੇ। ਪੈਸਾ ਉਧਾਰਾ ਦੇਣ ਵਾਲੇ ਤਾਂ ਹੱਦ ਹੀ ਕਰ ਗਏ। ਕਿਸੇ ਨੂੰ ਇਸ ਗੱਲ ਵਿਚ ਕੋਈ ਦਿਲਚਸਪੀ ਨਹੀਂ ਸੀ ਕਿ ਉੱਚਾ ਦਰ ਪਹਿਲਾ ਮੁਕੰਮਲ ਤਾਂ ਹੋ ਜਾਏ। ਪਰ ਬਾਬਾ ਨਾਨਕ ਫਿਰ ਹੌਸਲਾ ਦੇ ਦੇਂਦਾ ਤੇ ਅਸ਼ੀ ਫਿਰ ਡਟ ਜਾਂਦੇ ਇਕ ਹੋਰ ਨਰਕ ਭੋਗਣ ਲਈ। ਅਗਲੇ ਹਫ਼ਤੇ ਇਕ ਆਖ਼ਰੀ ਗੱਲ ਕਹਿ ਕੇ ਬੰਦੇ ਕਰਾਂਗਾ।                   (ਚਲਦਾ)