ਵਿਆਹ ਦੀ 50ਵੀਂ ਵਰ੍ਹੇਗੰਢ ਮੌਕੇ ਕੁੱਝ ਖ਼ਿਆਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅੱਜ ਹੀ ਪਹਿਲਾ ਮਕਾਨ ਖ਼ਾਲੀ ਕਰ ਕੇ, ਨਵੇਂ ਮਕਾਨ ਵਿਚ ਆ ਗਏ ਹਾਂ...

Ucha Dar Baba Nanak Da

ਅੱਜ 9 ਮਾਰਚ ਨੂੰ ਜਦ ਮੈਂ ਡਾਇਰੀ ਦੇ ਪੰਨੇ ਲਿਖ ਰਿਹਾ ਹਾਂ (ਤੁਸੀ 10 ਮਾਰਚ ਨੂੰ ਪੜ੍ਹ ਰਹੇ ਹੋਵੋਗੇ) ਤਾਂ ਅੱਜ ਹੀ ਅਸੀ 10 ਸੈਕਟਰ ਵਾਲਾ ਘਰ ਖ਼ਾਲੀ ਕਰ ਕੇ 21 ਸੈਕਟਰ ਵਿਚ ਆ ਸਿਰ ਲੁਕਾਇਆ ਹੈ। ਮੇਰੇ ਵਰਗੇ, ਜਿਹੜੇ ਅਪਣੀ ਕਿਸਮਤ ਵਿਚ ਸਾਰੀ ਉਮਰ ਕਿਰਾਏ ਦੇ ਮਕਾਨ ਵਿਚ ਰਹਿਣਾ ਲਿਖਵਾ ਕੇ ਆਏ ਹੁੰਦੇ ਹਨ, 4-5 ਸਾਲ ਮਗਰੋਂ ਅਪਣੇ ਆਪ ਨੂੰ ਤਿਆਰ ਕਰਨਾ ਸ਼ੁਰੂ ਕਰ ਦੇਂਦੇ ਹਨ ਕਿ ਹੁਣੇ ਮਾਲਕ ਕਹਿ ਦੇਵੇਗਾ ਕਿ ਮਕਾਨ ਖ਼ਾਲੀ ਕਰ ਦਿਉ, ਮੈਨੂੰ ਅਪਣੇ ਰਹਿਣ ਲਈ ਚਾਹੀਦਾ ਹੈ। ਅਸੀ 1970 ਵਿਚ ਚੰਡੀਗੜ੍ਹ ਆਏ ਸੀ। 49 ਸਾਲਾਂ ਵਿਚ ਅਸੀ ਸੱਤ ਅੱਠ ਘਰ ਬਦਲੇ ਹੋਣਗੇ ਪਰ ਅਪਣਾ ਘਰ ਨਹੀਂ ਬਣਾਇਆ। ਕਿਰਾਏ ਦੇ ਮਕਾਨ ਵਿਚ ਰਹਿਣ ਦੀ ਆਦਤ ਜਹੀ ਹੀ ਪੈ ਗਈ ਹੈ। ਤੁਸੀ ਵੀ ਹੁਣ ਚਿੱਠੀ ਪੱਤਰ ਨਵੇਂ ਪਤੇ ਤੇ ਅਰਥਾਤ ਮਕਾਨ ਨੰ. 2217, ਸੈਕਟਰ 21-ਸੀ ਦੇ ਪਤੇ ਤੇ ਹੀ ਭੇਜਿਆ ਕਰੋ।

50 ਸਾਲ ਪਹਿਲਾਂ, 9 ਮਾਰਚ ਨੂੰ ਮੇਰੀ ਸ਼ਾਦੀ ਜਗਜੀਤ ਕੌਰ ਨਾਲ ਹੋਈ ਸੀ। ਅੱਜ ਸਵੇਰੇ ਮੂੰਹ ਹਨੇਰੇ, ਉਠਦਿਆਂ ਸਾਰ ਜਗਜੀਤ ਨੇ ਮੈਨੂੰ ਕਿਹਾ, ''ਦੋ ਹੀ ਮੰਗਾਂ ਮੰਗ ਰਹੀ ਹਾਂ ਰੱਬ ਕੋਲੋਂ। ਇਕ 'ਉੱਚਾ ਦਰ ਬਾਬੇ ਨਾਨਕ ਦਾ' ਛੇਤੀ ਸ਼ੁਰੂ ਹੋ ਜਾਏ ਤੇ ਦੂਜੀ ਕਿ ਤੁਹਾਡੀ ਸਿਹਤ ਠੀਕ ਰਿਹਾ ਕਰੇ ਤੇ ਅਪਣੇ ਕੰਮ ਪੂਰੇ ਕਰ ਕੇ ਜਾਉ।'' 50 ਸਾਲ ਪਹਿਲਾਂ ਜਦ ਜਗਜੀਤ ਨਾਲ ਮੇਰੀ ਸ਼ਾਦੀ ਹੋਈ ਸੀ ਤਾਂ ਇਹ ਬਲਾ ਦੀ ਸੋਹਣੀ ਸੀ। ਮੈਨੂੰ ਯਾਦ ਹੈ, ਅਸੀ ਉਦੋਂ ਮਾਪਿਆਂ ਨਾਲ ਰਾਜੌਰੀ ਗਾਰਡਨ ਦਿੱਲੀ ਵਿਚ ਬਹੁਤ ਵੱਡੀ ਕੋਠੀ ਵਿਚ ਰਹਿੰਦੇ ਸੀ। ਸ਼ਾਮ ਨੂੰ ਅਸੀ ਹਰ ਰੋਜ਼ ਸੈਰ ਕਰਨ ਨਿਕਲਦੇ ਤਾਂ ਵੇਖਦੇ ਕਿ ਬੜੀਆਂ ਸੋਹਣੀਆਂ ਤੇ ਅੰਗਰੇਜ਼ੀ ਬੋਲਦੀਆਂ 5-6 ਕੁੜੀਆਂ ਰੋਜ਼ ਸਾਡਾ ਪਿੱਛਾ ਕਰਦੀਆਂ ਸਨ। ਇਕ ਦਿਨ ਉਨ੍ਹਾਂ 'ਚੋਂ ਇਕ ਕੁੜੀ ਹਿੰਮਤ ਕਰ ਕੇ ਸਾਨੂੰ ਕਹਿੰਦੀ, ''ਜੇ ਤੁਸੀ ਬੁਰਾ ਨਾ ਮਨਾਉ ਤਾਂ ਦੋ ਮਿੰਟ ਅਸੀ ਤੁਹਾਡੇ ਨਾਲ ਗੱਲਬਾਤ ਕਰ ਸਕਦੀਆਂ ਹਾਂ?''

ਅਸੀ ਕਿਹਾ, ''ਜ਼ਰੂਰ ਗੱਲ ਕਰੋ।'' 
ਇਕ ਕੁੜੀ ਸ਼ਰਮਾਅ ਕੇ ਬੋਲੀ, ''ਮੈਮ, ਅਸੀ ਬਹੁਤ ਸੋਹਣੀਆਂ ਕੁੜੀਆਂ ਵੇਖੀਆਂ ਹਨ ਪਰ ਤੁਹਾਡੇ ਵਰਗੀ ਸੋਹਣੀ ਔਰਤ ਅੱਜ ਤਕ ਕਦੇ ਨਹੀਂ ਵੇਖੀ। ਤੁਹਾਡੇ ਨਾਲ ਗੱਲ ਕਰਨ ਨੂੰ ਸਾਡਾ ਸਾਰੀਆਂ ਦਾ ਦਿਲ ਕਰਦਾ ਸੀ। ਪਰ ਅਸੀ ਡਰਦੀਆਂ ਸੀ ਕਿ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਲਗਦੈ, ਇਸ ਲਈ ਤੁਸੀ ਕਿਤੇ ਬੁਰਾ ਨਾ ਮਨਾ ਜਾਉ। ਅਸੀ ਕਾਨਵੈਂਟ ਸਕੂਲ ਦੀਆਂ ਵਿਦਿਆਰਥਣਾਂ ਹਾਂ।''

ਜਗਜੀਤ ਹੱਸ ਕੇ ਤੇ ਬੜੇ ਪਿਆਰ ਨਾਲ ਉਨ੍ਹਾਂ ਨੂੰ ਮਿਲੀ। ਕੁੜੀਆਂ ਬਹੁਤ ਖ਼ੁਸ਼ ਹੋਈਆਂ ਤੇ ਰੋਜ਼ ਸਾਨੂੰ ਮਿਲਣ ਲੱਗ ਪਈਆਂ। ਫਿਰ ਫ਼ਿਲਮ ਡਾਇਰੈਕਟਰ ਦਬਾਅ ਪਾਉਣ ਲੱਗੇ ਕਿ ਉਹ ਜਗਜੀਤ ਨੂੰ ਹੀਰੋਇਨ ਵਜੋਂ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਹਨ। ਜਗਜੀਤ ਨੇ ਸਾਫ਼ ਨਾਂਹ ਕਰ ਦਿਤੀ। ਪਹਾੜਗੰਜ ਦਿੱਲੀ ਵਿਖੇ ਇਕ ਰਿਸ਼ਤੇਦਾਰ ਦੇ ਘਰ ਖਾਣਾ ਖਾ ਕੇ ਗਲੀ ਵਿਚੋਂ ਲੰਘ ਰਹੇ ਸੀ ਕਿ 10-15 ਬੱਚੇ ਉੱਚੀ ਉੱਚੀ 'ਮੇਮ ਓਇ ਮੇਮ ਓਇ' ਕਹਿੰਦੇ ਹੋਏ ਸਾਡੇ ਪਿੱਛੇ ਉਦੋਂ ਤਕ ਲੱਗੇ ਰਹੇ ਜਦ ਤਕ ਅਸੀ ਟੈਕਸੀ ਵਿਚ ਬੈਠ ਨਾ ਗਏ।

ਦੁਨੀਆਂ ਨੇ ਜਗਜੀਤ ਦੀ ਖ਼ੂਬਸੂਰਤੀ ਤੇ ਭੋਲਾਪਨ ਵੇਖਿਆ ਸੀ ਜਿਸ ਦੇ ਸਹਾਰੇ, ਇਹ ਹਰ ਕਿਸੇ ਨੂੰ ਅਪਣਾ ਬਣਾ ਲੈਂਦੀ ਸੀ। 

ਪਰ ਮੈਂ ਇਸ ਦਾ ਅਸਲ ਗੁਣ ਉਦੋਂ ਵੇਖਿਆ ਜਦ ਬਾਦਲਾਂ ਨੇ, ਮੇਰੇ ਨਾਲ ਨਾਰਾਜ਼ ਹੋ ਕੇ, ਪਹਿਲਾਂ ਪੁਜਾਰੀਆਂ ਰਾਹੀਂ ਮੈਨੂੰ ਵੱਸ ਵਿਚ ਕਰਨ ਦੇ ਯਤਨ ਸ਼ੁਰੂ ਕੀਤੇ ਤੇ ਫਿਰ ਮੈਨੂੰ 7-8 ਕੇਸਾਂ ਵਿਚ ਉਲਝਾ ਦਿਤਾ। ਇਕ ਸਾਲ ਲਈ ਮੈਨੂੰ ਰੁਪੋਸ਼ ਹੋ ਕੇ ਦਿੱਲੀ ਵਿਚ ਵੀ ਰਹਿਣਾ ਪਿਆ ਕਿਉਂਕਿ ਇਹ ਮੈਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੇ ਸੀ। ਮੈਨੂੰ ਡਰ ਇਹ ਸਤਾਂਦਾ ਸੀ ਕਿ ਜੇ ਮੈਂ ਗ੍ਰਿਫ਼ਤਾਰ ਹੋ ਗਿਆ ਤਾਂ ਪਿੱਛੇ ਅਖ਼ਬਾਰ ਕੌਣ ਚਲਾਏਗਾ? ਦੁਸ਼ਮਣ ਤਾਂ ਪਹਿਲਾਂ ਹੀ ਹਵਾਈਆਂ ਉਡਾ ਰਹੇ ਸਨ ਕਿ ਅਖ਼ਬਾਰ ਤਾਂ ਵੱਧ ਤੋਂ ਵੱਧ ਹੋਰ ਦੋ ਮਹੀਨੇ ਕੱਢ ਸਕੇਗਾ, 4 ਮਹੀਨੇ ਕੱਢ ਸਕੇਗਾ। ਇਸ ਗੱਲ ਦਾ ਉਨ੍ਹਾਂ ਨੂੰ ਪਤਾ ਸੀ ਕਿ ਸਾਡੇ ਕੋਲ ਅਖ਼ਬਾਰ ਚਲਦਾ ਰੱਖਣ ਲਈ ਪੈਸੇ ਕੋਈ ਨਹੀਂ ਸਨ ਤੇ ਉਹ ਹੈਰਾਨ ਵੀ ਸਨ ਕਿ ਸਰਕਾਰ ਦੀ 100% ਆਰਥਕ ਨਾਕੇਬੰਦੀ ਅਤੇ ਪੁਜਾਰੀਆਂ ਦੇ ਫ਼ਤਵੇ ਦੇ ਬਾਵਜੂਦ, ਅਖ਼ਬਾਰ ਚਲੀ ਕਿਵੇਂ ਜਾ ਰਿਹਾ ਸੀ। ਪਤਾ ਤਾਂ ਸਾਨੂੰ ਵੀ ਨਹੀਂ ਸੀ ਲੱਗ ਰਿਹਾ ਕਿ ਸਾਡੀ ਖ਼ਾਲੀ ਜੇਬ ਦੇ ਬਾਵਜੂਦ ਇਹ ਚਲੀ ਕਿਵੇਂ ਜਾ ਰਿਹਾ ਸੀ। ਆਪਸ ਵਿਚ ਗੱਲਾਂ ਕਰਦਿਆਂ ਵੀ ਅਸੀ ਏਨਾ ਕਹਿ ਕੇ ਹੀ ਸੁਰਖ਼ਰੂ ਹੋ ਜਾਂਦੇ ਸੀ, ''ਰੱਬ ਹੀ ਹੈ ਜੋ ਅਖ਼ਬਾਰ ਚਲਾਈ ਜਾ ਰਿਹੈ ਵਰਨਾ ਸਾਡੇ ਕੋਲ ਤਾਂ ਏਨਾ ਸ਼ਾਨਦਾਰ ਰੋਜ਼ਾਨਾ ਅਖ਼ਬਾਰ ਚਲਾਉਣ ਦੀ ਹਿੰਮਤ ਹੀ ਕੋਈ ਨਹੀਂ ਸੀ।''

ਪਰ ਮੈਂ ਅੰਦਰ ਦੀ ਗੱਲ ਜਾਣਦਾ ਸੀ ਕਿ ਰੱਬ ਤੋਂ ਬਾਅਦ, ਇਹ ਜਗਜੀਤ ਦੀ ਸਿਆਣਪ, ਲਗਨ ਤੇ ਹਾਰ ਨਾ ਮੰਨਣ ਦੀ ਬਿਰਤੀ ਹੀ ਸੀ ਜਿਸ ਕਾਰਨ ਇਹ ਅਖ਼ਬਾਰ ਚਲੀ ਜਾ ਰਿਹਾ ਸੀ। ਮੈਂ ਸੰਤੁਸ਼ਟ ਹੋ ਗਿਆ ਕਿ ਹੁਣ ਅਖ਼ਬਾਰ, ਮੇਰੇ ਨਾਲੋਂ ਵੀ ਜਗਜੀਤ ਦੇ ਹੱਥਾਂ ਵਿਚ ਜ਼ਿਆਦਾ ਸੁਰੱਖਿਅਤ ਹੋ ਗਿਆ ਸੀ। ਮੇਰੀ ਦਿਲ ਦੀ ਬੀਮਾਰੀ ਫਿਰ ਤੋਂ ਵਿਗੜਨ ਲੱਗ ਪਈ ਸੀ (1996 ਵਿਚ ਬਾਈਪਾਸ ਸਰਜਰੀ ਹੋ ਚੁੱਕੀ ਸੀ 14-15 ਸਾਲ ਹੀ ਕੰਮ ਕਰ ਸਕਦੀ ਸੀ) ਇਸ ਲਈ 2010 ਵਿਚ ਮੈਂ ਚੀਫ਼ ਐਡੀਟਰੀ ਤੋਂ ਅਸਤੀਫ਼ਾ ਦੇ ਦਿਤਾ ਤੇ ਜਗਜੀਤ ਨੂੰ ਕਹਿ ਦਿਤਾ ਕਿ ਜਿਸ ਨੂੰ ਚਾਹੋ, ਐਡੀਟਰ ਥਾਪ ਲਿਆ ਕਰੋ, ਮੈਂ ਇਤਰਾਜ਼ ਨਹੀਂ ਕਰਾਂਗਾ। ਉਦੋਂ ਤੋਂ ਲੈ ਕੇ ਅੱਜ ਤਕ ਮੈਂ ਸਪੋਕਸਮੈਨ ਦੇ ਦਫ਼ਤਰ ਵਿਚ ਵੀ ਜਾ ਕੇ ਕਦੇ ਨਹੀਂ ਵੇਖਿਆ। ਘਰ ਬੈਠ ਕੇ ਹੀ ਡਾਇਰੀ ਲਿਖ ਦੇਂਦਾ ਹਾਂ ਪਰ ਅਸਲ ਕੰਮ ਮੈਂ 'ਉੱਚਾ ਦਰ ਬਾਬੇ ਨਾਨਕ ਦਾ' ਦਾ ਹੀ ਕਰਦਾ ਹਾਂ। ਜਿੰਨਾ ਕੰਮ ਇਸ ਸ਼ੇਰ ਦੀ ਬੱਚੀ ਨੇ ਕਰ ਵਿਖਾਇਆ ਹੈ, ਉਸ ਨੂੰ ਵੇਖ ਕੇ ਜੇ ਕੋਈ ਸਚਮੁਚ ਦੀ 'ਸਰਕਾਰ' ਹੁੰਦੀ ਤਾਂ ਏਨੇ ਔਖੇ ਸਮੇਂ ਵਿਚ ਇਕ ਨਹੀਂ, ਪਹਾੜ ਜਿੱਡੇ ਦੋ ਕੰਮਾਂ ਦਾ ਭਾਰ ਚੁਕ ਕੇ ਉਨ੍ਹਾਂ ਨੂੰ ਸਫ਼ਲਤਾ ਦਆਉਣ ਦਾ ਕੰਮ ਕਰਨ ਵਾਲੀ ਔਰਤ ਨੂੰ ਸੱਭ ਤੋਂ ਵੱਡੇ ਸਨਮਾਨ ਨਾਲ ਸਨਮਾਨਤ ਕਰਦੀ ਤੇ ਉਸ ਦੇ ਕੰਮ ਦੀ ਕੀਮਤ ਪਾਉਂਦੀ। 

ਯਾਦ ਰਹੇ, ਅਖ਼ਬਾਰ ਚਲਾਉਣੀ ਹੋਵੇ ਤਾਂ ਕੇਵਲ ਇਕ ਅਦਾਰੇ ਲਈ ਹੀ ਮਿਹਨਤ ਕਰਨੀ ਪੈਂਦੀ ਹੈ ਤੇ ਉਸ ਲਈ ਹੀ ਪੈਸੇ ਦਾ ਪ੍ਰਬੰਧ ਕਰਨਾ ਪੈਂਦਾ ਹੈ ਪਰ ਜਦ ਮੈਂ 'ਉੱਚਾ ਦਰ' ਵਿਚ ਅਪਣੇ ਆਪ ਨੂੰ ਖੋਭ ਦਿਤਾ ਤਾਂ ਅਖ਼ਬਾਰ ਅਤੇ 'ਉੱਚਾ ਦਰ' ਦੁਹਾਂ ਲਈ ਪੈਸੇ ਦਾ ਪ੍ਰਬੰਧ ਜਗਜੀਤ ਨੂੰ ਹੀ ਕਰਨਾ ਪੈਂਦਾ ਕਿਉਂਕਿ 'ਉੱਚਾ ਦਰ' 'ਚੋਂ ਕਮਾਈ ਤਾਂ ਕੋਈ ਹੋ ਨਹੀਂ ਸਕਦੀ ਸੀ, ਉਸ ਨੂੰ ਵੀ ਪੈਸਾ ਅਖ਼ਬਾਰ ਨੇ ਹੀ ਦੇਣਾ ਹੁੰਦਾ ਸੀ ਜੋ ਜਗਜੀਤ ਨੇ ਆਪ ਅਪਣੇ ਆਪ ਨੂੰ ਕੋਹਲੂ ਵਿਚ ਪੀੜ ਕੇ, ਅਪਣਾ ਖ਼ੂਨ ਦੇਣ ਵਾਂਗ ਮਦਦ ਦਿਤੀ ਤੇ ਜਿਹੜਾ 40 ਕਰੋੜ ਰੁਪਿਆ, ਪਾਠਕਾਂ ਨੂੰ ਵਾਪਸ ਕੀਤਾ ਗਿਆ (ਉਸਾਰੀ ਪੂਰੀ ਹੋਣ ਤੋਂ ਪਹਿਲਾਂ ਹੀ) ਉਹ 90% ਭਾਰ ਵੀ ਜਗਜੀਤ ਨੂੰ ਹੀ ਚੁਕਣਾ ਪਿਆ ਕਿਉਂਕਿ ਬਾਹਵਾਂ ਖੜੀਆਂ ਕਰ ਕਰ ਕੇ ਪੂਰੀ ਮਦਦ ਦਾ ਭਰੋਸਾ ਦੇਣ ਵਾਲੇ ਤਾਂ, ਕੁੱਝ ਥੋੜਿਆਂ ਨੂੰ ਛੱਡ ਕੇ, ਹਵਾ ਵਿਚ ਛੂ ਮੰਤਰ ਹੀ ਹੋ ਗਏ ਸਨ ਤੇ ਜਗਜੀਤ ਵੀ ਦੋਹਾਂ ਅਦਾਰਿਆਂ (ਅਖ਼ਬਾਰ ਤੇ 'ਉੱਚਾ ਦਰ') ਦਾ ਭਾਰ ਅਪਣੇ ਉਤੇ ਨਾ ਲੈ ਲੈਂਦੀ ਤਾਂ ਮੇਰੀ ਹਜ਼ਾਰ ਕੋਸ਼ਿਸ਼ ਵੀ, ਪੈਸੇ ਬਿਨਾਂ ਕੁੱਝ ਨਾ ਕਰ ਸਕਦੀ। 

ਇਹ 10 ਸਾਲ ਸਾਡੇ ਸਾਰਿਆਂ ਲਈ 'ਨਰਕ ਵਰਗਾ' ਸਮਾਂ ਸੀ ਜਦ ਸਾਡੇ ਵਲੋਂ ਅਪਣਾ ਸੱਭ ਕੁੱਝ ਅਰਪਣ ਕਰ ਦੇਣ ਦੇ ਬਾਵਜੂਦ, ਸਾਨੂੰ ਏਨੇ ਕੌੜੇ ਬੋਲ ਸੁਣਨੇ ਪੈਂਦੇ ਕਿ ਹਰ ਵੇਲੇ ਹਸੂੰ ਹਸੂੰ ਕਰਨ ਵਾਲੀ ਤੇ ਮਿੱਠਾ ਬੋਲਣ ਵਾਲੀ ਜਗਜੀਤ, ਅੰਦਰੋਂ ਭਰੀ ਪੀਤੀ ਹੋਣ ਕਰ ਕੇ, ਕੌੜਾ ਬੋਲਣ ਲੱਗ ਪਈ ਤੇ ਗੱਲ ਗੱਲ ਤੇ ਉਸ ਦੀ ਖਿੱਝ, ਗੁੱਸਾ ਬਣ ਕੇ ਸਾਹਮਣੇ ਆ ਜਾਂਦੀ ਪਰ ਇਸ ਔਖੇ ਦੌਰ ਵਿਚੋਂ ਲੰਘਦਿਆਂ ਵੀ ਉਸ ਨੇ ਕਦੀ ਗਿਲਾ ਨਾ ਕੀਤਾ ਕਿ ਉਸ ਨੂੰ ਸਾਰੀ ਉਮਰ ਮੈਂ ਸਿਰ ਛੁਪਾਣ ਜੋਗਾ ਇਕ ਘਰ ਵੀ ਨਹੀਂ ਲੈ ਦਿਤਾ ਜਾਂ ਕਿਧਰੇ ਸੈਰ ਕਰਨ ਨਹੀਂ ਲੈ ਗਿਆ ਜਾਂ ਕੋਈ ਵੀ ਫ਼ਖ਼ਰ ਕਰਨ ਯੋਗ ਚੀਜ਼ ਨਹੀਂ ਲੈ ਦਿਤੀ ਸਗੋਂ ਕੌਮ ਅਤੇ ਧਰਮ ਲਈ ਉਸ ਤੋਂ ਕੁਰਬਾਨੀ ਹੀ ਮੰਗਦਾ ਰਿਹਾ ਹਾਂ ਹਾਲਾਂਕਿ ਮੇਰੇ ਕੋਲ ਕਰੋੜਾਂ ਰੁਪਏ ਵੀ ਹੁੰਦੇ ਸਨ ਤੇ ਕਰੋੜਾਂ ਦੀ ਪੇਸ਼ਕਸ਼ ਵੀ ਮੈਨੂੰ ਜਗਜੀਤ ਦੇ ਸਾਹਮਣੇ ਕੀਤੀ ਜਾਂਦੀ ਰਹੀ ਹੈ (ਤਾਕਿ ਮੈਂ ਅਪਣੇ ਅਸੂਲਾਂ ਨੂੰ ਛੱਡ ਦੇਵਾਂ)। ਜੇ ਅੱਜ ਮੈਂ ਦੁਨੀਆਂ ਨੂੰ ਹੀ ਨਹੀਂ, ਰੱਬ ਨੂੰ ਵੀ ਕਹਿਣ ਜੋਗਾ ਹੋ ਗਿਆ ਹਾਂ (ਜਿਸ ਨੂੰ ਹਰ ਗੱਲ ਦਾ ਪਤਾ ਹੈ ਤੇ ਉਸ ਕੋਲੋਂ ਕੁੱਝ ਵੀ ਛੁਪਾਇਆ ਨਹੀਂ ਜਾ ਸਕਦਾ) ਕਿ ਮੈਂ ਕਿਸੇ ਵੀ ਲਾਲਚ, ਲੋਭ, ਡਰ ਅੱਗੇ ਨਾ ਝੁਕ ਕੇ ਪੂਰੀ ਲਗਨ ਨਾਲ ਅਪਣੇ ਅਸੂਲਾਂ ਉਤੇ ਪਹਿਰਾ ਦਿਤਾ ਹੈ ਤਾਂ ਇਸ ਦਾ ਸਿਹਰਾ ਵੀ ਜਗਜੀਤ ਦੇ ਸਿਰ ਹੀ ਬਝਦਾ ਹੈ। ਸ਼ਾਇਦ ਕੋਈ ਹੋਰ ਔਰਤ ਹੁੰਦੀ ਤਾਂ ਮੇਰੇ ਹੱਥ ਵਿਚ ਕਰੋੜਾਂ ਰੁਪਏ ਹੋਣ ਦੇ ਬਾਵਜੂਦ, ਅਪਣੇ ਲਈ ਇਕ ਪੈਸਾ, ਇਕ ਮਕਾਨ ਜਾਂ ਸ਼ਾਹੀ ਠਾਠ ਵਾਲਾ ਜੀਵਨ ਮੰਗੇ ਬਿਨਾਂ ਨਾ ਰਹਿ ਸਕਦੀ ਤੇ ਕੌਮ, ਦੇਸ਼ ਜਾਂ ਮਾਨਵਤਾ ਲਈ ਕੁਰਬਾਨੀ ਦੀ ਗੱਲ ਸੁਣ ਕੇ ਲੋਹੀ ਲਾਖੀ ਹੋ ਗਈ ਹੁੰਦੀ। 

ਜਿਹੜੇ ਵੱਡੇ ਕੰਮ ਕਰਨ ਦੀ ਸਹੁੰ ਮੈਂ ਖਾਧੀ ਸੀ, ਉਹ ਕਿਸੇ ਅਕਲ ਵਾਲੇ ਬੰਦੇ ਦੇ ਕਰਨ ਵਾਲੇ ਕੰਮ ਨਹੀਂ ਸਨ। ਇਹੋ ਜਹੇ ਕੰਮ, ਸਿਰਸੜੇ ਜਹੇ ਤੇ ਨੀਮ-ਪਾਗ਼ਲ ਜਹੇ ਬੰਦਿਆਂ ਦੇ ਕਰਨ ਵਾਲੇ ਕੰਮ ਹੀ ਹੁੰਦੇ ਹਨ। ਇਹ ਗੱਲ ਮੈਂ ਦੂਜਿਆਂ ਨੂੰ ਕਹਿੰਦਿਆਂ ਸੁਣਿਆ ਸੀ ਪਰ ਉਮਰ ਦੇ ਆਖ਼ਰੀ ਡੰਡੇ ਦੇ ਨੇੜੇ ਪੁਜ ਕੇ ਮੈਂ ਮਹਿਸੂਸ ਕਰਦਾ ਹਾਂ ਕਿ 'ਨੀਮ-ਪਾਗਲ' ਹੋਏ ਬਿਨਾਂ ਅਥਵਾ ਅਪਣੇ ਤੇ ਅਪਣੇ ਪ੍ਰਵਾਰ ਦਾ ਭਲਾ ਬਿਲਕੁਲ ਭੁੱਲ ਕੇ ਕੰਮ ਕਰਨ ਵਾਲੇ ਹੀ ਕਿਸੇ ਵੱਡੇ ਟੀਚੇ ਨੂੰ ਸਰ ਕਰ ਸਕਦੇ ਹਨ¸ਪਰ ਨਾਲ ਹੀ ਇਕ ਗੱਲ ਹੋਰ ਜੋੜਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਨਾਲ ਹੀ ਜਗਜੀਤ ਕੌਰ ਵਰਗਾ, ਹਰ ਹਾਲ ਵਿਚ, ਹੱਸ ਕੇ ਜਵਾਬ ਦੇਣ ਵਾਲਾ ਸਾਥੀ ਵੀ ਮਿਲ ਜਾਏ ਤਾਂ ਸੋਨੇ ਤੇ ਸੁਹਾਗਾ ਵਾਲੀ ਗੱਲ ਬਣ ਜਾਂਦੀ ਹੈ ਵਰਨਾ ਸਵਾਰਥ-ਭਰਿਆ ਸਾਥੀ, ਸੱਭ ਕੌਮੀ ਟੀਚਿਆਂ ਤੋਂ ਦੂਰ ਕਰਦਿਆਂ ਵੀ ਢਿਲ ਨਹੀਂ ਲਾਉਂਦਾ। ਮੈਂ ਆਪ ਵੀ ਕਦੇ ਨਹੀਂ ਸੋਚਿਆ ਕਿ ਮੇਰੀ ਜੁੱਤੀ ਟੁੱਟ ਗਈ ਹੈ ਜਾਂ ਕਮੀਜ਼ ਫੱਟ ਗਈ ਹੈ, ਨਵੀਂ ਲੈ ਲਵਾਂ। ਮੇਰੀਆਂ ਬੇਟੀਆਂ ਤਰਸ ਖਾ ਕੇ ਆਪੇ ਲਿਆ ਦੇਂਦੀਆਂ ਹਨ ਤੇ ਮੇਰੀ ਟੌਹਰ ਬਣਾਉਣ ਦੀ ਚਿੰਤਾ ਵਿਚ ਲਗੀਆਂ ਰਹਿੰਦੀਆਂ ਹਨ। 

ਪਾਠਕ ਮਾਫ਼ ਕਰਨ, ਅੱਜ ਜਗਜੀਤ ਨਾਲ ਵਿਆਹ ਦੀ 50ਵੀਂ ਵਰ੍ਹੇਗੰਢ ਮੌਕੇ, ਕੇਵਲ ਅਪਣੇ ਤੇ ਜਗਜੀਤ ਬਾਰੇ ਹੀ ਲਿਖਿਆ ਹੈ। ਪਰ ਜੇ ਇਸ ਮੌਕੇ ਵੀ ਘਰ ਦਾ ਸੱਚ ਨਾ ਲਿਖਾਂ ਤਾਂ ਇਹ ਵੀ ਗੁਨਾਹ ਹੋਵੇਗਾ। ਪ੍ਰਮਾਤਮਾ ਕਰੇ, ਜਗਜੀਤ ਕੌਰ ਵਰਗੇ ਕੌਮ, ਦੇਸ਼ ਅਤੇ ਮਾਨਵਤਾ ਦੇ ਭਲੇ ਲਈ ਕੁਰਬਾਨੀ ਕਰਨ ਵਾਲੇ 100 ਹੋਰ ਸਾਥੀ ਵੀ ਨਿੱਤਰ ਆਉਣ ਤਾਂ 'ਉੱਚਾ ਦਰ' ਵਰਗਾ ਇਕ ਅਦਾਰਾ ਹਰ ਸਾਲ, ਵੱਖ ਵੱਖ ਰਾਜਾਂ ਵਿਚ ਕਾਇਮ ਕਰ ਦਿਖਾਵਾਂ ਜਿਵੇਂ ਯਹੂਦੀਆਂ ਨੇ 'ਹਾਲੋਕਾਸਟ ਮਿਊਜ਼ੀਅਮ' ਥਾਂ ਥਾਂ ਬਣਾਏ ਹਨ। ਇਕ ਨਾਲ ਮਾਨਵਤਾ ਦਾ ਜਿੰਨਾ ਭਲਾ ਹੋ ਸਕਦਾ ਹੈ, ਹੋਰ ਕਿਸੇ ਚੀਜ਼ ਨਾਲ ਨਹੀਂ ਹੋ ਸਕਦਾ। ਗ਼ਰੀਬਾਂ ਨੂੰ ਮਦਦ ਦਾ ਇਕ ਪੱਕਾ ਟਿਕਾਣਾ ਮਿਲ ਸਕਦਾ ਹੈ ਤੇ ਬਾਬੇ ਨਾਨਕ ਦੇ ਹਰ ਪ੍ਰਾਣੀ ਮਾਤਰ ਦੇ ਭਲੇ ਵਾਲੇ ਸੰਦੇਸ਼ ਨੂੰ ਦੁਨੀਆਂ ਭਰ ਵਿਚ ਪਹੁੰਚਾਇਆ ਜਾ ਸਕਦਾ ਹੈ। ਮੇਰੇ ਜੀਵਨ ਦੇ ਇਸ ਸੱਭ ਤੋਂ ਮਹੱਤਵਪੂਰਨ ਦਿਨ ਤੇ ਅੱਜ ਮੈਂ ਸਹੁੰ ਖਾ ਕੇ ਕਹਿ ਸਕਦਾ ਹਾਂ ਕਿ ਮੈਂ ਇਕੱਲਾ ਹੀ ਇਹ ਸਾਰੇ ਕੰਮ ਕਰ ਕੇ ਵਿਖਾ ਸਕਦਾ ਹਾਂ ਜੇ 10 ਜਗਜੀਤਾਂ (ਮਰਦ ਔਰਤ ਦਾ ਕੋਈ ਭੇਤ ਨਹੀਂ) ਮੇਰੀ ਪਿਠ ਤੇ ਜਗਜੀਤ ਵਾਂਗ ਹੀ ਆ ਖਲੋਣ ਅਰਥਾਤ ਕੰਮ ਮੇਰੇ ਕੋਲੋਂ ਭਾਵੇਂ ਗਧੇ ਵਾਂਗ ਲੈ ਲੈਣ ਪਰ ਬਾਕੀ ਸਾਰੀਆਂ ਜ਼ਿੰਮੇਵਾਰੀਆਂ ਅਪਣੇ ਉਪਰ ਲੈ ਲੈਣ।

ਮੇਰੀ ਹਜ਼ਾਰ ਕੋਸ਼ਿਸ਼ ਵੀ ਕੁੱਝ ਨਾ ਕਰ ਸਕਦੀ ਜੇ...
ਅਖ਼ਬਾਰ ਚਲਾਉਣੀ ਹੋਵੇ ਤਾਂ ਕੇਵਲ ਇਕ ਅਦਾਰੇ ਲਈ ਹੀ ਮਿਹਨਤ ਕਰਨੀ ਪੈਂਦੀ ਹੈ ਤੇ ਉਸ ਲਈ ਹੀ ਪੈਸੇ ਦਾ ਪ੍ਰਬੰਧ ਕਰਨਾ ਪੈਂਦਾ ਹੈ ਪਰ ਜਦ ਮੈਂ 'ਉੱਚਾ ਦਰ' ਵਿਚ ਅਪਣੇ ਆਪ ਨੂੰ ਖੋਭ ਦਿਤਾ ਤਾਂ ਅਖ਼ਬਾਰ ਅਤੇ 'ਉੱਚਾ ਦਰ' ਦੁਹਾਂ ਲਈ ਪੈਸੇ ਦਾ ਪ੍ਰਬੰਧ ਜਗਜੀਤ ਨੂੰ ਹੀ ਕਰਨਾ ਪੈਂਦਾ ਕਿਉਂਕਿ 'ਉੱਚਾ ਦਰ' 'ਚੋਂ ਕਮਾਈ ਤਾਂ ਕੋਈ ਹੋ ਨਹੀਂ ਸਕਦੀ ਸੀ, ਉਸ ਨੂੰ ਵੀ ਪੈਸਾ ਅਖ਼ਬਾਰ ਨੇ ਹੀ ਦੇਣਾ ਹੁੰਦਾ ਸੀ ਜੋ ਜਗਜੀਤ ਨੇ ਆਪ ਅਪਣੇ ਆਪ ਨੂੰ ਕੋਹਲੂ ਵਿਚ ਪੀੜ ਕੇ, ਅਪਣਾ ਖ਼ੂਨ ਦੇਣ ਵਾਂਗ ਮਦਦ ਦਿਤੀ ਤੇ ਜਿਹੜਾ 40 ਕਰੋੜ ਰੁਪਿਆ, ਪਾਠਕਾਂ ਨੂੰ ਵਾਪਸ ਕੀਤਾ ਗਿਆ (ਉਸਾਰੀ ਪੂਰੀ ਹੋਣ ਤੋਂ ਪਹਿਲਾਂ ਹੀ) ਉਹ 90% ਭਾਰ ਵੀ ਜਗਜੀਤ ਨੂੰ ਹੀ ਚੁਕਣਾ ਪਿਆ ਕਿਉਂਕਿ ਬਾਹਵਾਂ ਖੜੀਆਂ ਕਰ ਕਰ ਕੇ ਪੂਰੀ ਮਦਦ ਦਾ ਭਰੋਸਾ ਦੇਣ ਵਾਲੇ ਤਾਂ, ਕੁੱਝ ਥੋੜਿਆਂ ਨੂੰ ਛੱਡ ਕੇ, ਹਵਾ ਵਿਚ ਛੂ ਮੰਤਰ ਹੀ ਹੋ ਗਏ ਸਨ ਤੇ ਜਗਜੀਤ ਵੀ ਦੋਹਾਂ ਅਦਾਰਿਆਂ (ਅਖ਼ਬਾਰ ਤੇ 'ਉੱਚਾ ਦਰ') ਦਾ ਭਾਰ ਅਪਣੇ ਉਤੇ ਨਾ ਲੈ ਲੈਂਦੀ ਤਾਂ ਮੇਰੀ ਹਜ਼ਾਰ ਕੋਸ਼ਿਸ਼ ਵੀ, ਪੈਸੇ ਬਿਨਾਂ ਕੁੱਝ ਨਾ ਕਰ ਸਕਦੀ। 

ਜੋ ਮੈਂ ਅਸੂਲਾਂ ਤੇ ਕਾਇਮ ਰਹਿ ਸਕਿਆ ਹਾਂ ਤਾਂ ਇਹ ਵੀ ਜਗਜੀਤ ਕਰ ਕੇ ਹੀ ਸੀ :
ਇਹ 10 ਸਾਲ ਸਾਡੇ ਸਾਰਿਆਂ ਲਈ 'ਨਰਕ ਵਰਗਾ' ਸਮਾਂ ਸੀ ਜਦ ਸਾਡੇ ਵਲੋਂ ਅਪਣਾ ਸੱਭ ਕੁੱਝ ਅਰਪਣ ਕਰ ਦੇਣ ਦੇ ਬਾਵਜੂਦ, ਸਾਨੂੰ ਏਨੇ ਕੌੜੇ ਬੋਲ ਸੁਣਨੇ ਪੈਂਦੇ ਕਿ ਹਰ ਵੇਲੇ ਹਸੂੰ ਹਸੂੰ ਕਰਨ ਵਾਲੀ ਤੇ ਮਿੱਠਾ ਬੋਲਣ ਵਾਲੀ ਜਗਜੀਤ, ਅੰਦਰੋਂ ਭਰੀ ਪੀਤੀ ਹੋਣ ਕਰ ਕੇ, ਕੌੜਾ ਬੋਲਣ ਲੱਗ ਪਈ ਤੇ ਗੱਲ ਗੱਲ ਤੇ ਉਸ ਦੀ ਖਿੱਝ, ਗੁੱਸਾ ਬਣ ਕੇ ਸਾਹਮਣੇ ਆ ਜਾਂਦੀ ਪਰ ਇਸ ਔਖੇ ਦੌਰ ਵਿਚੋਂ ਲੰਘਦਿਆਂ ਵੀ ਉਸ ਨੇ ਕਦੀ ਗਿਲਾ ਨਾ ਕੀਤਾ ਕਿ ਉਸ ਨੂੰ ਸਾਰੀ ਉਮਰ ਮੈਂ ਸਿਰ ਛੁਪਾਣ ਜੋਗਾ ਇਕ ਘਰ ਵੀ ਨਹੀਂ ਲੈ ਦਿਤਾ ਜਾਂ ਕਿਧਰੇ ਸੈਰ ਕਰਨ ਨਹੀਂ ਲੈ ਗਿਆ ਜਾਂ ਕੋਈ ਵੀ ਫ਼ਖ਼ਰ ਕਰਨ ਯੋਗ ਚੀਜ਼ ਨਹੀਂ ਲੈ ਦਿਤੀ ਸਗੋਂ ਕੌਮ ਅਤੇ ਧਰਮ ਲਈ ਉਸ ਤੋਂ ਕੁਰਬਾਨੀ ਹੀ ਮੰਗਦਾ ਰਿਹਾ ਹਾਂ ਹਾਲਾਂਕਿ ਮੇਰੇ ਕੋਲ ਕਰੋੜਾਂ ਰੁਪਏ ਵੀ ਹੁੰਦੇ ਸਨ ਤੇ ਕਰੋੜਾਂ ਦੀ ਪੇਸ਼ਕਸ਼ ਵੀ ਮੈਨੂੰ ਜਗਜੀਤ ਦੇ ਸਾਹਮਣੇ ਕੀਤੀ ਜਾਂਦੀ ਰਹੀ ਹੈ (ਤਾਕਿ ਮੈਂ ਅਪਣੇ ਅਸੂਲਾਂ ਨੂੰ ਛੱਡ ਦੇਵਾਂ)। ਜੇ ਅੱਜ ਮੈਂ ਦੁਨੀਆਂ ਨੂੰ ਹੀ ਨਹੀਂ, ਰੱਬ ਨੂੰ ਵੀ ਕਹਿਣ ਜੋਗਾ ਹੋ ਗਿਆ ਹਾਂ (ਜਿਸ ਨੂੰ ਹਰ ਗੱਲ ਦਾ ਪਤਾ ਹੈ ਤੇ ਉਸ ਕੋਲੋਂ ਕੁੱਝ ਵੀ ਛੁਪਾਇਆ ਨਹੀਂ ਜਾ ਸਕਦਾ) ਕਿ ਮੈਂ ਕਿਸੇ ਵੀ ਲਾਲਚ, ਲੋਭ, ਡਰ ਅੱਗੇ ਨਾ ਝੁਕ ਕੇ ਪੂਰੀ ਲਗਨ ਨਾਲ ਅਪਣੇ ਅਸੂਲਾਂ ਉਤੇ ਪਹਿਰਾ ਦਿਤਾ ਹੈ ਤਾਂ ਇਸ ਦਾ ਸਿਹਰਾ ਵੀ ਜਗਜੀਤ ਦੇ ਸਿਰ ਹੀ ਬਝਦਾ ਹੈ। ਸ਼ਾਇਦ ਕੋਈ ਹੋਰ ਔਰਤ ਹੁੰਦੀ ਤਾਂ ਮੇਰੇ ਹੱਥ ਵਿਚ ਕਰੋੜਾਂ ਰੁਪਏ ਹੋਣ ਦੇ ਬਾਵਜੂਦ, ਅਪਣੇ ਲਈ ਇਕ ਪੈਸਾ, ਇਕ ਮਕਾਨ ਜਾਂ ਸ਼ਾਹੀ ਠਾਠ ਵਾਲਾ ਜੀਵਨ ਮੰਗੇ ਬਿਨਾਂ ਨਾ ਰਹਿ ਸਕਦੀ ਤੇ ਕੌਮ, ਦੇਸ਼ ਜਾਂ ਮਾਨਵਤਾ ਲਈ ਕੁਰਬਾਨੀ ਦੀ ਗੱਲ ਸੁਣ ਕੇ ਲੋਹੀ ਲਾਖੀ ਹੋ ਗਈ ਹੁੰਦੀ।