ਨਾਨਕੀ ਇਨਕਲਾਬ ‘ਉੱਚਾ ਦਰ’ ਤੋਂ ਹੀ ਸ਼ੁਰੂ ਹੋਣਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਆਉ ਕੋਈ ਨਾ ਰਹਿ ਜਾਏ ਜੋ ਇਸ ਨੂੰ ਚਾਲੂ ਕਰਨ ਵਿਚ ਹਿੱਸਾ ਨਾ ਪਾਵੇ!

Ucha Dar Babe Nanak Da

ਜਵਾਨੀ ਵਿਚ ਪੈਰ ਰਖਦਿਆਂ ਹੀ, ਧਰਮ ਬਾਰੇ ਸਬਰਕੱਤੀ ਜਾਣਕਾਰੀ ਪ੍ਰਾਪਤ ਕਰਨ ਦਾ ਮੇਰੇ ਅੰਦਰ ਸ਼ੌਕ ਜਾਗਿਆ। ਮੈਂ ਬਾਈਬਲ ਪੜ੍ਹੀ, ਕੁਰਾਨ ਪੜ੍ਹੀ, ਮਹਾਂਭਾਰਤ ਪੜ੍ਹੀ, ਸੁਕਰਾਤ ਤੋਂ ਲੈ ਕੇ ਬਹੁਤ ਸਾਰੇ ਸੰਸਾਰ ਦੇ ਪ੍ਰਸਿੱਧ ਵਿਦਵਾਨਾਂ ਨੂੰ ਵੀ ਪੜ੍ਹ ਲਿਆ। ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪਾਠ ਕੀਤਾ। ਮੈਂ ਪੂਰੀ ਈਮਾਨਦਾਰੀ ਨਾਲ ਜਾਣਨਾ ਚਾਹੁੰਦਾ ਸੀ, ਸਾਰੇ ਧਰਮ ਗ੍ਰੰਥਾਂ ਅਤੇ ਧਾਰਮਕ ਹਸਤੀਆਂ ’ਚੋਂ ਕਿਸ ਨੇ ਕੀ ਦਿਤਾ ਹੈ ਜੋ ਉਨ੍ਹਾਂ ਦੇ ਅਪਣੇ ਵਕਤ ਲਈ ਤਾਂ ਸਾਰਥਕ ਸੀ ਹੀ ਪਰ ਕੀ ਉਹ ਅਜੋਕੇ ਯੁਗ ਦੇ ਮਨੁੱਖ ਲਈ ਅੱਜ ਵੀ ਓਨਾ ਹੀ ਲਾਹੇਵੰਦ ਹੈ ਜਾਂ ਨਹੀਂ? ਸਾਰਿਆਂ ਨੇ ਕੁੱਝ ਨਾ ਕੁੱਝ ਚੰਗਾ ਜ਼ਰੂਰ ਦਿਤਾ ਜਿਸ ਦਾ ਵਕਤ ਦੇ ਸਮਾਜ ਨੂੰ ਬਹੁਤ ਫ਼ਾਇਦਾ ਹੋਇਆ ਪਰ ਕੀ ਕਿਸੇ ਨੇ ਅਜਿਹਾ ਕੁੱਝ ਵੀ ਦਿਤਾ ਜੋ 21ਵੀਂ ਸਦੀ ਦੇ ਮਨੁੱਖ ਲਈ ਵੀ ਓਨਾ ਹੀ ਲਾਭਕਾਰੀ ਹੈ ਜਿੰਨਾ ਉਨ੍ਹਾਂ ਦੇ ਅਪਣੇ ਸਮੇਂ ਵਿਚ ਸੀ? ਜਿਵੇਂ ਸਾਫ਼ ਪਾਣੀ ਤੇ ਸਾਫ਼ ਹਵਾ ਪਹਿਲੀ ਸਦੀ ਦੇ ਮਨੁੱਖ ਲਈ ਵੀ ਓਨੀਆਂ ਹੀ ਕੀਮਤੀ ਕੁਦਰਤੀ ਦਾਤਾਂ ਸਨ ਜਿੰਨੀਆਂ ਇਹ 21ਵੀਂ ਸਦੀ ਦੇ ਮਨੁੱਖ ਕੀਮਤੀ ਹਨ। ਕੀ ਕਿਸੇ ਫ਼ਲਸਫ਼ੇ ਬਾਰੇ ਵੀ ਇਹ ਕਿਹਾ ਜਾ ਸਕਦਾ ਹੈ?

ਮੈਂ ਪਹਿਲਾਂ ਕਹਿ ਚੁਕਾ ਹਾਂ ਕਿ ਹਰ ਫ਼ਲਸਫ਼ੇ ਨੇ ਮਨੁੱਖ ਦਾ ਬਹੁਤ ਭਲਾ ਕੀਤਾ ਹੈ ਪਰ ਵਕਤ ਲੰਘ ਜਾਣ ’ਤੇ ਉਹ ਪੁਰਾਣਾ ਪੈ ਜਾਂਦਾ ਤੇ ਜ਼ਮਾਨਾ ਕਿਸੇ ਨਵੇਂ ਫ਼ਲਸਫ਼ੇ ਦੀ ਲੋੜ ਮਹਿਸੂਸ ਕਰਨ ਲੱਗ ਪੈਂਦਾ। ਕੀ ਕੋਈ ਅਜਿਹਾ ਫ਼ਲਸਫ਼ਾ ਵੀ ਪੁਰਾਤਨਤਾ ਦੀ ਬੁੱਕਲ ਫਰੋਲਣ ’ਤੇ ਮਿਲਦਾ ਹੈ ਜੋ ਉਦੋਂ ਵੀ ਮਨੁਖਤਾ ਲਈ ਏਨਾ ਹੀ ਲਾਹੇਵੰਦ ਸੀ ਜਿੰਨਾ ਅੱਜ ਹੈ? ਸਾਰੇ ਫ਼ਲਸਫ਼ਿਆਂ ਨੂੰ ਘੋਖਣ ਮਗਰੋਂ ਮੈਨੂੰ ਉੱਤਰ ਨਾਂਹ ਵਿਚ ਹੀ ਮਿਲਦਾ। ਮੇਰੀ ਸੂਈ ਇਕ ਥਾਂ ’ਤੇ ਆ ਕੇ ਰੁਕ ਜਾਂਦੀ ਰਹੀ - ਬਾਬੇ ਨਾਨਕ ਦੇ ਫ਼ਲਸਫ਼ੇ ’ਤੇ। ਇਹ ਪੰਦਰਵੀਂ ਸਦੀ ਵਿਚ ਜਿੰਨਾ ਤਾਜ਼ਗੀ ਬਖ਼ਸ਼ਣ ਵਾਲਾ, ਗਿਆਨ ਦੇ ਸਮੁੰਦਰ ਵਿਚ ਤਾਰੀਆਂ ਲਗਵਾਉਣ ਵਾਲਾ ਤੇ ਅੰਧ ਵਿਸ਼ਵਾਸ, ਕਰਮ-ਕਾਂਡ ਅਤੇ ਪੁਜਾਰੀ ਸ਼ੇ੍ਰਣੀ ਵਲੋਂ ਘੜੇ ਗਏ ਨਕਲੀ ਨਾਇਕਾਂ ਤੇ ਉਨ੍ਹਾਂ ਦੇ ਨਕਲੀ ਸੰਦੇਸ਼ਾਂ ਤੋਂ ਬਚਾਅ ਕੇ ਸਫ਼ਲ ਜੀਵਨ-ਯਾਤਰਾ ਦਾ ਅਨੰਦ ਦੇਣ ਵਾਲਾ ਸੀ, ਅੱਜ ਉਸ ਤੋਂ ਵੀ ਜ਼ਿਆਦਾ ਕਾਰਗਰ ਬਣ ਚੁੱਕਾ ਨਜ਼ਰ ਆਉਂਦਾ ਹੈ ਤੇ ਮਨੁੱਖ-ਮਨੁੱਖ ਵਿਚ ਕੋਈ ਫ਼ਰਕ ਨਹੀਂ ਮੰਨਦਾ।

ਸਾਰਾ ਮਨੁੱਖ ਮਾਤਰ ਇਕ ਹੈ ਜਿਵੇਂ ਉਸ ਦਾ ਕਰਤਾ ਇਕ ਹੈ। ‘ਮੇਰ ਤੇਰ’ ਹੈ ਈ ਕੋਈ ਨਹੀਂ। ਬਾਕੀ ਦੇ ਪੁਰਾਣੇ ਤੇ ਚੰਗੇ ਫ਼ਲਸਫ਼ੇ ਵੀ ਮਨੁੱਖ ਦੁਆਲੇ ਵਲਗਣਾਂ ਵੱਲ ਦੇਂਦੇ ਸਨ - ਉਹ ਜੋ ਸਾਡੀ ਮਰਿਆਦਾ ਨੂੰ ਮੰਨਦਾ ਹੈ, ਉਹ ਸਵਰਗ ਜਾਣ ਦੇ ਕਾਬਲ ਹੈ ਤੇ ਜਿਹੜਾ ਨਹੀਂ ਮੰਨਦਾ, ਉਹ ਘਟੀਆ ਇਨਸਾਨ ਹੈ। ਬਾਬਾ ਨਾਨਕ ਕਹਿੰਦਾ ਹੈ, ਨਹੀਂ ਸਾਡੇ ’ਚੋਂ ਕੌਣ ਘਟੀਆ ਹੈ ਤੇ ਕੌਣ ਵਧੀਆ, ਇਸ ਦਾ ਫ਼ੈਸਲਾ ਕਰਨ ਦਾ ਅਧਿਕਾਰ ਕੇਵਲ ਕਰਤਾ ਪੁਰਖ ਕੋਲ ਹੈ। ਅਸੀਂ ਆਪਸ ਵਿਚ ਸਾਰੇ ਬਰਾਬਰ ਹਾਂ ਤੇ ਉਹ ਪ੍ਰੀਖਿਆ ਦੇ ਰਹੇ ਹਾਂ ਜਿਸ ਦਾ ਨਤੀਜਾ ਅਕਾਲ ਪੁਰਖ ਨੂੰ ਇਹ ਫ਼ੈਸਲਾ ਕਰਨ ਦੇਵੇਗਾ ਕਿ ਚੰਗਾ ਕੌਣ ਹੈ ਤੇ ਮਾੜਾ ਕੌਣ - ਪਾਸ ਕੌਣ ਤੇ ਫ਼ੇਲ੍ਹ ਕੌਣ। ਪ੍ਰੀਖਿਆ ਦੇਣ ਵਾਲੇ ਆਪ ਹੀ ਅਪਣੇ ਆਪ ਨੂੰ ਫ਼ੇਲ੍ਹ ਪਾਸ ਨਹੀਂ ਕਰ ਸਕਦੇ, ਨੰਬਰ ਨਹੀਂ ਦੇ ਸਕਦੇ ਤੇ...।

ਫ਼ਲਸਫ਼ੇ ਦੀ ਦੁਨੀਆਂ ਵਿਚ, ਹੁਣ ਤਕ ਹੋਏ ਲੱਖਾਂ ਵਿਦਵਾਨਾਂ ਵਿਚੋਂ ਕੋਈ ਵੀ ਬਾਬੇ ਨਾਨਕ ਵਰਗਾ ਨਹੀਂ ਦਿਸਦਾ। ਉਹ ਹੱਡ ਭੰਨਵੀਂ ਮਿਹਨਤ ਕਰਦਾ ਹੈ, ਗ਼ਰੀਬ ਭਾਈ ਲਾਲੋ ਤੇ ਭਾਈ ਮਰਦਾਨਾ ਦਾ ਉਮਰ ਭਰ ਸਾਥੀ ਰਿਹਾ ਹੈ, ਹਾਕਮ ਉਸ ਅੱਗੇ ਸਿਰ ਨਿਵਾਉਂਦੇ ਹਨ ਤੇ ਹਜ਼ਾਰਾਂ ਏਕੜ ਜ਼ਮੀਨ ਉਸ ਦੇ ਨਾਂ ਲਵਾ ਦੇਂਦੇ ਹਨ ਪਰ ਬਾਬਾ ਨਾਨਕ ਉਸ ਜ਼ਮੀਨ ਵਲ ਤਕਦਾ ਵੀ ਨਹੀਂ ਤੇ ਦਸਾਂ ਨਹੁੰਆਂ ਦੀ ਕਮਾਈ ਕਰ ਕੇ, ਉਹ ਵੀ ਹਰ ਲੋੜਵੰਦ ਨੂੰ ਵੰਡਦੇ ਰਹਿਣ ਨੂੰ ਹੀ ਅਪਣਾ ਫ਼ਰਜ਼ ਸਮਝਦਾ ਹੈ ਤੇ ਕਹਿੰਦਾ ਇਹੀ ਹੈ ਕਿ ਉਹ ਤਾਂ ਸੱਭ ਤੋਂ ਨੀਵੀਂ ਜਾਤ ਵਾਲਾ ਅਤਿ ਨੀਚ ਮਨੁੱਖ ਹੈ। ਦੁਨੀਆਂ ਦਾ ਮਹਾਨਤਮ ਵਿਦਵਾਨ ਸਾਦੇ ਕਿਸਾਨੀ ਕਪੜਿਆਂ ਵਿਚ ਹੀ ਰਹਿੰਦਾ ਹੈ ਪਰ ਜਦ ਬੋਲਦਾ ਹੈ ਤਾਂ ਲਗਦਾ ਹੈ ਕਿ ਰੱਬ ਦਾ ਕੋਈ ਵੱਡਾ ਭੇਤੀ ਬੋਲ ਰਿਹਾ ਹੈ।

ਪਰ ਏਨਾ ਮਹਾਨ ਨਾਨਕੀ ਫ਼ਲਸਫ਼ਾ ਫੈਲਿਆ ਕਿਉਂ ਨਾ? ਇਹ ਸਵਾਲ ਵੀ ਮੈਨੂੰ ਵਾਰ-ਵਾਰ ਤੰਗ ਕਰਨ ਲੱਗ ਪਿਆ। ਪੰਜਾਬ ਵਿਚ ਵੀ ਕੇਵਲ 13 ਫ਼ੀ ਸਦੀ ਹੀ ਸਿੱਖ ਬਣੇ ਜਦਕਿ ਬਾਹਰੋਂ ਆ ਕੇ ਇਸਲਾਮ ਦੇ ਪ੍ਰਚਾਰਕ, 52 ਫ਼ੀ ਸਦੀ ਪੰਜਾਬੀ, ਮੁਸਲਮਾਨ ਬਣਾ ਗਏ। ਉਸ ਮਗਰੋਂ ਮੇਰਾ ਅਧਿਐਨ ਇਸੇ ਸਵਾਲ ’ਤੇ ਆ ਕੇ ਹੀ ਅਟਕ ਗਿਆ। ਮੈਂ ਇਸ ਨਤੀਜੇ ’ਤੇ ਪੁੱਜਾ ਕਿ ਸ਼ੁਰੂ ਤੋਂ ਹੀ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਪੁੰਗਰਨ ਤੇ ਫੈਲਣ ਤੋਂ ਰੋਕਣ ਦੇ ਯਤਨ ਘਰ ਵਿਚੋਂ ਹੀ ਸ਼ੁਰੂ ਹੋ ਗਏ ਸਨ ਤੇ ਇਸ ਫ਼ਲਸਫ਼ੇ ਵਿਚ ਬਹੁਤ ਕੁੱਝ ਅਜਿਹਾ ਵੀ ਰਲਾ ਦਿਤਾ ਗਿਆ ਜੋ ਇਸ ਫ਼ਲਸਫ਼ੇ ਦੀ ਆਤਮਾ ਨੂੰ ਪ੍ਰਵਾਨ ਨਹੀਂ ਸੀ।

‘ਉੱਚਾ ਦਰ’ ਇਸ ਉਪਰੋਕਤ ਸਵਾਲ ਦਾ ਜਵਾਬ ਦੇਣ ਲਈ ਹੀ ਵੱਡ-ਆਕਾਰੀ ਰੂਪ ਵਿਚ ਉਸਾਰਿਆ ਗਿਆ ਹੈ। ਹੁਣ ਤਾਂ ਤਿਆਰ ਹੋ ਗਿਆ ਹੈ ਭਾਵੇਂ 100 ਕਰੋੜ ਤੋਂ ਵੱਧ ਦਾ ਖ਼ਰਚਾ ਵੀ ਹੋ ਗਿਆ ਹੈ। ਵਕਤ ਆਵੇਗਾ ਜਦੋਂ ਦੁਨੀਆਂ ਵਿਚ ਇਸ ਦਾ ਹਰ ਥਾਂ ਜ਼ਿਕਰ ਹੋਵੇਗਾ ਕਿ ਭਾਈ ਲਾਲੋਆਂ ਨੇ ਕਿੰਨੇ ਔਖੇ ਹੋ ਕੇ ਇਸ ਨੂੰ ਉਸਾਰਿਆ ਤੇ ਉਸ ਤੋਂ ਮਗਰੋਂ ਕਿੰਨਾ ਵੱਡਾ ਇਨਕਲਾਬ ਇਸ ਨੇ ਲਿਆ ਵਿਖਾਇਆ। ਇਸ ਵੇਲੇ ਸ਼ਾਇਦ ਬਹੁਤੇ ਲੋਕ ਇਸ ਨੂੰ ‘ਗੱਪ’ ਕਹਿ ਕੇ ਹੱਸ ਛੱਡਣ ਪਰ ਵਕਤ, ਇਸ ਦਾਅਵੇ ਦੇ ਹੱਕ ਵਿਚ ਆਪ ਗਵਾਹੀ ਦੇਵੇਗਾ।

ਤਿਆਰ ਤਾਂ ਹੋ ਗਿਆ ਹੈ ਪਰ ਸਰਕਾਰੀ ਸ਼ਰਤਾਂ ਪੂਰੀਆਂ ਕਰਨ ਲਈ 5 ਕਰੋੜ ਹੋਰ ਦੀ ਲੋੜ ਪੈ ਗਈ ਸੀ। ਮੈਂ ਬੇਨਤੀ ਕੀਤੀ ਸੀ ਕਿ ਪਾਠਕ ਇਹ ਜ਼ਿੰਮੇਵਾਰੀ ਤਾਂ ਅਪਣੇ ਉਤੇ ਲੈ ਲੈਣ। ਅਸੀਂ ਕਰਜ਼ੇ ਚੁੱਕ-ਚੁੱਕ ਕੇ ਥੱਕ ਚੁਕੇ ਹਾਂ ਤੇ ਸਾਡੀ ਕਮਰ ਉੜੀ ਹੋਈ ਵੇਖੀ ਜਾ ਸਕਦੀ ਹੈ। ਖ਼ੁਸ਼ੀ ਦੀ ਗੱਲ ਹੈ ਕਿ ਤਿੰਨ ਹਫ਼ਤਿਆਂ ਬਾਅਦ 5 ਕਰੋੜ ’ਚੋਂ ਡੇਢ ਕਰੋੜ ਤੋਂ ਉਪਰ ਇਕੱਤਰ ਹੋ ਗਿਆ ਹੈ। ਬਾਕੀ ਤਿੰਨ ਕਰੋੜ ਹੀ ਸਮਝ ਲਉ। 50-50 ਹਜ਼ਾਰ ਦੇਣ ਵਾਲੇ ਨਿੱਤਰ ਆਉਣ ਤਾਂ ਕੇਵਲ 600 ਪਾਠਕ ਹੀ ਟੀਚਾ ਸਰ ਕਰ ਸਕਦੇ ਹਨ।

ਇਕ-ਇਕ ਲੱਖ ਦੇਣ ਵਾਲੇ 300 ਪਾਠਕ ਹੀ ਟੀਚਾ ਸਰ ਕਰ ਸਕਦੇ ਹਨ। ਕੋਈ ਵੱਡੀ ਗੱਲ ਤਾਂ ਨਹੀਂ ਹੋਣੀ ਚਾਹੀਦੀ ਸਪੋਕਸਮੈਨ ਦੇ ਪਾਠਕਾਂ ਤੇ ਬਾਬੇ ਨਾਨਕ ਦੇ ਸ਼ਰਧਾਲੂਆਂ ਲਈ। ਪਰ ਜੇ ਮਨ ਹਰਾਮੀ ਹੋਵੇ ਤਾਂ ਹੁੱਜਤਾਂ ਢੇਰ! ਨਾ ਨਾ, ਇਸ ਵਾਰ ਮਨ ਨੂੰ ਹਰਾਮੀ ਨਾ ਹੋਣ ਦਿਉ - ਬਾਬੇ ਨਾਨਕ ਦੇ ਮਾਮਲੇ ਵਿਚ ਤਾਂ ਬਿਲਕੁਲ ਵੀ ਨਹੀਂ। ਤੁਸੀਂ ਇਕ ਇਨਕਲਾਬ ਲਿਆਉਣ ਲਈ ਨਿਕਲੇ ਸੀ, ਇਨਕਲਾਬ ਦਾ ਸਮਾਂ ਨੇੜੇ ਆ ਗਿਆ ਹੈ ਤਾਂ ਤੁਹਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਤੇ ਟੀਚਾ ਹਫ਼ਤੇ ਵਿਚ ਹੀ ਪੂਰਾ ਕਰ ਦੇਣਾ ਚਾਹੀਦਾ ਹੈ। ਸਫ਼ਾ 7 ’ਤੇ ਕੂਪਨ ਵੇਖੋ ਤੇ ਅੱਜ ਹੀ ਅਪਣੀ ਜ਼ਿੰਮੇਵਾਰੀ ਪੂਰੀ ਕਰ ਵਿਖਾਉ।