ਸਿਆਸੀ ਲੀਡਰ ਸਮਗਲਰਾਂ ਤੇ ਤਸਕਰਾਂ ਦੇ 'ਮਾਈ ਬਾਪ' ਕਿਉਂ ਬਣਦੇ ਨੇ?
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
ਚੰਡੀਗੜ੍ਹ ਤੋਂ ਕਾਨੂੰਨ ਦੀ ਪੜ੍ਹਾਈ ਕਰ ਕੇ ਮੈਨੂੰ ਵਾਪਸ ਜਾ ਕੇ ਅਪਣੇ ਪਿਤਾ ਦੀ ਇੰਡਸਟਰੀ ਦਾ ਕੰਮ ਸੰਭਾਲਣਾ ਪਿਆ
ਚੰਡੀਗੜ੍ਹ ਤੋਂ ਕਾਨੂੰਨ ਦੀ ਪੜ੍ਹਾਈ ਕਰ ਕੇ ਮੈਨੂੰ ਵਾਪਸ ਜਾ ਕੇ ਅਪਣੇ ਪਿਤਾ ਦੀ ਇੰਡਸਟਰੀ ਦਾ ਕੰਮ ਸੰਭਾਲਣਾ ਪਿਆ। ਉਥੇ ਜਿਹੜੇ ਸਿਆਸੀ ਲੀਡਰ ਆਇਆ ਕਰਦੇ ਸਨ, ਉਨ੍ਹਾਂ ਵਿਚੋਂ ਪ੍ਰਮੁੱਖ ਨੇਤਾ ਪ੍ਰਤਾਪ ਸਿੰਘ ਕੈਰੋਂ ਤੇ ਉਨ੍ਹਾਂ ਦੇ ਮਝੈਲ ਸਾਥੀ ਹੀ ਸਨ। ਮੇਰੇ ਪਿਤਾ ਹਰ ਵਾਰ ਮਾਇਆ ਨਾਲ ਉਨ੍ਹਾਂ ਦੀ 'ਸੇਵਾ' ਕਰ ਦਿਆ ਕਰਦੇ ਸਨ, ਇਸ ਲਈ ਉਨ੍ਹਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ।
ਮੈਨੂੰ ਗੱਲ ਯਾਦ ਆ ਗਈ ਇਨ੍ਹਾਂ 'ਚੋਂ ਇਕ ਸ: ਨਾਰਾਇਣ ਸਿੰਘ ਸ਼ਾਹਬਾਜ਼ਪੁਰੀ ਐਮ.ਐਲ.ਏ. ਦੀ। ਉਸ ਵਾਰ ਉਹ ਤੇ ਉਨ੍ਹਾਂ ਦੇ ਸਾਥੀ ਕੈਰੋਂ ਸਾਹਬ ਤੋਂ ਬਿਨਾਂ ਹੀ ਆਏ ਸੀ। ਮੈਂ ਕਿਸੇ ਕੰਮ ਲਈ ਚੰਡੀਗੜ੍ਹ ਜਾਣ ਦੀ ਤਿਆਰੀ ਕਰ ਰਿਹਾ ਸੀ। ਉਨ੍ਹਾਂ ਵੀ ਚਾਹ ਪਾਣੀ ਪੀ ਕੇ ਚੰਡੀਗੜ੍ਹ ਹੀ ਜਾਣਾ ਸੀ। ਕਹਿਣ ਲੱਗੇ, ''ਕਾਕਾ ਜੀ, ਸਾਡੀ ਗੱਡੀ ਵਿਚ ਬੈਠ ਜਾਉ, ਅਸੀ ਤੁਹਾਨੂੰ ਚੰਡੀਗੜ੍ਹ ਲੈ ਚਲਦੇ ਹਾਂ।''
ਮੈਂ ਡੀਲਕਸ ਬਸ ਰਾਹੀਂ ਚੰਡੀਗੜ੍ਹ ਜਾਇਆ ਕਰਦਾ ਸੀ ਅਤੇ ਉਦੋਂ ਚੰਡੀਗੜ੍ਹ ਲਈ ਡੀਲਕਸ ਬਸ ਦਿਨ ਵਿਚ ਇਕ ਹੀ ਚਲਦੀ ਸੀ। ਕਿਸੇ ਲੀਡਰ ਦੀ ਗੱਡੀ ਵਿਚ ਬੈਠ ਕੇ ਸਫ਼ਰ ਕਰਨ ਦਾ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ ਜੋ ਬੜਾ ਯਾਦਗਾਰੀ ਬਣ ਗਿਆ। ਅੱਜ ਜਦ ਮੈਂ ਨਕਲੀ ਸ਼ਰਾਬ ਨਾਲ 100 ਤੋਂ ਉਪਰ ਹੋਈਆਂ ਮੌਤਾਂ ਦੀ ਖ਼ਬਰ ਪੜ੍ਹਦਾ ਹਾਂ ਤਾਂ ਮੈਨੂੰ ਲੀਡਰਾਂ ਦੀ ਗੱਡੀ ਵਿਚ ਬੈਠ ਕੇ ਕੀਤੇ ਪਹਿਲੇ ਸਫ਼ਰ ਦੀ ਯਾਦ ਵਾਰ ਵਾਰ ਆ ਜਾਂਦੀ ਹੈ।
ਗੱਡੀ ਵਿਚ ਜਥੇਦਾਰ ਸੋਹਣ ਸਿੰਘ ਜਲਾਲਉਸਮਾਂ, ਨਾਰਾਇਣ ਸਿੰਘ ਸ਼ਾਹਬਾਜ਼ਪੁਰੀ, ਇਤਿਹਾਦ ਮੋਟਰ ਟਰਾਂਸਪੋਰਟ ਪਾਨੀਪਤ ਦੇ ਮਾਲਕ ਕੁੰਦਨ ਸਿੰਘ ਜੀ ਅਤੇ ਗਿ: ਸ਼ੰਕਰ ਸਿੰਘ, ਸਾਬਕਾ ਮੈਨੇਜਰ ਗੁਰਦਵਾਰਾ ਤਰਨਤਾਰਨ ਸਾਹਿਬ ਆਦਿ ਬੈਠੇ ਸਨ ਜੋ ਕਦੇ ਹਾਸੇ ਛਡਦੇ, ਕਦੇ ਗੰਭੀਰ ਚਰਚਾ ਕਰਦੇ ਤੇ ਕਈ ਵਾਰ ਭਾਵੁਕ ਵੀ ਹੋ ਜਾਂਦੇ ਸਨ। ਕਾਂਗਰਸੀਆਂ ਨੂੰ ਮੈਂ ਧਰਮ ਬਾਰੇ ਬੜੀ ਗੰਭੀਰ ਚਰਚਾ ਕਰਦਿਆਂ ਵੀ ਸੁਣਿਆ। ਕੋਈ ਵੀ ਅਪਣੇ ਧਰਮ ਵਿਚ ਕੱਚਾ ਨਹੀਂ ਸੀ ਅਖਵਾਉਣਾ ਪਸੰਦ ਕਰਦਾ।
ਭਾਂਤ ਭਾਂਤ ਦੀਆਂ ਗੱਲਾਂ ਕਰਦਿਆਂ ਸ: ਨਾਰਾਇਣ ਸਿੰਘ ਸ਼ਾਹਬਾਜ਼ਪੁਰੀ ਐਮ.ਐਲ.ਏ. ਕਹਿ ਬੈਠੇ, ''ਮੇਰਾ ਤਾਂ ਦਿਲ ਕਰਦੈ, ਸੱਭ ਕੁੱਝ ਛੱਡ ਛਡਾਅ ਕੇ ਤੇ ਗੁਰਦਵਾਰੇ ਜਾ ਕੇ ਕੀਰਤਨ ਸੁਣਦਾ ਰਹਾਂ ਸਾਰਾ ਦਿਨ। ਦੁਨੀਆਂ ਦੇ ਧੰਦਿਆਂ ਵਿਚ ਕੁੱਝ ਨਹੀਂ ਪਿਆ, ਨਾ ਕੁੱਝ ਨਾਲ ਹੀ ਜਾਣੈ।'' ਸਾਰਿਆਂ ਨੇ ਇਸ ਬਿਆਨ ਦਾ ਮੁਸਕ੍ਰਾਹਟਾਂ ਬਖੇਰ ਕੇ ਸਵਾਗਤ ਕੀਤਾ। ਪਰ ਗਿ: ਸ਼ੰਕਰ ਸਿੰਘ ਜੋ ਬੜੇ ਮੂੰਹ ਫੱਟ ਅਤੇ ਸੱਚ ਬੋਲਣ ਵਾਲੇ ਸਿੱਖ ਮੰਨੇ ਜਾਂਦੇ ਸਨ, ਉਨ੍ਹਾਂ ਕੋਲੋਂ ਚੁਪ ਨਾ ਰਿਹਾ ਗਿਆ ਤੇ ਬੋਲੇ, ''ਸ਼ਾਹਬਾਜ਼ਪੁਰੀ ਜੀ, ਅੰਬਰਸਰ ਬਾਰਡਰ ਤੇ ਜਿਹੜੀ ਸਮਗਲਿੰਗ ਹੁੰਦੀ ਏ,
ਉਹ ਤੁਹਾਡੇ ਨਾਂ ਈ ਵਜਦੀ ਏ। ਸੱਭ ਕੁੱਝ ਦਾ ਛੱਡ ਛੁਡਾਅ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਸਮਗਲਿੰਗ ਦੇ ਧੰਦੇ 'ਚੋਂ ਵੀ ਬਾਹਰ ਨਿਕਲਣਾ ਪਵੇਗਾ।'' ਯਾਦ ਰਹੇ ਉਦੋਂ ਸਮਗਲਿੰਗ ਲਾਚੀਆਂ, ਲੌਂਗਾਂ, ਕਾਲੀਆਂ ਮਿਰਚਾਂ ਆਦਿ ਪਾਪੜਾਂ ਵੜੀਆਂ ਵਿਚ ਕੰਮ ਆਉਣ ਵਾਲੀਆਂ ਚੀਜ਼ਾਂ ਦੀ ਹੀ ਹੁੰਦੀ ਸੀ ਤੇ ਬੜੇ ਛੋਟੇ ਪੱਧਰ ਦੀ ਹੁੰਦੀ ਸੀ। ਇਹ ਚੀਜ਼ਾਂ ਸਮਗਲਰ ਅੱਧੇ ਮੁਲ ਤੇ ਬਾਰਡਰ 'ਤੇ ਆ ਕੇ ਵੇਚ ਜਾਂਦੇ ਸਨ।
ਜਦ ਗਿ: ਸ਼ੰਕਰ ਸਿੰਘ ਨੇ ਐਮ.ਐਲ.ਏ. ਸ਼ਾਹਬਾਜ਼ਪੁਰੀ ਨੂੰ ਸਮਗਲਿੰਗ ਦਾ ਤਾਹਨਾ ਮਾਰਿਆ ਤਾਂ ਉਹ ਬੜੇ ਪ੍ਰੇਸ਼ਾਨ ਹੋ ਕੇ ਬੋਲੇ, ''ਓਇ ਮੈਂ ਗੁਰੂ ਦੀ ਸਹੁੰ ਖਾ ਕੇ ਕਹਿਨਾਂ, ਮੈਂ ਜ਼ਿੰਦਗੀ ਵਿਚ ਇਕ ਪੈਸੇ ਦੀ ਵੀ ਸਮਗਲਿੰਗ ਕਦੇ ਨਹੀਂ ਕੀਤੀ, ਨਾ ਪਾਪ ਦਾ ਪੈਸਾ ਮੇਰੇ ਅੰਦਰ ਹੀ ਗਿਆ ਹੈ। ਜਿਸ ਨੂੰ ਯਕੀਨ ਨਹੀਂ, ਚਲੋ ਮੇਰੇ ਨਾਲ ਗੁਰਦਵਾਰੇ। ਮੈਂ ਬੱਚਿਆਂ ਦੀ ਸਹੁੰ ਖਾ ਕੇ ਅਰਦਾਸ ਕਰਾਂਗਾ ਕਿ ਇਕ ਪੈਸੇ ਦੀ ਵੀ ਕੋਈ ਗ਼ਲਤ ਕਮਾਈ ਕੀਤੀ ਹੋਵੇ ਤਾਂ ਬੇਸ਼ੱਕ ਮੈਨੂੰ ਤੇ ਮੇਰੇ ਸਾਰੇ ਪ੍ਰਵਾਰ ਨੂੰ ਕੋਹੜ ਹੋ ਜਾਵੇ।''
ਸਾਰੇ ਪਾਸੇ ਚੁਪ ਚਾਂ ਵਰਤ ਗਈ ਪਰ ਗਿ: ਸ਼ੰਕਰ ਸਿੰਘ ਫਿਰ ਹੌਸਲਾ ਕਰ ਕੇ ਬੋਲੇ, ''ਪਰ ਇਹ ਦੋਸ਼ ਮੈਂ ਨਹੀਂ ਲਾ ਰਿਹਾ, ਜਣਾ ਖਣਾ ਤੁਹਾਡੇ 'ਤੇ ਲਾਈ ਜਾਂਦੈ। ਤੁਸੀ ਉਨ੍ਹਾਂ ਨੂੰ ਕੀ ਜੁਆਬ ਦਿਉਗੇ?'' ''ਜਵਾਬ ਦੀ ਲੋੜ ਪਈ ਤਾਂ ਉਹਨਾਂ ਨੂੰ ਵੀ ਦੇ ਦਿਆਂਗਾ। ਪਹਿਲਾਂ ਮੈਂ ਅਪਣੀ ਆਤਮਾ ਨੂੰ ਤਾਂ ਜਵਾਬ ਦੇ ਲਵਾਂ। ਸੁਣੋ ਮੇਰੀ ਗੱਲ। ਮੇਰੇ ਇਲਾਕੇ ਵਿਚ ਜਿੰਨੇ ਵੀ ਸਮਗਲਰ ਨੇ, ਉਹਨਾਂ ਨਾਲ ਮੈਂ ਇਕ ਸਮਝੌਤਾ ਕੀਤਾ ਹੋਇਐ ਕਿ ਮੈਨੂੰ ਚੋਣਾਂ ਵਿਚ ਜਿਤਾਉਣ ਦੀ ਜ਼ਿੰਮੇਵਾਰੀ ਉਹਨਾਂ ਦੀ ਤੇ ਉਹ ਮੈਨੂੰ ਚੋਣ ਜਿੱਤਣ ਲਈ ਇਕ ਪੈਸਾ ਵੀ ਅਪਣੇ ਪਲਿਉਂ ਨਹੀਂ ਖ਼ਰਚਣ ਦੇਣਗੇ।
ਮੇਰਾ ਉਨ੍ਹਾਂ ਨਾਲ ਬਸ ਏਨਾ ਈ ਵਾਅਦਾ ਏ ਕਿ ਪੁਲਿਸ ਉਨ੍ਹਾਂ ਨੂੰ ਮੇਰੇ ਹੁੰਦਿਆਂ ਹੱਥ ਨਹੀਂ ਲਾ ਸਕੇਗੀ। ਇਸ ਤੋਂ ਇਲਾਵਾ, ਨਾ ਮੈਂ ਕਦੇ ਸਮਗਲਿੰਗ ਕੀਤੀ ਏ, ਨਾ ਸਮਗਲਿੰਗ ਦਾ ਇਕ ਪੈਸਾ ਵੀ ਘਰ ਵਿਚ ਵੜਨ ਦਿਤੈ। ਸਮਗਲਰਾਂ ਦਾ ਪੁਲਿਸ ਕੋਲੋਂ ਬਚਾਅ ਕਰਨਾ ਜੇ ਪਾਪ ਐ ਤਾਂ ਇਹ ਪਾਪ ਮੈਂ ਜ਼ਰੂਰ ਕਰ ਰਿਹਾਂ ਕਿਉਂਕਿ ਉਹ ਮੈਨੂੰ ਮੁਫ਼ਤੋ ਮੁਫ਼ਤੀ ਸੀਟ ਜਿੱਤ ਦੇਂਦੇ ਨੇ ਜਿਸ ਨੂੰ ਜਿੱਤਣ ਲਈ ਮੈਨੂੰ ਕਿਸੇ ਹੋਰ ਪਾਸਿਉਂ ਵੱਡੇ ਧਨ ਦਾ ਪ੍ਰਬੰਧ ਕਰਨਾ ਪਵੇਗਾ ਜੋ ਮੈਂ ਕਰ ਨਹੀਂ ਸਕਦਾ। ਇਸ ਤੋਂ ਵੱਧ ਉਨ੍ਹਾਂ ਦਾ ਇਕ ਪੈਸਾ ਮੇਰੇ ਘਰ ਨਹੀਂ ਵੜਦਾ।
ਚਲੋ ਉਹ ਵੀ ਛੱਡ ਦੇਨਾਂ, ਤੁਸੀ ਚੰਡੀਗੜ੍ਹ ਤੋਂ ਮੈਨੂੰ ਜਿਤਾ ਦੇਣ ਦੀ ਜ਼ਿੰਮੇਵਾਰੀ ਲੈ ਲਉ, ਮੈਂ ਮੁੜ ਕੇ ਸਮਗਲਰਾਂ ਦਾ ਤਾਂ ਕੀ, ਅੰਬਰਸਰ ਦਾ ਮੂੰਹ ਵੀ ਨਹੀਂ ਤੱਕਾਂਗਾ।''
ਸਾਰੇ ਗੁੰਮ ਸੁੰਮ ਹੋ ਗਏ। ਮੈਂ ਵੀ ਜ਼ਿੰਦਗੀ ਵਿਚ ਪਹਿਲੀ ਵਾਰੀ, ਸਿਆਸਤਦਾਨਾਂ ਦੀ ਅਜਿਹੀ ਗੱਲਬਾਤ ਸੁਣੀ ਸੀ। ਅੱਜ ਜਦ ਮੈਂ ਵੇਖਦਾਂ ਕਿ ਨਾਰਾਇਣ ਸਿੰਘ ਸ਼ਾਹਬਾਜ਼ਪੁਰੀ ਵੇਲੇ ਦਾ ਫ਼ਾਰਮੂਲਾ ਕਿ ''ਮੈਨੂੰ ਜਿਤਾ ਦਿਉ ਅਤੇ ਚੋਣ ਉਤੇ ਆਉਣ ਵਾਲੇ ਸਾਰੇ ਖ਼ਰਚੇ ਦਾ ਜ਼ਿੰਮਾ ਤੁਸੀ ਲੈ ਲਉ, ਬਾਕੀ ਜ਼ਿੰਮੇਵਾਰੀ ਮੇਰੀ ਰਹੀ ਕਿ ਕੋਈ ਪੁਲਸ ਵਾਲਾ ਤੁਹਾਡੇ ਨੇੜੇ ਨਹੀਂ ਫਟਕ ਸਕੇਗਾ''
ਹੁਣ ਨਵੇਂ ਰੂਪ ਵਿਚ ਇਹ ਬਣ ਗਿਐ ਕਿ ''ਨਸ਼ਿਆਂ, ਸ਼ਰਾਬ, ਰੇਤ ਬਜਰੀ ਜਾਂ ਹੋਰ ਕਿਸੇ ਵੀ ਧੰਦੇ ਵਿਚ ਜੋ ਮਰਜ਼ੀ ਗ਼ੈਰ-ਕਾਨੂੰਨੀ ਕੰਮ ਕਰ ਲਉ, ਮੇਰੇ ਹਲਕੇ ਵਿਚ ਤੁਹਾਡੇ ਵਲ ਕੋਈ ਪੁਲਸੀਆ ਕੈਰੀ ਅੱਖ ਨਾਲ ਵੀ ਉਦੋਂ ਤਕ ਨਹੀਂ ਵੇਖ ਸਕੇਗਾ ਜਦ ਤਕ ਤੁਸੀ ਹਰ ਮਹੀਨੇ ਮੇਰੇ ਘਰ ਇਕ ਕਰੋੜ ਰੁਪਿਆ ਭੇਜ ਦੇਂਦੇ ਰਹੋਗੇ'' ਤਾਂ ਮੈਨੂੰ ਲਗਦੈ, ਜਿਥੋਂ ਇਹ ਕੰਮ 50-60 ਸਾਲ ਪਹਿਲਾਂ ਜਾਂ ਉਸ ਤੋਂ ਵੀ ਪਹਿਲਾਂ ਸ਼ੁਰੂ ਹੋਇਆ ਸੀ, ਉਸ ਸਮੇਂ ਦਾ ਇਕ ਗਵਾਹ ਤਾਂ ਮੈਂ ਵੀ ਹਾਂ।
ਅੱਜ ਤਾਂ ਕੋਈ ਗੁਰਦਵਾਰੇ ਜਾ ਕੇ ਝੂਠੀ ਸੱਚੀ ਸਹੁੰ ਖਾਣ ਦੀ ਗੱਲ ਵੀ ਨਹੀਂ ਕਰਦਾ ਤੇ ਰਾਜਨੀਤੀ ਨੂੰ ਐਮ.ਐਲ.ਏ. ਜਾਂ ਵਜ਼ੀਰ ਬਣਨ ਦਾ ਹੀ ਸਾਧਨ ਨਹੀਂ ਸਮਝਦਾ ਸਗੋਂ ਕਰੋੜਪਤੀ ਤੇ ਅਰਬਪਤੀ ਬਣਨ ਦਾ ਸਾਧਨ ਵੀ ਸਮਝ ਬੈਠੈ ਤੇ ਲੁਕ ਛੁਪ ਕੇ ਨਹੀਂ ਸ਼ਰੇਆਮ ਪੈਸਾ ਲੈ ਰਿਹੈ ਤੇ ਗ਼ੈਰ-ਕਾਨੂੰਨੀ ਕੰਮ ਕਰਨ ਵਾਲਿਆਂ ਦਾ ਰਖਵਾਲਾ ਬਣਿਆ ਹੋਇਐ। ਚੌਰਾਹੇ 'ਤੇ ਖੜਾ ਹੋ ਕੇ ਉਹ ਇਹ ਐਲਾਨ ਵੀ ਕਰ ਰਿਹੈ ਕਿ 'ਇਸ ਨਾਲ ਪੰਜਾਬ ਤਬਾਹ ਹੋ ਰਿਹੈ ਤਾਂ ਹੋਣ ਦਿਉ, ਪੰਜਾਬੀਅਤ ਖ਼ਤਮ ਹੋ ਰਹੀ ਏ ਤਾਂ ਹੋਣ ਦਿਉ,
ਪੰਜਾਬ ਦੀ ਜਵਾਨੀ ਰੁਲ ਰਹੀ ਏ ਤਾਂ ਰੁਲਣ ਦਿਉ, ਕਰੋੜਪਤੀ ਤੇ ਅਰਬਪਤੀ ਬਣਨ ਦਾ ਇਹ ਮੌਕਾ ਵਾਰ ਵਾਰ ਨਹੀਂ ਮਿਲਣਾ! ਇਸ ਵਾਰ ਰੱਬ ਮੇਰੇ ਤੇ ਮਿਹਰਬਾਨ ਹੋਇਐ ਤਾਂ ਉਠਾ ਲੈਣ ਦਿਉ ਫ਼ਾਇਦਾ। ਅੱਗ ਤੇ ਸਵਾਹ ਪਵੇ ਉਨ੍ਹਾਂ ਦੇ ਮੂੰਹ ਸਿਰ ਵਿਚ ਜਿਹੜੇ ਮੈਨੂੰ ਤਾਹਨੇ ਮਿਹਣੇ ਦੇਂਦੇ ਨੇ ਤੇ ਸੌਖਾ ਜੀਵਨ ਜੀਂਦਿਆਂ ਵੇਖ ਕੇ ਸੜਦੇ ਨੇ ਤੇ ਇਸ ਰਾਹ ਚਲਣੋਂ ਵਰਜਦੇ ਨੇ। ਮੈਂ ਸਿਆਸਤਦਾਨ ਹਾਂ, ਇਹਨਾਂ ਫ਼ਜ਼ੂਲ ਦੀਆਂ ਗੱਲਾਂ ਵਿਚ ਨਹੀਂ ਆਉਣ ਵਾਲਾ, ਆਹੋ!!' ਇਨ੍ਹਾਂ ਮਝੈਲ ਆਗੂਆਂ ਦੀ ਗੱਲਬਾਤ ਸੁਣਦਿਆਂ, ਸ: ਕੈਰੋਂ ਦੀ ਇਕ ਹੋਰ ਇਤਿਹਾਸਕ ਉਸਤਾਦੀ ਦੀ ਜਿਹੜੀ ਗੱਲ ਪਤਾ ਲੱਗੀ, ਉਹ ਅਗਲੇ ਹਫ਼ਤੇ ਲਿਖਾਂਗਾ। (ਚਲਦਾ)