ਸਿਆਸਤ ਵਿਚ ਅਸਲੀ ਹਿੰਦੂ ਕੌਣ ਤੇ ਦੰਭੀ ਜਨੇਊਧਾਰੀ ਕੌਣ?........

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸਿਆਸਤ ਵਿਚ ਅਸਲੀ ਹਿੰਦੂ ਕੌਣ ਤੇ ਦੰਭੀ ਜਨੇਊਧਾਰੀ ਕੌਣ? ਅਸਲੀ ਸਿੱਖ ਕੌਣ ਤੇ ਦੰਭੀ 'ਅੰਮ੍ਰਿਤਧਾਰੀ' ਕੌਣ?...........

Sukhbir Singh Badal

ਸਿਆਸਤ ਵੀ ਬੜੀ ਅਜੀਬ ਜਹੀ ਸ਼ੈਅ ਹੈ¸ਸ਼ਰਾਬ ਦੇ ਨਸ਼ੇ ਵਰਗੀ। ਜ਼ਿੰਦਗੀ ਦੀ ਅਸਲੀਅਤ ਤੋਂ ਦੂਰ ਲੈ ਜਾਂਦੀ ਹੈ ਤੇ ਸਿਆਸੀ ਨਸ਼ੇ ਦਾ ਖ਼ੁਮਾਰ, ਅਪਣੇ ਬਿਨਾਂ, ਕਿਸੇ ਹੋਰ ਨੂੰ ਪੱਕਾ ਹਿੰਦੂ ਤੇ ਪੱਕਾ ਸਿੱਖ ਕਹਿਣ ਦੀ ਆਗਿਆ ਵੀ ਨਹੀਂ ਦੇਂਦਾ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਕ ਦਿਨ ਇਸ ਨਤੀਜੇ ਤੇ ਪੁੱਜੇ ਕਿ 'ਹਿੰਦੂ ਪੱਤੇ' ਦੇ ਸਹਾਰੇ ਹੀ ਬੀ.ਜੇ.ਪੀ., ਦੁਬਾਰਾ ਸੱਤਾ ਵਿਚ ਆਉਣਾ ਚਾਹੁੰਦੀ ਹੈ ਵਰਨਾ ਉਸ ਨੇ ਕੰਮ ਅਜਿਹੇ ਨਹੀਂ ਕੀਤੇ ਜਿਨ੍ਹਾਂ ਨੂੰ ਵਿਖਾ ਕੇ ਉਹ ਦੁਬਾਰਾ ਸੱਤਾ ਵਿਚ ਆ ਸਕੇ। ਸੋ ਕਾਂਗਰਸ ਪ੍ਰਧਾਨ ਨੇ ਫ਼ੈਸਲਾ ਕੀਤਾ ਕਿ ਥੋੜਾ ਜਿਹਾ ਹਿੰਦੂ ਹੋਣ ਦਾ ਵਿਖਾਵਾ ਉਹ ਵੀ ਕਰ ਲੈਣ ਤਾਂ ਕੀ ਘੱਟ ਜਾਏਗਾ?

ਗੁਜਰਾਤ ਚੋਣਾਂ ਵਿਚ ਅਪਣੇ ਆਪ ਨੂੰ ਪੱਕਾ ਹਿੰਦੂ ਸਾਬਤ ਕਰਨ ਲਈ ਉਨ੍ਹਾਂ ਗੁਜਰਾਤ ਦੇ ਸਾਰੇ ਮੰਦਰਾਂ ਵਿਚ ਮੱਥੇ ਟੇਕਣੇ ਸ਼ੁਰੂ ਕਰ ਦਿਤੇ। ਚੋਣਾਂ ਵਿਚ ਮੁਕੰਮਲ ਜਿੱਤ ਤਾਂ ਨਾ ਮਿਲ ਸਕੀ ਪਰ ਪਹਿਲਾਂ ਦੇ ਮੁਕਾਬਲੇ, ਕਾਮਯਾਬੀ ਦਾ ਘੇਰਾ ਵੱਡਾ ਜ਼ਰੂਰ ਹੋ ਗਿਆ। ਅਤੇ ਹੁਣ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਦੀ ਤਿਆਰੀ ਕਰਦਿਆਂ, ਰਾਹੁਲ ਗਾਂਧੀ ਨੇ ਹੋਰ ਵੱਡਾ 'ਹਿੰਦੂ ਪੱਤਾ' ਖੇਡਣ ਦਾ ਰਾਹ ਲੱਭ ਲਿਆ। 2014 ਵਿਚ ਮੋਦੀ ਸਾਹਬ ਨੇ ਬਨਾਰਸ ਵਿਚ ਜਾ ਐਲਾਨ ਕੀਤਾ ਸੀ ਕਿ, ''ਮਾਂ ਗੰਗਾ ਨੇ ਬੁਲਾਇਆ ਹੈ'' ਤੇ ਉਹ ਬੇਮਿਸਾਲ ਜਿੱਤ ਪ੍ਰਾਪਤ ਕਰ ਗਏ। 

2018 ਵਿਚ (ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ) ਰਾਹੁਲ ਗਾਂਧੀ ਨੇ ਵੀ ਐਲਾਨ ਕਰ ਦਿਤਾ, ਕਿ ''ਮੈਨੂੰ ਕੈਲਾਸ਼ ਪਰਬਤ ਨੇ ਬੁਲਾਇਆ ਹੈ ਤੇ ਮੈਂ ਕੈਲਾਸ਼-ਮਾਨਸਰੋਵਰ ਝੀਲ ਦੀ ਯਾਤਰਾ ਤੇ ਜ਼ਰੂਰ ਜਾਵਾਂਗਾ।'' ਬਹਾਨਾ ਇਹ ਬਣਿਆ ਕਿ ਰਾਹੁਲ ਗਾਂਧੀ 26 ਅਪ੍ਰੈਲ ਨੂੰ ਇਕ ਜਹਾਜ਼ ਵਿਚ ਸਵਾਰ ਹੋ ਕੇ ਹੁਬਲੀ ਜਾ ਰਹੇ ਸਨ ਜਦ ਅੱਧ ਵਿਚਕਾਰ, ਜਹਾਜ਼ ਹੇਠਾਂ ਵਲ ਝੁਕ ਗਿਆ ਤੇ 100 ਫ਼ੁਟ ਹੇਠਾਂ ਗੋਤਾ ਖਾ ਗਿਆ ਤੇ ਖੜਕਣ ਵੀ ਲੱਗ ਪਿਆ। ਸਵਾਰੀਆਂ ਨੂੰ ਲੱਗਾ ਕਿ ਉਨ੍ਹਾਂ ਦਾ ਅੰਤ ਸਮਾਂ ਆ ਗਿਆ ਹੈ। ...ਪਰ ਅਚਾਨਕ ਜਹਾਜ਼ ਫਿਰ ਸਿੱਧਾ ਹੋ ਕੇ ਉਪਰ ਉਠਣ ਲੱਗਾ।

ਰਾਹੁਲ ਗਾਂਧੀ ਨੇ ਐਲਾਨ ਕਰ ਦਿਤਾ ਕਿ ਉਹ ਕੈਲਾਸ਼ ਪ੍ਰਬਤ ਦੀ ਯਾਤਰਾ ਕਰ ਕੇ ਭੋਲੇ ਨਾਥ (ਸ਼ਿਵ ਜੀ) ਦਾ ਧਨਵਾਦ ਕਰਨਗੇ। ਕੈਲਾਸ਼-ਮਾਨਸਰੋਵਰ ਦੀ ਯਾਤਰਾ ਬੜੀ ਕਠਿਨ ਯਾਤਰਾ ਮੰਨੀ ਜਾਂਦੀ ਹੈ, ਇਸ ਲਈ ਕਿਸੇ ਨੇ ਇਸ ਐਲਾਨ ਵਲ ਧਿਆਨ ਨਾ ਦਿਤਾ ਤੇ ਬੀ.ਜੇ.ਪੀ. ਵਾਲਿਆਂ ਨੇ ਵੀ ਇਹੀ ਕਿਹਾ ਕਿ ਰਾਹੁਲ ਗਾਂਧੀ ਦੇ ਜੁਮਲਿਆਂ ਵਲ ਧਿਆਨ ਦੇਣ ਦੀ ਕੋਈ ਲੋੜ ਨਹੀਂ। ਪਰ ਰਾਹੁਲ ਗਾਂਧੀ ਜਦ ਸਚਮੁਚ ਕੈਲਾਸ਼ ਪਰਬਤ ਤੇ ਪਹੁੰਚ ਗਏ ਤਾਂ ਬੀ.ਜੇ.ਪੀ. ਨੇ ਕਿਹਾ, ਇਹ ਹੋ ਈ ਨਹੀਂ ਸਕਦਾ ਤੇ ਰਾਹੁਲ ਕਿਧਰੇ ਜਰਮਨੀ ਵਿਚ ਬੈਠਾ ਹੋਵੇਗਾ ਪਰ ਦਾਅਵੇ ਕੈਲਾਸ਼ ਪਰਬਤ 'ਤੇ ਹੋਣ ਦੇ ਕਰ ਰਿਹਾ ਹੈ।

ਇਸ ਤੇ ਰਾਹੁਲ ਨੇ ਕੈਲਾਸ਼ ਪਰਬਤ ਉਤੇ, ਉਥੇ ਗਏ ਹੋਏ ਯਾਤਰੀਆਂ ਨਾਲ ਫ਼ੋਟੋਆਂ ਖਿਚਵਾ ਕੇ ਭੇਜ ਦਿਤੀਆਂ। ਬੀ.ਜੇ.ਪੀ. ਵਾਲੇ ਅਜੇ ਵੀ ਅੜੇ ਰਹੇ ਕਿ ਇਹ ਫ਼ੋਟੋ ਨਹੀਂ, 'ਫ਼ੋਟੋ ਟਰਿੱਕਾਂ' ਹਨ ਅਰਥਾਤ ਗੂਗਲ ਤੋਂ ਕੈਲਾਸ਼ ਦੀ ਫ਼ੋਟੋ ਲੈ ਕੇ ਅਪਣੀ ਫ਼ੋਟੋ ਉਸ ਵਿਚ ਜੜ ਦਿਤੀ ਗਈ ਹੋਣੀ ਐ। ਇਕ ਫ਼ੋਟੋ ਵਿਚ ਰਾਹੁਲ ਨੇ ਸੋਟੀ ਦਾ ਸਹਾਰਾ ਵੀ ਲਿਆ ਹੋਇਆ ਸੀ। ਬੀ.ਜੇ.ਪੀ. ਦੇ ਇਕ ਕੇਂਦਰੀ ਮੰਤਰੀ ਦਾ ਮੰਤਕ ਸੀ ਕਿ ਸੋਟੀ ਦਾ ਪ੍ਰਛਾਵਾਂ ਫ਼ੋਟੋ ਵਿਚ ਨਹੀਂ ਆਇਆ, ਇਸ ਲਈ ਫ਼ੋਟੋ ਨਕਲੀ ਹੈ।
ਜਵਾਬ ਵਿਚ ਕਾਂਗਰਸ ਨੇ ਮੋਬਾਈਲ ਐਪ 'ਫ਼ਿਟਬਿਟ' ਵਲੋਂ ਇਕੱਤਰ ਕੀਤਾ ਗਿਆ

ਬਿਉਰਾ ਜਾਰੀ ਕਰ ਦਿਤਾ ਜਿਸ ਵਿਚ ਦਸਿਆ ਗਿਆ ਸੀ ਕਿ ਰਾਹੁਲ ਗਾਂਧੀ ਨੇ ਕੈਲਾਸ਼ ਪਰਬਤ ਉਤੇ 46,433 ਕਦਮ ਪੁੱਟੇ ਸਨ ਅਤੇ 463 ਮਿੰਟਾਂ ਵਿਚ 34.31 ਕਿਲੋਮੀਟਰ ਫ਼ਾਸਲਾ ਤੈਅ ਕੀਤਾ ਸੀ ਜੋ 203 ਮੰਜ਼ਲਾਂ, ਉਪਰ ਚੜ੍ਹਨ ਦੇ ਬਰਾਬਰ ਬਣਦਾ ਹੈ। ਅਜਿਹਾ ਕਰਦੇ ਹੋਏ, ਰਾਹੁਲ ਗਾਂਧੀ ਦੇ ਸ੍ਰੀਰ ਦੀਆਂ 4,466 ਕੈਲਰੀਆਂ (ਤਾਕਤ ਕਣੀਆਂ) ਖ਼ਰਚ ਹੋਈਆਂ ਸਨ। ਸੋ ਮਾਮਲਾ ਸਾਫ਼ ਹੋ ਗਿਆ ਕਿ 48 ਸਾਲ ਦੇ ਨੌਜੁਆਨ ਰਾਹੁਲ ਬਾਰੇ ਬੀ.ਜੇ.ਪੀ. ਦਾ ਪ੍ਰਚਾਰ ਗ਼ਲਤ ਸੀ ਪਰ ਉਹ ਅਜੇ ਵੀ ਇਸ ਯਾਤਰਾ ਉਤੇ 'ਕਿੰਤੂ ਪ੍ਰੰਤੂ' ਕਰੀ ਜਾ ਰਹੇ ਹਨ।

ਇਸ ਕਿੰਤੂ ਪ੍ਰੰਤੂ ਵਾਲੀ ਚਰਚਾ ਵਿਚ ਜਿਹੜੀ ਗੱਲ ਮੈਨੂੰ ਬੁਰੀ ਲੱਗੀ, ਉਹ ਇਹ ਸੀ ਕਿ ਬੀ.ਜੇ.ਪੀ. ਦੇ ਸਾਰੇ ਹੀ ਬੁਲਾਰੇ ਰਾਹੁਲ ਗਾਂਧੀ ਨੂੰ 'ਨਕਲੀ ਹਿੰਦੂ' ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸਨ ਤੇ ਕਹਿ ਰਹੇ ਸਨ ਕਿ ਪਹਿਲਾਂ ਵੀ ਉਹ 'ਨਕਲੀ ਜਨੇਊਧਾਰੀ' ਬਣ ਕੇ ਹਿੰਦੂਆਂ ਨਾਲ ਠੱਗੀ ਮਾਰ ਚੁੱਕਾ ਹੈ ਅਰਥਾਤ ਦਿਲੋਂ ਉਹ ਪੱਕਾ ਹਿੰਦੂ ਨਹੀਂ ਹੈ ਪਰ ਬਾਹਰੋਂ ਹਿੰਦੂ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਨਕਲੀ 'ਜਨੇਊਧਾਰੀ' ਵੀ ਬਣ ਗਿਆ ਸੀ। ਪੰਜਾਬ ਅਸੈਂਬਲੀ ਦੀ ਥੋੜਾ ਸਮਾਂ ਪਹਿਲਾਂ ਦੀ ਉਹ ਚਰਚਾ ਯਾਦ ਆ ਜਾਂਦੀ ਹੈ ਜਦੋਂ ਕੁੱਝ ਮੈਂਬਰਾਂ ਨੇ ਸੁਖਬੀਰ ਸਿੰਘ ਬਾਦਲ ਬਾਰੇ ਵੀ ਕੁੱਝ ਇਹੋ ਜਹੀ ਗੱਲ ਹੀ ਕੀਤੀ ਸੀ

ਕਿ ਉਹ 'ਨਕਲੀ ਅੰਮ੍ਰਿਤਧਾਰੀ' ਹੈ ਤੇ ਜੇ ਅਸਲੀ ਹੈ ਤਾਂ ਕੁੜਤਾ ਚੁਕ ਕੇ ਵਿਖਾਵੇ ਕਿ ਉਸ ਨੇ ਸ੍ਰੀ ਸਾਹਿਬ (ਕ੍ਰਿਪਾਨ) ਕਿਥੇ ਧਾਰਨ ਕੀਤੀ ਹੋਈ ਹੈ। ਇਕ ਮੈਂਬਰ ਤਾਂ ਇਹ ਕਹਿਣ ਤਕ ਵੀ ਚਲਾ ਗਿਆ ਕਿ ਪਜਾਮਾ ਲਾਹ ਕੇ ਵਿਖਾ ਦੇਵੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਛਹਿਰਾ ਵੀ ਨਹੀਂ ਪਾਇਆ ਹੋਇਆ। ਬੜੀ ਕੁੱਤੀ ਸ਼ੈਅ ਹੈ ਇਹ ਰਾਜਨੀਤੀ। ਇਸ ਵਿਚ ਕਿਸੇ ਨੂੰ ਇਹ ਕਹਿਣ ਦਾ ਹੱਕ ਵੀ ਨਹੀਂ ਦਿਤਾ ਜਾਂਦਾ ਕਿ ''ਮੈਂ ਪੱਕਾ ਹਿੰਦੂ ਹਾਂ'' ਜਾਂ ''ਮੈਂ ਪੱਕਾ ਸਿੱਖ ਹਾਂ।''  ਰਾਜਸੀ ਵਿਰੋਧੀ 'ਮਨ ਦੀ ਅਵੱਸਥਾ' ਦਾ ਸਰੇ ਬਾਜ਼ਾਰ ਸਬੂਤ ਮੰਗਦੇ ਹਨ।

ਰਾਜਨੀਤੀ ਵਿਚ ਸਿਰਫ਼ ਰਾਜਨੀਤਕ ਪ੍ਰਸ਼ਨਾਂ ਉਤੇ ਹੀ ਵਿਚਾਰ ਹੋਣੀ ਚਾਹੀਦੀ ਹੈ ਤੇ ਇਸ ਬਾਰੇ ਗੱਲ ਕਰਨੀ ਹੀ ਨਹੀਂ ਬਣਦੀ ਕਿ ਕੌਣ ਦੰਭੀ ਸਿੱਖ ਹੈ ਤੇ ਕੌਣ ਦੰਭੀ ਹਿੰਦੂ? ਜੇ ਘੋਖ-ਪੜਤਾਲ ਕੀਤੀ ਜਾਏ ਤਾਂ ਦੂਜਿਆਂ ਨੂੰ 'ਦੰਭੀ ਧਰਮੀ' ਕਹਿਣ ਵਾਲੇ ਆਪ ਸ਼ਾਇਦ ਵੱਡੇ ਦੰਭੀ ਸਾਬਤ ਹੋ ਜਾਣ ਜਾਂ ਸ਼ਾਇਦ ਅਸੀ ਸਾਰੇ ਹੀ ਦੰਭੀ ਸਾਬਤ ਹੋ ਜਾਈਏ। ਇਸ ਲਈ ਰਾਜਨੀਤਕ ਸੱਥਾਂ ਵਿਚ ਸਾਨੂੰ ਧਰਮ ਦੀਆਂ ਗੱਲਾਂ ਰੱਬ ਉਤੇ ਛੱਡ ਕੇ ਬਹਿਸ ਦੁਨਿਆਵੀ ਮਸਲਿਆਂ ਤਕ ਹੀ ਸੀਮਤ ਰਖਣੀ ਚਾਹੀਦੀ ਹੈ। ਇਥੇ ਮੈਨੂੰ ਸ਼੍ਰੋਮਣੀ ਕਮੇਟੀ ਦੇ ਇਕ ਸਾਬਕਾ ਉਪ ਪ੍ਰਧਾਨ ਜੀਵਨ ਸਿੰਘ ਉਮਰਾਨੰਗਲ ਦੀ ਗੱਲ ਯਾਦ ਆ ਗਈ।

ਕਿਸੇ ਵਿਰੋਧੀ ਆਗੂ ਨੇ ਬਿਆਨ ਦੇ ਦਿਤਾ ਕਿ ਦਰਬਾਰ ਸਾਹਿਬ ਸਰੋਵਰ ਦਾ ਪਾਣੀ ਬਹੁਤ ਗੰਧਲਾ ਹੋ ਗਿਆ ਹੈ, ਇਸ ਦੀ ਸਾਫ਼ ਸਫ਼ਾਈ ਵਲ ਵੀ ਸ਼੍ਰੋਮਣੀ ਕਮੇਟੀ ਨੂੰ ਧਿਆਨ ਦੇਣਾ ਚਾਹੀਦੈ। ਅਗਲੇ ਦਿਨ ਉਮਰਾਨੰਗਲ ਉਸ ਬਿਆਨ ਦੇਣ ਵਾਲੇ ਸੱਜਣ ਨੂੰ ਟੁਟ ਕੇ ਪੈ ਗਏ, ''ਪਵਿੱਤਰ ਸਰੋਵਰ ਦੇ ਜਲ ਨੂੰ 'ਗੰਦਾ' ਕਹਿਣ ਵਾਲਾ ਪਹਿਲਾਂ ਪੰਥ ਕੋਲੋਂ ਮਾਫ਼ੀ ਮੰਗੇ ਤੇ ਅਕਾਲ ਤਖ਼ਤ ਉਤੇ ਪੇਸ਼ ਹੋ ਕੇ ਜਵਾਬ ਦੇਵੇ ਕਿ ਉਸ ਨੇ ਪਵਿੱਤਰ ਜਲ ਨੂੰ ਗੰਧਲਾ ਕਿਵੇਂ ਕਹਿ ਦਿਤਾ। ਅਜਿਹਾ ਕਹਿ ਕੇ ਉਸ ਨੇ ਸਿੱਖ ਪੰਥ ਦੇ ਜਜ਼ਬਾਤ ਨੂੰ ਡਾਢੀ ਸੱਟ ਮਾਰੀ ਹੈ ਜਿਸ ਲਈ ਉਸ ਨੂੰ ਬਖ਼ਸ਼ਿਆ ਨਹੀਂ ਜਾ ਸਕਦਾ।''

ਸੋ ਸਰੋਵਰ ਦੀ ਸਫ਼ਾਈ ਵਲ ਧਿਆਨ ਦੇਣ ਦੀ ਸਾਦੀ ਜਹੀ ਮੰਗ ਨੂੰ ਵੀ ਧਰਮ ਦਾ ਨਾਂ ਵਰਤ ਕੇ, ਉਮਰਾਨੰਗਲ ਜੀ ਨੇ ਗਧੀਗੇੜ ਵਿਚ ਪਾ ਦਿਤਾ ਤੇ ਪੰਥ ਦਾ ਦਿਲ ਦੁਖਾਉਣ ਦਾ ਮੋਰਚਾ ਖੁਲ੍ਹ ਗਿਆ। ਸਰੋਵਰ ਦੀ ਹਾਲਤ ਪਹਿਲਾਂ ਨਾਲੋਂ ਵੀ ਮਾੜੀ ਹੋ ਗਈ ਪਰ ਚਰਚਾ 'ਸਰੋਵਰ ਦੇ ਜਲ ਦੀ ਤੌਹੀਨ' ਤੇ ਆ ਕੇ ਅਟਕ ਗਈ।
ਸੱਭ ਜਾਣਦੇ ਹਨ ਕਿ ਧਰਮ ਦੀ ਦੁਰਵਰਤੋਂ ਹਰ ਸਿਆਸੀ ਪਾਰਟੀ, ਵੋਟਾਂ ਬਟੋਰਨ ਲਈ ਕਰਦੀ ਹੈ ਪਰ ਮਾੜੀ ਗੱਲ ਇਹੀ ਲਗਦੀ ਹੈ ਕਿ ਹਰ ਸਿਆਸੀ ਨੇਤਾ, ਅਪਣੇ ਆਪ ਨੂੰ ਹੀ ਅਸਲੀ ਤੇ ਪੱਕਾ ਧਰਮੀ ਮੰਨੇ ਜਾਣ ਦੀ ਜ਼ਿੱਦ ਕਰਦਾ ਹੈ ਤੇ ਅਪਣੇ ਵਿਰੋਧੀ ਨੂੰ ਨਾਟਕਬਾਜ਼ ਤੇ ਦੰਭੀ ਕਹਿਣ ਲੱਗ ਜਾਂਦਾ ਹੈ।

ਜਿਵੇਂ ਮੈਂ ਪਹਿਲਾਂ ਕਿਹਾ ਹੈ, ਇਹ ਚੰਗਾ ਧਰਮੀ ਹੋਣ ਦੀ ਗੱਲ ਰੱਬ ਉਤੇ ਹੀ ਛੱਡ ਦਿਤੀ ਜਾਏ ਤਾਂ ਠੀਕ ਰਹੇਗਾ, ਅਸੀ ਤਾਂ ਦਰਪੇਸ਼ ਮਸਲਿਆਂ ਬਾਰੇ ਅਪਣੀ ਸੁਣਾਈਏ ਤੇ ਵਿਰੋਧੀ ਦੀ ਸੁਣੀਏ। ਇਸ ਤਰ੍ਹਾਂ ਹੀ ਲੋਕ-ਰਾਜ ਦੀ ਗੱਡੀ ਅੱਗੇ ਚਲਦੀ ਰਹਿ ਸਕਦੀ ਹੈ ਵਰਨਾ ਧਰਮ ਦਾ 'ਫਾਨਾ' ਗੱਡੀ ਦੇ ਪਹੀਏ ਜਾਮ ਕਰ ਕੇ, ਅੱਗੇ ਵਧਣੋਂ ਰੋਕ ਦੇਵੇਗਾ। ਸਿਆਸਤਦਾਨ, ਅਪਣੇ ਧਰਮ ਤੇ ਅਕੀਦੇ ਬਾਰੇ ਜੋ ਵੀ ਕਹਿੰਦੇ ਹਨ,

ਉਸ ਨੂੰ ਨਜ਼ਰ-ਅੰਦਾਜ਼ ਕਰ ਕੇ, ਇਹੀ ਵੇਖੋ ਕਿ ਉਹਨਾਂ ਦਾ ਪੰਜਾਬ, ਦੇਸ਼ ਤੇ ਇਥੇ ਵਸਣ ਵਾਲੇ ਲੋਕਾਂ ਦੀ ਤਰੱਕੀ ਵਿਚ ਕਿੰਨਾ ਕੁ ਯੋਗਦਾਨ ਹੈ। ਜਦ ਤਕ ਉਨ੍ਹਾਂ ਦਾ ਯੋਗਦਾਨ ਹੈ, ਉਨ੍ਹਾਂ ਨੂੰ ਮੰਨੋ ਤੇ ਜਦ ਵੇਖੋ ਕਿ ਉਹ ਤਾਂ ਅਪਣੀ ਨਿਜੀ ਚੜ੍ਹਤ ਲਈ ਹੀ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਘਰ ਚਲੇ ਜਾਣ ਲਈ ਮਜਬੂਰ ਕਰ ਦਿਉ। ਧਰਮ ਬਾਰੇ ਉਹ ਜੋ ਵੀ ਕਹਿੰਦੇ ਹਨ, ਉਸ ਨੂੰ ਨਜ਼ਰ-ਅੰਦਾਜ਼ ਕਰ ਕੇ ਹੀ, ਠੀਕ ਨਤੀਜਿਆਂ ਤੇ ਪੁਜ ਸਕਾਂਗੇ।