ਚੌਧਰੀ ਦੇਵੀ ਲਾਲ ਚਾਹੁੰਦੇ ਸਨ ਕਿ ਪੰਜਾਬੀ ਸੂਬਾ ਤੇ ਹਰਿਆਣਾ, ਵੱਖ ਹੋ ਕੇ ਵੀ ਦੋਵੇਂ ਬਹੁਤ ਮਜ਼ਬੂਤ ਰਾਜ ਬਣਨ ਪਰ...
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
ਕਾਲੀ ਲੀਡਰਾਂ ਨੇ ਵਿਚਕਾਰਲਾ ਰਸਤਾ ਲੱਭ ਕੇ ਪੰਜਾਬੀ ਸੂਬੇ ਦੀ ਮੰਗ ਰੱਖ ਦਿਤੀ ਕਿਉਂਕਿ ਸਾਰੇ ਦੇਸ਼ ਵਿਚ ਇਕ-ਭਾਸ਼ਾਈ ਰਾਜ ਬਣਾਏ ਜਾ ਰਹੇ ਸਨ।
ਜਵਾਹਰ ਲਾਲ ਨਹਿਰੂ ਨੇ ਆਜ਼ਾਦੀ ਮਗਰੋਂ ਸਿੱਖਾਂ ਨੂੰ ਖੁਲ੍ਹ ਕੇ ਕਹਿ ਦਿਤਾ ਸੀ ਕਿ ਸਿੱਖ ਭੁੱਲ ਜਾਣ ਕਿ ਆਜ਼ਾਦੀ ਤੋਂ ਪਹਿਲਾਂ ਜੋ ਵਾਅਦੇ ਉਨ੍ਹਾਂ ਨਾਲ ਕੀਤੇ ਗਏ ਸਨ, ਉਹ ਕਦੇ ਪੂਰੇ ਵੀ ਕੀਤੇ ਜਾਣਗੇ! ਸੰਵਿਧਾਨ ਬਣਾਉਣ ਵੇਲੇ ਵੀ ਸਿੱਖਾਂ ਦੇ ਪ੍ਰਤਿਨਿਧਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਇਸ ਰਾਹੀਂ ਕੁੱਝ ਪੁਰਾਣੇ ਵਾਅਦੇ ਲਾਗੂ ਕਰ ਦਿਤੇ ਜਾਣ। ਨਹਿਰੂ ਸਰਕਾਰ ਨੇ ਫਿਰ ਨਾਂਹ ਕਰ ਦਿਤੀ। ਡਾ. ਅੰਬੇਦਕਰ ਵੀ ਚੁੱਪ ਰਹੇ। ਨਾ ਹੱਕ ਵਿਚ ਬੋਲੇ, ਨਾ ਵਿਰੋਧ ਵਿਚ। ਸਿੱਖ ਪ੍ਰਤੀਨਿਧਾਂ ਨੇ ਸੰਵਿਧਾਨ ਦੇ ਖਰੜੇ ਨੂੰ ਮੰਜ਼ੂਰ ਕਰਨ ਵਜੋਂ ਉਦੋਂ ਤਕ ਉਸ ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿਤਾ ਜਦ ਤਕ ਇਸ ਰਾਹੀਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ। ਸਰਕਾਰ ਨੇ ਉਨ੍ਹਾਂ ਦੀ ਕੋਈ ਪ੍ਰਵਾਹ ਨਾ ਕੀਤੀ। ਅਕਾਲੀ ਲੀਡਰਾਂ ਨੇ ਵਿਚਕਾਰਲਾ ਰਸਤਾ ਲੱਭ ਕੇ ਪੰਜਾਬੀ ਸੂਬੇ ਦੀ ਮੰਗ ਰੱਖ ਦਿਤੀ ਕਿਉਂਕਿ ਸਾਰੇ ਦੇਸ਼ ਵਿਚ ਇਕ-ਭਾਸ਼ਾਈ ਰਾਜ ਬਣਾਏ ਜਾ ਰਹੇ ਸਨ। ਹਰਿਆਣਵੀ ਲੀਡਰਾਂ ਨੇ ਵੀ ਇਸ ਦੀ ਹਮਾਇਤ ਕਰ ਦਿਤੀ ਕਿਉਂਕਿ ਇਸ ਨਾਲ ਹਰਿਆਣਾ ਰਾਜ ਅਪਣੇ ਆਪ ਬਣ ਜਾਂਦਾ ਸੀ। ਨਹਿਰੂ ਨੇ ਫਿਰ ਤੋਂ ਸਾਫ਼ ਨਾਂਹ ਕਰ ਦਿਤੀ ਤੇ 15 ਅਗੱਸਤ ਦੇ ਆਜ਼ਾਦੀ ਸਮਾਗਮ ਵਿਚ ਵੀ ਗਰਜ ਕੇ ਕਹਿ ਦਿਤਾ, ‘‘ਪੰਜਾਬੀ ਸੂਬਾ ਕਭੀ ਨਹੀਂ ਬਨਾਇਆ ਜਾਏਗਾ। ਯੇਹ ਹਮੇਸ਼ਾ ਅਕਾਲੀਉਂ ਕੇ ਦਿਮਾਗ਼ੋਂ ਮੇਂ ਹੀ ਰਹੇਗਾ।’’
ਫਿਰ ਇੰਦਰਾ ਗਾਂਧੀ ਦਾ ਦੌਰ ਸ਼ੁਰੂ ਹੋਇਆ। ਉਹ ਵੀ ਬਾਪ ਵਾਂਗ ਹੀ ਪੰਜਾਬੀ ਸੂਬਾ ਬਣਾਉਣ ਦੀ ਕੱਟੜ ਵਿਰੋਧੀ ਸੀ। ਪਰ ਪਾਕਿਸਤਾਨ ਨਾਲ ਲੜਾਈ ਦੌਰਾਨ ਸਿੱਖਾਂ ਨੂੰ ਭਾਰਤ ਸਰਕਾਰ ਵਿਰੁਧ ਭੜਕਾਉਣ ਵਾਲੇ ਪਾਕਿਸਤਾਨੀ ਪ੍ਰਚਾਰ ਨੇ ਦਿੱਲੀ ਵਾਲਿਆਂ ਨੂੰ ਮੁੜ ਤੋਂ ਸੋਚਣ ਲਈ ਮਜਬੂਰ ਕਰ ਦਿਤਾ। ਹੁਣ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣ ਚੁਕੇ ਸਨ। ਉਨ੍ਹਾਂ ਨੇ ਇਸ ਬਾਰੇ ਫ਼ੈਸਲਾ ਲੈਣ ਲਈ ਬਣਾਈ ਕਮੇਟੀ ਦਾ ਪ੍ਰਧਾਨ ਸ. ਹੁਕਮ ਸਿੰਘ ਨੂੰ ਬਣਾ ਦਿਤਾ। ਸ. ਹੁਕਮ ਸਿੰਘ ਨੇ ਫ਼ੈਸਲਾ ਪੰਜਾਬੀ ਸੂਬੇ ਦੇ ਹੱਕ ਵਿਚ ਕਰਵਾ ਦਿਤਾ। ਇੰਦਰਾ ਗਾਂਧੀ ਭੱਜ ਕੇ ਲਾਲ ਬਹਾਦਰ ਸ਼ਾਸਤਰੀ ਕੋਲ ਗਈ ਤੇ ਬੋਲੀ, ‘‘ਇਹ ਕੀ ਅਨਰਥ ਕਰਵਾ ਦਿਤਾ ਜੇ? ਪੰਜਾਬ ਦੇ ਹਿੰਦੂਆਂ ਦਾ ਕੀ ਬਣੇਗਾ? ਹੁਕਮ ਸਿੰਘ ਪੱਕਾ ਅਕਾਲੀ ਹੈ, ਉਸ ਨੂੰ ਕਮੇਟੀ ਦਾ ਪ੍ਰਧਾਨ ਕਿਉਂ ਬਣਾ ਦਿਤਾ? ਉਸ ਨੇ ਤਾਂ ਪੰਜਾਬੀ ਸੂਬੇ ਦੇ ਹੱਕ ਵਿਚ ਫ਼ੈਸਲਾ ਕਰਵਾਣਾ ਹੀ ਸੀ...।’’
ਸ. ਹੁਕਮ ਸਿੰਘ ਨੇ ਮਗਰੋਂ ‘ਹਿੰਦੁਸਤਾਨ ਟਾਈਮਜ਼’ (ਅੰਗਰੇਜ਼ੀ) ਵਿਚ ਇਕ ਲੇਖ ਲਿਖ ਕੇ ਦਸਿਆ ਕਿ ਉਸ ਨੂੰ ਇਸ ਲਈ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਕਿਉਂਕਿ ਉਸ ਨੇ ਗ਼ੈਰ-ਰਸਮੀ ਗੱਲਬਾਤ ਵਿਚ ਸ਼ਾਸਤਰੀ ਜੀ ਨੂੰ ਕਹਿ ਦਿਤਾ ਸੀ ਕਿ, ‘‘ਮੈਂ ਵੀ ਸਦਾ ਪੰਜਾਬੀ ਸੂਬਾ ਬਣਾਉਣ ਲਈ ਹੀ ਲੜਦਾ ਰਿਹਾ ਹਾਂ ਪਰ ਮੌਜੂਦਾ ਹਾਲਾਤ ਵਿਚ ਮੈਨੂੰ ਲਗਦਾ ਹੈ ਕਿ ਪੰਜਾਬੀ ਸੂਬੇ ਦਾ ਸਿੱਖਾਂ ਨੂੰ ਬਹੁਤਾ ਫ਼ਾਇਦਾ ਨਹੀਂ ਹੋਣਾ ਤੇ ਸਰਕਾਰ ਐਵੇਂ ਡਰ ਰਹੀ ਹੈ ਕਿ ਸਿੱਖਾਂ ਦੀ ਤਾਕਤ ਬਹੁਤ ਵੱਧ ਜਾਵੇਗੀ। ਜਾਤ-ਵਾਦ ਸਿੱਖਾਂ ਉਤੇ ਵੀ ਬਹੁਤ ਹਾਵੀ ਹੋ ਗਿਆ ਹੈ ਤੇ ਪੰਜਾਬ ਵਿਚ ਜੱਟ-ਭਾਪਾ ਖਿੱਚੋਤਾਣ ਬਹੁਤ ਵਧਣ ਲੱਗ ਪਈ ਹੈ ਜੋ ਸਿੱਖਾਂ ਨੂੰ ਆਪਸ ਵਿਚ ਵੰਡ ਦੇਵੇਗੀ ਜਿਵੇਂ ਹੁਣ ਵੀ ਹੋਣਾ ਸ਼ੁਰੂ ਹੋ ਗਿਆ ਹੈ। ਪੰਜਾਬ ਵਿਚ ਜੱਟ ਬਹੁਗਿਣਤੀ ਦੇ ਲੀਡਰ, ਸਾਰੀ ਤਾਕਤ ਅਪਣੇ ਹੱਥਾਂ ਵਿਚ ਰਖਣਾ ਚਾਹੁਣਗੇ ਤੇ ਪੰਥ ਵਿਚ ਉਹ ਫੁਟ ਪੈ ਜਾਏਗੀ ਜੋ ਪਹਿਲਾਂ ਕਦੇ ਨਹੀਂ ਸੀ ਵੇਖੀ ਗਈ।’’
ਲਾਲ ਬਹਾਦਰ ਸ਼ਾਸਤਰੀ ਨੇ ਸ. ਹੁਕਮ ਸਿੰਘ ਦੇ ਇਹ ਵਿਚਾਰ ਸੁਣ ਕੇ ਹੀ ਉਨ੍ਹਾਂ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਸੀ ਕਿਉਂਕਿ ਉਨ੍ਹਾਂ ਨੂੰ ਲੱਗਾ ਸੀ ਕਿ ਹੁਣ ਸ. ਹੁਕਮ ਸਿੰਘ ਪੰਜਾਬੀ ਸੂਬਾ ਨਾ ਬਣਨ ਵਿਚ ਹੀ ਸਿੱਖਾਂ ਦਾ ਭਲਾ ਸਮਝਣ ਲੱਗ ਪਏ ਸੀ। ਜਦ ਸ਼ਾਸਤਰੀ ਜੀ ਨੇ ਸ. ਹੁਕਮ ਸਿੰਘ ਨੂੰ ਬੁਲਾ ਕੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਤਾਂ ਉਨ੍ਹਾਂ ਦਾ ਉੱਤਰ ਸੀ ਕਿ ‘‘ਮੈਂ ਜੋ ਕੁੱਝ ਤੁਹਾਨੂੰ ਕਿਹਾ ਸੀ, ਅੱਜ ਵੀ ਉਸ ’ਤੇ ਕਾਇਮ ਹਾਂ ਕਿ ਪੰਜਾਬੀ ਸੂਬਾ ਬਣਨ ਮਗਰੋਂ ਸਿੱਖਾਂ ਦੀ ਏਕਤਾ, ਨਵੀਂ ਆਉਣ ਵਾਲੀ ਲੀਡਰਸ਼ਿਪ ਨੇ ਕਾਇਮ ਨਹੀਂ ਰਹਿਣ ਦੇਣੀ ਤੇ ਜੱਟ ਸਿੱਖ ਲੀਡਰਾਂ ਨੇ ਗ਼ੈਰ-ਜੱਟ ਸਿੱਖ ਲੀਡਰਾਂ ਨੂੰ ਅਪਣੇ ਨਾਲ ਨਹੀਂ ਲੈਣਾ ਤੇ ਪੰਥਕ ਜਜ਼ਬਾ ਖ਼ਤਮ ਹੋ ਜਾਣਾ ਹੈ। ਮੈਂ ਅੱਜ ਵੀ ਇਨ੍ਹਾਂ ਵਿਚਾਰਾਂ ਤੇ ਕਾਇਮ ਹਾਂ ਪਰ ਕਮੇਟੀ ਦੇ ਪ੍ਰਧਾਨ ਵਜੋਂ ਮੇਰਾ ਕੰਮ ਇਹ ਵੇਖਣਾ ਸੀ ਕਿ ਜੇ ਸਾਰੇ ਦੇਸ਼ ਵਿਚ ਇਕ-ਭਾਸ਼ਾਈ ਸੂਬੇ ਬਣਾਏ ਜਾ ਰਹੇ ਹਨ ਤਾਂ ਪੰਜਾਬ ਨੂੰ ਇਸ ਹੱਕ ਤੋਂ ਵਾਂਝਿਆਂ ਕਿਸ ਬਿਨਾਅ ’ਤੇ ਰਖਿਆ ਜਾਵੇ? ਮੈਂ ਇਨਸਾਫ਼ ਹੀ ਕਰਨਾ ਸੀ ਤੇ ਇਨਸਾਫ਼ ਹੀ ਕੀਤਾ, ਮੇਰੇ ਨਿਜੀ ਵਿਚਾਰ ਭਾਵੇਂ ਕੁੱਝ ਵੀ ਕਿਉਂ ਨਾ ਹੋਣ।’’
ਜਦ ਪੰਜਾਬੀ ਸੂਬੇ ਬਾਰੇ ਫ਼ੈਸਲਾ ਲਾਗੂ ਕਰਨ ਦਾ ਸਮਾਂ ਆਇਆ ਤਾਂ ਦੇਸ਼ ਦੀ ਕਮਾਨ ਗੁਲਜ਼ਾਰੀ ਲਾਲ ਨੰਦਾ ਦੇ ਹੱਥ ਵਿਚ ਸੀ। ਨੰਦਾ ਜੀ ਨਿਹਾਇਤ ਈਮਾਨਦਾਰ ਪਰ ਪੰਜਾਬੀ ਸੂਬੇ ਦੇ ਕੱਟੜ ਵਿਰੋਧੀ ਸਨ - ਸ਼ਾਇਦ ਪੰਜਾਬੀ ਹੋਣ ਕਰ ਕੇ। ‘ਹਿੰਦ ਸਮਾਚਾਰ’ ਦੇ ਲਾਲਾ ਜਗਤ ਨਾਰਾਇਣ ਨੇ ਉਨ੍ਹਾਂ ਨੂੰ ਫ਼ੋਨ ਕਰ ਕੇ ਪੁਛਿਆ, ‘‘ਇਹ ਕੀ ਕਰ ਰਹੇ ਹੋ? ਹਿੰਦੂਆਂ ਨੂੰ ਸਿੱਖਾਂ ਦੇ ਅਧੀਨ ਕਰ ਰਹੇ ਹੋ?’’ ਨੰਦਾ ਜੀ ਨੇ ਉੱਤਰ ਦਿਤਾ, ‘‘ਫ਼ਿਕਰ ਨਾ ਕਰੋ, ਮੈਂ ਐਸਾ ਪੰਜਾਬੀ ਸੂਬਾ ਬਣਾ ਦਿਤਾ ਹੈ ਕਿ 10 ਸਾਲ ਮਗਰੋਂ ਸਿੱਖਾਂ ਨੇ ਆਪ ਹੀ ਕਹਿਣਾ ਸ਼ੁਰੂ ਕਰ ਦੇਣਾ ਹੈ ਕਿ ਇਸ ਨਾਲੋਂ ਤਾਂ ਪਹਿਲਾ ਪੰਜਾਬ ਹੀ ਚੰਗਾ ਸੀ, ਉਹੀ ਵਾਪਸ ਬਣਾ ਦਿਉ’’
ਨੰਦਾ ਜੀ ਜ਼ਿਕਰ ਕਰ ਰਹੇ ਸਨ ਸਾਂਝੀਆਂ ਕੜੀਆਂ ਦਾ ਜਿਨ੍ਹਾਂ ਵਿਚ ਪੰਜਾਬ, ਹਰਿਆਣਾ ਨੂੰ ਬੰਨ੍ਹ ਦਿਤਾ ਗਿਆ ਸੀ ਤੇ ਇਕ ਦੂਜੇ ਨਾਲ ਲੜਦੇ ਰਹਿਣ ਲਈ ਤਿਆਰ ਕਰ ਦਿਤਾ ਗਿਆ ਸੀ। ਪੰਜਾਬ ਦੀ ਰਾਜਧਾਨੀ, ਪੰਜਾਬ ਦੇ ਦਰਿਆ, ਪੰਜਾਬ ਦੇ ਡੈਮ, ਪੰਜਾਬ ਦੇ ਗੁਰਦਵਾਰੇ, ਪੰਜਾਬ ਦੇ ਅਫ਼ਸਰ - ਸੱਭ ਕੁੱਝ ਕੇਂਦਰ ਅਧੀਨ ਕਰ ਦਿਤੇ ਗਏ ਸਨ ਤੇ ਅਜਿਹਾ ਪ੍ਰਬੰਧ ਕਰ ਦਿਤਾ ਗਿਆ ਸੀ ਕਿ ਦੋਵੇਂ ਨਾ ਕਦੇ ਆਪਸ ਵਿਚ ਲੜਨੋਂ ਹਟਣ, ਨਾ ਕੋਈ ਮਸਲਾ ਹੱਲ ਹੋਵੇ, ਦੋਵੇਂ ਸੂਬੇ ਘਾਟੇ ਵਿਚ ਚਲੇ ਜਾਣ ਤੇ ਅਖ਼ੀਰ ਤੰਗ ਹੋ ਕੇ ਮੰਗ ਕਰਨ ਲੱਗ ਜਾਣ ਕਿ ‘‘ਸਾਨੂੰ ਪਹਿਲਾਂ ਵਾਲੀ ਹਾਲਤ ਵਿਚ ਹੀ ਲੈ ਜਾਉ, ਅਸੀ ਉਦੋਂ ਜ਼ਿਆਦਾ ਸੁਖੀ ਸੀ।’’ ਹਰਿਆਣਵੀ ਲੀਡਰਾਂ ਵਿਚੋਂ ਇਕ ਹੀ ਲੀਡਰ ਸੀ ਚੌਧਰੀ ਦੇਵੀ ਲਾਲ ਜਿਸ ਨੂੰ ਸਾਰੀ ਸ਼ਰਾਰਤ ਦੀ ਸਮਝ ਸੀ ਤੇ ਉਹ ਅਪਣੇ ਸਮਰਥਕਾਂ ਨੂੰ ਵੀ ਕਹਿੰਦੇ ਰਹਿੰਦੇ ਸੀ ਕਿ ਸਿੱਖਾਂ ਨੂੰ ਪਾਕਿਸਤਾਨ ਵਲ ਨਾ ਧੱਕੋ, ਉਨ੍ਹਾਂ ਨੇ ਦੇਸ਼ ਨੂੰ ਹਮੇਸ਼ਾ ਬਚਾਇਆ ਹੈ, ਉਨ੍ਹਾਂ ਲਈ ਸਾਹ ਲੈਣ ਜੋਗੀ ਥਾਂ ਤਾਂ ਛੱਡ ਦਿਉ ਕਿਉਂਕਿ ਹਰਿਆਣੇ ਨੂੰ ਦਿੱਲੀ ਤੇ ਯੂ.ਪੀ. ਕੋਲੋਂ ਬਹੁਤ ਕੁੱਝ ਮਿਲ ਸਕਦਾ ਹੈ, ਪੰਜਾਬ ਨਾਲ ਲੜ ਕੇ ਪੰਜਾਬ ਦਾ ਨੁਕਸਾਨ ਤਾਂ ਕਰ ਸਕਦੇ ਹਾਂ, ਮਿਲਣਾ ਸਾਨੂੰ ਕੁੱਝ ਵੀ ਨਹੀਂ।’’ ਜੋਗਿੰਦਰ ਸਿੰਘ
ਅਗਲੇ ਹਫ਼ਤੇ ਚੌਧਰੀ ਦੇਵੀ ਲਾਲ ਦੀ ਪੂਰੀ ਵਾਰਤਾ
ਪੇਸ਼ ਕਰਾਂਗਾ (ਚਲਦਾ)