ਛੋਟਾ ਜਿਹਾ ਸਿੱਖ ਪੰਥ,ਸਾਰੇ ਝਗੜੇ ਖ਼ਤਮ ਕਰ ਕੇ,ਘੱਟੋ ਘੱਟ ਧਰਮ ਦੇ ਖੇਤਰ ਵਿਚ ਤਫ਼ਰਕੇ ਨਹੀਂ ਮਿਟਾ ਸਕਦਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਮੈਂ ਬਚਪਨ ਤੋਂ ਵੇਖਦਾ ਆ ਰਿਹਾ ਹਾਂ, ਕੋਈ ਵੀ ਧਰਮ ਅਜਿਹਾ ਨਹੀਂ ਜਿਸ ਨੂੰ ਮੰਨਣ ਵਾਲੇ, ਦੂਜੇ ਧਰਮ ਦੇ ਲੋਕਾਂ ਨੂੰ ਅਪਣੇ ਤੋਂ ਘੱਟ ਸਿਆਣੇ ਤੇ ਅਧਰਮੀ ਨਾ ਸਮਝਦੇ ਹੋਣ...

Harnam Singh

ਮੈਂ ਬਚਪਨ ਤੋਂ ਵੇਖਦਾ ਆ ਰਿਹਾ ਹਾਂ, ਕੋਈ ਵੀ ਧਰਮ ਅਜਿਹਾ ਨਹੀਂ ਜਿਸ ਨੂੰ ਮੰਨਣ ਵਾਲੇ, ਦੂਜੇ ਧਰਮ ਦੇ ਲੋਕਾਂ ਨੂੰ ਅਪਣੇ ਤੋਂ ਘੱਟ ਸਿਆਣੇ ਤੇ ਅਧਰਮੀ ਨਾ ਸਮਝਦੇ ਹੋਣ। 1947 ਦੀ ਦੇਸ਼-ਵੰਡ ਵੇਲੇ ਮੈਂ ਆਪ ਦਿੱਲੀ ਰੇਲਵੇ ਸਟੇਸ਼ਨ ਤੇ 'ਹਿੰਦੂ ਪਾਣੀ' ਦੇ ਵਖਰੇ ਸਟਾਲ ਤੇ 'ਮੁਸਲਿਮ ਪਾਣੀ' ਦੇ ਵਖਰੇ ਸਟਾਲ ਵੇਖੇ। ਪਾਣੀ ਦੇ ਪਿਆਸੇ ਹਿੰਦੂ, ਹਿੰਦੂ ਸਟਾਲ ਵਲ ਦੌੜਦੇ ਸਨ ਤੇ ਪਿਆਸੇ ਮੁਸਲਮਾਨ, ਮੁਸਲਿਮ ਸਟਾਲਾਂ ਵਲ। ਪਾਣੀ ਆਉਂਦਾ ਤਾਂ ਇਕੋ ਥਾਂ ਤੋਂ ਹੀ ਸੀ ਪਰ ਹਿੰਦੂ ਸਟਾਲ ਉਤੇ ਰਖਿਆ ਪਾਣੀ, ਮੁਸਲਮਾਨ ਲਈ ਹਰਾਮ ਹੁੰਦਾ ਸੀ ਤੇ ਮੁਸਲਿਮ ਸਟਾਲ ਉਤੇ ਰਖਿਆ ਪਾਣੀ, ਹਿੰਦੂ ਲਈ ਵਰਜਿਤ ਹੁੰਦਾ ਸੀ।

ਇਸੇ ਤਰ੍ਹਾਂ ਫੇਰੀ ਵਾਲੇ 'ਹਿੰਦੂ ਰੋਟੀ ਬਈ' 'ਮੁਸਲਿਮ ਰੋਟੀ ਬਈ' ਦੇ ਹੋਕੇ ਲਾਉਂਦੇ, ਪਲੇਟਫ਼ਾਰਮ ਤੇ ਘੁੰਮਦੇ ਫਿਰਦੇ ਸਨ। ਦੋਹਾਂ ਰੋਟੀਆਂ ਵਿਚ ਫ਼ਰਕ ਕੋਈ ਨਹੀਂ ਸੀ ਹੁੰਦਾ¸ਤਵੇ ਦੀਆਂ ਰੋਟੀਆਂ ਤੇ ਆਲੂ ਛੋਲੇ ਜਾਂ ਸਾਦੇ ਚਾਵਲ ਤੇ ਪਿਆਜ਼। ਫਿਰ ਇਸ ਰੋਟੀ ਵਿਚ 'ਹਿੰਦੂ' ਕੀ ਸੀ ਤੇ 'ਮੁਸਲਿਮ' ਕੀ ਸੀ? ਬਸ ਮੰਨ ਲਉ ਕਿ ਧਰਮ ਦੇ ਕੱਟੜਪੰਥੀਆਂ ਨਾਲ ਦਲੀਲਬਾਜ਼ੀ ਨਹੀਂ ਕੀਤੀ ਜਾ ਸਕਦੀ।

ਮੇਰੇ ਮਾਪਿਆਂ ਨੇ ਇਕ ਵਾਰ 'ਮੁਸਲਿਮ ਰੋਟੀ' ਦਾ ਹੋਕਾ ਦੇਣ ਵਾਲੇ ਭਾਈ ਕੋਲੋਂ ਰੋਟੀ ਲੈ ਲਈ ਤਾਂ ਸਾਰੇ ਹਿੰਦੂ ਯਾਤਰੀ ਉਨ੍ਹਾਂ ਨੂੰ ਬੁਰਾ-ਭਲਾ ਕਹਿਣ ਲੱਗ ਪਏ। ਹੁਣ ਇਕੋ ਫੇਰੀ ਜਾਂ ਰੇੜ੍ਹੀ ਵਾਲੇ ਕੋਲੋਂ ਹਿੰਦੂ ਵੀ ਤੇ ਮੁਸਲਮਾਨ ਵੀ ਉਹੀ ਰੋਟੀ ਦਿੱਲੀ ਸਟੇਸ਼ਨ ਤੇ ਲੈਂਦੇ ਹਨ ਪਰ ਕੋਈ ਨਹੀਂ ਪੁਛਦਾ ਕਿ ਇਹ ਹਿੰਦੂ ਰੋਟੀ ਹੈ ਜਾਂ ਮੁਸਲਮਾਨ ਰੋਟੀ?

ਇਸੇ ਤਰ੍ਹਾਂ ਬਚਪਨ ਤੋਂ ਮੈਂ ਉੱਚ ਜਾਤੀ ਹਿੰਦੂਆਂ ਨੂੰ 'ਛੋਟੀ ਜਾਤੀ' ਵਾਲੇ ਹਿੰਦੂਆਂ ਨੂੰ 'ਅਛੂਤ' ਕਹਿੰਦੇ ਵੇਖਿਆ ਸੀ ਤੇ ਉਨ੍ਹਾਂ ਨਾਲ ਬਜ਼ਾਰ ਵਿਚ ਛੂਹ ਜਾਣ ਤੇ ਵੀ ਅਪਣੇ ਆਪ ਨੂੰ 'ਭਿਟ ਗਿਆ' ਕਹਿ ਕੇ ਇਸ਼ਨਾਨ ਕੀਤਾ ਜਾਂਦਾ ਸੀ ਤੇ ਕਪੜੇ ਬਦਲ ਲਏ ਜਾਂਦੇ ਸਨ। ਇਹ ਸੱਭ ਮੈਂ ਬੜੀ ਦੇਰ ਤਕ 'ਧਰਮ' ਦੇ ਨਾਂ ਤੇ ਹੁੰਦਾ ਵੇਖਦਾ ਰਿਹਾ ਹਾਂ। ਹੁਣ ਵੀ ਕਈ ਦੂਜੇ ਰਾਜਾਂ ਵਿਚ ਇਸ ਤਰ੍ਹਾਂ ਹੀ ਹੁੰਦਾ ਹੈ ਭਾਵੇਂ ਪੰਜਾਬ, ਹਰਿਆਣਾ ਤੇ ਦਿੱਲੀ ਦੀ 'ਹਿੰਦੂ ਰੋਟੀ¸ਮੁਸਲਿਮ ਰੋਟੀ' ਵਾਂਗ ਹੀ ਇਹ ਛੂਆ-ਛੂਤ ਵੀ ਸਾਹਮਣੇ ਆਉਣੋਂ ਹੱਟ ਗਿਆ ਹੈ।

ਕੁੱਝ ਇਸ ਤਰ੍ਹਾਂ ਦੀ ਵੰਡ ਹੀ ਮੈਂ ਧਰਮ ਦੇ ਨਾਂ ਤੇ ਸਿੱਖਾਂ ਅੰਦਰ ਵੀ ਵੇਖਦਾ ਆ ਰਿਹਾ ਹਾਂ। ਇਸ ਸਿੰਘ ਨੇ ਫ਼ਲਾਣੇ ਥਾਂ ਤੋਂ ਅੰਮ੍ਰਿਤ ਨਹੀਂ ਛਕਿਆ, ਇਸ ਲਈ ਇਸ ਨਾਲ ਰਲ ਬੈਠ ਕੇ ਭੋਜਨ ਨਹੀਂ ਛਕਣਾ, ਫਲਾਣਾ ਸਿੱਖ ਬੇ-ਅੰਮ੍ਰਿਤੀਆ ਹੈ, ਇਸ ਲਈ ਘਟੀਆ ਹੈ ਤੇ ਇਸ ਨੂੰ ਅਪਣੇ ਨਾਲ ਨਹੀਂ ਲੈਣਾ। ਫ਼ਲਾਣੇ ਸਿੰਘ ਅਖੰਡ ਕੀਰਤਨੀ ਜੱਥੇ ਦੇ ਮੈਂਬਰ ਹਨ, ਉਨ੍ਹਾਂ ਤੁਹਾਡੇ ਘਰ ਪ੍ਰਸ਼ਾਦ ਨਹੀਂ ਛਕਣਾ ਕਿਉਂਕਿ ਤੁਸੀ ਚੀਨੀ ਦੀਆਂ ਪਲੇਟਾਂ ਵਿਚ ਭੋਜਨ ਛਕਦੇ ਹੋ ਤੇ ਕੱਚ ਦੇ ਗਲਾਸਾਂ ਵਿਚ ਪਾਣੀ ਪੀਂਦੇ ਪਿਆਉਂਦੇ ਹੋ ਜਦਕਿ ਅਖੰਡ ਕੀਰਤਨੀ ਜੱਥੇ ਵਾਲੇ ਕੇਵਲ ਸਰਬ-ਲੋਹ ਦੇ ਭਾਂਡਿਆਂ ਵਿਚ ਹੀ ਭੋਜਨ ਛਕਦੇ ਹਨ।

ਹੁਣ ਸੱਚੀ ਗੱਲ ਇਹ ਹੈ ਕਿ ਸਿੱਖ ਧਰਮ, ਮੇਰੀ ਤੁਛ ਬੁਧੀ ਅਨੁਸਾਰ, ਇਨ੍ਹਾਂ ਤਫ਼ਰਕਿਆਂ ਜਾਂ ਮਤਭੇਦਾਂ ਤੋਂ ਉਪਰ ਉਠ ਚੁੱਕੇ ਲੋਕਾਂ ਦਾ ਧਰਮ ਹੈ। ਪਰ ਚਲੋ ਜੇ ਕੋਈ 90-95% ਸਿੱਖਾਂ ਤੋਂ ਵਖਰੀ ਕਿਸੇ 'ਮਰਿਆਦਾ' ਨੂੰ ਮੰਨਣਾ ਠੀਕ ਸਮਝਦਾ ਹੈ ਤਾਂ ਮੰਨੀ ਜਾਵੇ। ਉਦੋਂ ਤਕ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਜਦ ਤਕ ਇਹ ਵਖਰੀ ਮਰਿਆਦਾ ਸਮਾਜ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ।

ਠੀਕ ਇਸੇ ਤਰ੍ਹਾਂ ਦੀ ਗੱਲ ਹੈ, ਵਿਚਾਰਧਾਰਕ ਤਫ਼ਰਕਿਆਂ ਦੀ। ਸਿੱਖ ਧਰਮ ਦੇ ਮੁਢਲੇ ਦਿਨਾਂ ਵਲ ਝਾਤ ਮਾਰੋ ਤਾਂ ਸਿੱਖ ਅਜੇ ਸਿਧਾਂਤਕ ਮਤਭੇਦ ਸੁਲਝਾ ਲੈਣ ਦੇ ਦੌਰ ਵਿਚ ਦਾਖ਼ਲ ਹੀ ਨਹੀਂ ਹੋਏ। ਉਹ ਲੜਦੇ ਮਾਰਦੇ, ਸ਼ਹੀਦੀਆਂ ਪਾਉਣ ਵਿਚ ਹੀ ਰੁੱਝੇ ਰਹੇ। ਸਿਧਾਂਤਕ ਸਪੱਸ਼ਟਤਾ ਦਾ ਕੰਮ ਜਿਸ ਜਿਸ ਨੇ ਵੀ ਛੋਹਿਆ, ਅਪਣੀ ਨਿਜੀ ਸੋਚ ਅਨੁਸਾਰ ਛੋਹਿਆ ਤੇ ਦਾਅਵਾ ਇਹ ਕਰ ਦਿਤਾ ਕਿ ਉਸ ਨੇ ਜੋ ਲਿਖਿਆ ਹੈ, ਸਿਰਫ਼ ਤੇ ਸਿਰਫ਼ ਉਹੀ ਠੀਕ ਹੈ ਤੇ ਦੂਜਿਆਂ ਵਲੋਂ ਪ੍ਰਚਾਰਿਆ ਜਾ ਰਿਹਾ ਸੱਭ ਕੁੱਝ ਗ਼ਲਤ ਅਤੇ ਝੂਠ ਹੈ।

ਇਹ ਕੱਟੜ ਪਹੁੰਚ ਬਾਬੇ ਨਾਨਕ ਦੇ ਮਿਥੇ ਹੋਏ ਅਸੂਲ 'ਰੋਸ ਨ ਕੀਜੈ ਉਤਰ ਦੀਜੈ' ਨੂੰ ਵੀ ਕੁੱਝ ਨਹੀਂ ਸਮਝਦੀ। ਇਥੋਂ ਹੀ ਸਾਰੇ ਝਗੜੇ ਸ਼ੁਰੂ ਹੋਏ।ਅੱਜ ਇਕ ਨਹੀਂ, ਦਰਜਨਾਂ ਧੜੇ ਵਖਰੀ ਵਖਰੀ ਮਰਿਆਦਾ ਨੂੰ ਲੈ ਕੇ ਵਖਰਾ ਚੁਲ੍ਹਾ ਬਾਲੀ ਬੈਠੇ ਹਨ। ਵੱਖ ਵੱਖ ਧੜੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਪੁਸਤਕਾਂ ਨੂੰ 'ਮਹਾਨ ਗ੍ਰੰਥ' ਕਹਿ ਕੇ ਉਨ੍ਹਾਂ ਦੇ ਉਪਾਸ਼ਕ ਬਣੇ ਹੋਏ ਹਨ। ਵੱਖ ਵੱਖ ਧੜੇ ਗੁਰਬਾਣੀ ਦੇ ਵੱਖ ਵੱਖ ਅਰਥ ਕਰ ਕੇ (ਸੰਪਰਦਾਈ, ਵਿਆਕਰਣਕ, ਬ੍ਰਾਹਮਣਵਾਦੀ ਤੇ ਬਿਬੇਕੀ) ਵਖਰੇ ਵਖਰੇ ਹੋ ਬੈਠੇ ਹਨ।

ਫ਼ਿਕਰ ਦੀ ਕੋਈ ਗੱਲ ਨਹੀਂ, ਜਿਵੇਂ ਅਸੀ ਉਪਰ ਵੇਖਿਆ ਹੈ, ਸਿੱਖੀ ਅਜੇ ਉਸ ਦੌਰ ਵਿਚ ਦਾਖ਼ਲ ਹੀ ਨਹੀਂ ਹੋਈ ਜਿਥੇ 'ਮਤਭੇਦਾਂ' ਦਾ ਮੰਥਨ ਕਰਨ ਮਗਰੋਂ ਭੇਦ ਖ਼ਤਮ ਕਰ ਕੇ ਸਿਰਫ਼ 'ਮਤ' ਹੀ ਪਿੱਛੇ ਰਹਿ ਜਾਂਦਾ ਹੈ, ਭੇਦ ਉਡ ਜਾਂਦਾ ਹੈ। ਸੱਚ ਇਹੀ ਹੈ ਕਿ ਸਾਰਿਆਂ ਹੀ ਧੜਿਆਂ ਦੇ ਵਿਚਾਰ, ਦੂਜੇ ਸਾਰੇ ਧੜਿਆਂ ਨੂੰ ਬੁਰੇ ਲਗਦੇ ਹਨ ਤੇ ਚੁਭਦੇ ਹਨ ਪਰ ਉਹ ਯਕੀਨ ਕਰਦੇ ਹਨ ਕਿ ਜ਼ੋਰਦਾਰ ਪ੍ਰਚਾਰ ਦਾ ਅਸਰ ਕਬੂਲ ਕਰ ਕੇ, ਅੰਤ 'ਗ਼ਲਤ ਵਿਚਾਰਾਂ' ਵਾਲਾ ਧੜਾ ਵੀ ਅਪਣਾ ਹੱਠ ਛੱਡ ਦੇਵੇਗਾ ਪਰ ਇਕ ਦੋ ਗਰਮ ਧੜੇ ਕਹਿੰਦੇ ਹਨ, ''ਨਹੀਂ, ਅਸੀ ਗ਼ਲਤ ਗੱਲ ਨਾ ਸੁਣਨੀ ਹੈ, ਨਾ ਕਹਿਣ ਹੀ ਦੇਣੀ ਹੈ।

ਅਸੀ ਪ੍ਰਚਾਰ ਅਤੇ ਦਲੀਲ ਨਾਲ ਨਹੀਂ, ਬੰਦੂਕ ਅਤੇ ਤਲਵਾਰ ਨਾਲ ਵੀ ਇਸ ਗ਼ਲਤ ਪ੍ਰਚਾਰ ਨੂੰ ਰੋਕ ਕੇ ਰਹਿਣਾ ਹੈ।'' ਇਸ ਤਰ੍ਹਾਂ ਤਲਖ਼ੀ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ ਤੇ ਕਈ ਹਿੰਸਕ ਵਾਰਦਾਤਾਂ ਵੀ ਹੋ ਜਾਂਦੀਆਂ ਹਨ। ਅਕਾਲ ਤਖ਼ਤ (ਜਿਵੇਂ ਦਾ ਵੀ ਅੱਜ ਹੈ) ਦੀ ਦੁਰਵਰਤੋਂ ਵੀ ਆਮ ਕੀਤੀ ਜਾਣ ਲਗਦੀ ਹੈ। ਆਪਸੀ ਕੁੜੱਤਣ, ਨਫ਼ਰਤ ਵਿਚ ਬਦਲਣ ਲਗਦੀ ਹੈ। ਜਿੱਤੇ ਹਾਰੇ ਕੋਈ ਵੀ, ਧਰਮ ਦੀ ਹਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹੀ ਕੁੱਝ ਅੱਜ ਵੀ ਹੋ ਰਿਹਾ ਹੈ। ਕੀ ਇਸ ਸਥਿਤੀ 'ਚੋਂ ਬਾਹਰ ਨਿਕਲਣ ਦਾ ਵੀ ਕੋਈ ਰਾਹ ਹੈ?

ਮੇਰੇ ਵਿਚਾਰ ਵਿਚ ਅਕਾਲ ਤਖ਼ਤ ਦਾ ਮੁਖ ਸੇਵਾਦਾਰ ਜਾਂ 'ਜਥੇਦਾਰ' (ਜੋ ਵੀ ਇਸ ਵੇਲੇ ਹੈ) ਸ਼੍ਰੋਮਣੀ ਗੁ. ਪ੍ਰ. ਕਮੇਟੀ ਦਾ ਪ੍ਰਧਾਨ, ਦਮਦਮੀ ਟਕਸਾਲ ਦਾ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਤੇ ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਧਾਨ ਅਕਾਲ ਤਖ਼ਤ ਤੋਂ ਇਕ ਸਾਂਝਾ ਐਲਾਨ ਕਰ ਦੇਣ ਕਿ ''ਸਿੱਖ ਵਿਚਾਰਧਾਰਾ, ਇਤਿਹਾਸ ਅਤੇ ਗੁਰਬਾਣੀ ਸਬੰਧੀ ਵੱਖ ਵੱਖ ਵਿਚਾਰਾਂ ਨੂੰ ਲੋਕਾਂ ਤਕ ਲਿਜਾਣ ਦਾ ਹੱਕ ਹਰ ਕਿਸੇ ਨੂੰ ਪ੍ਰਾਪਤ ਹੈ ਤੇ ਕਿਸੇ ਨੂੰ ਵੀ ਵਿਚਾਰਾਂ ਦੇ ਵਖਰੇਵੇਂ ਕਾਰਨ, ਕਿਸੇ ਦੂਜੇ ਸਿੱਖ ਧੜੇ ਨੂੰ ਅਪਣੇ ਵਿਚਾਰ ਰੱਖਣ ਤੋਂ ਰੋਕਣ ਜਾਂ ਵਰਜਣ ਅਤੇ ਧਮਕੀਆਂ ਦੇਣ ਦਾ ਕੋਈ ਹੱਕ ਨਹੀਂ।

ਜੇ ਕਿਤੇ ਸਿੱਖ ਧਰਮ ਦਾ ਜਾਣਬੁੱਝ ਕੇ ਅਪਮਾਨ ਕਰਨ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਵਿਦਵਾਨਾਂ ਅਤੇ ਕਾਨੂੰਨਦਾਨਾਂ ਨਾਲ ਸਲਾਹ ਕਰ ਕੇ, ਕਾਰਵਾਈ ਕਰਨ ਲਈ ਕੇਵਲ ਸ਼੍ਰੋਮਣੀ ਕਮੇਟੀ ਨੂੰ ਹੀ ਕਿਹਾ ਜਾ ਸਕਦਾ ਹੈ। ਜਬਰੀ ਤੌਰ ਤੇ ਵਿਰੋਧੀ ਧਿਰ ਦੇ ਵਿਚਾਰਾਂ ਨੂੰ ਰੋਕਣ ਵਾਲੇ ਨੂੰ ਪੰਥ ਵਿਚੋਂ ਛੇਕਿਆ ਵੀ ਜਾ ਸਕੇਗਾ ਕਿਉਂਕਿ ਵਿਚਾਰਾਂ ਦੀ ਆਜ਼ਾਦੀ, ਖ਼ਾਸ ਤੌਰ ਤੇ ਪ੍ਰਚਲਤ ਧਾਰਮਕ ਮਾਨਤਾਵਾਂ ਵਿਰੁਧ ਖੁਲ੍ਹ ਕੇ ਆਵਾਜ਼ ਉਠਾਉਣ ਦੀ ਆਜ਼ਾਦੀ ਦਾ ਸੱਭ ਤੋਂ ਵੱਧ ਪ੍ਰਯੋਗ ਬਾਬਾ ਨਾਨਕ ਨੇ ਕੀਤਾ ਸੀ ਤੇ ਵੱਖ ਵੱਖ ਧਰਮਾਂ ਦੇ ਕੇਂਦਰਾਂ ਵਿਚ ਜਾ ਕੇ ਸੱਚ ਆਖ ਸੁਣਾਇਆ ਸੀ।

ਬਾਬੇ ਨਾਨਕ ਦੀ ਵਿਰੋਧਤਾ ਹੋਈ, ਚਰਚਾ ਹੋਈ ਪਰ ਕਿਸੇ ਨੇ ਉਨ੍ਹਾਂ ਨੂੰ ਜਬਰੀ ਰੋਕਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਅੱਜ ਬਾਬੇ ਨਾਨਕ ਦੇ ਸਿੱਖ ਆਪਸ ਵਿਚ ਹੀ ਇਕ ਦੂਜੇ ਨੂੰ ਵਖਰੀ ਗੱਲ ਕਹਿਣ ਤੋਂ ਰੋਕਣ ਲਈ ਹਿੰਸਾ ਅਤੇ ਹਿੰਸਕ ਭਾਸ਼ਾ ਦਾ ਸਹਾਰਾ ਲੈਂਦੇ ਹਨ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਦੇ ਉਲਟ ਜਾਣ ਵਾਲੀ ਗੱਲ ਹੋਵੇਗੀ। ਹਾਂ, ਵਿਚਾਰਧਾਰਾ, ਇਤਿਹਾਸ ਅਤੇ ਗੁਰਬਾਣੀ ਦੀ ਪ੍ਰਮਾਣੀਕ ਵਿਆਖਿਆ ਤਿਆਰ ਕਰਨ ਲਈ ਅਗਲੇ 10 ਸਾਲਾਂ ਵਿਚ ਸਾਂਝੇ ਤੌਰ ਤੇ ਉਚੇਚੇ ਯਤਨ ਕੀਤੇ ਜਾਣਗੇ।

ਉਦੋਂ ਤਕ ਸੱਭ ਨੂੰ ਵਿਰੋਧੀ ਵਿਚਾਰਾਂ ਦਾ ਦਲੀਲ-ਯੁਕਤ ਉੱਤਰ ਦੇਣ ਦੀ ਖੁਲ੍ਹ ਹੋਵੇਗੀ ਪਰ ਗੁਰ-ਨਿੰਦਾ ਦੀ ਰੀਪੋਰਟ ਕੇਵਲ ਸ਼੍ਰੋਮਣੀ ਕਮੇਟੀ ਨੂੰ ਭੇਜ ਕੇ ਕਾਰਵਾਈ ਲਈ ਕਹਿਣ ਤਕ ਸੀਮਤ ਰਹਿਣਾ ਪਵੇਗਾ।''ਮੇਰਾ ਖ਼ਿਆਲ ਹੈ, ਇਨ੍ਹਾਂ ਚਾਰ ਨੇਤਾਵਾਂ ਦਾ ਏਨਾ ਕੁ ਬਿਆਨ ਹੀ ਤਫ਼ਰਕੇ ਤੇ ਮਤਭੇਦ ਬਰਦਾਸ਼ਤ ਕਰਨ ਅਤੇ ਪੱਕਾ ਹੱਲ ਲੱਭਣ ਦਾ ਰਾਹ ਖੋਲ੍ਹ ਸਕਦਾ ਹੈ। ਇਸ ਸਬੰਧ ਵਿਚ, ਪਿਛਲੇ ਦਿਨੀਂ ਅੰਮ੍ਰਿਤਸਰ ਦੇ ਸਾਡੇ ਪੱਤਰਕਾਰ ਨੇ ਮੇਰੀ ਗੱਲਬਾਤ ਪ੍ਰਧਾਨ ਸ਼੍ਰੋਮਣੀ ਕਮੇਟੀ ਸ. ਗੋਬਿੰਦ ਸਿੰਘ ਲੌਂਗੋਵਾਲ ਨਾਲ ਟੈਲੀਫ਼ੋਨ ਤੇ ਕਰਵਾਈ।

ਲੌਂਗੋਵਾਲ ਜੀ ਵਾਰ ਵਾਰ ਇਹੀ ਕਹਿ ਰਹੇ ਸਨ ਕਿ ਉਨ੍ਹਾਂ ਦਾ ਹਰ ਯਤਨ ਇਕੋ ਗੱਲ ਤੇ ਕੇਂਦਰਿਤ ਹੋਵੇਗਾ ਕਿ ਸਾਰੇ ਪੰਥ ਵਿਚ ਏਕਤਾ ਹੋ ਜਾਵੇ ਤੇ ਆਪਸੀ ਲੜਾਈ ਝਗੜੇ ਅਤੇ ਬੇ-ਵਿਸ਼ਵਾਸੀ ਦਾ ਮਾਹੌਲ ਪੂਰੀ ਤਰ੍ਹਾਂ ਬੰਦ ਹੋ ਜਾਵੇ। ਮੈਂ ਉਨ੍ਹਾਂ ਨੂੰ ਜਵਾਬ ਵਿਚ ਇਹੀ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਵਿਚਾਰਾਂ ਦੇ ਪ੍ਰਗਟਾਵੇ ਵਿਚ ਪੂਰੀ ਖੁਲ੍ਹ ਦੇਣੀ ਜ਼ਰੂਰੀ ਹੈ।

ਮੈਂ ਕਿਹਾ, ਖੁਲ੍ਹੀ ਚਰਚਾ ਸੁਣ ਕੇ ਹੀ ਪਤਾ ਲੱਗ ਸਕੇਗਾ ਕਿ ਠੀਕ ਕੀ ਹੈ ਤੇ ਗ਼ਲਤ ਕੀ। ਸਿੰਘ ਸਭਾ ਲਹਿਰ ਵਾਲੇ ਜਿਹੜੀਆਂ ਗੱਲਾਂ ਨੂੰ ਠੀਕ ਕਹਿੰਦੇ ਸਨ, ਉਨ੍ਹਾਂ ਨੂੰ ਵਕਤ ਦੇ ਪੁਜਾਰੀ ਗੁਰੂ-ਨਿੰਦਾ ਕਹਿੰਦੇ ਸਨ। ਵੱਡੀ ਚਰਚਾ ਮਗਰੋਂ ਅੱਜ ਸਿੰਘ ਸਭੀਆਂ ਦੀਆਂ ਗੱਲਾਂ ਠੀਕ ਮੰਨੀਆਂ ਜਾਂਦੀਆਂ ਹਨ ਤੇ ਉਸ ਵੇਲੇ ਦੇ ਪੱਤ-ਲਾਹੂ ਟੋਲੇ ਦੀਆਂ ਗ਼ਲਤ। ਭਵਿਖ ਵਿਚ ਵੀ ਇਸੇ ਤਰ੍ਹਾਂ ਹੋ ਸਕਦਾ ਹੈ।

ਇਸੇ ਤਰ੍ਹਾਂ ਅਕਾਲ ਤਖ਼ਤ ਨੂੰ ਵੀ ਥਾਣਾ ਬਣਾਉਣਾ ਬੰਦ ਕਰਨਾ ਪਵੇਗਾ ਤੇ ਜਿਹੜੇ ਗ਼ਲਤ ਹੁਕਮਨਾਮੇ ਬੀਤੇ ਵਿਚ 'ਜਥੇਦਾਰਾਂ' ਨੇ ਬਾਹਰੀ ਦਬਾਅ ਹੇਠ ਜਾਰੀ ਕੀਤੇ ਸਨ (ਕੌਮ ਦੇ ਵੱਡੇ ਭਾਗ ਨੇ ਨਹੀਂ ਸਨ ਮੰਨੇ) ਉਹ ਵਾਪਸ ਲੈਣੇ ਪੈਣਗੇ। ਹੁਣ ਤਾਂ ਹਾਲਤ ਇਹ ਹੈ ਕਿ 'ਜਥੇਦਾਰ' ਆਪ ਮੰਨਦਾ ਹੈ ਕਿ ''ਮੈਂ ਬਤੌਰ ਜਥੇਦਾਰ ਅਕਾਲ ਤਖ਼ਤ ਐਲਾਨ ਕਰਦਾ ਹਾਂ ਕਿ ਤੁਸੀ ਭੁੱਲ ਕੋਈ ਨਹੀਂ ਸੀ ਕੀਤੀ ਤੇ ਗਿ. ਜੋਗਿੰਦਰ ਸਿੰਘ ਵੇਦਾਂਤੀ ਨੇ ਤੁਹਾਡੇ ਕੋਲੋਂ ਕਾਲਾ ਅਫ਼ਗਾਨਾ ਦਾ ਬਦਲਾ ਲੈਣ ਲਈ ਗ਼ਲਤ ਹੁਕਮਨਾਮਾ ਜਾਰੀ ਕੀਤਾ ਸੀ।''

ਪਰ ਫਿਰ ਵੀ ਉਹ ਕਹਿੰਦੇ ਹਨ, ਮਰਿਆਦਾ ਅਨੁਸਾਰ ਭੁੱਲ ਨਾ ਕਰਨ ਵਾਲੇ ਨੂੰ ਹੀ ਮਾਫ਼ੀ ਮੰਗਣੀ ਪਵੇਗੀ ਤੇ ਭੁੱਲ ਕਰਨ ਵਾਲੇ ਕਿਉਂਕਿ 'ਜਥੇਦਾਰ' ਹਨ, ਉਨ੍ਹਾਂ ਨੂੰ ਕੁੱਝ ਨਹੀਂ ਕਿਹਾ ਜਾ ਸਕਦਾ। ਇਹੋ ਜਹੀ ਗ਼ਲਤ 'ਮਰਿਆਦਾ' ਜੇ ਹੈ ਵੀ ਤਾਂ ਸਿੱਖ ਧਰਮ ਬਾਰੇ ਵੀ ਬਹੁਤ ਮਾੜਾ ਪ੍ਰਭਾਵ ਕਾਇਮ ਕਰਦੀ ਹੈ ਤੇ ਸੱਚੀ ਪੰਥਕ ਏਕਤਾ ਵੀ ਕਦੇ ਨਹੀਂ ਹੋਣ ਦੇਵੇਗੀ। ਉਪਰ ਵਰਣਤ ਚਾਰੇ ਸੱਜਣਾਂ ਨੂੰ ਪੰਥਕ ਏਕਤਾ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਬਾਰੇ ਪੂਰੀ ਤਰ੍ਹਾਂ ਸੁਚੇਤ ਹੋਣਾ ਪਵੇਗਾ।