ਚਲੋ ਖ਼ਤਮ ਕਰੀਏ ‘ਪੰਜਾਬੀ ਅਕਾਲੀ ਦਲ’ ਦੇ ਗਿਲੇ ਸ਼ਿਕਵੇ!
ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ
ਇਕ ਗੱਲ ਉਹ ਤੇ ਉਨ੍ਹਾਂ ਦੇ ‘ਜਥੇਦਾਰ’ ਮੇਰੀ ਮੰਨ ਲੈਣ, ਬਾਕੀ ਸਾਰੀਆਂ ਮੈਂ ਉਨ੍ਹਾਂ ਦੀਆਂ ਮੰਨ ਲਵਾਂਗਾ
ਮੈਨੂੰ ਨਹੀਂ ਸੀ ਪਤਾ ਕਿ ਪਿਛਲੇ ਐਤਵਾਰ ਵਾਲੀ ਮੇਰੀ ‘ਡਾਇਰੀ’ ਦੇ ਪੰਨੇ ‘ਪੰਜਾਬੀ ਅਕਾਲੀ ਦਲ’ ਵਾਲਿਆਂ ਨੂੰ ਏਨਾ ਗਰਮ ਕਰ ਦੇਣਗੇ ਕਿ ਮਿੰਟਾਂ ਸਕਿੰਟਾਂ ਵਿਚ ਉਹ ਅਪਣੇ ਇਕ ‘ਅਣਜਾਣ ਲੀਡਰ’ ਨੂੰ ਹੁਕਮ ਕਰ ਦੇਣਗੇ ਕਿ 18 ਸਾਲ ਪਹਿਲਾਂ ਵੇਦਾਂਤੀ ਵਲੋਂ ਜਾਰੀ ‘ਹੁਕਮਨਾਮੇ’ ਨੂੰ ਫਿਰ ਤੋਂ ਸਮਰਪਿਤ ਹੋਣ ਦੀ ਅਪੀਲ ਸਿੱਖਾਂ ਨੂੰ ਜਾਰੀ ਕਰ ਦੇਵੇ ਤੇ ਆਪ ‘ਜਥੇਦਾਰ’ ਕੋਲ ਜਾ ਕੇ ਮਾਫ਼ੀ ਮੰਗ ਲਵੇ। ਮੈਂ ਕਿਸੇ ‘ਲੀਡਰ’ ਅਖਵਾਉਂਦੇ ਬੰਦੇ ਦਾ ਇਹੋ ਜਿਹਾ ਹਾਸੋਹੀਣਾ ਬਿਆਨ ਅਪਣੇ ਸਮੁੱਚੇ ਜੀਵਨ ਵਿਚ ਕਦੇ ਨਹੀਂ ਸੀ ਵੇਖਿਆ ਜਿਹੋ ਜਿਹਾ ਇਹ ਬਿਆਨ ਵੇਖਿਆ ਹੈ। ਇਸ ਵਿਚ ਉਹ ਕਹਿੰਦੇ ਹਨ ਕਿ 18 ਸਾਲ ਉਹ ਅਕਾਲੀ ਲੀਡਰ ਵੀ ਬਣੇ ਰਹੇ ਤੇ ਏਨੇ ਸਾਲ ਹੀ ਅਕਾਲ ਤਖ਼ਤ ਦੇ ‘ਹੁਕਮਨਾਮੇ’ ਦੀ ਉਲੰਘਣਾ ਵੀ ਕਰਦੇ ਰਹੇ ਅਰਥਾਤ ਉਨ੍ਹਾਂ ਲੋਕਾਂ ਨੂੰ ਸਹਿਯੋਗ ਦੇਂਦੇ ਰਹੇ ਜਿਨ੍ਹਾਂ ਨਾਲ ਕੋਈ ਨਾਤਾ ਨਾ ਰੱਖਣ ਦਾ ਹੁਕਮ ‘ਪੁਜਾਰੀਆਂ’ ਨੇ ਕੀਤਾ ਸੀ। ਕਿਉਂ ਬਈ ਇਹ ਅਵੱਗਿਆ ਕਿਉਂ ਹੋਈ, ਉਹ ਵੀ ਪੰਥ ਦੇ ਇਕ ਲੀਡਰ ਵਲੋਂ? ਵਲਟੋਹਾ ਜੀ ਦਾ ਬਿਆਨ ਹੈ ਕਿ ਇਹ ਐਵੇਂ ਅਣਜਾਣਪੁਣੇ ਵਿਚ ਹੋ ਗਿਆ ਤੇ 18 ਸਾਲਾਂ ਤਕ ਉਨ੍ਹਾਂ ਦਾ ‘ਅਣਜਾਣਪੁਣਾ’ ਹੀ ਉਨ੍ਹਾਂ ’ਤੇ ਹਾਵੀ ਰਿਹਾ!!
Virsa Singh Valtoha
ਅਜੀਬ ਗੱਲ ਹੈ ਕਿ ਤੁਹਾਨੂੰ ਉਹ ਮੁੱਦੇ ਤਾਂ ਜਗਾ ਨਾ ਸਕੇ ਜੋ ਇਨ੍ਹਾਂ 18 ਸਾਲਾਂ ਦੇ ਬੜੇ ਗੰਭੀਰ ਤੇ ਅਸਲ ਮੁੱਦੇ ਸਨ ਪਰ ਤੁਸੀ ਜਿਹੜਾ ਮੁੱਦਾ ਚੁਣਿਆ, ਉਸ ਬਾਰੇ ਵੀ ਸੱਚ ਤਾਂ ਜਾਣ ਲੈਂਦੇ। ਲਉ ਦੋ ਤਿੰਨ ਗੱਲਾਂ ਹੀ ਜਾਣ ਲਉ - 18 ਸਾਲ ਬਾਅਦ ਤੁਹਾਡਾ ‘ਅਣਜਾਣਪੁਣਾ’ ਟੁੱਟਾ, ਤਾਂ ਵੀ ਤੁਸੀ ਇਹ ਨਾ ਦਸ ਸਕੇ ਕਿ ਇਨ੍ਹਾਂ 18 ਸਾਲਾਂ ਵਿਚ ਤੁਸੀ ਜਿਸ ਨੂੰ ਸਹਿਯੋਗ ਦੇਂਦੇ ਰਹੇ ਹੋ, ਉਸ ਦੀ, ਇਸ ਸਮੇਂ ਦੌਰਾਨ ਕਿਹੜੀ ਖ਼ਰਾਬੀ ਤੁਸੀ ਵੇਖੀ ਜਿਸ ਨੇ ਤੁਹਾਨੂੰ ਜਗਾਇਆ? ਕੋਈ ਖ਼ਰਾਬੀ 18 ਸਾਲ ਤਕ ਤੁਸੀ ਨਹੀਂ ਵੇਖੀ, ਫਿਰ ਵੀ 18 ਸਾਲ ਪੁਰਾਣੇ ‘ਹੁਕਮਨਾਮੇ’ ਦੀ ਯਾਦ ਤੁਹਾਨੂੰ ਕਿਵੇਂ ਆ ਗਈ? ਪਰ ਜਿਸ ‘ਹਕਮਨਾਮੇ’ ਦੀ ਤੁਹਾਨੂੰ ਯਾਦ ਆਈ ਜਾਂ ਯਾਦ ਕਰਵਾਈ ਗਈ, ਉਸ ਬਾਰੇ ਦੋ ਤਿੰਨ ਸੱਚ ਤੁਹਾਨੂੰ ਪਤਾ ਹੋਣੇ ਚਾਹੀਦੇ ਸਨ ਜੋ ਇਸ ਤਰ੍ਹਾਂ ਹਨ :-
Sri Akal Takht Sahib
(1) ਗਿ: ਜੋਗਿੰਦਰ ਸਿੰਘ ਵੇਦਾਂਤੀ ਜਿਸ ਨੇ ਹੁਕਮਨਾਮਾ ਜਾਰੀ ਕੀਤਾ, ਉਹ ਮੌਤ ਨੂੰ ਗਲੇ ਲਗਾਉਣ ਤਕ ਵਾਰ ਵਾਰ ਮਿਲਣ ਆਏ ਸੱਜਣਾਂ ਨੂੰ ਕਹਿੰਦਾ ਰਿਹਾ, ‘‘ਮੇਰੇ ਕੋਲੋਂ ਸ: ਜੋਗਿੰਦਰ ਸਿੰਘ ਵਿਰੁਧ ਬੜਾ ਗ਼ਲਤ ਹੁਕਮਨਾਮਾ ਜਾਰੀ ਕਰਵਾ ਲਿਆ ਗਿਆ ਪਰ ਮੇਰੇ ’ਤੇ ‘ਪ੍ਰੈਸ਼ਰ’ (ਦਬਾਅ) ਹੀ ਏਨਾ ਪਾ ਦਿਤਾ ਗਿਆ ਕਿ ਮੈਂ ਨਾ ਚਾਹੁੰਦੇ ਹੋਏ ਵੀ, ਦਬਾਅ ਅੱਗੇ ਟਿਕ ਨਾ ਸਕਿਆ।’’ ਮੌਤ ਤੋਂ ਕੁੱਝ ਮਹੀਨੇ ਪਹਿਲਾਂ ਅੰਮ੍ਰਿਤਸਰ ਦੇ ਪੱਤਰਕਾਰ ਚਰਨਜੀਤ ਸਿੰਘ ਰਾਹੀਂ ਉਨ੍ਹਾਂ ਸੁਨੇਹਾ ਭੇਜਿਆ ਕਿ ‘‘ਮੈਨੂੰ ਇਕ ਵਾਰ ਆ ਕੇ ਮਿਲ ਜਾਉ, ਮੈਂ ਹੁਕਮਨਾਮਾ ਰੱਦ ਕਰਵਾ ਦੇਵਾਂਗਾ।’’ ਮੈਂ ਕਿਹਾ, ‘‘ਮੈਂ ਇਸ ਕੰਮ ਲਈ ਕਿਸੇ ਨੂੰ ਨਹੀਂ ਮਿਲਣਾ। ਜੇ ਹੁਕਮਨਾਮਾ ਗ਼ਲਤ ਹੈ ਤਾਂ ਆਪੇ ਵਾਪਸ ਲੈ ਲੈਣ, ਮੇਰੇ ਕਹਿਣ ਤੇ ਨਹੀਂ।’’
(2) ਅਕਾਲ ਤਖ਼ਤ ਦੇ ‘ਜਥੇਦਾਰ’ ਗਿਆਨੀ ਗੁਰਬਚਨ ਸਿੰਘ ਦਾ ਆਪ ਮੈਨੂੰ ਟੈਲੀਫ਼ੋਨ ਆਇਆ ਕਿ ‘‘ਮੈਂ ਬਤੌਰ ਜਥੇਦਾਰ, ਐਲਾਨ ਕਰਦਾ ਹਾਂ ਕਿ ਤੁਸੀ ਕੋਈ ਭੁੱਲ ਨਹੀਂ ਸੀ ਕੀਤੀ। ਭੁੱਲ ਵੇਦਾਂਤੀ ਨੇ ਕੀਤੀ ਸੀ ਜਿਸ ਨੇ, ਕਾਲਾ ਅਫ਼ਗਾਨਾ ਦੀ ਮਦਦ ਕਰਨ ਬਦਲੇ, ਚਿੜ ਕੇ ਤੁਹਾਡੇ ਵਿਰੁਧ ਗ਼ਲਤ ਹੁਕਮਨਾਮਾ ਜਾਰੀ ਕਰ ਦਿਤਾ ਸੀ।’’
(3) ਦੇਸ਼ ਵਿਦੇਸ਼ ਦੀਆਂ 100 ਦੇ ਕਰੀਬ ਸਿੱਖ ਧਾਰਮਕ ਸ਼ਖ਼ਸੀਅਤਾਂ, ਵਿਦਵਾਨਾਂ, ਇਤਿਹਾਸਕਾਰਾਂ ਤੇ ਹੋਰਨਾਂ ਨੇ ਲਿਖਤੀ ਰੂਪ ਵਿਚ ਬਿਆਨ ਜਾਰੀ ਕੀਤੇ ਤੇ ਅਖ਼ਬਾਰਾਂ ਨੂੰ ਭੇਜੇ ਕਿ ਇਹ ਹੁਕਮਨਾਮਾ ਗ਼ਲਤ ਹੈ ਤੇ ਇਕ ਸੱਚੇ ਪੰਥ-ਪ੍ਰਸਤ ਨੂੰ ਮਾਰਨ ਲਈ ਜਾਰੀ ਕੀਤਾ ਗਿਆ ਹੈ। ਇਹ ਸਾਰੇ ਬਿਆਨ ਅਦਾਲਤ ਦੇ ਰੀਕਾਰਡ ਵਿਚ ਮੌਜੂਦ ਹਨ ਤੇ ਕੋਈ ਵੀ ਵੇਖ ਸਕਦਾ ਹੈ। ਜਵਾਬ ਵਿਚ ਕਿਸੇ ਇਕ ਵੀ ਨਿਰਪੱਖ ਵਿਦਵਾਨ, ਇਤਿਹਾਸਕਾਰ ਜਾਂ ਉੱਚ ਸ਼ਖ਼ਸੀਅਤ ਨੇ ‘ਹੁਕਮਾਨਾਮੇ’ ਦੇ ਹੱਕ ਵਿਚ ਬਿਆਨ ਨਹੀਂ ਦਿਤਾ।
Joginder Singh
ਅਜਿਹੀ ਹਾਲਤ ਵਿਚ ਲੀਡਰਸ਼ਿਪ ‘ਅਣਜਾਣ’ ਨਾ ਹੁੰਦੀ ਤੇ ਸਿਆਣੀ ਹੁੰਦੀ ਤਾਂ ਆਪ ਕੋਸ਼ਿਸ਼ ਕਰ ਕੇ ਅਕਾਲ ਤਖ਼ਤ ਦੇ ਨਾਂ ਤੇ ਕੀਤੀ ਗਈ ‘ਧੱਕੇਸ਼ਾਹੀ’ ਨੂੰ ਖ਼ਤਮ ਕਰਵਾਉਣ ਲਈ ਕਦਮ ਚੁਕਦੀ। ਕੋਈ ਸਿਆਣਾ ਆਗੂ ਅਖ਼ਬਾਰ ਨਾਲ ਏਨੀ ਲੰਮੀ ਲੜਾਈ ਨਹੀਂ ਖਿਚਦਾ ਪਰ ਇਥੇ ਤਾਂ ‘ਅਣਜਾਣ’ ਲੀਡਰਸ਼ਿਪ ਮਰੇ ਹੋਏ ਘੋੜੇ ਨੂੰ 18 ਸਾਲ ਬਾਅਦ ਵੀ ਹੰਟਰ ਮਾਰ ਕੇ ਖੜਾ ਕਰਨਾ ਚਾਹੁੰਦੀ ਹੈ। ਕੀ ਆਖੀਏ ਇਸ ‘ਅਣਜਾਣ’ ਲੀਡਰਸ਼ਿਪ ਬਾਰੇ? ਪਰ ‘ਹਾਈ ਕਮਾਨ’ ਦੇ ਹੁਕਮ ਦੀ ਪਾਲਣਾ ਕਰਨ ਤੋਂ ਪਹਿਲਾਂ ਵਿਰਸਾ ਸਿੰਘ ਵਲਟੋਹਾ ਜੀ ਮੇਰੇ ਕੋਲੋਂ ਮਦਦ ਮੰਗਣ ਵਿਚ ਸ਼ਰਮ ਮਹਿਸੂਸ ਨਾ ਕਰਦੇ ਤਾਂ ਮੈਂ ਉਨ੍ਹਾਂ ਨੂੰ ਅਣਜਾਣ ‘ਪੰਜਾਬੀ ਅਕਾਲੀਆਂ’ ਦੀ ਇਕ ਵੱਡੀ ਰੈਡੀ-ਮੇਡ ਸੂਚੀ ਫੜਾ ਦੇਣੀ ਸੀ ਜਿਹੜੇ ਲਗਾਤਾਰ ਮੇਰੇ ਕੋਲ ਆਉਂਦੇ ਰਹੇ, ਮੇਰੇ ਅਤੇ ਮੇਰੇ ਪ੍ਰਵਾਰ ਨਾਲ ਰਲ ਕੇ ਭੋਜਨ ਵੀ ਛਕਦੇ ਰਹੇ ਤੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੋਏ, ‘‘ਚਲੋ ਛੱਡੋ ਗੁੱਸਾ ਹੁਣ, ਇਨ੍ਹਾਂ.... ਪੁਜਾਰੀਆਂ ਨੂੰ ਕਿਉਂ ਏਨੀ ਗੰਭੀਰਤਾ ਨਾਲ ਲੈਂਦੇ ਹੋ, ਇਹ ਕੋਈ.... ਹੁੰਦੇ ਨੇ....?’’ ਤੋਂ ਲੈ ਕੇ ਨੰਗੀਆਂ ਗਾਲਾਂ ਤਕ ਉਨ੍ਹਾਂ ਲਈ ਵਰਤ ਜਾਂਦੇ ਸਨ (ਮੈਂ ਤਾਂ ਨਾ ਉਹ ਗਾਲਾਂ ਲਿਖ ਸਕਦਾ ਹਾਂ, ਨਾ ਕਦੇ ਬੋਲ ਹੀ ਸਕਦਾ ਹਾਂ)। ਮੈਂ ਤਾਂ ਇਸ ਦੋਗਲੀ ਨੀਤੀ ਦਾ ਉਨ੍ਹਾਂ ਸਾਹਮਣੇ ਵੀ ਵਿਰੋਧ ਕਰਦਾ ਸੀ ਤੇ ਕਹਿੰਦਾ ਸੀ ਕਿ ਅਹੁਦੇ ਦਾ ਲਿਹਾਜ਼ ਤਾਂ ਉਨ੍ਹਾਂ ਨੂੰ ਵੀ ਜ਼ਰੂਰ ਰਖਣਾ ਚਾਹੀਦਾ ਹੈ। ਮੇਰੇ ਕੋਲ ਇਨ੍ਹਾਂ ‘ਪੰਥਕ ਲੀਡਰਾਂ’ ਦੀ, ਜੋ ਵਲਟੋਹਾ ਜੀ ਤੋਂ 100 ਗੁਣਾਂ ਅੱਗੇ ਵੱਧ ਕੇ ‘ਹੁਕਮਨਾਮੇ’ ਦੀ ਉਲੰਘਣਾ ਕਰਦੇ ਰਹੇ ਹਨ, ਮੁਕੰਮਲ ਸੂਚੀ ਮੌਜੂਦ ਹੈ।
Shiromani Akali Dal
ਮੈਂ ਇਹ ਸੂਚੀ ਵਲਟੋਹਾ ਜੀ ਨੂੰ ਦੇ ਕੇ ਆਖਣਾ ਸੀ, ਜੇ ਹਾਈ ਕਮਾਨ ਦਾ ਹੁਕਮ ਮੰਨਣਾ ਹੀ ਹੈ ਤੇ ਅਕਾਲ ਤਖ਼ਤ ਪ੍ਰਤੀ ਪ੍ਰਤੀਬੱਧਤਾ ਵਿਖਾਣੀ ਹੀ ਹੈ ਤਾਂ ਇਨ੍ਹਾਂ ਸਾਰਿਆਂ ਨੂੰ ਆਖੋ, ਆਉ ਸਾਰੇ ਰਲ ਕੇ ਭੁੱਲ ਬਖ਼ਸ਼ਵਾਈਏ ਜੋ 18 ਸਾਲ ਅਣਜਾਣ ਲੀਡਰਾਂ ਕੋਲੋਂ ‘ਅਣਜਾਣਪੁਣੇ’ ਵਿਚ ਹੁੰਦੀ ਰਹੀ। ਦੁਨੀਆਂ ਹੁਣ ਵੀ ਵਲਟੋਹਾ ਜੀ ਦੀ ਗੱਲ ਸੁਣ ਕੇ ਹਸਦੀ ਹੈ ਪਰ ‘ਅਣਜਾਣ ਪੰਥਕ ਆਗੂਆਂ’ ਬਾਰੇ ਪੂਰਾ ਵੇਰਵਾ ਸੁਣ ਕੇ ਤਾਂ ਹੱਸ ਹੱਸ ਕੇ ਦੂਹਰੀ ਹੀ ਹੋ ਜਾਂਦੀ। ਹੁਣ ਜਿਥੇ ਵੱਡੇ ਵੱਡੇ ਮਹਾਂਪੁਰਸ਼ ਕਿਸਮ ਦੇ ‘ਅਕਾਲੀ ਆਗੂਆਂ’ ਵਲੋਂ ਹੁਕਮਨਾਮੇ ਦੀ ਉਲੰਘਣਾ ਦੇ ਕਿੱਸੇ ਚਰਚਾ ਵਿਚ ਹੋਣ, ਉਥੇ ਇਕ ਵਿਚਾਰੇ ਵਲਟੋਹਾ ਸਾਹਿਬ ਦੀ ਨਿੱਕੀ ਜਹੀ ਅਵੱਗਿਆ (ਉਹ ਵੀ ਅਣਜਾਣ ਹੋਣ ਕਰ ਕੇ) ਦਾ ਜਥੇਦਾਰ ਵੀ ਕੀ ਮੁੱਲ ਪਾਵੇ? ਦਸ ਦਿਆਂ ਕਿ ਵਲਟੋਹਾ ਜੀ 18 ਸਾਲਾਂ ਵਿਚ ਇਕ ਵਾਰ ਵੀ ਮੈਨੂੰ ਮਿਲਣ ਨਹੀਂ ਸਨ ਆਏ, ਬਸ ਹੇਠੋਂ ਹੀ ਕੰਮ ਕਰਵਾ ਕੇ ਚਲਦੇ ਬਣਦੇ ਸਨ। ਸੋ ਕੋਈ ਵੱਡਾ ਦੋਸ਼ ਤਾਂ ਉਨ੍ਹਾਂ ਦਾ ਬਣਦਾ ਹੀ ਨਹੀਂ। ਜਿਨ੍ਹਾਂ ਦਾ ਬਣਦਾ ਹੈ, ਉਹ ਅੱਗੇ ਕਿਉਂ ਨਾ ਲੱਗਣ?
Bibi Jagir Kaur
ਤੇ ਹੁਣ ਅਸਲ ਸਵਾਲ ਵਲ ਆਈਏ ਕਿ ‘ਪੰਜਾਬੀ ਅਕਾਲੀ ਦਲ’ ਨੂੰ ਮੇਰੀ ਡਾਇਰੀ ਵਿਚ ਗ਼ਲਤ ਜਾਂ ਏਨਾ ਚੁੱਭਣ ਵਾਲਾ ਕੀ ਲੱਗਾ ਕਿ ਜਵਾਬੀ ਤੋਪ ਚਲਾਉਣ ਲਈ ਤਿਆਰ ਹੋ ਗਏ। 2017 ਵਿਚ ਅਰਥਾਤ 5 ਸਾਲ ਪਹਿਲਾਂ ਇਨ੍ਹਾਂ ਦੀ ਪਟਿਆਲਾ ਕਾਨਫ਼ਰੰਸ ਵਿਚ 10 ਹਜ਼ਾਰ ਬੰਦੇ ਵੀ ਨਾ ਆਏ। ਜੋ ਆਏ, ਉਹ ਵੀ ‘ਦਿਹਾੜੀਦਾਰ’ ਅਥਵਾ ਭਈਏ ਸਨ। ਕਿਸੇ ਨੇ ਸੁਪ੍ਰੀਮੋ ਦੇ ਕੰਨ ਵਿਚ ਕਹਿ ਦਿਤਾ, ‘‘ਇਹ ਸੱਭ ਸਪੋਕਸਮੈਨ ਦੇ ਪ੍ਰਚਾਰ ਦਾ ਨਤੀਜਾ ਹੈ।’’ ਝੱਟ ਸਟੇਜ ਤੋਂ ਐਲਾਨ ਹੋਣੇ ਸ਼ੁਰੂ ਹੋ ਗਏ ਕਿ ‘‘ਸਪੋਕਸਮੈਨ ਨੂੰ ਕੋਈ ਨਾ ਪੜ੍ਹੇ ਤੇ ਸਪੋਕਸਮੈਨ ਟੀਵੀ ਨੂੰ ਕੋਈ ਨਾ ਵੇਖੇ।’’ ਬੀਬੀ ਜਗੀਰ ਕੌਰ ਤੇ ਸਟੇਜ ਤੇ ਬੈਠੇ ਹੋਰ ‘ਅਕਾਲੀ ਲੀਡਰਾਂ’ ਨੇ ਵੀ ਇਹੀ ਕਹਿਣਾ ਸ਼ੁਰੂ ਕਰ ਦਿਤਾ। ਬੀਬੀ ਜਗੀਰ ਕੌਰ ਨੇ ਤਾਂ ਮਗਰੋਂ ਸਾਨੂੰ ਫ਼ੋਨ ਕਰ ਕੇ ਮਾਫ਼ੀ ਮੰਗ ਲਈ ਕਿ ‘‘ਮੈਨੂੰ ਆਪ ਨਹੀਂ ਪਤਾ, ਮੈਨੂੰ ਕੀ ਹੋ ਗਿਆ ਸੀ ਤੇ ਮੈਂ ਤੁਹਾਡੇ ਵਿਰੁਧ ਕਿਉਂ ਬੋਲਣ ਲੱਗ ਪਈ....।’’
Sukhbir Badal
ਚਾਰ ਸਾਲ ਬਾਅਦ ਸੁਖਬੀਰ ਬਾਦਲ ਸਾਨੂੰ ਮਿਲਣ ਆਏ (ਹੁਣੇ ਹੋਈਆਂ ਚੋਣਾਂ ਤੋਂ ਥੋੜਾ ਸਮਾਂ ਪਹਿਲਾਂ)। ਰੋਟੀ ਦੇ ਮੇਜ਼ ਦੁਆਲੇ ਬੈਠਿਆਂ, ਮੈਂ ਉਹਨਾਂ ਨੂੰ ਹੱਸ ਕੇ ਪੁਛ ਲਿਆ, ‘‘ਆਖ਼ਰ ਗੱਲ ਕੀ ਹੋ ਗਈ ਸੀ ਕਿ ਤੁਸੀ ਇਕਦੰਮ ਸਪੋਕਸਮੈਨ ਵਿਰੁਧ ਤਵਾ ਲਾ ਦਿਤਾ?’’ ਉਹ ਵੀ ਮੁਸਕ੍ਰਾ ਪਏ ਪਰ ਜਵਾਬ ਕੋਈ ਨਾ ਦਿਤਾ। ਹੁਣ ਵੀ ਅਸੈਂਬਲੀ ਚੋਣਾਂ ਵਿਚ ਹਾਰ ਜਾਣ ਤੋਂ ਬਾਅਦ ਉਨ੍ਹਾਂ ਦੇ ਕੰਨ ਵਿਚ ਕਿਸੇ ਨੇ ਫੂਕ ਮਾਰ ਦਿਤੀ ਹੋਣੀ ਹੈ ਕਿ ‘‘ਇਹ ਸਾਰੀ ਸ਼ਰਾਰਤ ਸਪੋਕਸਮੈਨ ਦੀ ਹੀ ਹੈ....।’’ ਸੋ ਚੋਣਾਂ ਹਾਰ ਜਾਣ ਮਗਰੋਂ ਅਕਾਲੀਆਂ ਦਾ ਗੁੱਸਾ ਤਾਂ ਨਜ਼ਰ ਆ ਹੀ ਰਿਹਾ ਸੀ ਪਰ ਪਿਛਲੇ ਐਤਵਾਰ ਦੀ ਡਾਇਰੀ ਨੇ ਉਨ੍ਹਾਂ ਨੂੰ ਅਪਣੀ ਤੋਪ ਦਾ ਮੂੰਹ ਖੋਲ੍ਹਣ ਲਈ ਤਿਆਰ ਕਰ ਦਿਤਾ। ਉਂਜ ਉਸ ਡਾਇਰੀ ਵਿਚ ਸਚਮੁਚ ਕੋਈ ਐਸੀ ਗੱਲ ਸੀ ਵੀ ਜੋ ਉਨ੍ਹਾਂ ਨੂੰ ਏਨਾ ਤੇਜ਼ ਬੁਖ਼ਾਰ ਚੜ੍ਹਾ ਦੇਵੇ? ਅਪਣੇ ਵਲੋਂ ਤਾਂ ਮੈਂ ਕੋਈ ਗਰਮ ਗੱਲ ਨਹੀਂ ਸੀ ਲਿਖੀ। ਅਸਲ ਗੱਲ ਵਲ ਆਉਣ ਤੋਂ ਪਹਿਲਾਂ ਮੈਂ ਅਗਲੇ ਹਫ਼ਤੇ ਪਹਿਲਾਂ ਇਹੀ ਦੱਸਾਂਗਾ ਕਿ ਮੈਂ ਕੀ ਲਿਖਿਆ ਸੀ ਜਿਸ ਤੋਂ ਉਹ ਚਿੜ ਗਏ। ਝਗੜਾ ਹਮੇਸ਼ਾ ਲਈ ਖ਼ਤਮ ਕਰਨ ਵਾਸਤੇ ਮੈਂ ਲਿਖਤੀ ਤੌਰ ’ਤੇ ਮੰਨ ਲਵਾਂਗਾ ਕਿ ਮੈਂ ਉਨ੍ਹਾਂ ਦੋ ਤਿੰਨ ਗੱਲਾਂ ਬਾਰੇ ਕਦੇ ਨਹੀਂ ਲਿਖਾਂਗਾ ਜੋ ਉਨ੍ਹਾਂ ਨੂੰ ਬੁਰੀਆਂ ਲਗਦੀਆਂ ਹਨ ਬਸ਼ਰਤੇ ਕਿ .....। ਨਹੀਂ, ਬਸ਼ਰਤੇ ਕਿ ਵਾਲੀ ਗੱਲ ਅਗਲੇ ਐਤਵਾਰ। (ਚਲਦਾ)