ਅਕਾਲੀ ਦਲ ਨੂੰ ‘ਪੰਜਾਬੀ ਪਾਰਟੀ’ ਬਣਾ ਦੇਣ ਪਿਛੋਂ ਬਾਦਲਕੇ ਜਿਥੇ ਪੰਥਕ ਸੋਚ ਵਾਲਿਆਂ ਨੂੰ ਨਫ਼ਰਤ ਕਰਨ ਲੱਗ ਪਏ......

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸਿੱਖ ਮੁੰਡਿਆਂ ਉਤੇ ਤਸ਼ੱਦਦ ਕਰਨ ਵਾਲੇ ਸਾਰੇ ਹੀ ਬਾਦਲਾਂ ਦੇ ‘ਯਾਰ ਬੇਲੀ’ ਸਨ

File Photo

ਪਿਛਲੇ ਦੋ ਹਫ਼ਤੇ ਤੋਂ ਅਸੀ ਚਰਚਾ ਕਰ ਰਹੇ ਸੀ ਕਿ ਅਕਾਲੀ ਦਲ ਨੂੰ ‘ਪੰਥਕ’ ਦੀ ਬਜਾਏ ਮੋਗਾ ਕਾਨਫ਼ਰੰਸ ਵਿਚ ‘ਪੰਜਾਬੀ ਪਾਰਟੀ’ ਬਣਾ ਦੇਣ ਮਗਰੋਂ ਬਾਦਲਕਿਆਂ ਨੇ ਪੰਥਕ ਸੋਚ ਵਾਲਿਆਂ ਨਾਲ ਨਫ਼ਰਤ ਵੀ ਕਰਨੀ ਸ਼ੁਰੂ ਕਰ ਦਿਤੀ ਸੀ ਤੇ ਨਹੀਂ ਸਨ ਚਾਹੁੰਦੇ ਕਿ ਕੋਈ ਆ ਕੇ ਉਨ੍ਹਾਂ ਨੂੰ ਪੰਥਕ ਰਵਾਇਤਾਂ ਕਾਇਮ ਰੱਖਣ ਬਾਰੇ ਲੈਕਚਰ ਦੇਵੇ। ਪਰ ਇਕ ਹੋਰ ਦਿਲਚਸਪ ਤੱਥ ਇਹ ਵੀ ਹੈ ਕਿ ਅਕਾਲੀ ਦਲ ਨੂੰ ‘ਪੰਜਾਬੀ ਪਾਰਟੀ’ ਬਣਾਉਣ ਮਗਰੋਂ ਉਹ ਖੁਲ੍ਹ ਕੇ ‘ਪੰਥ-ਵਿਰੋਧੀਆਂ’ ਨਾਲ ਮੁਹੱਬਤਾਂ ਦੀਆਂ ਪੀਂਘਾਂ ਵੀ ਪਾਉਣ ਲੱਗ ਪਏ।

 

ਸੌਦਾ ਸਾਧ : ਸੌਦਾ ਸਾਧ ਇਕ ਸਿੱਖ ਘਰਾਣੇ ਦਾ ਮੁੰਡਾ ਸੀ ਜਿਸ ਨੂੰ ਕਿਸੇ ਖਾੜਕੂ ਧੜੇ ਨੇ ਅਪਣੇ ਮਤਲਬ ਲਈ ਸਰਸਾ ਦੇ ਡੇਰੇ ਤੇ ਬਿਠਾ ਦਿਤਾ। ਅਪਣੀ ਚਤੁਰਾਈ ਸਦਕਾ, ਉਹ ਉਥੇ ਦਾ ‘ਸਾਧ’ ਹੀ ਬਣ ਬੈਠਾ ਤੇ ਗ਼ਰੀਬ ਤੇ ਪਛੜੀਆਂ ਸ਼ੇ੍ਰਣੀਆਂ ਦੇ ਲੋਕਾਂ ਨੂੰ ਸਿੱਖੀ ਤੋਂ ਦੂਰ ਕਰ ਕੇ ਅਪਣੇ ‘ਇਨਸਾਂ’ ਬਣਾਉਣ ਲੱਗ ਪਿਆ। ਦੁਕਾਨ ਚਲ ਪਈ ਤਾਂ ਇਸ ਨੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਤੇ ਸ਼ਕਲ-ਸੂਰਤ ਬਣਾ ਕੇ (ਜਿਵੇਂ ਨਕਲਚੀਏ ਆਮ ਕਰਦੇ ਹਨ) ਨਕਲੀ ‘ਅੰਮ੍ਰਿਤ’ ਵੀ ਦੇਣਾ ਸ਼ੁਰੂ ਕਰ ਦਿਤਾ।

ਸਿੱਖਾਂ ਅੰਦਰ ਅੰਤਾਂ ਦਾ ਰੋਹ ਇਸ ਬਾਬੇ ਵਿਰੁਧ ਜਾਗ ਪਿਆ ਪਰ ਇਸ ਨੂੰ ਮੁਸ਼ਕਲ ’ਚੋਂ ਕੱਢਣ ਲਈ ਵੀ ਹੋਰ ਕੋਈ ਨਹੀਂ, ਪੰਜਾਬੀ ਅਕਾਲੀ ਦਲ ਦਾ ਪ੍ਰਧਾਨ ਹੀ ਅੱਗੇ ਆਇਆ। ਇਸ ਵਿਰੁਧ ਦਰਜ ਕੀਤਾ ਪੁਲਿਸ ਕੇਸ ਵੀ ਅਦਾਲਤ ’ਚੋਂ ਵਾਪਸ ਲੈ ਲਿਆ ਗਿਆ ਤੇ ਅਕਾਲ ਤਖ਼ਤ ਦੇ ਪੁਜਾਰੀਆਂ ਵਲੋਂ ਇਸ ਵਿਰੁਧ ਜਾਰੀ ਕੀਤਾ ‘ਹੁਕਮਨਾਮਾ’ ਵੀ, ਬਿਨਾਂ ਕਾਰਨ ਦੇ, ਵਾਪਸ ਕਰਵਾ ਲਿਆ ਗਿਆ।

ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੌਰ ਸ਼ੁਰੂ ਹੋਇਆ ਤਾਂ ਉਸ ਦਾ ਦੋਸ਼ ਵੀ ਇਸ ‘ਸਾਧ’ ਦੇ ਚੇਲਿਆਂ ਸਿਰ ਲੱਗਾ ਤੇ ਮਾਮਲਾ ਅਜੇ ਅਦਾਲਤ ਵਿਚ ਹੈ। ਪਰ ਇਸ ਸੱਭ ਕੁੱਝ ਦੇ ਦਰਮਿਆਨ ਵੀ ਬਾਦਲਾਂ ਤੇ ਸੌਦਾ ਸਾਧ ਦਾ ਪਿਆਰ ਘੱਟ ਨਾ ਹੋਇਆ ਤੇ ਵੱਡਾ ਛੋਟਾ ਦੋਵੇਂ ਬਾਦਲ ਬਾਬੇ ਦੇ ਦਰਬਾਰ ਵਿਚ ਹੱਥ ਜੋੜ ਕੇ ਜ਼ਮੀਨ ’ਤੇ ਬੈਠ ਕੇ ਜਾਂ ਖੜੇ ਹੋ ਕੇ ਉਸ ਦੇ ਦਰਸ਼ਨ ਕਰਦੇ ਜਦਕਿ ਸਾਧ ਉੱਚੇ ਸਿੰਘਾਸਨ ’ਤੇ ਆਸੀਨ ਹੁੰਦਾ।

ਇਸ ‘ਅਪਵਿੱਤਰ ਪ੍ਰੇਮ’ ਨੇ ਪੰਜਾਬ ਦੇ ਅਮਨ ਨੂੰ ਤਬਾਹ ਕਰ ਕੇ ਰੱਖ ਦਿਤਾ ਤੇ ਪਖੰਡ ਵਿਰੁਧ ਲੜਾਈ ਢਿੱਲੀ ਪੈ ਗਈ। ਸਿੱਖ ਧਰਮ-ਗ੍ਰੰਥ ਦੀ ਬੇਅਦਬੀ ਰੋਜ਼ ਦੀ ਗੱਲ ਬਣ ਗਈ ਤੇ ਅਖ਼ੀਰ, ਇਸ ਦੇ ਬੰਦਿਆਂ ਨੇ ਸ਼ਰੇਆਮ ਪਰਚਾ ਲਿਖ ਕੇ ਦੀਵਾਰਾਂ ਤੇ ਲਗਾ ਦਿਤਾ ਕਿ ‘ਸਿੱਖੋ, ਤੁਹਾਡਾ ਗੁਰੂ ਚੁਕ ਕੇ ਲੈ ਚੱਲੇ ਹਾਂ। ਛੁਡਵਾ ਲਉ ਇਸ ਨੂੰ ਜੇ ਛੁਡਵਾ ਸਕਦੇ ਹੋ....।’’ ਵੋਟਾਂ ਪਿੱਛੇ ਧਰਮ ਵੇਚਣ ਦੇ ਅਮਲ ਨੇ ‘ਪੰਜਾਬੀ’ ਅਕਾਲੀ ਦਲ ਦੇ ਹਾਈ ਕਮਾਨ ਅਤੇ ਸਿੱਖਾਂ ਦੀ ਰਖਵਾਲੀ ਕਰਨ ਦਾ ਦਾਅਵਾ ਕਰਨ ਵਾਲੇ ‘ਜਥੇਦਾਰਾਂ’ ਨੂੰ ਵੀ ਜਾ ਦਬੋਚਿਆ।

ਸੁਮੇਧ ਸੈਣੀ : ਸੁਮੇਧ ਸੈਣੀ ਬਾਰੇ ਰੀਫ਼ਰੈਂਡਮ ਕਰਵਾਇਆ ਜਾਏ ਤਾਂ ਦੇਸ਼ ਵਿਦੇਸ਼ ਦੇ ਸਾਰੇ ਸਿੱਖਾਂ ’ਚੋਂ ਸ਼ਾਇਦ 10-20 ਵੋਟਾਂ ਵੀ ਸੁਮੇਧ ਸੈਣੀ ਨੂੰ ਨਾ ਪੈਣ ਕਿਉਂਕਿ ਗ਼ਲਤ ਜਾਂ ਠੀਕ, ਉਸ ਨੂੰ ਸਿੱਖ ਮੁੰਡਿਆਂ ਉਤੇ ਜਬਰ ਕਰਨ ਵਾਲੇ ਸੱਭ ਤੋਂ ਬੇ-ਤਰਸ ਪੁਲਿਸ ਅਫ਼ਸਰ ਵਜੋਂ ਲਿਆ ਜਾਂਦਾ ਹੈ। ਪਰ ਬਾਦਲ ਸਰਕਾਰ ਨੇ ਉਸੇ ਨੂੰ ਅਪਣਾ ਸੱਭ ਤੋਂ ਵੱਡਾ ਪੁਲਿਸ ਅਫ਼ਸਰ ਤਾਇਨਾਤ ਕਰ ਲਿਆ।

ਕਹਿੰਦੇ ਹਨ ਕਿ ਬਾਦਲ ਤੇ ਸੈਣੀ ਦਾ ਰਿਸ਼ਤਾ ਵੀ ਪਿਉ ਪੁੱਤਰ ਵਾਲਾ ਹੀ ਰਿਸ਼ਤਾ ਸੀ। ਸਿੱਖ ਮੁੰਡਿਆਂ ਉਤੇ ਤਸ਼ੱਦਦ ਕਰਨ ਵਾਲੇ ਬਾਕੀ ਪੁਲਿਸ ਅਫ਼ਸਰਾਂ ਉਤੇ ਵੀ ਬਾਦਲ ਕਿੰਨੇ ਮਿਹਰਬਾਨ ਸਨ, ਇਸ ਦਾ ਪਤਾ ਪੰਜਾਬ ਅਸੈਂਬਲੀ ਵਿਚ ਉਦੋਂ ਲੱਗਾ ਜਦ ਵਿਰੋਧੀ ਮੈਂਬਰਾਂ ਨੇ, ਸਿੱਖ ਸੰਘਰਸ਼ੀਆਂ ਉਤੇ ਤਸ਼ੱਦਦ ਕਰਨ ਵਾਲੇ ਪੁਲਸੀਆਂ ਵਿਰੁਧ ਕੇਸ ਦਰਜ ਕਰਨ ਦੇ ਵਿਰੋਧ ਵਿਚ ਆਵਾਜ਼ ਉੱਚੀ ਕੀਤੀ।

ex-DGP Sumedh Saini

ਇਹ ਪੁਲਸੀਏ ਦਿੱਲੀ ਵਿਚ ਜਾ ਕੇ ਭਾਰਤ ਸਰਕਾਰ ਕੋਲ ਫ਼ਰਿਆਦ ਕਰ ਆਏ ਸਨ ਕਿ ਉਨ੍ਹਾਂ ਨੂੰ ਉਪਰੋਂ ਜੋ ਹੁਕਮ ਹੋਏ, ਉਨ੍ਹਾਂ ਦੀ ਪਾਲਣਾ ਹੀ ਉਨ੍ਹਾਂ ਨੇ ਕੀਤੀ, ਇਸ ਲਈ ਉਨ੍ਹਾਂ ਵਿਰੁਧ ਕੇਸ ਵਾਪਸ ਲਏ ਜਾਣ। ਜਦ ਵਿਰੋਧੀ ਮੈਂਬਰ, ਪੁਲਸੀਆਂ ਦੇ ਹੱਕ ਵਿਚ ਬੋਲੇ ਤਾਂ ਅਕਾਲੀ ਮੁੱਖ ਮੰਤਰੀ ਨੇ ਅਸੈਂਬਲੀ ਵਿਚ ਸਹੁੰ ਚੁਕ ਕੇ ਕਿਹਾ ਕਿ, ‘‘ਮੈਂ ਇਕ ਵੀ ਕੇਸ ਕਿਸੇ ਪੁਲਸੀਏ ਉਤੇ ਨਹੀਂ ਪਾਇਆ।

ਪੁਲਸੀਆਂ ਉਤੇ ਜੋ ਵੀ ਕੇਸ ਦਰਜ ਕੀਤੇ ਗਏ, ਉਹ ਪਿਛਲੀ ਸਰਕਾਰ ਅਥਵਾ ਕੈਪਟਨ ਸਰਕਾਰ ਨੇ ਕੀਤੇ ਸਨ...।’’ ਮਤਲਬ, ਸਿਰਫ਼ ਸੁਮੇਧ ਸੈਣੀ ਹੀ ਨਹੀਂ, ਸਿੱਖ ਮੁੰਡਿਆਂ ਉਤੇ ਤਸ਼ੱਦਦ ਕਰਨ ਵਾਲੇ ਸਾਰੇ ਪੁਲਸੀਏ ਹੀ ਅਕਾਲੀ ਮੁੱਖ ਮੰਤਰੀ ਦੀ ਹਮਦਰਦੀ ਦੇ ਪਾਤਰ ਬਣ ਗਏ ਸਨ ਪਰ ਉਹ ਨੌਜੁਆਨ ਜਿਨ੍ਹਾਂ ਨੂੰ ਪੁਲਿਸ ਘਰੋਂ ਚੁਕ ਕੇ ਲੈ ਗਈ ਸੀ ਤੇ ‘ਲਾਵਾਰਸ’ ਕਹਿ ਕੇ ਮਾਰ ਦਿਤੇ ਗਏ ਸਨ, ਉਨ੍ਹਾਂ ‘ਲਾਪਤਾ’ ਤੇ ‘ਲਾਵਾਰਸ’ ਬਣਾਏ ਸਿੱਖ ਨੌਜੁਆਨਾਂ ਦੀ ਪੜਤਾਲ ਲਈ ਤਿੰਨ ਮੰਨੇ ਪ੍ਰਮੰਨੇ ਜੱਜਾਂ ਦਾ ਇਕ ਪ੍ਰਾਈਵੇਟ ਕਮਿਸ਼ਨ ਜਸਟਿਸ ਕੁਲਦੀਪ ਸਿੰਘ ਨੇ ਬਣਾਇਆ ਤਾਂ ਦੋਸ਼ੀ ਪੁਲਸੀਆਂ ਨੂੰ ਕੰਬਣੀ ਛਿੜ ਗਈ ਤੇ ਉਨ੍ਹਾਂ ਦੇ ਆਖੇ

 ਸ. ਪ੍ਰਕਾਸ਼ ਸਿੰਘ ਬਾਦਲ ਨੇ ਹਾਈ ਕੋਰਟ ਕੋਲੋਂ ਉਸ ਕਮਿਸ਼ਨ ਉਤੇ ਹੀ ਪਾਬੰਦੀ ਲਗਵਾ ਦਿਤੀ ਤੇ ਹਜ਼ਾਰਾਂ ਸਿੱਖ ਨੌਜੁਆਨਾਂ ਦੇ ਕਾਤਲਾਂ ਨੂੰ ਸਗੋਂ ਇਨਾਮ ਸਨਮਾਨ ਦਿਤੇ ਗਏ। ਏਨਾ ਹੀ ਨਹੀਂ, ਨੌਜੁਆਨਾਂ ਉਤੇ ਤਸ਼ੱਦਦ ਕਰਨ ਦੇ ਦੋਸ਼ਾਂ ਵਿਚ ਘਿਰੇ ਇਕ ਹੋਰ ਪੁਲਿਸ ਅਫ਼ਸਰ ਇਜ਼ਹਾਰ ਆਲਮ ਨੂੰ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਤੇ ਉਸ ਦੀ ਪਤਨੀ ਫ਼ਰਜ਼ਾਨਾ ਆਲਮ ਨੂੰ ਕੈਬਨਿਟ ਮਨਿਸਟਰ ਬਣਾ ਦਿਤਾ ਗਿਆ। ਇਜ਼ਹਾਰ ਆਲਮ ਉਤੇ ਦੋਸ਼ ਸੀ ਕਿ ਉਸ ਨੇ ਆਲਮ ਸੈਨਾ ਬਣਾ ਕੇ ਸਿੱਖ ਮੁੰਡਿਆਂ ਉਤੇ  ਤਸ਼ੱਦਦ ਕੀਤਾ ਸੀ। 

ਇਕੱਲੇ ਬਾਦਲ ਹੀ ਨਹੀਂ, ਦਰਜਨਾਂ ਹੀ  ‘ਅਕਾਲੀ ਲੀਡਰ’ ਵੋਟਾਂ ਖ਼ਾਤਰ ਪੰਥ ਵਿਰੋਧੀਆਂ ਦੇ ਤਲਵੇ ਚਟਦੇ ਵੇਖੇ ਗਏ। ਗੁਰਚਰਨ ਸਿੰਘ ਟੌਹੜਾ ਵੀ ਪਿੱਛੇ ਨਾ ਰਹੇ ਤੇ ਨਿਰੰਕਾਰੀ ਭਵਨ ਵਿਚ ਜਾ ਕੇ ਵੋਟਾਂ ਲਈ ਗਿੜਗਿੜਾਉਣ ਲੱਗ ਪਏ ਹਾਲਾਂਕਿ ਇਨ੍ਹਾਂ ਦੇ ਅਪਣੇ ‘ਜਥੇਦਾਰ’ ਹੀ ਨਿਰੰਕਾਰੀਆਂ ਨੂੰ ਵੀ ਪੰਥ ’ਚੋਂ ਛੇਕ ਚੁੱਕੇ ਸਨ।
ਮੈਂ ਦਰਜਨਾਂ ਮਿਸਾਲਾਂ ਦੇ ਸਕਦਾ ਹਾਂ ਜੋ ਇਹ ਸਾਬਤ ਕਰਦੀਆਂ ਹਨ ਕਿ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਲੈਣ ਮਗਰੋਂ, ਬਾਦਲਕੇ ਪੰਥ-ਪ੍ਰਸਤ ਸਿੱਖਾਂ ਨੂੰ ਨਫ਼ਰਤ ਕਰਨ ਲੱਗ ਪਏ ਸਨ ਜਦਕਿ ਪੰਥ ਵਿਚ ਬਦਨਾਮ ਲੋਕਾਂ ਦੇ ‘ਹਮਦਰਦ’ ਅਤੇ ਰਖਵਾਲੇ ਬਣ ਗਏ ਸਨ। ‘ਰੋਜ਼ਾਨਾ ਸਪੋਕਸਮੈਨ’ ਦਾ ਵੀ ਇਹੀ ਕਸੂਰ ਸੀ ਕਿ ਇਹ ਅਖ਼ਬਾਰ ਅਕਾਲੀ ਦਲ ਨੂੰ ਪੰਥਕ ਪਾਰਟੀ ਵਜੋਂ ਕਾਇਮ ਰੱਖਣ ਦੀ ਵਕਾਲਤ ਕਰਦਾ ਸੀ ਤੇ ਬਾਦਲਾਂ ਦੇ ਪੰਥ-ਮਾਰੂ ਕੰਮਾਂ ਦੀ ਵਿਰੋਧਤਾ ਕਰਦਾ ਸੀ। ਬਾਕੀ ਦੀ ਗੱਲ ਅਗਲੇ ਐਤਵਾਰ ਨੂੰ ਕਰਾਂਗੇ।  
(ਚਲਦਾ)