ਸਪੋਕਸਮੈਨ, ਸ਼ੁਰੂ ਤੋਂ ਹੀ, ਚੀਕ-ਚੀਕ ਕੇ ਕਹਿੰਦਾ ਆ ਰਿਹਾ ਹੈ ਕਿ ਅਕਾਲੀਆਂ ਆਖੇ ਕੁਰਬਾਨੀ ਕਰਨ ਵਾਲਿਆਂ ਦੀ ਰਿਹਾਈ ......

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਮੈਂ ਸੱਚ ਲਿਖਣਾ ਜਾਰੀ ਰਖਿਆ ਤੇ ਸਰਕਾਰ ਵਿਚ ਬੈਠੇ ਅਕਾਲੀਆਂ ਨੂੰ ਮੈਂ ਬੁਰਾ ਲੱਗਣ ਲੱਗ ਪਿਆ ਪਰ...

File Photo

ਅੱਜ ਜਿਸ ਸੰਕਟ ਵਿਚੋਂ ਪੰਜਾਬ ਦੀ ਰਾਜਨੀਤੀ ਲੰਘ ਰਹੀ ਹੈ, ਉਹ ਅੱਜ ਦੇ ਹਾਲਾਤ ’ਚੋਂ ਅਚਾਨਕ ਪੈਦਾ ਹੋਈ ਕੋਈ ਸ਼ੈ ਨਹੀਂ ਤੇ ਜੇ ਸਿਰਫ਼ ਸਪੋਕਸਮੈਨ ਦੀਆਂ ਪੁਰਾਣੀਆਂ ਫ਼ਾਈਲਾਂ ਹੀ ਖੋਲ੍ਹ ਕੇ ਵੇਖ ਲਉ ਤਾਂ ਅਸੀ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਕੇਂਦਰ ਨਾਲ ਕੋਈ ਸਮਝੌਤਾ ਕਰਨ ਵੇਲੇ ਜੇਲਾਂ ਵਿਚ ਬੰਦ ਤੇ ਪੰਥ ਦੀ ਖ਼ਾਤਰ ਕੁਰਬਾਨੀ ਕਰਨ ਵਾਲਿਆਂ ਦੀ ਰਿਹਾਈ ਨੂੰ ਪਹਿਲੀ ਸ਼ਰਤ ਬਣਾ ਕੇ ਕੇਂਦਰ ਨਾਲ ਸਮਝੌਤੇ ਦੀ ਗੱਲ ਕਰਿਆ ਕਰੋ ਵਰਨਾ ਸਮਝੌਤਾ ਹੋ ਜਾਣ ਮਗਰੋਂ, ਫਿਰ ਨਾ ਕੇਂਦਰ ਨੂੰ ਉਨ੍ਹਾਂ ਵਿਚ ਕੋਈ ਦਿਲਚਸਪੀ ਰਹੇਗੀ, ਨਾ ਸਮਝੌਤੇ ਅਧੀਨ ਗੱਦੀਆਂ ਦਾ ਸੁੱਖ ਮਾਣਨ ਵਾਲੇ ਸਿੱਖ ਲੀਡਰਾਂ ਨੂੰ ਕੁਰਬਾਨੀ ਕਰਨ ਵਾਲੇ ਜਾਂ ਜੇਲ੍ਹਾਂ ਵਿਚ ਸਲਾਖ਼ਾਂ ਪਿੱਛੇ ਬੰਦ ਪੰਥਕ ਵਰਕਰਾਂ ਦੀ ਕੋਈ ਲੋੜ ਹੀ ਰਹੇਗੀ ਤੇ ਉਹ ਜਵਾਨੀਆਂ ਜੇਲ੍ਹਾਂ ਵਿਚ ਹੀ ਗਾਲ ਲੈਣਗੇ। 

ਸਪੋਕਸਮੈਨ ਵਲੋਂ ਬਿਆਨ ਕੀਤਾ ਸੱਚ ਜਾਂ ਦਿਤਾ ਗਿਆ ਸੁਝਾਅ ਕਦੇ ਵੀ ਅਕਾਲੀ ਲੀਡਰਾਂ ਨੂੰ ਪਸੰਦ ਨਾ ਆਇਆ। ਉਹ ਕਹਿੰਦੇ ਸਨ, ‘‘ਸਾਰੇ ਅਖ਼ਬਾਰ ਇਹੋ ਜਹੇ ਮਾਮਲਿਆਂ ’ਤੇ ਚੁੱਪ ਰਹਿਹੰਦੇ ਨੇ, ਤਾਂ ਤੁਸੀ ਇਕੱਲੇ ਹੀ ਕਿਉਂ ਰੌਲਾ ਪਾਈ ਰਖਦੇ ਓ? ਬੜੀ ਮੁਸ਼ਕਲ ਨਾਲ ਸੱਤਾ ਮਿਲੀ ਹੈ, ਜ਼ਰਾ ਸਾਨੂੰ ਤਾਕਤ ਤਾਂ ਫੜ ਲੈਣ ਦਿਉ। ਸਾਡੀਆਂ ਮਜਬੂਰੀਆਂ ਤੁਸੀ ਨਹੀਂ ਸਮਝਦੇ। ਕੈਦੀ ਵੀ ਰਿਹਾਅ ਕਰਵਾ ਲਵਾਂਗੇ ਪਰ ਠੀਕ ਸਮੇਂ ਤੇ ਹੀ ਕੁੱਝ ਕਰਾਂਗੇ ਤਾਂ ਸਫ਼ਲਤਾ ਮਿਲੇਗੀ ਨਹੀਂ ਤਾਂ ਸਾਨੂੰ ਵੀ ਕੈਦੀ ਹੀ ਬਣਨਾ ਪਵੇਗਾ ਤੇ ਪਜੰਾਬ ਦੀ ਵਾਗਡੋਰ ਕੇਂਦਰ ਸੰਭਾਲ ਲਵੇਗਾ।

ਕੀ ਇਹੋ ਚਾਹੁੰਦੇ ਹੋ ਤੁਸੀ? ਸਾਡੇ ਨਾਲ ਰਲ ਕੇ, ਸਾਨੂੰ ਮਜ਼ਬੂਤ ਕਰੋ ਤੇ ਆਪ ਵੀ ਮਜ਼ਬੂਤੀ ਫੜੋ। ਜੋ ਤੁਸੀ ਚਾਹੁੰਦੇ ਹੋ, ਉਹ ਅਸੀ ਦੇ ਦਿਆਂਗੇ ਪਰ ਫ਼ੈਸਲੇ ਲੈਣ ਦੀ ਤਾਕਤ ਸਾਡੇ ਕੋਲ ਹੀ ਰਹਿਣ ਦਿਉ, ਇਹ ਤਾਕਤ ਅਸੀ ਤੁਹਾਨੂੰ ਨਹੀਂ ਦੇ ਸਕਦੇ।’’ ਸਾਨੂੰ ਪਤਾ ਸੀ, ਇਹ ‘ਦਲੀਲਾਂ’ ਸਮਾਂ ਟਾਲਣ ਲਈ ਤਾਂ ਠੀਕ ਹਨ ਪਰ ਕੁਰਬਾਨੀ ਕਰਨ ਵਾਲਿਆਂ ਦੀ ਯਾਦ ਫਿਰ ਕਿਸੇ ਨੂੰ ਨਹੀਂ ਆਉਣੀ। ਸਪੋਕਸਮੈਨ ਸਮਝੌਤੇ ਦੀ ਹਰ ਗੱਲਬਾਤ ਸ਼ੁਰੂ ਹੋਣ ਵਾਲੇ ਪਲ ਤੋਂ ਹੀ ਇਹ ਸਲਾਹ ਦੇਣੀ ਸ਼ੁਰੂ ਕਰ ਦੇਂਦਾ ਸੀ ਕਿ ‘ਜੇਲ੍ਹਾਂ ਵਿਚ ਬੰਦ’ ਅਪਣੇ ਕੈਦੀਆਂ ਨੂੰ ਰਿਹਾਅ ਕਰਵਾਏ ਬਿਨਾਂ ਕੋਈ ਸਮਝੌਤਾ ਨਾ ਕਰਿਉ।’’

ਮੈਨੂੰ ਯਾਦ ਹੈ, ਜਦ ਰਾਜੀਵ-ਲੌਂਗੋਵਾਲ ਸਮਝੌਤੇ ਦੀ ਗੱਲ ਚਲ ਰਹੀ ਸੀ ਤਾਂ ਮੈਨੂੰ ‘ਹਾਰਟ ਅਟੈਕ’ ਹੋ ਗਿਆ ਸੀ ਤੇ ਮੈਂ ਕਈ ਮਹੀਨੇ ਉਠਣ ਜੋਗਾ ਵੀ ਨਹੀਂ ਸੀ ਰਿਹਾ। ਮੇਰਾ ਹਾਲ ਚਾਲ ਪੁੱਛਣ ਲਈ ਕਈ ਅਕਾਲੀ ਮੇਰੇ ਘਰ ਆਉਂਦੇ ਰਹਿੰਦੇ ਸੀ। ਇਨ੍ਹਾਂ ਵਿਚੋਂ ਇਕ ਸਨ ਪ੍ਰਿਥੀਪਾਲ ਸਿੰਘ ਕਪੂਰ ਜੋ ਡਾ. ਅਤਰ ਸਿੰਘ ਨਾਲ ਰਲ ਕੇ ਸਮਝੌਤੇ ਦੀ ਗੱਲ ਤੋੜ-ਚੜ੍ਹਾਉਣ ਵਾਲੇ ਦੋ ‘ਵਿਦਵਾਨਾਂ’  ਵਿਚੋਂ ਇਕ ਸਨ ਤੇ ਸੰਤ ਲੌਂਗੋਵਾਲ ਦੇ ਬਹੁਤ ਕਰੀਬੀ ਸਨ।

ਸਮਝੌਤਾ ਕਰਵਾਉਣ ਦੇ ਇਨਾਮ ਵਜੋਂ ਉਨ੍ਹਾਂ ਨੂੰ ਗੁਰੂ ਨਾਨਕ ਯੂਨੀਵਰਸਟੀ ਦਾ ਉਪ ਕੁਲਪਤੀ (ਪ੍ਰੋ ਵਾਈਸ ਚਾਂਸਲਰ) ਲਗਾ ਦਿਤਾ ਗਿਆ ਜਦਕਿ ਉਹ ਵਾਈਸ ਚਾਂਸਲਰ ਬਣਨਾ ਚਾਹੁੰਦੇ ਸੀ। ਡਾ. ਅਤਰ ਸਿੰਘ ਰੂਸ ਵਿਚ ਅੰਬੈਸੇਡਰ ਲਗਣਾ ਚਾਹੁੰਦੇ ਸੀ ਜਦਕਿ ਕੇਂਦਰ ਵਾਲਿਆਂ ਨੇ ਉਨ੍ਹਾਂ ਨੂੰ ਕਿਸੇ ਅਫ਼ਰੀਕੀ ਦੇਸ਼ ਵਿਚ ਅੰਬੈਸੇਡਰ ਬਣਾ ਦੇਣ ਦੀ ਪੇਸ਼ਕਸ਼ ਕਰ ਦਿਤੀ। ਪ੍ਰਿਥੀਪਾਲ ਸਿੰਘ ਨੂੰ ਤਾਂ ਜੋ ਮਿਲਿਆ, ਉਨ੍ਹਾਂ ਪ੍ਰਵਾਨ ਕਰ ਲਿਆ ਤੇ ਸੌਖੇ ਹੋ ਗਏ ਪਰ ਡਾ. ਅਤਰ ਸਿੰਘ ਨੂੰ ਸਦਮਾ ਲੱਗ ਗਿਆ ਕਿ ਕੇਂਦਰ ਨੇ ਉਨ੍ਹਾਂ ਨਾਲ ‘ਦਗ਼ਾ’ ਕੀਤਾ ਹੈ। ਇਸ ਸਦਮੇ ਨਾਲ ਉਹ ਡਾਢੇ ਬੀਮਾਰ ਹੋ ਗਏ ਤੇ ਛੇਤੀ ਹੀ ਪੀ.ਜੀ.ਆਈ. ਵਿਚ ਦਮ ਤੋੜ ਗਏ।

ਖ਼ੈਰ, ਉਪ੍ਰੋਕਤ ਪ੍ਰਿਥੀਪਾਲ ਸਿੰਘ ਇਕ ਦਿਨ ਮੇਰਾ ਹਾਲ ਚਾਲ ਪੁੱਛਣ ਆਏ ਤਾਂ ਮੈਂ ਬਿਸਤਰ ਤੇ ਲੇਟਿਆਂ ਹੀ ਸਵਾਲ ਕਰ ਦਿਤਾ, ‘‘ਸਮਝੌਤਾ ਕਰਵਾ ਤਾਂ ਆਏ ਹੋ ਪਰ ਕੈਦੀਆਂ ਅਤੇ ਲਾਪਤਾ ਕੀਤੇ ਮੁੰਡਿਆਂ ਦਾ ਕੀ ਕੀਤਾ ਜੇ? ਇਸ ਵਾਰ ਮੰਗਾਂ ਮੰਨਣ ਦਾ ਫੋਕਾ ਐਲਾਨ ਕਰ ਕੇ ਹੀ ਦਸਤਖ਼ਤ ਕਰ ਦਿਉਗੇ ਜਾਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਮਗਰੋਂ ਸਮਝੌਤੇ ਤੇ ਦਸਤਖ਼ਤ ਕਰੋਗੇ?’’...

ਪ੍ਰਿਥੀਪਾਲ ਸਿੰਘ ਮੈਨੂੰ ਟੋਕਦੇ ਹੋਏ, ਵਿਚੋਂ ਹੀ ਬੋਲ ਪਏ, ‘‘ਤੁਸੀ ਬੀਮਾਰ ਹੋ, ਐਵੇਂ ਚਿੰਤਾ ਨਾ ਕਰੋ। ਸੱਭ ਕੁੱਝ ਠੀਕ ਠਾਕ ਹੋ ਗਿਐ। ਅਸਲ ਵਿਚ ਇਸ ਵਾਰ ਰਾਜੀਵ ਗਾਂਧੀ ਸਿੱਖਾਂ ਨਾਲੋਂ ਜ਼ਿਆਦਾ ਕਾਹਲਾ ਹੈ ਕਿ ਸਿੱਖਾਂ ਨਾਲ ਤੁਰਤ ਸਮਝੌਤਾ ਹੋ ਜਾਏ। ਉਹ ਕਹਿੰਦਾ ਹੈ, ‘ਸੱਭ ਕੁੱਝ ਲੈ ਲਉ ਪਰ ਮੇਰੇ ਹੱਥੋਂ ਨਾ ਲਉ, ਆਪ ਅਪਣੀ ਸਰਕਾਰ ਬਣਾ ਕੇ ਕਮਿਸ਼ਨਾਂ ਕੋਲੋਂ ਲੈ ਲਉ।

ਸਰਕਾਰ ਤੁਹਾਡੀ ਹੋਵੇਗੀ, ਇਹ ਗਰੰਟੀ ਮੇਰੀ ਤੇ ਕਮਿਸ਼ਨਾਂ ਕੋਲ ਕੇਸ ਵੀ ਤੁਹਾਡੀ ਸਰਕਾਰ ਹੀ ਪੇਸ਼ ਕਰੇਗੀ ਤੇ ਕਮਿਸ਼ਨ ਉਹੀ ਫ਼ੈਸਲਾ ਦੇਣਗੇ ਜੋ ਤੁਹਾਡੀ ਸਰਕਾਰ ਆਖੇਗੀ। ਪਰ ਜੇ ਮੈਂ ਤੁਹਾਡੀਆਂ ਮੰਗਾਂ ਆਪ ਮੰਨ ਲਵਾਂ ਤਾਂ ਸਾਰੀਆਂ ਹਿੰਦੂ ਪਾਰਟੀਆਂ ਮੇਰੇ ਖ਼ਿਲਾਫ਼ ਉਠ ਪੈਣਗੀਆਂ ਤੇ ਤੁਹਾਨੂੰ ਵੀ ਕੁੱਝ ਨਹੀਂ ਮਿਲੇਗਾ।’ ਸੋ ਚਿੰਤਾ ਨਾ ਕਰੋ.....।’’

ਮੈਂ ਕਿਹਾ, ‘‘ਤੁਹਾਨੂੰ ਫਸਾ ਲੈਣਗੇ ਇਨ੍ਹਾਂ ਦਲੀਲਾਂ ਨਾਲ। ਕਮਿਸ਼ਨਾਂ ਨੇ ਤੁਹਾਨੂੰ ਕੁੱਝ ਨਹੀਂ ਦੇਣਾ, ਤੁਹਾਡੀ ਸਰਕਾਰ ਜੋ ਮਰਜ਼ੀ ਕਹਿ ਲਵੇ ਉਨ੍ਹਾਂ ਨੂੰ। ਤੁਸੀ ਮੇਰਾ ਇਕ ਕੰਮ ਕਰੋ। ਮੈਨੂੰ ਤਾਂ ਘਰੋਂ ਬਾਹਰ ਨਹੀਂ ਨਿਕਲਣ ਦੇਂਦੇ ਪਰ ਸੰਤ ਲੌਂਗੋਵਾਲ ਤਕ ਮੇਰਾ ਇਹ ਸੁਨੇਹਾ ਪਹੁੰਚਾ ਦਿਉ ਕਿ ਨਕਦ ਆਨਾ ਮਿਲਦਾ ਜੇ ਤਾਂ ਆਨਾ ਲੈ ਲਉ ਪਰ ਕਲ ਦੀ ਤਾਰੀਖ਼ ਦਾ ਚੈੱਕ ਰੁਪਈਏ ਦਾ ਮਿਲਦਾ ਜੇ ਤਾਂ ਉਹ ਕਦੇ ਨਾ ਲੈਣਾ ਕਿਉਂਕਿ ਉਹ ਕਦੇ ਕੈਸ਼ ਨਹੀਂ ਹੋਣਾ।’’

ਡਾ. ਪ੍ਰਿਥੀਪਾਲ ਸਿੰਘ ਹੱਸ ਪਏ ਤੇ ਇਹ ਕਹਿੰਦੇ ਹੋਏ ਉਠ ਪਏ, ‘‘ਤੁਸੀ ਬੀਮਾਰ ਓ, ਚਿੰਤਾ ਨਾ ਕਰਿਆ ਕਰੋ। ਤੁਸੀ ਕਦੇ ਰਾਜੀਵ ਗਾਂਧੀ ਦੀਆਂ ਗੱਲਾਂ ਆਪ ਸੁਣ ਸਕਦੇ ਤਾਂ ਤੁਹਾਨੂੰ ਯਕੀਨ ਹੋ ਜਾਂਦਾ ਕਿ ਰਾਜੀਵ ਸਾਡੇ ਨਾਲੋਂ ਜ਼ਿਆਦਾ ਕਾਹਲਾ ਪਿਆ ਹੋਇਐ ਕਿ ਸਿੱਖਾਂ ਦੀਆਂ ਸਾਰੀਆਂ ਮੰਗਾਂ ਵੀ ਮੰਨ ਲਈਆਂ ਜਾਣ ਤੇ ਹਿੰਦੂ ਪਾਰਟੀਆਂ ਕੋਈ ਰੁਕਾਵਟ ਵੀ ਨਾ ਖੜੀ ਕਰ ਸਕਣ....।’’

ਰਾਜੀਵ-ਲੌਂਗੋਵਾਲ ਸਮਝੌਤੇ ਨੂੰ ਲੈ ਕੇ ਮੈਂ ਸਪੋਕਸਮੈਨ ਵਿਚ ਇਹ ਸੱਚ ਲਗਾਤਾਰ ਦੁਹਰਾਉਂਦਾ ਰਿਹਾ ਕਿ ਸਮਝੌਤੇ ’ਚੋਂ ਨਾ ਕੁੱਝ ਨਿਕਲਿਆ ਹੈ, ਨਾ ਕੁੱਝ ਨਿਕਲੇਗਾ ਹੀ। ਸਮਝੌਤੇ ਦੀ ਮੇਜ਼ ’ਤੇ ਆ ਕੇ ਜਿੱਤੀ ਹੋਈ ਬਾਜ਼ੀ ਹਾਰਨ ਦੀ ਪਿਛਲੀ ਰਵਾਇਤ ਹੀ ਦੁਹਰਾਈ ਗਈ ਹੈ। ਅਕਾਲੀ ਲੀਡਰਾਂ ਦਾ ਜਵਾਬ ਇਕੋ ਹੁੰਦਾ ਸੀ, ‘‘ਸਪੋਕਸਮੈਨ ਵਾਲਾ ਐਵੇਂ ਪੁੱਠੀ ਗੱਲ ਕਰਨ ਦੀ ਆਦਤ ਦਾ ਸ਼ਿਕਾਰ ਹੈ।

ਸਾਰੀ ਕੌਮ ਖ਼ੁਸ਼ ਹੈ ਪਰ ਇਹਨੂੰ ਸਾਰੇ ਸਿੱਖਾਂ ਦੀ ਖ਼ੁਸ਼ੀ ਨਜ਼ਰ ਨਹੀਂ ਆਉਂਦੀ।’’ ਜਿਹੜੀ ਮਾਯੂਸੀ ਮੈਨੂੰ ਉਦੋਂ ਹੋਈ ਸੀ, ਉਹ ਅੱਜ ਸਾਰੀ ਕੌਮ ਨੂੰ ਹੋਈ ਪਈ ਹੈ। ਨਾ ਕੁੱਝ ਮਿਲਿਆ, ਨਾ ਮਿਲੇਗਾ ਹੀ ਤੇ ਸਮਝੌਤੇ ਦੇ ਨਾਂ ’ਤੇ ਖੋਹਿਆ ਬਹੁਤ ਕੁੱਝ ਗਿਆ ਹੈ। ਸਿਰਫ਼ ਇਕ ਭਾਈ ਰਾਜੋਆਣਾ ਦੀ ਗੱਲ ਨਹੀਂ, ਹਰ ਬੰਦੀ ਤੇ ਪੰਜਾਬ, ਸਿੱਖਾਂ ਦੇ ਹਰ ਮਸਲੇ ਦਾ ਇਹੀ ਹਸ਼ਰ ਹੋਇਆ ਹੈ।