ਕੋਟਲਾ ਛਪਾਕੂ ਜੁੰਮੇ ਰਾਤ ਆਈ ਏ ਜਿਹੜਾ ਅੱਗੇ ਪਿੱਛੇ ਵੇਖੇ (ਮੰਗੇ) ਉਹਦੀ ਸ਼ਾਮਤ ਆਈ ਏ! 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਚੋਣ ਮੌਸਮ ਵਿਚ ਵੀ ਕਿਸਾਨਾਂ ਨੂੰ ਕੋਟਲਾ ਛਪਾਕੂ ਨਾਲ ਕਿਉਂ ਕੁਟਿਆ ਜਾ ਰਿਹਾ ਹੈ?

File Photo

50-60 ਸਾਲ ਪਹਿਲਾਂ ਤਕ ‘ਕੋਟਲਾ ਛਪਾਕੂ’ ਖੇਡ ਪੰਜਾਬ ਦਾ ਬੱਚਾ-ਬੱਚਾ ਉਸੇ ਤਰ੍ਹਾਂ ਹੀ ਖੇਡਿਆ ਕਰਦਾ ਸੀ ਜਿਵੇਂ ਗੁੱਲੀ ਡੰਡਾ, ਬੰਟੇ, ਛੁਪਣ ਛੁਪਾਈ, ਔਂਸੀਆਂ, ਸ਼ਟਾਪੂ ਆਦਿ। ਆਨੇ ਟਕੇ ਦਾ ਖ਼ਰਚਾ ਕੀਤੇ ਬਿਨਾਂ, ਸ੍ਰੀਰ ਤੰਦਰੁਸਤ ਰੱਖਣ ਵਾਲੀਆਂ ਇਹ ਪੰਜਾਬੀ ਖੇਡਾਂ ਜਿਵੇਂ ਪੰਜਾਬ ਦੇ ਹਰ ਜਾਏ ਲਈ, ਕੁਦਰਤ ਰਾਣੀ ਨੇ ਖੇਡਣੀਆਂ ਲਾਜ਼ਮੀ ਕੀਤੀਆਂ ਹੋਈਆਂ ਸਨ।

ਬਾਅਦ ਵਿਚ ਹਾਕੀ ਵੀ ਇਨ੍ਹਾਂ ਵਿਚ ਸ਼ਾਮਲ ਹੋ ਗਈ ਪਰ ਹਾਕੀ ਵੀ ਖਿੱਦੋ ਖੂੰਡੀ ਨਾਲ ਹੀ ਖੇਡੀ ਜਾਂਦੀ ਸੀ, ਅਜਕਲ ਦੀ ਹਾਕੀ ਸਟਿੱਕ ਨਾਲ ਨਹੀਂ ਕਿਉਂਕਿ ਖੇਡ ਦਾ ਮਤਲਬ ਪੰਜਾਬ ਵਿਚ ਇਹੀ ਲਿਆ ਜਾਂਦਾ ਸੀ ਕਿ ਮਨ ਪ੍ਰਚਾਵੇ ਤੇ ਸ੍ਰੀਰਕ ਕਸਰਤ ਦੀ ਉਹ ਖੇਡ ਜਿਸ ਵਿਚ ਹਰ ਪੰਜਾਬੀ ਬੱਚਾ ਗ਼ਰੀਬ, ਅਮੀਰ, ਪੜਿ੍ਹਆ, ਅਨਪੜ੍ਹ, ਗੋਰਾ-ਕਾਲਾ ਬਰਾਬਰੀ ਤੇ ਬੈਠ ਕੇ ਸ਼ਾਮਲ ਹੋ ਸਕੇ ਤੇ ਪੈਸਾ ਕਿਸੇ ਨੂੰ ਵੀ ਖ਼ਰਚਣਾ ਨਾ ਪਵੇ ਮਤਲਬ ਮੁਫ਼ਤ ਦਾ ਮੌਜ ਮੇਲਾ ਤੇ ਮੁਫ਼ਤ ਦੀ ਖੇਡ ਖਿਡਾਈ। ਅਖ਼ੀਰ ਵਿਚ ਜੇਤੂ ਵੀ ਫ਼ਖ਼ਰ ਨਾਲ ਏਨਾ ਹੀ ਐਲਾਨ ਕਰ ਸਕਦਾ ਸੀ ਕਿ ‘‘ਅੱਜ ਮੈਂ 10 ਬੰਟੇ ਜਿੱਤੇ’’ ਜਾਂ ‘‘ਅੱਜ ਮੈਂ ਗੁੱਲੀ ਡੰਡੇ ਵਿਚ ਦੋ ਘੰਟੇ ਸਾਰਿਆਂ ਨੂੰ ਪਿਦਾਈ ਰਖਿਆ’’ ਜਾਂ ‘‘ਕੁਸ਼ਤੀ ਭਲਵਾਨਾਂ ਨੇ ਝੰਡੀ ਲੁੱਟ ਲਈ’’ ਵਗ਼ੈਰਾ ਵਗ਼ੈਰਾ। ਪੈਸੇ ਦਾ ਕੋਈ ਦਖ਼ਲ ਹੀ ਨਹੀਂ ਸੀ ਹੁੰਦਾ ਪੰਜਾਬੀ ਖੇਡਾਂ ਵਿਚ। 

ਇਨ੍ਹਾਂ ਖੇਡਾਂ ਵਿਚ ਹੀ ਇਕ ਖੇਡ ਹੁੰਦੀ ਸੀ ‘ਕੋਟਲਾ ਛਪਾਕੂ’। ਸਾਰੇ ਮੁੰਡੇ ਕੁੜੀਆਂ ਇਕ ਗੋਲ ਚੱਕਰ ਵਿਚ ਬੈਠ ਜਾਇਆ ਕਰਦੇ ਸਨ। ਇਕ ਮੁੰਡਾ ਜਾਂ ਕੁੜੀ ਕਪੜੇ ਦਾ ਇਕ ‘ਛਪਾਕੂ’ (ਇੰਨੂੰ ਵਾਂਗ ਗੋਲ ਕੀਤਾ, ਇਕ ਡੇਢ ਫ਼ੁਟ ਲੰਬਾਈ ਵਾਲਾ) ਚੁੱਕ ਕੇ ਉਸ ਦੇ ਪਿੱਛੇ ਇਹ ਕਹਿੰਦਾ ਦੌੜਦਾ ਸੀ ਕਿ ‘‘ਕੋਟਲਾ ਛਪਾਕੂ ਜੁੰਮੇ ਰਾਤ ਆਈ ਏ, ਜਿਹੜਾ ਅੱਗੇ ਪਿੱਛੇ ਵੇਖੇ ਉਹਦੀ ਸ਼ਾਮਤ ਆਈ ਏ।’’ ਬੈਠੇ ਮੁੰਡੇ ਕੁੜੀਆਂ ਨੂੰ ਪਿੱਛੇ ਵੇਖਣ ਦੀ ਇਜਾਜ਼ਤ ਨਹੀਂ ਸੀ ਹੁੰਦੀ। ਜਿਹੜਾ ਕਾਣੀ ਅੱਖ ਨਾਲ ਪਿੱਛੇ ਵੇਖਣ ਦੀ ਕੋਸ਼ਿਸ਼ ਕਰਦਾ ਫੜਿਆ ਜਾਂਦਾ, ਉਸ ਨੂੰ ਛਪਾਕੂ ਦੀ ਮਾਰ ਖਾਣੀ ਪੈ ਜਾਂਦੀ ਸੀ... ਬਾਕੀ ਦੀ ਖੇਡ ਦਾ ਤੁਹਾਨੂੰ ਪਤਾ ਹੀ ਹੈ ਕਿ ਕਿਵੇਂ ਹਰ ਇਕ ਦੀ, ਛਪਾਕੂ ਚੁੱਕ ਕੇ ਦੌੜਨ ਦੀ ਵਾਰੀ ਆ ਜਾਂਦੀ ਸੀ ਤੇ ਫਿਰ ਉਹ ਦੂਜਿਆਂ ਨੂੰ ਛਪਾਕੂ ਮਾਰ ਕੇ ਦੁੜਾਂਦਾ ਸੀ। 

ਮੈਨੂੰ ਇਸ ਖੇਡ ਦੀ ਯਾਦ ਅੱਜ ਸਿਆਸੀ ਪਾਰਟੀਆਂ ਵਲੋਂ ਚੋਣਾਂ ਮੌਕੇ ਵੋਟਰਾਂ ਨੂੰ ਮੂੰਹ ਮੰਗੀਆਂ ‘ਮੁਫ਼ਤੀਆਂ’ ਜਾਂ ਮੁਫ਼ਤ ਚੀਜ਼ਾਂ ਦੇਣ ਦੇ ਵਾਅਦੇ ਕਰ ਕੇ, ਉਨ੍ਹਾਂ ਤੋਂ ਬਦਲੇ ਵਿਚ ਵੋਟ ਦੇਣ ਦੀ ਮੰਗ ਕਰਦਿਆਂ ਵੇਖ ਕੇ ਆ ਗਈ (ਕਿਸੇ ਇਕ ਪਾਰਟੀ ਦੀ ਗੱਲ ਨਹੀਂ, ਸਾਰੀਆਂ ਦਾ ਚੋਣ-ਮੰਤਰ ਇਕੋ ਹੀ ਹੈ) ਪਰ ਅੱਗੇ ਪਿੱਛੇ ਕੋਈ ਇਨ੍ਹਾਂ ਹੀ ਖੁਲ੍ਹਦਿਲੀ ਵਿਖਾਣ ਵਾਲੀਆਂ ਪਾਰਟੀਆਂ ਕੋਲੋਂ ਕੁੱਝ ਮੰਗ ਲਵੇ ਤਾਂ ਸਾਫ਼ ਨਾਂਹ ਤੇ ‘ਛਪਾਕੂ’ ਨਾਲ ਕੁੱਟ ਕੁਟਾਈ ਸ਼ੁਰੂ ਹੋ ਜਾਂਦੀ ਹੈ।  ਇਸ ਲਈ ਮੈਂ ਖੇਡ ਵਿਚ ਵਰਤੀ ਜਾਂਦੀ ਬੋਲੀ ਨੂੰ ਮਾੜਾ ਜਿਹਾ ਤਬਦੀਲ ਕਰ ਕੇ ‘ਜਿਹੜਾ ਅੱਗੇ ਪਿੱਛੇ ਵੇਖੇ’ ਨੂੰ ‘ਜਿਹੜਾ ਅੱਗੇ ਪਿੱਛੇ ਮੰਗੇ’ ਕਰ ਦਿਤਾ ਹੈ ਜੋ ਚੋਣਾਂ ਦੇ ਮੌਸਮ ਤੇ ਢੁਕਦਾ ਹੈ। ਚੋਣਾਂ ਵੇਲੇ ਵੋਟਾਂ ਦੇਣ ਦੀ ਪੱਕ ਕਰ ਕੇ ਜੋ ਮੰਗ ਲਉ, ਮਿਲ ਜਾਏਗਾ ਪਰ ਜੇ ਅੱਗੇ ਪਿੱਛੇ ਮੰਗਿਆ ਤਾਂ ਛਪਾਕੂ ਨਾਲ ਕੁੱਟੇ ਜਾਉਗੇ। 

ਹਾਂ ਚੋਣਾਂ ਦੇ ਇਸ ਮੌਸਮ ਵਿਚ ਗ਼ਲਤ ਮੰਗਾਂ ਵੀ ਮੰਨੀਆਂ ਜਾ ਰਹੀਆਂ ਹਨ ਪਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਵੀ ਕਿਉਂ ਨਹੀਂ ਮੰਨੀਆਂ ਜਾ ਰਹੀਆਂ? ਇਥੇ ਆ ਕੇ ਚੋਣ ਮੌਸਮ ਦੇ ਨਿਯਮ ਕਿਉਂ ਬਦਲ ਜਾਂਦੇ ਹਨ? ਚੋਣ ਮੌਸਮ ਵਿਚ ਵੀ ਕਿਸਾਨਾਂ ਨੂੰ ਕੋਟਲਾ ਛਪਾਕੂ ਨਾਲ ਕਿਉਂ ਕੁਟਿਆ ਜਾ ਰਿਹਾ ਹੈ? ਚੋਣ ਮੌਸਮ ਵਿਚ ਤਾਂ ਨਾਜਾਇਜ਼ ਮੰਗਾਂ ਮੰਨਣ ਵਾਲਿਆਂ ਅੱਗੇ ਵੀ ਸਰਕਾਰਾਂ ‘ਜੀ ਜੀ ਕਰਦੀਆਂ ਫਿਰਦੀਆਂ ਹਨ। ਕੀ ਇਸ ਚੋਣ ਮੌਸਮ ਵਿਚ ਵਕਤ ਦੀ ਸਰਕਾਰ ਨੂੰ ਕਿਸਾਨਾਂ ਦੀਆਂ ਵੋਟਾਂ ਦੀ ਲੋੜ ਨਹੀਂ? 

ਲੋੜ ਤਾਂ ਹੈ ਪਰ ਧੰਨਾ ਸੇਠਾਂ ਨੇ ਪਹਿਲਾਂ ਹੀ ਮੋਦੀ ਸਰਕਾਰ ਨਾਲ ਗੱਲ ਮੁਕਾ ਲਈ ਹੋਈ ਹੈ ਕਿ ‘‘ਤੁਸੀ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਤੁਹਾਨੂੰ ਜਿਤਾਉਣ ਦਾ ਜ਼ਿੰਮਾ ਸਾਡਾ। ਚੋਣਾਂ ਜਿੱਤਣ ਲਈ ਜੋ ਵੀ ਪੈਸਾ ਚਾਹੀਦਾ ਹੋਵੇਗਾ, ਅਸੀ ਦਿਆਂਗੇ। ਅਸੀ ਤੁਹਾਨੂੰ ਕਿਵੇਂ ਜਿਤਾਂਦੇ ਹਾਂ, ਇਹ ਗੱਲ ਸਾਡੇ ਤੇ ਛੱਡੋ, ਤੁਸੀ ਬਸ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਣੀਆਂ। ਜਿਵੇਂ ਕਿਸਾਨ ਕਹਿੰਦੇ ਨੇ ਕਿ ਕਾਲੇ ਕਾਨੂੰਨ ਉਨ੍ਹਾਂ ਦੀ ਮੌਤ ਦੇ ਵਾਰੰਟ ਹਨ, ਇਸੇ ਤਰ੍ਹਾਂ ਸਮਝ ਲਉ ਕਿ ਇਹ ਕਾਨੂੰਨ ਰੱਦ ਕਰਨ ਵਾਲਾ ਹਰ ਕਦਮ ਵੀ ਸਾਡੀ ਮੌਤ ਦਾ ਵਾਰੰਟ ਹੋਵੇਗਾ ਤੇ ਸਾਡੀ ਮੌਤ ਦੇ ਵਾਰੰਟਾਂ ਉਤੇ ਦਸਤਖ਼ਤ ਕਰਨ ਵਾਲਾ ਵੀ ਅਪਣੀ ਕੁਰਸੀ ਨਹੀਂ ਬਚਾ ਸਕੇਗਾ।’’ 

ਸੋ ਵਿਚਾਰੀ ਮੋਦੀ ਸਰਕਾਰ ਵੀ ਕੁੜਿੱਕੀ ਵਿਚ ਉਸੇ ਤਰ੍ਹਾਂ ਹੀ ਫਸੀ ਹੋਈ ਹੈ ਜਿਵੇਂ ਬਾਦਲਾਂ ਨੇ ਪ੍ਰਾਈਵੇਟ ਕੰਪਨੀਆਂ ਨਾਲ ਬਿਜਲੀ ਸਮਝੌਤੇ ਕਰ ਕੇ ਕੈਪਟਨ ਸਰਕਾਰ ਨੂੰ ਵੀ ਇਸ ਤਰ੍ਹਾਂ ਫਸਾ ਲਿਆ ਹੋਇਆ ਹੈ ਕਿ ਉਹ ਇਨ੍ਹਾਂ ਕੰਪਨੀਆਂ ਵਿਰੁਧ ‘ਕੋਟਲਾ ਛਪਾਕੂ’ ਚਲਾਉਣ ਦੀ ਹਿੰਮਤ ਕਰਦੀ ਕਰਦੀ, ਅਪਣੇ ਲਈ ਨਵੀਂ ਮੁਸੀਬਤ ਖੜੀ ਕਰਨ ਦੀ ਹਿੰਮਤ ਨਹੀਂ ਕਰ ਸਕਦੀ। ਜੇ ਉਹ ਸਮਝੌਤੇ ਰੱਦ ਨਹੀਂ ਕਰਦੀ ਤਾਂ ਮੁਸੀਬਤ ਤੇ ਜੇ ਰੱਦ ਕਰਦੀ ਹੈ ਤਾਂ ਉਸ ਤੋਂ ਵੀ ਵੱਡੀ ਮੁਸੀਬਤ!

ਸੋ ਇਹ ਹੈ ਉਹ ਕਾਰਨ ਜਿਸ ਸਦਕਾ ਚੋਣਾਂ ਦੇ ਮੌਸਮ ਵਿਚ ਹਰ ਜਾਇਜ਼ ਨਾਜਾਇਜ਼ ਮੰਗ ਅੱਗੇ ਸਿਰ ਝੁਕਾਉਣ ਵਾਲੀ ਸਰਕਾਰ, ਕਿਸਾਨਾਂ ਦੀਆਂ 100 ਫ਼ੀ ਸਦੀ ਜਾਇਜ਼ ਮੰਗਾਂ ਨੂੰ ਵੀ ਮੰਨਣ ਲਈ ਤਿਆਰ ਨਹੀਂ ਹੋ ਰਹੀ। ਫਿਰ ਸਮੱਸਿਆ ਦਾ ਹੱਲ ਕੀ ਨਿਕਲੇਗਾ? ਉਹੀ ਜੋ ਮਮਤਾ ਬੈਨਰਜੀ ਨੇ ਬੰਗਾਲ ਵਿਚ ਕਢਿਆ ਹੈ ਅਰਥਾਤ ਕੋਟਲਾ ਛਪਾਕੂ ਆਪ ਚੁੱਕ ਕੇ ਜ਼ਿਆਦਤੀ ਕਰਨ ਵਾਲਿਆਂ ਨੂੰ ਮੈਦਾਨ ਤੋਂ ਬਾਹਰ ਭਜਾ ਦੇਵੋ। ਡੈਮੋਕਰੇਸੀ ਅਤੇ ਸੰਵਿਧਾਨ ਵਿਚ ਤਾਂ ਹੋਰ ਕੋਈ ਹੱਲ ਨਹੀਂ ਦਸਿਆ ਗਿਆ।