ਕਿਸਾਨੀ ਅੰਦੋਲਨ ਤੋਂ ਪੰਜਾਬੀਆਂ ਨੂੰ ਸਿਆਸੀ ਬਦਲਾਅ ਦੀ ਉਮੀਦ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਹ ਅੰਦੋਲਨ ਸੰਘਰਸ਼ੀ ਲੋਕਾਂ ਲਈ ਨਵੇਂ ਰਾਹ ਖੋਲ੍ਹੇਗਾ ਜੋ ਕਿ ਲੋਕਤੰਤਰ ਲਈ ਸ਼ੁੱਭ ਸ਼ਗਨ ਹੋਵੇਗਾ।

File photo

ਨਵੀਂ ਦਿੱਲੀ: ਭਾਰਤ ਸਰਕਾਰ ਨੇ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਵਿਚ ਦਖ਼ਲ ਦਿੰਦਿਆਂ ਖੇਤੀਬਾੜੀ ਸਬੰਧੀ ਕਾਨੂੰਨ ਉਦੋਂ ਸਦਨ ਵਿਚ ਧੱਕੇ ਨਾਲ ਪਾਸ ਕਰਵਾਏ ਜਦੋਂ ਦੁਨੀਆਂ ਕੋਵਿਡ-19 ਨਾਲ ਲੜ ਰਹੀ ਸੀ। ਪੰਜਾਬ ਦੀ ਬੀ.ਜੇ.ਪੀ ਸਰਕਾਰ ਵਿਚ ਭਾਈਵਾਲ ਅਕਾਲੀ ਦਲ ਸਮੇਤ ਸਾਰੀਆਂ ਧਿਰਾਂ ਨੂੰ ਇਸ ਬਾਰੇ ਜਾਣਕਾਰੀ ਸੀ ਪਰ ਕਿਸੇ ਨੇ ਕੋਈ ਵਿਰੋਧ ਨਾ ਕੀਤਾ। ਜਦੋਂ ਇਨ੍ਹਾਂ ਕਾਨੂੰਨਾਂ ਦੀਆਂ ਕਨਸੋਆਂ ਕਿਸਾਨ ਜੱਥੇਬੰਦੀਆਂ ਨੂੰ ਪਈਆਂ ਉਦੋਂ ਤੋਂ ਹੀ ਕਿਸਾਨ ਜੱਥੇਬੰਦੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿਤਾ।  ਕਿਸਾਨ ਜਥੇਬੰਦੀਆਂ ਦਾ ਵਿਰੋਧ ਤਕਰੀਬਨ ਛੇ ਮਹੀਨੇ ਪਹਿਲਾਂ ਪੰਜਾਬ ਦੇ ਪਿੰਡਾਂ ਤੋਂ ਸ਼ੁਰੂ ਹੋ ਕੇ ਅੱਜ ਦਿੱਲੀ ਤਕ ਪੁੱਜ ਗਿਆ ਹੈ। ਪੰਜਾਬ ਦੀਆਂ ਸਿਆਸੀ ਧਿਰਾਂ ਅੱਜ ਵੀ ਮੂਕ ਦਰਸ਼ਕ ਬਣੀਆਂ ਕਿਸੇ ਅਜਿਹੇ ਮੌਕੇ ਦੀ ਤਲਾਸ਼ ਵਿਚ ਹਨ, ਜੋ ਉਨ੍ਹਾਂ ਨੂੰ ਇਸ ਸੰਘਰਸ਼ ਵਿਚ ਹੀਰੋ ਬਣਾ ਸਕੇ। ਕਿਸਾਨ ਜਥੇਬੰਦੀਆਂ ਦੀ ਸਿਆਣਪ ਕਹਿ ਲਉ ਜਾਂ ਪੰਜਾਬ ਦੇ ਨੌਜੁਆਨਾਂ ਦਾ ਏਕਾ ਤੇ  ਰੋਹ ਕਹਿ ਲਉ, ਸਿਆਸੀ ਧਿਰਾਂ ਇਸ ਸੰਘਰਸ਼ ਵਿਚੋਂ ਦੂਰ ਹੀ ਹਨ। ਸਿਆਸੀ ਧਿਰਾਂ ਨੂੰ ਇਸ ਅੰਦੋਲਨ ਤੋਂ ਦੂਰ ਰਖਣਾ ਪੰਜਾਬ ਦੇ ਨਵੇਂ ਸਿਆਸੀ ਮਾਹੌਲ ਲਈ ਸ਼ੱੁਭ ਸੰਕੇਤ ਕਿਹਾ ਜਾ ਸਕਦਾ ਹੈ। 

ਪੰਜਾਬ ਦੇ ਸਿਆਸੀ ਪਿਛੋਕੜ ਵਲ ਨਜ਼ਰ ਮਾਰੀਏ ਤਾਂ ਆਜ਼ਾਦੀ ਤੋਂ ਬਾਅਦ ਤੇ ਖ਼ਾਸ ਕਰ ਪੰਜਾਬ ਦੀ ਵੰਡ ਤੋਂ ਹੁਣ ਤਕ ਰਵਾਇਤੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਹੀ ਵਾਰੀ-ਵਾਰੀ ਇਥੇ ਰਾਜ ਕਰਦੀਆਂ ਰਹੀਆਂ ਹਨ। ਇਨ੍ਹਾਂ ਪਾਰਟੀਆਂ ਨੇ ਪੰਜਾਬ ਨੂੰ ਹਰ ਪੱਖੋਂ ਲੁਟਿਆ ਤੇ ਕੁਟਿਆ ਹੈ। ਇਹ ਪਾਰਟੀਆਂ ਸੱਤਾ ਵਿਚ ਆ ਕੇ ਚਾਰ ਸਾਲ ਖ਼ਜ਼ਾਨਾ ਖ਼ਾਲੀ ਦਾ ਰੌਲਾ ਪਾਉਂਦੀਆਂ ਹਨ ਤੇ ਚੋਣਾਂ ਦੇ ਸਾਲ ਵਿਚ ਗਲੀਆਂ ਨਾਲੀਆਂ ਤੇ ਸੜਕਾਂ ਦੇ ਨਾਂ ਉਤੇ ਗ੍ਰਾਂਟਾਂ ਵੰਡ ਕੇ ਭਰਮਾਉਂਦੀਆਂ ਰਹੀਆਂ ਹਨ । ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਵਿਚ ਨਾ ਨੌਜੁਆਨਾਂ ਨੂੰ ਰੁਜ਼ਗਾਰ ਮਿਲਦਾ ਹੈ ਤੇ ਨਾ ਹੀ ਪੜ੍ਹਾਈ ਦੇ ਮੌਕੇ। ਮਜਬੂਰਨ ਨੌਜੁਆਨ ਵਿਦੇਸ਼ਾਂ ਨੂੰ ਜਾ ਰਹੇ ਹਨ। ਪੰਜਾਬ ਦੇ ਨੌਜੁਆਨਾਂ ਦੀ ਇਸ ਦੁਰਦਸ਼ਾ ਲਈ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਜ਼ਿੰਮੇਵਾਰ ਹਨ। ਪੰਜਾਬ ਵਿਚ ਰੇਤ ਮਾਫ਼ੀਆ, ਕੇਬਲ ਮਾਫ਼ੀਆ, ਟ੍ਰਾਂਸਪੋਰਟ ਮਾਫ਼ੀਆ ਵੀ ਇਨ੍ਹਾਂ ਰਵਾਇਤੀ ਸਿਆਸੀ ਪਾਰਟੀਆਂ ਦੀ ਦੇਣ ਹੈ। ਪੰਜਾਬ ਦੇ ਲੋਕ ਹੁਣ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਚਾਹੁੰਦੇ ਹਨ।  

ਕਿਸਾਨ ਅੰਦੋਲਨ ਅੱਜ ਸਿਖਰ ਤੇ ਹੈ। ਪੰਜਾਬ ਦੇ ਲੋਕਾਂ ਦੇ ਚੁਣੇ ਹੋਏ 117 ਐਮ.ਐਲ.ਏ ਤੇ 13 ਐਮ.ਪੀ ਕਿਥੇ ਹਨ? ਕੀ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਰਾਜ ਸੱਤਾ ਹੰਢਾਅ ਰਹੇ ਲੋਕਾਂ ਦਾ ਅੱਜ ਅੱਗੇ ਹੋ ਕੇ ਕਿਸਾਨੀ ਮਸਲਾ ਨਿਬੇੜਨਾ ਜ਼ਰੂਰੀ ਨਹੀਂ ਸੀ? ਠੀਕ ਹੈ ਲੋਕ ਅੱਜ ਇਨ੍ਹਾਂ ਤੇ ਵਿਸ਼ਵਾਸ ਨਹੀਂ ਕਰਦੇ ਪਰ ਇਨ੍ਹਾਂ ਸੱਭ ਦਾ ਇਖ਼ਲਾਕੀ ਫ਼ਰਜ਼ ਉਸ ਤਰ੍ਹਾਂ ਬਣਦਾ ਸੀ ਜਿਵੇਂ ਪੰਜਾਬ ਦੇ ਲੋਕ ਇਕ ਮੱਤ ਹੋ ਕੇ ਏਕਤਾ ਦੇ ਧਾਗੇ ਵਿਚ ਪਰੋਏ ਕੇਂਦਰ ਸਰਕਾਰ ਨੂੰ ਵੰਗਾਰ ਰਹੇ ਹਨ। ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਅਪਣਾ ਫ਼ਰਜ਼ ਨਿਭਾਉਣਾ ਚਾਹੀਦਾ ਸੀ। ਇਸ ਸਮੇਂ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਆਖੇ ਜਾਂਦੇ ਸ. ਪ੍ਰਕਾਸ਼ ਸਿੰਘ ਬਾਦਲ ਸਾਹਬ ਸਮੇਤ ਸਾਰੇ ਸਿਆਸਤਦਾਨ ਅੱਜ ਫੇਲ੍ਹ ਸਾਬਤ ਹੋਏ ਹਨ। ਪੰਜਾਬ ਲਈ ਸੰਘਰਸ਼ ਵੀ ਆਮ ਲੋਕਾਂ ਨੇ ਕਰਨਾ ਹੈ, ਧਰਨੇ ਵੀ ਦਿੱਲੀ ਜਾ ਕੇ ਆਮ ਲੋਕਾਂ ਤੇ ਕਿਸਾਨਾਂ ਨੇ ਲਾਉਣੇ ਹਨ, ਤਾਂ ਫਿਰ ਇਨ੍ਹਾਂ ਸਿਆਸਤਦਾਨਾਂ ਦਾ ਕੰਮ ਕੀ ਹੈ? ਕੀ ਇਹ ਸਿਰਫ਼ ਚਡੀਗੜ੍ਹ ਵਿਚ ਬੈਠ ਕੇ ਮੀਟਿੰਗ ਕਰਨ ਜੋਗੇ ਹੀ ਹਨ? ਕੀ ਇਨ੍ਹਾਂ ਨੂੰ ਸਰਕਾਰੀ ਫ਼ੰਡਾਂ ਉਤੇ ਐਸ਼ ਕਰਨ ਲਈ ਚੁਣਿਆ ਗਿਆ ਹੈ? ਇਹ ਪ੍ਰਸ਼ਨ ਹੁਣ ਸੱਭ ਪੰਜਾਬੀਆਂ ਦੇ ਮਨਾਂ ਵਿਚ ਉਠ ਰਹੇ ਹਨ।  

ਪੰਜਾਬ ਦੇ ਰਵਾਇਤੀ ਸਿਆਸਤਦਾਨਾਂ ਪ੍ਰਤੀ ਆਮ ਲੋਕਾਂ ਵਿਚ ਪੈਦਾ ਹੋਈ ਨਫ਼ਰਤ ਹੀ ਪੰਜਾਬ ਦੇ ਸਿਆਸੀ ਭਵਿੱਖ ਨੂੰ ਤੈਅ ਕਰੇਗੀ। ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਪੰਜਾਬ ਹਮੇਸ਼ਾ ਦੇਸ਼ ਦੀ, ਹਰ ਸੰਘਰਸ਼ ਵਿਚ ਅਗਵਾਈ ਕਰਦਾ ਰਿਹਾ ਹੈ, ਅੱਜ ਕਿਸਾਨੀ ਘੋਲ ਵੀ ਪੰਜਾਬ ਵਿਚੋਂ ਸ਼ੁਰੂ ਹੋ ਕੇ ਦੇਸ਼ ਵਿਆਪੀ ਹੋ ਗਿਆ ਹੈ। ਪੰਜਾਬ ਦਾ ਬੱਚਾ-ਬੱਚਾ, ਚਾਹੇ ਉਹ ਕਿਸੇ ਵੀ ਧਰਮ, ਜਾਤ ਦਾ ਹੋਵੇ, ਇਸ ਵਿਚ ਸ਼ਾਮਲ ਹੋਣਾ ਅਪਣਾ ਫ਼ਰਜ਼ ਸਮਝ ਰਿਹਾ ਹੈ। ਕਿਸਾਨੀ ਸੰਘਰਸ਼ ਹੁਣ ਲੋਕ ਲਹਿਰ ਬਣ ਚੁੱਕਾ ਹੈ ਜਿਸ ਵਿਚ ਜਿੱਤ ਯਕੀਨੀ ਹੈ। ਇਹ ਕਿਸਾਨੀ ਸੰਘਰਸ਼ ਪੰਜਾਬੀਆਂ ਦੇ ਕਿਰਦਾਰ ਦੀ ਤਰਜਮਾਨੀ ਪੂਰੀ ਦੁਨੀਆਂ ਵਿਚ ਕਰ ਰਿਹਾ ਹੈ। ਪੰਜਾਬ ਦੇ ਨੌਜੁਆਨ ਜਿਨ੍ਹਾਂ ਨੂੰ ਨਸ਼ੇੜੀ ਕਹਿ ਕੇ ਭੰਡਿਆ ਜਾ ਰਿਹਾ ਸੀ, ਅੱਜ ਹਰ ਤਰ੍ਹਾਂ ਦੀਆਂ ਰੋਕਾਂ ਤੋੜਦੇ ਹੋਏ ਸ਼ਾਂਤਮਈ ਤਰੀਕੇ ਨਾਲ ਅਪਣੇ ਗੁਰੂ ਸਾਹਿਬਾਨ ਵਲੋਂ ਦਿਤੀਆਂ ਅਦੁਤੀ ਸ਼ਹਾਦਤਾਂ ਨੂੰ ਅਪਣੇ ਜ਼ਿਹਨ ਵਿਚ ਰੱਖ ਕੇ ਸਬਰ ਤੇ ਸੰਤੋਖ ਨਾਲ ਦਿੱਲੀ ਦੀ ਹਰ ਚਾਲ ਦਾ ਜਵਾਬ ਦੇ ਰਹੇ ਹਨ। ਇਹ ਚਮਕੌਰ ਦੀ ਗੜ੍ਹੀ ਦੇ ਵਾਰਸ ਅੱਜ ਬਹੁਤ ਚਿਰਾਂ ਬਾਅਦ ਅਪਣੇ ਹੱਕਾਂ ਲਈ ਇਕ ਹੋ ਕੇ ਖੜੇ ਹਨ। ਇਨ੍ਹਾਂ ਪੰਜਾਬੀਆਂ ਦਾ ਰਾਹ ਦਸੇਰਾ ਗੁਰੂਆਂ ਦਾ ਫ਼ਲਸਫ਼ਾ ਹੈ ਜਿਸ ਵਿਚ ਇਹ ਗੱਲ ਭਾਰੂ ਹੈ ‘ਭੈ ਕਾਹੂ ਕਊ ਦੇਤ ਨਹਿ, ਨਹਿ ਭੈ ਮਾਨਤ ਆਨ’। 

ਪੰਜਾਬ ਦਾ ਇਹ ਕਿਸਾਨੀ ਘੋਲ ਪੰਜਾਬ ਦੇ ਸਿਆਸੀ ਦ੍ਰਿਸ਼ ਨੂੰ ਬਦਲਣ ਦੀ ਸਮਰੱਥਾ ਰਖਦਾ ਹੈ। ਪੰਜਾਬ ਦੇ ਸੰਦਰਭ ਵਿਚ ਇਹ ਨਿਰੀ ਕਿਸਾਨੀ ਮਸਲੇ ਦੀ ਲੜਾਈ ਨਹੀਂ, ਇਹ ਵਿਦਰੋਹ ਹੈ, ਉਨ੍ਹਾਂ ਚਾਲਾਂ ਵਿਰੁਧ ਜੋ ਪੰਜਾਬ ਨਾਲ ਕੇਂਦਰ ਕਰਦਾ ਰਿਹਾ ਹੈ। ਪੰਜਾਬ ਦੇ ਸਿਆਸਤਦਾਨ ਵੀ ਕਰਦੇ ਰਹੇ ਹਨ। ਜੇਕਰ ਗੱਲ ਨਿਰੀ ਐਮ.ਐਸ.ਪੀ ਦੀ ਜਾਂ ਫ਼ਸਲਾਂ ਦੀ ਹੁੰਦੀ ਤਾਂ ਸ਼ਾਇਦ ਇਹ ਅੰਦੋਲਨ ਜਨ ਅੰਦੋਲਨ ਨਾ ਬਣਦਾ। ਕੋਈ ਅੰਦੋਲਨ ਜਨ ਅੰਦੋਲਨ ਉਦੋਂ ਹੀ ਬਣਦਾ ਹੈ, ਜਦੋਂ ਉਸ ਵਿਚ ਆਰਥਕ ਮਸਲਿਆਂ ਦੇ ਨਾਲ-ਨਾਲ ਸਭਿਆਚਾਰਕ, ਸਿਆਸੀ ਤੇ ਕੁੱਝ ਹੱਦ ਤਕ ਧਾਰਮਕ ਮਸਲੇ ਵੀ ਸ਼ਾਮਲ ਹੁੰਦੇ ਹਨ, ਜੋ ਹਰ ਵਰਗ ਨੂੰ ਇਸ ਤਰ੍ਹਾਂ ਦੇ ਅੰਦੋਲਨ ਵਿਚ ਸ਼ਾਮਲ ਹੋਣ ਲਈ ਪ੍ਰੇਰਦੇ ਹਨ। ਪੰਜਾਬ ਦਾ ਕਿਸਾਨ ਅੰਦੋਲਨ ਵੀ ਕਿਸਾਨੀ ਮਸਲਿਆਂ ਦੇ ਨਾਲ-ਨਾਲ ਪੰਜਾਬ ਦੀ ਹੋਂਦ ਬਚਾਉਣ ਦੀ ਬਾਤ ਵੀ ਪਾ ਰਿਹਾ ਹੈ, ਇਸੇ ਕਾਰਨ ਇਸ ਅੰਦੋਲਨ ਨੂੰ ਪੰਜਾਬ ਦੇ ਹਰ ਵਰਗ ਦਾ ਸਾਥ ਮਿਲ ਰਿਹਾ ਹੈ। 

ਪੰਜਾਬ ਦੀਆਂ ਰਵਾਇਤੀ ਸਿਆਸੀ ਧਿਰਾਂ ਕਾਂਗਰਸ, ਅਕਾਲੀ-ਭਾਜਪਾ ਜਾਂ ਨਵੀਂ ਪਾਰਟੀ ਆਪ ਵੀ ਅਪਣੀ ਹੋਂਦ ਹੁਣ ਪੰਜਾਬ ਵਿਚੋਂ ਗਵਾ ਚੁਕੀਆਂ ਹਨ। ਅੱਜ ਪੰਜਾਬ ਦਾ ਹਰ ਵਰਗ ਖ਼ਾਸ ਕਰ ਨੌਜੁਆਨ ਅਪਣੇ ਉਪਰ ਲੱਗੇ ਅਕਾਲੀ, ਆਪ, ਕਾਂਗਰਸ ਦੇ ਠੱਪੇ ਨੂੰ ਉਤਾਰ ਕੇ ਨਵੀਂ ਸਿਆਸੀ ਦਿਸ਼ਾ ਸਿਰਜਣ ਨੂੰ ਕਾਹਲਾ ਹੈ। ਇਸ ਅੰਦੋਲਨ ਨੇ ਪੰਜਾਬ ਦੀ ਸਿਆਸੀ ਫ਼ਿਜ਼ਾ ਨੂੰ ਤੇ ਪੰਜਾਬ ਦੀ ਸਿਆਸਤ ਨੂੰ ਬਦਲ ਕੇ ਰੱਖ ਦੇਣਾ ਹੈ। ਇਸ ਗੱਲ ਦਾ ਅਹਿਸਾਸ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਵੀ ਹੈ। ਇਸੇ ਕਾਰਨ ਉਹ ਕਿਸਾਨੀ ਸੰਘਰਸ਼ ਨੂੰ ਹਾਈਜੈਕ ਕਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕਰ ਚੁੱਕੇ ਹਨ। ਇਹ ਸਿਆਸੀ ਲੋਕ ਅਪਣੇ ਆਪ ਨੂੰ ਉਸ ਚੋਰਾਹੇ ਤੇ ਖੜੇ ਮਹਿਸੂਸ ਕਰਦੇ ਹਨ ਜਿਥੋਂ ਅੱਗੇ ਜਾਣ ਦਾ ਰਾਹ ਉਨ੍ਹਾਂ ਨੂੰ ਨਾ ਤਾਂ ਪਤਾ ਹੈ ਤੇ ਨਾ ਹੀ ਚੁਰਾਹੇ ਦੇ ਹਰ ਰਸਤੇ ਤੇ ਖੜਾ ਪੰਜਾਬ ਦਾ ਨੌਜੁਆਨ ਇਨ੍ਹਾਂ ਨੂੰ ਕੋਈ ਰਸਤਾ ਵਿਖਾਉਣਾ ਚਾਹੁੰਦਾ ਹੈ। 

ਕਿਸਾਨੀ ਮੋਰਚੇ ਦੀ ਤਾਸੀਰ ਦਸਦੀ ਹੈ ਕਿ ਅੱਜ ਜਿਹੜਾ ਵੀ ਪੰਜਾਬ ਨਾਲ, ਕਿਸਾਨੀ ਨਾਲ ਧੋਖਾ ਕਰੇਗਾ, ਉਸ ਲਈ ਪੰਜਾਬ ਵਿਚ ਵੜਨਾ ਵੀ ਔਖਾ ਹੋ ਜਾਣਾ ਹੈ। ਗਰਮ ਤਾਸੀਰ, ਸਿਆਣਪ ਤੇ ਸ਼ਾਂਤੀ ਦਾ ਸੁਮੇਲ ਇਹ ਮੋਰਚਾ ਕਾਨੂੰਨ ਰੱਦ ਕਰਵਾਉਣ ਤਕ ਹੀ ਸੀਮਤ ਨਹੀਂ, ਸਗੋਂ ਪੰਜਾਬ ਦੇ ਸਿਆਸੀ ਭਵਿੱਖ ਨੂੰ ਵੀ ਬਦਲ ਕੇ ਰੱਖ ਦੇਵੇਗਾ। ਪਹਿਲੀ ਵਾਰ ਕੋਈ ਮੋਰਚਾ ਅਕਾਲੀ ਦਲ ਤੋਂ ਬਿਨਾਂ ਪੰਜਾਬ ਵਿਚੋਂ ਬਾਹਰ ਗਿਆ ਹੈ। ਕਦੇ ਅਕਾਲੀ ਹੀ ਮੋਰਚਿਆਂ ਤੇ ਮਾਹਰ ਮੰਨੇ ਜਾਂਦੇ ਸਨ। ਜਿਹੜਾ ਅਸਤੀਫ਼ਾ ਹਰਸਿਮਰਤ ਕੌਰ ਬਾਦਲ ਨੇ ਹੁਣ ਦਿਤਾ, ਉਹ ਅਸਤੀਫ਼ਾ ਧਾਰਾ-370 ਨੂੰ ਤੋੜਨ ਉਤੇ ਹੀ ਦਿਤਾ ਜਾਂਦਾ ਤਾਂ ਮੋਦੀ ਜੀ ਕਿਸਾਨਾਂ ਵਿਰੁਧ ਕਾਨੂੰਨ ਬਣਾਉਣ ਦੀ ਹਿੰਮਤ ਨਾ ਕਰਦੇ।  ਇਸ ਸਮੇਂ ਅਕਾਲੀ ਦਲ ਤੇ ਕੈਪਟਨ ਸਾਹਬ ਉਤੇ ਇਹ ਕਹਾਵਤ ਢੁਕਦੀ ਹੈ ਕਿ ‘ਵਕਤੋਂ ਖੁੰਝੀ ਡੂੰਮਣੀ ਗਾਵੇ ਆਲ ਬਤਾਲ’ ਪੰਜਾਬ ਦਾ ਨੌਜੁਆਨ ਤੇ ਹਰ ਵਰਗ ਵਕਤੋਂ ਖੁੰਝੇ ਪੰਜਾਬ ਦੇ ਸਿਆਸਤਦਾਨਾਂ ਨੂੰ ਮੂੰਹ ਲਗਾਉਣ ਦੇ ਮੂਡ ਵਿਚ ਨਹੀਂ ਹੈ। ਕਿਸਾਨੀ ਮੋਰਚਾ ਅਪਣੀ ਜਿੱਤ ਵਲ ਵੱਧ ਰਿਹਾ ਹੈ। ਪੂਰੇ ਦੇਸ਼ ਵਿਚੋਂ ਮਿਲਦਾ ਸਮਰਥਨ ਇਸ ਕਿਸਾਨੀ ਘੋਲ ਦੀ ਨੈਤਿਕ ਜਿੱਤ ਹੈ।

ਸਰਕਾਰੀ ਪੱਧਰ ਤੇ ਜਿੱਤ ਦਾ ਐਲਾਨ ਕਦੋਂ ਹੋਏਗਾ, ਇਹ ਤਾਂ ਸਮਾਂ ਦੱਸੇਗਾ ਪਰ ਕਿਸਾਨ ਪ੍ਰਾਪਤੀਆਂ ਕਰ ਕੇ ਹੀ ਘਰਾਂ ਨੂੰ ਮੁੜਨਗੇ, ਇਹ ਵਿਸ਼ਵਾਸ ਪੰਜਾਬ ਦੇ ਹਰ ਬੱਚੇ-ਬੱਚੇ ਦੇ ਮਨ ਵਿਚ ਪੱਕਾ ਹੈ। ਇਕ ਗੱਲ ਤਾਂ ਪੱਕੀ ਹੈ ਕਿ ਕਿਸਾਨ ਅੰਦੋਲਨ ਬਰਗਾੜੀ ਮੋਰਚੇ ਦੀ ਤਰ੍ਹਾਂ ਅਸਫ਼ਲ ਨਹੀਂ ਹੋ ਸਕਦਾ ਕਿਉਂਕਿ ਕਿਸਾਨ ਜਥੇਬੰਦੀਆਂ ਪੂਰੀ ਤਰ੍ਹਾਂ ਸੁਚੇਤ ਹਨ। ਕਿਸਾਨ ਅੰਦੋਲਨ ਵਿਚ ਕਿਸਾਨਾਂ ਦੀਆਂ ਸੰਘਰਸ਼ੀ ਜਥੇਬੰਦੀਆਂ ਨੇ ਏਕਤਾ ਦੀ ਮਿਸਾਲ ਪੈਦਾ ਕੀਤੀ ਹੈ ਤੇ ਸੰਘਰਸ਼ ਨੂੰ ਸ਼ਾਂਤਮਈ ਤਰੀਕੇ ਨਾਲ ਲੰਮੇ ਸਮੇਂ ਤੋਂ ਨਿਰਭੈ ਹੋ ਕੇ ਚਲਾਈ ਰਖਿਆ ਹੈ। ਇਹ ਕਿਸਾਨ ਅੰਦੋਲਨ ਜਿਥੇ ਪੰਜਾਬ ਦੇ ਸਿਆਸੀ ਦ੍ਰਿਸ਼ ਨੂੰ ਯਕੀਨੀ ਬਦਲੇਗਾ, ਉਥੇ ਹੀ ਭਾਰਤੀ ਖ਼ਾਸ ਕਰ ਕੇ ਪੰਜਾਬ ਦੇ ਉਨ੍ਹਾਂ ਵਰਗਾਂ ਲਈ ਸੰਜੀਵਨੀ ਦਾ ਕੰਮ ਕਰੇਗਾ, ਜਿਹੜੇ ਸੰਘਰਸ਼ ਦੇ ਰਾਹ ਉਤੇ ਇਸ ਕਰ ਕੇ ਨਹੀਂ ਪੈਂਦੇ ਕਿ ਸਰਕਾਰ ਨੇ ਸੁਣਨੀ ਤੇ ਹੈ ਨਹੀਂ। ਇਹ ਅੰਦੋਲਨ ਸੰਘਰਸ਼ੀ ਲੋਕਾਂ ਲਈ ਨਵੇਂ ਰਾਹ ਖੋਲ੍ਹੇਗਾ ਜੋ ਕਿ ਲੋਕਤੰਤਰ ਲਈ ਸ਼ੁੱਭ ਸ਼ਗਨ ਹੋਵੇਗਾ। ਲੋਕ ਹੁਣ ਕਿਸੇ ਮੁੱਦੇ ਨੂੰ ਲੈ ਕੇ ਭੱਜ ਕੇ ਸੰਘਰਸ਼ ਕਰਿਆ ਕਰਨਗੇ। ਕਿਸਾਨ ਅੰਦੋਲਨ ਜਿਥੇ ਸੰਘਰਸ਼ੀ ਜਥੇਬੰਦੀਆਂ ਲਈ ਰਾਹ ਦਸੇਰਾ ਬਣੇਗਾ, ਉਥੇ ਹੀ ਪੰਜਾਬ ਦੀ ਸਿਆਸਤ ਵਿਚ ਨਵੇਂ ਅਧਿਆਏ ਲਿਖੇਗਾ। 

ਕਿਸਾਨੀ ਘੋਲ ਵਿਚ ਸ਼ਾਮਲ ਹੋ ਰਹੇ ਲੋਕਾਂ ਨੇ ਜੇ ਪੰਜਾਬ ਤੇ ਅਪਣੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨਾ ਹੈ ਤਾਂ 70 ਸਾਲਾਂ ਤੋਂ ਤੁਹਾਡੇ ਨਾਲ ਧੋਖਾ ਕਰਦੀਆਂ ਆ ਰਹੀਆਂ ਪਾਰਟੀਆਂ ਨੂੰ ਮਨਾਂ ਵਿਚੋਂ ਕਢਣਾ ਹੋਵੇਗਾ। ਪੰਜਾਬ ਦੀ ਕਿਸਾਨੀ ਤੇ ਜਵਾਨੀ ਲਈ ਨਵਾਂ ਰਾਹ ਚੁਣਨਾ ਹੀ ਹੋਏਗਾ। ਪੰਜਾਬ ਦੇ ਦੋ ਚਾਰ ਪ੍ਰਵਾਰਾਂ ਨੂੰ ਕਿਉਂ ਸਿਆਸਤ ਦੀ ਵਾਗਡੋਰ ਫੜਾਈ ਜਾਵੇ? ਪੰਜਾਬ ਦੇ ਕਿਸਾਨ ਦਾ ਪੁੱਤਰ ਕਿਉਂ ਨਹੀਂ ਸਿਆਸਤ ਕਰ ਸਕਦਾ? ਇਸ ਬਾਰੇ ਦਿੱਲੀ ਮੋਰਚੇ ਵਿਚ ਪੁੱਜ ਰਹੇ ਪੰਜਾਬ ਦੇ ਸੰਘਰਸ਼ੀ ਯੋਧਿਆਂ ਨੂੰ ਸੋਚਣਾ ਚਾਹੀਦਾ ਹੈ। ਪੰਜਾਬ ਦੇ ਸੰਘਰਸ਼ੀ ਯੋਧਿਆਂ ਨੂੰ ਅਪਣੇ ਵਿਚੋਂ ਹੀ ਐਮ.ਐਲ.ਏ ਚੁਣਨੇ ਹੋਣਗੇ, ਜੇਕਰ ਪੰਜਾਬ ਦਾ ਭਵਿੱਖ ਸੁਰੱਖਿਅਤ ਰਖਣਾ ਹੈ। ਪੰਜਾਬ ਵਿਚ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਉਤੇ ਕਿਸਾਨੀ ਅੰਦੋਲਨ ਦਾ ਅਸਰ ਪੈਣਾ ਸੁਭਾਵਕ ਵੀ ਹੈ ਤੇ ਜ਼ਰੂਰੀ ਵੀ।    
  ਗੁਰਪ੍ਰੀਤ ਸਿੰਘ ਅੰਟਾਲ, ਸੰਪਰਕ : 98154-24647