ਕੋਰੋਨਾ ਦਾ ਸੁਨੇਹਾ : ਰੱਬ ਦੀ ਹੋਂਦ ਨੂੰ ਨਾ ਮੰਨਣ ਵਾਲਿਉ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਮੈਂ ਇਕ ਅਮਰੀਕੀ ਸਾਇੰਸਦਾਨ ਦਾ ਬਿਆਨ ਕਈ ਸਾਲ ਪਹਿਲਾਂ ਪੜ੍ਹਿਆ ਸੀ ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ

File photo

ਮੈਂ ਇਕ ਅਮਰੀਕੀ ਸਾਇੰਸਦਾਨ ਦਾ ਬਿਆਨ ਕਈ ਸਾਲ ਪਹਿਲਾਂ ਪੜ੍ਹਿਆ ਸੀ ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ 'ਮੈਂ ਤਾਂ ਸ਼ਾਇਦ ਮਰ ਜਾਵਾਂਗਾ ਪਰ ਮੇਰੀ ਬੇਟੀ ਸਦਾ ਲਈ ਜੀਵਤ ਰਹਿ ਸਕੇਗੀ ਕਿਉਂਕਿ ਅਸੀ ਉਹ ਤੱਤ ਲੱਭ ਲਿਆ ਹੈ ਜਿਸ ਦੀ ਮੌਤ ਕਦੇ ਨਹੀਂ ਹੋ ਸਕਦੀ। ਉਸ ਤੱਤ ਨੂੰ ਮਨੁੱਖੀ ਸ੍ਰੀਰ ਦਾ ਭਾਗ ਬਣਾ ਦੇਣ ਦੀ ਦੇਰ ਹੈ ਕਿ ਮਨੁੱਖ ਕਦੇ ਵੀ ਨਹੀਂ ਮਰ ਸਕੇਗਾ।

ਉਸ ਮਗਰੋਂ ਰੱਬ ਤੋਂ ਡਰਨ ਦੀ ਵੀ ਲੋੜ ਨਹੀਂ ਰਹੇਗੀ ਕਿਉਂਕਿ ਮਨੁੱਖ ਅਪਣੀ ਜ਼ਿੰਦਗੀ ਦਾ ਮਾਲਕ ਆਪ ਬਣ ਚੁੱਕਾ ਹੋਵੇਗਾ ਜਦਕਿ ਇਸ ਵੇਲੇ ਮਨੁੱਖ ਇਕ ਖ਼ਿਆਲੀ ਰੱਬ ਤੋਂ ਇਸ ਲਈ ਡਰਦਾ ਹੈ ਕਿਉਂਕਿ ਉਹ ਸਮਝਦਾ ਹੈ ਕਿ ਰੱਬ ਉਸ ਨੂੰ ਕਿਸੇ ਵੇਲੇ ਵੀ ਮਾਰ ਸਕਦਾ ਹੈ ਤੇ ਉਹੀ ਉਸ ਨੂੰ ਜੀਵਤ ਰੱਖ ਰਿਹਾ ਹੈ। ਮੇਰੀ ਬੇਟੀ ਦੇ ਜੀਵਤ ਰਹਿੰਦਿਆਂ, ਰੱਬ ਅਤੇ ਮੌਤ ਤੋਂ ਡਰਨ ਦੀ ਲੋੜ ਖ਼ਤਮ ਹੋ ਜਾਵੇਗੀ।''

ਉਸ ਮਗਰੋਂ ਸਾਇੰਸਦਾਨਾਂ ਦਾ ਅਪਣੇ ਉਤੇ ਵਿਸ਼ਵਾਸ ਵਧਦਾ ਹੀ ਗਿਆ ਤੇ ਅਸੀ ਵੇਖਿਆ ਉਨ੍ਹਾਂ ਨੇ ਧਰਤੀ ਉਤੇ ਉਹ ਧਮਾਕਾ ਰਚਣ ਲਈ ਬੜੀ ਡੂੰਘੀ ਸੁਰੰਗ ਵਿਛਾ ਕੇ ਤੇ ਉਸ ਵਿਚ ਧਮਾਕਾ ਕਰ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਸ ਤਰ੍ਹਾਂ 'ਬਿਗ ਬੈਂਗ' ਸਿਧਾਂਤ ਅਨੁਸਾਰ ਵੱਡੇ ਧਮਾਕੇ ਨਾਲ ਧਰਤੀ ਹੋਂਦ ਵਿਚ ਆਈ ਸੀ (ਸਾਇੰਸਦਾਨਾਂ ਦੇ ਇਕ ਵਰਗ ਦੀ ਸੋਚ ਅਨੁਸਾਰ), ਉਸੇ ਤਰ੍ਹਾਂ ਦਾ ਬਿਗ ਬੈਂਗ ਧਮਾਕਾ ਕਰ ਕੇ, ਉਹ ਕੁਦਰਤ ਦੇ ਸਾਰੇ ਰਾਜ਼ ਜਾਣ ਲੈਣਗੇ। ਬੇਅੰਤ ਦੌਲਤ ਫੂਕ ਕੇ ਧਮਾਕਾ ਤਾਂ ਕੀਤਾ ਗਿਆ ਪਰ ਨਿਕਲਿਆ ਕੁੱਝ ਵੀ ਨਾ।

ਸਾਇੰਸ ਵਾਲੇ ਅਪਣੀ ਹੱਦ ਤੋਂ ਬਾਹਰ ਜਾ ਕੇ ਜਿੰਨੇ ਵੀ ਦਾਅਵੇ ਕਰਦੇ ਆ ਰਹੇ ਹਨ, ਉਨ੍ਹਾਂ ਸਾਰਿਆਂ ਵਿਚ ਉਨ੍ਹਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਬਿਗ ਬੈਂਗ ਜਾਂ 'ਬਰਿਗਜ਼ ਸਿਧਾਂਤ' ਵਾਲਾ ਧਮਾਕਾ ਵੀ ਇਸ ਤਰ੍ਹਾਂ ਹੀ ਨਿਕਲਿਆ ਜਿਵੇਂ ਐਟਮ ਦੇ ਮੁਕਾਬਲੇ ਇਕ ਬੱਚਾ, ਦੀਵਾਲੀ ਦਾ ਪਟਾਕਾ ਛੱਡ ਕੇ ਐਲਾਨ ਕਰ ਦੇਵੇ ਕਿ ਉਸ ਨੇ ਐਟਮ ਦਾ ਰਾਜ਼ ਪਟਾਕੇ ਦੇ ਧਮਾਕੇ ਵਿਚੋਂ ਲੱਭ ਲਿਆ ਹੈ।

ਕੁਦਰਤ ਆਮ ਤੌਰ ਉਤੇ ਮਨੁੱਖਾਂ ਦੇ ਹਰ ਦਾਅਵੇ ਤੇ ਤਾਕਤ ਦੇ ਹੰਕਾਰ ਨੂੰ ਵੇਖ ਕੇ ਉਸ ਤਰ੍ਹਾਂ ਹੀ ਚੁੱਪ ਰਹਿੰਦੀ ਹੈ ਜਿਵੇਂ ਕਿਸੇ ਭਲਵਾਨ ਦੇ ਸਾਹਮਣੇ ਜਾ ਕੇ ਕੋਈ ਢਾਈ ਫ਼ੁੱਟਾ ਮਾੜਚੂ ਜਿਹਾ ਬੱਚਾ ਡੌਲੇ ਫੁਲਾਣੇ ਸ਼ੁਰੂ ਕਰ ਦੇਵੇ ਤਾਂ ਭਲਵਾਨ ਹੱਸ ਛਡਦਾ ਹੈ ਜਾਂ ਉਸ ਨੂੰ ਨਜ਼ਰਅੰਦਾਜ਼ ਕਰ ਕੇ ਚੁੱਪ ਬੈਠਾ ਰਹਿੰਦਾ ਹੈ। ਕੁਦਰਤ ਵੀ ਸਾਡੇ ਹੰਕਾਰ ਨੂੰ ਤੇ ਤਾਕਤ ਦੇ ਵਿਖਾਵਿਆਂ ਨੂੰ ਵੇਖ ਕੇ ਅਕਸਰ ਚੁੱਪ ਹੀ ਰਹਿੰਦੀ ਹੈ ਕਿਉਂਕਿ ਉਸ ਨੂੰ ਪਤਾ ਹੈ, ਇਸ ਅਖੌਤੀ 'ਤਾਕਤਵਰ' ਬੰਦੇ ਨੂੰ ਪਤਾ ਵੀ ਨਹੀਂ ਲਗਣਾ ਤੇ ਉਸ (ਕੁਦਰਤ) ਨੇ ਇਸ ਦਾ ਘੋਗਾ ਚਿੱਤ ਵੀ ਕਰ ਦੇਣਾ ਹੈ, ਇਸ ਲਈ ਇਸ ਨੂੰ ਆਕੜ ਲੈਣ ਦਿਉ, ਅਖ਼ੀਰ ਨੂੰ ਚਲਣੀ ਤਾਂ ਮੇਰੀ (ਕੁਦਰਤ ਦੀ) ਹੀ ਹੈ।

ਪਰ ਹੰਕਾਰੇ ਹੋਏ ਬੰਦੇ ਰੱਬ ਦੀ ਹੋਂਦ ਨੂੰ ਵੀ ਮੰਨਣ ਤੋਂ ਇਨਕਾਰੀ ਹੋਏ ਰਹਿੰਦੇ ਹਨ। ਕੁਦਰਤ ਤਾਂ ਰੱਬ ਦੀ ਦਾਸੀ ਮਾਤਰ ਹੈ। ਰੱਬ ਆਪ ਅਪਣੇ ਕੰਮ ਵਿਚ ਮਸਤ ਰਹਿੰਦਾ ਹੈ ਤੇ ਕੁਦਰਤ ਨੂੰ ਸ੍ਰਿਸ਼ਟੀ ਦੀ ਸੇਵਾ ਉਤੇ ਲੱਗੇ ਰਹਿਣ ਦੀ ਆਗਿਆ ਕੀਤੀ ਹੋਈ ਹੈ। ਪਰ ਕਦੇ-ਕਦੇ ਜਦ ਆਕੜੇ ਹੋਏ ਬੰਦੇ ਦੇ ਹੰਕਾਰ ਤੋਂ ਕੁਦਰਤ ਰਾਣੀ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੀ ਹੈ ਤਾਂ ਮਨੁੱਖ ਨੂੰ ਉਸ ਦੀ ਔਕਾਤ ਵਿਖਾਣ ਲਈ ਮਾੜੀ ਜਹੀ ਸੂਈ ਚੋਭ ਦੇਂਦੀ ਹੈ ਤਾਕਿ ਮਨੁੱਖ ਸਮਝ ਜਾਏ ਕਿ ਸਾਰੀ ਸ੍ਰਿਸ਼ਟੀ ਦੇ ਮਾਲਕ ਦੀ ਹੋਂਦ ਨੂੰ ਨਾ ਮੰਨਣ ਵਾਲਾ ਮਨੁੱਖ ਸਮਝ ਤਾਂ ਲਵੇ ਕਿ ਸਾਰੀ ਦੁਨੀਆਂ ਦੇ 'ਸ਼ਕਤੀਸ਼ਾਲੀ' ਮਨੁੱਖਾਂ ਦੀ ਤਾਕਤ ਰਲ ਕੇ ਵੀ ਅੱਖਾਂ ਨੂੰ ਨਜ਼ਰ ਨਾ ਆ ਸਕਣ ਵਾਲੇ ਇਕ ਛੋਟੇ ਜਹੇ ਕੀਟਾਣੂ ਜਾਂ ਵਿਸ਼ਾਣੂ ਦੇ ਮੁਕਾਬਲੇ ਵਿਚ ਕੁੱਝ ਵੀ ਨਹੀਂ।

ਮਨੁੱਖ ਦੀ ਤਾਕਤ ਇਸ ਗੱਲ ਵਿਚ ਹੈ ਕਿ ਉਹ ਰੱਬ ਦੀ ਤਾਕਤ ਨੂੰ ਅਪਣੇ ਹੱਕ ਵਿਚ ਇਸਤੇਮਾਲ ਕਰਨ ਦੀ ਜਾਚ ਸਿਖੇ ਤੇ ਹੰਕਾਰ ਵੱਸ, ਕੁਦਰਤ ਨਾਲ ਛੇੜਛਾੜ ਕਰਨੋਂ ਵੀ ਪ੍ਰਹੇਜ਼ ਕਰਿਆ ਕਰੇ। ਮਨੁੱਖ ਜਦੋਂ ਸਮੂਹਕ ਤੌਰ ਤੇ ਇਹ ਦੋ ਗੱਲਾਂ ਭੁੱਲ ਜਾਂਦਾ ਹੈ ਤਾਂ ਕੁਦਰਤ ਨੂੰ ਗੁੱਸਾ ਆ ਹੀ ਜਾਂਦਾ ਹੈ। ਕੋਰੋਨਾ ਨਿਰੀ ਇਕ ਬੀਮਾਰੀ ਨਹੀਂ। ਇਸ ਦਾ ਇਲਾਜ ਤਾਂ ਮਨੁੱਖ ਲੱਭ ਲਵੇਗਾ (ਕੁਦਰਤ ਦੀ ਬੁੱਕਲ ਵਿਚੋਂ) ਕਿਉਂਕਿ ਹਰ ਬੀਮਾਰੀ ਦਾ ਇਲਾਜ ਕੁਦਰਤ ਦੀ ਬੁੱਕਲ ਵਿਚ ਛੁਪਿਆ ਹੁੰਦਾ ਹੈ। ਪਰ ਆਰਥਕ ਗ਼ਰੀਬੀ, ਮੰਦਹਾਲੀ ਤੇ ਲੰਮੇ ਸੰਘਰਸ਼ ਦੀ ਜਿਹੜੀ ਨੀਂਹ ਇਹ ਅੱਖਾਂ ਨੂੰ ਨਜ਼ਰ ਨਾ ਆਉਣ ਵਾਲਾ ਕੀੜਾ ਰੱਖ ਗਿਆ ਹੈ, ਇਹ ਬਹੁਤ ਦੇਰ ਤਕ ਸਾਡੀਆਂ ਕਮਰਾਂ ਸਿੱਧੀਆਂ ਨਹੀਂ ਹੋਣ ਦੇਵੇਗੀ।

ਰੂਸੀ ਲੇਖਕ ਸੋਲਜ਼ੇਨਿਤਸਿਨ ਨੇ ਅਪਣੇ ਕਾਮਰੇਡ ਸ਼ਾਸਕਾਂ ਸਾਹਮਣੇ ਇਹੀ ਸਵਾਲ ਰਖਿਆ ਸੀ ਕਿ ''ਜੇ ਕੁਦਰਤ ਜਾਂ ਉਸ ਦਾ ਮਾਲਕ ਸਾਰੀ ਕਾਇਨਾਤ ਦੀ ਹਰ ਚੀਜ਼ ਵਿਚ ਇਕ ਮਿੰਟ ਲਈ ਬਿਜਲੀ ਦਾ ਕਰੰਟ ਭਰ ਦੇਵੇ ਤਾਂ ਕੀ ਇਕ ਵੀ ਮਨੁੱਖ ਬਚਿਆ ਰਹਿ ਸਕੇਗਾ? ਕਿਹੜਾ ਮਾਰਕਸਿਜ਼ਮ ਬਚਾ ਲਵੇਗਾ ਉਸ ਵੇਲ ਕੁਦਰਤ ਦੇ ਇਸ ਇਕ ਛੋਟੇ ਜਹੇ ਕਦਮ ਤੋਂ?''

ਬਾਬੇ ਨਾਨਕ ਨੇ ਵੀ 'ਕਈ ਬਾਰ ਪਸਰਿਉ ਪਸਾਰਾ' ਕਹਿ ਕੇ ਇਹੀ ਚੇਤਾਵਨੀ ਦਿਤੀ ਹੈ ਕਿ ਕੁਦਰਤ ਨੇ ਇਹ ਸ੍ਰਿਸ਼ਟੀ ਕਈ ਵਾਰ ਸਮੇਟੀ ਤੇ ਫਿਰ ਦੁਬਾਰਾ ਸਿਰਜ ਲਈ। ਸਮੇਟਦੀ ਉਦੋਂ ਹੀ ਹੈ ਜਦੋਂ ਪ੍ਰਾਣੀ ਉਸ ਕਾਦਰ ਤੇ ਉਸ ਦੀ ਕੁਦਰਤ ਤੋਂ ਨਾਬਰ ਹੋ ਜਾਂਦਾ ਹੈ ਤੇ ਅਪਣੇ ਆਪ ਨੂੰ ਹੀ ਸੱਭ ਤੋਂ ਤਾਕਤਵਰ ਸਮਝਣ ਲੱਗ ਪੈਂਦਾ ਹੈ। ਰੱਬ ਤੇ ਕੁਦਰਤ ਨੂੰ 'ਅਸੀ ਨਹੀਂ ਮੰਨਦੇ' ਕਹਿਣ ਵਾਲਿਉ, ਉਸ ਰੱਬ ਨੂੰ ਕੀ ਫ਼ਰਕ ਪੈਂਦਾ ਹੈ, ਤੁਸੀ ਉਸ ਨੂੰ ਮੰਨਦੇ ਹੋ ਜਾਂ ਨਹੀਂ? ਤੁਹਾਨੂੰ ਜਨਮ ਵੀ ਉਸੇ ਦੇ ਰਚੇ ਪ੍ਰਬੰਧ ਵਿਚੋਂ ਮਿਲਿਆ ਸੀ ਤੇ ਮੌਤ ਤਾਂ ਉਹ ਜਦ ਚਾਹੇ, ਸਾਰੀ ਦੁਨੀਆਂ ਦੀ ਕਰ ਸਕਦਾ ਹੈ।

ਉਹਨੂੰ ਕੀ ਲੋੜ ਹੈ ਤੁਹਾਡਾ ਕੋਈ ਦਾਅਵਾ ਸੁਣ ਕੇ ਗੁੱਸੇ ਹੋਣ ਦੀ? ਉਹ ਤਾਂ ਗੁੱਸਾ ਨਹੀਂ ਕਰਦਾ ਪਰ ਉਸ ਦੀ ਕੁਦਰਤ ਨੂੰ ਵੀ ਖ਼ਾਹਮਖ਼ਾਹ ਨਰਾਜ਼ ਨਾ ਕਰਿਆ ਕਰੋ, ਉਹ ਸਾਰੀ ਮਨੁੱਖਤਾ ਨੂੰ ਨਿੱਕੇ ਜਹੇ ਕੀੜੇ ਨੂੰ ਅੱਗੇ ਕਰ ਕੇ ਵੀ, ਨਾਨੀ ਚੇਤੇ ਕਰਵਾ ਸਕਦੀ ਹੈ। ਕਦੋਂ ਸਮਝੇਂਗਾ ਆਕੜੇ ਹੋਏ ਮਨੁੱਖ ਤੇ ਭੂਤਰੇ ਹੋਏ ਵਿਗਿਆਨੀ? ਜਾਂ ਕੀ ਤੂੰ ਵੀ ਭੂਤਰੇ ਹੋਏ ਰਾਜਿਆਂ ਤੇ ਚਾਂਭਲੇ ਹੋਏ ਧਰਮੀ ਆਗੂਆਂ ਵਾਂਗ ਹੀ ਅਪਣੀ ਤਾਕਤ ਦਾ ਨਾਜਾਇਜ਼ ਵਿਖਾਵਾ ਹੀ ਕਰਦਾ ਰਹੇਂਗਾ?