ਗੁਰਦਾਸਪੁਰ ਵਿਚ ਲੀਡਰ ਜੰਮਣੇ ਬੰਦ ਹੋ ਗਏ ਨੇ ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅਦਾਕਾਰਾਂ ਨਾਲ ਬੁੱਤਾ ਸਾਰਨ ਦੀ ਰੀਤ ਮੇਰੀ ਸਮਝ ਵਿਚ ਤਾਂ ਆ ਨਹੀਂ ਰਹੀ!

Sunny Deol

ਮਝੈਲਾਂ ਨੇ ਬੀਤੇ ਵਿਚ ਬੜੇ ਵੱਡੇ-ਵੱਡੇ ਲੀਡਰ ਪੈਦਾ ਕੀਤੇ ਹਨ। ਪ੍ਰਤਾਪ ਸਿੰਘ ਕੈਰੋਂ, ਜਥੇਦਾਰ ਮੋਹਨ ਸਿੰਘ ਨਾਗੋਕੇ ਅਤੇ ਦਰਸ਼ਨ ਸਿੰਘ ਫੇਰੂਮਾਨ ਵਗੈਰਾ ਵਗੈਰਾ! ਗੁਰਦਾਸਪੁਰ ਨੇ ਪਾਰਲੀਮੈਂਟ ਵਿਚ ਸਰਦਾਰਨੀ ਭਿੰਡਰ ਸਮੇਤ ਤਗੜੇ ਆਗੂ ਭੇਜੇ ਹੋਏ ਹਨ। ਇਸ ਵੇਲੇ ਵੀ ਵਜ਼ਾਰਤ ਵਿਚ ਬੈਠੇ ਮਝੈਲੀ ਵਜ਼ੀਰਾਂ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਬੜੇ ਤਗੜੇ ਆਗੂ ਹਨ ਉਥੋਂ ਦੇ। ਟਕਸਾਲੀ ਅਕਾਲੀਆਂ ਦੇ ਮੁਖੀ ਨੂੰ ਤਾਂ 'ਮਾਝੇ ਦਾ ਜਰਨੈਲ' ਆਖ ਕੇ ਬੁਲਾਇਆ ਜਾਂਦਾ ਹੈ। 

ਪਰ ਸ਼ਾਇਦ ਜਦ ਕਿਸੇ ਸਿੱਖ ਦੀ ਬਜਾਏ, ਇਕ ਹਿੰਦੂ ਨੂੰ ਉਥੋਂ ਟਿਕਟ ਦੇਣੀ ਜ਼ਰੂਰੀ ਹੋ ਗਈ ਤਾਂ ਜ਼ਿਲ੍ਹਾ ਗੁਰਦਾਸਪੁਰ ਕੋਲ ਅਪਣਾ ਹਿੰਦੂ ਆਗੂ ਹੀ ਕੋਈ ਨਹੀਂ ਸੀ। ਬੀਜੇਪੀ ਨੇ ਮਜਬੂਰੀ ਵਸ ਬੰਬਈ ਤੋਂ ਫ਼ਿਲਮ ਅਦਾਕਾਰ ਵਿਨੋਦ ਖੰਨਾ ਨੂੰ ਵਾਜ ਮਾਰੀ ਕਿ ਉਹ ਇਸ ਕਮੀ ਨੂੰ ਦੂਰ ਕਰ ਦੇਵੇ। ਉਸ ਨੇ ਕਰ ਤਾਂ ਦਿਤੀ ਪਰ ਮਝੈਲਾਂ ਦੇ ਇਲਾਕੇ ਨੇ ਸਮਾਂ ਮਿਲ ਜਾਣ ਦੇ ਬਾਵਜੂਦ ਸਾਂਪਲਾ ਵਰਗਾ ਕੋਈ ਹਿੰਦੂ ਆਗੂ ਕਿਉਂ ਨਾ ਪੈਦਾ ਕਰ ਲਿਆ? ਸੋ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਦੂਰੋਂ ਜਾ ਕੇ ਇਹ ਖੱਪਾ ਪੂਰਨਾ ਪਿਆ। ਲੋਕਾਂ ਨੇ ਸੁਨੀਲ ਜਾਖੜ ਨੂੰ ਭਾਰੀ ਬਹੁਮਤ ਨਾਲ ਜਿਤਾ ਦਿਤਾ।

ਗੁਰਦਾਸਪੁਰ ਦੀ ਹਿੰਦੂ ਜਨਤਾ ਇਸ ਦੂਜੇ ਮੌਕੇ ਦਾ ਵੀ ਫ਼ਾਇਦਾ ਨਹੀਂ ਉਠਾ ਸਕੀ ਤੇ ਹੁਣ ਉਹ ਬੰਬਈ ਤੋਂ ਇਕ ਹੋਰ ਐਕਟਰ ਸੰਨੀ ਦਿਉਲ ਨੂੰ ਲੈ ਆਈ ਹੈ। ਸੰਨੀ ਦਿਉਲ, ਡਾਇਲਾਗ ਚੰਗੇ ਬੋਲ ਲੈਂਦਾ ਹੈ (ਫ਼ਿਲਮਾਂ ਵਿਚ) ਪਰ ਲੀਡਰਾਂ ਵਾਲੀ ਤਾਂ ਕੋਈ ਗੱਲ ਉਸ ਵਿਚ ਮੈਨੂੰ ਵੀ ਨਜ਼ਰ ਨਹੀਂ ਆਈ। ਐਕਟਰਾਂ ਉਤੇ ਲੋੜ ਤੋਂ ਵੱਧ ਟੇਕ ਰੱਖਣ ਨਾਲ ਗੁਰਦਾਸਪੁਰੀਆਂ ਦਾ ਅਕਸ ਵੀ ਖ਼ਰਾਬ ਹੋ ਰਿਹਾ ਹੈ, ਡੈਮੋਰਕੇਸੀ ਅਪਣੇ ਅੰਦਰੋਂ ਲੀਡਰ ਪੈਦਾ ਕਰਨ ਦਾ ਮੌਕਾ ਦੇਂਦੀ ਹੈ, ਦੂਰੋਂ ਐਕਟਰ ਲਿਆ ਕੇ ਬੁੱਤਾ ਸਾਰਨ ਦੀ ਨਹੀਂ।

ਜਿਹੜੇ ਐਕਟਰ ਪਾਰਲੀਮੈਂਟ ਵਿਚ ਗਏ ਵੀ ਹਨ, ਉਨ੍ਹਾਂ ਵਿਚੋਂ ਬਹੁਤੇ ਤਾਂ ਗੁੰਗੇ ਭਲਵਾਨ ਹੀ ਸਾਬਤ ਹੋਏ ਹਨ ਕਿਉਂਕਿ ਉਹ ਤਾਂ ਦੂਜਿਆਂ ਦੇ ਲਿਖੇ ਡਾਇਲਾਗ ਹੀ ਬੋਲ ਸਕਦੇ  ਹਨ, ਉਂਜ ਉਨ੍ਹਾਂ ਨੂੰ ਸਿਆਸੀ ਗਿਆਨ, ਕੱਚੀ ਪੱਕੀ ਦੇ ਵਿਦਿਆਰਥੀਆਂ ਜਿੰਨਾ ਹੀ ਹੁੰਦਾ ਹੈ। ਗੁਰਦਾਸਪੁਰੀਆਂ ਨੂੰ ਸੋਚਣਾ ਚਾਹੀਦਾ ਹੈ। ਚੋਣਾਂ ਵਿਚ ਇਸ ਵੇਲੇ ਤਕ ਹਰ ਕੋਈ ਸੋਚ ਚੁੱਕਾ ਹੈ ਕਿ ਉਸ ਨੇ ਕਿਸ ਨੂੰ ਵੋਟ ਦੇਣੀ ਹੈ, ਸਿਵਾਏ ਮੇਰੇ। ਮੈਂ ਵੋਟ ਉਸ ਨੂੰ ਦੇਣਾ ਚਾਹੁੰਦਾ ਹਾਂ ਜਿਹੜਾ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੀ ਗੱਲ ਕਰੇ ਜਿਨ੍ਹਾਂ ਕਰ ਕੇ ਧਰਮ ਯੁਧ ਮੋਰਚਾ ਲਾਣਾ ਪਿਆ ਸੀ, ਬਲੂ-ਸਟਾਰ ਆਪ੍ਰੇਸ਼ਨ ਹੋਇਆ ਸੀ, ਦਿੱਲੀ ਦਾ ਸਿੱਖ ਕਤਲੇਆਮ ਹੋਇਆ ਸੀ

ਤੇ ਪੰਜਾਬ ਤਬਾਹੀ ਦੇ ਕੰਢੇ ਪਹੁੰਚ ਗਿਆ ਸੀ। ਇਹ ਦੇਸ਼ ਦਾ ਇਕੋ ਇਕ ਸੂਬਾ ਰਹਿ ਗਿਆ ਹੈ ਜਿਸ ਦੀ ਅਪਣੀ ਰਾਜਧਾਨੀ ਹੀ ਕੋਈ ਨਹੀਂ। ਇਹ ਇਕੋ ਇਕ ਸੂਬਾ ਹੈ ਜਿਸ ਦਾ 70% ਕੁਦਰਤੀ ਪਾਣੀ ਧੱਕੇ ਨਾਲ (ਗ਼ੈਰ ਕਾਨੂੰਨੀ ਤੌਰ ਉਤੇ) ਮੁਫ਼ਤ ਵਿਚ ਲੁਟ ਕੇ ਦੂਜਿਆਂ ਨੂੰ ਦਿਤਾ ਜਾ ਰਿਹਾ ਹੈ। ਚਲੋ ਧੱਕੇ ਤਾਂ ਕੇਂਦਰ ਨੇ ਕੀਤੇ ਪਰ ਉਨ੍ਹਾਂ ਧੱਕਿਆਂ ਨੂੰ ਦੂਰ ਕਰਵਾਉਣ ਦੀ ਗੱਲ ਜੇ ਪੰਜਾਬ ਦੀਆਂ ਪਾਰਟੀਆਂ ਦੇ ਉਮੀਦਵਾਰ ਹੀ ਕਰਨੀ ਬੰਦ ਕਰ ਦੇਣ ਤਾਂ ਮੇਰੇ ਲਈ ਵੋਟ ਪਾਉਣ ਦਾ ਕਾਰਨ ਕੀ ਰਹਿ ਜਾਂਦਾ ਹੈ?

ਨਾ  ਚੰਡੀਗੜ੍ਹ ਦੀ ਗੱਲ, ਨਾ ਪਾਣੀ ਦੀ, ਨਾ ਜੇਲਾਂ ਵਿਚ ਬੰਦ ਕੈਦੀਆਂ ਦੀ, ਨਾ ਆਰਟੀਕਲ 35 ਵਿਚ ਸੋਧ ਦੀ ਗੱਲ, ਨਾ ਪੰਜਾਬੀ ਦੀ ਗੱਲ, ਨਾ ਕੋਈ ਹੋਰ ਗੱਲ ਜੋ ਮੈਨੂੰ ਵੋਟ ਪਾਉਣ ਲਈ ਪ੍ਰੇਰਿਤ ਕਰ ਸਕੇ। ਸਿਰਫ਼ ਇਕੋ ਹੀ ਗੱਲ ਸੁਣਨ ਨੂੰ ਮਿਲਦੀ ਹੈ ਕਿ ''ਮੇਰਾ ਵਿਰੋਧੀ ਬੜਾ ਗੰਦਾ ਹੈ, ਉਹਨੂੰ ਰਾਜ ਗੱਦੀ ਤੇ ਨਾ ਬਿਠਾਇਉ, ਰਾਜ ਗੱਦੀ ਉਤੇ ਬੈਠਣ  ਦਾ ਹੱਕਦਾਰ ਸਿਰਫ਼ ਮੈਂ ਹਾਂ, ਤੇ ਇਸ ਲਈ ਮੈਨੂੰ ਤੇ ਮੇਰੀ ਪਾਰਟੀ ਨੂੰ ਹੀ ਜਿਤਾ ਕੇ ਰਾਜਗੱਦੀ ਉਤੇ ਬਿਠਾਉ।'' ਮੈਂ ਜਾਣਦਾ ਹਾਂ, ਜੋ ਕੁੱਝ ਅਸੀਂ ਸੁਣ ਰਹੇ ਹਾਂ, ਉਹ 90% ਖ਼ਾਲਸ ਝੂਠ ਹੈ, ਫਿਰ ਵੋਟ ਪਾਉਣ ਲਈ ਅਪਣੇ ਆਪ ਨੂੰ ਕਿਵੇਂ ਮਨਾਵਾਂ? ਪਾਠਕ ਕੋਈ ਸਹਾਇਤਾ ਕਰ ਸਕਣ ਤਾਂ ਧਨਵਾਦੀ ਹੋਵਾਂਗਾ।  -ਜੋਗਿੰਦਰ ਸਿੰਘ