ਅਕਾਲ ਤਖ਼ਤ ਨੂੰ ‘ਜਥੇਦਾਰੀ ਦਾ ਤਖ਼ਤ’ ਨਾ ਬਣਾਉ ਇਹ ‘ਪੰਥ ਦੇ ਤਖ਼ਤ’ ਵਜੋਂ ਹੋਂਦ ਵਿਚ ਆਇਆ ਸੀ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਦੂਜੇ ਹਿੱਸੇ ਵੀ ਕਾਫ਼ੀ ਨਿਰਾਸ਼ਾਜਨਕ ਸਨ

Akal Takht Sahib

 

6 ਜੂਨ ਦਾ ‘ਸੰਦੇਸ਼’ ਸੁਣ ਕੇ ਕਾਫ਼ੀ ਹੈਰਾਨੀ ਹੋਈ। ਮੇਰਾ ਦਿਲ ਨਹੀਂ ਕਰਦਾ ਕਿ ਹਰ ਗੱਲ ਦੀ ਆਲੋਚਨਾ ਕਰਾਂ ਪਰ 1984 ਦਾ ਬੜਾ ਭਿਅੰਕਰ ਸਮਾਂ ਵੇਖਿਆ ਹੈ ਤੇ ਉਸ ਭਿਅੰਕਰ ਸਮੇਂ ਪਿੱਛੇ, ਹੋਰ ਕਈ ਕਾਰਨਾਂ ਦੇ ਨਾਲ-ਨਾਲ, ਇਕ ਕਾਰਨ ਇਹ ਵੀ ਛੁਪਿਆ ਹੋਇਆ ਸੀ ਕਿ ਹਰ ਲੀਡਰ ਅਕਾਲ ਤਖ਼ਤ ਤੋਂ ਮਨ-ਮਰਜ਼ੀ ਦੇ ਐਲਾਨ ਕਰ ਜਾਇਆ ਕਰਦਾ ਸੀ ਤੇ ਦਾਅਵਾ ਇਹ ਕਰਦਾ ਸੀ ਕਿ ਜੋ ਉਹ ਕਹਿ ਰਿਹਾ ਹੈ, ਇਹ ਪੰਥ ਦਾ ਐਲਾਨ ਹੈ। ਸੋ ਪੰਥ ਉਦੋਂ ਵੀ ਤੇ ਅੱਜ ਵੀ ਕਿਸੇ ਸਾਂਝੀ ਸੋਚ ਦਾ ਨਾਂ ਨਹੀਂ ਰਹਿ ਗਿਆ ਸਗੋਂ ਜੋ ਕੋਈ ਵੀ ਅਕਾਲ ਤਖ਼ਤ ਤੇ ਚੜ੍ਹ ਕੇ ਬੋਲਣ ਦੀ ਤਾਕਤ ਰਖਦਾ ਹੈ, ਉਹ ਅਪਣੀ ਗੱਲ, ਪੰਥ ਦੇ ਗਲੇ ਮੜ੍ਹ ਕੇ ਚਲਾ ਜਾਂਦਾ ਹੈ। ਮਨਮਰਜ਼ੀ ਦਾ ਐਲਾਨ ਕਰਨ ਵਾਲਾ, ਉਦੋਂ ਵੀ ਤੇ ਅੱਜ ਵੀ, ਅਕਾਲ ਤਖ਼ਤ ਦੇ ਸਾਹਮਣੇ ਅਪਣੇ ‘ਭਗਤਾਂ’ ਦਾ ਵੱਡਾ ਸਮੂਹ ਪਹਿਲਾਂ ਹੀ ਬਿਠਾ ਕੇ ਆਉਂਦਾ ਹੈ ਤਾਕਿ ਜੇ ਕੋਈ ਟੋਕਣ ਦੀ ਹਿੰਮਤ ਕਰੇ ਤਾਂ ਉਸ ਨੂੰ ਟੋਕਣ ਦਾ ਸਵਾਦ ਚਖਾ ਦਿਤਾ ਜਾਏ।

 

 

ਸਪੋਕਸਮੈਨ ਦੇ ਪੁਰਾਣੇ ਪਰਚੇ ਮੇਰੀ ਇਸ ਚਿੰਤਾ ਨੂੰ ਵਾਰ ਵਾਰ ਦੁਹਰਾਉਂਦੇ ਵੇਖੇ ਜਾ ਸਕਦੇ ਹਨ ਕਿ ਪੰਥ ਨੂੰ ਸੁਪ੍ਰੀਮ ਰੱਖੀ ਰੱਖੋ, ਵਿਅਕਤੀਆਂ ਨੂੰ ‘ਸੁਪ੍ਰੀਮ ਨਾ ਬਣਨ ਦਿਉ ਨਹੀਂ ਤਾਂ ਅਪਣੇ ਵੀ ਤੇ ਦਿੱਲੀ ਦੇ ਸਿਆਸੀ ਆਗੂ ਵੀ ‘ਸੁਪ੍ਰੀਮ ਵਿਅਕਤੀਆਂ’ ਨੂੰ ਅਪਣੇ ਮਾਤਹਿਤ ਕਰਨ ਕਰਨ ਵਿਚ ਦੇਰ ਨਹੀਂ ਲਾਉਣਗੇ। ਮੈਂ ਜੋ ਲਿਖਿਆ ਕਰਦਾ ਸੀ, ਅੱਖਰ-ਅੱਖਰ ਠੀਕ ਸਾਬਤ ਹੋਇਆ ਹੈ। ਸਾਰੇ ਹੀ ‘ਸੁਪ੍ਰੀਮ ਜਥੇਦਾਰ’ ਸਿਆਸਤਦਾਨਾਂ ਦੇ ਇਸ਼ਾਰਿਆਂ ’ਤੇ ਨੱਚਣ ਵਾਲੇ ਸਾਬਤ ਹੋਏ ਹਨ, ਲੀਡਰਾਂ ਦੇ ਘਰੀਂ ਜਾ ਕੇ ਉਨ੍ਹਾਂ ਤੋਂ ਹੁਕਮ ਲੈਂਦੇ ਰਹੇ ਹਨ ਤੇ ਸੌਦਾ ਸਾਧ ਵਰਗਿਆਂ ਨੂੰ ‘ਬਰੀ’ ਕਰਨ ਸਮੇਂ ਕਿਸੇ ਵੀ ਮਰਿਆਦਾ ਨਾਲੋਂ ਵੱਡਾ, ਹਾਕਮਾਂ ਦਾ ਹੁਕਮ ਹੀ ਉਨ੍ਹਾਂ ਨੇ ਮੰਨਿਆ। ਅਖ਼ੀਰ ਤੇ ਜਦ ਉਨ੍ਹਾਂ ਨੂੰ ਮਿੰਟਾਂ ਸਕਿੰਟਾਂ ਵਿਚ ਗੱਦੀ ਛੱਡ ਦੇਣ ਦਾ ਹੁਕਮ ਦਿਤਾ ਗਿਆ ਤਾਂ ਉਹਨਾਂ ਹਾਅ ਦਾ ਇਕ ਛੋਟਾ ਜਿਹਾ ਨਾਹਰਾ ਵੀ ਨਾ ਮਾਰਿਆ ਕਿ ਅਕਾਲ ਤਖ਼ਤ ਦੇ ਮੁੱਖ ਸੇਵਕ ਨੂੰ ਇਸ ਤਰ੍ਹਾਂ ਅਪਮਾਨਤ ਕਰ ਕੇ ਕਢਣਾ, ਉਸ ਦੀ ਨਹੀਂ, ਅਕਾਲ ਤਖ਼ਤ ਦੀ ਬੇਹੁਰਮਤੀ ਕਰਨਾ ਹੈ! ਹਾਕਮ ਜੋ ਕਹੇ ਤੇ ਜੋ ਕਰੇ, ਸੱੱਭ ਠੀਕ ਹੈ।

 

 

ਨੌਜਵਾਨਾਂ ਨੂੰ ਹਥਿਆਰਬੰਦ ਹੋ ਜਾਣ ਲਈ ਕਹਿਣ ਦਾ ਫ਼ੈਸਲਾ ਪੰਥ ਨੇ ਕਦੋਂ ਲਿਆ ਹੈ? ਕਦੇ ਨਹੀਂ। ਪੰਥ ਜਦੋਂ ਇਹ ਫ਼ੈਸਲਾ ਲਵੇਗਾ ਤਾਂ ਪੂਰੀ ਤਰ੍ਹਾਂ ਸੋਚ ਵਿਚਾਰ ਕੇ ਤੇ ਕਿਸੇ ਟੀਚੇ ਦੀ ਪ੍ਰਾਪਤੀ ਨੂੰ ਸਾਹਮਣੇ ਰੱਖ ਕੇ ਲਵੇਗਾ, ਅਚਾਨਕ ਸਟੇਜ ਤੇ ਚੜ੍ਹ ਕੇ ਐਲਾਨ ਨਹੀਂ ਕਰੇਗਾ। ਫਿਰ ‘ਜਥੇਦਾਰ’ ਨੇ ਦਿੱਲੀ ਤੋਂ ਆਏ ਕਮਾਂਡੋਜ਼ ਦੀ ਛਤਰ ਛਾਇਆ ਜਾਂ ਅਧੀਨਗੀ ਮੰਨ ਕੇ ਅਕਾਲ ਤਖ਼ਤ ਦੀ ਪ੍ਰਭੂਸੱਤਾ (Sovereignty) ਨੂੰ ਦਿੱਲੀ ਦੇ ਅਧੀਨ ਕਰਨਾ ਕਿਉਂ ਮੰਨ ਲਿਆ ਹੈ? ਹੋਰ ਅਧੀਨਤਾ ਕੀ ਹੁੰਦੀ ਹੈ, ਜੇ ਤੁਹਾਨੂੰ ਅਪਣੀ ਰਾਖੀ ਲਈ ਵੀ ਕਿਸੇ ਦੂਜੇ ਤਖ਼ਤ ਦੀ ਲੋੜ ਪੈਂਦੀ ਹੋਵੇ। ਅਕਾਲ ਤਖ਼ਤ ਅਪਣੇ ਮੁੱਖ ਸੇਵਕ ਦੀ ਰਾਖੀ ਲਈ ਵੀ ਆਪ ਪ੍ਰਬੰਧ ਨਹੀਂ ਕਰ ਸਕਦਾ?

 

ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਦੂਜੇ ਹਿੱਸੇ ਵੀ ਕਾਫ਼ੀ ਨਿਰਾਸ਼ਾਜਨਕ ਸਨ। ਉਨ੍ਹਾਂ ਨਹਿਰੂ ਨੂੰ ਯਾਦ ਕਰ ਕੇ ਤਾਂ ਠੀਕ ਕਹਿ ਦਿਤਾ ਕਿ ਉਸ ਨੇ ਸਿੱਖਾਂ ਨੂੰ ਨੇਸਤੋ ਨਾਬੂਦ ਕਰਨ ਲਈ ਵੱਡੀਆਂ ਸਾਜ਼ਸ਼ਾਂ ਘੜ ਲਈਆਂ ਸਨ ਪਰ ਅੱਜ ਦੇ ਹਾਲਾਤ ਬਾਰੇ ਇਕ ਲਫ਼ਜ਼ ਵੀ ਨਾ ਬੋਲਿਆ ਕਿ ਅੱਜ ਦੀ ਸਰਕਾਰ ਨਹਿਰੂ ਦੀਆਂ ਸੌ ਗ਼ਲਤੀਆਂ ’ਚੋਂ ਕਿਸੇ ਇਕ ਨੂੰ ਵੀ ਠੀਕ ਕਰਨ ਲਈ ਤਿਆਰ ਨਹੀਂ। ਪੁਰਾਣੀਆਂ ਗੱਲਾਂ ਤਾਂ ਬਹੁਤ ਹਨ ਪਰ ਕੇਂਦਰ ਚਾਹੇ ਤਾਂ ਸ਼ਾਮ ਪੈਣ ਤੋਂ ਪਹਿਲਾਂ ਬੰਦੀ ਸਿੰਘ ਛੱਡ ਸਕਦੀ ਹੈ ਤੇ ਚੰਡੀਗੜ੍ਹ ਪੰਜਾਬ ਨੂੰ ਦੇ ਸਕਦੀ ਹੈ। ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਬਾਰੇ ਤਾਂ ਮੋਦੀ ਸਾਹਿਬ ਨੇ ਚਰਨਜੀਤ ਸਿੰਘ ਚੰਨੀ ਵੇਲੇ ਪੰਜਾਬ ਫੇਰੀ ਦੌਰਾਨ ਐਲਾਨ ਕਰਨ ਦੇ ਸੁਨੇਹੇ ਲੋਕਾਂ ਨੂੰ ਚੰਡੀਗੜ੍ਹ ਭੇਜੇ ਸਨ ਭਾਵੇਂ ਉਹ ਯਾਤਰਾ ਵੀ ਅੱਧ ਵਿਚਕਾਰੋਂ ਬੰਦ ਕਰਨੀ ਪਈ ਤੇ ਐਲਾਨ ਕੀਤੇ ਬਗ਼ੈਰ, ਮੋਦੀ ਸਾਹਬ ਵਾਪਸ ਚਲੇ ਗਏ। ਖ਼ੈਰ, ਕਾਰਜਕਾਰੀ ‘ਜਥੇਦਾਰ’ ਬਾਰੇ ਗ਼ਲਤ-ਫ਼ਹਿਮੀਆਂ ਹੋਰ ਵਧਣੀਆਂ ਲਾਜ਼ਮੀ ਹਨ।

 

 

ਹੁਣ ਤੋਂ ਹੀ ਆਮ ਕਿਹਾ ਜਾਣ ਲੱਗ ਪਿਆ ਹੈ ਕਿ ਜਥੇਦਾਰ ‘ਮੋਦੀ ਕੈਂਪ’ ਵਿਚ ਸ਼ਾਮਲ ਹੋ ਗਿਆ ਹੈ ਜੋ ਉਸ ਕੋਲੋਂ ਕਾਂਗਰਸ ਨੂੰ ਸਲਵਾਤਾਂ ਸੁਣਵਾ ਰਿਹਾ ਹੈ ਪਰ ਅਪਣੇ ਵਿਰੁਧ ਇਕ ਲਫ਼ਜ਼ ਨਹੀਂ ਬੋਲਣ ਦੇ ਰਿਹਾ। ਇਕ ਸਿੱਖ ਵਜੋਂ ਅਜਿਹੀਆਂ ਗੱਲਾਂ ਸੁਣ ਕੇ ਮੇਰਾ ਦਿਲ ਵੀ ਡੋਬੂ ਖਾਣ ਲਗਦਾ ਹੈ। ਸਾਡੇ ਕੋਲ ਆਜ਼ਾਦ ਸੋਚਣੀ ਵਾਲੀ ਕੋਈ ਥਾਂ ਨਹੀਂ ਰਹਿਣ ਦਿਤੀ ਜਾਏਗੀ? ਸਾਡੇ ਅਪਣੇ ਸਿਆਸੀ ਲੀਡਰਾਂ ਨੇ, ਸਿਆਸੀ ਖੇਡਾਂ ਖੇਡ ਕੇ, ਸੱਭ ਕੁੱਝ ਨੂੰ ਪੰਥ ਤੋਂ ਦੂਰ ਕਰ ਦਿਤਾ ਹੈ ਤੇ ਹਾਕਮਾਂ ਦੇ ਅਧੀਨ। ਭਵਿੱਖ ਚੰਗਾ ਕਿਵੇਂ ਹੋ ਸਕਦਾ ਹੈ? ਮੈਂ ਤਾਂ ਛੋਟੇ ਹੁੰਦਿਆਂ ਬੋਤਾ ਸਿੰਘ, ਗਰਜਾ ਸਿੰਘ ਦੀ ਗਾਥਾ ਸੁਣੀ ਸੀ ਜੋ ਸੈਂਕੜੇ ਫ਼ੌਜੀਆਂ ਨਾਲ ਇਕੱਲੇ ਲੜ ਰਹੇ ਸਨ। ਪਤਾ ਸੀ, ਬੱਚ ਨਹੀਂ ਸਕਦੇ ਪਰ ਪੰਥ ਦੀ ਪ੍ਰਭੂਸੱਤਾ ਦਾ ਐਲਾਨ ਕਰਦੇ ਕਰਦੇ, ਲੜ ਕੇ ਸ਼ਹੀਦ ਹੋ ਗਏ ਪਰ ਪੰਥ ਦੀ ਪ੍ਰਭੂਸੱਤਾ ਦੁਸ਼ਮਣਾਂ ਦੇ ਹੱਥ ਨਾ ਆਉਣ ਦਿਤੀ।

 

 

ਮੈਂ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਵੀ ਬੋਤਾ ਸਿੰਘ, ਗਰਜਾ ਸਿੰਘ ਵਾਲੀ ਆਨ ਸ਼ਾਨ ਦੀ ਆਸ ਰੱਖਣ ਵਾਲੇ, ਦਿਨੇ ਸੁਪਨੇ ਵੇਖਣ ਵਾਲਿਆਂ ’ਚੋਂ ਇਕ ਹਾਂ। ਉਨ੍ਹਾਂ ਦੂਜਿਆਂ (ਡੇਰੇਦਾਰਾਂ) ਨੂੰ ਕਿਹਾ ਕਿ ਏਸੀ ਕਮਰੇ ਛੱਡ ਕੇ ਪਿੰਡਾਂ ’ਚ ਜਾ ਕੇ ਈਸਾਈਆਂ ਨੂੰ ਰੋਕੋ। ਇਹੀ ਕੁੱਝ ਜੇ ਉਹ ਅਪਣੇ ਆਪ ਨੂੰ ਕਹਿੰਦੇ ਤੇ ਏਸੀ ਕਮਰੇ ਤੇ ਕਮਾਂਡੋ ਛੱਡ ਕੇ, ਅਪਣੇ ਸਾਥੀ ਜਥੇਦਾਰਾਂ ਨਾਲ ਪਿੰਡ ਪਿੰਡ ਨਿਕਲ ਪੈਂਦੇ ਤਾਂ ਪੰਥ ਦੀ ਚੜ੍ਹਦੀ ਕਲਾ ਦਾ ਮੁੱਢ ਨਾ ਬੱਝ ਜਾਂਦਾ? ਮੈਨੂੰ ਇਸ ਗੱਲ ਦੀ ਡਾਢੀ ਤਕਲੀਫ਼ ਸੀ ਕਿ ਆਪ ਪਾਰਟੀ ਨੇ ਰਾਜ ਸਭਾ ਵਿਚ ਕੋਈ ਵੀ ਅਜਿਹਾ ਲੀਡਰ ਨਹੀਂ ਭੇਜਿਆ ਜੋ ਪੰਜਾਬ ਅਤੇ ਸਿੱਖਾਂ ਲਈ ਉਥੇ ਹਾਅ ਦਾ ਨਾਹਰਾ ਮਾਰ ਸਕੇ। ਕਾਂਗਰਸ ਪਾਰਟੀ ਨੇ ਪਾਰਲੀਮੈਂਟ ਵਿਚ ਜਿਹੜੇ ਆਗੂ ਭੇਜੇ ਸਨ, ਉਹ ਕਈ ਵਾਰ ਅਕਾਲੀਆਂ ਦੇ ਮੁਕਾਬਲੇ ਵੀ ਪੰਜਾਬ ਤੇ ਸਿੱਖਾਂ ਦੀ ਗੱਲ ਧੜੱਲੇ ਨਾਲ ਤੇ ਬਿਹਤਰ ਢੰਗ ਨਾਲ ਕਰਦੇ ਸਨ -- ਜਿਵੇਂ ਜਗਮੀਤ ਸਿੰਘ ਬਰਾੜ, ਪ੍ਰਤਾਪ ਸਿੰਘ ਬਾਜਵਾ, ਰਵਨੀਤ ਬਿੱਟੂ ਤੇ ਕਈ ਹੋਰ।

 

 

 

ਪਰ ਅੱਜ ਦੀਆਂ ਅਖ਼ਬਾਰਾਂ ਵਿਚ ‘ਆਪ’ ਪਾਰਟੀ ਦੇ ਨਵੇੇਂ ਬਣੇ ਰਾਜ ਸਭਾ ਦੇ ਇਕ ਮੈਂਬਰ ਸ. ਵਿਕਰਮਜੀਤ ਸਿੰਘ ਸਾਹਣੀ ਦਾ ਬਿਆਨ ਵੇਖ ਕੇ ਮੈਨੂੰ ਖ਼ੁਸ਼ੀ ਹੋਈ ਕਿ ਇਸ ਪਾਰਟੀ ਨੇ ਵੀ ਪਾਰਲੀਮੈਂਟ ਵਿਚ ਇਕ ਬੰਦਾ ਤਾਂ ਅਜਿਹਾ ਭੇਜਿਆ ਹੈ ਜੋ ਪੰਜਾਬ ਤੇ ਸਿੱਖਾਂ ਬਾਰੇ ਗੱਲ ਕਰ ਸਕਦਾ ਹੈ। ਮੈਂ ਸ. ਵਿਕਰਮਜੀਤ ਸਿੰਘ ਨੂੰ ਕਦੇ ਮਿਲਿਆ ਨਹੀਂ ਪਰ ਉਨ੍ਹਾਂ ਦੇ ਗਾਏ ਗੁਰਬਾਣੀ ਦੇ ਸ਼ਬਦ ਟੀਵੀ ਤੇ ਕਦੇ ਕਦੇ ਵੇਖਣ ਸੁਣਨ ਨੂੰ ਮਿਲ ਜਾਂਦੇ ਹਨ ਜੋ ਕਲਾ ਅਤੇ ਸ਼ਰਧਾ ਦੇ ਸੁਮੇਲ ਦਾ ਸੁੰਦਰ ਨਮੂਨਾ ਹੁੰਦੇ ਹਨ। ਸੁਣਨ ਨੂੰ ਬਹੁਤ ਚੰਗੇ ਲਗਦੇ ਹਨ। ਅਖ਼ਬਾਰੀ ਖ਼ਬਰਾਂ ਵਿਚ ਇਹ ਵੀ ਪੜਿ੍ਹਆ ਕਿ ਉਹ ਕਿਸੇ ਗਲੋਬਲ ਪੰਜਾਬੀ ਸੰਸਥਾ ਦੇ ਵੀ ਚੇਅਰਮੈਨ ਹਨ। ਖ਼ੈਰ ਉਨ੍ਹਾਂ ਦੇ ਜਿਸ ਬਿਆਨ ਨੇ ਮੈਨੂੰ ਇਹ ਕਾਲਮ ਲਿਖਣ ਲਈ ਪ੍ਰੇਰਿਆ ਹੈ, ਉਹ ਇਹ ਹੈ ਕਿ ਪੰਜਾਬ ਐਂਡ ਸਿੰੰਧ ਬੈਂਕ ਜੋ ਸਿੱਖਾਂ ਨੇ ਸਿੱਖਾਂ ਲਈ ਬਣਾਇਆ ਸੀ, ਉਸ ਦਾ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਇਕ ਸਿੱਖ ਹੀ ਹੋਣਾ ਚਾਹੀਦਾ ਹੈ ਤੇ ਇਸ ਗੱਲ ਦਾ ਐਲਾਨ 1980 ਵਿਚ ਸਰਕਾਰੀ ਤੌਰ ’ਤੇ ਵੀ ਕੀਤਾ ਗਿਆ ਸੀ ਪਰ ਹੁਣ ਇਸ ਦਾ ਚੇਅਰਮੈਨ ਇਕ ਸਵਰੂਪ ਕੁਮਾਰ ਸਾਹਾ ਨਾਂ ਦੇ ਸੱਜਣ ਨੂੰ ਬਣਾ ਦਿਤਾ ਗਿਆ ਹੈ।

 

 

ਮੈਨੂੰ ਯਾਦ ਹੈ, ਭਾਈ ਵੀਰ ਸਿੰਘ ਵਲੋਂ 1908 ਵਿਚ ਕਾਇਮ ਕੀਤੇ ਪੰਜਾਬ ਐਂਡ ਸਿੰਧ ਬੈਂਕ ਨੂੰ ਜਦ ਮੁੜ ਤੋਂ ਜੀਵਤ ਕਰਨ ਦਾ ਫ਼ੈਸਲਾ ਡਾ. ਇੰਦਰਜੀਤ ਸਿੰਘ ਨੇ ਲਿਆ ਉਸ ਸਮੇਂ ਸਿੱਖਾਂ ਨੂੰ ਬੈਂਕਾਂ ਵਿਚ ਨੌਕਰੀ ਨਹੀਂ ਸੀ ਦਿਤੀ ਜਾਂਦੀ ਤੇ ਮਜ਼ਾਕੀਆ ਲਹਿਜੇ ਵਿਚ ਕਹਿ ਦਿਤਾ ਜਾਂਦਾ ਸੀ, ‘‘ਓ ਤੁਸੀ ਫ਼ੌਜ ਵਿਚ ਜਾਉ ਜਾਂ ਖੇਤੀ ਕਰੋ, ਬੈਂਕਿੰਗ ਤੁਹਾਡੇ ਵੱਸ ਦੀ ਗੱਲ ਨਹੀਂ। ਇਥੇ ਹਿਸਾਬ ਕਿਤਾਬ ’ਚ ਬਹੁਤ ਸਿਰ ਖਪਾਣਾ ਪੈਂਦੈ ਜਿਹੜਾ ਤੁਸੀ ਨਹੀਂ ਕਰ ਸਕਦੇ।’’ ਇੰਦਰਜੀਤ ਸਿੰਘ ਨੇ ਸਿੱਖਾਂ ਦਾ ਬੈਂਕ ਖੋਲ੍ਹਿਆ ਤੇ 90-95 ਫ਼ੀ ਸਦੀ ਸਿੱਖ ਹੀ ਭਰਤੀ ਕੀਤੇ। ਬੈਂਕ ਬਹੁਤ ਕਾਮਯਾਬ ਹੋ ਗਿਆ ਤੇ ਪੁਰਾਣੇ ਸਫ਼ਲ ਬੈਂਕਾਂ ਨੂੰ ਵੀ ਪਿੱਛੇ ਸੁਟ ਗਿਆ। ਇਹ ਸ. ਇੰਦਰਜੀਤ ਸਿੰਘ ਦਾ ਕਮਾਲ ਸੀ। ਦਿੱਲੀ ਤੋਂ ਇਕ ਕਮੇਟੀ ਭੇਜੀ ਗਈ ਜਿਸ ਨੇ ਅਪਣੀ ਰੀਪੋਰਟ ਵਿਚ ਲਿਖ ਦਿਤਾ ਕਿ ‘‘ਇਸ ਦਾ ਨਾਂ ਤਾਂ ਪੰਜਾਬ ਐਂਡ ਸਿੱਖ ਬੈਂਕ ਹੋਣਾ ਚਾਹੀਦੈ ਕਿਉਂਕਿ ਗ਼ੈਰ-ਸਿੱਖ ਤਾਂ ਇਸ ਵਿਚ ਆਟੇ ਵਿਚ ਲੂਣ ਜਿੰਨੇ ਹੀ ਹੋਣਗੇ।’’

ਇਸ ਰੀਪੋਰਟ ਨੂੰ ਬਹਾਨੇ ਵਜੋਂ ਵਰਤ ਕੇ, ਪੰਜਾਬ ਐਂਡ ਸਿੰਧ ਬੈਂਕ ਦਾ ਕੌਮੀਕਰਨ ਕਰ ਦਿਤਾ ਗਿਆ ਪਰ ਸਰਕਾਰ ਨੇ ਅਪ੍ਰੈਲ 1980 ਵਿਚ ਵਾਅਦਾ ਕੀਤਾ ਕਿ ਇਸ ਬੈਂਕ ਦਾ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਕੋਈ ਸਿੱਖ ਹੀ ਹੋਇਆ ਕਰੇਗਾ। ਸ਼ੁਕਰੀਆ ਸਾਹਣੀ ਜੀ, ਇਹ ਸੱਭ ਯਾਦ ਕਰਵਾ ਦੇਣ ਲਈ। ਕਿਸੇ ਜਥੇਦਾਰ, ਪੰਥ ਦੇ ਠੇਕੇਦਾਰ ਤੇ ਪੰਥ ਦੀ ਸਾਰੀ ਦੌਲਤ ਉਤੇ ਕਾਬਜ਼ ਹੋਣ ਵਾਲੇ ਨੇ ਇਹ ਗੱਲ ਨੋਟ ਹੀ ਨਹੀਂ ਸੀ ਕਰਨੀ ਜੇ ਤੁਸੀ ਪਹਿਲ ਨਾ ਕਰਦੇ।