ਪ੍ਰਤਾਪ ਸਿੰਘ ਕੈਰੋਂ, ਪੰਜਾਬ ਲਈ ਕਿੰਨਾ ਕੁ ਫ਼ੌਲਾਦੀ ਆਗੂ ਸਾਬਤ ਹੋਇਆ?  (2)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਫ਼ੌਲਾਦੀ ਆਗੂ ਉਹੀ ਹੁੰਦਾ ਹੈ ਜਿਸ ਦੀ ਅਪਣੀ ਨਿਜੀ ਤ੍ਰਿਸ਼ਨਾ ਉਸ ਨੂੰ ਵੱਡੇ ਹਾਕਮਾਂ ਦਾ ਚਾਕਰ ਨਾ ਬਣਾ ਸਕੇ ਤੇ ਉਸ ਨੂੰ ਆਪ ਨੂੰ ਕੁੱਝ ਮਿਲੇ ਨਾ ਮਿਲੇ

Partap Singh Kairon

ਫ਼ੌਲਾਦੀ ਆਗੂ ਉਹੀ ਹੁੰਦਾ ਹੈ ਜਿਸ ਦੀ ਅਪਣੀ ਨਿਜੀ ਤ੍ਰਿਸ਼ਨਾ ਉਸ ਨੂੰ ਵੱਡੇ ਹਾਕਮਾਂ ਦਾ ਚਾਕਰ ਨਾ ਬਣਾ ਸਕੇ ਤੇ ਉਸ ਨੂੰ ਆਪ ਨੂੰ ਕੁੱਝ ਮਿਲੇ ਨਾ ਮਿਲੇ, ਉਹ ਵੱਡੇ ਹਾਕਮ ਅੱਗੇ ਸੱਚ ਬੋਲਣੋਂ ਕਦੇ ਨਾ ਚੂਕੇ। ਆਖ਼ਰ ਤਕ ਸੱਚ ਉਹੀ ਬੋਲ ਸਕਦਾ ਹੈ ਜਿਸ ਨੂੰ ਅਪਣੇ ਨਿਜੀ ਲਾਭ ਦੀ ਕੋਈ ਝਾਕ ਨਾ ਹੋਵੇ ਤੇ ਉਹ ਅਪਣੇ ਲੋਕਾਂ, ਅਪਣੇ ਰਾਜ ਨਾਲ ਧੱਕਾ ਕਰਨ ਦੀ ਆਗਿਆ ਕਦੇ ਨਾ ਦੇਵੇ ਤੇ ਅਜਿਹਾ ਕਰਨ ਬਦਲੇ ਕੀਤੀ ਗਈ ਹਰ ਵੱਡੀ ਤੋਂ ਵੱਡੀ ਪੇਸ਼ਕਸ਼ ਨੂੰ ਵੀ ਠੁਕਰਾ ਸਕੇ।

ਪ੍ਰਤਾਪ ਸਿੰਘ ਕੈਰੋਂ ਇਕ ਸਿਆਣਾ ਤੇ ਤੁਰਤ ਫ਼ੈਸਲੇ ਲੈਣ ਦੀ ਸਮਰੱਥਾ ਰੱਖਣ ਵਾਲਾ ਹਾਕਮ ਸੀ ਪਰ ਭਾਰਤ ਦਾ ਡੀਫ਼ੈਂਸ ਮਨਿਸਟਰ ਬਣਨ ਦੀ ਅਪਣੀ ਇੱਛਾ ਨੂੰ ਫਲੀਭੂਤ ਹੁੰਦਾ ਵੇਖਣ ਲਈ ਉਹ ਪੰਜਾਬ ਅਤੇ ਸਿੱਖਾਂ ਨਾਲ ਕੇਂਦਰ ਦੇ ਹਰ ਧੱਕੇ ਨੂੰ 'ਜੀਅ ਆਇਆਂ' ਕਹਿਣ ਵਾਲਾ ਆਗੂ ਬਣ ਕੇ ਰਹਿ ਗਿਆ। ਮੈਂ ਪਿਛਲੀ ਕਿਸਤ ਵਿਚ ਇਕ ਨਿਜੀ ਤਜਰਬੇ ਦਾ ਜ਼ਿਕਰ ਕਰ ਕੇ ਦਸਿਆ ਸੀ ਕਿ ਕੈਰੋਂ ਤਾਂ ਕੇਂਦਰ ਦੇ ਮਾੜੇ ਤੋਂ ਮਾੜੇ ਹੁਕਮਾਂ ਅੱਗੇ ਵੀ ਜ਼ਰਾ ਜਿਹਾ ਅੜਨ ਵਾਲਾ ਆਗੂ ਨਹੀਂ ਸੀ ਅਤੇ ਇਕ ਬਹੁਤ ਵਧੀਆ ਐਡਮਨਿਸਟਰੇਟਰ ਹੋਣ ਦੇ ਬਾਵਜੂਦ, ਉਹ ਕੇਂਦਰ ਦੇ ਗ਼ਲਤ ਹੁਕਮਾਂ ਸਾਹਮਣੇ ਭਿੱਜੀ ਬਿੱਲੀ ਬਣ ਜਾਣ ਵਾਲਾ 'ਸ਼ੇਰ' ਹੀ ਸੀ।

ਉਪਰੋਕਤ ਮਾੜੇ ਤਜਰਬੇ ਦੇ ਬਾਵਜੂਦ, ਪ੍ਰਤਾਪ ਸਿੰਘ ਕੈਰੋਂ ਮੇਰੇ ਪਿਤਾ ਨੂੰ ਪਹਿਲਾਂ ਵਾਂਗ ਹੀ ਮਿਲਣ ਆਇਆ ਕਰਦਾ ਸੀ ਤੇ ਪਿਤਾ ਜੀ ਵੀ ਹਰ ਵਾਰ ਨੋਟਾਂ ਦੀ ਇਕ ਦੱਥੀ ਉਸ ਨੂੰ ਫੜਾ ਦੇਂਦੇ ਸਨ ਪਰ ਕਦੇ ਕਿਸੇ ਗੱਲ ਦਾ ਗਿਲਾ ਨਹੀਂ ਸੀ ਕੀਤਾ। ਇਕ ਦਿਨ ਕੈਰੋਂ ਨੇ ਆਪ ਹੀ, ਮੇਰੇ ਸਾਹਮਣੇ ਪਿਤਾ ਜੀ ਨੂੰ ਕਿਹਾ, ''ਅਪਣਾ ਮੁੰਡਾ ਕਾਨੂੰਨ ਦੀ ਪੜ੍ਹਾਈ ਕਰ ਆਇਆ ਹੈ। ਸਿਆਣੀਆਂ ਗੱਲਾਂ ਕਰਦਾ ਹੈ। ਇਹਨੂੰ ਤਾਂ ਮੈਂ ਅਪਣੇ ਕੋਲ ਚੰਡੀਗੜ੍ਹ ਲੈ ਜਾਣੈ। ਇਕ ਸਪੈਸ਼ਲ ਮੈਜਿਸਟਰੇਟ ਦੀ ਆਸਾਮੀ ਬਣਾ ਰਿਹਾਂ ਤਾਕਿ ਅਕਾਲੀਆਂ ਨੂੰ ਸਾਲ ਸਾਲ ਲਈ ਸਜ਼ਾ ਦੁਆ ਕੇ ਜੇਲ੍ਹਾਂ ਵਿਚ ਸੁਟ ਦੇਵਾਂ।''

ਮੈਂ ਉਠ ਕੇ, ਬਹਾਨੇ ਨਾਲ ਬਾਹਰ ਨਿਕਲ ਗਿਆ। ਅਪਣੇ ਪਿਤਾ ਜੀ ਨੂੰ ਮੈਂ ਦਸ ਦਿਤਾ ਕਿ ਮੈਂ ਇਨਸਾਫ਼ ਦੀ ਕੁਰਸੀ ਉਤੇ ਬੈਠ ਕੇ ਕਿਸੇ ਨੂੰ ਗ਼ਲਤ ਸਜ਼ਾ ਨਹੀਂ ਦੇਣੀ ਤੇ ਕੈਰੋਂ ਸਾਹਬ ਨੇ ਮੈਨੂੰ ਜੁੱਤੀ ਮਾਰ ਕੇ ਉਥੋਂ ਹਟਾ ਹੀ ਨਹੀਂ ਦੇਣਾ, ਤੁਹਾਡੇ ਨਾਲ ਵੀ ਵਿਗਾੜ ਪਾ ਲੈਣਾ ਹੈ। ਮੈਂ ਇਹੋ ਜਹੀ ਨੌਕਰੀ ਕਦੇ ਨਹੀਂ ਕਰ ਸਕਾਂਗਾ।
ਸੋ ਮੇਰੇ ਪਿਤਾ ਜੀ ਨੇ ਜੋ ਵੀ ਬਹਾਨਾ ਲਗਾਣਾ ਸੀ, ਲਗਾ ਕੇ ਮਾਮਲਾ ਖ਼ਤਮ ਕਰ ਦਿਤਾ।

ਇਕ ਦਿਨ ਇਕ ਸੈਸ਼ਨ ਜੱਜ ਸਾਡੇ ਘਰ ਆਏ ਤੇ ਗੱਲਾਂ ਗੱਲਾਂ ਵਿਚ ਕਹਿਣ ਲਗੇ, ''ਕੈਰੋਂ ਸਾਹਬ ਵਰਗਾ ਸਿਆਣਾ ਬੰਦਾ ਪੰਜਾਬ ਨੂੰ ਕਦੇ ਨਹੀਂ ਮਿਲਣਾ।''
ਮੇਰੇ ਪਿਤਾ ਜੀ ਨੇ ਪੁਛਿਆ, ''ਕਿਹੜੀ ਸਿਆਣਪ ਵੇਖੀ ਹੈ ਤੁਸੀ ਉਸ ਦੀ?''
ਜੱਜ ਸਾਹਿਬ ਬੋਲੇ, ''ਵੇਖੋ ਜੀ, ਹਰ ਚੌਥੇ ਦਿਨ ਕੈਰੋਂ ਸਾਹਿਬ ਦੀ ਸਿਫ਼ਾਰਸ਼ੀ ਚਿੱਟ ਸਾਡੇ ਕੋਲ ਆ ਜਾਂਦੀ ਸੀ। ਅਸੀ ਬੜੇ ਪ੍ਰੇਸ਼ਾਨ ਸੀ ਕਿ ਏਨੀਆਂ ਸਿਫ਼ਾਰਸ਼ਾਂ ਮੰਨਾਂਗੇ ਤਾਂ ਇਨਸਾਫ਼ ਕੀ ਕਰਾਂਗੇ? ਅਸੀ ਤਿੰਨ ਚਾਰ ਸੈਸ਼ਨ ਜੱਜ ਕੈਰੋਂ ਸਾਹਿਬ ਕੋਲ ਗਏ ਤੇ ਅਪਣੀ ਮੁਸ਼ਕਲ ਦੱਸੀ।

ਕੈਰੋਂ ਸਾਹਿਬ ਬੋਲੇ, ਤੁਸੀ ਪਹਿਲਾਂ ਪੁਛ ਲਿਆ ਹੁੰਦਾ ਤਾਂ ਮੈਂ ਤੁਹਾਨੂੰ ਦੱਸ ਦੇਂਦਾ ਕਿ ਮੇਰੀ ਕੁਰਸੀ ਹੀ ਅਜਿਹੀ ਹੈ ਕਿ ਮੈਂ ਨਾਂਹ ਕਿਸੇ ਨੂੰ ਕਰ ਹੀ ਨਹੀਂ ਸਕਦਾ ਕਿਉਂਕਿ ਜਿਸ ਨੂੰ ਨਾਂਹ ਕਰਾਂਗਾ, ਉਹ ਆਖੇਗਾ, ਕੁਰਸੀ 'ਤੇ ਬੈਠ ਕੇ ਆਕੜ ਗਿਆ ਹੈ। ਸੋ ਮੈਂ ਦੋ ਪੈੱਨ ਰਖੇ ਹੋਏ ਨੇ। ਜੇ ਹਰੀ ਸਿਆਹੀ ਵਾਲੇ ਪੈੱਨ ਨਾਲ ਚਿੱਟ ਲਿਖੀ ਹੈ ਤਾਂ ਸਮਝੋ ਕਿ ਪਾਰਟੀ ਦਾ ਕੰਮ ਜ਼ਰੂਰ ਕਰਨਾ ਹੈ ਤੇ ਜੇ ਨੀਲੀ ਸਿਆਹੀ ਵਾਲੇ ਪੈੱਨ ਨਾਲ ਲਿਖੀ ਚਿੱਟ ਤੁਹਾਨੂੰ ਮਿਲੇ ਤਾਂ ਸਮਝੋ ਕਿ ਕੰਮ ਬਿਲਕੁਲ ਨਹੀਂ ਕਰਨਾ, ਭਾਵੇਂ ਚਿਟ ਉਪਰ ਕੁੱਝ ਵੀ ਲਿਖਿਆ ਹੋਵੇ। 100 ਵਿਚੋਂ ਇਕ ਚਿੱਟ ਹੀ ਹਰੀ ਸਿਆਹੀ ਵਿਚ ਲਿਖੀ ਹੋਈ ਵੇਖੋਗੇ।''

ਜੱਜ ਸਾਹਿਬ ਇਹ ਗੱਲ ਸੁਣਾ ਕੇ ਬੋਲੇ, ''ਲਉ ਜੀ ਏਨਾ ਸਿਆਣਾ ਐਡਮਨਿਸਟਰੇਟਰ ਕੀ ਕਦੀ ਪੰਜਾਬ ਨੂੰ ਮਿਲ ਸਕੇਗਾ? ਅਸੀ ਸਾਰੇ ਤਾਂ ਉਸ ਦਿਨ ਤੋਂ ਕੈਰੋਂ ਸਾਹਬ ਦੇ ਮੁਰੀਦ ਬਣ ਗਏ ਹਾਂ।''
ਮੈਂ ਹੱਸ ਪਿਆ ਤੇ ਫਿਰ ਸੰਭਲ ਕੇ ਬੋਲਿਆ, ''ਪਰ ਜੱਜ ਸਾਹਿਬ, ਸਾਰੇ ਹਿੰਦੁਸਤਾਨ ਵਿਚ ਭਾਸ਼ਾਈ ਸੂਬੇ ਬਣਾ ਦਿਤੇ ਗਏ ਨੇ, ਪੰਜਾਬ ਨੂੰ ਨਾਂਹ ਕਰ ਦਿਤੀ ਗਈ ਹੈ। ਇਸ ਸਾਂਝੇ ਪੰਜਾਬ ਵਿਚ 70 ਫ਼ੀ ਸਦੀ ਲੋਕਾਂ ਨੇ ਅਪਣੀ ਮਾਤ ਭਾਸ਼ਾ ਹਿੰਦੀ ਲਿਖਵਾ ਦਿਤੀ ਹੈ। 30 ਫ਼ੀ ਸਦੀ ਪੰਜਾਬੀ-ਪ੍ਰੇਮੀ ਕਿੰਨੀ ਕੁ ਦੇਰ ਤਕ ਪੰਜਾਬੀ ਨੂੰ ਬਚਾ ਸਕਣਗੇ?

ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਪੰਜਾਬੀ ਸੂਬਾ ਬੇਹੱਦ ਜ਼ਰੂਰੀ ਹੈ। ਕੈਰੋਂ ਸਾਹਿਬ ਦਿੱਲੀ ਦੇ ਕਹਿਣ ਤੇ, ਪੰਜਾਬੀ ਸੂਬੇ ਦੀ ਡਟ ਕੇ ਵਿਰੋਧਤਾ ਕਰ ਰਹੇ ਨੇ ਤੇ ਪੰਜਾਬੀ ਸੂਬਾ ਮੰਗਣ ਵਾਲਿਆਂ ਨੂੰ ਲਾਠੀਆਂ ਮਰਵਾ ਕੇ ਜੇਲ੍ਹਾਂ ਵਿਚ ਸੁਟ ਰਹੇ ਨੇ। ਪੰਜਾਬ ਦਾ ਪਾਣੀ ਮੁਫ਼ਤ ਵਿਚ ਗਵਾਂਢੀ ਰਾਜ (ਰਾਜਸਥਾਨ) ਨੂੰ ਲੁਟਾ ਦਿਤਾ ਗਿਐ ਜਦਕਿ ਅੰਗਰੇਜ਼ਾਂ ਵੇਲੇ, ਇਸ ਪਾਣੀ ਦਾ ਮੁੱਲ ਪੰਜਾਬ ਨੂੰ ਮਿਲਦਾ ਸੀ। ਕੈਰੋਂ ਸਾਹਿਬ ਕੁਸਕਦੇ ਵੀ ਨਹੀਂ। ਕੀ ਇਹ ਚੰਗੇ ਐਡਮਨਿਸਟਰੇਟਰ ਤੇ ਫ਼ੌਲਾਦੀ ਲੀਡਰ ਹੋਣ ਦੀਆਂ ਨਿਸ਼ਾਨੀਆਂ ਨੇ?''

ਜੱਜ ਸਾਹਿਬ ਏਨਾ ਹੀ ਕਹਿ ਕੇ ਵਿਸ਼ਾ ਬਦਲ ਗਏ, ''ਸਿਆਸਤ ਦੀਆਂ ਗੱਲਾਂ ਤੁਸੀ ਜਾਣੋ, ਅਸੀ ਤਾਂ ਜੋ ਵੇਖਿਐ, ਉਹ ਤੁਹਾਨੂੰ ਦਸ ਦਿਤੈ। ਹੋਰ ਸੁਣਾਉ, ਕੰਮ ਕਾਰ ਕੈਸਾ ਚਲ ਰਿਹੈ? ਕਾਕਾ ਜੀ ਨੇ ਪਿਤਾ ਜੀ ਦੇ ਕੰਮ ਵਿਚ ਹੀ ਹੱਥ ਵਟਾਉਣ ਦਾ ਫ਼ੈਸਲਾ ਕੀਤੈ ਜਾਂ ਕੁੱਝ ਹੋਰ?'' ਯਕੀਨਨ ਉਨ੍ਹਾਂ ਕੋਲ ਮੇਰੇ ਪ੍ਰਸ਼ਨਾਂ ਦਾ ਕੋਈ ਉੱਤਰ ਨਹੀਂ ਸੀ।
ਕੈਰੋਂ ਤੇ ਉਨ੍ਹਾਂ ਦੇ ਸਾਥੀ ਜਦ ਵੀ ਰੌਂ ਵਿਚ ਆਏ ਹੁੰਦੇ ਤਾਂ ਉਹ ਮੇਰੇ ਪਿਤਾ ਜੀ ਨੂੰ ਕਹਿੰਦੇ, ''ਨਹਿਰੂ ਜੀ ਨੇ ਵਾਅਦਾ ਕੀਤੈ ਕਿ ਪੰਜਾਬ ਵਿਚੋਂ ਮਾ: ਤਾਰਾ ਸਿੰਘ ਨੂੰ ਸਿਆਸੀ ਤੌਰ 'ਤੇ ਖ਼ਤਮ ਕਰ ਵਿਖਾਵਾਂ ਤਾਂ ਉਹ ਮੈਨੂੰ ਭਾਰਤ ਦਾ ਡੀਫ਼ੈਂਸ ਮਨਿਸਟਰ ਬਣਾ ਦੇਣਗੇ।

ਮਾ: ਤਾਰਾ ਸਿੰਘ ਬਹੁਤ ਚੰਗਾ ਲੀਡਰ ਏ ਪਰ ਹੁਣ ਨਵੀਆਂ ਵੇਲਾਂ ਨੂੰ ਪੁੰਗਰਨ ਦੇਣ ਲਈ ਪੁਰਾਣੀਆਂ ਵੇਲਾਂ ਨੂੰ ਪੁਟਣਾ ਵੀ ਤਾਂ ਜ਼ਰੂਰੀ ਹੋ ਜਾਂਦੈ ਨਾ।''
ਨਾਲ ਦੇ ਸਾਰੇ ਹੀ ਹੀ ਕਰ ਕੇ ਹੱਸਣ ਲਗਦੇ ਤੇ ਉਨ੍ਹਾਂ 'ਚੋਂ ਇਕ ਕਹਿ ਦੇਂਦਾ, ''ਡੀਫ਼ੈਂਸ ਮਨਿਸਟਰ ਨਹਿਰੂ ਜੀ ਬਣਾ ਗਏ  ਤਾਂ ਕੈਰੋਂ ਸਾਹਿਬ ਨੇ ਫਿਰ ਪ੍ਰਧਾਨ ਮੰਤਰੀ ਆਪੇ ਬਣ ਜਾਣੈ।''
ਸਾਰੇ ਫਿਰ ਠਹਾਕੇ ਮਾਰ ਕੇ ਹੱਸਣ ਲੱਗ ਪੈਂਦੇ ਤੇ ਇਕ ਹੋਰ ਸਾਥੀ ਬੋਲ ਪੈਂਦਾ, ''ਵੇਖੋ ਜੀ, ਸਿੱਖਾਂ ਲਈ ਕਿੰਨੀ ਵੱਡੀ ਗੱਲ ਹੋਵੇਗੀ। ਦੋ ਫ਼ੀ ਸਦੀ ਸਿੱਖਾਂ 'ਚੋਂ ਇਕ ਸਿੱਖ, ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਏਗਾ। ਮਾ: ਤਾਰਾ ਸਿੰਘ ਨੇ ਨਾ ਤਾਂ ਆਪ ਕੁੱਝ ਬਣਨੈ ਤੇ ਨਾ ਕਿਸੇ ਹੋਰ ਨੂੰ ਕੁੱਝ ਬਣਨ ਦੇਣੈ... ਬਸ ਉਹਦੇ ਮਗਰ ਲੱਗ ਕੇ ਕੁਰਬਾਨੀ ਹੀ ਕਰਦੇ ਰਹੋ ਤੇ ਆਪ ਕੁੱਝ ਨਾ ਬਣੋ।

ਕੈਰੋਂ ਸਾਹਿਬ ਪ੍ਰਧਾਨ ਮੰਤਰੀ ਬਣ ਗਏ ਤਾਂ ਲੋਕੀ ਰਣਜੀਤ ਸਿੰਘ ਦੇ ਰਾਜ ਨੂੰ ਭੁੱਲ ਜਾਣਗੇ, ਵੇਖਿਉ...।'' ਹਾਸਿਆਂ ਭਰੀ ਇਹ ਵਾਰਤਾਲਾਪ ਦੋ ਤਿੰਨ ਵਾਰ ਤਾਂ ਮੈਂ ਆਪ ਵੀ ਸੁਣੀ ਤੇ ਬੜੀ ਮੁਸ਼ਕਲ ਨਾਲ ਹੀ 'ਰੰਗ ਵਿਚ ਭੰਗ ਪਾਉਣ' ਤੋਂ ਅਪਣੇ ਆਪ ਨੂੰ ਰੋਕਿਆ।

ਨਹਿਰੂ ਨੇ ਗਿ: ਗੁਰਮੁਖ ਸਿੰਘ ਮੁਸਾਫ਼ਰ ਰਾਹੀਂ ਅਪਣੇ ਕੋਲ ਬੁਲਾ ਕੇ, ਮਾ: ਤਾਰਾ ਸਿੰਘ ਨੂੰ ਵੀ ਪਹਿਲਾਂ ਉਪ-ਰਾਸ਼ਟਰਪਤੀ ਅਤੇ ਫਿਰ ਰਾਸ਼ਟਰਪਤੀ ਬਣਾ ਦੇਣ ਦਾ ਦਾਣਾ ਸੁਟਿਆ ਪਰ ਉਨ੍ਹਾਂ ਸਾਫ਼ ਨਾਂਹ ਕਰ ਦਿਤੀ। ਮਾ: ਤਾਰਾ ਸਿੰਘ ਨੂੰ ਜੇਲ੍ਹਾਂ ਵਿਚ ਵੀ ਸੁਟਿਆ ਤੇ 'ਸਾਮ, ਦਾਮ ਦੰਡ' ਵਾਲਾ ਹਰ ਹੁਰਬਾ ਵਰਤ ਕੇ ਵੀ ਪੰਜਾਬ ਦੀ ਰਾਜਨੀਤੀ 'ਚੋਂ ਅਸਲੀ ਅਕਾਲੀਪੁਣਾ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮਾ: ਤਾਰਾ ਸਿੰਘ ਨੇ ਕੋਈ ਵੀ ਹਰਬਾ ਸਫ਼ਲ ਨਾ ਹੋਣ ਦਿਤਾ।

ਕੈਰੋਂ ਨੇ 1955 ਵਿਚ ਗੁਰਦਵਾਰਾ ਚੋਣਾਂ ਲੜਨ ਲਈ ਇਕ 'ਸਾਧ ਸੰਗਤ ਬੋਰਡ' ਬਣਾਇਆ ਜਿਸ ਨੇ ਪਹਿਲੀ ਵਾਰ ਵੱਡੇ ਵੱਡੇ ਪੋਸਟਰ ਛਾਪ ਕੇ ਤੇ ਕਾਰਟੂਨ ਬਣਾ ਕੇ ਇਹ ਇਲਜ਼ਾਮ ਉਛਾਲਿਆ ਕਿ ਅੰਗਰੇਜ਼ ਤਾਂ ਸਿੱਖਾਂ ਨੂੰ ਖ਼ਾਲਿਸਤਾਨ ਦੇਂਦਾ ਸੀ ਪਰ ਮਾ: ਤਾਰਾ ਸਿੰਘ ਨੇ ਹੀ ਲੈਣ ਤੋਂ ਨਾਂਹ ਕਰ ਦਿਤੀ ਸੀ। ਇਸ ਇਲਜ਼ਾਮ ਦਾ ਸ੍ਰੋਤ ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਦੱਸ ਕੇ ਕਿਹਾ ਗਿਆ ਸੀ ਕਿ ਮਾ: ਤਾਰਾ ਸਿੰਘ ਦੀ ਪਾਰਟੀ ਨੂੰ ਇਕ ਵੀ ਵੋਟ ਨਾ ਦਿਉ ਕਿਉਂਕਿ ਇਸ ਨੇ ਸਿੱਖਾਂ ਨਾਲ ਵਿਸਾਹਘਾਤ ਕੀਤਾ ਸੀ।

ਕਮਾਲ ਹੈ, ਇਹ ਦੋਸ਼ ਉਹ ਲੋਕ ਲਾ ਰਹੇ ਸਨ ਜੋ ਹੁਣ ਹਿੰਦੁਸਤਾਨ ਵਿਚ ਪੰਜਾਬੀ ਸੂਬਾ ਲੈਣ ਦੇ ਵੀ ਵਿਰੋਧੀ ਸਨ ਤੇ ਨਹਿਰੂ, ਗਾਂਧੀ ਵਲੋਂ ਕੀਤੇ ਵਾਅਦਿਆਂ ਨੂੰ ਵੀ ਭੁਲਾ ਦੇਣ ਦੀ ਗੱਲ ਕਰਦੇ ਰਹਿੰਦੇ ਸਨ। ਇਨ੍ਹਾਂ ਦਾ ਅਖ਼ਬਾਰ 'ਵਰਤਮਾਨ' ਹੋਇਆ ਕਰਦਾ ਸੀ ਜਿਸ ਵਿਚ ਦਰਸ਼ਨ ਸਿੰਘ ਫੇਰੂਮਾਨ ਸਮੇਤ ਵਲੋਂ ਹਰ ਸਿੱਖ ਮੰਗ ਦੀ ਡਟ ਕੇ ਵਿਰੋਧਤਾ ਕੀਤੀ ਜਾਂਦੀ ਸੀ ਤੇ ਕਾਂਗਰਸ ਵਿਚ ਸ਼ਾਮਲ ਹੋ ਜਾਣ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਸਨ। ਕੋਈ ਕੱਟੜ ਖ਼ਾਲਿਸਤਾਨੀ ਪਾਰਟੀ, ਇਹ ਇਲਜ਼ਾਮ ਲਾਉਂਦੀ ਤਾਂ ਗੱਲ ਸਮਝ ਵਿਚ ਆ ਸਕਦੀ ਸੀ (ਭਾਵੇਂ ਸਬੂਤ ਅੱਜ ਤਕ ਕਿਸੇ ਨੂੰ ਵੀ ਕੋਈ ਨਹੀਂ ਲਭਿਆ)।

ਉਸ ਵੇਲੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਉਤੇ ਵੀ ਕਾਂਗਰਸੀ ਸਿੱਖਾਂ ਦਾ ਕਬਜ਼ਾ ਸੀ ਤੇ ਅਕਾਲੀ ਵਿਚਾਰੇ ਤਾਂ ਖ਼ਾਲੀ ਹੱਥ ਹੀ ਲੜ ਰਹੇ ਸਨ, ਇਸ ਲਈ ਕੈਰੋਂ ਦੀ ਜ਼ੋਰਦਾਰ ਘੇਰਾਬੰਦੀ ਸਾਹਮਣੇ ਮਾ: ਤਾਰਾ ਸਿੰਘ ਦੇ ਹਾਰ ਜਾਣ ਦੀਆਂ ਪੇਸ਼ੀਨਗੋਈਆਂ, ਅਖ਼ਬਾਰਾਂ ਵਿਚ ਆਮ ਕੀਤੀਆਂ ਜਾ ਰਹੀਆਂ ਸਨ। ਪਰ ਜਦ ਨਤੀਜੇ ਨਿਕਲੇ ਤਾਂ ਸਿੱਖ ਵੋਟਰਾਂ ਨੇ 140 'ਚੋਂ 136 ਸੀਟਾਂ 'ਤੇ ਮਾ: ਤਾਰਾ ਸਿੰਘ ਦੇ ਹੱਕ ਵਿਚ ਫ਼ਤਵਾ ਦੇ ਦਿਤਾ। ਹਾਂ ਕੇਵਲ 4 ਸੀਟਾਂ 'ਤੇ ਹੀ ਕੈਰੋਂ ਦੇ ਉਮੀਦਵਾਰ ਜਿੱਤੇ। ਕਮਿਊਨਿਸਟਾਂ ਨੂੰ ਇਕ ਵੀ ਸੀਟ ਨਾ ਮਿਲੀ। ਅਗਲੀਆਂ ਚੋਣਾਂ ਵਿਚ ਵੀ ਸਿੱਖਾਂ ਨੇ ਮਾ: ਤਾਰਾ ਸਿੰਘ ਦੇ ਹੱਕ ਵਿਚ ਹੀ ਫ਼ਤਵਾ ਦਿਤਾ।

ਹੁਣ ਨਹਿਰੂ ਦੀ ਚਿੰਤਾ ਹੋਰ ਵੀ ਵੱਧ ਗਈ ਕਿਉਂਕਿ ਮਾ: ਤਾਰਾ ਸਿੰਘ ਨੇ ਪੰਜਾਬੀ ਸੂਬੇ ਦੀ ਲੜਾਈ ਹੋਰ ਵੀ ਤੇਜ਼ ਕਰਨ ਦਾ ਫ਼ੈਸਲਾ ਕਰ ਲਿਆ ਸੀ। ਕੈਰੋਂ ਨੇ ਆਪ ਜਾ ਕੇ ਨਹਿਰੂ ਨੂੰ ਕਿਹਾ, ''ਮਾ: ਤਾਰਾ ਸਿੰਘ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਮੇਰੇ 'ਤੇ ਛੱਡ ਦਿਉ। ਬਸ ਮੈਂ ਜੋ ਕਰਨਾ ਚਾਹਾਂ, ਮੈਨੂੰ ਰੋਕੇ ਕੋਈ ਨਾ। ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗਾ।''
ਨਹਿਰੂ ਨੇ ਜਵਾਬ ਵਿਚ ਕਹਿ ਦਿਤਾ, ''ਚਲੋ ਕੈਰੋਂ ਸਾਹਿਬ, ਤੁਹਾਨੂੰ ਫ਼ੁਲ ਪਾਵਰਾਂ ਦਿਤੀਆਂ। ਤੁਸੀ ਮੇਰਾ ਕੰਮ ਕਰ ਦਿਉ, ਮੈਂ ਤੁਹਾਨੂੰ ਮੂੰਹ ਮੰਗਿਆ ਇਨਾਮ ਦੇ ਦਿਆਂਗਾ।''

''ਜੇ ਮੈਂ ਡੀਫ਼ੈਂਸ ਮਨਿਸਟਰ ਦਾ ਪਦ ਮੰਗ ਲਵਾਂ...?'' ਕੈਰੋਂ ਨੇ ਝਿਜਕਦੇ ਹੋਏ ਪੁਛਿਆ।
''ਦੇ ਦਿਤਾ ਸਮਝੋ ਡੀਫ਼ੈਂਸ ਮਨਿਸਟਰ ਦਾ ਅਹੁਦਾ। ਤੁਸੀ ਬਸ ਪੰਜਾਬ ਵਿਚ ਮੇਰੀ ਸੱਭ ਤੋਂ ਵੱਡੀ ਸਿਰਦਰਦੀ ਦੂਰ ਕਰ ਦਿਉ।''
ਇਹ ਮੈਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਲਿਖ ਰਿਹਾ, ਉਹ ਕੁੱਝ ਲਿਖ ਰਿਹਾ ਹਾਂ ਜੋ ਕੈਰੋਂ ਨੇ ਸਾਡੇ ਘਰ ਬੈਠ ਕੇ ਆਪ ਸੁਣਾਈਆਂ ਸਨ। ਉਸ ਮਗਰੋਂ ਦੀ ਵਿਥਿਆ ਹੋਰ ਵੀ ਦਿਲਚਸਪ ਹੈ। ਬਾਕੀ ਅਗਲੇ ਹਫ਼ਤੇ... (ਚਲਦਾ)

ਮੇਰੀ ਨਿਜੀ ਡਾਇਰੀ ਦੇ ਪੰਨੇ
-ਜੋਗਿੰਦਰ ਸਿੰਘ