ਜਿਥੇ ਫ਼ੇਲ੍ਹ ਖ਼ੁਫ਼ੀਆ ਏਜੰਸੀਆਂ ਉਥੇ ਸਫ਼ਲ ਰਹੀ ਸ. ਕਪੂਰ ਸਿੰਘ ਦੀ ‘ਸਾਚੀ ਸਾਖੀ’ (4)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅੰਗਰੇਜ਼ ਵੇਲੇ ਦੀ ਇਹ ਨੀਤੀ ਚਲੀ ਆ ਰਹੀ ਸੀ ਕਿ ਜਿਸ ਨੂੰ ਮਾਰਨਾ ਹੋਵੇ, ਉਸ ਉਤੇ ਏਨੇ ਝੂਠ ਮੜ੍ਹ ਦਿਉ ਕਿ ਉਹ ਮੁੜ ਤੋਂ ਰਾਜਨੀਤੀ ਵਿਚ ਥਾਂ ਬਣਾ ਹੀ ਨਾ ਸਕੇ।

Kapur Singh

ਪਿਛਲੀ ਕਿਸਤ ਵਿਚ ਅਸੀ ਵੇਖਿਆ ਕਿ ਕੇਂਦਰੀ ਮੰਤਰੀ  ਅਤੇ ਡੀਫ਼ੈਂਸ ਮਨਿਸਟਰ ਹੋਣ ਦੇ ਬਾਵਜੂਦ, ਜਦ ਸ. ਬਲਦੇਵ ਸਿੰਘ  ਨੇ ਸਿੱਖ ਮੰਗਾਂ ਨੂੰ ਸੰਵਿਧਾਨਕ ਸੁਰੱਖਿਆ ਦੇਣ ਦੀ ਗੱਲ, ਨਰਮ ਭਾਸ਼ਾ ਵਿਚ ਕਹਿਣੀ ਜਾਰੀ ਰੱਖੀ ਤਾਂ ਵਾਰ ਵਾਰ ਲਿਖਤੀ ਯਕੀਨ ਦਿਵਾਉਣ ਦੇ ਬਾਵਜੂਦ ਕਿ ਉਸ ਦਾ ਮਾ. ਤਾਰਾ ਸਿੰਘ ਦੀਆਂ ਮੌਜੂਦਾ ਨੀਤੀਆਂ ਨਾਲ ਕੋਈ ਸਬੰਧ ਨਹੀਂ, ਅਖ਼ੀਰ ਉਸ ਨੂੰ ਮਾ. ਤਾਰਾ ਸਿੰਘ ਦਾ ਹਮਾਇਤੀ ਹੋਣ ਦਾ ਦੋਸ਼ ਲਾ ਕੇ ਵਜ਼ਾਰਤ ਵਿਚੋਂ ਕੱਢ ਦਿਤਾ ਗਿਆ।

ਨਾਲ ਦੀ ਨਾਲ ਏਜੰਸੀਆਂ ਰਾਹੀਂ ਉਸ ਨੂੰ ਹਿੰਦੂਆਂ ਵਿਚ ਬਦਨਾਮ ਕਰਨ ਲਈ ਹੋਰ ਤੇ ਸਿੱਖਾਂ ਵਿਚ ਬਦਨਾਮ ਕਰ ਲਈ ਹੋਰ ਝੂਠ ਘੜ ਘੜ ਕੇ ਫੈਲਾਉਣੇ ਸ਼ੁਰੂ ਕਰ ਦਿਤੇ ਗਏ ਹਾਲਾਂਕਿ ਉਹ ਨਹਿਰੂ ਦਾ ‘ਦੁਧ ਧੋਤਾ’ ਮੰਤਰੀ ਸੀ ਜਿਸ ਉਤੇ ਦੂਰਬੀਨ ਨਾਲ ਵੇਖਿਆ ਜਾ ਸਕਣ ਵਾਲਾ ਦਾਗ਼ ਵੀ ਕਦੇ ਨਹੀਂ ਸੀ ਲੱਗਾ। ਅੰਗਰੇਜ਼ ਵੇਲੇ ਦੀ ਇਹ ਨੀਤੀ ਚਲੀ ਆ ਰਹੀ ਸੀ ਕਿ ਜਿਸ ਨੂੰ ਮਾਰਨਾ ਹੋਵੇ, ਉਸ ਉਤੇ ਏਨੇ ਝੂਠ ਮੜ੍ਹ ਦਿਉ ਕਿ ਉਹ ਮੁੜ ਤੋਂ ਰਾਜਨੀਤੀ ਵਿਚ ਥਾਂ ਬਣਾ ਹੀ ਨਾ ਸਕੇ। 

ਖ਼ੁਫ਼ੀਆ ਏਜੰਸੀਆਂ ਦੇ ਝੂਠ ਪ੍ਰਚਾਰ ਦਾ ਤਾਂ ਹੋਰ ਅਕਾਲੀ ਲੀਡਰਾਂ ਸਮੇਤ, ਸ. ਬਲਦੇਵ ਸਿੰਘ ਦੀ ਲੋਕ ਪਿ੍ਰਯਤਾ ਉਤੇ ਕੋਈ ਅਸਰ ਨਾ ਹੋਇਆ ਭਾਵੇਂ ਬੀਮਾਰ ਰਹਿਣ ਕਰ ਕੇ ਲਾਚਾਰ ਜ਼ਰੂਰ ਹੋ ਗਏ ਤੇ ਸਰਕਾਰੀ ਨੀਅਤ ਨੂੰ ਨੰਗਾ ਕਰਨ ਵਾਲੇ ਉਨ੍ਹਾਂ ਦੇ ਪਹਿਲੇ ਬਿਆਨ ਨੂੰ ਸਰਕਾਰ ਨੇ ‘ਇਕ ਬੀਮਾਰ ਆਦਮੀ ਦਾ ਬੀਮਾਰ ਬਿਆਨ’ ਕਹਿ ਕੇ ਰੱਦ ਕਰ ਦਿਤਾ।

ਸ. ਕਪੂਰ ਸਿੰਘ

ਪਰ ਸ. ਕਪੂਰ ਸਿੰਘ ਆਈ.ਸੀ.ਐਸ. ਦੀ ਕਿਤਾਬ ‘ਸਾਚੀ ਸਾਖੀ’ ਨੇ ਸਿੱਖ ਲੀਡਰਾਂ ਬਾਰੇ ਉਹ ਕੰਮ ਕਰ ਵਿਖਾਇਆ ਜੋ ਖ਼ੁਫ਼ੀਆ ਏਜੰਸੀਆਂ ਸਾਲਾਂ ਬੱਧੀ ਯਤਨਾਂ ਰਾਹੀਂ ਵੀ ਨਹੀਂ ਸਨ ਕਰ ਸਕੀਆਂ। ਇਹ ਕੋਈ ਲੁਕੀ ਛੁਪੀ ਹੋਈ ਗੱਲ ਨਹੀਂ ਕਿ ਅੰਗਰੇਜ਼ ਸਰਕਾਰ, ਗੁੜਗਾੳਂੁ ਤਕ ਦਾ ਸਾਰਾ ਇਲਕਾ ਪਾਕਿਸਤਾਨ ਨੂੰ ਦੇਣਾ ਚਾਹੁੰਦੀ ਸੀ ਅਤੇ ਵਾਇਸਰਾਏ ਕੌਂਸਲ ਦੇ ਸਿੱਖ ਮੈਂਬਰ ਸਰ ਜੋਗਿੰਦਰਾ ਸਿੰਘ ਤੇ ਆਈ.ਸੀ.ਐਸ. ਸ. ਕਪੂਰ ਸਿੰਘ ਨੂੰ ਵਰਤ ਕੇ ਚਾਹੁੰਦੀ ਸੀ ਕਿ ਅਕਾਲੀ ਲੀਡਰਸ਼ਿਪ ਵੀ ਇਹ ਗੱਲ ਮੰਨ ਲਵੇ। (ਉੱਚ ਅਹੁਦਿਆਂ ਉਤੇ ਬੈਠੇ ਸਿੱਖਾਂ ਨੂੰ ਅੱਜ ਵੀ ਸਰਕਾਰਾਂ ਇਸੇ ਤਰ੍ਹਾਂ ਹੀ ਵਰਤਦੀਆਂ ਹਨ) ਪੂਰੀ ਕਹਾਣੀ ਸਮਝਣ ਤੋਂ ਪਹਿਲਾਂ ਅਸੀ ਵੇਖਦੇ ਹਾਂ ਕਿ ਸ. ਕਪੂਰ ਸਿੰਘ ਨੇ ਖ਼ੁਫ਼ੀਆ ਏਜੰਸੀਆਂ ਵਲੋਂ ਸ. ਬਲਦੇਵ ਸਿੰਘ ਵਿਰੁਧ ਫੈਲਾਇਆ ਗਿਆ, ਕਿਹੜਾ ਵੱਡਾ ਝੂਠ ‘ਸਾਚੀ ਸਾਖੀ’ ਵਿਚ ਦੁਹਰਾਇਆ ਸੀ?

ਸ. ਕੂਪਰ ਸਿੰਘ ਮੇਰੇ ਗਵਾਂਢ ਵਿਚ ਹੀ ਰਹਿੰਦੇ ਸਨ। ਹਫ਼ਤੇ ਵਿਚ ਇਕ ਦੋ ਵਾਰ ਆ ਕੇ ਮਿਲ ਜਾਂਦੇ ਸਨ ਅਤੇ ਚਾਹ ਪਾਣੀ ਛੱਕ ਜਾਂਦੇ ਸਨ। ਘਰ ਵਿਚ ਅਪਣਾ ਉਨ੍ਹਾਂ ਦਾ ਕੋਈ ਨਹੀਂ ਸੀ। ਮਕਾਨ ਉਨ੍ਹਾਂ ਨੇ ਇਕ ਹਿੰਦੂ ਜੋੜੇ ਨੂੰ ਦੇ ਦਿਤਾ ਹੋਇਆ ਸੀ ਜੋ ਉਨ੍ਹਾਂ ਨੂੰ ਰੋਟੀ ਪਾਣੀ ਦੇ ਦਿਆ ਕਰਦਾ ਸੀ। ਉਨ੍ਹਾਂ ਦੇ ਸੌਣ ਵਾਲੇ ਕਮਰੇ ਵਿਚ ਇਕੋ ਇਕ ਫ਼ੋਟੋ ਲੱਗੀ ਹੋਈ ਸੀ, ਮੁਹੰਮਦ ਅਲੀ ਜਿਨਾਹ ਦੀ ਜੋ ਸੌਣ ਵੇਲੇ ਠੀਕ ਉਨ੍ਹਾਂ ਦੇ ਸਿਰ ਨੂੰ ਛੂੰਹਦੀ ਸੀ। ਉਨ੍ਹਾਂ ਆਪ ਹੀ ਇਸ਼ਾਰਿਆਂ ਵਿਚ ਜਿਨਾਹ ਦਾ ਇਹ ਕਥਨ ਬੜਾ ਸਵਾਦ ਲੈ ਕੇ ਸੁਣਾਇਆ ਸੀ ਕਿ ਜਿਹੜਾ ਸਿੱਖ ਗੁੜਗਾਊਂ ਤਕ ਦੇ ਸਾਰੇ ਪੰਜਾਬ ਨੂੰ ਇਕ ਰੱਖਣ ਵਿਚ ਮਦਦ ਕਰੇਗਾ, ਉਸ ਨੂੰ ਉਹ ਪਾਕਿਸਤਾਨ ਵਿਚ ਮਨ ਚਾਹਿਆ ਤੇ ਵੱਡੇ ਤੋਂ ਵੱਡਾ ਰੁਤਬਾ ਦੇਣਗੇ।

ਸਰ ਜਗੋਦਿਰਾ ਸਿੰਘ ਤੇ ਸ. ਕਪੂਰ ਸਿੰਘ ਦੋਵੇਂ ਹੀ ਇਹ ਸੇਵਾ ਕਰਨ ਉਪ੍ਰੰਤ ਜਿਨਾਹ ਕੋਲੋਂ ਵੱਡਾ ਰੁਤਬਾ ਲੈਣ ਦੇ ਇੱਛੁਕ ਸਨ। ਅਕਾਲੀ ਲੀਡਰਾਂ ਵਿਚੋਂ ਕਿਸੇ ਇਕ ਵੀ ਲੀਡਰ ਨੂੰ ਉਹ ਅਪਣੀ ਗੱਲ ਨਾ ਸਮਝਾ ਸਕੇ, ਇਸ ਲਈ ‘ਸਾਚੀ ਸਾਖੀ’ ਵਿਚ ਕਿਸੇ ਅੰਗਰੇਜ਼ ਦੀ ਆਲੋਚਨਾ ਨਹੀਂ ਕੀਤੀ ਗਈ, ਕਿਸੇ ਮੁਸਲਿਮ ਲੀਗੀ ਲੀਡਰ ਦੀ ਆਲੋਚਨਾ ਨਹੀਂ ਮਿਲਦੀ, ਕਿਸੇ ਕਾਂਗਰਸੀ ਸਿੱਖ ਦੀ ਆਲੋਚਨਾ ਨਹੀਂ ਕੀਤੀ ਗਈ ਪਰ ਹਰ ਅਕਾਲੀ ਲੀਡਰ ਦੀ ਜਹੀ ਤਹੀ ਕਰਨੋਂ ਵੀ ਨਹੀਂ ਰਿਹਾ ਗਿਆ।
ਸ. ਕਪੂਰ ਸਿੰਘ ਆਪ ਆ ਕੇ ਮੈਨੂੰ ‘ਸਾਚੀ ਸਾਖੀ’ ਦੀਆਂ ਦੋ ਕਾਪੀਆਂ ਦੇ ਗਏ ਤੇ ਕਹਿ ਗਏ, ‘‘ਇਸ ਨੂੰ ਆਪ ਵੀ ਪੜਿ੍ਹਉ ਤੇ ਗਿ. ਗੁਰਮੁਖ ਸਿੰਘ ਮੁਸਾਫ਼ਰ ਤੁਹਾਡੇ ਕੋਲ ਆਉਂਦਾ ਰਹਿੰਦਾ ਹੈ, ਉਸ ਨੂੰ ਦੇ ਕੇ ਤੇ ਉਸ ਦੀ ਰਾਏ ਪੁਛ ਕੇ ਵੀ ਮੈਨੂੰ ਦਸਿਉ।’’

ਹਫ਼ਤੇ ਬਾਅਦ ਸ. ਕਪੂਰ ਸਿੰਘ ਆਏ ਤੇ ਆਪ ਹੀ ‘ਸਾਚੀ ਸਾਖੀ’ ਦੀ ਗੱਲ ਛੇੜ ਦਿਤੀ। ਮੈਂ ਅਦਬ ਨਾਲ ਕਿਹਾ, ‘‘ਤੁਸੀ ਮਹਾਨ ਵਿਦਵਾਨਾਂ ਵਿਚ ਗਿਣੇ ਜਾਂਦੇ ਹੋ। ਮਹਾਨ ਲੇਖਕ ਜਿਸ ਵਿਸ਼ੇ ਉਤੇ ਲਿਖਦੇ ਹਨ, ਉਸ ਬਾਰੇ ਪੂਰੀ ਜਾਣਕਾਰੀ ਉਨ੍ਹਾਂ ਕੋਲ ਹੁੰਦੀ ਹੈ। ਪਰ ਪੁਸਤਕ ਦੇ ਸਿਆਸੀ ਭਾਗ ਵਿਚ ਜੋ ਕੁੱਝ ਤੁਸੀ ਦੇਸ਼ ਵੰਡ ਬਾਰੇ ਲਿਖਿਆ ਹੈ, ਉਹ ਇਕ ਪਾਸੜ ਹੈ। ਯਾਨੀ ਇਕ ਧਿਰ ਬਹੁਤ ਹੀ ਘਟੀਆ ਹੈ (ਅਕਾਲੀ ਲੀਡਰ) ਤੇ ਦੂਜੀਆਂ ਧਿਰਾਂ, ਅੰਗਰੇਜ਼, ਜਿਨਾਹ, ਕਾਂਗਰਸੀ ਸਿੱਖ ਤੇ ਹਿੰਦੂ ਸੱਭ ਠੀਕ ਠਾਕ ਹਨ। ਚੱਲੋ ਇਹ ਕਹਿਣ ਦਾ ਵੀ ਤੁਹਾਨੂੰ ਹੱਕ ਹਾਸਲ ਹੈ ਪਰ ‘ਸੁਣੀਆਂ ਸੁਣਾਈਆਂ’ ਗੱਲਾਂ ਉਤੇ ਆਧਾਰਤ ਸਾਹਿਤ ਨੂੰ“heresy ਕਹਿ ਕੇ ਦੁਨੀਆਂ ਭਰ ਵਿਚ ਰੱਦ ਕਰ ਦਿਤਾ ਜਾਂਦਾ ਹੈ। ‘ਸਾਚੀ ਸਾਖੀ’ ਵਿਚਲੇ ਵੱਡੇ ਵੱਡੇ ਇਲਜ਼ਾਮ ਲਗਾਉਣ ਵੇਲੇ ਇਕ ਵੀ ਠੋਸ ਸਬੂਤ ਜਾਂ ਗਵਾਹੀ ਨਹੀਂ ਦਿਤੀ ਗਈ, ਬਲਕਿ ਖ਼ੁਫ਼ੀਆ ਏਜੰਸੀਆਂ ਦੇ ਮੰਨੇ ਹੋਏ ਲੱਲੂ ਪੰਜੂ ਲੋਕਾਂ ਦੇ ਨਾਂ ਲੈ ਕੇ ਅਪਣਾ ਰੁਤਬਾ ਤੁਸੀ ਨੀਵਾਂ ਹੀ ਕੀਤਾ ਹੈ।’’

ਸ. ਕਪੂਰ ਸਿੰਘ ਚੁਪ ਚੁਪੀਤੇ ਗੱਲ ਸੁਣਦੇ ਗਏ ਵਰਨਾ ਏਨੀ ਆਲੋਚਨਾ ਸੁਣ ਕੇ ਉਹ ਆਪੇ ਤੋਂ ਬਾਹਰ ਹੁੰਦਿਆਂ, ਪਲ ਭਰ ਦੀ ਦੇਰ ਨਹੀਂ ਸਨ ਲਾਇਆ ਕਰਦੇ। ਅਖ਼ੀਰ ਤੇ ਬੋਲੇ,‘‘ਕੋਈ ਮਿਸਾਲ ਦਿਉ।’’ ਮੈਂ ‘ਸਾਚੀ ਸਾਖੀ’ ਦੇ ਪੰਨਾ 162 ਦੀ ਇਹ ਟੂਕ ਆਪ ਦੇ ਸਾਹਮਣੇ ਰੱਖੀ: ‘‘6 ਦਸੰਬਰ ਦੀ ਸ਼ਾਮ ਨੂੰ, ਬਿ੍ਰਟਿਸ਼ ਅੰਗਰੇਜ਼ੀ ਸਰਕਾਰ ਦੇ ਇਕ ਬਹੁਤ ਵੱਡੇ ਤੇ ਬਾਰਸੂਖ਼ ਮੁਦੱਬਰ (Winston churchill) ਵਲੋਂ ਇਹ ਸੁਨੇਹਾ ਆਇਆ ਸੀ,‘‘ਨਹਿਰੂ ਨੂੰ ਵਾਪਸ ਹਿੰਦੁਸਤਾਨ ਚਲੇ ਜਾਣ ਦਿਉ ਤੇ ਸਿੱਖਾਂ ਦਾ ਨੁਮਾਇੰਦਾ ਦੋ ਦਿਨ ਹੋਰ ਲੰਡਨ ਅਟਕ ਜਾਵੇ ਤਾਂ ਮੁਸਲਿਮ ਲੀਗ ਤੇ ਅੰਗਰੇਜ਼ਾਂ ਦੇ ਮਸ਼ਵਰੇ ਨਾਲ ਕੋਈ ਅਜਿਹਾ ਰਾਜਸੀ ਬਾਨ੍ਹਣੂ ਬੰਨਿ੍ਹਆ ਜਾ ਸਕਦਾ ਹੈ ਜਿਸ ਨਾਲ ਕਿ ਸਿੱਖ ਹਿੰਦੁਸਤਾਨ ਦੇ ਰਾਜਸੀ ਖੇਤਰ ਵਿਚ ਅਪਣੇ ਪੈਰਾਂ ਉਤੇ ਖਲੋ ਕੇ, ਵਿਸ਼ਵ ਇਤਿਹਾਸ ਵਿਚ ਅਪਣਾ ਕਿਰਦਾਰ ਭੁਗਤਾ ਸਕਣ। ਸਰਦਾਰ ਸਾਹਿਬ ਨੇ ਇਹ ਖ਼ੁਫ਼ੀਆ ਤੇ ਜਾਤੀ ਸੁਨੇਹਾ, ਝੱਟ ਨਹਿਰੂ ਜੀ ਦੇ ਕੰਨੀ ਪਾ ਦਿਤਾ।’’

1. ਮੈਂ ਕਿਹਾ ਕਿ 6 ਦਸੰਬਰ ਨੂੰ ਲੰਡਨ ਵਿਚ ਜੋ ਕਥਿਤ ਘਟਨਾ ਹੋਈ, ਕੀ ਉਹ ਤੁਹਾਨੂੰ ਸ. ਬਲਦੇਵ ਸਿੰਘ ਨੇ ਦੱਸੀ ਸੀ?
ਸਰਦਾਰ ਸਾਹਿਬ ਚੁੱਪ।

2. ਮੈਂ ਕਿਹਾ, ‘‘ਕੀ ਇਹ ਘਟਨਾ ਡੈਲੀਗੇਸ਼ਨ ਵਿਚ ਗਏ ਕਿਸੇ ਮੈਂਬਰ ਨੇ ਤੁਹਾਨੂੰ ਦੱਸੀ ਸੀ?’’
ਸਰਦਾਰ ਸਾਹਿਬ ਫਿਰ ਚੁੱਪ।

3. ਮੈਂ ਫਿਰ ਪੁਛਿਆ, ‘ਜਿਸ ਬੰਦੇ ਨੇ ਤੁਹਾਨੂੰ ਇਹ ਗੱਲ ਦੱਸੀ, ਤੁਸੀ ਉਸ ਦਾ ਨਾਂ ਨਹੀਂ ਦਸਦੇ। ਜੇ ਮੈਂ ਕਹਾਂ ਉਹ ਖ਼ੁਫ਼ੀਆ ਏਜੰਸੀ ਦਾ ਮੈਂਬਰ ਸੀ ਤਾਂ...?
ਸਰਦਾਰ ਸਾਹਿਬ ਚੁੱਪ ਦੇ ਚੁੱਪ।

4. ਮੈਂ ਫਿਰ ਪੁਛਿਆ, ‘‘ਤੁਸੀ ਅਪਣੀ ਕਿਤਾਬ ਵਿਚ ਬੜੀਆਂ ਅਟਕਲਾਂ ਲਾਈਆਂ ਹਨ ਕਿ ਅੰਗਰੇਜ਼, ਸਿੱਖਾਂ ਨੂੰ ਇਹ ਦੇਣ ਦੀ ਸੋਚ ਰਹੇ ਸੀ, ਔਹ ਦੇਣ ਦੀ ਸੋਚ ਰਹੇ ਸਨ ਪਰ ਕੀ ਤੁਹਾਡੇ ਕੋਲ ਕਿਸੇ ਇਕ ਵੀ ਅੰਗਰੇਜ਼ ਦੀ ਲਿਖਤ, ਨੋਟ ਜਾਂ ਕੋਈ ਦਸਤਾਵੇਜ਼ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਅੰਗਰੇਜ਼ ਨੇ ਇਸ ਬਾਰੇ ਕਦੇ ਸੋਚਿਆ ਵੀ ਸੀ?  ਇਕੋ ਗਵਾਹੀ ਮਿਲਦੀ ਹੈ ਕਿ ਗਿ. ਕਰਤਾਰ ਸਿੰਘ ਜਦ ਆਪ ਵਾਇਸਰਾਏ ਨੂੰ ਮਿਲੇ ਤਾਂ ਵਾਇਸਰਾਏ ਨੇ ਗੁੱਸੇ ਹੋ ਕੇ ਕਿਹਾ, ‘‘ਸਾਹਮਣੇ ਨਕਸ਼ਾ ਟੰਗਿਆ ਹੋਇਆ ਹੈ। ਦੱਸੋ ਪੰਜਾਬ ਦੇ ਇਕ ਜ਼ਿਲ੍ਹੇ ਜਾਂ ਇਕ ਵੀ ਤਸੀਲ ਵਿਚ ਤੁਹਾਡੀ ਬਹੁਗਿਣਤੀ ਹੈ ਤਾਂ ਮੰਗ ਲਉ ਉਸ ਤਸੀਲ ਵਿਚ ਖ਼ਾਲਿਸਤਾਨ। ਸਰਦਾਰ ਸਾਹਿਬ, ਅਸੀ ਤੁਹਾਡੇ ਨਾਲ ਹਮਦਰਦੀ ਰਖਦੇ ਹਾਂ ਪਰ ਬੀਤੇ ਵਿਚ ਤੁਸੀ ਵੀ ਤੇ ਅਸੀ ਵੀ ਤਲਵਾਰ ਦੇ ਜ਼ੋਰ ਨਾਲ ਸਲਤਨਤਾਂ ਬਣਾਈਆਂ ਸਨ। ਹੁਣ ਲੋਕ ਰਾਜ ਦਾ ਯੁਗ ਆ ਗਿਆ ਹੈ। ਸਿਰਾਂ ਦੀ ਗਿਣਤੀ ਜਿਨ੍ਹਾਂ ਕੋਲ ਜ਼ਿਆਦਾ ਹੋਵੇਗੀ, ਉਨ੍ਹਾਂ ਨੂੰ ਹੀ ਰਾਜ ਮਿਲੇਗਾ। ਸਾਨੂੰ ਵੀ ਨਹੀਂ ਮਿਲੇਗਾ, ਤੁਹਾਨੂੰ ਵੀ ਨਹੀਂ ਮਿਲੇਗਾ।’’

5. 1947 ਮਗਰੋਂ ਲਾਰਡ ਮਾਊਂਟ ਬੈਟਨ ਨੇ ਇਕ ਇੰਟਰਵੀਊ ਵਿਚ ਵੀ ਇਨਕਾਰ ਕੀਤਾ ਸੀ ਕਿ ਅੰਗਰੇਜ਼ਾਂ ਨੇ ਖ਼ਾਲਿਸਤਾਨ ਦੇਣ ਬਾਰੇ ਕਦੇ ਸੋਚਿਆ ਵੀ ਨਹੀਂ ਸੀ।

6. ਮੌਕੇ ਦੇ ਗਵਾਹ ਕਈ ਅੰਗਰੇਜ਼ ਲੇਖਕਾਂ ਨੇ ਕਿਤਾਬਾਂ ਲਿਖੀਆਂ ਹਨ। ਕਿਸੇ ਨੇ ਖ਼ਾਲਿਸਤਾਨ ਦੇਣ ਬਾਰੇ ਜ਼ਿਕਰ ਵੀ ਨਹੀਂ ਕੀਤਾ।

ਸ. ਕਪੂਰ ਸਿੰਘ ਹਤਾਸ਼ ਜਹੇ ਹੋ ਕੇ ਕਹਿਣ ਲੱਗੇ, ‘‘ਪਰ ਮੁਹੰਮਦ ਅਲੀ ਜਿਨਾਹ ਤਾਂ ਪਾਕਿਸਤਾਨ ਅੰਦਰ ‘ਖ਼ਾਲਿਸਤਾਨ’ ਦੇੇਂਦਾ ਸੀ। ਉਹ ਅੰਗਰੇਜ਼ਾਂ ਦੀ ਮਰਜ਼ੀ ਨਾਲ ਹੀ ਅਜਿਹਾ ਕਰ ਰਿਹਾ ਸੀ.....।

ਮੈਂ ਕਿਹਾ, ‘‘ਸਰਦਾਰ ਸਾਹਿਬ, ਅੰਗਰੇਜ਼ ਬੜੀ ਦੂਰ ਦੀ ਸੋਚਣ ਵਾਲਾ ਨੀਤੀਵਾਨ ਸੀ। ਉਹ ਹਿੰਦੁਸਤਾਨ ਵਿਚ ਸੁਭਾਸ਼ ਚੰਦਰ, ਕਾਮਰੇਡਾਂ ਤੇ ਦੂਜਿਆਂ ਨੂੰ ਪਛਾੜ ਕੇ ਅਪਣੇ ਬੰਦਿਆਂ ਨੂੰ ਉਪਰ ਲੈ ਆਇਆ ਸੀ (ਜਿਨ੍ਹਾਂ ਨੂੰ ਬਾਅਦ ਵਿਚ ਉਨ੍ਹਾਂ ਨੇ ਵਰਤਣਾ ਸੀ) ਤੇ ਹਿੰਦੂਆਂ ਦੀ ਹੋਰ ਕੋਈ ਮੰਗ ਨਹੀਂ ਸੀ। ਪਾਕਿਸਤਾਨ ਵਿਚ ਵੀ ਅੰਗਰੇਜ਼ ਲੋਕ ਜਿਨਾਹ ਦੀ ਮੁਸਲਿਮ ਲੀਗ ਨੂੰ ਅੱਗੇ ਲੈ ਆਏ ਸਨ (ਬਾਕੀਆਂ ਨੂੰ ਪਛਾੜ ਕੇੇ) ਤੇ ਜਿਨਾਹ ਦੀ ਮੰਗ ਸੀ ਕਿ ਜਿਵੇਂ ਵੀ ਹੋਵੇ, ਪਾਕਿਸਤਾਨ ਦੀ ਸਰਹੱਦ ਦਿੱਲੀ ਨਾਲ ਲਗਦੇ ਗੁੜਗਾਉਂ ਨੇੜੇ ਹੋਵੇ ਕਿਉਂਕਿ ਗੁੜਗਾਉ ਤਕ ਦੇ ਸਾਰੇ ਪੰਜਾਬ ਵਿਚ ਮੁਸਲਮਾਨਾਂ ਦੀ ਬਹੁਗਿਣਤੀ ਸੀ। ਮਾਸਟਰ ਤਾਰਾ ਸਿੰਘ ਤੇ ਅਕਾਲੀ ਹੀ ਰਸਤੇ ਦਾ ਰੋੜਾ ਸਨ, ਇਸ ਲਈ ਆਖ਼ਰੀ ਦੋ ਸਾਲ ਅੰਗਰੇਜ਼ਾਂ, ਲੀਗੀਆਂ ਤੇ ਸਰਕਾਰ ਪ੍ਰਸਤ ਸਰਦਾਰਾਂ ਦਾ ਇਕ ਨੁਕਾਤੀ ਪ੍ਰੋਗਰਾਮ ਹੀ ਲਾਗੂ ਰਿਹਾ ਕਿ ਜਿਵੇਂ ਵੀ ਹੋਵੇ, ਸਿੱਖਾਂ ਦਾ ਮੁਸਲਿਮ ਲੀਗ ਨਾਲ ਸਮਝੌਤਾ ਕਰਵਾ ਕੇ ਸਾਰੇ ਪੰਜਾਬ ਨੂੰ ਪਾਕਿਸਤਾਨ ਲਈ ਬਚਾਅ ਲੈਣਾ ਚਾਹੀਦਾ ਹੈ। ਇਸ ਵੇਲੇ ਅੰਗਰੇਜ਼ ਸਿਰਫ਼ ਵੱਡੇ ਪਾਕਿਸਤਾਨ ਦੀ ਇੱਛਾ ਪੂਰਤੀ ਲਈ ਕੰਮ ਕਰ ਰਿਹਾ ਸੀ ਤੇ ਸਿੱਖਾਂ ਦੇ ਉਸ ਦੇ ਚੇਤੇ ਵਿਚ ਵੀ ਕੋਈ ਖ਼ਿਆਲ ਨਹੀਂ ਸੀ।

ਸ. ਕਪੂਰ ਸਿੰਘ ਦੇ ਚਿਹਰੇ ਤੇ ਜ਼ਰਾ ਜਿੰਨੀ ਮੁਸਕਾਹਟ ਆਈ ਤੇ ਬੋਲੇ, ‘‘ਚਲੋ ਜੇ ਮੇਰੀ ਤੇ ਸ. ਜੋਗਿੰਦਰਾ ਸਿੰਘ ਦੀ ਗੱਲ ਹੀ ਮੰਨੀ ਜਾ ਰਹੀ ਸੀ ਤਾਂ ਲੱਖਾਂ ਸਿੱਖਾਂ ਦਾ ਕਤਲੇਆਮ ਤਾਂ ਨਹੀਂ ਸੀ ਹੋਣਾ। ਸੱਭ ਨੇ ਅਪਣੇ ਘਰਾਂ ਵਿਚ ਵਸਦੇ ਹੋਣਾ ਸੀ। ਮੁਸਲਿਮ ਲੀਗ ਦੀ ਪੇਸ਼ਕਸ਼ ਵਿਚ ਬੁਰਾਈ ਕੀ ਸੀ? ਅਕਾਲੀ ਲੀਡਰਾਂ ਨੇ ਤਾਂ ਕੌਮ ਦਾ ਬੇਬਹਾ ਨੁਕਸਾਨ ਕਰਵਾ ਦਿਤਾ।’’ ਮੈਂ ਇਸ ਦਾ ਜਵਾਬ ‘ਸਾਚੀ ਸਾਖੀ’ ਵਿਚੋਂ ਹੀ ਕੱਢ ਕੇ ਉਨ੍ਹਾਂ ਅੱਗੇ ਰੱਖ ਦਿਤਾ ਅਤੇ ਦਸਿਆ ਕਿ ਜੇ ਜਿਨਾਹ, ਸਰ ਜੋਗਿੰਦਰਾ ਸਿੰਘ ਤੇ ਕਪੂਰ ਸਿੰਘ ਦੀ ਗੱਲ ਅਕਾਲੀ ਲੀਡਰ ਮੰਨ ਲੈਂਦੇ ਤਾਂ 10 ਸਾਲਾਂ ਵਿਚ ਸਿੱਖਾਂ ਦਾ ਉਹੀ ਹਾਲ ਹੋ ਜਾਣਾ ਸੀ ਜੋ ਅਫ਼ਗ਼ਾਨਿਸਤਾਨ ਵਿਚ ਰਹਿੰਦੇ ਸਿੱਖਾਂ ਦਾ ਹੋਇਆ ਸੀ। ਬਾਕੀ ਅਗਲੇ ਹਫ਼ਤੇ।

-ਜੋਗਿੰਦਰ ਸਿੰਘ

(ਚਲਦਾ)