ਸ਼ੁਕਰੀਆ ਕੇਜਰੀਵਾਲ ਜੀ, ਸ਼ੁਕਰੀਆ ਭਗਵੰਤ ਸਿੰਘ ਜੀ! 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

‘‘ਜਦ ਤਕ ਬਾਦਲ ਅਕਾਲੀ ਦਲ, ਸਪੋਕਸਮੈਨ ਨਾਲ ਕੀਤੇ ਧੱਕੇ ਲਈ ਪਸ਼ਚਾਤਾਪ ਨਹੀਂ ਕਰ ਲੈਂਦਾ, ਬਾਦਲ ਅਕਾਲੀ ਦਲ ਕਦੇ ਸੱਤਾ ਵਿਚ ਨਹੀਂ ਆ ਸਕੇਗਾ।’

Bhagwant Mann, Arvind Kejriwal

 

ਅਰਵਿੰਦ ਕੇਜਰੀਵਾਲ ਨੇ ਪੰਜਾਬੀ ਵੋਟਰਾਂ ਨਾਲ ਕਈ ਵਾਅਦੇ ਕੀਤੇ ਸਨ ਤੇ ਇਕ ਵਾਅਦਾ ਇਹ ਵੀ ਸੀ ਕਿ ‘ਮੈਂ ਤੁਹਾਨੂੰ ਉਨ੍ਹਾਂ ਲੁਟੇਰੇ ਆਗੂਆਂ ਤੋਂ ਛੁਟਕਾਰਾ ਦਿਵਾ ਦਿਆਂਗਾ ਜੋ 70 ਸਾਲ ਤੋਂ ਵਾਰੀ-ਵਾਰੀ ਗੱਦੀ ਇਕ ਦੂਜੇ ਨੂੰ ਸੰਭਾਲ ਕੇ ਚਲੇ ਜਾਂਦੇ ਸਨ ਤੇ ਗੱਦੀ ’ਤੇ ਬਹਿ ਕੇ ਵੀ ਤੇ ਗੱਦੀ ਤੋਂ ਲਹਿ ਕੇ ਵੀ ਰਲ ਕੇ ਲੁੱਟ ਦਾ ਮਾਲ ਵੰਡ ਲਿਆ ਕਰਦੇ ਸਨ ਤੇ ਇਕ-ਦੂਜੇ ਨੂੰ ਬਚਾਅ ਵੀ ਲੈਂਦੇ ਸਨ। ਨਹੀਂ ਹੁਣ ਅਜਿਹਾ ਨਹੀਂ ਹੋ ਸਕੇਗਾ।’

ਹਾਂ, ਉਨ੍ਹਾਂ ਨੇ ਇਹ ਵਾਅਦਾ ਤਾਂ ਪੂਰਾ ਕਰ ਵੀ ਦਿਤਾ ਹੈ। ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨੂੰ ਹਰਾ ਕੇ ਸੱਤਾ ਵਿਚ ਆਏ ਸਨ। ਸੱਤਾ ਸੰਭਾਲ ਕੇ ਵੀ ਉਨ੍ਹਾਂ ਦੀ ਭਾਈਵਾਲੀ ਪਹਿਲਾਂ ਵਾਂਗ ਹੀ ਜਾਰੀ ਰਹੀ ਤੇ ਅਫ਼ਸਰ ਵੀ ਬਾਦਲਾਂ ਦੇ ਕਹਿਣ ’ਤੇ ਲੋਕਾਂ ਦੇ ਕੰਮ ਇਸ ਤਰ੍ਹਾਂ ਕਰਿਆ ਕਰਦੇ ਸਨ ਜਿਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ, ਸੁਖਬੀਰ ਸਿੰਘ ਬਾਦਲ ਹੋਣ। ਪੁਲਿਸ ਮਹਿਕਮੇ ਵਿਚ ਤਾਂ ਉਨ੍ਹਾਂ ਦੀ ਹੀ ਤੂਤੀ ਬੋਲਦੀ ਸੀ ਤੇ ਬਾਦਲਾਂ ਵਿਰੁਧ ਪੜਤਾਲ ਕਰਨ ਲਈ ਕੋਈ ਪੁਲਿਸ ਅਫ਼ਸਰ ਤਿਆਰ ਹੀ ਨਹੀਂ ਸੀ ਹੁੰਦਾ। 75, 25 ਦੀ ਭਾਈਵਾਲੀ ਦੀ ਗੱਲ ਸਟੇਜਾਂ ਤੋਂ ਆਮ ਸੁਣੀ ਜਾਂਦੀ ਸੀ।

ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਉਤੇ ਵੀ ਉਨ੍ਹਾਂ ਦਾ ਕਬਜ਼ਾ ਸੀ। ਬੀਜੇਪੀ ਨਾਲ ਵੀ ਉਨ੍ਹਾਂ ਦੀ ਭਾਈਵਾਲੀ ਸੀ ਤੇ ਕੇਂਦਰੀ ਵਜ਼ਾਰਤ ਵਿਚ ਵੀ ਬਾਦਲ ਹੀ ਸਜੇ ਰਹਿੰਦੇ ਸਨ, ਹੋਰ ਕੋਈ ਅਕਾਲੀ ਵੀ ਕੇਂਦਰੀ ਵਜ਼ੀਰ ਨਹੀਂ ਸੀ ਬਣ ਸਕਦਾ। ਅਜਿਹੀ ਹਾਲਤ ਵਿਚ ‘ਸਪੋਕਸਮੈਨ’ ਦਾ ਪੇਚਾ ਪ੍ਰਕਾਸ਼ ਸਿੰਘ ਬਾਦਲ ਨਾਲ ਪੈ ਗਿਆ ਤਾਂ ਉਨ੍ਹਾਂ ਨੇ, ਬਿਨਾਂ ਕਿਸੇ ਕਾਰਨ ਦੇ, ਅਕਾਲ ਤਖ਼ਤ ਦੇ ਪੁਜਾਰੀਆਂ ਨੂੰ ਕਹਿ ਕੇ ਮੈਨੂੰ ‘ਛੇਕਵਾ’ ਦਿਤਾ ਤੇ ਰੋਜ਼ਾਨਾ ਸਪੋਕਸਮੈਨ ਵਿਰੁਧ ਵੀ ਹੁਕਮਨਾਮਾ ਜਾਰੀ ਕਰਵਾ ਦਿਤਾ ਕਿ ਕੋਈ ਇਸ ਨੂੰ ਨਾ ਪੜ੍ਹੇ, ਕੋਈ ਇਸ ਵਿਚ ਇਸ਼ਤਿਹਾਰ ਨਾ ਦੇਵੇ, ਕੋਈ ਇਸ ਵਿਚ ਨੌਕਰੀ ਨਾ ਕਰੇ ਤੇ ਨਾ ਕੋਈ ਹੋਰ ਸਹਿਯੋਗ ਹੀ ਦੇਵੇ। ਪੰਥ ਨੂੰ ਮੇਰੇ ਬਾਰੇ ਤਾਂ ਹੁਕਮ ਵੀ ਦੇ ਦਿਤਾ ਗਿਆ ਕਿ ਇਸ ਨਾਲ ਕੋਈ ਵੀ ਰੋਟੀ-ਬੇਟੀ ਦੀ ਸਾਂਝ ਨਾ ਰੱਖੇ।

ਮੇਰੇ ਵਿਰੁਧ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿਚ ਪੁਲਿਸ ਕੇਸ ਪਾ ਦਿਤੇ ਗਏ ਤਾਕਿ ਮੈਂ ਝੱਟ ਹਾਰ ਮੰਨ ਲਵਾਂ। ਅਖ਼ਬਾਰ ਦੇ ਇਸ਼ਤਿਹਾਰਾਂ ’ਤੇ ਮੁਕੰਮਲ ਪਾਬੰਦੀ ਲਗਾ ਦਿਤੀ ਤੇ ਕੁਲ 150 (ਡੇਢ ਸੌ ਕਰੋੜ) ਕਰੋੜ ਦੇ ਇਸ਼ਤਿਹਾਰ 10 ਸਾਲਾਂ ਵਿਚ ਰੋਕੇ ਗਏ। ਪਰ ਪਾਠਕਾਂ ਦੇ ਸਹਿਯੋਗ ਤੇ ਵਾਹਿਗੁਰੂ ਦੀ ਮਿਹਰ ਸਦਕਾ ਮੈਂ ਝੁਕਣ ਤੋਂ ਨਾਂਹ ਕਰ ਦਿਤੀ। ਅੱਜ ਵੀ ਮੈਂ ਇਹ ਨਹੀਂ ਦਸ ਸਕਦਾ ਕਿ ਕੀ ਸੋਚ ਕੇ ਮੈਂ ਪੁਜਾਰੀਆਂ ਤੇ ਹਾਕਮਾਂ ਦੇ ਸਾਂਝੇ ਹੱਲੇ ਵਿਰੁਧ ਡਟਿਆ ਰਿਹਾ। ਮੇਰੇ ਕੋਲ ਤਾਂ ਏਨੀਆਂ ਜ਼ਬਰਦਸਤ ਤਾਕਤਾਂ ਨਾਲ ਲੜਨ ਲਈ ਕੁੱਝ ਵੀ ਨਹੀਂ ਸੀ ਤੇ ਖ਼ਾਲੀ ਹੱਥ ਹੀ ਲੜ ਰਿਹਾ ਸੀ। ਕਿਸੇ ਵੀ ਪਾਰਟੀ ਦੀ ਮਦਦ ਲੈਣੀ ਮੈਨੂੰ ਪ੍ਰਵਾਨ ਹੀ ਨਹੀਂ ਸੀ। ਮੈਂ ਸੋਚਦਾ ਸੀ, ਅਜਿਹਾ ਕਰਨ ਨਾਲੋਂ ਮੈਂ ਅਖ਼ਬਾਰ ਬੰਦ ਕਰ ਕੇ ਕੋਈ ਹੋਰ ਕੰਮ ਕਰ ਲਵਾਂਗਾ।

ਕਿੰਨਾ ਜ਼ਬਰਦਸਤ ਹਮਲਾ ਸਾਡੇ ਉਤੇ ਕੀਤਾ ਗਿਆ, ਉਸ ਬਾਰੇ ਬਾਦਲ ਪ੍ਰਵਾਰ ਦਾ ਹੀ ਇਕ ਪ੍ਰਸਿੱਧ ਆਗੂ ਤੇ ਵਜ਼ੀਰ ਅਖ਼ੀਰ ਦੋਸਤੀ ਦਾ ਹੱਥ ਵਧਾ ਕੇ ਮੇਰੇ ਨਾਲ ਸਮਝੌਤਾ ਕਰਨ ਦੀ ਪੇਸ਼ਕਸ਼ ਲੈ ਕੇ ਆਇਆ ਤਾਂ ਪਹਿਲਾ ਫ਼ਿਕਰਾ ਹੀ ਉਸ ਨੇ ਇਹ ਉਚਰਿਆ, ‘‘ਮੈਂ ਮੰਨਦਾ ਹਾਂ ਕਿ ਦੁਨੀਆਂ ਦੀ ਕਿਸੇ ਹੋਰ ਸਰਕਾਰ ਨੇ ਕਿਸੇ ਹੋਰ ਅਖ਼ਬਾਰ ਨੂੰ ਬੰਦ ਕਰਵਾਉਣ ਲਈ ਏਨਾ ਜ਼ੋਰ ਨਹੀਂ ਲਾਇਆ ਹੋਵੇਗਾ ਜਿੰਨਾ ਜ਼ੋਰ ਅਸੀ ਸਪੋਕਸਮੈਨ ਨੂੰ ਬੰਦ ਕਰਵਾਉਣ ਲਈ ਲਾਇਆ ਹੈ। ਪਰ ਜੇ ਇਹ ਬੰਦ ਨਹੀਂ ਹੋਇਆ ਤਾਂ....... ਹੁਣ ਮੈਂ ਖੁਲ੍ਹੇ ਦਿਲ ਨਾਲ ਇਕ ਵੱਡੀ ਪੇਸ਼ਕਸ਼ ਲੈ ਕੇ ਆਇਆ ਹਾਂ, ਇਸ ਨੂੰ ਨਾਂਹ ਨਾ ਕਹਿ ਦੇਣਾ।’’ ਪਰ ਮੈਂ ਕਰੋੜਾਂ ਦੀ ਪੇਸ਼ਕਸ਼ ਨੂੰ ਨਾਂਹ ਕਰ ਦਿਤੀ ਜਦ ਤਕ ਸਪੋਕਸਮੈਨ ਵਿਰੁਧ ਬਿਨਾਂ ਕਾਰਨ ਗ਼ਲਤ ਹੁਕਮਨਾਮੇ ਜਾਰੀ ਕਰਨ ਦੀ ਗ਼ਲਤੀ ਨਹੀਂ ਮੰਨ ਲਈ ਜਾਂਦੀ।

ਉਦੋਂ ਵੀ ਬਹੁਤ ਸਾਰੇ ਹਮਦਰਦ ਮੈਨੂੰ ਸਲਾਹ ਦੇਂਦੇ ਰਹਿੰਦੇ ਸਨ ਕਿ ਨੀਤੀ ਵਜੋਂ ਮੈਂ ਪੇਸ਼ ਹੋ ਆਵਾਂ ਕਿਉਂਕਿ ਹਾਕਮ ਬਹੁਤ ਹੰਕਾਰ ਵਿਚ ਆਏ ਹੋਏ ਨੇ ਤੇ ਬੜੀ ਘਾਲਣਾ ਮਗਰੋਂ ਸ਼ੁਰੂ ਹੋਈ ਅਖ਼ਬਾਰ ਵੀ ਬੰਦ ਕਰਵਾ ਦੇਣਗੇ ਤੇ ‘ਉੱਚਾ ਦਰ ਬਾਬੇ ਨਾਨਕ ਦਾ’ ਵੀ ਨਹੀਂ ਬਣਨ ਦੇਣਗੇ। ਮੇਰਾ ਜਵਾਬ ਇਹੀ ਹੁੰਦਾ ਸੀ ਕਿ, ‘‘ਜੇ ਅਸੀ ਸੱਚ ਦੀ ਲੜਾਈ ਲੜ ਰਹੇ ਹਾਂ ਤਾਂ ਵਾਹਿਗੁਰੂ ਅਖ਼ਬਾਰ ਨੂੰ ਵੀ ਬੰਦ ਨਹੀਂ ਹੋਣ ਦੇਂਵੇਗਾ, ਉੱਚਾ ਦਰ ਵੀ ਬਣਵਾ ਦੇਂਵੇਗਾ ਤੇ ਮੈਂ ਜ਼ਰੂਰ ਹੀ ਇਨ੍ਹਾਂ ਹਾਕਮਾਂ, ਪੁਜਾਰੀਆਂ ਦੀ ਜ਼ਬਰਦਸਤ ਹਾਰ ਹੁੰਦੀ ਵੇਖ ਕੇ ਹੀ ਮਰਾਂਗਾ, ਇਹ ਮੇਰੇ ਅਕਾਲ ਪੁਰਖ ਨੇ ਮੈਨੂੰ ਯਕੀਨ ਦਿਵਾਇਆ ਹੋਇਆ ਹੈ।’’ 

ਅੱਜ ਤਿੰਨੇ ਗੱਲਾਂ ਸਾਖਿਆਤ ਹੋਈਆਂ ਵੇਖ ਕੇ ਵਾਹਿਗੁਰੂ ਅੱਗੇ ਵਾਰ ਵਾਰ ਸਿਰ ਝੁਕ ਜਾਂਦਾ ਹੈ ਕਿ ਇਸ ਖ਼ਾਲੀ ਹੱਥ ਲੜਨ ਵਾਲੇ ਗ਼ਰੀਬ ਦੀ ਲਾਜ ਉਸ ਨੇ ਕਿਵੇਂ ਰੱਖ ਵਿਖਾਈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੁੰਦਾ ਸੀ ਕਿ ‘‘ਸੱਚੇ ਪਾਤਸ਼ਾਹ ਜੇ ਮੈਂ ਸੱਚਾ ਹਾਂ ਤਾਂ ਮੈਨੂੰ ਏਨੀ ਕੁ ਜ਼ਿੰਦਗੀ ਜ਼ਰੂਰ ਦਈਂ ਕਿ ਮੈਂ ਤਾਕਤ ਵਿਚ ਬਿਫਰੇ ਹੋਏ ਪ੍ਰਕਾਸ਼ ਸਿੰਘ ਬਾਦਲ ਨੂੰ ਹਾਰਦਿਆਂ ਹੋਇਆਂ ਵੇਖ ਕੇ ਜਾਵਾਂ।’’ ਮੇਰੀ ਅਰਦਾਸ ਪੂਰੀ ਹੋਈ ਹੈ। ਬਾਦਲ ਉਤੇ ਅਕਾਲ ਤਖ਼ਤ ਦੀ ਦੁਰਵਰਤੋਂ ਕਰ ਕੇ ਇਸ ਦਾ ਰੁਤਬਾ ਮਿੱਟੀ ਵਿਚ ਮਿਲਾ ਦੇਣ ਤੋਂ ਲੈ ਕੇ ਸਕੂਲ ਬੋਰਡ ਅਤੇ ਸ਼ੋ੍ਰੋਮਣੀ ਕਮੇਟੀ ਕੋਲੋਂ ਸਿੱਖ ਧਰਮ ਨੂੰ ਬਦਨਾਮੀ ਦੇਣ ਵਾਲੀਆਂ ਕਿਤਾਬਾਂ ਛਪਵਾਉਣ, ਬੇਅਦਬੀਆਂ ਕਰਨ ਵਾਲਿਆਂ ਨੂੰ ਹੱਥ ਨਾ ਪਾਉਣ, ਸੌਦਾ ਸਾਧ ਨਾਲ ਗਠਜੋੜ ਕਰਨ, ਅਪਣੇ ਲਈ ਵਜ਼ੀਰੀਆਂ ਲੈ ਕੇ ਕੇਂਦਰ ਕੋਲੋਂ ਪੰਜਾਬ ਦੀ ਰਾਜਧਾਨੀ ਸਮੇਤ ਇਕ ਵੀ ਮੰਗ ਨਾ ਮਨਵਾਉਣ (1966 ਤੋਂ ਹੁਣ ਤਕ ਅਰਥਾਤ 56 ਸਾਲਾਂ ਵਿਚ), ਸਿੱਖ ਪੰਥ ਕੋਲੋਂ ਉਸ ਦੀ ਪੰਥਕ ਜਥੇਬੰਦੀ ਵੀ ਖੋਹ ਕੇ ਤੇ ਅੰਮ੍ਰਿਤਸਰੋਂ ਚੁਕ ਕੇ ਅਪਣੀ ਜੇਬ ਵਿਚ ਪਾ ਲੈਣ ਅਤੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੇ ਕਈ ਦੋਸ਼ ਹਨ ਜਿਨ੍ਹਾਂ ਦੀ ਸੂਚੀ ਬਹੁਤ ਲੰਮੀ ਹੈ। 

ਕਾਂਗਰਸੀ ਮੁੱਖ ਮੰਤਰੀਆਂ ਨਾਲ ਅੰਦਰਖਾਤੇ ਸਮਝੌਤਾ ਕਰ ਕੇ ਇਹ ਅਪਣੀ ਨਿਜੀ ਤਾਕਤ ਬਣਾਈ ਰੱਖਣ ਵਿਚ ਕਾਮਯਾਬ ਰਹਿੰਦੇ ਸਨ ਭਾਵੇਂ ਸਿੱਖਾਂ ਨੂੰ ਇਨ੍ਹਾਂ ਨੇ ਅਤਿ ਦੀ ਕਮਜ਼ੋਰ ਅਤੇ ਨਾ ਹੋਇਆਂ ਵਰਗੀ ਤਾਕਤ ਬਣਾ ਕੇ ਰੱਖ ਦਿਤਾ ਹੈ। ਭਾਈ ਰਣਜੀਤ ਸਿੰਘ (ਸਾਬਕਾ ਜਥੇਦਾਰ) ਠੀਕ ਹੀ ਕਹਿੰਦੇ ਹਨ ਕਿ ਪੰਥ ਦਾ ਜਿੰਨਾ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ, ਹੋਰ ਕਿਸੇ ਆਗੂ ਨੇ ਨਹੀਂ ਕੀਤਾ। ਮੈਨੂੰ ਖ਼ੁਸ਼ੀ ਹੈ ਕਿ ਇਸ ਸਿਆਸੀ ਭੁਕਾਨੇ ਦੀ ਫੂਕ ਕੇਜਰੀਵਾਲ ਅਤੇ ਸ. ਭਗਵੰਤ ਸਿੰਘ ਨੇ ਕੱਢ ਵਿਖਾਈ ਹੈ। ਉਸ ਤੋਂ ਵੀ ਵੱਡੀ ਖ਼ੁਸ਼ੀ ਇਸ ਗੱਲ ਦੀ ਹੈ ਕਿ ਪ੍ਰਮਾਤਮਾ ਨੇ ਸੱਭ ਤੋਂ ਵੱਡੇ ਭੁਕਾਨੇ ਦੀ ਫੂਕ ਕੱਢਣ ਦਾ ਸਿਹਰਾ ਆਪ ਦੇ ਐਮ.ਐਲ.ਏ. ਸ. ਗੁਰਮੀਤ ਸਿੰਘ ਖੁਡੀਆਂ ਦੇ ਸਿਰ ਬੰਨਿ੍ਹਆ ਹੈ। ਜੇ ਮੈਂ ਗ਼ਲਤੀ ਨਹੀਂ ਖਾ ਰਿਹਾ ਤਾਂ ਗੁਰਮੀਤ ਸਿੰਘ ਖੁਡੀਆਂ, ਸਵਰਗੀ ਸ. ਜਗਦੇਵ ਸਿੰਘ ਖੁਡੀਆਂ ਦੇ ਬੇਟੇ ਹਨ ਜੋ ਮੰਡੀ ਬੋਰਡ ਦੇ ਚੇਅਰਮੈਨ ਹੁੰਦੇ ਸਨ। ਮੈਂ ਉਸ ਵੇਲੇ ਮਾਸਕ ‘ਪੰਜ ਪਾਣੀ’ ਕਢਦਾ ਹੁੰਦਾ ਸੀ।

ਉਹ ਪਰਚੇ ਨੂੰ ਬਹੁਤ ਪਸੰਦ ਕਰਦੇ ਸਨ ਤੇ ਅਕਸਰ ਮੇਰੇ ਕੋਲ ਆ ਕੇ ਪੰਥਕ ਹਾਲਾਤ ਬਾਰੇ ਗੱਲਾਂ ਕਰ ਕੇ ਖ਼ੁਸ਼ ਹੁੰਦੇ ਸਨ। ਦੋ-ਦੋ ਘੰਟੇ ਮੇਰੇ ਕੋਲ ਬੈਠੇ ਰਹਿੰਦੇ ਸਨ। ਮੇਰੀ ਉਨ੍ਹਾਂ ਦੀ ਸਾਂਝ ਪੰਥਕ ਵਿਚਾਰਾਂ ਦੀ ਸਾਂਝ ਹੀ ਸੀ। ਬਾਅਦ ਵਿਚ ਜਦੋਂ ਉਨ੍ਹਾਂ ਦੀ ਮੌਤ ਦੀ ਖ਼ਬਰ ਆਈ ਤਾਂ ਮੈਨੂੰ ਪੂਰੀ ਗੱਲ ਤਾਂ ਯਾਦ ਨਹੀਂ ਪਰ ਸ. ਪ੍ਰਕਾਸ਼ ਸਿੰਘ ਬਾਦਲ ਵਿਰੁਧ ਬੜੀਆਂ ਰੋਸ ਭਰੀਆਂ ਆਵਾਜ਼ਾਂ ਸੁਣਨ ਨੂੰ ਮਿਲੀਆਂ ਸਨ। ਸ਼ਾਇਦ ਇਹ ਵੀ ਇਕ ਕਾਰਨ ਹੋਵੇ ਜਿਸ ਕਾਰਨ ਸ. ਗੁਰਮੀਤ ਸਿੰਘ ਨੇ ਲੰਬੀ ਵਿਚ ਹੀ ਪਹਾੜ ਨਾਲ ਟੱਕਰ ਲੈਣੀ ਜ਼ਰੂਰੀ ਸਮਝੀ ਤੇ ਕੁਦਰਤ ਨੇ ਇਨਸਾਫ਼ ਦੇਣ ਲਈ ਸ. ਖੁਡੀਆਂ ਨੂੰ ਹੀ ਚੁਣਿਆ। ਸ. ਖੁਡੀਆਂ ਦਾ ਬਿਆਨ ਮੈਂ ਟੀਵੀ ’ਤੇ ਸੁਣਿਆ ਹੈ ਕਿ ਸ. ਬਾਦਲ ਨੇ ਜਿੱਤ ਪ੍ਰਾਪਤ ਕਰਨ ਲਈ 75000 ਵੋਟਾਂ, ਪੈਸੇ ਦੇ ਕੇ ਖ਼ਰੀਦੀਆਂ ਪਰ ਫਿਰ ਵੀ 54000 ਵੋਟ ਹੀ ਉਨ੍ਹਾਂ ਦੇ ਹੱਕ ਵਿਚ ਭੁਗਤੇ। ਸ. ਬਾਦਲ ਆਪ ਹੀ ਨਾ ਹਾਰੇ ਬਲਕਿ ਉਨ੍ਹਾਂ ਦਾ ਸਾਰਾ ਪ੍ਰਵਾਰ ਹੀ ਹਾਰ ਗਿਆ।

ਦੋ-ਤਿੰਨ ਸਾਲ ਪਹਿਲਾਂ ਇਕ ਲੇਖ ਦਾ ਸਿਰਲੇਖ ਮੈਂ ਇਹ ਰਖਿਆ ਸੀ ਕਿ ‘‘ਜਦ ਤਕ ਬਾਦਲ ਅਕਾਲੀ ਦਲ, ਸਪੋਕਸਮੈਨ ਨਾਲ ਕੀਤੇ ਧੱਕੇ ਲਈ ਪਸ਼ਚਾਤਾਪ ਨਹੀਂ ਕਰ ਲੈਂਦਾ, ਬਾਦਲ ਅਕਾਲੀ ਦਲ ਕਦੇ ਸੱਤਾ ਵਿਚ ਨਹੀਂ ਆ ਸਕੇਗਾ।’’ ਇਸ ਦੀ ਬੜੀ ਚਰਚਾ ਹੋਈ ਤੇ ਮੇਰੇ ਵਿਰੁਧ ਵੀ ਕਾਫ਼ੀ ਕੁੱਝ ਬੋਲਿਆ ਗਿਆ। ਮੈਂ ਕੋਈ ਨਜੂਮੀ ਜਾਂ ਭਵਿੱਖਬਾਣੀ ਕਰਨ ਵਾਲਾ ਬੰਦਾ ਤਾਂ ਨਹੀਂ ਪਰ ਕੁਦਰਤ ਕਈ ਵਾਰ ਅਪਣਾ ਫ਼ੈਸਲਾ ਇਸ ਤਰ੍ਹਾਂ ਹੀ ਸੱਚੀ ਸੁੱਚੀ ਕਲਮ ਕੋਲੋਂ ਵੀ, ਵਕਤ ਤੋਂ ਪਹਿਲਾਂ ਹੀ, ਨਸ਼ਰ ਕਰਵਾ ਲੈਂਦੀ ਹੈ ਤਾਕਿ ਦੋਸ਼ੀ ਅਜੇ ਵੀ ਸੰਭਲ ਜਾਣ। ਉਂਜ ਅੱਜ ਵਾਲਾ ਦਿਨ ਵੇਖੇ ਬਿਨਾਂ ਮੈਂ ਵੀ ਨਹੀਂ ਸੀ ਮਰਨਾ ਚਾਹੁੰਦਾ ਤੇ ਅੱਜ ਮੈਂ ਉਹ ਦਿਨ ਵੇਖ ਲਿਆ ਹੈ ਤਾਂ ਮੇਰੇ ਮਨ ਨੂੰ ਡਾਢੀ ਸ਼ਾਂਤੀ ਮਿਲੀ ਹੈ ਕਿ ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ। ਸਪੋਕਸਮੈਨ ਉਤੇ 10-15 ਸਾਲ ਲਗਾਤਾਰ ਉਨ੍ਹਾਂ ਨੇ ਜੋ ਕਹਿਰ ਢਾਹਿਆ, ਉਨ੍ਹਾਂ ‘ਤਾਕਤਵਰਾਂ’ ਦੀ ‘ਤਾਕਤ’ ਨੂੰ ਲੱਗੀ ਢਾਹ ਵੇਖ ਕੇ, ਸਪੋਕਸਮੈਨ ਦਾ ਕਿਹੜਾ ਪਾਠਕ, ਹਮਦਰਦ ਤੇ ਮਿੱਤਰ ਖ਼ੁਸ਼ ਨਹੀਂ ਹੋਵੇਗਾ? 
ਹੁਣ ਕੀ ਕਰਨਾ ਚਾਹੀਦਾ ਹੈ?

ਜੇ ਰੱਬ ਦਾ ਭਾਣਾ ਮੰਨ ਲਿਆ ਜਾਣਾ ਜ਼ਰੂਰੀ ਹੁੰਦਾ ਹੈ ਤਾਂ :  
- ਆਪ ਹਾਰਨ ਵਾਲੇ, ਪੰਥ ਨੂੰ ਰਸਾਤਲ ਵਿਚ ਪਹੁੰਚਾ ਦੇਣ ਵਾਲੇ ਤੇ ਪੰਥਕ ਪਾਰਟੀ ਦਾ ਖ਼ਾਤਮਾ ਕਰ ਦੇਣ ਵਾਲੇ ਬਾਦਲਾਂ ਨੂੰ ਅਸਤੀਫ਼ੇ ਦੇ ਕੇ ਸਿਆਸਤ ਤੋਂ ਰੀਟਾਇਰ ਹੋ ਜਾਣਾ ਚਾਹੀਦਾ ਹੈ ਤੇ ਪੰਥਕ ਜਥੇਬੰਦੀਆਂ, ਪੰਥ ਦੇ ਹਵਾਲੇ ਕਰ ਦੇਣੀਆਂ ਚਾਹੀਦੀਆਂ ਹਨ।
- ਅਕਾਲ ਤਖ਼ਤ ਦੇ ‘ਜਥੇਦਾਰਾਂ’ ਨੂੰ ਉਹ ਸਾਰੇ ‘ਹੁਕਮਨਾਮੇ’ ਰੱਦ ਕਰ ਕੇ ਵਾਪਸ ਲੈ ਲੈਣੇ ਚਾਹੀਦੇ ਹਨ ਜੋ ਬਾਦਲਾਂ ਦੇ ਦੌਰ ਵਿਚ ਜਾਰੀ ਕੀਤੇ ਗਏ ਤੇ ਗ਼ਲਤ ਹੁਕਮਨਾਮੇ ਜਾਰੀ ਕਰਨ ਬਦਲੇ ਪਸ਼ਚਾਤਾਪ ਕਰਨਾ ਚਾਹੀਦਾ ਹੈ।

- ਅਕਾਲ ਤਖ਼ਤ ਦੇ ‘ਜਥੇਦਾਰਾਂ’ ਨੂੰ ਅਕਾਲੀ ਦਲ, ਪਹਿਲਾਂ ਵਾਂਗ, ਬਾਦਲਾਂ ਕੋਲੋਂ ਵਾਪਸ ਲੈ ਕੇ ਅੰਮ੍ਰਿਤਸਰ ਵਿਚ ਲੈ ਜਾਣਾ ਚਾਹੀਦਾ ਹੈ ਤੇ ‘ਪੰਥਕ ਕੌਂਸਲ’ ਬਣਾ ਕੇ ਇਸ ਦੀਆਂ ਨੀਤੀਆਂ ਨੂੰ ਉਹ ਰੂਪ ਦੇਣਾ ਚਾਹੀਦਾ ਹੈ ਜਿਨ੍ਹਾਂ ਸਦਕਾ ਹਰ ਸਿੱਖ ਇਸ ਜਥੇਬੰਦੀ ਨੂੰ ਸਮੁੱਚੇ ਪੰਥ ਦੀ ਜਥੇਬੰਦੀ ਮੰਨਣ ਲੱਗ ਪਵੇ। ਇਸ ਦੇ ਸੰਵਿਧਾਨ ਵਿਚ ਕੋਈ ਤਬਦੀਲੀ, ਅਕਾਲ ਤਖ਼ਤ ਅਤੇ ਪੰਥਕ ਕੌਂਸਲ ਦੀ ਪ੍ਰਵਾਨਗੀ ਨਾਲ ਹੀ ਹੋਣੀ ਚਾਹੀਦੀ ਹੈ।
ਜੇ ਇਹ ਨਾ ਕੀਤਾ ਗਿਆ ਤੇ ਬਾਦਲਾਂ ਨੂੰ ‘ਅਕਾਲੀ’ ਦਲ ਅਪਣੀ ਨਿਜੀ ਚੜ੍ਹਤ ਲਈ ਵਰਤਣ ਦੀ ਆਗਿਆ ਦਿਤੀ ਰੱਖੀ ਤਾਂ ‘ਪੰਥ’ ਇਕ ਕਿਤਾਬੀ ਸ਼ਬਦ ਬਣ ਕੇ ਰਹਿ ਜਾਏਗਾ।