Joginder Singh Article: ‘‘ਜੋਗਿੰਦਰ ਸਿਉ ਤਾਂ ਹਮੇਸ਼ਾ ਜਿਉਂਦਾ ਹੀ ਰਹੂਗਾ’’

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਜੋਗਿੰਦਰ ਜੀ ਸਰੀਰਕ ਤੌਰ ’ਤੇ ਭਾਵੇਂ ਅੱਜ ਸਾਡੇ 'ਚ ਨਹੀਂ ਹਨ ਪਰ ਉਨ੍ਹਾਂ ਦੀ ਯਾਦ, ਉਨ੍ਹਾਂ ਦੀਆਂ ਲਿਖਤਾਂ ਅੱਜ ਵੀ ਸਾਡੇ ਦਿਲਾਂ ਅੰਦਰ ਮੌਜੂਦ ਹਨ

Joginder Singh will always be alive article in punjabi

ਜਦੋਂ ਸਪੋਕਸਮੈਨ ਨਹੀਂ ਪੜ੍ਹਦੇ ਸੀ ਤਾਂ ਕੋਈ ਨਹੀਂ ਸੀ ਜਾਣਦਾ ਤੇ ਨਾ ਹੀ ਸਾਨੂੰ ਕੋਈ ਬਹੁਤੀ ਸਮਝ ਹੀ ਸੀ। ਜਦੋਂ ਸਪੋਕਸਮੈਨ ਪੜ੍ਹਨ ਲੱਗੇ ਤਾਂ ਨਵੀਆਂ ਗੱਲਾਂ ਪਤਾ ਲੱਗਣ ਲੱਗ ਪਈਆਂ। ਪੁਜਾਰੀਵਾਦ ਦੇ ਮੱਕੜਜਾਲ ਵਿਚੋਂ ਬਾਹਰ ਨਿਕਲ ਆਏ ਤੇ ਜਦੋਂ ਦਾ ਲਿਖਣਾ ਸ਼ੁਰੂ ਕੀਤਾ ਹੈ, ਪਾਠਕਾਂ ਨਾਲ ਜਾਣ-ਪਛਾਣ ਹੋਰ ਵੀ ਵੱਧ ਗਈ। ਕਈ ਪਾਠਕ ਤਾਂ ਫ਼ੋਨ ਕਰ ਕੇ ਆਖਦੇ ਹਨ ਕਿ ਅਸੀ ਤੁਹਾਨੂੰ ਮਿਲਣਾ ਚਾਹੁੰਦੇ ਹਾ ਤਾਂ ਜੋ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਜਾ ਸਕੇ। ਇਨ੍ਹਾਂ ਹੀ ਸਤਿਕਾਰਯੋਗ ਪਾਠਕਾਂ ਵਿਚੋਂ ਇਕ ਬਜ਼ੁਰਗ ਜਿਨ੍ਹਾਂ ਦੀ ਉਮਰ ਤਕਰੀਬਨ ਸੱਤਰ ਕੁ ਸਾਲ ਹੋਣੀ ਹੈ, ਮੈਨੂੰ ਮਿਲਣ ਆ ਗਏ। ਮੈਂ ਉਨ੍ਹਾਂ ਨੂੰ ਅਪਣੇ ਘਰ ਵਿਚ ਹੀ ਬਣੇ ਨਿਜੀ ਕਿਤਾਬ ਘਰ ਵਿਚ ਬਿਠਾ ਕੇ ਚਾਹ ਪਾਣੀ ਦੀ ਸੇਵਾ ਕੀਤੀ।

ਉਹ ਬਜ਼ੁਰਗ ਆਖਣ ਲੱਗੇ, ‘‘ਦੇਖ ਬਈ ਕਾਕਾ, ਸਰਦਾਰ ਜੋਗਿੰਦਰ ਸਿਉ ਤਾਂ ਕਲਮ ਦਾ ਧਨੀ ਸੀ ਤੇ ਰਹੇਗਾ, ਉਹ ਕਿਤੇ ਨਹੀਂ ਗਿਆ, ਸਰਦਾਰ ਜੋਗਿੰਦਰ ਸਿੰਘ ਹਮੇਸ਼ਾ ਹੀ ਜਿਉਂਦਾ ਰਹੇਗਾ। ਉਸ ਦੀਆਂ ਲਿਖਤਾਂ ਤੇ ਐਤਵਾਰ ਵਾਲੀ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਅੱਜ ਵੀ ਸਾਡਾ ਮਾਰਗ ਦਰਸ਼ਨ ਕਰ ਰਹੀ ਹੈ ਤੇ ਅੱਗੇ ਨੂੰ ਵੀ ਕਰਦੀ ਰਹੇਗੀ।’’

ਉਸ ਬਜ਼ੁਰਗ ਨੂੰ ਧਰਮ ਅਤੇ ਸਿਆਸਤ ਦਾ ਕਾਫ਼ੀ ਗਿਆਨ ਸੀ ਤੇ ਮੈਂ ਉਨ੍ਹਾਂ ਤੋਂ ਹੋਰ ਵੀ ਬਹੁਤ ਕੁੱਝ ਸਿਖਣਾ ਚਾਹੁੰਦਾ ਸੀ ਕਿਉਂਕਿ ਮੇਰਾ ਮੰਨਣਾ ਹੈ ਕਿ ਸਿਆਣਾ ਅਤੇ ਅਕਲਮੰਦ ਬਜ਼ੁਰਗ ਅਪਣੇ ਕੋਲ ਚੰਗਾ ਗਿਆਨ ਰਖਦਾ ਹੈ ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਫਿਰ ਮੈਂ ਆਖਿਆ, “ਬਾਪੂ ਜੀ ਜੇ ਸਾਡੇ ਸਿੱਖ, ਸਰਦਾਰ ਜੋਗਿੰਦਰ ਸਿੰਘ ਜੀ ਦੀ ਐਤਵਾਰ ਵਾਲੀ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਹੀ ਧਿਆਨ ਨਾਲ ਪੜ੍ਹ ਲਿਆ ਕਰਨ ਤਾਂ ਉਨ੍ਹਾਂ ਨੂੰ ਇਸ ਤੋਂ ਕਾਫ਼ੀ ਕੁੱਝ ਚੰਗਾ ਸਿੱਖਣ ਨੂੰ ਮਿਲ ਸਕਦਾ ਹੈ।

ਪਿਛਲੇ ਦੋ ਕੁ ਮਹੀਨਿਆਂ ਦੀ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਦੀ ਲਿਖਤ ਵਿਚ ਹੀ ਸ. ਜੋਗਿੰਦਰ ਸਿੰਘ ਜੀ ਨੇ ਪੰਜਾਬ, ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਕਿਸਾਨੀ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਸਾਨੂੰ ਦੱਸ ਦਿਤੇ ਸਨ। ਅਕਾਲ ਤਖ਼ਤ ਦੀ ਸਰਬ-ਉੱਚਤਾ ਦਾ ਰੌਲਾ ਪਾਉਣ ਵਾਲੇ ਖ਼ੁਦ ਅਕਾਲ ਤਖ਼ਤ ਦੇ ਹੁਕਮਾਂ ਤੋਂ ਕਿਵੇ ਬਾਗ਼ੀ ਹੋਈ ਬੈਠੇ ਹਨ, ਇਸ ਬਾਰੇ ਖੁੱਲ੍ਹ ਕੇ ਚਰਚਾ ਸਪੋਕਸਮੈਨ ਨੇ ਹੀ ਛਾਪੀ ਸੀ। ਅਕਾਲ ਤਖ਼ਤ ਦੇ ਜੱਥੇਦਾਰ ਤੇ ਪੁਜਾਰੀਵਾਦ ਨੂੰ ਜੇ ਚੰਗੀ ਤਰ੍ਹਾਂ ਸਮਝਣਾ ਹੈ ਤਾਂ ਸਾਰੀ ਮਨੁੱਖਤਾ ਨੂੰ ਸ. ਜੋਗਿੰਦਰ ਸਿੰਘ ਜੀ ਦੀਆਂ ਲਿਖਤਾਂ ਨੂੰ ਪੜ੍ਹਨਾ ਹੀ ਪੈਣਾ ਹੈ। ਇਸ ਸਬੰਧ ਵਿਚ ਸਰਦਾਰ ਜੀ ਦੀ ਕਿਤਾਬ ‘ਸੋ ਦਰ ਤੇਰਾ ਕੇਹਾ’ ਸਾਰਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ।

ਸਰਦਾਰ ਜੋਗਿੰਦਰ ਸਿੰਘ ਜੀ ਦੀ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਭਾਗ ਪਹਿਲਾ ਜੋ ਕਿਤਾਬ ਆਈ ਸੀ ਉਹ ਸਾਰਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਬੜੀ ਵੱਡੀ ਗੱਲ ਹੁੰਦੀ ਹੈ ਜੇ ਤੁਹਾਨੂੰ ਕੁੱਝ ਚੰਗਾ ਪੜ੍ਹਨ, ਸੁਣਨ ਤੇ ਵੇਖਣ ਨੂੰ ਮਿਲ ਜਾਵੇ। ਸ. ਜੋਗਿੰਦਰ ਸਿੰਘ ਜੀ ਸਪੋਕਸਮੈਨ ਅੱਜ ਸਾਡੇ ਵਿਚ ਨਹੀਂ ਹਨ ਪਰ ਉਨ੍ਹਾਂ ਦੀ ਯਾਦ, ਉਨ੍ਹਾਂ ਦੀਆਂ ਲਿਖਤਾਂ ਅੱਜ ਵੀ ਸਾਡੇ ਦਿਲਾਂ ਅੰਦਰ ਮੌਜੂਦ ਹਨ ਤੇ ਹਮੇਸ਼ਾ ਹੀ ਮੌਜੂਦ ਰਹਿਣਗੀਆਂ।’’ 

ਫਿਰ ਅਸੀ ਉਨ੍ਹਾਂ ਦੀ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਕਿਤਾਬ ਬਾਰੇ ਚਰਚਾ ਕਰਨ ਲੱਗ ਪਏ। ਕੁਦਰਤੀ ਉਸੇ ਵੇਲੇ ਮੇਰਾ ਦੋਸਤ ਜੋ ਕਿ ਮਾਧੋਪੁਰ ਪਿੰਡ ਵਿਚ ਹੀ ਰਹਿੰਦਾ ਹੈ, ਮਠਿਆਈ ਦਾ ਡੱਬਾ ਤੇ ਇਕ ਕਿਤਾਬ ਮੇਰੇ ਲਈ ਲੈ ਆਇਆ, ਨਾਲ ਉਸ ਦੇ ਮੇਰੇ ਦੋਸਤ ਦਾ ਵੱਡਾ ਭਰਾ ਵੀ ਸੀ। ਮਠਿਆਈ ਦਾ ਡੱਬਾ ਉਹ ਇਸ ਲਈ ਲਿਆਇਆ ਸੀ ਕਿ ਇਕ ਪੁੱਤਰ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਨੇ ਉਸ ਨੂੰ ਇਕ ਧੀ ਦੀ ਦਾਤ ਬਖ਼ਸ਼ੀ ਸੀ ਤੇ ਉਹ ਬਹੁਤ ਖ਼ੁਸ਼ ਸੀ। ਮੁਕਦੀ ਗੱਲ ਹੁਣ ਅਸੀ ਵਿਚਾਰ ਚਰਚਾ ਕਰਨ ਲਈ ਚਾਰ ਜਣੇ ਇਕੱਠੇ ਹੋ ਗਏ ਸੀ ਤੇ ਖਾਣ ਲਈ ਸਾਡੇ ਕੋਲ ਪੂਰਾ ਬਰਫ਼ੀ ਦਾ ਡੱਬਾ ਸੀ। ਮੈਂ ਸਰਦਾਰ ਜੋਗਿੰਦਰ ਸਿੰਘ ਜੀ ਦੀ ਕਿਤਾਬ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਬਾਰੇ ਉਨ੍ਹਾਂ ਨੂੰ ਦਸਣਾ ਸ਼ੁਰੂ ਕਰ ਦਿਤਾ।

ਮੈਂ ਕਿਹਾ ਕਿ ਨਿਜੀ ਦਾ ਮਤਲਬ ਹੈ ਤੁਹਾਡੀ ਅਪਣੀ। ਇਹ ਉਹ ਲਿਖਤ ਹੈ ਜਿਸ ਵਿਚ ਸ. ਜੋਗਿੰਦਰ ਸਿੰਘ ਸਪੋਕਸਮੈਨ ਜੀ ਦੇ ਜੀਵਨ ਦੀਆਂ ਯਾਦਾਂ ਦਰਜ ਹਨ। ਇਸ ਵਿਚ ਉਨ੍ਹਾਂ ਦੇ ਜੀਵਨ ਸੰਘਰਸ਼ ਦੀ ਕਹਾਣੀ ਹੈ। ਇਹ ਕੇਵਲ ਇਕ ਕਿਤਾਬ ਹੀ ਨਹੀਂ ਸਗੋਂ ਇਸ ਵਿਚ ਬਹੁਤ ਸਾਰੇ ਰਾਜਨੀਤਕ, ਸਮਾਜਕ ਤੇ ਧਰਮੀ ਲੋਕਾਂ ਦੇ ਭੇਤ ਖੋਲ੍ਹੇ ਗਏ ਹਨ। ਇਹ ਇਕ ਅਮੋਲਕ ਦਸਤਾਵੇਜ਼ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਚਾਨਣ ਬਿਖੇਰਦਾ ਰਹੇਗਾ। ਇਸ ਕਿਤਾਬ ਵਿਚ 2005 ਤੋਂ 2020 ਤਕ ਸ. ਜੋਗਿੰਦਰ ਸਿੰਘ ਨੇ ਸਪੋਕਸਮੈਨ ਵਿਚ ਜਿਹੜੇ ਲੇਖ ਲਿਖੇ ਉਨ੍ਹਾਂ ਨੂੰ ਇਕੱਠੇ ਕਰ ਕੇ ਇਕ ਦਸਤਾਵੇਜ਼ ਦਾ ਰੂਪ ਦਿਤਾ ਗਿਆ ਹੈ। ਅਸੀ ਸਾਰੇ ਹੀ ਜਾਣਦੇ ਹਾਂ ਕਿ ਪੁਰਾਣੇ ਅਖ਼ਬਾਰ ਨੂੰ ਸਾਂਭਣਾ ਬਹੁਤ ਹੀ ਮੁਸ਼ਕਲ ਹੂੰਦਾ ਹੈ, ਪਰ ਕਿਤਾਬ ਨੂੰ ਸਾਂਭਣਾ ਬਹੁਤ ਹੀ ਸੌਖਾ ਕੰਮ ਹੈ।

ਹੋਰ ਕਈ ਅਖ਼ਬਾਰਾਂ ਦੇ ਸੰਪਾਦਕਾਂ ਅਤੇ ਪੱਤਰਕਾਰਾਂ ਨੇ ਵੀ ਅਪਣੀ ਤੇ ਹੋਰਨਾਂ ਦੀਆਂ ਯਾਦਾਂ ਲਿਖੀਆਂ ਹਨ। ਪਰ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਅਪਣੀ ਅਖ਼ਬਾਰ ਦੀ ਹੋਂਦ ਲਈ ਸੰਘਰਸ਼ ਕਰ ਰਹੇ ਇਕ ਸੰਪਾਦਕ (ਸ. ਜੋਗਿੰਦਰ ਸਿੰਘ) ਨੇ ਦੇਸ਼ ਵਿਦੇਸ਼ ਦੇ ਏਨੇ ਜ਼ਿਆਦਾ ਲੋਕਾਂ ਬਾਰੇ ਲਿਖਿਆ ਹੋਵੇ ਤੇ ਏਨੇ ਜ਼ਿਆਦਾ ਵਿਸ਼ਿਆਂ ਬਾਰੇ ਨਿਜੀ ਤਜਰਬੇ ਦੇ ਆਧਾਰ ’ਤੇ ਏਨੀ ਜ਼ਿਆਦਾ ਮਹੱਤਵਪੁਰਣ ਜਾਣਕਾਰੀ ਅਪਣੇ ਪਾਠਕਾਂ ਤਕ ਪਹੁੰਚਦੀ ਕੀਤੀ ਹੋਵੇ।

ਪਿਛਲੇ 50 ਸਾਲ ਦਾ ਪੰਜਾਬ ਦਾ ਇਤਿਹਾਸ ਲਿਖਣ ਵਾਲੇ ਕਿਸੇ ਵੀ ਇਤਿਹਾਸਕਾਰ ਨੂੰ ਜਿੰਨੇ ਸਹੀ ਤੱਥ ‘ਰੋਜ਼ਾਨਾ ਸਪੋਕਸਮੈਨ’ ਵਿਚੋਂ ਅਤੇ ਖ਼ਾਸ ਤੌਰ ’ਤੇ ਇਸ ਕਿਤਾਬ ’ਚੋਂ ਮਿਲਣਗੇ, ਓਨੇ ਹੋਰ ਕਿਧਰੋਂ ਵੀ ਨਹੀਂ ਮਿਲ ਸਕਦੇ। ਪੰਜਾਬ ਦੇ ਜੇਤੂ ਜਰਨੈਲਾਂ ਵਰਗੇ ਇਕ ਵਿਲੱਖਣ ਸੰਪਾਦਕ ਦੇ, ਪੱਤਰਕਾਰੀ ਦੇ ਖੇਤਰ ਵਿਚ ਰਹਿ ਕੇ ਇਕੱਠੇ ਕੀਤੇ 50 ਸਾਲ ਦੇ ਬਹੁਮੁੱਲੇ ਤਜਰਬਿਆਂ ਦਾ ਤੇ ਖੱਟੀਆਂ ਮਿਠੀਆਂ ਯਾਦਾਂ ਦਾ ਲਾਭ ਜ਼ਰੂਰ ਲੈਣਾ ਚਾਹੀਦਾ ਹੈ। ਉਨ੍ਹਾਂ ਨੇ 1970 ਵਿਚ ਪਹਿਲਾ ਪਰਚਾ ‘ਯੰਗ ਸਿੱਖ’ ਸ਼ੁਰੂ ਕੀਤਾ ਸੀ ਤੇ 50 ਸਾਲ ਦੀ ਮਿਹਨਤ ਤੋਂ ਬਾਅਦ ਇਹ ਪੁਸਤਕ ਤੁਹਾਡੇ ਹੱਥਾਂ ਵਿਚ ਹੈ। 264 ਪੰਨਿਆਂ ਦੀ ਇਸ ਪੁਸਤਕ ਵਿਚ ਸ. ਜੋਗਿੰਦਰ ਸਿੰਘ ਨੇ ਅਪਣੇ ਜੀਵਨ ਦਾ ਇਕ ਇਕ ਪੰਨਾ ਸਾਡੇ ਮੂਹਰੇ ਖੋਲ੍ਹ ਕੇ ਰੱਖ ਦਿਤਾ ਹੈ, ਉਨ੍ਹਾਂ ਸਾਡੇ ਕੋਲੋਂ ਕੁੱਝ ਵੀ ਨਹੀਂ ਲਕੋਇਆ।

ਪ੍ਰਕਾਸ਼ਕ ਨੇ ਸ਼ੁਰੂ ਵਿਚ ਦਸਿਆ ਹੈ ਕਿ ਪੰਜਾਬੀ ਅਖ਼ਬਾਰਾਂ ਦਾ ਜ਼ਿਆਦਾਤਰ ਪ੍ਰਚਲਨ ਪੰਜਾਬੀ ਸੂਬਾ ਬਣਨ (1966) ਮਗਰੋਂ ਹੀ ਹੋਇਆ। ਪਹਿਲਾਂ ਜਿਹੜੇ ਪੰਜਾਬੀ ਅਖ਼ਬਾਰ ਵਕਤ ਦੀਆਂ ਸਰਕਾਰਾਂ ਤੇ ਧਾਰਮਕ ਜੰਥੇਬੰਦੀਆਂ ਤੇ ਜੱਥਿਆਂ ਦਾ ਸਾਥ ਪ੍ਰਾਪਤ ਕਰ ਲੈਂਦੇ ਰਹੇ, ਉਹ ਚਲਦੇ ਰਹੇ ਅਤੇ ਬਾਕੀ ਦੇ ਦਮ ਤੋੜ ਗਏ। 1 ਦਸੰਬਰ 2005 ਨੂੰ ਰੋਜ਼ਾਨਾ ਸਪੋਕਸਮੈਨ ਨੇ ਪੱਤਰਕਾਰੀ ਦੇ ਖੇਤਰ ਵਿਚ ਪੈਰ ਧਰਿਆ, ਪੂਰੀ ਤਰ੍ਹਾਂ ਨਿਰਪੱਖ ਆਜ਼ਾਦ ਅਤੇ ਬਾਦਲੀਲ ਗੱਲ ਕਰਨ ਵਾਲੇ ਅਖ਼ਬਾਰ ਵਜੋਂ, ਸਪੋਕਸਮੈਨ ਸਾਰੇ ਪੰਜਾਬੀਆਂ ਦਾ ਪ੍ਰਤੀਨਿਧ ਅਖ਼ਬਾਰ ਬਣ ਗਿਆ। ਮੈਂ ਤਾਂ ਪਾਠਕਾਂ ਨੂੰ ਆਖਣਾ ਚਾਹਾਂਗਾ ਕਿ ਤੁਸੀ ਮੇਰੀ ਜਾਂ ਕਿਸੇ ਦੀ ਗੱਲ ’ਤੇ ਯਕੀਨ ਨਾ ਕਰੋ, ਪੂਰੇ ਭਾਰਤ ਵਿਚ ਦੋ ਸੋ ਤੋਂ ਵੱਧ ਅਲੱਗ ਅਲੱਗ ਭਾਸ਼ਾਵਾਂ ’ਚ ਅਖ਼ਬਾਰ ਛਪਦੇ ਹਨ। ਜੇ ਕੇਵਲ ਪੰਜਾਬ ਅਤੇ ਪੰਜਾਬੀ ਅਖ਼ਬਾਰਾਂ ਦੀ ਗੱਲ ਕਰੀਏ ਤਾਂ ਪੰਜਾਬ ਵਿਚ 17 ਤੋਂ ਜਾਂ ਇਸ ਦੇ ਨੇੜੇ ਤੇੜੇ ਪੰਜਾਬੀ ਅਖ਼ਬਾਰ ਛਪਦੇ ਹਨ।

ਤੁਸੀ ਐਤਵਾਰ ਵਾਲੇ ਦਿਨ ਸਾਰੀਆਂ ਹੀ ਪੰਜਾਬੀ ਅਖ਼ਬਾਰਾਂ ਖ਼ਰੀਦ ਲਿਆ ਕਰੋ। ਤੁਹਾਡੇ 90 ਜਾਂ 100 ਕੁ ਰੁਪਏ ਲੱਗਣਗੇ। ਤੁਸੀ ਸਾਰੀਆਂ ਹੀ ਅਖ਼ਬਾਰਾਂ ਦਾ ਇਕ ਦੂਜੇ ਨਾਲ ਮੁਕਾਬਲਾ ਕਰੋ ਤੇ ਵੇਖੋ ਕਿ ਕੌਣ ਪੰਜਾਬ-ਪੰਜਾਬੀਅਤ ਤੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਹੈ, ਕੌਣ ਤੁਹਾਨੂੰ ਧਰਮੀ ਠੱਗਾਂ ਬਾਰੇ ਸਹੀ ਜਾਣਕਾਰੀ ਦਿੰਦਾ ਹੈ, ਨਤੀਜਾ ਅਪਣੇ ਆਪ ਤੁਹਾਡੇ ਸਾਹਮਣੇ ਆ ਜਾਵੇਗਾ। ਇਸ ਕਿਤਾਬ ਵਿਚ ਸ. ਜੋਗਿੰਦਰ ਸਿੰਘ ਜੀ ਨੇ ਖੁੱਲ੍ਹ ਕੇ ਅਪਣੇ ਜੀਵਨ ਦੇ ਸੰਘਰਸ਼ ਦੀ ਗੱਲ ਦੱਸੀ ਹੈ। ਸ਼ੁਰੂ ਵਿਚ ਉਨ੍ਹਾਂ ਨੇ ਪੰਜਾਬ ਤੇ ਭਾਰਤ ਦੀ ਸਿਆਸਤ ਅਤੇ ਸਿਆਸਤਦਾਨਾਂ ’ਤੇ ਖ਼ੁੂਬ ਚਾਨਣਾ ਪਾਇਆ ਹੈ। ਭਾਰਤ ਦੇ ਸਿਆਸਤਦਾਨ ਗਾਂਧੀ, ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਗਿਆਨੀ ਜ਼ੈਲ ਸਿੰਘ ਨਾਲ ਸਬੰਧਤ ਕੁੱਝ ਘਟਨਾਵਾਂ ਦਾ ਅਪਣੇ ਨਜ਼ਰੀਏ ਤੋਂ ਜ਼ਿਕਰ ਕੀਤਾ ਹੈ।

ਯਾਦ ਰਖਣਾ ਮੇਰੇ ਵੀਰੋ-ਭੈਣੋ, ਸੌਦਾ ਸਾਧ ਦਾ ਅਸਲ ਚਿਹਰਾ ਨੰਗਾ ਕਰਨ ਵਾਲਾ ਕੇਵਲ ਤੇ ਕੇਵਲ ਰੋਜ਼ਾਨਾ ਸਪੋਕਸਮੈਨ ਹੀ ਸੀ, ਹੋਰ ਕਿਸੇ ਵੀ ਅਖ਼ਬਾਰ ਦੀ ਜੁਰਅਤ ਨਹੀਂ ਸੀ ਕਿ ਉਹ ਸੌਦਾ ਸਾਧ ਦੀਆਂ ਕਾਲੀਆਂ ਕਰਤੂਤਾਂ ਦਾ ਵੇਰਵਾ ਅਪਣੇ ਅਖ਼ਬਾਰਾਂ ਵਿਚ ਛਾਪ ਸਕੇ। ਸਿੱਖ ਇਤਿਹਾਸਕਾਰ, ਖੋਜੀ ਤੇ ਸੱਚ ਲਿਖਣ ਕਰ ਕੇ ਉਨ੍ਹਾਂ ਨੂੰ ਅਕਾਲ ਤਖ਼ਤ ਦੇ ਪੁਜਾਰੀਆਂ ਨੇ ਪੰਥ ਵਿਚੋਂ ਛੇਕ ਦਿਤਾ ਸੀ। ਜਿਹੜਾ ਬੰਦਾ ਡੇਰਾਵਾਦ ਖ਼ਿਲਾਫ਼ ਡਟ ਕੇ ਖੜਾ ਸੀ, ਪੁਜਾਰੀਆਂ ਨੇ ਉਸੇ ਨੂੰ ਹੀ ਪੰਥ ਦੋਖੀ ਐਲਾਨ ਦਿਤਾ, ਪਰ ਸਿੱਖ ਸਮਾਜ ਨੇ ਇਸ ਹੁਕਮਨਾਮੇ ਨੂੰ ਟਿੱਚ ਸਮਝਿਆ ਤੇ ਮਗਰੋਂ ਪੁਜਾਰੀ ਵੀ ਇਹ ਮੰਨ ਗਏ ਕਿ ਸ. ਜੋਗਿੰਦਰ ਸਿੰਘ ਨਾਲ ਧੱਕਾ ਕੀਤਾ ਗਿਆ ਸੀ। ਅੱਗੇ ਚੱਲ ਕੇ ਉਨ੍ਹਾਂ ਪੰਜਾਬ ਦੀ ਵੰਡ ਦੇ ਦੁਖਾਂਤ ਦਾ ਵਰਣਨ ਕੀਤਾ ਹੈ ਜਿਸ ਦਾ ਸੇਕ ਉਨ੍ਹਾਂ ਆਪ ਵੀ ਝਲਿਆ ਸੀ।

ਮੈਂ ਇਥੇ ਸਾਰੀਆਂ ਹੀ ਗੱਲਾਂ ਦਾ ਖੁੱਲ੍ਹ ਕੇ ਵਰਣਨ ਨਹੀਂ ਕਰ ਸਕਦਾ, ਵਿਸਥਾਰ ਵਿਚ ਸਾਰੀ ਜਾਣਕਾਰੀ ਹਾਸਲ ਕਰਨ ਲਈ ਤੁਹਾਨੂੰ ਇਹ ਕਿਤਾਬ ਖ਼ੁਦ ਪੜ੍ਹਨੀ ਪਵੇਗੀ। ਦਰਬਾਰ ਸਾਹਿਬ ’ਤੇ ਹੋਏ ਹਮਲੇ ਤੇ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਦੀ ਅਸਲ ਦਾਸਤਾਨ ਇਸ ਪੁਸਤਕ ਵਿਚੋਂ ਹੀ ਪੜ੍ਹਨ ਨੂੰ ਮਿਲੇਗੀ। ਉਸ ਤੋਂ ਬਾਅਦ ਰਾਜੀਵ ਗਾਂਧੀ ਦੀ ਅਮਿਤਾਭ ਬਚਨ ਨਾਲ ਦੋਸਤੀ ਅਤੇ ਸਿੱਖਾਂ ਦੇ ਕਤਲੇਆਮ ਦੀ ਦਾਸਤਾਨ ’ਤੇ ਵੀ ਇਸ ਕਿਤਾਬ ਵਿਚੋਂ ਬਹੁਤ ਕੁੱਝ ਪੜ੍ਹਨ ਨੂੰ ਮਿਲ ਸਕਦਾ ਹੈ। ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਨਾਲ ਹੋਈ ਗੱਲਬਾਤ ਤੇ ਨੱਥੂ ਰਾਮ ਗੌਡਸੇ ਬਾਰੇ ਇਸ ਕਿਤਾਬ ਵਿਚ ਕਾਫ਼ੀ ਜਾਣਕਾਰੀ ਦਿਤੀ ਗਈ ਹੈ। ਸਪੋਕਸਮੈਨ ਦਾ ਸ਼ੁਰੂ ਤੋਂ ਬਣਿਆ ਰਿਹਾ ਸੱਚਾ ਮਿੱਤਰ, ਹਮਦਰਦ ਤੇ ਸਾਥੀ ਖੁਸ਼ਵੰਤ ਸਿੰਘ ਅਪਣੀ ਚਿੱਠੀ ਵਿਚ ਲਿਖਦਾ ਹੈ ਕਿ, ‘‘ਤੁਹਾਨੂੰ ਛੇਕੇ ਜਾਣ ਤੋਂ ਪਹਿਲਾਂ ਅਤੇ ਮਗਰੋਂ ਦੇ ਵਿਵਾਦ ਦਾ ਮੈਂ ਚੰਗੀ ਤਰ੍ਹਾਂ ਪਿੱਛਾ ਕਰਦਾ ਰਿਹਾ ਹਾਂ। ਮੈਂ ਇਨ੍ਹਾਂ ਬਗ਼ੈਰ ਜੱਥੇ ਵਾਲੇ ਜਥੇਦਾਰਾਂ ਨੂੰ ਉਸ ਤਰ੍ਹਾਂ ਹੀ ਕੋਈ ਮਹੱਤਵ ਨਹੀਂ ਦਿੰਦਾ ਜਿਵੇਂ ਮੈਂ ਮੁੱਲਾ ਲੋਕਾਂ ਵਲੋਂ ਜਾਰੀ ਕੀਤੇ ਫ਼ਤਵਿਆਂ ਨੂੰ ਕੋਈ ਮਹੱਤਵ ਨਹੀਂ ਦਿੰਦਾ, ਇਨ੍ਹਾਂ ’ਚੋਂ ਮੱਧ ਯੁੱਗੀ ਪੁਰਾਤਨ ਸੋਚ ਝਲਕਦੀ ਹੈ, ਜਿਵੇਂ ਕਿ ਤੁਸੀ ਅਪਣੇ ਲੇਖਾਂ ਵਿਚ ਲਿਖਦੇ ਰਹਿੰਦੇ ਹੋ। ਜਿੰਨੇ ਜ਼ਿਆਦਾ ਉਹ ਇਸ ’ਤੇ ਅੜੇ ਰਹਿਣਗੇ, ਓਨਾ ਜ਼ਿਆਦਾ ਉਹ ਅਕਾਲ ਤਖ਼ਤ ਦਾ ਰੁਤਬਾ ਘਟਾਉਣਗੇ।’’ 

ਪੰਥ ਦਾ ਸੱਭ ਤੋਂ ਵੱਧ ਭਲਾ ਕਰਨ ਤੇ ਸੋਚਣ ਵਾਲੇ ਜਸਟਿਸ ਕੁਲਦੀਪ ਸਿੰਘ ਬਾਰੇ ਵੀ ਇਸ ਪੁਸਤਕ ਵਿਚ ਬਹੁਤ ਹੀ ਸੋਹਣੀ ਜਾਣਕਾਰੀ ਦਿਤੀ ਗਈ ਹੈ। ‘ਪੰਜ ਪਾਣੀ’ ਨੇ ਵੀ ਪੰਜਾਬ ਅਤੇ ਵਿਦੇਸ਼ਾਂ ’ਚ ਵਸਦੇ ਸਿੱਖਾਂ ਦੇ ਦਿਲਾਂ ਵਿਚ ਬਹੁਤ ਅਹਿਮ ਜਗ੍ਹਾ ਬਣਾ ਲਈ ਸੀ। ਸ਼ਿਵ ਕੁਮਾਰ ਬਟਾਲਵੀ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ ਤੇ ਅੰਮਿ੍ਰਤਾ ਪ੍ਰੀਤਮ ਬਾਰੇ ਵੀ ਤੁਸੀ ਇਸ ਕਿਤਾਬ ਵਿਚ ਲੇਖ ਪੜ੍ਹ ਸਕਦੇ ਹੋ। ਇਸੇ ਤਰ੍ਹਾਂ ਅਸੀ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਕਿਸਾਨੀ ਬਾਰੇ ਗੱਲਾਂ ਕੀਤੀਆਂ। ਤਿੰਨ ਘੱਟੇ ਕਿਵੇਂ ਬੀਤ ਗਏ ਸਾਨੂੰ ਪਤਾ ਹੀ ਨਾ ਲੱਗਾ। ਉਸ ਬਜ਼ੁਰਗ ਬਾਪੂ ਦੇ ਚਲੇ ਜਾਣ ਤੋਂ ਬਾਅਦ ਵੀ ਮੈਨੂੰ ਇਹੀ ਸੁਣੀ ਗਿਆ ਕਿ  ‘‘ਕਾਕਾ ਜੋਗਿੰਦਰ ਸਿਉਂ ਤਾਂ ਜਿਉਂਦਾ ਹੀ ਰਹੂ ਹਮੇਸ਼ਾ।’’