ਜਦ 'ਹੋਰ ਕੁਰਬਾਨੀ' ਤੋਂ ਤੋਬਾ ਕਰ ਕੇ ਸਾਥੀ ਅੱਧਵਾਟੇ ਬੈਠਣ ਲੱਗ ਜਾਂਦੇ ਨੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਗੁਰੂ ਗੋਬਿੰਦ ਸਿੰਘ ਜੀ ਦੇ 'ਚਾਲੀ ਮੁਕਤੇ' ਵੀ ਪਹਿਲਾਂ ਹੋਰ ਕੁਰਬਾਨੀ ਕਰਨ ਤੋਂ ਨਾਂਹ ਕਰ ਗਏ ਸਨ ਤੇ ਲਿਖ ਕੇ ਦੇ ਗਏ ਸਨ ਕਿ ਅਸੀਂ ਤਾਂ ਘਰ ਚੱਲੇ ਹਾਂ ਤੇ 'ਤੂੰ...

ਜਦ 'ਹੋਰ ਕੁਰਬਾਨੀ' ਤੋਂ ਤੋਬਾ ਕਰ ਕੇ ਸਾਥੀ ਅੱਧਵਾਟੇ ਬੈਠਣ ਲੱਗ ਜਾਂਦੇ ਨੇ

ਗੁਰੂ ਗੋਬਿੰਦ ਸਿੰਘ ਜੀ ਦੇ 'ਚਾਲੀ ਮੁਕਤੇ' ਵੀ ਪਹਿਲਾਂ ਹੋਰ ਕੁਰਬਾਨੀ ਕਰਨ ਤੋਂ ਨਾਂਹ ਕਰ ਗਏ ਸਨ ਤੇ ਲਿਖ ਕੇ ਦੇ ਗਏ ਸਨ ਕਿ ਅਸੀਂ ਤਾਂ ਘਰ ਚੱਲੇ ਹਾਂ ਤੇ 'ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ।' ਉਨ੍ਹਾਂ ਨੂੰ ਲੱਗਾ ਸੀ ਕਿ ਗੁਰੂ ਤਾਂ ਅੰਤਮ ਸਾਹ ਤਕ ਨਾ ਆਪ ਕੁਰਬਾਨੀ ਕਰਨੀ ਛੱਡੇਗਾ, ਨਾ ਹੋਰਨਾਂ ਤੋਂ ਕੁਰਬਾਨੀ ਮੰਗਣੋਂ ਹੀ ਹਟੇਗਾ। ਸੋ ਨਿਕਲ ਚਲੋ ਏਥੋਂ ਤੇ ਅਪਣੇ ਆਪ ਨੂੰ ਬਚਾ ਲਉ। ਬਾਕੀ ਦੇ ਇਤਿਹਾਸ ਦਾ ਤੁਹਾਨੂੰ ਪਤਾ ਹੀ ਹੈ।

ਹਜ਼ਰਤ ਈਸਾ ਮਸੀਹ ਨਾਲ ਵੀ ਇਹੀ ਹੋਇਆ। 13ਵਾਂ ਚੇਲਾ ਵੀ ਥੱਕ ਕੇ ਦੁਸ਼ਮਣ ਤਾਕਤਾਂ ਨਾਲ ਜਾ ਰਲਿਆ। ਇਸੇ ਲਈ ਈਸਾਈ ਅੱਜ ਵੀ 13 ਦੇ ਹਿੰਦਸੇ ਨੂੰ 'ਮਨਹੂਸ' ਮੰਨਦੇ ਹਨ। ਫ਼ਰਾਂਸੀਸੀ ਭਵਨ ਕਲਾ ਮਾਹਰ ਲੀ ਕਾਰਬੂਜ਼ੀਏ ਨੇ ਚੰਡੀਗੜ੍ਹ ਦਾ ਨਕਸ਼ਾ ਤਿਆਰ ਕਰਨ ਵੇਲੇ 13 ਨੰਬਰ ਸੈਕਟਰ ਹੀ ਨਹੀਂ ਸੀ ਕਟਿਆ।
ਸਿੰਘ ਸਭਾ ਲਹਿਰ ਦੇ ਬਾਨੀਆਂ ਉਤੇ ਪੁਜਾਰੀਆਂ ਨੇ ਹੁਕਮਨਾਮੇ ਦਾ ਆਰਾ ਚਲਾ ਦਿਤਾ ਤਾਂ ਸਾਰੇ ਸਾਥੀ ਤੇ ਆਮ ਸਿੱਖ ਵੀ ਪ੍ਰੋ. ਗੁਰਮੁਖ ਸਿੰਘ ਅਤੇ ਗਿ. ਦਿਤ ਸਿੰਘ ਦਾ ਸਾਥ ਛੱਡ ਗਏ। ਕੀ ਗ਼ਲਤੀ ਸੀ ਉਨ੍ਹਾਂ ਦੀ?

ਕਿਸੇ ਨੂੰ ਨਰਾਜ਼ ਕੀਤਾ ਸੀ ਉਨ੍ਹਾਂ ਨੇ? ਬੱਸ ਉਹ ਕੁਰਬਾਨੀ ਦੇਣ ਦੀ ਹੱਦ ਕੋਈ ਨਹੀਂ ਸਨ ਮੰਨਦੇ ਪਰ ਸਾਥੀ ਰੋਜ਼ ਰੋਜ਼ ਦੀ ਕੁਰਬਾਨੀ ਦੀ ਗੱਲ ਸੁਣ ਕੇ ਥੱਕ ਗਏ ਸਨ। ਪੁਜਾਰੀਆਂ ਦੇ ਹੁਕਮਨਾਮਿਆਂ ਨੇ ਉਨ੍ਹਾਂ ਨੂੰ ਤਾਂ ਨਾ ਡੁਲਾਇਆ ਪਰ ਸਾਥੀ ਡਰ ਗਏ ਕਿ ਹੁਣ ਤਾਂ ਕੁਰਬਾਨੀ ਲੰਮੇ ਸਮੇਂ ਤਕ ਦੇਂਦੇ ਰਹਿਣੀ ਪਵੇਗੀ ਅਤੇ ਉਹ ਥੱਕ ਕੇ ਬੈਠ ਗਏ। ਰੋਜ਼ਾਨਾ ਸਪੋਕਸਮੈਨ ਤੇ 'ਉੱਚਾ ਦਰ' ਵੀ ਟੀਚਾ ਸਰ ਹੋਣ ਤਕ ਲਈ ਕੁਰਬਾਨੀ ਕਰਨ ਦੀ ਲਹਿਰ 'ਚੋਂ ਉਪਜੇ ਸਨ।

ਇਹ ਲਹਿਰ ਮੇਰੇ ਇਸ ਪ੍ਰਣ ਨਾਲ ਸ਼ੁਰੂ ਹੋਈ ਸੀ ਕਿ ''ਮੇਰਾ ਜੋ ਕੁੱਝ ਵੀ ਹੈ, ਉਹ ਅੱਜ ਤੋਂ ਰੋਜ਼ਾਨਾ ਸਪੋਕਸਮੈਨ ਤੇ 'ਉੱਚਾ ਦਰ' ਨੂੰ ਸਮਰਪਿਤ ਹੈ। ਜਦ ਤਕ ਟੀਚਾ ਸਰ ਨਹੀਂ ਹੋ ਜਾਂਦਾ, ਨਾ ਮੈਂ ਕੋਈ ਜ਼ਮੀਨ-ਜਾਇਦਾਦ ਖ਼ਰੀਦਾਂਗਾ, ਨਾ ਬੈਂਕ ਬੈਲੈਂਸ ਬਣਾਵਾਂਗਾ ਤੇ ਜੋ ਕੁੱਝ ਮੇਰੇ ਕੋਲ ਕਿਸੇ ਵੀ ਪਾਸਿਉਂ ਆਇਆ, ਰੋਜ਼ਾਨਾ ਸਪੋਕਸਮੈਨ ਤੇ ਉੱਚਾ ਦਰ ਨੂੰ ਮੁਕੰਮਲ ਕਰਨ ਲਈ ਦੇ ਦੇਵਾਂਗਾ। ਕਿਰਾਏ ਦੇ ਮਕਾਨ 'ਚ ਰਹਿੰਦਾ ਹਾਂ ਤੇ ਉੱਚਾ ਦਰ ਬਣਨ ਤਕ ਕਿਰਾਏ ਦੇ ਮਕਾਨ ਵਿਚ ਹੀ ਰਹਾਂਗਾ।''

ਅਖ਼ਬਾਰ ਮਿਥੇ ਸਮੇਂ ਤੇ ਚਾਲੂ ਹੋ ਗਈ ਤੇ ਸਫ਼ਲ ਹੋ ਗਈ, ਸੋ ਮੈਂ ਪੈਸਿਆਂ ਸਮੇਤ ਕੋਈ ਵੱਡੀ ਕੁਰਬਾਨੀ ਕਿਸੇ ਕੋਲੋਂ ਨਾ ਮੰਗੀ, ਇਸ ਕਰ ਕੇ ਕੋਈ ਮੈਨੂੰ ਛੱਡ ਕੇ ਨਾ ਗਿਆ ਪਰ 'ਉੱਚਾ ਦਰ' ਲਈ ਕਿਉਂਕਿ ਮੈਂ ਟੀਚਾ ਸਰ ਹੋਣ ਤਕ ਕੁਰਬਾਨੀ (ਉਹ ਵੀ ਪੈਸੇ ਦੀ) ਮੰਗਦਾ ਰਹਿੰਦਾ ਹਾਂ, ਇਸ ਲਈ ਕੋਈ ਇਕ ਕੋਹ ਚਲ ਕੇ ਥੱਕ ਜਾਂਦਾ ਹੈ, ਕੋਈ 4 ਕੋਹ ਤੇ ਕੋਈ ਦੱਸ ਕੋਹ ਚਲ ਕੇ। ਜੇ ਅਖ਼ਬਾਰ ਵਾਂਗ ਉੱਚਾ ਦਰ ਵੀ ਸ਼ੁਰੂ ਹੋ ਗਿਆ ਹੁੰਦਾ ਤੇ ਮੈਂ ਹੋਰ ਕੁਰਬਾਨੀ (ਪੈਸੇ ਦੀ) ਮੰਗਣੀ ਬੰਦ ਕਰ ਦੇਂਦਾ ਤਾਂ ਕਿਸੇ ਨੇ ਨਹੀਂ ਸੀ ਟੁਟਣਾ।

ਦੂਰ ਚਲੇ ਜਾਣ ਵਾਲਿਆਂ ਨੂੰ ਕਦੇ ਕਦੇ ਪੁਛਦਾ ਹਾਂ, ''ਕਿਉਂ ਦੂਰ ਚਲੇ ਗਏ ਹੋ? ਕੁੱਝ ਤਾਂ ਦਸ ਕੇ ਜਾਂਦੇ।'' ਉਹ ਹੱਸ ਕੇ ਕਹਿੰਦੇ ਹਨ, ''ਨਹੀਂ ਕੋਈ ਗੱਲ ਨਹੀਂ, ਤੁਹਾਡੇ ਨਾਲ ਹੀ ਰਹਾਂਗੇ ਪਰ ਘਰ ਦੇ ਨਹੀਂ ਮੰਨਦੇ। ਤੁਹਾਡੇ ਲਈ ਤਾਂ ਕੁਰਬਾਨੀ ਦੀ ਹੱਦ ਹੀ ਕੋਈ ਨਹੀਂ ਕਿਉਂਕਿ ਤੁਹਾਡੀ ਪਤਨੀ ਤੇ ਬੱਚੇ ਵੀ ਤੁਹਾਡੇ ਕੋਲੋਂ ਕੁੱਝ ਮੰਗਣ ਦੀ ਬਜਾਏ, ਤੁਹਾਡਾ ਸਾਥ ਹੀ ਦੇਂਦੇ ਹਨ, ਭਾਵੇਂ ਤੁਸੀ ਸੱਭ ਕੁੱਝ ਹੀ ਕੌਮ ਦੇ ਨਾਂ ਲਵਾ ਦਿਉ।

ਪਰ ਸਾਰਿਆਂ ਦੀ ਹਾਲਤ ਏਨੀ ਚੰਗੀ ਤਾਂ ਨਹੀਂ ਨਾ ਹੁੰਦੀ। ਜਵਾਨ ਮੁੰਡੇ ਤਾਂ ਲੜਨ ਮਰਨ ਤਕ ਚਲੇ ਜਾਂਦੇ ਹਨ।'' ਕੁੱਝ ਹੋਰ ਵੀ ਹਨ ਜੋ ਅਪਣੀ 'ਥਕਾਵਟ' ਨੂੰ ਮੇਰੇ ਮੱਥੇ ਮੜ੍ਹਨ ਲਈ ਮੇਰੇ ਕੁੱਝ 'ਨੁਕਸਾਂ' ਨੂੰ ਬਹਾਨਾ ਬਣਾ ਕੇ ਅਪਣੇ ਆਪ ਨੂੰ ਸੱਚੇ ਸੁੱਚੇ ਦੱਸਣ ਦੀ ਕੋਸ਼ਿਸ਼ ਕਰਦੇ ਹਨ। ਨੁਕਸ ਤਾਂ ਹਰ ਬੰਦੇ ਵਿਚ ਲੱਭੇ ਜਾ ਸਕਦੇ ਹਨ। ਗੱਲ ਤਾਂ ਟੀਚੇ ਦੀ ਹੈ। ਟੀਚਾ ਬਾਬੇ ਨਾਨਕ ਦਾ 'ਉੱਚਾ ਦਰ' ਬਣਾਉਣ ਦਾ ਮਿਥਿਆ ਸੀ, ਉਹ ਪੂਰਾ ਹੁੰਦਾ ਸਾਹਮਣੇ ਨਜ਼ਰ ਆ ਰਿਹਾ ਹੈ ਪਰ ਫਿਰ ਵੀ ਮੇਰੇ ਨਾਲ ਚੱਲੇ ਸੱਜਣ ਵੀ ਕਈ ਹਨ ਜੋ ਕਹਿ ਦੇਂਦੇ ਹਨ, ''ਤੁਸੀ ਤਾਂ ਹੋਰ ਹੋਰ ਮੰਗਦੇ ਹੀ ਰਹਿੰਦੇ ਹੋ, ਸਾਡੀ ਤਾਂ ਬੱਸ ਹੋ ਗਈ ਜੇ। ਹੋਰ ਨਹੀਂ ਕੁੱਝ ਕਰ ਸਕਦੇ।''

ਹੁਣ ਮੈਂ ਸਾਹਮਣੇ ਸੂਰਜ ਨਿਕਲਦਾ ਵੇਖ ਕੇ ਕਿਵੇਂ ਨਾ ਚੀਕਾਂ ਕਿ ਮੰਜ਼ਲ ਨੇੜੇ ਆ ਗਈ ਜੇ ਤੇ ਸੂਰਜ ਸਾਡਾ ਪਸੀਨਾ ਆਖ਼ਰੀ ਵਾਰ ਲੈਣ ਆ ਗਿਆ ਜੇ। ਦੇ ਦਿਉ ਇਸ ਨੂੰ ਅਪਣਾ ਪਸੀਨਾ, ਚੁੱਕੋ ਹੱਲ ਪਰਾਲੀਆਂ। ਪਸੀਨਾ ਲੈ ਕੇ ਇਹ ਤੁਹਾਡੇ ਖੇਤਾਂ ਵਿਚੋਂ ਤੁਹਾਨੂੰ ਸੋਨਾ ਉਗਾ ਕੇ ਦੇ ਦੇਵੇਗਾ ਪਰ ਜੇ ਇਸ ਵੇਲੇ ਪਸੀਨੇ ਦੀ ਕੁਰਬਾਨੀ ਨਾ ਦਿਤੀ ਤਾਂ ਸੂਰਜ ਤੁਹਾਡੇ ਖੇਤਾਂ ਵਿਚ ਸੋਨਾ ਨਹੀਂ, ਵੀਰਾਨੀ ਤੇ ਜੰਗਲੀ ਬੂਟੀ ਹੀ ਉਗਣ ਦੇਵੇਗਾ।

ਮੇਰੀ ਇਹ ਗੱਲ ਸੁਣ ਕੇ ਵੀ ਕਈ ਨਹੀਂ ਉਠਣਾ ਚਾਹੁੰਦੇ ਤੇ ਉਨੀਂਦਰੇ ਵਿਚ ਹੀ ਬੋਲਣ ਲੱਗ ਜਾਂਦੇ ਨੇ, ''ਬੜਾ ਪਸੀਨਾ ਦੇ ਦਿਤੈ, ਹੁਣ ਆਰਾਮ ਕਰਨ ਦਿਉ, ਹੋਰ ਨਹੀਂ ਪਸੀਨਾ ਦੇਣ ਹੁੰਦਾ। ਐਵੇਂ ਸਾਡੀ ਨੀਂਦ ਖ਼ਰਾਬ ਨਾ ਕਰੋ।'' ਬਹੁਤਿਆਂ ਦਾ ਹਾਲ ਤਾਂ ਗੁਰੂ ਗੋਬਿੰਦ ਸਿੰਘ ਜੀ ਵੇਲੇ ਵੀ ਇਹੀ ਸੀ, ਹਜ਼ਰਤ ਈਸਾ ਵੇਲੇ ਵੀ ਇਹੀ ਸੀ, ਸਿੰਘ ਸਭਾ ਲਹਿਰ ਦੇ ਮੋਢੀਆਂ ਵੇਲੇ ਵੀ ਇਹੀ ਸੀ ਤੇ ਸਦਾ ਹੀ ਇਸੇ ਤਰ੍ਹਾਂ ਰਹੇਗਾ।

ਕੋਈ ਕੋਈ ਹੀ ਹੁੰਦਾ ਹੈ ਜੋ ਕੁਰਬਾਨੀ ਦੇ ਰਾਹ ਤੇ ਚਲਣਾ ਸ਼ੁਰੂ ਕਰ ਕੇ, ਮੰਜ਼ਲ ਆ ਜਾਣ ਤਕ ਥਕੇਵੇਂ ਨੂੰ ਨੇੜੇ ਨਹੀਂ ਆਉਣ ਦੇਂਦਾ। ਮੈਂ ਜਾਣਨਾ ਚਾਹੁੰਦਾਂ, ਮੇਰੇ ਪਾਠਕਾਂ 'ਚੋਂ ਕਿੰਨੇ ਨੇ ਜੋ ਮੰਜ਼ਲ ਨੂੰ ਛੂਹ ਲੈਣ ਤਕ ਮੇਰਾ ਸਾਥ ਨਹੀਂ ਛੱਡਣਗੇ, ਨਾ ਥੱਕਣਗੇ ਹੀ? ਬਾਕੀ ਰਹਿੰਦੇ 10% ਕੰਮ ਲਈ ਅਪੀਲਾਂ ਦਾ ਕੋਈ ਜਵਾਬ ਨਾ ਮਿਲਣ ਤੋਂ ਲਗਦਾ ਹੈ, ਮੇਰੇ ਬਹੁਤੇ ਪਾਠਕ ਵੀ ਥੱਕ ਗਏ ਹਨ। ਪੈਸੇ ਵਾਲੇ ਤਾਂ ਕੁਰਬਾਨੀ ਦਾ ਨਾਂ ਸੁਣ ਕੇ ਹੀ ਥਕਣ ਲੱਗ ਜਾਂਦੇ ਹਨ। ਉਨ੍ਹਾਂ ਦੀ ਗੱਲ ਨਹੀਂ ਕਰ ਰਿਹਾ, ਮੇਰੇ ਵਰਗੇ ਆਮ ਪਾਠਕ, ਬਾਬੇ ਨਾਨਕ ਨਾਲ ਸੱਚੇ ਦਿਲੋਂ ਜੁੜੇ ਪਾਠਕਾਂ ਦੇ ਦਿਲ ਖੜੇ ਵੇਖਣਾ ਚਾਹੁੰਦਾ ਹਾਂ (ਹੱਥ ਨਹੀਂ), ਹੱਥ ਤਾਂ ਜਿਨ੍ਹਾਂ ਨੇ ਖੜੇ ਕੀਤੇ ਸਨ, ਉਹ ਅੱਜ ਨਜ਼ਰ ਵੀ ਨਹੀਂ ਆਉਂਦੇ।

ਉਪਰ ਦਿਤੇ ਅਪਣੇ ਪ੍ਰਣ ਨੂੰ ਨਿਭਾਉਣ ਵਿਚ ਕੀ ਮੈਂ ਜ਼ਰਾ ਜਿੰਨੀ, ਮਾਸੇ ਤੋਲੇ ਜਿੰਨੀ ਵੀ ਕਮਜ਼ੋਰੀ ਵਿਖਾਈ ਹੈ? ਕੀ ਮੈਂ ਅੱਜ ਵੀ ਅਖ਼ਬਾਰ ਨੂੰ ਨਿਚੋੜ ਨਿਚੋੜ ਕੇ, ਉਸ ਦਾ ਪੈਸਾ 'ਉੱਚਾ ਦਰ' ਨੂੰ ਨਹੀਂ ਦੇਂਦਾ? ਜੇ ਇਹ ਝੂਠ ਹੈ ਤਾਂ ਸਾਹਮਣੇ ਆ ਕੇ ਗੱਲ ਕਰੋ। ਜੇ ਇਹ ਸੱਚ ਹੈ ਤਾਂ ਮੈਨੂੰ ਦੱਸੋ ਮੰਜ਼ਲ ਤਕ ਪਹੁੰਚਣ ਲਈ ਮੇਰੇ ਨਾਲ ਕੁਰਬਾਨੀ ਕਰਨ ਲਈ ਕਿੰਨੇ ਕੁ ਤਿਆਰ ਹੋਣਗੇ? 10% ਕੰਮ ਹੀ ਤਾਂ ਰਹਿ ਗਿਆ ਹੈ। 100-200 ਵੀ ਨਿੱਤਰ ਆਉਣ ਤਾਂ ਅਸੀ ਇਤਿਹਾਸ ਸਿਰਜ ਸਕਦੇ ਹਾਂ। ਮੈਨੂੰ ਤੁਹਾਡੇ ਜਵਾਬ ਦੀ ਇੰਤਜ਼ਾਰ ਰਹੇਗੀ।