Nijji Diary De Panne: ‘ਪੰਥਕ ਏਕਤਾ’ ਦਾ ਇਕ ਹੀ ਮਤਲਬ ਨਿਖਰ ਕੇ ਆ ਚੁੱਕਾ ਹੈ ਕਿ ਬਾਦਲ ਅਕਾਲੀ ਦਲ ’ਚੋਂ ਕੁੱਝ ਸਮੇਂ ਲਈ ‘ਬਾਦਲਾਂ’ ਨੂੰ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਉਦੋਂ ਸਿੱਖ ਆਗੂ ਪੰਥ ਦੀਆਂ ਮੰਗਾਂ ਮਨਵਾਉਂਦੇ ਸਨ, ਅੱਜ ਕੇਵਲ ਅਪਣੀਆਂ ਮਨਵਾਉਂਦੇ ਹਨ 

Sukhbir Singh Badal

Nijji Diary De Panne: ਪੰਥਕ ਏਕਤਾ ਦੀ ਗੱਲ ਬੜੀ ਦੇਰ ਤੋਂ ਚਲ ਰਹੀ ਹੈ। ਸ਼ੁਰੂ ਤੋਂ ਪੰਥਕ ਸੋਚ ਨਾਲ ਜੁੜੇ ਲੋਕ ਸੋਚਦੇ ਹਨ ਕਿ ਰਾਜਨੀਤੀ ਦੇ ਇਸ ਯੁਗ ਵਿਚ ਖਾਲਸ ਸਿੱਖ ਰਾਜਨੀਤੀ ਦੇ ਜੌਹਰ ਵਿਖਾ ਸਕਣ ਵਾਲੀ ਕੋਈ ਪਾਰਟੀ ਵੀ ਨਾ ਰਹੀ ਤਾਂ ਸਿੱਖਾਂ ਦੀ ਗੱਲ ਹੋਣੀ ਵੀ ਬੰਦ ਹੋ ਜਾਏਗੀ। ਸਿੱਖਾਂ ਦੀ ਨਿਰੋਲ ਪੰਥਕ ਮੰਗ ਮੰਨਣ ਦੀ ਗੱਲ ਤਾਂ ਮਾਸਟਰ ਤਾਰਾ ਸਿੰਘ ਦੇ ਗੁਜ਼ਰ ਜਾਣ ਮਗਰੋਂ ਬੰਦ ਹੀ ਹੋ ਗਈ ਹੈ। ਕਿਸੇ ਨੂੰ ਪਤਾ ਹੋਵੇ ਤਾਂ ਦੱਸ ਦੇਵੇ ਕਿ ‘ਮਾਸਟਰ ਜੀ’ ਦੇ ਸਮੇਂ ਤੋਂ ਬਾਅਦ ਕਿਹੜੀ ਮਹੱਤਵਪੂਰਨ ਮੰਗ ਮੰਨੀ ਗਈ ਹੈ? ਨਹੀਂ, ਹੁਣ ਤਾਂ ਸਿੱਖ ਮੰਗਾਂ ਬਾਰੇ ਕੋਈ ਗੱਲ ਵੀ ਕਰਨ ਨੂੰ ਤਿਆਰ ਨਹੀਂ ਦਿਸਦਾ ਕਿਉਂਕਿ ਉਹ ਕਹਿੰਦੇ ਹਨ, ‘‘ਮੰਗ ਮੰਨੀਏ ਕਿਸ ਦੀ?

ਹੈ ਕੋਈ ਸਿੱਖਾਂ ਲਈ ਕੁੱਝ ਮੰਗਣ ਵਾਲੀ, ਸਾਰੇ ਸਿੱਖਾਂ ਦੀ ਪ੍ਰਤੀਨਿਧ ਪਾਰਟੀ? ਹੁਣ ਜਿਹੜੀ ਵਜ਼ੀਰਾਂ ਦੀ ਪਾਰਟੀ ‘ਅਕਾਲੀ’ ਨਾਂ ਰੱਖ ਕੇ ਚਲ ਵੀ ਰਹੀ ਹੈ, ਉਸ ਦੇ ਨੇਤਾ ਸਿੱਖਾਂ ਲਈ ਕੁੱਝ ਨਹੀਂ ਮੰਗਦੇ, ਸਿਰਫ਼ ਅਪਣੇ ਲਈ ਮੰਗਦੇ ਹਨ। ਫਿਰ ਸਿੱਖ ਮੰਗਾਂ ਬਾਰੇ ਕੇਂਦਰ ਗੰਭੀਰ ਕਿਵੇਂ ਹੋਵੇ ਤੇ ਕਿਉਂ ਉਨ੍ਹਾਂ ਦੀ ਕੋਈ ਗੱਲ ਸੁਣੇ?’’ 
ਯਕੀਨਨ ਉਸ ਲਈ ਮਜ਼ਬੂਤ ਸਿੱਖ ਪਾਰਟੀ ਹੋਣੀ ਚਾਹੀਦੀ ਹੈ ਜਿਸ ਦੇ ਲੀਡਰ ਨੂੰ ਸਾਰੀ ਕੌਮ ਦਾ ਵਿਸ਼ਵਾਸ ਪ੍ਰਾਪਤ ਹੋਵੇ ਤੇ ਉਹ ਅਪਣੇ ਲਈ ਕਦੇ ਕੁੱਝ ਨਾ ਮੰਗੇ ਪਰ ਕੌਮ ਲਈ ਮੰਗਣਾ ਕਦੇ ਬੰਦ ਵੀ ਨਾ ਕਰੇ।

ਮਾਸਟਰ ਤਾਰਾ ਸਿੰਘ ਅਜਿਹੇ ਹੀ ਲੀਡਰ ਸਨ। ਨਹਿਰੂ ਨੂੰ ਮਿਲਦੇ ਤਾਂ ਸਿੱਖਾਂ ਦੀਆਂ ਮੰਗਾਂ ਦੀ ਪੰਡ ਚੁਕ ਕੇ ਨਾਲ ਲੈ ਜਾਂਦੇ। ਨਹਿਰੂ ਨੇ ਇਕ ਵਾਰ ਦੁਖੀ ਹੋ ਕੇ ਪੱਤਰਕਾਰਾਂ ਨੂੰ ਦਸਿਆ, ‘‘ਮਾਸਟਰ ਜੀ ਕੇ ਸਾਥ ਸਮਝੌਤਾ ਕੈਸੇ ਹੋ? ਵੋਹ ਤੋ ਏਕ ਹੀ ਵਕਤ ਚਾਰ ਸਟੂਲੋਂ ਪਰ ਬੈਠ ਕਰ ਬਾਤ ਕਰਤੇ ਹੈਂ।’’ ਨਹਿਰੂ ਦਾ ਮਤਲਬ ਸੀ ਕਿ ਮਾਸਟਰ ਜੀ ਦੀ ਇਕ ਮੰਗ ਬਾਰੇ ਗੱਲ ਕਰ ਰਹੇ ਹੋਵੋ ਤਾਂ ਉਹ ਨਾਲ ਤਿੰਨ ਮੰਗਾਂ ਹੋਰ ਅੱਗੇ ਰੱਖ ਦੇਂਦੇ ਹਨ।

ਆਪ ਮਾਸਟਰ ਤਾਰਾ ਸਿੰਘ ਇਕ ਫ਼ਕੀਰ ਵਾਂਗ ਵਿਚਰਦੇ ਸਨ - ਖਾਣ ਪੀਣ ਦੀ ਕੋਈ ਪ੍ਰਵਾਹ ਨਹੀਂ, ਜੇਬ ਖ਼ਾਲੀ ਰਹਿੰਦੀ ਸੀ ਕਿਉਂਕਿ ਸੰਗਤ ਜੋ ਪੈਸਾ ਦੇਂਦੀ ਸੀ, ਉਸ ਨੂੰ ਉਹ ਪੰਥ ਦੀ ਅਮਾਨਤ ਕਹਿ ਕੇ ਪੂਰਾ ਦਾ ਪੂਰਾ ਅਕਾਲੀ ਦਲ ਦੇ ਖ਼ਜ਼ਾਨਚੀ ਕੋਲ ਜਮ੍ਹਾਂ ਕਰਵਾ ਦੇਂਦੇ ਸਨ। ਆਜ਼ਾਦੀ ਤੋਂ ਤੁਰਤ ਬਾਅਦ ਮਾਸਟਰ ਤਾਰਾ ਸਿੰਘ ਨੇ ‘ਸ਼ਡੂਲਡ ਕਾਸਟ ਸਿੱਖਾਂ’ ਲਈ ਹਿੰਦੂ ਸ਼ਡੂਲ ਕਾਸਟਾਂ ਦੇ ਬਰਾਬਰ ਹੱਕ ਲੈਣ ਦੀ ਬੜੀ ਔਖੀ ਲੜਾਈ ਜਿੱਤ ਵਿਖਾਈ।

ਔਖੀ ਇਸ ਲਈ ਸੀ ਕਿ ਸਰਦਾਰ ਪਟੇਲ ਕਹਿੰਦਾ ਸੀ ਕਿ ਜਾਂ ਤਾਂ ਮੰਨੋ ਕਿ ਸਿੱਖ ਧਰਮ ਜਾਤ-ਪਾਤ ਨੂੰ ਮੰਨਦਾ ਹੈ ਤੇ ਜੇ ਕਹਿੰਦੇ ਹੋ ਕਿ ਨਹੀਂ ਮੰਨਦਾ ਤਾਂ ਹਿੰਦੂ ਸ਼ਡੂਲ ਕਾਸਟਾਂ ਵਾਲੇ ਹੱਕ ਕਿਹੜੀ ਗੱਲੋਂ ਸਿੱਖਾਂ ਵਾਸਤੇ ਮੰਗਦੇ ਹੋ? ਇਹ ਹੱਕ ਤਾਂ ਕੇਵਲ ਉਨ੍ਹਾਂ ਲਈ ਹੀ ਹਨ ਜੋ ਜਾਤ-ਪਾਤ ਨੂੰ ਮੰਨਦੇ ਹੋਣ।’’ ਗੱਲ ਪਟੇਲ ਦੀ ਠੀਕ ਸੀ ਪਰ ਮਾ: ਤਾਰਾ ਸਿੰਘ ਨੇ ਅੰਦੋਲਨ ਛੇੜ ਕੇ ਇਕੱਲਿਆਂ ਅਪਣੇ ਜੱਥੇ ਨੂੰ ਲੈ ਕੇ ਸਾਰੇ ਪੰਜਾਬ ਵਿਚ ਤੂਫ਼ਾਨ ਖੜਾ ਕਰ ਦਿਤਾ। ਅਖ਼ੀਰ ਕੇਂਦਰ ਸਰਕਾਰ ਨੂੰ ਮਾਸਟਰ ਜੀ ਦੀ ਮੰਗ ਮੰਨਣੀ ਪਈ। ਇਹ ਸਚਮੁਚ ਹੀ ਬੜੀ ਔਖੀ ਲੜਾਈ ਸੀ।

ਇਸੇ ਤਰ੍ਹਾਂ ਨਹਿਰੂ-ਤਾਰਾ ਸਿੰਘ ਪੈਕਟ (ਸਮਝੌਤਾ) ਵੀ ਓਨਾ ਹੀ ਮੁਸ਼ਕਲ ਸੀ ਜਿਸ ਅਧੀਨ ਨਹਿਰੂ ਨੇ ਮੰਨ ਲਿਆ ਕਿ ਪਹਿਲਾਂ ਸਰਕਾਰ ਜਿਹੜਾ ਗੁਰਦਵਾਰਾ ਪ੍ਰਬੰਧ ਵਿਚ ਦਖ਼ਲ ਦੇਂਦੀ ਸੀ, ਉਹ ਅੱਗੋਂ ਨਹੀਂ ਦੇਵੇਗੀ। ਪੰਜਾਬੀ ਸੂਬੇ ਦੀ ਲੜਾਈ ਵੀ ਇਸ ਲਈ ਜਿਤਣੀ ਔਖੀ ਹੋ ਗਈ ਕਿਉਂਕਿ ਇਸ ਦੇ ਬਣਨ ਨਾਲ ਦੁਨੀਆਂ ਦਾ ਵੀ ਤੇ ਭਾਰਤ ਦਾ ਵੀ ਪਹਿਲਾ ਸਿੱਖ ਬਹੁਗਿਣਤੀ ਵਾਲਾ ਰਾਜ ਬਣ ਜਾਂਦਾ ਸੀ ਤੇ ਕੇਂਦਰ ਵਿਚ ਬੈਠੀਆਂ ਸ਼ਕਤੀਆਂ ਕਿਸੇ ਹਾਲਤ ਵਿਚ ਵੀ ਹਿੰਦੂ ਭਾਰਤ ਵਿਚ ਇਸ ਨੂੰ ਬਣਦਾ ਨਹੀਂ ਸੀ ਵੇਖਣਾ ਚਾਹੁੰਦੀਆਂ।

ਫਿਰ ਵੀ ਸੱਚਰ ਫ਼ਾਰਮੂਲਾ ਤੇ ਰੀਜਨਲ ਫ਼ਾਮਰੂਲਾ ਵਰਗੇ ਕਈ ਪੜਾਅ ਜਿੱਤੇ ਗਏ ਤੇ ਮਾਸਟਰ ਤਾਰਾ ਸਿੰਘ ਸਿੱਖ ਰਾਜਨੀਤੀ ਦੀ ਨਈਆ ਜਿਸ ਪੱਤਣ ਤਕ ਪਹੁੰਚਾ ਕੇ ਛੱਡ ਗਏ, ਕੌਮ ਉਸ ਤੋਂ ਅੱਗੇ ਇਕ ਇੰਚ ਵੀ ਨਹੀਂ ਵਧੀ। ‘ਅਕਾਲੀ’ ਉਹ ਬਣ ਗਏ ਜੋ ਪੰਥ ਲਈ ਨਹੀਂ, ਅਪਣੇ ਨਿਜ ਲਈ ਅਕਾਲੀ ਦਲ ਨੂੰ ਵਰਤਦੇ ਸਨ। ਅੱਜ ‘ਅਕਾਲੀ’ ਦਾ ਮਤਲਬ ਹੀ ਇਹ ਬਣ ਗਿਆ ਹੈ ਕਿ ਇਹ ਉਹ ਬੰਦਾ ਹੈ ਜੋ ਸਿੱਖਾਂ ਦੀ ਹਰ ਕੁਰਬਾਨੀ ਦੇ ਕੇ ਕੇਵਲ ਇਕ ਹੀ ਚੀਜ਼ ਮੰਗਦਾ ਹੈ - ਅਪਣੇ ਲਈ ਵਜ਼ੀਰੀ! ਵਜ਼ੀਰੀ (ਦਿੱਲੀ ਵਿਚ ਵੀ ਤੇ ਪੰਜਾਬ ਵਿਚ ਵੀ) ਲਈ ਹਰ ਸ਼ੈਅ ਦਾਅ ਤੇ ਲੱਗਾ ਦੇਣ ਨੂੰ ਹੀ ਅੱਜ ਦਾ ‘ਅਕਾਲੀ ਸੰਘਰਸ਼’ ਕਹਿੰਦੇ ਹਨ। 

ਗਹਿਰ ਗੰਭੀਰ ਪੰਥਕ ਲੋਕ ਇਸ ਹਾਲਤ ਤੋਂ ਬਚਣ ਲਈ, ਫਿਰ ਚਾਹੁਣ ਲੱਗ ਪਏ ਹਨ ਕਿ ਮਾ: ਤਾਰਾ ਸਿੰਘ ਵੇਲੇ ਦਾ ਪੁਰਾਣਾ ਅਕਾਲੀ ਦਲ ਫਿਰ ਤੋਂ ਸਜੀਵ ਹੋ ਜਾਏ। ਪੂਰੀ ਤਰ੍ਹਾਂ ਨਿਰਪੱਖ ਹੋ ਕੇ ਵੀ ਵੇਖਿਆ ਜਾਵੇ ਤੇ ਸੋਚਿਆ ਜਾਵੇ ਤਾਂ ਇਨ੍ਹਾਂ ਭਲੇ ਲੋਕਾਂ ਜਾਂ ਪੰਥਕ ਲੋਕਾਂ ਦਾ ਅੱਜ ਵੀ ਈਮਾਨਦਾਰੀ ਵਾਲਾ ਹੱਲ ਇਹ ਹੈ ਕਿ ਜ਼ਿਆਦਾ ਨਹੀਂ ਤਾਂ ਪੰਜ ਸਾਲ ਲਈ ‘ਸਾਰੇ ਬਾਦਲ’ ਸ਼੍ਰੋਮਣੀ ਅਕਾਲੀ ਦਲ ਚੋਂ ਪਾਸੇ ਹੋ ਜਾਣ। ਪੰਜ ਸਾਲ ਮਗਰੋਂ ਜੇ ਉਨ੍ਹਾਂ ਦਾ ਕੰਮ-ਕਾਜ ਚੰਗਾ ਰਿਹਾ ਤਾਂ ਕੌਮ ਉਨ੍ਹਾਂ ਨੂੰ ਵਾਪਸ ਵੀ ਬੁਲਾ ਸਕਦੀ ਹੈ ਤੇ ਪਿਛਲਾ ਸੱਭ ਕੁੱਝ ਭੁਲ ਸਕਦੀ ਹੈ ਜਿਵੇਂ ਰਾਹੁਲ ਗਾਂਧੀ ਦੇ ਮਾਮਲੇ ਵਿਚ ਹੁੰਦਾ ਨਜ਼ਰ ਆ ਰਿਹਾ ਹੈ।

ਰਾਹੁਲ ਗਾਂਧੀ ਬਾਰੇ ਗੱਲ ਕਰਨ ਵੇਲੇ ਹੁਣ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀਆਂ ਗੱਲਾਂ ਕੋਈ ਨਹੀਂ ਕਰਦਾ ਕਿਉਂਕਿ ਰਾਹੁਲ ਗਾਂਧੀ ਨੇ ‘ਅਪਣੇ ਨਵੇਂ ਜਨਮ’ ਦਾ ਸਬੂਤ ਲੋਕਾਂ ਨੂੰ ਦੇ ਦਿਤਾ ਹੈ। ਰਾਹੁਲ ਦੇ ਕਹਿਣ ਤੇ ਕਾਂਗਰਸ ਨੂੰ ਵੋਟਾਂ ਪਾਉਣ ਵਾਲੇ ਸਿੱਖ ਵੀ ਰਾਹੁਲ ਦੇ ਵਡੇਰਿਆਂ ਦੇ ਸਿੱਖ-ਵਿਰੋਧੀ ਕੰਮਾਂ ਬਾਰੇ ਕੁੱਝ ਨਹੀਂ ਪੁਛਦੇ। ਅੱਜ ਦੇ ਸੁਖਬੀਰ ਬਾਦਲ ਨਾਲ ਜੁੜੀਆਂ ‘ਬਾਦਲਾਂ’ ਦੀਆਂ ਸਾਰੀਆਂ ਕੌੜੀਆਂ ਗੱਲਾਂ ਵੋਟਰਾਂ ਦੇ ਸਾਹਮਣੇ ਆ ਜਾਂਦੀਆਂ ਹਨ ਤੇ ਪਾਰਟੀ ਹਾਰ ਜਾਂਦੀ ਹੈ। ਪੰਜ ਸਾਲ ਦਾ ‘ਬਨਵਾਸ’ ਉਸ ਦਾ ਨੁਕਸਾਨ ਨਹੀਂ ਕਰੇਗਾ।

ਪਰ ਇਸ ਵੇਲੇ ਉਹ ‘ਮੈਂ ਨਾ ਮਾਨੂੰ’ ਵਾਲੀ ਹਾਲਤ ਵਿਚ ਹੈ ਜਿਥੇ ਉਹ ਹਰ ਚੰਗੀ ਰਾਏ ਨੂੰ ‘ਦੁਸ਼ਮਣਾਂ ਦੀ ਸਾਜ਼ਸ਼’ ਸਮਝਦਾ ਹੈ। ਨਹੀਂ, ਦੁਸ਼ਮਣ ਕੋਈ ਨਹੀਂ ਪਰ ਮਿੱਤਰ ਪਹਿਲਾਂ ਪੰਥ ਦੇ ਹਨ ਤੇ ਮਗਰੋਂ ਕਿਸੇ ਹੋਰ ਦੇ। ਇਨ੍ਹਾਂ ਦੇ ਚੰਗੇ ਸੁਝਾਅ ਨੂੰ ਸੁਖਬੀਰ ਬਾਦਲ ਸੁਟ ਨਾ ਦੇਣ, ਪੰਥ ਵੀ ਖ਼ੁਸ਼ ਹੋ ਜਾਏਗਾ ਤੇ ਅਕਾਲੀ ਦਲ ਵੀ ਹਰ ਮੈਦਾਨ ਸਫ਼ਲ ਹੋਣਾ ਸ਼ੁਰੂ ਹੋ ਜਾਵੇਗਾ। ਸੁਖਬੀਰ ਦੀ ‘ਕੁਰਬਾਨੀ’ ਦੀ ਚਰਚਾ ਵੀ ਹਰ ਜ਼ਬਾਨ ’ਤੇ ਹੋਵੇਗੀ ਬਸ਼ਰਤੇ ਕਿ ਸੁਖਬੀਰ ਬਾਦਲ ਆਪ ਇਸ ਸੱਭ ਕੁੱਝ ਨੂੰ ਰੋਕਣ ਲਈ ਅੜ ਨਾ ਜਾਏ।